Saturday, 28 April 2018

ਮੋਹਨ ਭਾਗਵਤ ਦਾ ਫਾਸ਼ੀਵਾਦੀ ਚਿਹਰਾ ਬੇਪਰਦ

ਮੋਹਨ ਭਾਗਵਤ ਦਾ ਫਾਸ਼ੀਵਾਦੀ ਚਿਹਰਾ ਬੇਪਰਦ
ਮੁਜ਼ੱਫਰਪੁਰ ਵਿੱਚ ਆਰ.ਐਸ.ਐਸ. ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਐਲਾਨ ਕੀਤਾ ਹੈ ਕਿ ''ਅਗਰ ਦੇਸ਼ ਨੂੰ ਜ਼ਰੂਰਤ ਪਈ ਤਾਂ ਸੰਘ ਤਿੰਨ ਦਿਨਾਂ ਵਿੱਚ ਹੀ ਫੌਜ ਖੜ•ੀ ਕਰਕੇ ਲੜਾਈ ਲਈ ਭੇਜ ਸਕਦਾ ਹੈ, ਜਿਸ ਵਾਸਤੇ ਭਾਰਤੀ ਨੂੰ ਫੌਜ 6-7 ਮਹੀਨੇ ਦਾ ਸਮਾਂ ਲੱਗਦਾ ਹੈ। ਸੰਘ ਭਾਵੇਂ ਇੱਕ ਫੌਜ ਨਹੀਂ ਪਰ ਇਸਦਾ ਅਨੁਸਾਸ਼ਨ ਫੌਜ ਵਰਗਾ ਹੈ।'' ਇਸ 'ਤੇ ਬਿਆਨਬਾਜ਼ੀ ਕਰਦਿਆਂ ਕਾਂਗਰਸ ਸਮੇਤ ਹਾਕਮ ਜਮਾਤੀ ਪਾਰਟੀਆਂ ਨੇ ਇਸ ਨੂੰ ਮਹਿਜ਼ ਭਾਰਤੀ ਫੌਜ ਦੀ ਬੇਇੱਜਤੀ ਕਰਨ ਤੱਕ ਸੀਮਤ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੋ ਖੁਦ ਹਿੰਦੂ ਪੱਤਾ ਵਰਤਣ ਵਿੱਚ ਲੱਗਾ ਹੋਇਆ ਹੈ ਅਤੇ ਕਰਨਾਟਕ ਚੋਣਾਂ ਵਿੱਚ ਵੋਟਾਂ ਦੀ ਪ੍ਰਾਪਤੀ ਲਈ ਮੰਦਰਾਂ ਵਿੱਚ ਜਾ ਕੇ ਮੁੱਖ ਮੰਤਰੀ ਸੀਤਾ ਰਮੱਈਆ ਨਾਲ ਪੂਜਾ ਪਾਠ ਕਰ ਰਿਹਾ ਹੈ, ਇਸ ਬਾਰੇ ਕੀ ਪ੍ਰਤੀਕਿਰਿਆ ਜ਼ਾਹਰ ਕਰੇਗਾ? ਆਪਣੇ ਆਪ ਵਿੱਚ ਮੋਹਨ ਭਾਗਵਤ ਦਾ ਬਿਆਨ ਬਹੁਤ ਗੰਭੀਰ ਮਾਮਲੇ ਵੱਲੇ ਸੰਕੇਤ ਕਰਦਾ ਹੈ।
ਅਸਲ ਵਿੱਚ ਮੋਹਨ ਭਾਗਵਤ ਜੋ ਬੋਲ ਰਿਹਾ ਹੈ, ਉਹ ਸੋਲਾਂ ਆਨੇ ਸੱਚ ਹੈ। ਸੰਘ ਦੀ ਨੀਤੀ ਦੇ ਦੋ ਹਿੱਸੇ ਹਨ। ਪਹਿਲਾ ਤਾਂ ਇਹ ਹੈ ਕਿ ਉਸਨੇ 2022 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਗੁੱਝਾ ਟੀਚਾ ਰੱਖਿਆ ਹੈ। ਇਸ ਵਾਸਤੇ ਉਸਦੀ ਤਿਆਰੀ ਲਈ ਸੈਂਕੜੇ ਸਹਿਯੋਗੀ ਪ੍ਰਤੱਖ ਅਤੇ ਅਪ੍ਰਤੱਖ ਜਥਬੰਦੀਆਂ ਦਾ ਤਾਣਾ-ਬਾਣਾ ਤਿਆਰ ਉਹ ਕਰ ਚੁੱਕਾ ਹੈ। ਜੋ ਵਿਧਵਾ ਭਲਾਈ ਸੇਵਾ, ਭਾਰਤੀ ਯੁਵਾ ਵਾਹਿਨੀ ਦੁਰਗਾ ਵਾਹਿਨੀ, ਆਦਿਵਾਸੀ ਕਲਿਆਣ ਸੰਸਥਾਵਾਂ ਆਦਿ ਜਿਹਨਾਂ ਨੂੰ ਉਹ ਲੋਕਾਂ ਅੰਦਰ ਡੂੰਘੀਆਂ ਜੜ•ਾਂ ਲਾਉਣ ਲਈ ਆਪਣੀ ਹਿੰਦੂਤਵੀ ਵਿਚਾਰਦਾਰਾ ਨੂੰ ਟੇਢੇ ਜੰਗ ਨਾਲ ਲੋਕ ਮਨਾਂ ਦਾ ਹਿੱਸਾ ਬਣਾਉਣ ਲਈ ਕਾਰਜਸ਼ੀਲ ਹੈ। ਇਹ ਸੈਂਕੜੇ ਜਥੇਬੰਦੀਆਂ ਉਸਦੀ ਹਿੰਦੂਤਵੀ ਨੀਤੀ ਦੇ ਮਾਤਹਿਤ ਲੁਕਵੇਂ ਰੂਪ ਦਾ ਆਧਾਰ ਤਿਆਰ ਕਰਨ ਲਈ ਹਨ।
ਦੂਜੀ ਕਿਸਮ ਦੀਆਂ ਜਥੇਬੰਦੀਆਂ ਉਹ ਹਨ ਜਿਹਨਾਂ ਦੀ ਬਾਕਾਇਦਾ ਫੌਜੀ ਟਰੇਨਿੰਗ ਹੁੰਦੀ ਹੈ। ਪਹਿਲਾਂ ਤਾਂ ਸੰਘ ਨੇ ਆਪਣੇ ਆਪ 'ਤੇ ਸਮਾਜਿਕ ਅਤੇ ਸਭਿਆਚਾਰਕ ਜਥੇਬੰਦੀ ਹੋਣ ਦਾ ਪਰਦਾ ਪਾਇਆ ਹੋਇਆ ਸੀ ਜਿਸ ਨੂੰ ਭਾਗਵਤ ਨੇ ਹੁਣ ਲਾਹ ਮਾਰਿਆ ਹੈ। ਇੱਕ ਤਾਂ ਇਸਦੀਆਂ 60 ਹਜ਼ਾਰ ਦੇ ਕਰੀਬ ਸ਼ਾਖਾਵਾਂ ਚੱਲਦੀਆਂ ਹਨ, ਜਿੱਥੇ ਲਾਠੀਆਂ-ਡਾਂਗਾਂ ਆਦਿ ਚਲਾਉਣ ਦੀ ਟਰੇਨਿੰਗ ਸ਼ਰੇਆਮ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਇਸਦੇ ਆਪਣੇ ਬਿਆਨਾਂ ਮੁਤਾਬਕ ਹਰ ਮਹੀਨੇ 25 ਤੋਂ 30 ਹਜ਼ਾਰ ਨਵੇਂ ਲੋਕ ਸੰਘ ਦੇ ਘੇਰੇ ਵਿੱਚ ਆ ਰਹੇ ਹਨ। ਇਸ ਤੋਂ ਬਿਨਾ ਸੰਘ ਦਾ ਗੁਪਤ ਫੌਜੀ ਅਮਲਾ ਫੈਲਾ ਵੀ ਹੈ। ਪੂਨੇ ਵਿਚਲੀ ਸਨਾਤਮ ਸੰਸਥਾ ਇਸੇ ਦਾ ਵਿੰਗ ਹੈ, ਜੋ ਗੌਰੀ ਲੰਕੇਸ਼, ਗੋਵਿੰਦ ਪਨਸਾਰੇ, ਪ੍ਰੋ. ਕਲਬੁਰਗੀ ਅਤੇ ਡਾ. ਦਬੋਲਕਾਰ ਨੂੰ ਦਿਨ ਦਿਹਾੜੇ ਕਤਲ ਕਰਨ ਦੀ ਜਿੰਮੇਵਾਰ ਹੈ। ਜਦੋਂ ਮੋਹਨ ਭਾਗਵਤ ਤਿੰਨ ਦਿਨ ਵਿੱਚ ਫੌਜ ਤਿਆਰ ਕਰਨ ਦੀ ਗੱਲ ਕਰਦਾ ਹੈ, ਉਸਦਾ ਮਤਲਬ ਸਾਫ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਉਸਦੇ ਗੁਪਤ ਫੌਜੀ ਕੈਂਪ ਚੱਲ ਰਹੇ ਹਨ, ਜੋ ਉਸਦੇ ਇੱਕ ਇਸ਼ਾਰੇ 'ਤੇ ਕਤਲੇਆਮ ਮਚਾਉਣ ਲਈ ਤਿਆਰ ਬਰ ਤਿਆਰ ਸੜਕਾਂ 'ਤੇ ਆ ਸਕਦੇ ਹਨ। ਸਨਾਤਨ ਸੰਸਥਾ ਪੂਨੇ ਵਿੱਚ ਸ਼ਰੇਆਮ ਕਮਿਊਨਿਸਟਾਂ, ਤਰਕਸ਼ੀਲਾਂ, ਮੁਸਲਿਮ, ਇਸਾਈਆਂ ਅਤੇ ਨਾਸਤਿਕਾਂ ਨੂੰ ਸੋਧਣ ਦੀ ਸਿੱਖਿਆ ਦਿੱਤੀ ਜਾਂਦੀ ਹੈ, ਜਿੱਥੇ ਖੁਦ ਮੋਦੀ, ਯੋਗੀ ਆਦਿਤਿਆ ਨਾਥ ਅਤੇ ਅਮਿਤ ਸ਼ਾਹ ਆਦਿ ਹਾਜ਼ਰੀ ਭਰਦੇ ਹਨ।
ਫਾਸ਼ੀਵਾਦੀ ਜੜ•ਾਂ- ਰਾਸ਼ਟਰੀ ਸਵੈਮ ਸੇਵਕ ਸੰਘ ਦਾ ਇਤਿਹਾਸ ਦਸਤਾਵੇਜ਼ੀ ਤੌਰ 'ਤੇ ਇਹ ਸਾਬਤ ਕਰਦਾ ਹੈ ਕਿ ਇਹ ਜਰਮਨ ਤਾਨਾਸ਼ਾਹ ਹਿਟਲਰ ਅਤੇ ਇਤਾਲਵੀ ਤਾਨਾਸ਼ਾਹ ਫਾਸ਼ਿਸਟ ਮੁਸੋਲਿਨੀ ਤੋਂ ਪ੍ਰੇਰਿਤ ਤੇ ਪ੍ਰਭਾਵਿਤ ਹੈ। ਸਾਵਰਕਾਰ ਦੇ ਕਦਮਾਂ 'ਤੇ ਚੱਲਦਿਆਂ ਸੰਘ ਦੇ ਮੋਢੀ ਕੇ.ਬੀ. ਹੇਡਗੇਵਾਰ ਦਾ ਵਿਸ਼ਵਾਸ਼ਪਾਤਰ ਤੇ ਤਜਰਬੇਕਾਰ ਸਲਾਹਕਾਰ ਬੀ.ਐਸ. ਮੂੰਜੇ ਜੋ ਹਿੰਦੂ ਮਹਾਂ ਸਭਾ ਦਾ ਆਗੂ ਸੀ ਨੇ ਇਟਲੀ ਜਾ ਕੇ ਉੱਥੇ ਰਹਿ ਕੇ ਉੱਥੋਂ ਦੇ ਫਾਸ਼ੀਵਾਦੀ ਫੌਜੀ ਸੰਸਥਾਵਾਂ ਦਾ ਅਨੁਭਵ ਹਾਸਲ ਕੀਤਾ ਸੀ। ਭਾਰਤ ਆ ਕੇ ਉਸਨੇ ਨਾਸਿਕ ਵਿੱਚ 1934 ਵਿੱਚ ਭੋਸਲੇ ਮਿਲਟਰੀ ਸਕੂਲ ਸ਼ੁਰੂ ਕੀਤਾ ਸੀ। ਅਜੇ ਵੀ ਨਾਸਿਕ ਵਿੱਚ ਇਹ ਸਕੂਲ ਅਤੇ ਕਾਲਜ ਮੌਜੂਦ ਹਨ, ਜੋ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਵਾਲੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ। ਕੇਂਦਰੀ ਹਿੰਦੂ ਮਿਲਟਰੀ ਐਜੂਕੇਸ਼ਨ ਸੋਸਾਇਟੀ ਜਿਹੜੀ ਇਹਨਾਂ ਸੰਸਥਾਵਾਂ ਨੂੰ ਚਲਾਉਂਦੀ ਹੈ, ਉਹ ਆਰ.ਐਸ.ਐਸ. ਮੈਂਬਰਾਂ ਦੀ ਬਣੀ ਹੋਈ ਹੈ। ਮਾਲੇਗਾਉਂ ਬੰਬ ਧਮਾਕਿਆਂ ਦਾ ਦੋਸ਼ੀ ਲੈਫਟੀਨੈਂਟ ਐਸ.ਪੀ. ਪੁਰੋਹਿਤ ਨੇ ਭੋਸਲੇ ਮਿਲਟਰੀ ਸਕੂਲ ਵਿੱਚ ਉਹਨਾਂ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਲਾਈਆਂ ਸਨ, ਜੋ ਸਾਰਟ ਸਰਵਿਸ ਕਮਿਸ਼ਨ ਅਫਸਰਾਂ ਵਜੋਂ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਆਰ.ਐਸ.ਐਸ. ਭਾਰਤੀ ਫੌਜ ਵਿੱਚ ਹਿੰਦੂਤਵ ਏਜੰਡੇ ਅਨੁਸਾਰ ਮੁੜ ਢਲਾਈ ਦੀ ਚਾਹਵਾਨ ਹੈ। ਭਾਗਵਤ ਮੁਤਾਬਕ ਭਾਰਤੀ ਫੌਜ ਦਾ ਸਿਪਾਹੀ ਅਤੇ ਸੰਘ ਦਾ ਸਵੈਮ ਸੇਵਕ ਇੱਕ ਸਾਮਾਨ ਅਹੁਦੇ 'ਤੇ ਹਨ। ਯਾਨੀ ਕਿ ਜੇ ਭਾਰਤੀ ਸੰਵਿਧਾਨ ਆਗਿਆ ਦੇਵੇ ਤਾਂ ਸਵੈਮ ਸੇਵਕ ਫੌਜ ਦਾ ਅੰਗ ਬਣ ਸਕਦੇ ਹਨ।
ਆਪਣੇ ਪਿਛੋਕੜ ਅਨੁਸਾਰ ਮੋਹਨ ਭਾਗਵਤ ਉਹਨਾਂ ਲੀਹਾਂ 'ਤੇ ਚੱਲ ਰਿਹਾ ਹੈ, ਜਿਹਨਾਂ ਲੀਹਾਂ 'ਤੇ ਜਰਮਨੀ ਵਿੱਚ ਹਿਟਲਰ ਅਤੇ ਇਟਲੀ ਵਿੱਚ ਮੁਸੋਲਿਨੀ ਨੇ ਨਿੱਜੀ ਫੌਜਾਂ ਖੜ•ੀਆਂ ਕੀਤੀਆਂ ਸਨ। ਹਿਟਲਰ ਤਹਿਤ ਸਟੌਰਮਿੰਗ ਟਪੂਪਰਜ਼ (ਸਵੈ ਇੱਛੁਕ ਮਿਲੀਸ਼ੀਆ) ਜਿਸ ਨੂੰ ''ਬਰਾਊਨ ਸਰਟਸ'' ਕਰਕੇ ਜਾਣਿਆ ਜਾਂਦਾ ਸੀ ਤੇ ਇਸੇ ਤਰ•ਾਂ ਮੁਸੋਲਿਨੀ ਨੇ ''ਬਲੈਕ ਸ਼ਰਟਸ'' ਬਣਾਈ। ਇਹ ਦੋਵੇਂ ਇਹਨਾਂ ਪਾਰਟੀਆਂ ਦੇ ਅਰਧ ਫੌਜੀ ਵਿੰਗ ਸਨ। ''ਬਰਾਊਨ ਸ਼ਰਟਸ'' ਫੌਜੀ ਤਰੀਕੇ ਨਾਲ ਮਾਰਚ ਕਰਦੇ ਹਿਟਲਰ ਦੀ ਪਾਰਟੀ ਦੀਆਂ ਰੈਲੀਆਂ ਦੀ ਸੁਰੱਖਿਆ ਕਰਦੇ ਤੇ ਚੋਣਾਂ ਵਿੱਚ ਵਿਰੋਧੀਆਂ 'ਤੇ ਹਮਲੇ ਕਰਦੇ ਸਨ।
ਇਟਲੀ ਦੇ ''ਬਲੈਕ ਸ਼ਰਟਸ'' ਦੀ ਉਸਾਰੀ ਕਾਰਵਾਈ ਦਸਤਿਆਂ ਦੇ ਤੌਰ 'ਤੇ 1919 ਵਿੱਚ ਉਸ ਸਮੇਂ ਕੀਤੀ ਗਈ ਤਾਂ ਜੋ ਇਤਾਲਵੀ ਕੌਮ ਦੇ ਦੁਸ਼ਮਣ ਸਮਝੇ ਜਾਂਦੇ ਲੋਕਾਂ ਨਾਲ ਲੜਿਆ ਜਾ ਸਕੇ। 1923 ਵਿੱਚ ਰਾਸ਼ਟਰਵਾਦੀ ਕੌਮੀ ਬੁੱਧੀਜੀਵੀਆਂ, ਭੋਂ-ਸਰਦਾਰਾਂ ਅਤੇ ਸਾਬਕਾ ਫੌਜੀਆਂ ਨੂੰ ਲੈ ਕੇ ਫਾਸ਼ੀ ਪਾਰਟੀ ਦੀ ਨਿੱਜੀ ਫੌਜ ਬਣਾਈ ਗਈ ਸੀ। ਹਿਟਲਰ ਦੀ ''ਬਰਾਊਨ ਸ਼ਰਟਸ'' ਵਾਂਗ ਇਹ ਕੌਮੀ ਸਿਆਸੀ ਮਲੀਸ਼ੀਆ ਸੀ। ਬਾਅਦ ਵਿੱਚ ਮੁਸੋਲਿਨੀ ਦੇ ਸੱਤਾ ਵਿੱਚ ਆਉਣ 'ਤੇ ਇਸ ਨੂੰ ਬਾਕਾਇਦਾ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਕਰ ਲਿਆ ਗਿਆ ਤੇ ''ਚੌਥੀ ਸ਼ਾਖਾ'' ਦਾ ਨਾਂ ਦੇ ਦਿੱਤਾ ਗਿਆ। ਆਰ.ਐਸਐਸ. ਇੱਕ ਸਿਆਸੀ ਮਿਲੀਸ਼ੀਆ ਹੈ, ਜੋ ਆਪਣੇ ਹੋਰ ਵਿੰਗਾਂ (ਸ਼ਾਖਾਵਾਂ) ਜਿਵੇਂ ਸ਼੍ਰੀ ਰਾਮ ਸੈਨਾ, ਗਊ ਰਾਖੇ ਆਦਿ ਨੂੰ ਤਿਆਰ ਕਰਦਾ ਤੇ ਵੱਖ ਵੱਖ ਕੰਮ ਸੌਂਪਦਾ ਹੈ। ਇਹਨਾਂ ਨੂੰ ਤੁਰੰਤ ਕਾਰਵਾਈ ਲਈ ਲਾਮਬੰਦ ਕੀਤਾ ਜਾ ਸਕਦਾ ਹੈ। ਆਪਣੀ ਇਸ ਪ੍ਰਾਪਤੀ 'ਤੇ ਭਾਗਵਤ ਜਸ਼ਨ ਮਨਾ ਰਿਹਾ ਹੈ। ਇਹ ਕਮਿਊਨਿਸਟ ਇਨਕਲਾਬੀ ਸ਼ਕਤੀਆਂ, ਘੱਟ-ਗਿਣਤੀਆਂ, ਦਲਿਤਾਂ ਲਈ ਆਮ ਲੋਕਾਂ ਲਈ ਬੇਹੱਦ ਖਤਰਨਾਕ ਸਮੇਂ ਦਾ ਸੰਕੇਤ ਹੈ।  ੦-੦

No comments:

Post a Comment