Sunday, 10 September 2017

ਅਕਤੂਬਰ ਇਨਕਲਾਬ ਦੀ ਵਿਰਾਸਤ



ਇਉਂ, ਮਾਓ-ਜ਼ੇ-ਤੁੰਗ ਵੱਲੋਂ ਅਕਤੂਬਰ ਇਨਕਲਾਬ ਦੀ ਵਿਚਾਰਧਾਰਕ ਵਿਰਾਸਤ ਨੂੰ ਸਿਰਜਣਾਤਮਿਕ ਢੰਗ ਨਾਲ ਚੀਨ 'ਤੇ ਢੁਕਾਉਂਦਿਆਂ, ਲਮਕਵੇਂ ਲੋਕ-ਯੁੱਧ ਦੀ ਯੁੱਧਨੀਤੀ ਅਤੇ ਦਾਅਪੇਚਾਂ ਦਾ ਪੂਰ ਘੜਿਆ ਗਿਆ ਅਤੇ ਮਾਰਕਸੀ ਲੈਨਿਨੀ ਯੁੱਧ ਵਿਗਿਆਨ ਅੰਦਰ ਸਿਫਤੀ ਵਾਧਾ ਕੀਤਾ ਗਿਆ।
ਦੂਜਾ ਸਬਕ- ਮੌਕਾਪ੍ਰਸਤੀ ਅਤੇ ਸੋਧਵਾਦ ਵਿਰੁੱਧ ਬੇਕਿਰਕ ਅਤੇ ਸਮਝੌਤਾਰਹਿਤ ਜੱਦੋਜਹਿਦ ਦਾ ਅਸੁਲ ਹੈ। ਅਸਲ ਵਿੱਚ ਮੌਕਾਪ੍ਰਸਤੀ ਅਤੇ ਸੋਧਵਾਦ ਵਿਰੁੱਧ ਘੋਲ ਜਮਾਤੀ ਘੋਲ ਦੇ ਖੇਤਰ ਅੰਦਰ ਚੱਲਦੇ ਲਮਕਵੇਂ ਹਥਿਆਰਬੰਦ ਭੇੜ ਦਾ ਵਿਚਾਰਧਾਰਕ ਖੇਤਰ ਅੰਦਰ ਪਰਤਾਓ (ਅਕਸ) ਹੁੰਦਾ ਹੈ। ਹਾਕਮ ਜਮਾਤਾਂ ਵੱਲੋਂ ਜਿੱਥੇ ਹਥਿਆਰਬੰਦ ਘੋਲ ਦੇ ਮੈਦਾਨ ਅੰਦਰ ਇਨਕਲਾਬੀ ਤਾਕਤਾਂ ਨੂੰ ਹਰਾਉਣ ਅਤੇ ਮਲੀਆਮੇਟ ਕਰਨ ਲਈ ਆਪਣੀ ਸਾਰੀ ਤਾਕਤ ਝੋਕੀ ਜਾਂਦੀ ਹੈ, ਮਾਰਧਾੜ ਅਤੇ ਕਤਲੇਆਮ ਰਚਾਇਆ ਜਾਂਦਾ ਹੈ, ਇਨਕਲਾਬੀ ਤਾਕਤਾਂ 'ਤੇ ''ਅੱਤਵਾਦੀ, ਵੱਖਵਾਦੀ, ਖੱਬੇਪੱਖੀ ਅੱਤਵਾਦੀ'' ਆਦਿ ਦਾ ਠੱਪਾ ਲਾ ਕੇ ਬਦਨਾਮ ਕਰਨ ਦਾ ਹਰ ਹਰਬਾ ਵਰਤਿਆ ਜਾਂਦਾ ਹੈ, ਉੱਥੇ ਵਿਚਾਰਧਾਰਕ ਤੌਰ 'ਤੇ ਕਮਜ਼ੋਰ ਕਰਨ ਅਤੇ ਬੇਹਥਿਆਰ ਕਰਨ ਵਾਸਤੇ ਵਿਚਾਰਧਾਰਕ ਖੋਟ ਰਲਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਇਨਕਲਾਬੀ ਕੈਂਪ ਅੰਦਰ ਵੱਖ ਵੱਖ ਭੇਖ ਧਾਰ ਕੇ ਘੁਸੇ ਮੌਕਾਪ੍ਰਸਤ ਅਤੇ ਸੋਧਵਾਦੀ ਅਨਸਰਾਂ ਨੂੰ ਥਾਪੜਾ ਦਿੱਤਾ ਜਾਂਦਾ ਹੈ, ਸਰਗਰਮੀਆਂ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਸਰਕਾਰੀ-ਦਰਬਾਰੀ ਅਤੇ ਕਾਰਪੋਰੇਟ ਪ੍ਰਚਾਰ-ਸਾਧਨਾਂ ਰਾਹੀਂ ਉਭਾਰਿਆ ਜਾਂਦਾ ਹੈ ਅਤੇ ਅਣਐਲਾਨੀਆ/ਗੁੱਝੀ ਪਲੋਸਵੀ ਸਰਪ੍ਰਸਤੀ ਮੁਹੱਈਆ ਕੀਤੀ ਜਾਂਦੀ ਹੈ। ਇਸ ਤਰ੍ਹਾਂ, ਸਾਮਰਾਜ, ਪਿਛਾਖੜੀ ਹਾਕਮ ਜਮਾਤਾਂ ਅਤੇ ਮੌਕਾਪ੍ਰਸਤ ਅਤੇ ਸੋਧਵਾਦੀ ਟੋਲੇ ਸਭ ਲੋਕ-ਦੁਸ਼ਮਣ ਕੋੜਮੇ ਦੇ ਅੰਗ ਬਣਦੇ ਹਨ। ਕੌਮਾਂਤਰੀ ਕਮਿਊਨਿਸਟ ਲਹਿਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਇਸਨੂੰ ਜਿੱਡੀ ਵੱਡੀ ਘਾਤਕ ਸੱਟ ਸੋਧਵਾਦ ਵਾਲੋਂ ਮਾਰੀ ਗਈ ਹੈ ਅਤੇ ਜਿੱਡੀ ਵੱਡੀ ਪਛਾੜ ਸੋਧਵਾਦ ਵੱਲੋਂ ਦਿੱਤੀ ਗਈ ਹੈ, ਸਾਮਰਾਜ ਅਤੇ ਪਿਛਾਖੜ ਵੱਲੋਂ ਜੰਗ ਦੇ ਮੈਦਾਨ ਵਿੱਚ ਐਡੀ ਵੱਡੀ ਪਛਾੜ ਨਹੀਂ ਦਿੱਤੀ ਜਾ ਸਕੀ। ਰੂਸੀ ਇਨਕਲਾਬ ਤੋਂ ਬਾਅਦ ਰੂਸੀ ਉਲਟ-ਇਨਕਲਾਬੀ ਤਾਕਤਾਂ ਦੇ ਹੱਕ ਵਿੱਚ 14 ਸਾਮਰਾਜੀ ਤਾਕਤਾਂ ਵੱਲੋਂ ਕੀਤੀ ਹਥਿਆਰਬੰਦ ਦਖਲਅੰਦਾਜ਼ੀ ਨੂੰ ਪਛਾੜਦਿਆਂ, ਰੂਸੀ ਇਨਕਲਾਬ ਸੰਸਾਰ ਸਮਾਜਵਾਦੀ ਇਨਕਲਾਬ ਦੇ ਜੇਤੁ ਕਿਲੇ ਦੇ ਤੌਰ 'ਤੇ ਸਥਾਪਤ ਹੋਇਆ, ਜਿਹੜਾ ਸੰਸਾਰ ਸਾਮਰਾਜ ਲਈ ਇੱਕ ਅਜਿੱਤ ਚੁਣੌਤੀ ਬਣ ਕੇ ਉਭਰਿਆ। ਉਸ ਨੂੰ ਸਾਮਰਾਜ ਦੇ ਸੋਧਵਾਦੀ ਏਜੰਟਾਂ ਵੱਲੋਂ ਅੰਦਰੂਨੀ ਘੁਸਪੈਂਠ ਰਾਹੀਂ ਹਥਿਆ ਲਿਆ ਗਿਆ ਅਤੇ ਸਮਾਜਵਾਦ ਦੇ ਇਸ ਕਿਲੇ ਨੂੰ ਦੁਨੀਆਂ ਭਰ ਦੇ ਲੋਕਾਂ ਦੀ ਦੁਸ਼ਮਣ ਸਮਾਜਿਕ-ਸਾਮਰਾਜੀ ਮਹਾਂ-ਸ਼ਕਤੀ ਵਿੱਚ ਪਲਟ ਦਿੱਤਾ ਗਿਆ। ਲੈਨਿਨ ਅਤੇ ਸਟਾਲਿਨ ਦੀ ਰਾਹਨੁਮਾਈ ਵਿੱਚ ਉੱਸਰੀ ਬਾਲਸ਼ਵਿਕ ਪਾਰਟੀ (ਕਮਿਊਨਿਸਟ ਪਾਰਟੀ) ਨੂੰ ਰੂਸੀ ਬੁਰਜੂਆ ਅਫਸਰਸ਼ਾਹ ਜੁੰਡਲੀ ਦੇ ਹੱਥਠੋਕਾ ਸੰਦ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਲਮਕਵੇਂ ਹਥਿਆਰਬੰਦ ਘੋਲ ਦੀਆਂ ਤਰਥੱਲੀਆਂ ਦਰਮਿਆਨ ਨੇਪਰੇ ਚੜ੍ਹਿਆ, ਅਮਰੀਕੀ ਸਾਮਰਾਜੀ ਘੇਰਾਬੰਦੀ ਨੂੰ ਲਲਕਾਰਦਿਆਂ ਸਫਲਕਦਮੀ ਨਾਲ ਅਗੇ ਵਧਿਆ ਅਤੇ ਦੋ ਸਾਮਰਾਜੀ ਮਹਾਂ-ਸ਼ਕਤੀਆਂ (ਅਮਰੀਕੀ ਸਾਮਰਾਜੀ ਅਤੇ ਰੂਸੀ ਸਮਾਜਿਕ-ਸਾਮਰਾਜੀ ਮਹਾਂਸ਼ਕਤੀਆਂ) ਦੀ ਅਗਵਾਈ ਹੇਠਲੇ ਸਾਮਰਾਜੀ ਗੁੱਟਾਂ ਲਈ ਵੰਗਾਰ ਬਣਿਆ ਚੀਨ ਦੇ ਸਮਾਜਵਾਦ ਦਾ ਇਹ ਕਿਲਾ ਵੀ ਪਾਰਟੀ ਅੰਦਰ ਹੀ ਪਨਪੇ ਅਤੇ ਫੈਲੇ-ਪਸਰੇ ਸੋਧਵਾਦ ਰਾਹੀਂ ਹਥਿਆਇਆ ਗਿਆ ਅਤੇ ਇਸ ਨੂੰ ਚੀਨੀ ਮਿਹਨਤਕਸ਼ ਲੋਕਾਂ ਸਮੇਤ ਸੰਸਾਰ ਭਰ ਦੇ ਦੱਬੇ-ਕੁਚਲੇ ਲੋਕਾਂ ਅਤੇ ਕੌਮਾਂ ਲਈ ਗੰਭੀਰ ਖਤਰਾ ਬਣ ਕੇ ਉੱਭਰ ਰਹੇ ਚੀਨੀ ਸਾਮਰਾਜ ਦੇ ਗੜ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਗੱਲ ਕੀਅੱਜ ਸੰਸਾਰ ਦ੍ਰਿਸ਼ ਤੋਂ ਇੱਕ ਦਰਜ਼ਨ ਤੋਂ ਵੱਧ ਦੇਸ਼ਾਂ ਦੇ ਸ਼ਕਤੀਸ਼ਾਲੀ ਸਮਾਜਵਾਦੀ ਕੈਂਪ ਦੇ ਅਲੋਪ ਹੋ ਜਾਣ ਦਾ ਕਾਰਨ ਸੰਸਾਰ ਸਮਾਰਾਜ ਨਾਲ ਹਥਿਆਰਬੰਦ ਟੱਕਰ ਵਿੱਚ ਹੋਈ ਪਛਾੜ ਨਹੀਂ ਹੈ, ਸਗੋਂ ਅੰਦਰੋਂ ਉੱਠੇ ਸੋਧਵਾਦ ਹੱਥੋਂ ਪਛਾੜ ਬਣਿਆ ਹੈ।
ਇਸੇ ਕਰਕੇ, ਕਾਮਰੇਡ ਲੈਨਿਨ ਵੱਲੋਂ ਇੱਕ ਹੱਥਸਾਮਰਾਜ ਖਿਲਾਫ ਅਤੇ ਦੂਜੇ ਹੱਥ- ਮੌਕਾਪ੍ਰਸਤੀ ਅਤੇ ਸੋਧਵਾਦੀ ਖਿਲਾਫ ਦੋ-ਧਾਰੀ ਲੜਾਈ 'ਤੇ ਜ਼ੋਰ ਦਿੰਦਿਆਂ ਕਿਹਾ ਗਿਆ ਸੀ ਕਿ ਮੌਕਾਪ੍ਰਸਤੀ ਅਤੇ ਸੋਧਵਾਦ ਖਿਲਾਫ ਸਮਝੌਤਾ-ਰਹਿਤ ਜੱਦੋਜਹਿਦ ਤੋਂ ਬਗੈਰ ਸਾਮਰਾਜ ਖਿਲਾਫ ਲੜਾਈ ਨਹੀਂ ਦਿੱਤੀ ਜਾ ਸਕਦੀ। ਇਸ ਗੱਲ ਨੂੰ ਮਾਓ-ਜ਼ੇ-ਤੁੰਗ ਵੱਲੋਂ ਵਾਰ ਵਾਰ ਉਭਾਰਦਿਆਂ ਕਿਹਾ ਗਿਆ ਕਿ ''ਮਾਰਕਸਵਾਦ ਦੇ ਬੁਨਿਆਦੀ ਅਸੂਲਾਂ ਨੂੰ ਲਾਂਭੇ ਕਰ ਦੇਣਾ ਅਤੇ ਇਸਦੇ ਸਰਬ-ਵਿਆਪੀ ਸੱਚ ਨੂੰ ਲਾਂਭੇ ਕਰ ਦੇਣਾ ਸੋਧਵਾਦ ਹੈ। ਸੋਧਵਾਦ ਬੁਰਜੂਆ ਸਿਧਾਂਤ ਦੀ ਇੱਕ ਕਿਸਮ ਹੈ... ਮੌਜੂਦਾ ਹਾਲਤਾਂ ਵਿੱਚ ਸੋਧਵਾਦ, ਕੱਟੜਵਾਦ ਨਾਲੋਂ ਵਧੇਰੇ ਘਾਤਕ ਹੈ। ਸਿਧਾਂਤਕ ਖੇਤਰ ਵਿੱਚ ਸਾਡੇ ਹਥਲੇ ਜ਼ਰੂਰੀ ਕੰਮਾਂ ਵਿੱਚੋਂ, ਸੋਧਵਾਦ ਦੀ ਪੜਚੋਲ ਨੂੰ ਫੈਲਾਉਣਾ, ਇੱਕ ਕੰਮ ਹੈ।'' (ਚੀਨੀ ਕਮਿਊਨਿਸਟ ਪਾਰਟੀ ਦੀ ਪ੍ਰਚਾਰਕ ਕੰਮ ਬਾਰੇ ਕੌਮੀ ਕਾਨਫਰੰਸ  'ਤੇ ਤਕਰੀਰ, 12 ਮਾਰਚ, 1957 ਪਹਿਲੀ ਛੋਟੀ ਐਡੀਸ਼ਨ, ਸਫਾ 27-28)
ਇਸ ਲਈ, ਅੱਜ ਜਦੋਂ ਅਸੀਂ ਮਹਾਨ ਅਕਤੂਬਰ ਇਨਕਲਾਬ ਦੀ ਵਰ੍ਹੇ ਗੰਢ ਮਨਾ ਰਹੇ ਹਾਂ ਤਾਂ ਸਾਨੂੰ ਜਿੱਥੇ ਅਕਤੂਬਰ ਇਨਕਲਾਬ ਦੀ ਯੁੱਗ-ਪਲਟਾਊ ਹਸਤੀ, ਸਮਾਜਵਾਦ ਦੀਆਂ ਬਰਕਤਾਂ ਅਤੇ ਵਿਚਾਰਧਾਰਕ ਦੇਣਾਂ ਨੂੰ ਬੁਲੰਦ ਕਰਨਾ ਚਾਹੀਦਾ ਹੈ, ਉੱਥੇ ਸੋਧਵਾਦ ਹੱਥੋਂ ਅਕਤੂਬਰ ਇਨਕਲਾਬ ਨੂੰ ਲੱਗੀ ਪਛਾੜ ਅਤੇ ਇਸ ਤੋਂ ਬਾਅਦ ਅਕਤੂਬਰ ਇਨਕਲਾਬ ਦੀ ਸ਼ਾਨਾਂਮੱਤੀ ਇਨਕਲਾਬੀ ਵਿਰਾਸਤ ਨੂੰ ਚਾਰ ਚੰਨ ਲਾਉਣ ਵਾਲੇ ਚੀਨੀ ਇਨਕਲਾਬ ਨੂੰ ਆਏ ਪੁੱਠੇ ਗੇੜੇ ਦਾ ਕਾਰਨ ਬਣੇ ਸੋਧਵਾਦ ਖਿਲਾਫ ਕਾਰਜ ਦੀ ਅਹਿਮੀਅਤ ਨੂੰ ਵੀ ਪੱਲੇ ਬੰਨ੍ਹਣਾ ਚਾਹੀਦਾ ਹੈ। ਅੱਜ ਸੱਜੀ ਮੌਕਾਪ੍ਰਸਤੀ ਅਤੇ ਸੱਜਾ ਸੋਧਵਾਦ ਕੌਮਾਂਤਰੀ ਕਮਿਊਨਿਸਟ ਲਹਿਰ ਅਤੇ ਭਾਰਤ ਦੀ ਕਮਿਊਨਿਸਟ ਲਹਿਰ ਲਈ ਪ੍ਰਮੁੱਖ ਖਤਰਾ ਬਣੇ ਹੋਏ ਹਨ। ਇਸ ਵੱਲੋਂ ਕਮਿਊਨਿਸਟ ਲਹਿਰ ਦੇ ਬਹੁਤ ਵੱਡੇ ਹੋਣਹਾਰ ਹਿੱਸੇ ਅਤੇ ਟੁਕੜੀਆਂ ਨੂੰ ਨਿਗਲ ਲਿਆ ਗਿਆ ਹੈ ਅਤੇ ਇਹ ਮਨਹੂਸ ਅਮਲ ਅੱਜ ਵੀ ਜਾਰੀ ਹੈ।
ਇਸ ਲਈ, ਸੱਜੀ ਮੌਕਾਪ੍ਰਸਤੀ ਅਤੇ ਸੋਧਵਾਦ ਖਿਲਾਫ ਲੜਾਈ ਤੋਂ ਪਹਿਲਾਂ ਦੋ ਠੋਸ ਗੱਲਾਂ ਬੁੱਝਣ-ਟਿੱਕਣ ਦੀ ਲੋੜ ਹੈ: ਪਹਿਲੀ- ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦ ਦਾ ਠੋਸ ਮੁਹਾਂਦਰਾ ਪਾਛਣਨ ਦੀ ਲੋੜ ਅਤੇ ਦੂਜੀ- ਉਹਨਾਂ ਪਰਪੱਕ (ਹਾਰਡ ਕੋਰ) ਹਿੱਸਿਆਂ ਤੇ ਜੁੰਡਲੀਆਂ ਦੀ ਪਛਾਣ ਕਰਨ ਦੀ ਲੋੜ, ਜਿਹੜੇ ਸੱਜੀ ਮੌਕਾਪ੍ਰਸਤੀ ਅਤੇ ਸੋਧਵਾਦ ਦਾ ਨਾ-ਸੁਧਰਨਯੋਗ ਸੰਦ ਬਣੇ ਹੋਏ ਹਨ ਅਤੇ ਕਮਿਊਨਿਸਟ ਲਹਿਰ ਅੰਦਰ ਇਸ ਨਾ-ਮੁਰਾਦ ਘੁਣ ਦੇ ਵਧਾਰੇ-ਪਸਾਰੇ ਦੀ ਨਰਸਰੀ ਬਣੇ ਹੋਏ ਹਨ।
ਅੱਜ ਸੱਜੀ ਮੌਕਾਪ੍ਰਸਤੀ ਅਤੇ ਸੱਜੇ ਸੋਧਵਾਦ ਦਾ ਪ੍ਰਮੁੱਖ ਨਿਸ਼ਾਨਾ ਮਾਓ ਵਿਚਾਰਧਾਰਾ ਵਿਸ਼ੇਸ਼ ਕਰਕੇ ਮਾਓ-ਜ਼ੇ-ਤੁੰਗ ਵੱਲੋਂ ਘੜਿਆ ਅਤੇ ਵਿਕਸਤ ਕੀਤਾ ਲਮਕਵੇਂ ਲੋਕ ਯੁੱਧ ਦਾ ਸਿਧਾਂਤ ਅਤੇ ਯੁੱਧਨੀਤੀ ਹੈ। ਪੰਜਾਬ ਵਿੱਚ ਵਿਚਰਦੀਆਂ ਧਿਰਾਂ ਵਿੱਚੋਂ ਇੱਕ ਪਾਰਲੀਮਾਨੀ ਸੰਸਥਾਵਾਂ ਦੀਆਂ ਚੋਣਾਂ ਵਿੱਚ ਦਾਅਪੇਚਕ ਹਿੱਸਾ ਲੈਣ ਦੇ ਫੱਟੇ ਓਹਲੇ ਪਿਛਾਖੜੀ ਪਾਰਲੀਮਾਨੀ ਰਾਹ ਪੈ ਗਈ ਹੈ। ਇੱਕ ਹੋਰ ਧਿਰ ਹੈ, ਜਿਹੜੀ 1967 ਵੇਲੇ ਦੀਆਂ ਹਾਲਤਾਂ ਨਾਲੋਂ ਹੁਣ ਹਾਲਤਾਂ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਦੇਖਦੀ ਹੈ ਅਤੇ ਸ਼ਰੇਆਮ ਲਮਕਵੇਂ ਲੋਕ-ਯੁੱਧ ਦੀ ਮੁਲਕ ਅੰਦਰ ਅਮਲਯੋਗਤਾ 'ਤੇ ਸੁਆਲੀਆ ਚਿੰਨ੍ਹ ਲਾ ਕੇ ਇਸ ਨੂੰ ਬੇਦਾਵਾ ਦੇਣ 'ਤੇ ਉੱਤਰ ਆਈ ਹੈ। ਇੱਕ ਹੋਰ ਧਿਰ ਹੈ, ਜਿਹੜੀ ਡੀ.ਵੀ. ਰਾਓ-ਟੀ.ਨਾਗੀ ਰੈਡੀ ਗਰੁੱਪ ਦੀ ਸੂਬੇ ਅੰਦਰ ਬੁਰੀ ਤਰ੍ਹਾਂ ਖਿੰਡ-ਪੁੰਡ ਚੁੱਕੀ ਰਹਿੰਦ-ਖੂੰਹਦ ਹੈ, ਉਹ ਜਨਤਕ ਜਥੇਬੰਦੀਆਂ ਅਤੇ ਜਨਤਕ ਘੋਲਾਂ ਰਾਹੀਂ ਲਮਕਵਾਂ ਹਥਿਆਰਬੰਦ ਘੋਲ ਉਸਾਰਨ ਦਾ ਸੋਧਵਾਦੀ ਰਟਣਮੰਤਰ ਲਾਉਂਦਿਆਂ, ਆਪਣੀ ਜਨਮ-ਜਾਤ ਤੋਂ ਲਮਕਵੇਂ ਲੋਕ-ਯੁੱਧ ਤੋਂ ਭਗੌੜੀ ਹੈ। ਇਹ ਧਿਰ ਡੀ.ਵੀ. ਰਾਓ-ਟੀ. ਨਾਗੀ ਰੈਡੀ ਵੱਲੋਂ ਝਰੀਟੇ ਸੋਧਵਾਦੀ ਦਸਤਾਵੇਜ਼ ''ਭਾਰਤੀ ਇਨਕਲਾਬ ਦਾ ਰਾਹ'' ਨੂੰ ਚਿੰਬੜੀ ਹੋਈ ਹੈ। ਇਹ ਸਾਰੀਆਂ ਧਿਰਾਂ ਦਹਾਕਿਆਂ ਤੋਂ ਕਾਨੂੰਨੀ, ਖੁੱਲ੍ਹੀਆਂ ਅਤੇ ਪੁਰਅਮਨ ਘੋਲ ਸਰਗਰਮੀਆਂ ਵਿੱਚ ਗਲਤਾਨ ਹਨ। ਇਉਂ, ਉਹ ਸਿਰਫ ਅਤੇ ਸਿਰਫ ਜਨਤਕ ਜਥੇਬੰਦੀਆਂ 'ਤੇ ਟੇਕ ਰੱਖ ਕੇ ਚੱਲਦੀਆਂ ਹਨ ਅਤੇ ਜਨਤਾ ਨੂੰ ਇਹਨਾਂ ਜਥੇਬੰਦੀਆਂ ਦੇ ਥੜ੍ਹਿਆਂ ਤੋਂ ਲੜੇ ਜਾਂਦੇ ਆਰਥਿਕਵਾਦੀ-ਸੁਧਾਰਵਾਦੀ ਘੋਲਾਂ ਦੇ ਵਿਹੁ-ਚੱਕਰ ਵਿੱਚ ਪਾ ਰਹੀਆਂ ਹਨ। ਨਾਗੀ ਰੈਡੀ ਗਰੁੱਪ ਦੀ ਆਖਰੀ ਸਾਹ ਬਟੋਰ ਰਹੀ ਫਾਂਕੜ ਵੱਲੋਂ ਬਰਨਾਲਾ ਕਿਸਾਨ ਰੈਲੀ ਮੌਕੇ ਹਥਿਆਰਬੰਦ ਘੋਲ ਦਾ ਦੰਭੀ ਦਾਅਵਾ ਕਰਦਾ ਇੱਕ ਪੋਸਟਰ ਕੱਢ ਕੇ ਫਿਰ ਲੋਕਾਂ ਦੇ ਅੱਖੀਂ ਘੱਟਾ ਝੋਕਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਵੱਲੋਂ ਕਦੀ-ਕਦਾਈਂ ਪੋਸਟਰ-ਲੀਫਲੈਟ ਕੱਢ ਕੇ ਅਜਿਹੀਆਂ ਦੰਭੀ ਕੋਸ਼ਿਸ਼ਾਂ 1970 ਤੋਂ ਜਾਰੀ ਹਨ। ਪੁਰੇ 47 ਸਾਲ ਹੋ ਗਏ ਇਹਨਾਂ ਨੂੰ ਇਹ ਕੁਫਰ ਤੋਲਦਿਆਂ ਅਤੇ ਲੋਕਾਂ ਤੇ ਆਪਣੀਆਂ ਹੇਠਲੀਆਂ ਸਫਾਂ ਨਾਲ ਧੋਖੇ ਦੀ ਖੇਡ ਖੇਡਦਿਆਂ।

No comments:

Post a Comment