Friday, 8 September 2017

ਖੇਤ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ


ਖੇਤ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਸ੍ਰੀ ਮੁਕਤਸਰ ਸਾਹਿਬ, 18 ਅਗਸਤ-ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਖੇਤ ਮਜ਼ਦੂਰ ਪੁਰਸ਼, ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਨੇ ਸਰਕਾਰ ਦੀ ਮੌਕਾ ਪ੍ਰਸਤੀ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਨਿੱਤ ਖੁਦਕਸ਼ੀਆਂ ਦੇ ਰਾਹ ਤੁਰੇ ਖੇਤ ਮਜ਼ਦੂਰਾਂ ਨੂੰ ਬਚਾਉਣ ਲਈ ਸਿਵਾਏ ਕਾਗਜ਼ੀ ਕਾਰਵਾਈਆਂ ਦੇ ਕੁਝ ਨਹੀਂ ਕੀਤਾ ਜਾ ਰਿਹਾ ਹੈ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਬਹੁਤ ਖੇਤ ਮਜ਼ਦੂਰਾਂ ਵੱਲੋਂ ਬੈਂਕਾਂ ਦੀ ਥਾਂ ਸੂਦਖੋਰਾਂ ਤੋਂ ਕਰਜ਼ਾ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਤਾਂ ਹੁੰਦੀ ਨਹੀਂ। ਇਸ ਲਈ ਖੇਤ ਮਜ਼ਦੂਰਾਂ ਨੂੰ ਬਿਨਾਂ ਜ਼ਾਮਨੀ ਲੰਬੀ ਮਿਆਦ ਵਾਲੇ ਬੈਂਕ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ ਤੇ ਪਹਿਲੇ ਕਰਜ਼ੇ ਮੁਆਫ ਕੀਤੇ ਜਾਣ। ਖੁਦਕਸ਼ੀ ਪੀੜਤਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਇਕ-ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਪੈਨਸ਼ਨਾਂ, ਮਨਰੇਗਾ ਤੇ ਸਕੂਲੀ ਵਜ਼ੀਫਿਆਂ ਦੇ ਖੜ ਬਕਾਏ ਤੁਰੰਤ ਜਾਰੀ ਕੀਤੇ ਜਾਣ ਸਮੇਤ ਹੋਰ ਮੰਗਾਂ ਦੀ ਮੰਗ ਕੀਤੀ ਗਈ। ਇਸ ਦੌਰਾਨ ਉਹਨਾਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨਣ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਬਰਨਾਲਾ, 19 ਅਗਸਤ- ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਬਰਨਾਲਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਖੇਤ ਮਜ਼ਦੂਰਾਂ ਨਾਲ ਕਰਜ਼ੇ ਮੁਆਫੀ ਸਬੰਧੀ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਚੋਣ ਵਾਅਦਿਆਂ ਅਨੁਸਾਰ ਪੈਨਸ਼ਨ/ਸ਼ਗਨ ਰਾਸ਼ੀਆਂ ' ਨਾ ਵਾਧਾ ਕੀਤਾ ਅਤੇ ਨਾ ਹੀ ਮਜ਼ਦੂਰਾਂ ਨੂੰ ਨਵੇਂ ਰਿਹਾਇਸ਼ੀ ਪਲਾਟ ਤੇ ਪਹਿਲਾਂ ਕੱਟ ਪਲਾਟਾਂ ਦੇ ਕਬਜ਼ੇ ਦਿੱਤੇ ਗਏ। ਇੱਥੋਂ ਤੱਕ ਕਿ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਮਜ਼ਦੂਰਾਂ ਦੇ ਬੱਚਿਆਂ ਲਈ ਕਿਤਾਬਾਂ ਤੇ ਵਜ਼ੀਫੇ ਵੀ ਨਹੀ ਜਾਰੀ ਕੀਤੇ ਗਏ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਬਿਨਾਂ ਵਿਆਜ 'ਤੇ ਗਾਰੰਟੀ ਲੰਮੀ ਮਿਆਦ ਦੇ ਕਰਜ਼ੇ ਦਿੱਤੇ ਜਾਣ, ਖ਼ਦਕੁਸ਼ੀ ਪੀੜਤ ਮਜ਼ਦੂਰ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ, 10-10 ਮਰਲੇ ਦੇ ਪਲਾਟ ਕੱਟ ਕੇ ਤੁਰੰਤ ਕਬਜ਼ੇ, ਮਗਨਰੇਗਾ ਤਹਿਤ 500 ਰੁਪਏ ਦਿਹਾੜੀ, 2500 ਪੈਨਸ਼ਨ, 31000 ਸ਼ਗਨ, ਤੁਰੰਤ ਸਕੂਲੀ ਕਿਤਾਬਾਂ ਤੇ ਵਜ਼ੀਫੇ ਰਿਲੀਜ, ਕੱਟੀ ਬਿਜ਼ਲੀ ਮੁਆਫੀ ਚਾਲੂ ਕਰਨ ਅਤੇ ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ' ਵੰਡੀ ਜਾਵੇ ਆਦਿ।

No comments:

Post a Comment