Saturday, 28 April 2018

ਪੋਚਾ ਫੇਰ ਮੁਹਿੰਮ ਬਠਿੰਡਾ ਤੋਂ ਸ਼ੁਰੂ ਹੋ ਕੇ ਪਟਿਆਲਾ ਅੱਪੜੀ


ਪੋਚਾ ਫੇਰ ਮੁਹਿੰਮ ਬਠਿੰਡਾ ਤੋਂ ਸ਼ੁਰੂ ਹੋ ਕੇ ਪਟਿਆਲਾ ਅੱਪੜੀ

ਮਾਂ ਬੋਲੀ ਸਤਿਕਾਰ ਕਮੇਟੀ ਨੇ 1 ਅਪਰੈਲ ਨੂੰ ਬਠਿੰਡਾ-ਪਟਿਆਲਾ ਕੌਮੀ ਸ਼ਾਹਰਾਹ ਦੇ ਤਕਰੀਬਨ ਸੈਂਕੜੇ ਸਾਈਨ ਬੋਰਡਾਂ 'ਤੇ ਕਾਲਾ ਪੋਚਾ ਫੇਰ ਦਿੱਤਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਈਨ ਬੋਰਡਾਂ 'ਤੇ ਬੀਤੀ ਰਾਤ ਕਾਲਾ ਪੋਚਾ ਫੇਰ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਲੱਖਾ ਸਧਾਣਾ, ਦਲ ਖ਼ਾਲਸਾ ਦੇ ਬਾਬਾ ਹਰਦੀਪ ਮਹਿਰਾਜ, ਬੀਕੇਯੂ (ਕ੍ਰਾਂਤੀਕਾਰੀ) ਦੇ ਸੁਰਜੀਤ ਫੂਲ ਅਤੇ ਅਕਾਲੀ ਦਲ (ਅੰਮ੍ਰਿਤਸਰ) ਰਜਿੰਦਰ ਸਿੰਘ ਫ਼ਤਿਹਗੜਛੰਨਾ ਆਦਿ ਨੇ ਇਸ ਮੁਹਿੰਮ ਦੀ ਅਗਵਾਈ ਕੀਤੀ। ਮਾਂ ਬੋਲੀ ਸਤਿਕਾਰ ਕਮੇਟੀ ਦੇ ਕਾਫ਼ਲੇ ਵਿੱਚ 300 ਤੋਂ ਜ਼ਿਆਦਾ ਕਾਰਕੁਨ ਸ਼ਾਮਲ ਸਨ, ਜਿਨਾਂ ਅੱਜ ਪਿੰਡ ਮਹਿਰਾਜ ਦੇ ਗੁਰੂ ਘਰ ਤੋਂ ਰਵਾਨਗੀ ਕੀਤੀ। ਇਸ ਤੋਂ ਪਹਿਲਾਂ ਲੰਘੀ ਰਾਤ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ, ਆਮਦਨ ਕਰ ਵਿਭਾਗ, ਡਾਕਘਰ ਅਤੇ ਮੈਕਸ ਹਸਪਤਾਲ ਦੇ ਸਾਈਨ ਬੋਰਡਾਂ 'ਤੇ ਕਾਲਾ ਪੋਚਾ ਫੇਰਿਆ ਗਿਆ। ਕਮੇਟੀ ਆਗੂ ਲੱਖਾ ਸਧਾਣਾ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਕਮੇਟੀ ਤਰਫ਼ੋਂ ਹਰ ਜ਼ਿਲ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬੀ ਭਾਸ਼ਾ ਲਾਗੂ ਕਰਾਉਣ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ। ਕੌਮੀ ਹਾਈਵੇਅ ਅਥਾਰਿਟੀ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਪ੍ਰੰਤੂ ਸਰਕਾਰ ਨੇ ਮਾਂ ਬੋਲੀ ਦੇ ਸਤਿਕਾਰ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਰਕੇ ਅੱਜ ਸਤਿਕਾਰ ਕਮੇਟੀ ਨੂੰ ਇਹ ਮੁਹਿੰਮ ਵਿੱਢਣੀ ਪਈ ਹੈ। ਉਨਾਂ ਦੱਸਿਆ ਕਿ ਇਹ ਮੁਹਿੰਮ ਪੂਰੇ 15 ਦਿਨ ਚੱਲੇਗੀ ਅਤੇ ਹਰ ਅੰਗਰੇਜ਼ੀ ਤੇ ਹਿੰਦੀ ਵਾਲੇ ਸਾਈਨ ਬੋਰਡ 'ਤੇ ਪੋਚਾ ਫੇਰਿਆ ਜਾਵੇਗਾ।

No comments:

Post a Comment