Saturday, 28 April 2018

ਕਰਜ਼ਾ ਮੁਕਤੀ ਲਈ ਸੰਘਰਸ਼ ਭਖ਼ਾਉਣ ਦਾ ਸੱਦਾ

ਕਰਜ਼ਾ ਮੁਕਤੀ ਲਈ ਸੰਘਰਸ਼ ਭਖ਼ਾਉਣ ਦਾ ਸੱਦਾ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਮੁਕੰਮਲ ਕਰਜ਼ਾ ਮੁਕਤੀ ਸਮੇਤ ਹੋਰ ਮੰਗਾਂ ਦੇ ਫੌਰੀ ਹੱਲ ਲਈ 8 ਮਾਰਚ ਨੂੰ ਬਰਨਾਲੇ ਦੀ ਅਨਾਜ ਮੰਡੀ ਵਿੱਚ ਸੂਬਾਈ ਲਲਕਾਰ ਰੈਲੀ ਕੀਤੀ ਗਈ, ਜਿਸ ਵਿੱਚ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ-ਮਜ਼ਦੂਰਾਂ ਨੇ ਕੈਪਟਨ ਤੇ ਮੋਦੀ ਸਰਕਾਰ ਨੂੰ ਲਲਕਾਰਿਆ। ਆਗੂਆਂ ਕਿਹਾ ਕਿ ਕਰਜ਼ੇ ਨਾਲ ਵਿੰਨ ਅਤੇ ਵਾਰ-ਵਾਰ ਮੁੱਕਰਦੀਆਂ ਸਰਕਾਰਾਂ ਤੋਂ ਕਰਜ਼ਾ-ਮੁਕਤੀ ਦੀ ਆਸ ਮੁਕਾ ਚੁੱਕੇ ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ ਹਨ। ਦੇਸੀ-ਵਿਦੇਸ਼ੀ ਸਾਮਰਾਜੀ ਕੰਪਨੀਆਂ ਦੇ ਅਰਬਾਂ-ਖਰਬਾਂ ਦੇ ਕਰਜ਼ੇ ਆਏ ਸਾਲ ਵੱਟੇ ਖਾਤੇ ਪਾ ਦਿੱਤੇ ਜਾਂਦੇ ਹਨ, ਜਦੋਂਕਿ ਕਿਸਾਨਾਂ-ਮਜ਼ਦੂਰਾਂ ਸਣੇ ਸਾਰੇ ਕਿਰਤੀਆਂ ਉੱਤੇ ਜੀਐਸਟੀ ਵਰਗੇ ਟੈਕਸ ਮੜਦਿੱਤੇ ਜਾਂਦੇ ਹਨ। ਉਨਾਂ ਲੋਕ ਸਭਾ ਵਿੱਚ ਫ਼ਸਲੀ ਲਾਗਤ, ਖ਼ਰਚਿਆਂ ਨਾਲੋਂ ਡਿਉਢੇ ਭਾਅ ਦੇਣ ਦਾ ਐਲਾਨ ਨਿਰਾ ਫਰੇਬ ਦੱਸਿਆ। ਉਨਾਂ ਮੰਗ ਕੀਤੀ ਕਿ ਖ਼ੁਦਕੁਸ਼ੀਆਂ ਠੱਲ ਲਈ ਫੌਰੀ ਰਾਹਤ ਵਜੋਂ ਕਰਜ਼ੇ ਮੋੜਨ ਤੋਂ ਅਸਮਰੱਥ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਫੇਰੀ ਜਾਵੇ, ਪਰ ਵੱਡੇ ਜਗੀਰਦਾਰਾਂ ਤੋਂ ਕਰਜ਼ੇ ਸਖ਼ਤੀ ਨਾਲ ਵਸੂਲੇ ਜਾਣ, ਆਮਦਨ ਟੈਕਸ ਵੀ ਲਿਆ ਜਾਵੇ ਤੇ ਖੇਤੀ ਸਬਸਿਡੀਆਂ ਵੀ ਖਤਮ ਕੀਤੀਆਂ ਜਾਣ। ਉਨਾਂ ਮੰਗ ਕੀਤੀ ਕਿ ਖ਼ੁਦਕੁਸ਼ੀ ਪੀੜਤ ਕਿਸਾਨ-ਮਜ਼ਦੂਰ ਪਰਿਵਾਰਾਂ ਨੂੰ 10-10 ਲੱਖ ਦੀ ਸਹਾਇਤਾ ਅਤੇ 1-1 ਪੱਕੀ ਨੌਕਰੀ ਦਿੱਤੀ ਜਾਵੇ। ਮੁੜ ਕਰਜ਼ੇ ਚੜਨੋਂ ਰੋਕਣ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਖੇਤੀ ਮੋਟਰਾਂ 'ਤੇ ਮੀਟਰ ਲਾ ਕੇ ਬਿੱਲ ਵਸੂਲਣ ਸਬੰਧੀ ਫ਼ੈਸਲੇ ਰੱਦ ਕੀਤੇ ਜਾਣ। ਸਾਰੇ ਆਬਾਦਕਾਰ ਤੇ ਮੁਜ਼ਾਰਾ ਕਿਸਾਨਾਂ-ਮਜ਼ਦੂਰਾਂ ਨੂੰ ਕਾਬਜ਼ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਖੇਤੀ ਰਹਿੰਦ-ਖੂੰਹਦ ਨੂੰ ਬਿਨਾਂ ਸਾੜੇ ਸਾਂਭਣ ਲਈ ਕਣਕ ਅਤੇ ਝੋਨੇ 'ਤੇ 200 ਰੁਪਏ ਕੁਇੰਟਲ ਬੋਨਸ ਦਿੱਤਾ ਜਾਵੇ।

No comments:

Post a Comment