Saturday, 28 April 2018

ਇਰਾਕ ਵਿੱਚ ਮਾਰੇ ਗਏ 39 ਭਾਰਤੀ


ਇਰਾਕ ਵਿੱਚ ਮਾਰੇ ਗਏ 39 ਭਾਰਤੀ
ਅਮਰੀਕੀ ਸਾਮਰਾਜੀਆਂ ਲਈ ਬਲੀ ਦੇ ਬੱਕਰੇ ਬਣਾਏ

-ਮਿਹਰ ਸਿੰਘ
24 ਮਾਰਚ ਨੂੰ ਭਾਰਤ ਦੀ ਪਾਰਲੀਮੈਂਟ ਵਿੱਚ ਭਾਰਤੀ ਜਨਤਾ ਪਾਰਟੀ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣਾ ਹੀ ਥੁੱਕਿਆ ਚੱਟਦੇ ਹੋਏ ਇਹ ਸਵਿਕਾਰ ਕਰ ਲਿਆ ਕਿ ਇਰਾਕ ਵਿੱਚ ਆਈ.ਐਸ. ਵੱਲੋਂ ਅਗਵਾ ਕੀਤੇ 39 ਭਾਰਤੀ ਮਾਰ ਦਿੱਤੇ ਗਏ। ਕੁੱਲ 40 ਭਾਰਤੀ ਇੱਕ ਉਸਾਰੀ ਸੰਸਥਾ ਵਿੱਚ ਕੰਮ ਕਰਦੇ ਸਨ, ਜਿਹਨਾਂ ਨੂੰ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਅਗਵਾ ਕਰਕੇ ਗੋਲੀਆਂ ਮਾਰ ਦਿੱਤੀਆਂ ਸਨ, ਪਰ ਗੁਰਦਾਸਪੁਰ ਜ਼ਿਲ•ੇ ਦੇ ਪਿੰਡ ਕਾਲਾ ਅਫਗਾਨਾ ਦਾ ਹਰਜੀਤ ਮਸੀਹ ਨਾਂ ਦਾ ਇੱਕ ਨੌਜਵਾਨ ਪੱਟ ਵਿੱਚ ਗੋਲੀ ਲੱਗਣ ਦੇ ਬਾਵਜੂਦ ਵੀ ਬਚ ਗਿਆ ਸੀ ਤੇ ਉਸਨੇ ਦੜ ਵੱਟ ਕੇ ਮਰੇ ਹੋਣ ਦਾ ਸਵਾਂਗ ਰਚਿਆ। ਗੋਲੀਆਂ ਮਾਰਨ ਵਾਲੀ ਟੋਲੀ ਸਾਰਿਆਂ ਨੂੰ ਮਰੇ ਸਮਝ ਕੇ ਲਾਸ਼ਾਂ ਨੂੰ ਉੱਥੇ ਹੀ ਛੱਡ ਗਈ। ਹਰਜੀਤ ਲਾਸ਼ਾਂ ਦੇ ਢੇਰ ਵਿੱਚੋਂ ਨਿਕਲ ਕੇ ਮੁੱਖ ਸੜਕ 'ਤੇ ਚਲਾ ਗਿਆ। ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਲਾਸ਼ਾਂ ਨੂੰ ਮੌਸੂਲ ਸ਼ਹਿਰ ਤੋਂ ਕੁੱਝ ਕਿਲੋਮੀਟਰ ਦੂਰ ਪਿੰਡ ਬਦੂਸ਼ਾ ਵਿੱਚ ਇੱਕ ਵੱਡਾ ਟੋਆ ਪੁੱਟ ਕੇ ਦਫਨਾ ਦਿੱਤਾ। ਹਰਜੀਤ ਇੱਕ ਟਰੱਕ ਵਿੱਚ ਬੈਠ ਕੇ ਕਿਤੇ ਬਾਹਰ ਨਿਕਲਣਾ ਚਾਹੁੰਦਾ ਸੀ, ਪਰ ਉਸ ਟਰੱਕ ਵਾਲੇ ਨੇ ਉਸ ਨੂੰ ਮੁੜ ਲੜਾਕਿਆਂ ਦੇ ਹਵਾਲੇ ਕਰ ਦਿੱਤਾ। ਉਹਨਾਂ ਨੇ ਹਰਜੀਤ ਤੋਂ ਉਸਦੀ ਸ਼ਨਾਖਤ ਪੁੱਛੀ ਤਾਂ ਉਸ ਨੇ ਆਖ ਦਿੱਤਾ ਕਿ ਉਹ ਬੰਗਲਾਦੇਸ਼ੀ ਨਾਗਰਿਕ ਹੈ। ਉਸ ਦਾ ਨਾਂ ਅਲੀ ਹੈ। ਉਹ ਕਿਸੇ ਹੋਰ ਕੰਪਨੀ ਵਿੱਚ ਕੰਮ ਕਰਦਾ ਸੀ। ਉਸਦੇ ਕਾਗਜ਼ ਪੱਤਰ ਕਿਧਰੇ ਗੁੰਮ ਹੋ ਗਏ ਹਨ। ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਉਸ ਨੂੰ ਛੱਡ ਦਿੱਤਾ। ਉਹ ਬੰਗਲਾਦੇਸ਼ੀ ਕਾਮਿਆਂ ਕੋਲ ਰਹਿਣ ਲੱਗਾ। ਉਹਨਾਂ ਨਾਲ ਉਸਦੀ ਕੁੱਝ ਨਾ ਕੁੱਝ ਜਾਣ-ਪਛਾਣ ਪਹਿਲਾਂ ਵੀ ਸੀ। ਉਸ ਨੇ ਆਪਣੀ ਸਾਰੀ ਕਹਾਣੀ ਬੰਗਲਾਦੇਸ਼ੀ ਕਾਮਿਆਂ ਨੂੰ ਦੱਸੀ। ਉਹਨਾਂ ਨੇ ਉਸਦੀ ਮੱਦਦ ਕੀਤੀ।
ਹਰਜੀਤ ਮਸੀਹ ਰੁਲਦਾ-ਢਹਿੰਦਾ ਕਿਵੇਂ ਨਾ ਕਿਵੇਂ ਭਾਰਤ ਆਣ ਪੁੱਜਾ ਤਾਂ ਉਸ ਨੂੰ ਆਉਂਦਿਆਂ ਹੀ ਭਾਰਤੀ ਹਕੂਮਤ ਨੇ ਗ੍ਰਿਫਤਾਰ ਕਰਕੇ ਜੇਲ• ਵਿੱਚ ਸੁੱਟ ਦਿੱਤਾ। ਭਾਰਤੀ ਹਾਕਮ ਉਸ 'ਤੇ ਇਹ ਜ਼ੋਰ ਪਾਉਂਦੇ ਰਹੇ ਕਿ ਉਹ ਆਪਣੇ ਨਾਲ ਦੇ ਬੰਦਿਆਂ ਦੇ ਮਾਰੇ ਜਾਣ ਦੀ ਗੱਲ ਨਾ ਕਰੇ, ਉਸ ਨੂੰ ਇਸ ਬਦਲੇ ਵਿੱਚ ਨੌਕਰੀ ਦਿੱਤੀ ਜਾਵੇਗੀ। ਪਰ ਹਰਜੀਤ ਕੋਲੋਂ ਝੂਠ ਨਾ ਬੋਲ ਹੋਇਆ। ਉਸ ਨੇ ਅੱਖੀ ਦੇਖੀ, ਕੰਨੀਂ ਸੁਣੀ ਅਤੇ ਹੱਡੀਂ ਹੰਢਾਈ ਤਲਖ ਸਚਾਈ ਨੂੰ ਇੱਕ ਨਹੀਂ ਵਾਰ ਵਾਰ ਅਨੇਕਾਂ ਅਖਬਾਰਾਂ, ਟੀ.ਵੀ. ਚੈਨਲਾਂ ਉੱਪਰ ਵੀ ਬਿਆਨ ਕੀਤਾ ਅਤੇ ਸੋਸ਼ਲ ਮੀਡੀਏ 'ਤੇ ਸਚਾਈ ਨੂੰ ਸਾਹਮਣੇ ਲਿਆਂਦਾ। ਉਸ ਸਮੇਂ ਬੰਗਲਾਦੇਸ਼ੀ ਕਾਮਿਆਂ ਨੇ ਵੀ ਯੂ.ਟਿਊਬ 'ਤੇ ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ। ਭਾਰਤੀ ਹਕੂਮਤ ਨੇ ਇਹਨਾਂ ਤੱਥਾਂ ਹਵਾਲਿਆਂ ਨੂੰ ਆਧਾਰ ਮੰਨ ਕੇ ਕੋਈ ਵੀ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਸਮੇਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਰਲੀਮੈਂਟ ਵਿੱਚ ਸ਼ਰੇਆਮ ਆਖਿਆ ਸੀ ਕਿ ਹਰਜੀਤ ਝੂਠ ਬੋਲ ਰਿਹਾ ਹੈ। ਇਹ ਗਲਤ ਹੈ। ਇਰਾਕ ਵਿੱਚ ਬੰਧਕ ਬਣਾਏ ਭਾਰਤੀ ਆਈ.ਐਸ. ਦੇ ਕਬਜ਼ੇ ਵਿੱਚ ਹਨ, ਉਹ ਸਹੀ ਸਲਾਮਤ ਹਨ। ਉਹਨਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਰੇ ਗਏ ਭਾਰਤੀਆਂ ਦੇ ਮਾਪੇ, ਪਰਿਵਾਰ, ਰਿਸ਼ਤੇਦਾਰ, ਮਿੱਤਰ-ਦੋਸਤ, ਸਕੇ-ਸਬੰਧੀ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਦਿੱਲੀ ਦਫਤਰਾਂ ਦੇ ਚੱਕਰ ਲਾਉਂਦੇ ਆ ਰਹੇ ਸਨ, ਪਰ ਭਾਰਤੀ ਹਾਕਮ ਇਹਨਾਂ ਨੂੰ ਟਰਕਾਉਂਦੇ ਹੋਏ ਖੱਜਲ-ਖੁਆਰ ਕਰਦੇ ਰਹੇ।
ਸੁਸ਼ਮਾ ਸਵਰਾਜ ਨੇ ਪਾਰਲੀਮੈਂਟ ਵਿੱਚ ਆਖਿਆ ਕਿ ਉਹਨਾਂ ਨੇ ਉੱਪ-ਗ੍ਰਹਿ ਅਤੇ ਰਾਡਾਰ ਰਾਹੀਂ ਇਸ ਕਬਰ ਦਾ ਪਤਾ ਲਗਾਇਆ। ਪੰਜਾਬੀ ਸਿੱਖਾਂ ਦੇ ਲੰਬੇ ਵਾਲਾਂ, ਕੜਿਆਂ, ਇਰਾਕ ਤੋਂ ਬਾਹਰਲੇ ਜੁੱਤਿਆਂ ਅਤੇ ਸ਼ਨਾਖਤੀ ਸਬੂਤਾਂ ਦੇ ਆਧਾਰ 'ਤੇ ਇਹ ਪਤਾ ਲਗਾਇਆ ਹੈ। ਉਸ ਨੇ ਆਖਿਆ ਕਿ ਮਾਰੇ ਗਏ ਭਾਰਤੀਆਂ ਦੇ ਡੀ.ਐਨ.ਏ. ਟੈਸਟ ਕੀਤੇ ਗਏ ਹਨ ਅਤੇ ਇਹ ਪੁਖਤਾ ਸਬੂਤ ਹਨ, ਜਿਹਨਾਂ ਦੇ ਆਧਾਰ 'ਤੇ ਮਾਰੇ ਗਏ ਭਾਰਤੀਆਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੇ ਹਕੂਮਤ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਤਾਬੂਤ ਖੋਲ• ਕੇ ਆਪਣੇ ਪਿਆਰਿਆਂ ਦੀ ਹਾਲਤ ਦਿਖਾਈ ਜਾਵੇ। ਪਰ ਅਧਿਕਾਰੀਆਂ ਨੇ ਅਜਿਹਾ ਕਰਵਾਉਣ ਤੋਂ ਉੱਕਾ ਹੀ ਮਨ•ਾ ਕਰ ਦਿੱਤਾ ਕਿ ਇਹਨਾਂ ਵਿੱਚੋਂ ਖਤਰਨਾਕ ਗੈਸਾਂ ਨਿਕਲ ਸਕਦੀਆਂ ਹਨ, ਜਿਹਨਾਂ ਨਾਲ ਕੋਈ ਨੁਕਸਾਨ ਹੋ ਸਕਦਾ ਹੈ, ਇਸ ਕਰਕੇ ਲਾਸ਼ਾਂ ਨੂੰ ਤਾਬੂਤਾਂ ਸਣੇ ਹੀ ਸਾੜਿਆ ਜਾਵੇ। ਨਾ ਹੀ ਉਹਨਾਂ ਦੇ ਡੀ.ਐਨ.ਏ. ਦੀ ਭਾਰਤ ਵਿੱਚ ਕੋਈ ਜਾਂਚ ਕਰਵਾਈ ਗਈ। ਅਸਲ ਵਿੱਚ ਇਹ ਸਾਰਾ ਕੁੱਝ ਮਾਮਲੇ ਨੂੰ ਤੁਥ-ਮੁੱਥ ਕਰਨਾ ਸੀ ਤੇ ਲਾਸ਼ਾਂ ਲਿਆਉਣ ਦੀ ਕਾਰਵਾਈ ਇੱਕ ਖਾਨਾਪੂਰਤੀ ਤੋਂ ਸਿਵਾਏ ਹੋਰ ਕੁੱਝ ਨਹੀਂ। ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਵੀ.ਕੇ. ਸਿੰਘ ਨੇ ਇਰਾਕ ਜਾਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਆਖਿਆ ਕਿ ਇਹ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ ਹੋਏ ਸਨ। ਉਹਨਾਂ ਦੇ ਸਹੀ ਅਤੇ-ਪਤੇ ਨਹੀਂ ਸਨ ਮਿਲ ਰਹੇ ਜਿਸ ਕਰਕੇ ਲਾਸ਼ਾਂ ਦੀ ਸ਼ਨਾਖਤ ਕਰਨ ਵਿੱਚ ਦੇਰੀ ਹੋਈ। ਉਸ ਨੇ ਇਹਨਾਂ ਭਾਰਤੀਆਂ ਨੂੰ ਵਿਦੇਸ਼ ਭੇਜਣ ਲਈ ਸੂਬਾਈ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਜਦੋਂ ਪੱਤਰਕਾਰਾਂ ਨੇ ਉਸ ਤੋਂ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਲਈ ਰਾਹਤ ਬਾਰੇ ਸਵਾਲ ਕੀਤੇ ਤਾਂ ਵੀ.ਕੇ. ਸਿੰਘ ਨੇ ਰੁੱਖਾ ਜਿਹਾ ਜਵਾਬ ਦਿੱਤਾ ਕਿ ਮੁਆਵਜਾ ਕੋਈ ਬਿਸਕੁੱਟ ਨਹੀਂ ਹੁੰਦੇ ਜੋ ਕਦੇ ਵੀ ਕਿਸੇ ਨੂੰ ਵੰਡੇ ਜਾ ਸਕਦੇ ਹਨ। ਲਾਸ਼ਾਂ ਨੂੰ ਲਿਆਉਣ ਵਿੱਚ ਦੇਰੀ ਦੇ ਸਵਾਲ 'ਤੇ ਉਸ ਨੇ ਆਖਿਆ ਕਿ ਇਹ ਕੋਈ ''ਫੁੱਟਬਾਲ ਦੀ ਖੇਡ'' ਨਹੀਂ ਹੈ, ਜਦੋਂ ਜੀਅ ਕੀਤਾ ਖੇਡ ਲਈ।
ਇਰਾਕ ਵਿੱਚ ਮਾਰੇ ਗਏ ਭਾਰਤੀ ਨੌਜਵਾਨ ਉਹਨਾਂ ਨੌਜਵਾਨਾਂ 'ਚੋਂ ਹਨ, ਜਿਹੜੇ ਇੱਥੋਂ ਦੀ ਗਰੀਬੀ, ਭੁੱਖਮਰੀ, ਕੰਗਾਲੀ, ਮੰਦਹਾਲੀ ਅਤੇ ਬੇਰੁਜ਼ਗਾਰੀ ਦੇ ਸਤਾਏ ਅਰਬ ਦੇਸ਼ਾਂ ਵੱਲ ਮੁਹਾਣ ਕਰਦੇ ਹਨ। ਇਹਨਾਂ ਵਿੱਚੋਂ ਵੀ ਜ਼ਿਆਦਾਤਰ ਬਹੁਤੀ ਗਰੀਬੀ ਦੀ ਹਾਲਤ ਵਾਲੇ ਹੁੰਦੇ ਹਨ, ਕਿਉਂਕਿ ਜਿਹਨਾਂ ਦੀ ਮਾੜੀ-ਮੋਟੀ ਹਾਲਤ ਚੰਗੀ ਹੁੰਦੀ ਹੈ, ਉਹ ਤਾਂ ਅਮਰੀਕਾ-ਕੈਨੇਡਾ, ਆਸਟਰੇਲੀਆ ਜਾਂ ਨਿਊਜ਼ੀਲੈਂਡ ਆਦਿ ਵੱਲ ਨੂੰ ਰੁਖ ਕਰਦੇ ਹਨ। ਅਰਬ ਦੇਸ਼ਾਂ ਦੇ ਨਾਂ 'ਤੇ ਇਹਨਾਂ ਵਿੱਚੋਂ ਵੀ ਬਹੁਤਿਆਂ ਨੂੰ ਇਰਾਕ ਜਾਂ ਅਮਰੀਕੀ ਕਬਜ਼ੇ ਵਾਲੀਆਂ ਹੋਰਨਾਂ ਥਾਵਾਂ 'ਤੇ ਭੇਜਿਆ ਜਾਂਦਾ ਹੈ। ਹੁਣ ਵੀ ਇਰਾਕ ਵਿੱਚੋਂ ਜਦੋਂ ਅਮਰੀਕੀ ਫੌਜਾਂ ਨੂੰ ਕੱਢ ਲਿਆ ਗਿਆ ਹੈ ਤਾਂ ਉੱਥੇ ਉਸਾਰੀ ਕਾਰਜਾਂ ਜਾਂ ਤੇਲ ਭੰਡਾਰਾਂ 'ਤੇ ਕਬਜ਼ਾ ਕਰਨ ਲਈ ਫੌਜੀ ਸੁਰੱਖਿਆ ਸਮੇਤ ਬਹੁਤਾ ਕੁੱਝ ਠੇਕੇਦਾਰਾਂ ਨੂੰ ਸੰਭਾਲਿਆ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਇਰਾਕ ਵਿੱਚ ਇਸ ਸਮੇਂ ਕੋਈ 1 ਲੱਖ ਠੇਕੇਦਾਰ ਵੱਖ ਵੱਖ ਤਰ•ਾਂ ਦੇ ਉਸਾਰੀ ਕਾਰਜਾਂ ਵਿੱਚ ਲੱਗੇ ਹੋਏ ਹਨ। ਇਹਨਾਂ ਵਿੱਚੋਂ ਬਹੁਤਾ ਵੱਡਾ ਹਿੱਸਾ ਨਿੱਜੀ ਫੌਜ ਦੀਆਂ ਕੰਪਨੀਆਂ ਦਾ ਹੈ। ਇਸ ਸਮੇਂ ਇਰਾਕ ਵਿੱਚ ਉੱਥੇ ਭੇਜੇ ਅਮਰੀਕੀ ਫੌਜੀਆਂ ਨਾਲੋਂ ਵੀ ਕਿਤੇ ਵਧੇਰੇ ਅਮਰੀਕੀ ਠੇਕੇਦਾਰ ਅਤੇ ਉਹਨਾਂ ਦਾ ਅਮਲਾ-ਫੈਲਾ ਲੁੱਟ ਦਾ ਮਾਲ ਵੰਡਣ, ਲੁੱਟਣ, ਖੋਹਣ ਵਿੱਚ ਲੱਗਿਆ ਹੋਇਆ ਹੈ। ਇਹਨਾਂ ਦਾ ਟਾਕਰਾ ਕਰਨ ਨਹੀਂ ਇਰਾਕੀ ਲੋਕ ਜੂਝ ਮਰਨ 'ਤੇ ਉਤਾਰੂ ਹੋਏ ਹੋਏ ਹਨ। ਨਿੱਜੀ ਠੇਕੇਦਾਰ ਜਦੋਂ ਬਾਜ਼ਾਰਾਂ ਵਿੱਚੋਂ ਦੀ ਆਪਣੀਆਂ ਗੱਡੀਆਂ ਲੈ ਕੇ ਲੰਘਦੇ ਹਨ ਤਾਂ ਉਹਨਾਂ ਦੀ ਸਪੀਡ ਸਵਾ-ਡੇਢ ਸੌ ਕਿਲੋਮੀਟਰ ਪ੍ਰਤੀ ਘੰਟਾ ਦੀ ਹੁੰਦੀ ਹੈ ਤਾਂ ਕਿ ਉਹਨਾਂ 'ਤੇ ਇਰਾਕੀ ਕੋਈ ਯੋਜਨਾਬੱਧ ਹਮਲਾ ਨਾ ਕਰ ਸਕਣ। ਐਨੀ ਸਪੀਡ ਨਾਲ ਉਹ ਆਮ ਨਾਗਰਿਕਾਂ ਨੂੰ ਦਰੜਦੇ ਲੰਘਦੇ ਹਨ। ਲੋਕਾਂ ਵਿੱਚ ਅਜਿਹੇ ਠੇਕੇਦਾਰਾਂ ਖਿਲਾਫ ਅਮਰੀਕੀ ਫੌਜ ਖਿਲਾਫ ਗੁੱਸੇ ਅਤੇ ਨਫਰਤ ਜਿੰਨਾ ਹੀ ਗੁੱਸਾ ਅਤੇ ਨਫਰਤ ਹੈ। ਇਸ ਕਰਕੇ ਇਹ ਠੇਕੇਦਾਰ ਤਕਨੀਕੀ ਅਤੇ ਤੇਲ ਭੰਡਾਰਾਂ 'ਤੇ ਸੁਰੱਖਿਆ ਆਦਿ ਸਥਾਨਾਂ 'ਤੇ ਆਪਣੇ ਤਜਰਬੇਕਾਰ ਬੰਦਿਆਂ ਦੀ ਤਾਇਨਾਤੀ ਕਰਦੇ ਹਨ, ਪਰ ਬਾਕੀ ਦੀਆਂ ਗੈਰ-ਮਹੱਤਵਪੂਰਨ ਥਾਵਾਂ, ਉਸਾਰੀ, ਖਾਧ-ਖੁਰਾਕ, ਝਾੜ-ਸਫਾਈ ਆਦਿ ਦੇ ਮਾਮਲਿਆਂ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਆਦਿ ਦੇਸ਼ਾਂ ਦੇ ਗਰੀਬ ਬੇਰੁਜ਼ਗਾਰਾਂ ਦੀ ਭਰਤੀ ਕਰਦੇ ਹਨ। ਜਦੋਂ ਇਰਾਕੀ ਲੋਕਾਂ ਨੇ ਇਸਲਾਮਿਕ ਸਟੇਟ ਦੇ ਲੜਾਕਿਆਂ ਦੀ ਅਗਵਾਈ ਵਿੱਚ ਅਮਰੀਕੀ ਠੇਕੇਦਾਰਾਂ ਨੂੰ ਬਾਹਰ ਕੱਢ ਮਾਰਿਆ ਤਾਂ ਉਹ ਆਪ ਤਾਂ ਚਲੇ ਗਏ ਪਰ ਠੇਕੇ 'ਤੇ ਰੱਖੇ ਕਾਮਿਆਂ ਨੂੰ ਬਲਦੀ ਦੇ ਬੂਥੇ ਦੇ ਕੇ ਤੁਰਦੇ ਬਣੇ। ਇਸਲਾਮਿਕ ਸਟੇਟ ਦੇ ਲੜਾਕੇ ਸਭਨਾਂ ਹੀ ਵਿਦੇਸ਼ੀਆਂ ਨੂੰ ਆਪਣੀ ਮਾਰ ਹੇਠ ਨਹੀਂ ਲੈਂਦੇ ਬਲਕਿ ਜਿਹੜੇ ਅਮਰੀਕੀ ਕੰਪਨੀਆਂ ਦੀ ਲੁੱਟ-ਖਸੁੱਟ ਵਿੱਚ ਯੁੱਧਨੀਤਕ ਪੱਖ ਤੋਂ ਸਹਾਈ ਹੁੰਦੇ ਹਨ, ਉਹਨਾਂ ਨੂੰ ਹੀ ਮਾਰ ਹੇਠ ਲੈਂਦੇ ਰਹੇ ਹਨ। ਜਦੋਂ ਹਸਪਤਾਲ 'ਤੇ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਕਬਜ਼ਾ ਕੀਤਾ ਸੀ ਤਾਂ ਉਹਨਾਂ ਨੇ ਕੇਰਲਾ ਦੀਆਂ ਨਰਸਾਂ ਨੂੰ ਕੁੱਝ ਵੀ ਨਹੀਂ ਸੀ ਆਖਿਆ ਅਤੇ ਇਸੇ ਹੀ ਤਰ•ਾਂ ਬੰਗਲਾਦੇਸ਼ ਤੋਂ ਹੋਰਨਾਂ ਕੰਮਾਂ ਵਿੱਚ ਗਏ ਕਾਮਿਆਂ ਨੂੰ ਵੀ ਉਹਨਾਂ ਕੁੱਝ ਨਹੀਂ ਆਖਿਆ। ਬਲਕਿ ਅਮਰੀਕੀ ਕੰਪਨੀਆਂ ਲਈ ਯੁੱਧਨੀਤਕ ਖੇਤਰ ਵਿੱਚ ਲੱਗੇ ਭਾਰਤੀਆਂ ਨੂੰ ਉਹਨਾਂ ਨੇ ਚੋਣਵਾਂ ਨਿਸ਼ਾਨਾ ਬਣਾਇਆ ਹੈ। ਭਾਰਤੀ ਹਾਕਮਾਂ ਨੇ ਭਾਵੇਂ ਇਰਾਕ ਵਿੱਚ ਅਮਰੀਕੀ ਪ੍ਰਭੂਆਂ ਦੀ ਸੇਵਾ ਲਈ ਆਪਣੀਆਂ ਫੌਜਾਂ ਨਹੀਂ ਸਨs sਭੇਜੀਆਂ ਪਰ ਇਹਨਾਂ ਨੇ ਗੈਰ-ਫੌਜੀ ਕੰਮਾਂ ਵਿੱਚ ਉਹਨਾਂ ਦੀ ਭਰਵੀਂ ਸੇਵਾ ਕੀਤੀ ਹੈ। ਇਹ ਅਮਰੀਕੀ ਸਾਮਰਾਜੀਆਂ ਨੂੰ ਆਪਣੇ ''ਸੁਭਾਵਿਕ ਮਿੱਤਰ'' ਐਲਾਨਦੇ ਹਨ। ਅਮਰੀਕਾ ਲਈ ਇਰਾਕ ਵਿੱਚ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਇਹਨਾਂ ਨੇ ਅਨੇਕਾਂ ਹੀ ਕਾਮਿਆਂ ਨੂੰ ਗੁੱਝੇ ਰੂਪ ਵਿੱਚ ਭੇਜਿਆ ਹੋਇਆ ਹੈ। ਇਹੀ ਵਜਾਹ ਹੈ ਕਿ ਭਾਰਤੀਆਂ ਦੇ ਮਾਰੇ ਜਾਣ ਦੀ ਘਟਨਾ 'ਤੇ ਅਮਰੀਕੀ ਹਾਕਮ ਵੀ ''ਅਫਸੋਸ'' ਜ਼ਾਹਰ ਕਰਨ ਦਾ ਖੇਖਣ ਕਰਦੇ ਹਨ। ਜਦੋਂ ਇਰਾਕ ਵਿੱਚ ਭਾਰਤੀ ਮਾਰੇ ਗਏ ਸਨ, ਤਾਂ ਭਾਰਤੀ ਹਾਕਮਾਂ ਦੀ ਕੋਸ਼ਿਸ਼ ਇਹ ਹੀ ਸੀ ਕਿ ਉਹਨਾਂ ਦੇ ਮਾਰੇ ਜਾਣ ਨਾਲ ਜਿਹੜੀ ਬਦਨਾਮੀ ਹੋਣੀ ਸੀ ਉਸ ਨੂੰ ਘਟਾਇਆ ਜਾਵੇ। ਇਸ ਕਰਕੇ ਹੀ ਇਹ ਝੂਠ ਬੋਲਦੇ ਰਹੇ ਹਨ। ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਨੂੰ ਦੁਬਿੱਧਾ ਦੀ ਪੀੜਾ ਵਿੱਚ ਝੁਲਸਾਉਂਦੇ ਰਹੇ ਹਨ। ਹੁਣ ਤੱਕ ਜਦੋਂ ਪਰਿਵਾਰਾਂ ਵੱਲੋਂ ਲਗਾਤਾਰ ਪੈਰਵਾਈ ਕੀਤੀ ਜਾਂਦੀ ਰਹੀ ਤਾਂ ਇਹਨਾਂ ਨੇ ਇਸਲਾਮਿਕ ਸਟੇਟ ਦੇ ਲੜਾਕਿਆਂ ਨੂੰ ਮੁਸਲਮਾਨ ਹੋਣ ਵਜੋਂ ਬਦਨਾਮ ਕਰਨ ਦਾ ਪੈਂਤੜਾ ਅਖਤਿਆਰ ਕੀਤਾ ਹੈ ਤਾਂ ਕਿ ਇਸ ਨਾਲ ਭਾਰਤ ਵਿਚਲੇ ਮੁਸਲਮਾਨ ਭਾਈਚਾਰੇ ਨੂੰ ਬਦਨਾਮ ਕਰਕੇ ਆਪਣੀ ਮਾਰ ਹੇਠ ਲਿਆਂਦਾ ਜਾਵੇ ਅਤੇ ਹਿੰਦੂਤਵੀ ਜਨੂੰਨ ਨੂੰ ਉਭਾਰਿਆ ਜਾ ਸਕੇ।
ਭਾਰਤੀ ਹਾਕਮ ਭਾਵੇਂ ਆਖਦੇ ਤਾਂ ਇਹ ਹਨ ਕਿ ਇਰਾਕ ਵਿੱਚ ਮਾਰੇ ਗਏ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਗਏ ਸਨ। ਪਰ ਇਹ ਸਚਾਈ ਨਹੀਂ, ਜੇ ਭਾਰਤੀ ਹਾਕਮਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਰਾਕ ਵਿੱਚ ਗੈਰ ਕਾਨੂੰਨੀ ਤੌਰ 'ਤੇ ਭਾਰਤੀ ਗਏ ਹੋਏ ਹਨ, ਤਾਂ ਉਹਨਾਂ ਨੂੰ ਵਾਪਸ ਲਿਆਉਣ ਲਈ ਇਹਨਾਂ ਨੇ ਕੋਈ ਵੀ ਚਾਰਾਜੋਈ ਕਿਉਂ ਨਾ ਕੀਤੀ? ਅਸਲ ਵਿੱਚ ਇਹਨਾਂ ਦਾ ਮਕਸਦ ਉਹਨਾਂ ਨੂੰ ਵਾਪਸ ਲਿਆਉਣਾ ਨਹੀਂ ਸੀ ਬਲਕਿ ਉਹਨਾਂ ਨੂੰ ਅਮਰੀਕੀ ਸਾਮਰਾਜੀਆਂ ਦੇ ਹਿੱਤਾਂ ਲਈ ਵਰਤਣਾ ਸੀ ਅਤੇ ਉਹਨਾਂ ਨੂੰ ਬਲੀ ਦੇ ਬੱਕਰੇ ਬਣਾਉਣਾ ਸੀ, ਉਹਨਾਂ ਨੂੰ ਬਲੀ ਦੇ ਬੱਕਰੇ ਬਣਾ ਦਿੱਤਾ ਗਿਆ ਹੈ। ਇਸ ਸਭ ਕਾਸੇ ਲਈ ਭਾਰਤੀ ਹਾਕਮ ਪੂਰੀ ਤਰ•ਾਂ ਦੋਸ਼ੀ ਹਨ, ਜਿਹਨਾਂ ਦੇ ਕੂੜ-ਪ੍ਰਚਾਰ ਨੂੰ ਲੀਰੋ ਲੀਰ ਕੀਤਾ ਜਾਣਾ ਚਾਹੀਦਾ ਹੈ।

No comments:

Post a Comment