Sunday, 10 September 2017

ਅਕਤੂਬਰ ਇਨਕਲਾਬ ਦੀ ਵਿਰਾਸਤ


ਅਕਤੂਬਰ 2017 ਨੂੰ ਪੂਰੇ 100 ਵਰ੍ਹੇ ਹੋ ਜਾਣਗੇ, ਜਦੋਂ ਪ੍ਰੋਲੇਤਾਰੀਏ ਦੀ ਅਗਵਾਈ ਹੇਠ ਰੂਸ ਦੇ ਮਜ਼ਦੂਰਾਂ-ਕਿਸਾਨਾਂ ਵੱਲੋਂ ਹਥਿਆਰਬੰਦ ਬਗਾਵਤ ਰਾਹੀਂ ਜ਼ਾਲਮ ਰੂਸੀ ਜ਼ਾਰਸ਼ਾਹੀ ਰਾਜ ਨੂੰ ਤਹਿਸ਼-ਨਹਿਸ਼ ਕਰਦਿਆਂ, ਸਮਾਜਵਾਦੀ ਇਨਕਲਾਬ ਦਾ ਝੰਡਾ ਕਰੈਮਲਿਨ 'ਤੇ ਝੁਲਾਇਆ ਗਿਆ ਸੀ। ਇਹ ਸੰਸਾਰ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਇੱਕ ਅਜਿਹਾ ਯੁੱਗ-ਪਲਟਾਊ ਘਟਨਾਵਿਕਾਸ ਸੀ, ਜਿਸ ਨਾਲ ਸਭਨਾਂ ਕਿਸਮਾਂ ਦੀਆਂ ਜ਼ਮੀਨਾਂ-ਜਾਇਦਾਦਾਂ ਤੋਂ ਵਾਂਝੀ ਕੀਤੀ, ਸਮਾਜ ਦੀ ਸਭ ਤੋਂ ਵੱਧ ਲੁੱਟੀ-ਲਤਾੜੀ ਮਜ਼ਦੂਰ ਜਮਾਤ ਵੱਲੋਂ ਰਾਜ-ਭਾਗ 'ਤੇ ਆਪਣੀ ਸਰਦਾਰੀ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਸਥਾਪਤ ਕੀਤੀ ਗਈ ਸੀ, ਜਿਸ ਤਹਿਤ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ-ਕਮਿਊਨਿਜ਼ਮ ਵੱਲ ਜਾਂਦੇ ਸਮਾਜਵਾਦੀ ਦੌਰ ਦਾ ਆਗਾਜ਼ ਕੀਤਾ ਗਿਆ ਸੀ।
ਅਕਤੂਬਰ ਇਨਕਲਾਬ ਨਾਲ ਸਾਮਰਾਜੀ ਗਲਬੇ ਅਤੇ ਸਰਦਾਰੀ ਹੇਠਲੇ ਸੰਸਾਰ ਅੰਦਰ ਇੱਕ ਨਵੇਂ ਯੁੱਗ ਪ੍ਰੋਲੇਤਾਰੀ ਇਨਕਲਾਬਾਂ ਦੇ ਯੁੱਗ ਦਾ ਪਹੁ-ਫੁਟਾਲਾ ਹੋਇਆ ਸੀ, ਜਿਸ ਕਰਕੇ ਸਾਮਰਾਜ ਦਾ ਯੁੱਗ ''ਸਾਮਰਾਜ ਅਤੇ ਪਰੋਲੇਤਾਰੀ ਇਨਕਲਾਬਾਂ ਦਾ ਯੁੱਗ'' ਬਣ ਗਿਆ ਸੀ। ਜਿਸਦਾ ਮਤਲਬ ਹੈ ਪਤਨਸ਼ੀਲ ਅਜਾਰੇਦਾਰਾਨਾ ਪੂੰਜੀਵਾਦ ਅਤੇ ਜਮਾਤ-ਰਹਿਤ ਅਤੇ ਮਨੁੱਖ ਹੱਥੋਂ ਮਨੁੱਖ ਦੀ ਦੀ ਲੁੱਟ ਰਹਿਤ ਸਮਾਜ ਉਸਾਰੀ ਦੇ ਪ੍ਰੋਲੇਤਾਰੀ (ਸਮਾਜਵਾਦੀ) ਇਨਕਲਾਬਾਂ ਦੇ ਦੌਰ ਦੇ ਦੋ ਇੱਕ ਦੂਜੇ ਤੋਂ ਉਲਟ ਅਤੇ ਬੁਨਿਆਦੀ ਤੌਰ 'ਤੇ ਟਕਰਾਵੇਂ ਵਹਿਣਾਂ ਦਰਮਿਆਨ ਜ਼ਿੰਦਗੀ ਮੌਤ ਦੀ ਜੰਗ। ਹੋਰ ਲਫਜ਼ਾਂ ਵਿੱਚ ਗੱਲ ਕਰਨੀ ਹੋਵੇ ਤਾਂ ਅਕਤੂਬਰ ਇਨਕਲਾਬ ਵੱਲੋਂ ਇੱਕ ਪਾਸੇ ਸੰਸਾਰ ਸਾਮਰਾਜਵਾਦ ਅਤੇ ਸੰਸਾਰ ਭਰ ਦੇ ਪਿਛਾਖੜ ਅਤੇ ਦੂਜੇ ਪਾਸੇ ਸਮਾਜਵਾਦੀ ਇਨਕਲਾਬ ਅਤੇ ਸਾਮਰਾਜੀ ਗੁਲਾਮੀ ਅਤੇ ਦਾਬੇ ਹੇਠਲੇ ਮੁਲਕਾਂ ਦੀਆਂ ਸਾਮਰਾਜ ਵਿਰੋਧੀ ਕੌਮੀ ਮੁਕਤੀ ਲਹਿਰਾਂ ਦਰਮਿਆਨ ਸਪਸ਼ਟ ਦੁਸ਼ਮਣਾਨਾ ਲਕੀਰ ਖਿੱਚਦਿਆਂ, ਇਹਨਾਂ ਦਰਮਿਆਨ ਜ਼ਿੰਦਗੀ ਮੌਤ ਦੀ ਜੰਗ ਲਈ ਪਾਲਾਬੰਦੀ ਕਰ ਦਿੱਤੀ ਗਈ ਸੀ। ਅੱਜ ਚਾਹੇ ਇੱਕ ਸਮਾਜਿਕ ਪ੍ਰਬੰਧ ਵਜੋਂ ਸਮਾਜਵਾਦ ਦੁਨੀਆਂ ਦੇ ਨਕਸ਼ੇ 'ਤੇ ਨਹੀਂ ਰਿਹਾ, ਪਰ ਇਹ ਦੁਸ਼ਮਣਾਨਾ ਪਾਲਾਬੰਦੀ ਕਾਇਮ ਹੈ। ਦੋ ਦੁਸ਼ਮਣਾਨਾ ਧਿਰਾਂ, ਦੋ ਦੁਸ਼ਮਣਾਨਾ ਕੈਂਪਾਂ, ਦੋ ਇੱਕ ਦੂਜੇ ਤੋਂ ਉਲਟ ਵਹਿੰਦੇ ਸਮਾਜਿਕ-ਸਿਆਸੀ ਵਹਿਣਾਂ ਦਰਮਿਆਨ ਜ਼ਿੰਦਗੀ ਮੌਤ ਦੀ ਜੰਗ ਜਾਰੀ ਹੈ।
ਮਹਾਨ ਅਕਤੂਬਰ ਇਨਕਲਾਬ, ਉਸ ਤੋਂ ਬਾਅਦ ਚੀਨ ਸਮੇਤ ਹੋਰਨਾਂ ਮੁਲਕਾਂ ਵਿੱਚ ਹੋਏ ਇਨਕਲਾਬਾਂ ਅਤੇ ਅੱਜ ਤੱਕ ਦੋ ਦੁਸ਼ਮਣਾਨਾ ਰਿਸ਼ਤੇ ਵਾਲੇ ਸਮਾਜਿਕ-ਸਿਆਸੀ ਵਹਿਣਾਂ ਦਰਮਿਆਨ ਜਾਰੀ ਜ਼ਿੰਦਗੀ ਮੌਤ ਦੀ ਲੜਾਈ ਦੇ ਇਤਿਹਾਸ ਵੱਲੋਂ ਪੁਸ਼ਟ ਕੀਤੇ, ਉਭਾਰੇ ਅਤੇ ਸਥਾਪਤ ਕੀਤੇ ਗਏ ਸਬਕਾਂ ਵਿੱਚੋਂ ਦੋ ਸਬਕ ਅਜਿਹੇ ਹਨ, ਜਿਹੜੇ ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਦੇ ਗਿਰੀ-ਨੁਮਾ ਅਸੂਲ ਹਨ, ਜਿਹਨਾਂ 'ਤੇ ਮਾਰਕਸ ਤੋਂ ਲੈ ਕੇ ਮਾਓ-ਜ਼ੇ-ਤੁੰਗ ਤੱਕ ਪ੍ਰੋਲੇਤਾਰੀ ਦੇ ਮਹਾਨ ਉਸਤਾਦਾਂ ਵੱਲੋਂ ਵਾਰ ਵਾਰ ਜ਼ੋਰ ਦਿੱਤਾ ਗਿਆ ਹੈ। ਇਹਨਾਂ ਵਿੱਚ ਪਹਿਲਾ ਹੈਹਥਿਆਰਬੰਦ ਤਾਕਤ ਰਾਹੀਂ ਉਲਟ ਇਨਕਲਾਬੀ ਰਾਜ-ਸੱਤਾ ਨੂੰ ਉਲਟਾਉਣ ਦਾ ਅਸੁਲ। ਮਾਓ-ਜ਼ੇ-ਤੁੰਗ ਦਾ ਕਥਨ ਹੈ, ''ਹਥਿਆਰਬੰਦ ਤਾਕਤ ਰਾਹੀਂ ਸੱਤ੍ਹਾ 'ਤੇ ਕਬਜ਼ਾ ਕਰਨਾ, ਮਾਮਲੇ ਦਾ ਜੰਗ ਰਾਹੀਂ ਨਿਬੇੜਾ ਕਰਨਾ ਇਨਕਲਾਬ ਦਾ ਕੇਂਦਰੀ ਕਾਰਜ ਅਤੇ ਸਰਬ-ਉੱਚ ਰੂਪ ਬਣਦਾ ਹੈ। ਇਨਕਲਾਬ ਦਾ ਇਹ ਮਾਰਕਸੀ ਲੈਨਿਨੀ ਅਸੂਲ ਸਰਬ-ਵਿਆਪਕ ਹੈ, ਜਿਹੜਾ ਚੀਨ ਅਤੇ ਹੋਰਨਾਂ ਸਭਨਾਂ ਮੁਲਕਾਂ ਲਈ ਢੁਕਵਾਂ ਹੈ।'' (ਮਾਓ-ਜ਼ੇ-ਤੁੰਗ, ਜੰਗ ਅਤੇ ਯੁੱਧਨੀਤੀ ਦੀਆਂ ਸਮੱਸਿਆਵਾਂ, ਗ੍ਰੰਥ-2, ਸਫਾ 219) ''ਪਰ ਅਸੂਲ ਚਾਹੇ ਉਹੀ ਰਹਿੰਦਾ ਹੈ, ਪਰ ਪਰੋਲੇਤਾਰੀ ਦੀ ਪਾਰਟੀ ਵੱਲੋਂ ਇਸ ਨੂੰ ਲਾਗੂ ਕਰਨ ਲਈ ਕੀਤੇ ਜਾਂਦੇ ਅਭਿਆਸ ਅੰਦਰ ਇਸਦਾ ਵੱਖੋ ਵੱਖਰੀਆਂ ਹਾਲਤਾਂ ਵਿੱਚ ਵੱਖੋ ਵੱਖਰਾ ਇਜ਼ਹਾਰ ਹੁੰਦਾ ਹੈ।'' ਯਾਨੀ ਸਰਮਾਏਦਾਰ ਮੁਲਕਾਂ ਅਤੇ ਅਰਧ-ਬਸਤੀਵਾਦੀ ਅਰਧ ਜਾਗੀਰੂ ਮੁਲਕਾਂ ਵਿੱਚ ਹਥਿਆਰਬੰਦ ਘੋਲ ਰਾਹੀਂ ਸੱਤ੍ਹਾ 'ਤੇ ਕਬਜ਼ਾ ਕਰਨ ਦਾ ਰਾਹ ਦੋ ਵੱਖਰੀਆਂ ਯੁੱਧਨੀਤੀਆਂ ਦਾ ਰੂਪ ਧਾਰਦਾ ਹੈ। ਸਰਮਾਏਦਾਰ ਮੁਲਕਾਂ ਵਿੱਚ ਹਥਿਆਰਬੰਦ ਘੋਲ ਦਾ ਰਾਹ ਬਗਾਵਤ ਅਤੇ ਜੰਗ ਦੀ ਯੁੱਧਨੀਤੀ ਦੀ ਸ਼ਕਲ ਅਖਤਿਆਰ ਕਰਦਾ ਹੈ। ਇਹਨਾਂ ਮੁਲਕਾਂ ਵਿੱਚ ''ਕਮਿਊਨਿਸਟ ਪਾਰਟੀ ਦਾ ਕਾਰਜ, ਬਗਾਵਤ ਅਤੇ ਜੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਾਨੂੰਨੀ ਘੋਲ ਦੇ ਇੱਕ ਲੰਮੇਰੇ ਅਰਸੇ ਰਾਹੀਂ ਗੁਜ਼ਰਦਿਆਂ, ਕਾਮਿਆਂ ਨੂੰ ਸਿੱਖਿਅਤ ਕਰਨਾ ਅਤੇ ਬਗਾਵਤ ਲਈ ਤਾਕਤ ਇਕੱਠੀ ਕਰਨਾ ਹੁੰਦਾ ਹੈ। ਪਰ ਮਾਓ-ਜ਼ੇ-ਤੁੰਗ ਵੱਲੋਂ ਚੀਨ ਨੂੰ ਇੱਕ ਅਰਧ-ਬਸਤੀ ਅਰਧ-ਜਾਗੀਰੂ ਮੁਲਕ'' ਵਜੋਂ ਬੁੱਝਦਿਆਂ, ਇਸੇ ਅਸੂਲ ਨੂੰ ਚੀਨ 'ਤੇ ਢੁਕਾਉਂਦਿਆਂ ਕਿਹਾ ਗਿਆ, ''ਚੀਨ ਅੰਦਰ ਜੰਗ ਘੋਲ ਦੀ ਮੁੱਖ ਸ਼ਕਲ ਹੈ ਅਤੇ ਫੌਜ ਜਥੇਬੰਦੀ ਦੀ ਮੁੱਖ ਸ਼ਕਲ ਹੈ। ਦੂਜੀਆਂ ਸ਼ਕਲਾਂ ਜਿਵੇਂ ਜਨਤਕ ਜਥੇਬੰਦੀ ਅਤੇ ਜਨਤਕ ਘੋਲ ਬੇਹੱਦ ਅਹਿਮ ਅਤੇ ਅਸਲੋਂ ਅਣਸਰਦੀ ਲੋੜ ਬਣਦੀਆਂ ਹਨ ਅਤੇ ਕਿਸੇ ਵੀ ਹਾਲਤ ਵਿੱਚ ਨਜ਼ਰਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ, ਪਰ ਇਹਨਾਂ ਦਾ ਮਨੋਰਥ ਜੰਗ ਦੀ ਸੇਵਾ ਵਿੱਚ ਭੁਗਤਣਾ ਹੈ। ਜੰਗ ਲੱਗਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਅਤੇ ਘੋਲ ਜੰਗ ਦੀ ਤਿਆਰੀ ਲਈ ਹੁੰਦੇ ਹਨ, ਜਿਵੇਂ ਕਿ 4 ਮਈ 1919 ਅਤੇ 30 ਮਈ 1925 ਦਰਮਿਆਨ ਦੇ ਅਰਸੇ ਵਿੱਚ ਹੋਇਆ ਹੈ, ਜਦੋਂ ਜੰਗ ਲੱਗ ਜਾਂਦੀ ਹੈ, ਤਾਂ ਸਾਰੀਆਂ ਜਥੇਬੰਦੀਆਂ ਅਤੇ ਘੋਲਾਂ ਦਾ ਸਿੱਧੇ ਜਾਂ ਅਸਿੱਧੇ ਜੰਗ ਨਾਲ ਤਾਲਮੇਲ ਬਿਠਾਇਆ ਜਾਂਦਾ ਹੈ...'' (ਹਵਾਲਾ ਉਹੀ, ਸਫਾ 221)

No comments:

Post a Comment