ਵਿਕਾਊ ਮੀਡੀਆ:
ਅਖੌਤੀ ਜਮਹੂਰੀਅਤ ਦਾ ਚੌਥਾ ਥੰਮ• ਵੀ ਢੇਰੀ—ਵਸ਼ਿਸ਼ਟ
ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਦਾਅਵੇਦਾਰ ਭਾਰਤੀ ਜਮਹੂਰੀਅਤ ਦਾ ਨਿਆਂਪਾਲਿਕਾ ਤੋਂ ਬਾਅਦ ਚੌਥਾ ਥੰਮ• (ਮੀਡੀਆ) ਵੀ ਹਕੂਮਤ ਮੂਹਰੇ ਢੇਰੀ ਹੋ ਗਿਆ ਹੈ। ਪਿਛਲੇ ਕਈਆ ਸਾਲਾਂ ਤੋਂ ਬੁੱਧੀਜੀਵੀ ਰਾਜਨੀਤਕ, ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨ ਤੇ ਮੀਡੀਆ 'ਤੇ ਨੇੜਿਉਂ ਨਜ਼ਰ ਰੱਖਣ ਵਾਲੇ ਲੋਕ ਇਹ ਕਹਿੰਦੇ ਆ ਰਹੇ ਸਨ ਕਿ ਭਾਰਤੀ ''ਮੁੱਖ ਧਾਰਾ'' ਵਾਲੇ ਮੀਡੀਏ ਦਾ ਇੱਕ ਹਿੱਸਾ ਵਿਕ ਚੁੱਕਾ ਹੈ, ਉਹ ਪੈਸੇ ਲੈ ਕੇ ਅਤੇ ਹੋਰ ਲਾਭਾਂ ਖਾਤਰ ਫਰਜੀ ਖਬਰਾਂ, ਮਨਘੜਤ ਕਹਾਣੀਆਂ ਪ੍ਰੋਸਣ ਤੇ ਤੱਥਾਂ ਨਾਲ ਭੰਨਤੋੜ ਕਰਕੇ ਦੇਸ਼ ਅਤੇ ਸਮਾਜ ਦੇ ਸਾਹਮਣੇ ਦੇਸ਼ ਦੀ ਅਸਲੀ ਤਸਵੀਰ ਦੀ ਥਾਂ ਨਕਲੀ ਤਸਵੀਰ ਪੇਸ਼ ਕਰਨ ਵਿੱਚ ਲੱਗਾ ਹੋਇਆ ਹੈ। ਇਹ ਸਚਾਈ ਵੀ ਚਿੱਟੇ ਦਿਨ ਵਾਂਗ ਸਾਫ ਦਿਸ ਰਹੀ ਸੀ ਕਿ ਮੋਦੀ ਹਕੂਮਤ ਦੇ ਕੇਂਦਰੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਇਹ ਮੀਡੀਆ ਕੇਂਦਰੀ ਸਰਕਾਰ ਅਤੇ ਹਿੰਦੂਤਵੀ ਵਿਚਾਰਧਾਰਾ ਦੀ ਰਖੇਲ ਦਾ ਰੋਲ ਅਖਤਿਆਰ ਕਰ ਚੁੱਕਾ ਹੈ ਤੇ ਦੇਸ਼ ਅਤੇ ਸਮਾਜ ਨੂੰ ਉਹ ਕੁੱਝ ਹੀ ਦਿਖਾ ਰਿਹਾ ਹੈ ਜੋ ਹਾਕਮ ਚਾਹੁੰਦੇ ਹਨ ਤੇ ਦੇਸ਼ ਤੇ ਲੋਕਾਂ ਦੀਆਂ ਹਕੀਕੀ ਸਮੱਸਿਆਵਾਂ ਪ੍ਰਤੀ ਇਸ ਨੇ ਭੈਂਗਾਪਣ ਅਪਣਾ ਰੱਖਿਆ ਹੈ।
ਕੋਬਰਾ ਪੋਸਟ ਦਾ ਸਟਿੰਗ ਅਪ੍ਰੇਸ਼ਨ
ਆਪਣੀ ਖੋਜੀ ਪੱਤਰਕਾਰਿਤਾ ਅਤੇ ਸਟਿੰਗ ਅਪਰੇਸ਼ਨਾਂ ਦੀ ਮੁਹਾਰਤ ਕਰਕੇ ਜਾਣੀ ਜਾਂਦੀ ਸੰਸਥਾ ''ਕੋਬਰਾ ਪੋਸਟ'' (ਜਿਸਦੀ ਸ਼ੁਰੂਆਤ 2003 ਵਿੱਚ ਅਨਰੁੱਧ ਬਹਾਲ ਵੱਲੋਂ ਕੀਤੀ ਗਈ ਸੀ, ਜਦੋਂ ਉਹ ਮਸ਼ਹੂਰ ਖੋਜੀ ਪੱਤਰਿਕਾ ''ਤਹਿਲਕਾ'' ਦਾ ਸਹਿਭਾਗੀ ਸੰਸਥਾਪਕ ਸੀ) ਨੇ 26 ਮਾਰਚ ਨੂੰ ਆਪਣੀ ਇੱਕ ਵੀਡੀਓ ਨੂੰ ਸਮਾਜਿਕ ਕਾਰਕੁੰਨਾ ਦੇ ਭਰਵੇਂ ਇਕੱਠ ਵਿੱਚ ਚਲਾ ਕੇ ਵਿਖਾਇਆ ਹੈ, ਜਿਸ ਵਿੱਚ ਨਾਮਵਰ ਮੀਡੀਆ ਘਰਾਣਿਆਂ ਦੇ ਮਾਲਕ ਤੇ ਸੰਚਾਲਕ ਪੈਸੇ ਬਦਲੇ ਹਰ ਤਰ•ਾਂ ਦੀਆਂ ਖਬਰਾਂ, ਇਸ਼ਤਿਹਾਰ ਤੇ ਪ੍ਰਚਾਰ ਮੁਹਿੰਮ ਚਲਾਉਣ ਲਈ ਲਾਲ਼ਾਂ ਸੁੱਟਦੇ ਦਿਸ ਰਹੇ ਹਨ। ਕੋਬਰਾ ਪੋਸਟ ਨੇ ਆਪਣੇ ਇਸ ਅਪ੍ਰੇਸ਼ਨ ਦਾ ਨਾਂ ਅਪਰੇਸ਼ਨ 136 ਰੱਖਿਆ ਹੈ।
ਪੈਰਿਸ ਸਥਿਤ ਮੀਡੀਆ ਸੁਤੰਤਰਤਾ ਅਤੇ ਵਿਚਾਰਾਂ ਦੀ ਆਜ਼ਾਦੀ ਪ੍ਰਗਟਾਉਣ ਦਾ ਅਧਿਐਨ ਕਰਨ ਵਾਲੀ ਸੰਸਥਾ ''ਰਿਪੋਰਟਜ਼ ਸੈਨਜ਼ ਫਰੰਟੀਅਰਜ਼'' ਨੇ ਭਾਰਤ ਨੂੰ ਆਪਣੀ 2017 ਦੀ ਜਾਰੀ ਸੂਚੀ ਵਿੱਚ 136 ਨੰਬਰ 'ਤੇ ਰੱਖਿਆ ਸੀ। ਇਹ ਸੰਸਥਾ ਸੰਯੁਕਤ ਰਾਸ਼ਟਰ ਸੰਘ ਦੀ ਸਲਾਹਕਾਰ ਹੈਸੀਅਤ ਵਾਲੀ ਤੇ ਵੱਖ ਵੱਖ ਦੇਸ਼ਾਂ ਤੋਂ 18 ਪੱਤਰਕਾਰਿਤਾ ਜਥੇਬੰਦੀਆਂ 'ਤੇ ਆਧਾਰਤ ਹੈ।
ਕੋਬਰਾ ਪੋਸਟ ਦੇ ਪੱਤਰਕਾਰ ਪੁਸ਼ਪ ਸ਼ਰਮਾ ਨੇ ਚਿੱਟਾ ਕੁੜਤਾ-ਧੋਤੀ ਪਹਿਨ ਕੇ ਸਿਰ 'ਤੇ ਭਗਵਾਂ ਦੁਪੱਟਾ ਜਿਸ 'ਤੇ ਰਾਧੇ ਰਾਧੇ ਉੱਕਰਿਆ ਹੋਇਆ ਸੀ, ਪਹਿਨ ਕੇ ਹਿੰਦੂ ਪ੍ਰਚਾਰਕ ਦਾ ਰੂਪ ਧਾਰਨ ਕੀਤਾ ਤੇ ਆਪਣੇ ਆਪ ਨੂੰ ਉਜੈਨ ਸਥਿਤ ਇੱਕ ਉਰਜ਼ੀ ਸ੍ਰੀਮੱਦ ਭਾਗਵਤ ਗੀਤਾ ਪ੍ਰਚਾਰ ਸਮਿਤੀ ਦਾ ਪ੍ਰਤੀਨਿੱਧ ਦੱਸ ਕੇ ਭਾਰਤੀ ਖਾਸ ਕਰਕੇ ਉੱਤਰੀ ਭਾਰਤ ਦੇ 36 ਦੇ ਕਰੀਬ ਮੀਡੀਆ ਅਦਾਰਿਆਂ ਦੇ ਮਾਲਕਾਂ, ਸੰਚਾਲਕਾਂ ਅਤੇ ਜਿੰਮੇਵਾਰ ਅਧਿਕਾਰੀਆਂ ਨੂੰ ਮਿਲਿਆ। ਗੁਪਤ ਕੈਮਰਿਆਂ ਨਾਲ ਕੀਤੇ ਸਟਿੰਗ ਅਪ੍ਰੇਸ਼ਨ ਵਿੱਚ ਉਸਨੇ ਉਹਨਾਂ ਅੱਗੇ ਏਜੰਡਾ ਰੱਖਿਆ ਕਿ ਸਾਡੀ ਸੰਸਥਾ ਭਾਵ ਸ੍ਰੀਮੱਦ ਭਾਗਵਤ ਗੀਤਾ ਪ੍ਰਚਾਰ ਸਮਿਤੀ ਉਜੈਨ ਭਾਰਤ ਵਿੱਚ ਦੁਬਾਰਾ ਮੌਜੂਦਾ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਗੁਪਤ ਲਾਮਬੰਦੀ ਕਰ ਰਹੀ ਹੈ। ਜੇਕਰ ਉਹ ਸਾਡੀ ਵਿਉਂਤ ਮੁਤਾਬਕ ਕੰਮ ਕਰਨ ਲਈ ਰਾਜੀ ਹਨ ਤਾਂ ਸੰਸਥਾ ਉਹਨਾਂ ਨੂੰ 5 ਕਰੋੜ ਤੋਂ 50 ਕਰੋੜ ਰੁਪਏ ਮੁਹੱਈਆ ਕਰਵਾਉਣ ਲਈ ਤਿਆਰ ਹੈ। ਉਸ ਮੁਤਾਬਕ ਸਾਡੀ ਸੰਸਥਾ ਨੇ ਸਿਰਫ ਕਰਨਾਟਕ ਚੋਣਾਂ ਲਈ 670 ਕਰੋੜ ਰੁਪਏ ਰੱਖੇ ਹਨ। ਉਸ ਮੁਤਾਬਕ ਪਿਛਲੀਆਂ ਆਮ ਚੋਣਾਂ ਵਿੱਚ ਅਸੀਂ 7000 ਕਰੋੜ ਰੁਪਏ ਖਰਚੇ ਸਨ ਅਤੇ ਆਉਂਦੀਆਂ 2019 ਦੀਆਂ ਚੋਣਾਂ ਵਿੱਚ ਭਾਰੀ ਰਕਮ ਆਉਣ ਵਾਲੀ ਹੈ। ਮੀਡੀਆ ਅਦਾਰਿਆਂ ਅੱਗੇ ਰੱਖੀਆਂ ਸ਼ਰਤਾਂ ਸਨ:
1. ਪਹਿਲੇ ਤਿੰਨ ਮਹੀਨੇ ਵਿੱਚ ਉਹ ਨਰਮ ਹਿੰਦੂਤਵ ਦਾ ਪ੍ਰਚਾਰ ਕਰਨਗੇ ਭਾਵ ਧਾਰਮਿਕ ਪ੍ਰੋਗਰਾਮ, ਗੀਤਾ-ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਨੂੰ ਉਭਾਰਨਾ ਪ੍ਰਚਾਰਨਾ ਤੇ ਹਿੰਦੂ ਤਿਉਹਾਰਾਂ ਤੇ ਪ੍ਰੋਗਰਾਮਾਂ ਰਾਹੀਂ ਹਿੰਦੂਤਵ ਦੇ ਹੱਕ ਵਿੱਚ ਮਾਹੌਲ ਤਿਆਰ ਕਰਨਾ ਹੈ।
2. ਦੂਸਰੇ ਪੜਾਅ ਵਿੱਚ ਵੋਟਰਾਂ ਨੂੰ ਧਾਰਮਿਕ ਫਿਰਕੂ ਲੀਹਾਂ 'ਤੇ ਲਾਮਬੰਦ ਕਰਨ ਵਾਸਤੇ ਹਿੰਦੂਤਵ ਦੇ ਪ੍ਰਚਾਰਕਾਂ ਵਿਨੈ ਕਟਿਆਰ ਅਤੇ ਓਮਾ ਭਾਰਤੀ, ਮੋਹਨ ਭਾਗਵਤ ਆਦਿ ਦੀਆਂ ਤਕਰੀਰਾਂ/ਭਾਸ਼ਣਾਂ ਨੂੰ ਉਭਾਰ ਕੇ ਪੇਸ਼ ਕਰਨਾ ਹੈ। ਫਿਰਕੂ ਆਧਾਰ 'ਤੇ ਵੋਟਰਾਂ ਦੀ ਪਾਲਾਬੰਦੀ ਦਾ ਮਾਹੌਲ ਸਿਰਜਨਾ ਹੈ।
3. ਜਿਉਂ ਹੀ ਚੋਣਾਂ ਨੇੜੇ ਆਉਂਦੀਆਂ ਹਨ ਵਿਰੋਧੀ ਪਾਰਟੀਆਂ ਦੇ ਨੇਤਾਵਾਂ 'ਤੇ ਹਮਲਾ ਬੋਲਣਾ ਹੈ, ਰਾਹੁਲ ਗਾਂਧੀ ਨੂੰ ਪੱਪੂ, ਮਾਇਆਵਤੀ ਨੂੰ ਬੂਆ, ਅਖਿਲੇਸ਼ ਯਾਦਵ ਨੂੰ ਬਬੂਆ ਆਦਿ ਨਾਂ ਨਾਲ ਸੰਬੋਧਨ ਕਰਕੇ ਜਨਤਾ ਵਿੱਚ ਹੌਲੀ ਅਤੇ ਗੈਰ-ਗੰਭੀਰ ਸਖਸ਼ੀਅਤਾਂ ਵਜੋਂ ਪੇਸ਼ ਕਰਨਾ ਹੈ ਤਾਂ ਕਿ ਵੋਟਰ ਉਹਨਾਂ ਨੂੰ ਗੰਭੀਰਤਾ ਨਾਲ ਨਾ ਲੈਣ ਅਤੇ ਵੋਟਰਾਂ ਨੂੰ ਆਪਣੇ ਪੱਖ ਵੱਲ ਖਿੱਚਿਆ ਜਾ ਸਕੇ। ਨਾਲ ਹੀ ਭਾਜਪਾ ਆਗੂਆਂ ਨੂੰ ਨਿਖਾਰ-ਸ਼ਿੰਗਾਰ ਕੇ ਪੇਸ਼ ਕਰਨਾ ਹੈ। ਵਿਰੋਧੀ ਆਗੂਆਂ ਦੀ ਕਿਰਦਾਰਕੁਸ਼ੀ ਕਰਨੀ ਹੈ।
ਇਹ ਸ਼ਰਤ ਵੀ ਨਾਲ ਹੀ ਸੀ ਕਿ ਉਹ ਆਪਣੇ ਸਾਰੇ ਪਲੇਟਫਾਰਮਾਂ ਯਾਨੀ ਅਖਬਾਰਾਂ, ਬਿਜਲਈ, ਸੋਸ਼ਲ ਮੀਡੀਆ, ਫੇਸਬੁੱਕ ਟਵਿੱਟਰ, ਈ-ਨਿਊਜ਼ ਵੈੱਬਸਾਈਟਾਂ ਆਦਿ 'ਤੇ ਵੀ ਇਹ ਪ੍ਰਚਾਰ ਮੁਹਿੰਮ ਚਲਾਉਣਗੇ।
ਕੋਬਰਾ ਪੋਸਟ ਮੁਤਾਬਕ ਸਾਰੇ ਦੇ ਸਾਰੇ ਮੀਡੀਆ ਅਦਾਰਿਆਂ ਨੇ ਇਸ ਨੂੰ ਨਾ ਸਿਰਫ ਸਵੀਕਾਰ ਕਰ ਲਿਆ ਸਗੋਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸੁਝਾਅ ਵੀ ਦਿੱਤੇ। ਅਚਾਰੀਆ ਛਤਰਪਾਲ ਅਟੱਲ (ਪੁਸ਼ਪ ਸ਼ਰਮਾ) ਵੱਖ ਵੱਖ ਮੌਕਿਆਂ 'ਤੇ ਮੌਕੇ ਮੁਤਾਬਕ ਆਪਣੀ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਪਛਾਣ ਕਰਵਾਉਂਦਾ ਹੈ। ਕਦੀ ਆਪਣੇ ਆਪ ਨੂੰ ਝੁੰਨਝੁੰਨ ਰਾਜਸਥਾਨ ਦੇ ਸਕੂਲੀ ਵਿਦਿਆ ਦੇ ਅਤੇ ਆਈ.ਆਈ.ਟੀ. ਦਿੱਲੀ ਅਤੇ ਆਈ.ਆਈ.ਟੀ. ਬੰਗਲੌਰ ਤੋਂ ਪੜ• ਕੇ ਸਕਾਟਲੈਂਡ ਤੋਂ ਆਪਣੀ ਈ-ਗੇਮ ਕੰਪਨੀ ਚਲਾ ਰਿਹਾ ਦੱਸਦਾ ਹੈ ਅਤੇ ਕਈ ਵਾਰ ਆਪਣੇ ਆਪ ਨੂੰ ਓਮ ਪ੍ਰਕਾਸ਼ ਰਾਜ ਭਰ ਦੀ ਸਮਾਜਵਾਦੀ ਪਾਰਟੀ ਦਾ ਮੱਧ ਪ੍ਰਦੇਸ਼ ਇਕਾਈ ਦਾ ਪ੍ਰਧਾਨ ਅਤੇ ਕਰਨਾਟਕ ਮਹਾਂਰਾਸ਼ਟਰ ਅਤੇ ਦੱਖਣ-ਪੂਰਬ ਦਾ ਪਾਰਟੀ ਮਾਮਲਿਆਂ ਦਾ ਕਰਤਾ ਧਰਤਾ ਦੱਸਦਾ ਹੈ। ਅਸਲ ਵਿੱਚ ਓਮ ਪ੍ਰਕਾਸ਼ ਰਾਜ ਭਰ ਨੇ ਅਚਾਰੀਆ ਅਟੱਲ (ਪੁਸ਼ਪ ਸ਼ਰਮਾ) ਨੂੰ 50000 ਰੁਪਏ ਲੈ ਕੇ ਸੂਬਾ ਪ੍ਰਧਾਨ ਬਣਾਇਆ ਜੋ ਉਸਨੇ ਕੈਮਰੇ ਸਾਹਮਣੇ ਸਵੀਕਾਰ ਕਰ ਲਏ ਅਤੇ ਇਹ ਵੀ ਕਬੂਲ ਕੀਤਾ ਕਿ ਕਿਵੇਂ ਭਾਜਪਾ ਦੀ ਯੋਗੀ ਸਰਕਾਰ ਦੇ ਮੰਤਰੀ ਉਸਦੇ ਦਫਤਰ ਤੋਂ ਆਪਣੀਆਂ ਨਾਪਾਕ ਕਾਰਵਾਈਆਂ ਚਲਾਉਂਦੇ ਹਨ। ਛੱਤੀਸ਼ਗੜ•, ਕਰਨਾਟਕ, ਮੱਧ ਪ੍ਰਦੇਸ, ਰਾਜਸਥਾਨ ਵਿੱਚ ਇਸੇ ਸਾਲ ਚੋਣਾਂ ਹੋਣ ਵਾਲੀਆਂ ਹਨ ਅਤੇ ਅਗਲੇ ਸਾਲ ਆਮ ਚੋਣਾਂ ਅਜਿਹੀ ਹਾਲਤ ਵਿੱਚ ਬੇਸ਼ੁਮਾਰ ਪੈਸੇ ਦਾ ਲਾਲਚ ਮੀਡੀਆ ਅਦਾਰਿਆਂ 'ਤੇ ਇਸ ਕਦਰ ਭਾਰੂ ਹੋਇਆ ਕਿ ਉਹਨਾਂ ਇੱਕ ਵਾਰ ਵੀ ਸਾਹਮਣੇ ਬੈਠੇ ਵਿਅਕਤੀ ਦੇ ਪਿਛੋਕੜ ਤੇ ਕਾਰਵਿਹਾਰ ਬਾਰੇ ਜਾਨਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਸੰਖੇਪ ਵਿੱਚ ਉਹ ਰਾਜੀ ਹੋ ਗਏ ਕਿ ਉਹ ਅਧਿਆਤਮਵਾਦ ਦੇ ਬੁਰਕੇ ਹੇਠ ਹਿੰਦੂਤਵ ਨੂੰ ਧਾਰਮਿਕ ਵਿਖਿਆਨਾਂ ਰਾਹੀਂ ਅੱਗੇ ਵਧਾਉਣਗੇ ਅਤੇ ਫਿਰਕੂ ਆਧਾਰ 'ਤੇ ਵੋਟ ਲਾਮਬੰਦੀ ਕਰਨ ਵਾਲੀ ਸਮੱਗਰੀ ਛਾਪਣਗੇ। ਇਹ ਵੀ ਕਿ ਉਹ ਵਿਰੋਧੀ ਆਗੂਆਂ ਦੀ ਕਿਰਦਾਰਕੁਸ਼ੀ ਲਈ ਚਿੱਕੜ ਉਛਾਲੀ ਕਰਨਗੇ। ਉਹਨਾਂ 'ਚੋਂ ਬਹੁਤੇ ਇਸ ਕੰਮ ਲਈ ਨਕਦ ਪੈਸਾ ਭਾਵ ਕਾਲਾ ਧੰਨ ਲੈਣ ਲਈ ਤਿਆਰ ਦਿਸੇ। ਉਹਨਾਂ ਵਿੱਚੋਂ ਬਹੁਤੇ ਇਸ ਗੱਲ ਲਈ ਰਾਜੀ ਸਨ ਕਿ ਮੌਜੂਦਾ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਪੱਖ ਵਿੱਚ ਕਹਾਣੀਆਂ ਬਣਾਉਣੀਆਂ ਅਤੇ ਆਪਣੇ ਪ੍ਰਕਾਸ਼ਨਾ ਵਿੱਚ ਛਾਪਣ ਦੇ ਨਾਲ ਨਾਲ ਉਹ ਹਿੰਦੂਤਵ ਨੂੰ ਉਗਾਸਾ ਦੇਣ ਦੇ ਮਕਸਦ ਲਈ ਉਹ ਇਸ਼ਤਿਹਾਰੀ ਸੰਪਾਦਕੀਆਂ ਵੀ ਲਾਉਣਗੇ। ਸਾਰਿਆਂ ਨੇ ਸਹਿਮਤੀ ਦਿੱਤੀ ਕਿ ਇਸ ਮਕਸਦ ਲਈ ਉਹ ਆਪਣੇ ਸਾਰੇ ਪਲੇਟਫਾਰਮ ਇੰਟਰਨੈੱਟ 'ਤੇ ਚੱਲਣ ਵਾਲੇ ਅਤੇ ਪ੍ਰਕਾਸ਼ਨ ਰੂਪਾਂ ਦੇ ਨਾਲ ਫੇਸਬੁੱਕ, ਟਵਿੱਟਰ, ਈ-ਪੋਰਟਰ ਆਦਿ ਵਰਤਣਗੇ। ਉਹਨਾਂ ਵਿੱਚੋਂ ਕਈਆਂ ਨੇ ਸਹਿਮਤੀ ਦਿੱਤੀ ਕਿ ਉਹ ਆਪਣਾ ਪ੍ਰਭਾਵ ਵਰਤ ਕੇ ਦੂਜੇ ਮੀਡੀਆ ਅਦਾਰਿਆਂ ਵਿਚਲੇ ਪੱਤਰਕਾਰਾਂ ਦੀ ਮੱਦਦ ਨਾਲ ਸੱਤਾਧਾਰੀ ਪਾਰਟੀ ਦੇ ਹੱਕ ਵਿਚੱ ਰਿਪੋਰਟਾਂ ਕਹਾਣੀਆਂ ਛਪਵਾਉਣ ਦਾ ਪ੍ਰਬੰਧ ਕਰਨਗੇ। ਕਈਆਂ ਨੇ ਹਾਮੀ ਭਰੀ ਕਿ ਉਹ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਦੇ ਆਗੂ ਜਿਵੇਂ ਅਨੁਪ੍ਰੀਆ ਪਟੇਲ, ਓਮ ਪ੍ਰਕਾਸ਼ ਰਾਜ ਭਰ ਅਤੇ ਉਪੰਦੇਰ ਕੁਸ਼ਵਾਹਾ ਨੂੰ ਥਾਂ ਸਿਰ ਰੱਖਣ ਲਈ ਉਹਨਾਂ ਖਿਲਾਫ ਖਬਰਾਂ ਚਲਾਉਣਗੇ। ਉਹਨਾਂ ਵਿੱਚੋਂ ਕਈਆਂ ਨੇ ਸਹਿਮਤੀ ਦਿੱਤੀ ਕਿ ਸਮਾਜਿਕ ਅਤੇ ਜਮਹੂਰੀ ਕਾਰਕੁੰਨਾਂ ਨੂੰ ਬਦਨਾਮ ਕਰਨ ਲਈ ਕਾਨੂੰਨੀ ਭਾਈਚਾਰੇ ਵਿੱਚ ਸਤਿਕਾਰੇ ਜਾਂਦੇ ਵਿਅਕਤੀਆਂ ਜਿਵੇਂ ਪ੍ਰਸ਼ਾਂਤ ਭੂਸ਼ਣ, ਦੁਸਯੰਤਾ ਦਵੇ, ਕਾਮਿਨੀ ਜਾਇਸਵਾਲ ਅਤੇ ਇੰਦਰਾ ਜੈ ਸਿੰਘ ਖਿਲਾਫ ਵੀ ਮਾਹੌਲ ਬਣਾਉਣਗੇ। ਉਹਨਾਂ ਵਿੱਚੋਂ ਕਈਆਂ ਨੇ ਕਿਹਾ ਕਿ ਉਹ ਖੁਦ ਆਰ.ਐਸ.ਐਸ. ਅਤੇ ਹਿੰਦੂਤਵ ਦੇ ਪੱਖੀ ਹਨ ਇਸ ਕਰਕੇ ਉਹਨਾਂ ਨੂੰ ਇਹ ਮੁਹਿੰਮ ਚਲਾ ਕੇ ਖੁਸ਼ੀ ਹੀ ਮਿਲੇਗੀ। ਸਮੁੱਚੇ ਦੇਸ਼ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਾਓਵਾਦੀਆਂ ਦੇ ਰੂਪ ਵਿੱਚ ਪੇਸ਼ ਕਰਨ ਲਈ ਵੀ ਉਹ ਸਹਿਮਤ ਹੋ ਗਏ।
ਹੈਰਾਨੀ ਦੀ ਗੱਲ ਹੈ ਕਿ ਇਹ ਰਿਪੋਰਟ ਜਾਰੀ ਕਰਨ ਤੋਂ ਕੁੱਝ ਦਿਨ ਪਹਿਲਾਂ ਆਚਾਰੀਆ ਅਟੱਲ ਛੱਤਰਪਾਲ (ਪੁਸ਼ਪ ਸ਼ਰਮਾ) ਨੇ ਉਹਨਾਂ ਤੋਂ ਕੁੱਝ ਹੋਰ ਕਰਨ ਦੀ ਮੰਗ ਕੀਤੀ ਤਾਂ ਉਹ ਭਾਜਪਾ ਦੇ ਹੀ ਆਗੂ ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ, ਮੇਨਕਾ ਗਾਂਧੀ, ਉਸਦੇ ਪੁੱਤਰ ਵਰੁਣ ਗਾਂਧੀ, ਮਨੋਜ ਸਿਨਹਾ ਅਤੇ ਜੈਯੰਤ ਸਿਨਹਾ ਜੋ ਹਿੰਦੂਤਵ ਦੇ ਨਾਲ ਡਟ ਕੇ ਨਹੀਂ ਖੜ• ਰਹੇ ਦੇ ਖਿਲਾਫ ਵੀ ਮੁਹਿੰਮ ਚਲਾਉਣ ਲਈ ਸਹਿਮਤ ਹੋ ਗਏ। ਅੰਤ ਵਿੱਚ ਆਚਾਰੀਆ ਨੇ ਨਿਆਂਪਾਲਿਕਾ ਨੂੰ ਅਜਿਹੇ ਰੰਗ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਕਿ ਉਸਦੇ ਫੈਸਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਸੁਆਲ ਖੜ•ੇ ਕਰਨ ਤੇ ਵਿਵਾਦਗ੍ਰਸਤ ਜਾਪਣ। ਧੰਨ ਹੈ ਮੋਦੀ ਮੀਡੀਆ ਕਿ ਉਹ ਇਸ 'ਤੇ ਵੀ ਸਹਿਮਤ ਹੋ ਗਏ।
ਕੋਬਰਾ ਪੋਸਟ ਵੱਲੋ ਕੀਤੇ ਸਟਿੰਗ ਅਪ੍ਰੇਸ਼ਨ ਦਾ ਇਹ ਪਹਿਲਾ ਹਿੱਸਾ ਹੈ ਜੋ ਜਾਰੀ ਕੀਤਾ ਗਿਆ। ਇਸਦਾ ਬਾਕੀ ਹਿੱਸਾ ਬਾਅਦ ਵਿੱਚ ਜਾਰੀ ਕਰਨ ਦੀ ਉਸਨੇ ਯੋਜਨਾ ਬਣਾਈ ਹੈ। ਪਹਿਲੇ ਹਿੱਸੇ ਵਿੱਚ ਦਿਖਾਏ ਵੀਡੀਓ ਵਿੱਚ ਪ੍ਰਮੁੱਖ ਅੰਗਰੇਜ਼ੀ ਅਖਬਾਰ ਡੀ.ਐਨ.ਏ. ਮੁੰਬਈ ਹਿੰਦੂ ਅਖਬਾਰ ਦੈਨਿਕ ਜਾਗਰਣ, ਆਜ, ਸੁਤੰਤਰ ਭਾਰਤ, ਪੰਜਾਬ ਕੇਸਰੀ, ਅਮਰ ਉਜਾਲਾ, ਇੰਡੀਆ ਟੀ.ਵੀ. ਹਿੰਦੀ ਖਬਰ, ਸਬ ਟੀ.ਵੀ., ਸਾਧਨਾ, ਪ੍ਰਾਈਮ ਟਾਈਮ, ਇੰਡੀਆ ਵਾਚ, ਸਮਾਚਾਰ ਪਲੱਸ, ਸਾਈਨ ਐਕਸ ਟਸ਼ਨ, ਐਚ.ਐਨ.ਐਨ. 24x7 ਟੀ.ਵੀ. ਤੋਂ ਇਲਾਵਾ ਯੂ.ਐਨ.ਆਈ. (ਵੱਡੀ ਖਬਰ ਏਜੰਸੀ) ਰੈਡਿਫ ਡਾਟ ਕਾਮ, ਸਕੂਪ ਤੇ ਹੂਪ ਵੈੱਬਸਾਈਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਭਾਵੇਂ ਲੰਮੇ ਸਮੇਂ ਤੋਂ ਇਹ ਤੱਥ ਜੱਗ ਜ਼ਾਹਰ ਸਨ ਕਿ ਮੁੱਖ ਧਾਰਾਈ ਮੀਡੀਆ ਹਾਕਮ ਪਾਰਟੀ ਦੇ ਇਸ਼ਾਰੇ 'ਤੇ ਝੂਠ ਨੂੰ ਸੱਚ ਤੇ ਸੱਚ ਨੂੰ ਝੂਠਾ ਸਾਬਿਤ ਕਰ ਰਿਹਾ ਹੈ ਪਰ ਫਿਰ ਵੀ ਕੋਬਰਾ ਪੋਸਟ ਦਾ ਇਹ ਅਪ੍ਰੇਸ਼ਨ ਮੀਡੀਆ ਅੰਦਰ ਚੱਲ ਰਹੇ ਨਾਪਾਕ ਵਰਤਾਰੇ ਦਾ ਨਕਾਬ ਲਾਹੁਣ ਪੱਖੋਂ ਹੁਣ ਤੱਕ ਦਾ ਸਭ ਤੋਂ ਵੱਡਾ ਉਪਰਾਲਾ ਹੈ। ਪਰ ਹੈਰਾਨੀ ਹੈ ਕਿ ਸਾਰੇ ਮੀਡੀਆ, ਘਰਾਣੇ, ਖੁੱਦ ਆਰ.ਐਸ.ਐਸ. ਜਿਹਨਾਂ ਦਾ ਨਕਾਬ ਲਾਹੁਣ ਦੀ ਕੋਬਰਾ ਪੋਸਟ ਨੇ ਜੁਅਰਤ ਕੀਤੀ ਹੈ, ਇਸ ਮਾਮਲੇ 'ਤੇ ਚੁੱਪ ਹਨ। ਪ੍ਰੈਸ ਕੌਂਸਲ ਆਫ ਇੰਡੀਆ ਅਤੇ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ। ਹੋਰ ਤਾਂ ਹੋਰ ਦਲਿਤਾਂ ਦੇ ਅੱਤਿਆਚਾਰ ਰੋਕੂ ਕਾਨੂੰਨ ਦੇ ਖਿਲਾਫ ਸੰਘਰਸ਼ਸ਼ੀਲ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕ ਦੇ ਖਿਲਾਫ ਫਤਵੇ ਜਾਰੀ ਕਰਨ ਵਾਲੀ ਸੁਪਰੀਮ ਕੋਰਟ ਨੂੰ ਵੀ ਇੰਨੇ ਵੱਡੇ ਵਰਤਾਰੇ ਦਾ ਸਵੈ-ਪ੍ਰੇਰਿਤ (ਸੰਗਿਆਨ) ਨੋਟਿਸ ਲੈਣ ਦਾ ਚੇਤਾ ਨਹੀਂ ਆਇਆ। ਚੁੱਪ ਦਾ ਇਹ ਸਾਰਾ ਵਰਤਾਰਾ ਕੀ ਸਾਬਤ ਕਰਦਾ ਹੈ?
ਮੁੱਖ ਧਾਰਾ ਮੀਡੀਏ ਦੀ ਦਸ਼ਾ ਤੇ ਦਿਸ਼ਾ
2014 ਵਿੱਚ ਭਾਜਪਾ ਦੇ ਕੇਂਦਰੀ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਜਿੱਥੇ ਮੀਡੀਏ ਦਾ ਇੱਕ ਹਿੱਸਾ ਉਸ ਦਾ ਧੂਤੂ ਬਣ ਗਿਆ ਤੇ ਲਗਾਤਾਰ ਉਸਦੇ ਹਰ ਜਾਇਜ਼-ਨਜਾਇਜ਼ ਕੰਮ ਦੀ ਸਿਫਤ-ਸਲਾਹੁਣ ਕਰਨ 'ਤੇ ਉੱਤਰ ਆਇਆ ਉੱਥੇ ਆਪਣੇ ਵਿਚਾਰਾਂ ਅਤੇ ਆਦਰਸ਼ਾਂ 'ਤੇ ਡਟਣ ਵਾਲੇ ਹਿੱਸੇ ਨੂੰ ਬਲ ਤੇ ਛਲ ਨਾਲ ਸਿੱਧਾ ਕਰਨ ਦਾ ਰਾਹ ਸਰਕਾਰ ਵੱਲੋਂ ਅਪਣਾਇਆ ਗਿਆ। ਨਿਰਪੱਖ ਤੇ ਫਰਜ਼-ਸਨਾਸ਼ ਪੱਤਰਕਾਰਾਂ ਨੂੰ ਕਿਰਦਾਰਕੁਸ਼ੀ ਕਰਕੇ, ਝੂਠੇ ਕੇਸ ਮੜ•ਕੇ, ਮਾਓਵਾਦੀਆਂ ਨਾਲ ਸਬੰਧ ਜੋੜ ਕੇ ਤੇ ਦੇਸ਼ ਧਰੋਹੀ ਵਰਗੀਆਂ ਧਾਰਾਵਾਂ ਲਾ ਕੇ ਜੇਲ•ਾਂ ਵਿੱਚ ਸੁੱਟ ਕੇ ਉਹਨਾਂ ਦਾ ਕੈਰੀਅਰ ਅਤੇ ਜੀਵਨ ਬਰਬਾਦ ਕਰਨ ਦੇ ਮਾਮਲੇ ਅਣਗਿਣਤ ਹਨ। ਸੀ.ਬੀ.ਆਈ., ਆਈ.ਟੀ., ਐਨਫੋਰਮਸੈਂਟ ਡਾਇਰੈਕਟੋਰੇਟ ਆਦਿ ਦੀ ਦੁਰਵਰਤੋਂ ਕਰਕੇ, ਐਨ.ਡੀ.ਟੀ.ਵੀ. ਆਦਿ ਵਰਗੇ ਪ੍ਰਮੁੱਖ ਟੀ.ਵੀ. ਚੈਨਲਾਂ ਦਾ ਜਿਵੇਂ ਗਲ਼ਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਨੂੰ ਪਠਾਣਕੋਟ ਹਵਾਈ ਅੱਡੇ 'ਤੇ ਹੋਏ ਹਮਲੇ ਬਾਰੇ ਰਿਪੋਰਟਾਂ ਨਸ਼ਰ ਕਰਨ ਲਈ ਇੱਕ ਦਿਨ ਲਈ ਪ੍ਰਸਾਰਨ ਬੰਦ ਕਰਨ ਦੇ ਫੁਰਮਾਨ ਚਾੜ•ੇ ਗਏ। ਹਾਲਾਂਕਿ ਸਾਰੇ ਟੀ.ਵੀ. ਚੈਨਲਾਂ ਨੇ ਉਹੋ ਹੀ ਰਿਪੋਰਟਾਂ ਨਸ਼ਰ ਕੀਤੀਆਂ ਸਨ। ਜ਼ਿਆਦਾ ਵਿਸਥਾਰ ਵਿੱਚ ਨਾ ਜਾਂਦਿਆਂ ਜੇਕਰ ਪਿਛਲੇ ਛੇ ਮਹੀਨਿਆਂ 'ਤੇ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਘੱਟ ਤੋਂ ਘੱਟ 10 ਪੱਤਰਕਾਰਾਂ ਨੂੰ ਉਹਨਾਂ ਦੇ ਅਹੁਦੇ ਤੋਂ ਜਬਰੀ ਹਟਾਇਆ ਗਿਆ ਜਾਂ ਹਟ ਜਾਣ ਲਈ ਮਜਬੂਰ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਇਹਨਾਂ ਵਿੱਚੋਂ ਬਹੁਤੇ ਅੰਗਰੇਜ਼ੀ ਭਾਸ਼ਾ ਦੇ ਮੰਨੇ-ਪ੍ਰਮੰਨੇ ਪੱਤਰਕਾਰ ਸਨ। ਸਭ ਤੋਂ ਗੰਭੀਰ ਮਾਮਲਾ ਸੰਸਾਰ ਪ੍ਰਸਿੱਧ ਪੱਤ੍ਰਿਕਾ ਇਕਨਾਮਿਕ ਐਂਡ ਪੁਲੀਟੀਕਲ ਵੀਕਲੀ ਦੇ ਮਾਮਲੇ ਵਿੱਚ ਹੋਇਆ। ਇਸਦੇ ਸੰਪਾਦਕ ਪਰੋਜੋਏ ਗੁਹਾ ਠਾਕੁਰਤਾ ਬਹੁਤ ਜਹੀਨ ਅਤੇ ਮੰਨੇ-ਪ੍ਰਮੰਨੇ ਬੁੱਧੀਜੀਵੀ ਹਨ। ਉਸਨੇ ਆਪਣੇ ਇੱਕ ਖੋਜੀ ਲੇਖ ਵਿੱਚ ਪਰਦਾਫਾਸ਼ ਕੀਤਾ ਸੀ ਕਿ ਮੋਦੀ ਸਰਕਾਰ ਨੇ ਅਡਾਨੀ ਗਰੁੱਪ ਦੇ ਗੌਤਮ ਅਡਾਨੀ ਨੂੰ ਅਡਾਨੀ ਪਾਵਰ ਨੂੰ ਕਸਟਮ ਟੈਕਸ ਦੇ 500 ਕਰੋੜ ਰੁਪਏ ਵਾਪਸ ਕੀਤੇ ਹਨ, ਜੋ ਉਸਨੇ ਕਦੇ ਅਦਾ ਹੀ ਨਹੀਂ ਕੀਤੇ ਸਨ। ਅਡਾਨੀ ਗਰੁੱਪ ਵੱਲੋਂ ਪੱਤ੍ਰਿਕਾ 'ਤੇ 100 ਕਰੋੜ ਦਾ ਮੁਕੱਦਮਾ ਕਰਨ ਦਾ ਨੋਟਿਸ ਮਿਲਣ 'ਤੇ ਇਸ ਨੂੰ ਚਲਾਉਣ ਵਾਲਾ ਅਦਾਰਾ ਸਮੀਕਸ਼ਾ ਟਰੱਸਟ ਡਰ ਗਿਆ ਅਤੇ ਠਾਕੁਰਤਾ ਨੂੰ ਆਪਣੀ ਲਿਖਤ ਵਾਪਸ ਲੈਣ ਲਈ ਮਜਬੂਰ ਕਰਨ ਲੱਗਾ। ਜਦੋਂ ਠਾਕੁਰਤਾ ਆਪਣੀ ਲਿਖਤ ਦੀ ਸਚਾਈ 'ਤੇ ਡਟ ਗਏ ਤਾਂ ਸਮੀਕਸ਼ ਟਰੱਸਟ ਦੇ ਟਰੱਸਟੀਆਂ ਨੇ ਮੀਟਿੰਗ ਕਰਕੇ ਉਸ 'ਤੇ ਪਾਬੰਦੀ ਲਾ ਦਿੱਤੀ ਕਿ ਉਹ ਆਪਣੇ ਨਾਂ 'ਤੇ ਬਿਨਾ ਟਰੱਸਟ ਦੀ ਆਗਿਆ ਕੋਈ ਲੇਖ ਨਹੀਂ ਛਾਪੇਗਾ ਅਤੇ ਸਹਾਇਕ ਸੰਪਾਦਕ ਦੇ ਤੌਰ 'ਤੇ ਕੰਮ ਕਰੇਗਾ। ਸਿੱਟੇ ਵਜੋਂ ਠਾਕਰੁਤਾ ਨੂੰ ਅਸਤੀਫਾ ਦੇਣਾ ਪਿਆ। ਤਾਜਾ ਤਰੀਨ ਘਟਨਾਕਰਮ ਵਿੱਚ ਅੰਗਰੇਜ਼ੀ ਅਖਬਾਰ 'ਦਾ ਟ੍ਰਿਬਿਊਨ' ਦੇ ਮੁੱਖ ਸੰਪਾਦਕ ਹਰੀਸ਼ ਖਰੇ ਤੋਂ ਜਬਰੀ ਲਿਆ ਗਿਆ ਅਸਤੀਫਾ ਹੈ। ਇਸ ਦੀ ਵਜਾਹ ਹੈ, ਉਸਦੀ ਆਗਿਆ ਨਾਲ ਪੱਤਰਕਾਰ ਰਚਨਾ ਖਹਿਰਾ ਵੱਲੋਂ ਕੀਤਾ ਖੁਲਾਸਾ ਬਣਿਆ ਕਿ ਵਿਲੱਖਣ ਸ਼ਨਾਖਤ (ਆਧਾਰ ਕਾਰਡ) ਯੋਜਨਾ ਦੇ ਡੈਟੇ (ਅੰਕੜਿਆਂ) ਨੂੰ ਆਸਾਨੀ ਨਾਲ (ਚੰਦ ਪੈਸਿਆਂ ਬਦਲੇ) ਸੰਨ• ਲਾਈ ਜਾ ਸਕਦੀ ਹੈ। ਦੂਸਰਾ ਕਾਰਨ ਉਸ ਵੱਲੋਂ ਪਿਛਲੇ ਸਮੇਂ ਅਕਾਲੀ ਭਾਜਪਾ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਸ਼ਿਆਂ ਦੇ ਵਪਾਰ ਨਾਲ ਸਬੰਧਤ ਵਿਸ਼ੇਸ਼ ਖਬਰਾਂ ਪ੍ਰਕਾਸ਼ਿਤ ਕਰਵਾਉਣਾ ਸੀ। ਮਜੀਠੀਆ ਵਾਲੇ ਮਾਮਲੇ ਵਿੱਚ ਅਖਬਾਰ ਨੂੰ ਪਹਿਲੇ ਪੰਨੇ 'ਤੇ ਮੁਆਫੀਨਾਮਾ ਛਾਪਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਆਧਾਰ ਮਾਮਲੇ 'ਤੇ ਅਖਬਾਰ ਤੇ ਪੱਤਰਕਾਰ 'ਤੇ ਐਫ.ਆਈ.ਆਰ. ਦਰਜ਼ ਕੀਤੀਆਂ ਗਈਆਂ। ਇਹਨਾਂ ਦੋਵਾਂ ਮਾਮਲਿਆਂ ਨੇ ਇਹ ਭਰਮ ਵੀ ਦੂਰ ਕਰ ਦਿੱਤਾ ਕਿ ਨਿੱਜੀ ਮਾਲਕੀ ਵਾਲੀਆਂ ਅਖਬਾਰਾਂ ਦੀ ਬਜਾਇ ਟਰੱਸਟਾਂ ਵੱਲੋਂ ਚਲਾਏ ਜਾਂਦੇ ਪ੍ਰਕਾਸ਼ਨ ਬਹੁਤਾ ਦਬਾਅ ਨਹੀਂ ਮੰਨਦੇ। ਪ੍ਰਸਿੱਧ ਅੰਗਰੇਜ਼ੀ ਅਖਬਾਰ ਹਿੰਦੋਸਤਾਨ ਟਾਈਮਜ਼ ਨੇ ਆਪਣੇ ਸੰਪਾਦਕ ਬੋਬੀ ਘੋਸ਼ ਨੂੰ ਇਸ ਕਰਕੇ ਅਹੁਦਾ ਤੋਂ ਹਟਾ ਦਿੱਤਾ ਕਿਉਂਕਿ ਉਹ ਗਊ ਹੱਤਿਆ ਦੇ ਨਾਂ 'ਤੇ ਸੰਘੀ ਲਾਣੇ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀਆਂ ਖਬਰਾਂ ਨਿੱਡਰ ਹੋ ਕੇ ਛਪਵਾ ਰਿਹਾ ਸੀ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਆਇਆ। ਉਸਨੇ ਅਖਬਾਰ ਦੀ ਚੇਅਰਪਰਸਨ ਤੇ ਸੰਪਾਦਕੀ ਨਿਰਦੇਸ਼ਕ ਸ਼ੋਭਨਾ ਭਾਰਤੀਆ ਵੱਲੋਂ ਤੁਰੰਤ ਸੰਪਾਦਕ ਬੋਬੀ ਘੋਸ਼ ਦੀ ਛੁੱਟੀ ਕਰਾ ਦਿੱਤੀ ਗਈ। ਮੋਦੀ ਸਰਕਾਰ ਖਿਲਾਫ ਆਲੋਚਨਾਤਮਿਕ ਰਵੱਈਆ ਰੱਖਣ ਕਰਕੇ ਹੀ ਹਿੰਦੋਸਤਾਨ ਟਾਈਮਜ਼ ਦੇ ਪ੍ਰਮੁੱਖ ਪੱਤਰਕਾਰ ਕਰਨ ਥਾਪਰ ਨਾਲ ਆਪਣਾ ਇਕਰਾਰਨਾਮਾ ਅੱਗੇ ਨਹੀਂ ਵਧਾਇਆ। ਇਸ ਤਰ•ਾਂ ਕੁਲਭੂਸ਼ਣ ਯਾਦਵ ਨਾਲ ਸਬੰਧਤ ਰਿਪੋਰਟ ਇੰਡੀਅਨ ਐਕਸਪ੍ਰੈਸ ਵੱਲੋਂ ਨਾ ਛਾਪੇ ਜਾਣ ਕਾਰਨ ਪੱਤਰਕਾਰ ਪ੍ਰਵੀਨ ਸਵਾਮੀ ਨੂੰ ਇੰਡੀਅਨ ਐਕਸਪ੍ਰੈਸ ਅਖਬਾਰ ਚੁੱਪ-ਚੁਪੀਤੇ ਛੱਡਣੀ ਪਈ।
ਅਖਬਾਰਾਂ ਰਸਾਲਿਆਂ ਦੇ ਪੱਤਰਕਾਰਾਂ ਤੋਂ ਬਿਨਾ ਟੀ.ਵੀ. ਤੇ ਵੈੱਬਸਾਈਟਾਂ ਦੇ ਪੱਤਰਕਾਰਾਂ ਨਾਲ ਵੀ ਇਹੋ ਕੁੱਝ ਹੋਇਆ। ਆਪਣੇ ਆਪ ਨੂੰ ਸਭ ਤੋਂ ਵੱਡੇ ਟੀ.ਵੀ. ਚੈਨਲ ਹੋਣ ਦਾ ਦਾਅਵਾ ਕਰਨ ਵਾਲੇ ਆਜ ਤੱਕ ਤੋਂ ਪੁੰਨਯ ਪ੍ਰਸੁੰਨ ਵਾਜਪਾਈ ਨੂੰ ਇਸ ਕਰਕੇ ਰੁਖਸਤ ਹੋਣਾ ਪਿਆ ਕਿਉਂਕਿ ਉਸਨੇ ਇੱਕ ਮੁਲਾਕਾਤ ਵਿੱਚ ਬਾਬਾ ਰਾਮਦੇਵ ਉੱਤੇ ਟੈਕਸ ਚੋਰੀ ਕਰਨ ਲਈ ਟਰਸੱਟ ਬਣਾਉਣs sਸਬੰਧੀ ਸਵਾਲ ਕਰ ਦਿੱਤਾ ਤੇ ਰਾਮ ਦੇਵ ਨੇ ਬੁਖਲਾਹਟ ਵਿੱਚ ਆ ਕੇ ਧਮਕੀ ਦੇ ਮਾਰੀ ਕਿ ''ਮੈਂ ਤੈਨੂੰ ਦੇਖ ਲਵਾਂਗਾ।'' ਰਾਮ ਦੇਵ ਵੱਲੋਂ ਪਤੰਜਲੀ ਦੇ ਇਸ਼ਤਿਹਾਰ ਬੰਦ ਕਰਨ ਦੀ ਧਮਕੀ ਦੇ ਕਾਰਨ ਪ੍ਰਬੰਧਕਾਂ ਨੇ ਵਾਜਪਾਈ ਦੇ ਪ੍ਰੋਗਰਾਮ ਦਾ ਸਮਾਂ ਘਟਾ ਕੇ ਬੰਦਿਸ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਆਖਿਰ ਵਾਜਪਾਈ ਤੇ ਉਸਦਾ ਸਹਿਯੋਗੀ ਪਿਯੂਸ਼ ਪਾਂਡੇ ਆਜ ਤੱਕ ਨੂੰ ਅਲਵਿਦਾ ਆਖ ਗਏ। 24 ਮਾਰਚ ਨੂੰ ਇੱਕ ਟਿੱਪਣੀ ਵਿੱਚ ਵਾਜਪਾਈ ਨੂੰ ਸਪੱਸ਼ਟ ਕਹਿਣ ਪਿਆ ਕਿ ਬਿਨਾ ਕਿਸੇ ਐਮਰਜੈਂਸੀ ਦੇ ਐਲਾਨ ਤੋਂ ਇਹ ਪਹਿਲਾ ਮੌਕਾ ਹੈ ਜਦੋਂ ਪ੍ਰਧਾਨ ਮੰਤਰੀ ਦਫਤਰ ਸੰਪਾਦਕਾਂ ਨੂੰ ਸਿੱਧੀਆਂ ਹਦਾਇਤਾਂ ਕਰ ਰਿਹਾ ਹੈ।
ਵੈੱਬ ਪੋਰਟਲ ਸਕਰੋਲ ਦੇ ਸਹਾਇਕ ਸੰਪਾਦਕ ਨਿਤਿਨ ਸੇਠੀ ਨੂੰ ਅਡਾਨੀ ਗਰੁੱਪ ਦੀ ਮੁੰਦਰਾ ਬੰਦਰਗਾਹ ਨਾਲ ਸਬੰਧਤ ਰਿਪੋਰਟ ਕਰਨ 'ਤੇ ਨੌਕਰੀ ਤੋਂ ਹੱਥ ਧੋਣੇ ਪਏ। ਇੱਥੇ ਸਕਰੋਲ ਨੇ ਉੱਕਾ ਹੀ ਟਕਰਾਅ ਤੋਂ ਟਾਲਾ ਵੱਟਿਆ ਯਾਨੀ ਧਮਕੀ ਮਿਲਣ ਦੀ ਵੀ ਨੌਬਤ ਆਉਣ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ। ਇਸੇ ਤਰ•ਾਂ ਆਰ. ਜਗਨ ਨਾਥ ਨੂੰ ਫਸਟ ਪੋਸਟ ਭਾਰਤ ਭੂਸ਼ਣ ਨੂੰ ਕੈਚ ਨਿਊਜ ਅਤੇ ਆਂਗ ਸ਼ੂ ਕਾਂਤਾ ਨੂੰ ਡੇਲੀ ਓ (ਇੰਡੀਆ ਟੂਡੇ ਦਾ ਪੋਰਟਲ) ਛੱਡਣਾ ਪਿਆ ਹੈ। ਆਨਲਾਈਨ ਵੈੱਬ ਪੋਰਟਲ ਵਾਇਰ ਨੇ ਖੁਲਾਸਾ ਕੀਤਾ ਸੀ ਕਿ ਮੋਦੀ ਸਰਕਾਰ ਬਣਨ ਦੇ ਇੱਕ ਸਾਲ ਦੇ ਸਮੇਂ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜਯ ਸ਼ਾਹ ਦੀ ਜਾਇਦਾਦ ਵਿੱਚ 16 ਗੁਣਾਂ ਦਾ ਵਾਧਾ ਹੋਇਆ ਹੈ। ਇਸ ਖਿਲਾਫ ਜਯ ਸ਼ਾਹ ਵੱਲੋਂ ਸੁਪਰੀਮ ਕੋਰਟ ਵਿੱਚ 100 ਕਰੋੜ ਰੁਪਏ ਦਾ ਮਾਨਹਾਨੀ ਦਾ ਮੁਕੱਦਮਾ ਵਾਇਰ 'ਤੇ ਚੱਲ ਰਿਹਾ ਹੈ।
ਸਭ ਤੋਂ ਗੰਭੀਰ ਗੱਲ ਇਹ ਹੈ ਕਿ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਵੈੱਬ ਪੋਰਟਲ ਅਤੇ ਆਨ ਲਾਈਨ ਵਿਚਾਰ-ਮੰਚਾਂ 'ਤੇ ਸ਼ਿਕੰਜਾ ਕਸਣ ਲਈ ਕੋਡ ਆਫ ਕੰਡਕਟ ਬਣਾਉਣ ਜਾ ਰਹੀ ਹੈ। ਪ੍ਰੈਸ ਦੀ ਆਜ਼ਾਦੀ ਲਈ ਸੰਸਥਾ ''ਰਿਪੋਰਟਰਜ਼ ਵਿਦਾਊਟ ਬਾਰਡਰਜ਼'' ਦੀ ਟਿੱਪਣੀ ਕਿ ''ਹਿੰਦੂ ਰਾਸ਼ਟਰਵਾਦੀਆਂ ਦੀ, ਰਾਸ਼ਟਰੀ ਬਹਿਸ 'ਚੋਂ ਰਾਸ਼ਟਰ ਵਿਰੋਧੀ ਤੱਤਾਂ ਨੂੰ ਬਾਹਰ ਕੱਢ ਦੇਣ ਦੀ ਕੋਸ਼ਿਸ਼ ਦੇ ਕਾਰਨ ਮੁੱਖ ਧਾਰਾ ਮੀਡੀਆ ਵਿੱਚ ਸਵੈ-ਸੈਂਸਰਸ਼ਿੱਪ (ਖੁਦ-ਸਾਖਤਾ ਜਾਬਤਾ) ਵਧਦੀ ਜਾ ਰਹੀ ਹੈ।'' ਅੱਗੇ ਕਿਹਾ ਗਿਆ ਹੈ ਕਿ ''ਉਹਨਾਂ ਪੱਤਰਕਾਰਾਂ ਦੀ ਆਵਾਜ਼ ਨੂੰ ਜੋ ਖੁੱਲ•ੇਆਮ ਸਰਕਾਰ ਪ੍ਰਤੀ ਪੜਚੋਲੀਆ ਰੁਖ ਅਪਣਾਉਂਦੇ ਹਨ, ਨੂੰ ਦਬਾਉਣ ਲਈ ਮੁਕੱਦਮਿਆਂ ਦਾ ਸਹਾਰਾ ਲਿਆ ਜਾਂਦਾ ਹੈ। ਇਹਨਾਂ ਵਿੱਚੋਂ ਕੁੱਝ ਦੰਡ ਵਿਧਾਨ ਦੀ ਧਾਰਾ 124 ਦਾ ਸਹਾਰਾ ਲੈਂਦੇ ਹਨ, ਜਿਸ ਦੇ ਤਹਿਤ ਦੇਸ਼ ਧਰੋਹ ਲਈ ਉਮਰ ਕੈਦ ਦਾ ਪ੍ਰਬੰਧ ਹੈ।
ਇਹ ਹੈ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਭਾਰਤ ਵਿੱਚ ਪ੍ਰੈਸ (ਚੌਥੇ ਥੰਮ•) ਦੀ ਦਿਸ਼ਾ ਅਤੇ ਦਸ਼ਾ। ਰਿਪੋਰਟਰਜ਼ ਵਿਦਾਊਟ ਬਾਰਡਰਜ਼ ਵੱਲੋਂ ਪ੍ਰੈਸ ਦੀ ਆਜ਼ਾਦੀ ਅਤੇ ਵਿਚਾਰ ਪ੍ਰਗਟਾਵੇ ਬਾਰੇ ਆਪਣੀ ਲਿਸਟ ਵਿੱਚ ਭਾਰਤ ਨੂੰ 136 ਨੰਬਰ 'ਤੇ ਰੱਖਣਾ ਕਿਤੇ ਮਹਾਨ ਭਾਰਤ ਦੀ ਜਮਹੂਰੀਅਤ ਨਾਲ ਧੱਕਾ ਤਾਂ ਨਹੀਂ? 0-0
No comments:
Post a Comment