Monday, 30 April 2018

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਇਨਕਲਾਬੀਆਂ ਦਾ ਐਲਾਨ
ਨਵੰਬਰ 13, 1967
(ਨੋਟ— 12 ਅਤੇ 13 ਨਵੰਬਰ 1967 ਨੂੰ 7 ਸੂਬਿਆਂ ਨਾਲ ਸਬੰਧਤ ਇਨਕਲਾਬੀ ਸਾਥੀਆਂ ਵੱਲੋਂ ਕਲਕੱਤਾ ਵਿੱਚ ਮੀਟਿੰਗ ਕਰਕੇ ਇਹ ਐਲਾਨ ਜਾਰੀ ਕੀਤਾ ਗਿਆ। ਇਸ ਮੀਟਿੰਗ ਵਿੱਚ ਨਾਗੀ ਰੈੱਡੀ-ਡੀ.ਵੀ. ਰਾਓ ਵਗੈਰਾ ਸ਼ਾਮਲ ਨਹੀਂ ਸਨ। ਨਾਗੀ ਰੈੱਡੀ ਇਸ ਸਮੇਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦਾ ਮੈਂਬਰ ਸੀ, ਜਿਸ ਨੂੰ ਭਾਰੀ ਦਬਾਓ ਦੇ ਬਾਵਜੂਦ ਉਹ ਛੱਡਣ ਲਈ ਤਿਆਰ ਨਹੀਂ ਸੀ। ਆਖਰ ਆਪਣਾ ਸੱਜਾ ਸੋਧਵਾਦੀ ਨਕਾਬ ਭਰਿਆੜ ਹੋਣ ਤੋਂ ਬਚਾਉਣ ਲਈ ਉਸ ਨੂੰ ਮਾਰਚ 1968 ਵਿੱਚ ਵਿਧਾਨ ਸਭਾ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। -ਸੰਪਾਦਕ)
ਸਾਥੀ ਲੈਨਿਨ ਵੱਲੋਂ ਨਿਰਧਾਰਤ ਕੀਤੇ ਪੈਮਾਨੇ ਦੀ ਰੌਸ਼ਨੀ ਵਿੱਚ ਦੇਖਿਆਂ ਸਾਡੇ ਦੇਸ਼ ਅੰਦਰ ਬੇਹੱਦ ਸਾਜਗਾਰ ਇਨਕਲਾਬੀ ਹਾਲਤ ਮੌਜੂਦ ਹੈ। ਪਰ ਸੀ.ਪੀ.ਆਈ.(ਐਮ.) ਦੀ ਲੀਡਰਸ਼ਿੱਪ ਲੋਕਾਂ ਅਤੇ ਪਾਰਟੀ ਨਾਲ ਗ਼ਦਾਰੀ ਕਰ ਗਈ ਹੈ। ਉਹ ਭਾਰਤੀ ਇਨਕਲਾਬ ਦੇ ਕਾਰਜ ਨਾਲ ਗ਼ਦਾਰੀ ਕਰ ਗਈ ਹੈ।
ਉਸ ਵੱਲੋਂ ਵਰਤੀ ਜਾ ਰਹੀ ਇਨਕਲਾਬੀ ਮੁਹਾਵਰੇਬਾਜ਼ੀ ਦੇ ਬਾਵਜੂਦ, ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ ਹੋ ਗਈ ਹੈ ਕਿ ਇਹਨਾਂ ਭਗੌੜਿਆਂ ਵੱਲੋਂ ਪਾਰਲੀਮਾਨੀ ਸਿਆਸਤ ਅਤੇ ਜਮਾਤੀ ਭਿਆਲੀ ਦਾ ਰਾਹ ਅਖਤਿਆਰ ਕਰ ਲਿਆ ਗਿਆ ਹੈ। ਉਹਨਾਂ ਵੱਲੋਂ ਸਿਆਸੀ ਸੱਤਾ ਹਾਸਲ ਕਰਨ ਲਈ ਇਨਕਲਾਬੀ ਜੱਦੋਜਹਿਦ ਨੂੰ ਤਿਲਾਂਜਲੀ ਦੇ ਦਿੱਤੀ ਗੀ ਹੈ। ਸੋਧਵਾਦ ਖਿਲਾਫ ਸ਼ਾਨਦਾਰ ਜੱਦੋਜਹਿਦ ਰਾਹੀਂ ਡਾਂਗੇ ਲੀਡਰਸ਼ਿੱਪ ਨੂੰ ਰੱਦ ਕਰਦਿਆਂ, ਇਨਕਲਾਬੀ ਸਾਥੀਆਂ ਵੱਲੋਂ ਇਸ ਲੀਡਰਸ਼ਿੱਪ ਵਿੱਚ ਜ਼ਾਹਰ ਕੀਤੇ ਗਏ ਅਥਾਹ ਭਰੋਸੇ ਨਾਲ ਇਹ ਬੇਸ਼ਰਮੀ ਨਾਲ ਗ਼ਦਾਰੀ ਕਰ ਗਈ ਹੈ। ਬਿਨਾ ਸ਼ੱਕ, ਇਸ ਗ਼ਦਾਰੀ ਦੇ ਅਮਲ ਦਾ ਆਗਾਜ਼ ਜਥੇਬੰਦਕ ਫੁੱਟ ਤੋਂ ਪਹਿਲਾਂ ਹੀ ਹੋ ਗਿਆ ਸੀ। ਖਰੀ ਫੁੱਟ ਤੋਂ ਨਵ-ਸੋਧਵਾਦੀਏ ਖੁਦ ਥਰ ਥਰ ਕੰਬਦੇ ਹਨ, ਇਸ ਲਈ ਇਹਨਾਂ ਵੱਲੋਂ ਫੁੱਟ ਨੂੰ ਵੀ ਵਿਚਾਰਧਾਰਕ ਆਧਾਰ 'ਤੇ ਅੰਜ਼ਾਮ ਦੇਣ ਤੇ ਪਾਰਟੀ ਅੰਦਰੂਨੀ ਜੱਦੋਜਹਿਦ ਦਾ ਨਿਬੇੜਾ ਖਰੀ ਫੁੱਟ ਦੀ ਸ਼ਕਲ ਵਿੱਚ ਕਰਨ ਦੀ ਬਜਾਇ, ਡਾਂਗੇ ਦੀਆਂ ਚਿੱਠੀਆਂ ਨੂੰ ਹੱਥੇ ਵਜੋਂ ਵਰਤਦਿਆਂ, ਫੁੱਟ ਨੂੰ ਨਕਲੀ ਆਧਾਰ ਮੁਹੱਈਆ ਕਰ ਦਿੱਤਾ ਗਿਆ ਹੈ। ਪਰ ਉਹ ਆਪਣੀ ਖੇਡ ਵਿੱਚ ਵਕਤੀ ਤੌਰ 'ਤੇ ਕਾਮਯਾਬ ਹੋ ਗਏ। ਇਹ ਸਾਜਸ਼ੀ ਟੋਲਾ ਪਾਰਟੀ ਪ੍ਰੋਗਰਾਮ ਵਿੱਚ ਅਜਿਹੀਆਂ ਗੁਰਬੰਦੀਆਂ ਨੂੰ ਧੋਖੇ ਨਾਲ ਦਾਖਲ ਕਰਨ ਵਿੱਚ ਸਫਲ ਹੋ ਗਿਆ, ਜਿਹਨਾਂ ਦਾ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨਾਲ ਕੋਈ ਲਾਗਾਦੇਗਾ ਨਹੀਂ ਸੀ। ਆਜ਼ਾਦਾਨਾ ਵਿਸ਼ਲੇਸ਼ਣ ਦੇ ਨਾਂ ਹੇਠ ਸਾਡੇ ਮੁਲਕ ਦੀ ਨਵ-ਬਸਤੀਆਨਾ ਖਸਲਤ ਅਤੇ ਇਸਦੇ ਅਰਧ-ਬਸਤੀਵਾਦੀ ਅਰਧ-ਜਾਗੀਰੂ ਖਾਸੇ ਅਤੇ ਇਸ ਦੇ ਆਧਾਰ 'ਤੇ ਤਹਿ ਹੁੰਦੇ ਜਮਹੂਰੀ ਇਨਕਲਾਬ ਦੀ ਯੁੱਧਨੀਤੀ ਅਤੇ ਦਾਅਪੇਚਾਂ ਨੂੰ ਬੇਦਾਵਾ ਦਿੰਦਿਆਂ, ਟੇਢੇ ਢੰਗ ਨਾਲ ਇਹ ਸਮਝ ਅਪਣਾ ਲਈ ਗਈ ਹੈ ਕਿ ਭਾਰਤ ਵਿਚ ਉਸਾਰੀ ਜਾ ਰਹੀ ਆਰਥਿਕਤਾ ਆਜ਼ਾਦ ਬੁਰਜੂਆ ਆਰਥਿਕਤਾ ਹੈ। ਭਾਰਤ ਦੀ ਵੱਡੀ ਬੁਰਜੂਆਜੀ ਵੱਲੋਂ ਅਜੇ ਵੀ ਸਾਮਰਾਜ ਵਿਰੋਧੀ ਰੋਲ ਤੋਂ ਮੂੰਹ ਨਹੀਂ ਭੁਆਇਆ ਗਿਆ।
ਇਸ ਤਰ•ਾਂ, ਉਹਨਾਂ ਵੱਲੋਂ ਮਾਓ-ਜ਼ੇ-ਤੁੰਗ ਵੱਲੋਂ ਸੰਸਾਰ ਇਨਕਲਾਬ, ਵਿਸ਼ੇਸ਼ ਕਰਕੇ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਦੇ ਇਨਕਲਾਬਾਂ ਲਈ ਉਲੀਕੇ ਮਾਹਨ ਮਾਰਗ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ ਹੈ। ਇਸ ਮਾਰਗ ਦਾ ਬੱਝਵਾਂ ਮੁਹਾਂਦਰਾ ਸਾਥੀ ਲਿਨ-ਪਿਆਓ ਵੱਲੋਂ ਪੇਸ਼ ਕੀਤਾ ਗਿਆ ਹੈ। ਸੰਸਾਰ ਕਮਿਊਨਿਸਟ ਲਹਿਰ ਵੱਲ ਉਹਨਾਂ ਵੱਲੋਂ ਧਾਰਨ ਕੀਤਾ ''ਪੱਖ-ਪਾਤ ਰਹਿਤ'' ਰਵੱਈਆ, ਉਹਨਾਂ ਵੱਲੋਂ ਖਰੁਸ਼ਚੇਵ ਮਾਰਕਾ ਸੋਧਵਾਦ ਦੀ ਕੀਤੀ ਜਾ ਰਹੀ ਹਮਾਇਤ 'ਤੇ ਪਰਦਾਪੋਸ਼ੀ ਕਰਨ ਲਈ ਅਖਤਿਆਰ ਕੀਤਾ ਗਿਆ ਹੈ। ਇਉਂ, ਕੌਮੀ ਅਤੇ ਕੌਮਾਂਤਰੀ ਲੀਹਾਂ ਦੇ ਖੇਤਰ ਵਿੱਚ ਟੀਟੋਵਾਦ ਦੇ ਬੀਜਾਂ ਦਾ ਚਲਾਕੀ ਨਾਲ ਛਿੱਟਾ ਦਿੱਤਾ ਗਿਆ। ਜਿਹਨਾਂ ਦੀਆਂ ਕਰੂੰਬਲਾਂ ਅੱਗੇ ਜਾ ਕੇ ਬਦਨਾਮ ਮਦੁਰਾਈ ਮਤਿਆਂ ਦੀ ਸ਼ਕਲ ਵਿੱਚ ਫੁੱਟ ਕੇ ਸਾਹਮਣੇ ਆਈਆਂ।
ਇਹ ਮੁੜ-ਚਿਤਾਰਨਾ ਚੰਗਾ ਹੋਵੇਗਾ ਕਿ ਜਦੋਂ ਤੋਂ ਸਾਡੀ ਪਾਰਟੀ ਦਾ ਮੁੱਢ ਬੱਝਿਆ ਹੈ, ਇਸਦੇ ਵੱਖ ਵੱਖ ਪੜਾਵਾਂ 'ਤੇ ਇਸਦੀ ਅਗਵਾਈ ਸੋਧਵਾਦੀਆਂ, ਮਾਅਰਕੇਬਾਜ਼ਾਂ ਅਤੇ ਮੌਕਾਪ੍ਰਸਤਾਂ ਵੱਲੋਂ ਹਥਿਆਈ ਜਾਂਦੀ ਰਹੀ ਹੈ। ਨਤੀਜੇ ਵਜੋਂ, ਸਾਡੇ ਪਾਰਟੀ ਝੰਡੇ ਹੇਠ ਇਨਕਲਾਬੀ ਸਾਥੀਆਂ ਅਤੇ ਲੋਕਾਂ ਵੱਲੋਂ ਲੜੀਆਂ ਗਈਆਂ ਸ਼ਾਨਾਂਮੱਤੀਆਂ ਜਮਾਤੀ ਜੱਦੋਜਹਿਦਾਂ ਨਾਲ ਵਾਰ ਵਾਰ ਧਰੋਹ ਹੁੰਦਾ ਰਿਹਾ ਹੈ। ਅਣਮੋਲ ਪਾਰਟੀ ਕਾਰਕੁੰਨਾਂ ਦਾ ਬੇਥਾਹ ਖੂਨ ਹਿੰਸਕ ਜਮਾਤੀ ਸੰਘਰਸ਼ਾਂ ਵਿੱਚ ਵਹਿੰਦਾ ਰਿਹਾ ਹੈ ਅਤੇ ਬਹੁਤ ਸਾਰੀਆਂ ਜਿੱਤਾਂ ਵੀ ਹਾਸਲ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਪਾਰਟੀ ਦੇ ਚੋਟੀ ਆਗੂਆਂ ਦੇ ਵਿਸ਼ਵਾਸ਼ਘਾਤ ਦੇ ਨਤੀਜੇ ਵਜੋਂ ਇਹ ਲੜਾਕੂ ਖੁਦ ਇਹਨਾਂ ਜਿੱਤਾਂ ਦਾ ਫਲ਼ ਚੱਖਣ ਤੋਂ ਵਾਂਝੇ ਹੁੰਦੇ ਰਹੇ ਹਨ। ਵਾਰ ਵਾਰ ਇਨਕਲਾਬੀ ਕਾਰਕੁੰਨਾਂ ਵੱਲੋਂ ਪਾਰਟੀ ਅੰਦਰ ਤਿੱਖੀਆਂ ਅਤੇ ਅਸੂਲੀ ਪਾਰਟੀ ਅੰਦਰੂਨੀ ਜੱਦੋਜਹਿਦਾਂ ਨੂੰ ਮਘਾਇਆ ਗਿਆ। ਵਾਰ ਵਾਰ ਉਹਨਾਂ ਵੱਲੋਂ ਖੁੱਲ•ੇਆਮ ਬਗਾਵਤ ਦਾ ਪਰਚਮ ਬੁਲੰਦ ਕੀਤਾ ਗਿਆ। ਵਾਰ ਵਾਰ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਲੀਡਰਸ਼ਿੱਪ ਵੱਲੋਂ ਸਾਡੀ ਪਾਰਟੀ ਨੂੰ ਮੱਦਦ ਅਤੇ ਸੇਧ ਮੁਹੱਈਆ ਕਰਨ ਲਈ ਅੱਗੇ ਆਇਆ ਗਿਆ। ਹਰ ਮੌਕੇ, ਪਾਰਟੀ ਤਾਣੇ-ਬਾਣੇ 'ਤੇ ਜਕੜ-ਜੱਫਾ ਮਾਰੀਂ ਬੈਠੀਆਂ ਇਹਨਾਂ ਆਗੂ ਜੁੰਡਲੀਆਂ ਵੱਲੋਂ ਇਹਨਾਂ ਪਾਰਟੀ-ਅੰਦਰੂਨੀ ਜੱਦੋਜਹਿਦਾਂ ਅਤੇ ਕੌਮਾਂਤਰੀ ਲੀਡਰਸ਼ਿੱਪ ਵੱਲੋਂ ਪੇਸ਼ ਹਮਾਇਤ ਅਤੇ ਨਸੀਹਤਾਂ ਨੂੰ ਸਿਰੇ ਦੇ ਸਨਕੀਪੁਣੇ ਅਤੇ ਢੀਠਪੁਣੇ ਨਾਲ ਦਰਕਿਨਾਰ ਕਰ ਦਿੱਤਾ ਗਿਆ।
ਨਕਸਲਬਾੜੀ ਸਾਡੀ ਪਾਰਟੀ ਅਤੇ ਮੁਲਕ ਦੇ ਇਤਿਹਾਸ ਵਿੱਚ ਇੱਕ ਮੋੜ-ਨੁਕਤਾ ਬਣ ਉੱਭਰੀ ਹੈ। ਪੱਛਮੀ ਬੰਗਾਲ ਦੇ ਜ਼ਿਲ•ੇ ਦਾਰਜ਼ੀਲਿੰਗ ਦੇ ਇਨਕਲਾਬੀ ਸਾਥੀਆਂ ਵੱਲੋਂ ਪਾਰਟੀ ਦੀ ਸੋਧਵਾਦੀ ਲੀਡਰਸ਼ਿੱਪ ਅਤੇ ਸਿਆਸਤ, ਅਤੇ ਇਸ ਲੀਡਰਸ਼ਿੱਪ ਵੱਲੋਂ ਠੋਸੀ ਜੱਥੇਬੰਦਕ ਗੁਲਾਮੀ ਖਿਲਾਫ ਖੁੱਲ•ਮ-ਖੁੱਲ•ੀ ਬਗਾਵਤ ਦਾ ਪਰਚਮ ਬੁਲੰਦ ਕੀਤਾ ਗਿਆ। ਪਰ ਪਹਿਲੀਆਂ ਪਾਰਟੀ ਅੰਦਰੂਨੀ ਜੱਦੋਜਹਿਦਾਂ ਨਾਲੋਂ ਇਹ ਇਸ ਪੱਖੋਂ ਵੱਖਰੀ ਸੀ ਕਿ ਇਨਕਲਾਬੀ ਅਭਿਆਸ ਇਸ ਬਗਾਵਤ ਨਾਲ ਕਰੰਘੜੀ ਪਾ ਕੇ ਚੱਲਿਆ ਸੀ। ਇਹ ਸਾਥੀ ਮਾਓ-ਜ਼ੇ-ਤੁੰਗ ਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਘੜੀ-ਵਿਉਂਤੀ ਕਿਸਾਨ ਜੰਗ ਸੀ, ਜਿਸ ਨੂੰ ਕਮਿਊਨਿਸਟਾਂ ਤੇ ਮਜ਼ਦੁਰ ਜਮਾਤ ਵੱਲੋਂ ਅਗਵਾਈ ਮੁਹੱਈਆ ਕੀਤੀ ਗਈ ਸੀ ਅਤੇ ਜਿਸ ਵੱਲੋਂ ਭਾਰਤ ਦੇ ਜਮਹੂਰੀ ਇਨਕਲਾਬ  ਦੇ ਦਰੁਸਤ ਅਤੇ ਇੱਕੋ ਇੱਕ ਰਾਹ ਨੂੰ ਰੁਸ਼ਨਾਇਆ ਗਿਆ ਸੀ। ਦਾਰਜ਼ੀਸਿੰਗ ਦੇ ਕਿਸਾਨਾਂ ਦੀ ਇਸ ਮਹਾਨ ਲੜਾਈ ਨੂੰ ਤੁਰੰਤ-ਫੁਰਤ ਸੰਸਾਰ ਕਮਿਊਨਿਜ਼ਮ ਦੀ ਰਹਿਨੁਮਾਹ, ਚੇਅਰਮੈਨ ਮਾਓ-ਜ਼ੇ-ਤੁੰਗ ਦੀ ਰਹਿਬਰੀ ਹੇਠਲੀ ਚੀਨੀ ਕਮਿਊਨਿਸਟ ਪਾਰਟੀ ਦਾ ਥਾਪੜਾ ਹਾਸਲ ਹੋਇਆ ਅਤੇ ਇਸ ਵੱਲੋਂ ਫੌਰਨ ਧੁਖ ਰਹੀਆਂ ਪਾਰਟੀਆਂ-ਅੰਦਰੂਨੀ ਜੱਦੋਜਹਿਦਾਂ ਨੂੰ ਖੁੱਲ•ੀ ਇਨਕਲਾਬੀ ਬਗਾਵਤ ਦੀ ਸ਼ਕਲ ਵਿੱਚ ਲਾਮਬੰਦ ਕਰਨ ਦਾ ਰੋਲ ਨਿਭਾਇਆ ਗਿਆ। ਇਸਦੇ ਨਾਲ ਹੀ ਨਕਸਲਬਾੜੀ ਵੱਲੋਂ ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਖਾੜਕੂ ਅਤੇ ਹਥਿਆਰਬੰਦ ਕਿਸਾਨ ਲੜਾਈਆਂ ਦਾ ਤੋਰਾ ਤੋਰਿਆ ਗਿਆ। ਇਹਨਾਂ ਵਿੱਚੋਂ ਕਈ ਆਪ-ਮੁਹਾਰੀਆਂ ਸਨ ਅਤੇ ਕਈਆਂ ਨੂੰ ਇਨਕਲਾਬੀਆਂ ਦੀ ਅਗਵਾਈ ਹਾਸਲ ਸੀ। ਭਾਰਤੀ ਇਨਕਲਾਬ ਨੂੰ ਨਕਸਲਬਾੜੀ ਦੀਆਂ ਮਹਾਨ ਦੇਣਾਂ ਵਿੱਚੋਂ ਇੱਕ ਇਹ ਹੈ ਕਿ ਇਸ ਵੱਲੋਂ ਇਨਕਲਾਬੀ ਨਾਹਰਿਆਂ ਦਾ ਰਟਣ ਕਰਦੀ ਸਾਡੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਦੀ ਲੀਡਰਸ਼ਿੱਪ ਦਾ ਦੰਭੀ ਘੁੰਡ ਲਾਹ ਮਾਰਿਆ ਗਿਆ ਹੈ। ਉਹਨਾਂ ਦੇ ਇਨਕਲਾਬੀਪੁਣੇ ਦੇ ਸਿਰੇ ਦੇ ਥੋਥੇਪਣ ਨੂੰ ਦੁਨੀਆਂ ਦੀਆਂ ਅੱਖਾਂ ਸਾਹਮਣੇ ਬੇਪਰਦ ਕਰ ਦਿੱਤਾ ਗਿਆ ਹੈ। ਉਹਨਾਂ ਵੱਲੋਂ ਸਿਰੇ ਦੇ ਫੌਜੀ ਅਤੇ ਪੁਲਸੀ ਵਹਿਸ਼ੀਪੁਣੇ ਨਾਲ ਇਨਕਲਾਬੀ ਕਿਸਾਨ ਆਧਾਰ ਨੂੰ ਦਰੜ ਸੁੱਟਣ ਵਾਸਤੇ ਭਾਰਤੀ ਪਿਛਾਖੜੀ ਹਾਕਮਾਂ ਨਾਲ ਸ਼ਰੇਆਮ ਹੱਥ ਮਿਲਾ ਲਿਆ ਗਿਆ ਹੈ।
ਸਾਥੀਆਂ ਵੱਲੋਂ ਇਹ ਜ਼ਰੂਰ ਹੀ ਨੋਟ ਕੀਤਾ ਗਿਆ ਹੋਵੇਗਾ ਕਿ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੁਣ ਕਿਸਾਨ ਘੋਲਾਂ ਦਾ ਫੁਟਾਰਾ ਹੋ ਰਿਹਾ ਹੈ ਜਾਂ ਹੋਣ ਜਾ ਰਿਹਾ ਹੈ। ਮਜ਼ਦੂਰ ਜਮਾਤ ਦੇ ਮੂਹਰੈਲ ਦਸਤੇ ਦੇ ਅੰਗ ਹੋਣ ਕਰਕੇ ਸਾਡਾ ਇਹ ਲਾਜ਼ਮੀ ਫਰਜ਼ ਬਣਦਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਸਾਨੂੰ ਇਹਨਾਂ ਘੋਲਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ ਅਤੇ ਇਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਇਸ ਨਿਸ਼ਾਨੇ ਨੂੰ ਮੂਹਰੇ ਰੱਖਦਿਆਂ, ਮੁਲਕ ਦੇ ਵੱਖ ਵੱਖ ਹਿੱਸਿਆਂ ਅਤੇ ਵੱਖ ਵੱਖ ਜਨਤਕ ਮੁਹਾਜ਼ਾਂ 'ਤੇ ਕੰਮ ਕਰਦੇ ਪਾਰਟੀ ਅੰਦਰਲੇ ਅਤੇ ਬਾਹਰਲੇ ਇਨਕਲਾਬੀ ਕਾਰਕੁੰਨਾਂ ਨੂੰ ਆਪਣੀਆਂ ਸਰਗਰਮੀਆਂ ਦਾ ਤਾਲਮੇਲ ਬਿਠਾਉਂਦਿਆਂ, ਆਪਣੀਆਂ ਤਾਕਤਾਂ ਨੂੰ ਇੱਕਜੁੱਟ ਕਰਨਾ ਚਾਹੀਦਾ ਹੈ, ਤਾਂ ਕਿ ਮਾਰਕਸਵਾਦ-ਲੈਨਿਵਾਦ-ਮਾਓ-ਜ਼ੇ-ਤੁੰਗ ਵਿਚਾਰਧਾਰਾ ਦੀ ਅਗਵਾਈ ਹੇਠ ਇੱਕ ਇਨਕਲਾਬੀ ਪਾਰਟੀ ਦੀ ਉਸਾਰੀ ਕੀਤੀ ਜਾ ਸਕੇ। ਮਦੁਰਾਇ ਵਿਖੇ ਅੰਤਿਮ ਅਤੇ ਫੈਸਲਾਕੁੰਨ ਰੂਪ ਵਿੱਚ ਸਾਹਮਣੇ ਆਏ ਵਿਸ਼ਵਾਸ਼ਘਾਤ ਤੋਂ ਬਾਅਦ ਹਾਲਤ ਇੰਤਜ਼ਾਰ ਕਰਨ ਦੀ ਆਗਿਆ ਨਹੀਂ ਦਿੰਦੀ। ਇਸ ਕਰਕੇ, ਅੱਜ ਆਪਸੀ ਤਾਲਮੇਲ ਬਿਠਾਉਣਾ ਸਿਰ ਕੂਕਦੀ ਲੋੜ ਹੈ।s
sਇਸ ਲਈ, ਉੱਪਰ ਜ਼ਿਕਰ ਅਧੀਨ ਲੀਹ ਦੀ ਰੌਸ਼ਨੀ ਵਿੱਚ ਸੋਚਦੇ ਅਤੇ ਜੂਝਦੇ ਰਹੇ ਸਾਥੀਆਂ ਵੱਲੋਂ ਕਲਕੱਤਾ ਵਿੱਚ ਮੀਟਿੰਗ ਕਰਦਿਆਂ, ਕੁੱਲ ਹਿੰਦ ਤਾਲਮੇਲ ਕਮੇਟੀ ਬਣਾਉਣ ਦਾ ਨਿਰਣਾ ਕੀਤਾ ਗਿਆ ਹੈ। ਇਸ ਕਮੇਟੀ ਤਰਫੋਂ ਅਸੀਂ ਐਲਾਨ ਕਰਦੇ ਹਾਂ ਕਿ ਸਾਡੇ ਮੁੱਖ ਕਾਰਜ ਹੇਠ ਲਿਖੇ ਅਨੁਸਾਰ ਹੋਣਗੇ:
1. ਸਾਰੇ ਪੱਧਰਾਂ 'ਤੇ ਖਾੜਕੂ ਅਤੇ ਇਨਕਲਾਬੀ ਸੰਘਰਸ਼ਾਂ, ਵਿਸ਼ੇਸ਼ ਕਰਕੇ ਮਜ਼ਦੂਰ ਜਮਾਤ ਦੀ ਅਗਵਾਈ ਹੇਠ ਨਕਸਲਬਾੜੀ ਕਿਸਮ ਦੇ ਕਿਸਾਨ ਘੋਲਾਂ ਨੂੰ ਵਿਕਸਤ ਕਰਨਾ ਅਤੇ ਇਹਨਾਂ ਦਾ ਤਾਲਮੇਲ ਬਿਠਾਉਣਾ।
2. ਮਜ਼ਦੂਰ ਜਮਾਤ ਅਤੇ ਹੋਰਨਾਂ ਕਮਾਊ ਲੋਕਾਂ ਦੀਆਂ ਖਾੜਕੂ ਅਤੇ ਇਨਕਲਾਬੀ ਜੱਦੋਜਹਿਦਾਂ ਦਾ ਵਿਕਾਸ ਕਰਨਾ ਤਾਂ ਕਿ ਆਰਥਿਕਵਾਦ ਖਿਲਾਫ ਲੜਿਆ ਜਾ ਸਕੇ ਅਤੇ ਇਹਨਾਂ ਜੱਦੋਜਹਿਦਾਂ ਨੂੰ ਜ਼ਰੱਈ ਇਨਕਲਾਬ ਵੱਲ ਸੇਧਤ ਕੀਤਾ ਜਾ ਸਕੇ।
3. ਮੌਜੂਦਾ ਯੁੱਗ ਦਾ ਮਾਰਕਸਵਾਦ-ਲੈਨਿਨਵਾਦ ਬਣਦੀ ਮਾਓ-ਜ਼ੇ-ਤੁੰਗ ਵਿਚਾਰਧਾਰਾ ਨੂੰ ਹਰਮਨਪਿਆਰਾ ਬਣਾਉਣਾ ਅਤੇ ਸੋਧਵਾਦ ਤੇ ਨਵ-ਸੋਧਵਾਦ ਖਿਲਾਫ ਸਮਝੌਤੇ-ਰਹਿਤ ਜੱਦੋਜਹਿਦ ਚਲਾਉਣਾ; ਇਸ ਆਧਾਰ 'ਤੇ ਪਾਰਟੀ ਵਿਚਲੇ ਅਤੇ ਬਾਹਰਲੇ ਇਨਕਲਾਬੀ ਕਾਰਕੁੰਨਾਂ ਨੂੰ ਇੱਕਜੁੱਟ ਕਰਨਾ।
4. ਮਾਓ-ਜ਼ੇ-ਤੁੰਗ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਭਾਰਤ ਦੀ ਹਾਲਤ ਦੇ ਕੀਤੇ ਠੋਸ ਵਿਸ਼ਲੇਸ਼ਣ ਦੇ ਆਧਾਰ 'ਤੇ ਇਨਕਲਾਬੀ ਪ੍ਰੋਗਰਾਮ ਅਤੇ ਦਾਅਪੇਚਕ ਲੀਹ ਗੁਰਬੰਦ ਕਰਨ ਦੀਆਂ ਤਿਆਰੀਆਂ ਵਿੱਢਣੀਆਂ।
ਨਕਸਲਬਾੜੀ ਵੱਲੋਂ ਜਿੱਥੇ ਭਾਰਤ ਦੇ ਲੋਕ ਜਮਹੂਰੀ ਇਨਕਲਾਬ ਦਾ ਰਾਹ ਰੌਸ਼ਨ ਕੀਤਾ ਗਿਆ ਹੈ, ਉੱਥੇ ਇਸ ਮੌਕੇ ਪਾਰਟੀ 'ਤੇ ਕਾਬਜ਼ ਨਵ-ਸੋਧਵਾਦੀਆਂ ਦੇ ਚਿਹਰੇ 'ਤੇ ਚਾੜ•ੇ ਨਕਾਬ ਨੂੰ ਵੀ ਭਰਿਆੜ ਕਰ ਦਿੱਤਾ ਗਿਆ ਹੈ। ਹੁਣ ਹਰਕਤ ਵਿੱਚ ਆਉਣ ਦਾ ਸਮਾਂ ਹੈ ਅਤੇ ਫੌਰੀ ਕਮਰਕੱਸੇ ਕਰਨ ਲਈ ਜੁੱਟ ਜਾਣਾ ਚਾਹੀਦਾ ਹੈ। ਆਓ— ਅਸੀਂ ਇੱਕ ਹਕੀਕੀ ਇਨਕਲਾਬੀ ਪਾਰਟੀ ਦੀ ਉਸਾਰੀ ਲਈ ਜੁਟ ਜਾਈਏ। ਸਾਡੇ ਮੋਢਿਆਂ 'ਤੇ ਇੱਕ ਮਹਾਨ ਜਿੰਮੇਵਾਰੀ ਹੈ। ਸਾਨੂੰ ਸੱਚੇ-ਸੁੱਚੇ ਇਨਕਲਾਬੀਆਂ ਵਾਂਗ ਇਸ ਜਿੰਮੇਵਾਰੀ ਨੂੰ ਚੁੱਕਦਿਆਂ, ਆਪਣੇ ਆਪ ਨੂੰ ਸਾਥੀ ਮਾਓ-ਜ਼ੇ-ਤੁੰਗ ਦੇ ਖਰੇ ਚੇਲੇ ਹੋਣ ਦੇ ਤਕਾਜ਼ਿਆਂ 'ਤੇ ਪੂਰਾ ਉੱਤਰਨਾ ਚਾਹੀਦਾ ਹੈ।
ਅਸੀਂ ਅਜੇ ਵੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਿੱਚ ਬੈਠੇ ਇਨਕਲਾਬੀ ਸਾਥੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹਨਾਂ ਨੂੰ ਨਵ-ਸੋਧਵਾਦੀ ਆਗੂ ਜੁੰਡਲੀ ਅਤੇ ਉਸਦੀ ਸਿਆਸਤ ਨੂੰ ਸ਼ਰੇਆਮ ਰੱਦ ਕਰਨਾ ਚਾਹੀਦਾ ਹੈ ਅਤੇ ਸਾਡੇ ਨਾਲ ਇੱਕਮਿੱਕ ਹੁੰਦਿਆਂ, ਮੁਲਕ ਅੰਦਰ ਸਾਡੇ ਵੱਲੋਂ ਇੱਕ ਖਰੀ ਕਮਿਊਨਿਸਟ ਪਾਰਟੀ ਦੀ ਉਸਾਰੀ ਲਈ ਮਾਰੇ ਜਾ ਰਹੇ ਹੰਭਲੇ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ। (ਅਨੁਵਾਦ- ਲਿਬਰੇਸ਼ਨ ਐਨਥਾਲੋਜੀ, ਗ੍ਰੰਥ-1 'ਚੋਂ. ਸੰਪਾਦਕ: ਸੁਨੀਤੀ ਕੁਮਾਰ ਘੋਸ਼)

No comments:

Post a Comment