Sunday, 10 September 2017

ਡੇਰਾਵਾਦ


ਅਖੌਤੀ ਡੇਰਾਵਾਦ
ਸਾਧ-ਸੰਤ, ਬਾਬੇ ਅਤੇ ਉਹਨਾਂ ਦੇ ਡੇਰੇ ਵਕਤੀ ਹਾਕਮ ਜਮਾਤੀ ਸਿਆਸੀ ਮੁਫਾਦਾਂ (ਵੋਟਾਂ ਹਾਸਲ ਕਰਨ ਅਤੇ ਜਨਤਾ ਦੀ ਸੁਰਤੀ ਨੂੰ ਜੀਵਨ ਦੇ ਭਖਵੇਂ ਆਰਥਿਕ-ਸਿਆਸੀ ਮੁੱਦਿਆਂ ਤੋਂ ਭਟਕਾਉਣ) ਦੀ ਪੂਰਤੀ ਦਾ ਹੀ ਜ਼ਰੀਆ ਨਹੀਂ ਬਣਦੇ, ਸਗੋਂ ਇਹ ਮੁਲਕ ਦੇ ਮੌਜੂਦਾ ਅਰਧ-ਜਾਗੀਰੂ ਸਮਾਜੀ-ਆਰਥਿਕ ਨਿਜ਼ਾਮ ਦੀ ਪਿਛਾਂਹਖਿੱਚੂ ਵਿਚਾਰਧਾਰਕ ਥੰਮ੍ਹੀਆਂ (ਰੈਟਰੋਗਰੈਸਿਵ ਆਡੀਆਲੌਜੀਕਲ ਪਰੌਪਸ) ਵੀ ਬਣਦੇ ਹਨ। ਇਹ ਡੇਰੇ ਲੋਕਾਂ ਵਿੱਚ ਮੱਧਯੁੱਗੀ ਪਿਛਾਂਹਖਿੱਚੂ, ਰੂੜ੍ਹੀਵਾਦੀ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ਼ਾਂ, ਪਿਤਾ-ਪੁਰਖੀ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਪ੍ਰਚਾਰਦੇ ਉਭਾਰਦੇ ਹਨ। ਮੌਜੂਦਾ ਲੋਕ-ਦੁਸ਼ਮਣ ਨਿਜ਼ਾਮ ਨੂੰ ਬਦਲਣ ਦੀ ਬਜਾਇ, ਰੱਬ ਅਤੇ ਦੇਵੀ-ਦੇਵਤਿਆਂ ਨੂੰ ਧਿਆਉਣ ਅਤੇ ਆਪਣਾ ਅੱਗਾ ਸੰਵਾਰਨ ਦਾ ਉਪਦੇਸ਼ ਦਿੰਦਿਆਂ, ਲੋਕ ਮਨਾਂ ਵਿੱਚ ਹੋਣੀਵਾਦ ਦੇ ਵਿਸ਼ਵਾਸ਼ ਨੂੰ ਪੱਕਾ ਕਰਦੇ ਹਨ ਅਤੇ ਲੋਕਾਂ ਵਿੱਚ ਸਾਮਰਾਜੀ ਜਾਗੀਰੂ ਲੁੱਟ-ਖੋਹ ਅਤੇ ਦਾਬੇ ਖਿਲਾਫ ਪ੍ਰਚੰਡ ਹੋ ਰਹੇ ਰੋਹ ਨੂੰ ਅਖੌਤੀ ਰੂਹਾਨੀ ਉਪਦੇਸ਼ਾਂ ਦੇ ਛਿੱਟੇ ਨਾਲ ਸ਼ਾਂਤ ਕਰਦੇ ਹਨ। ਇਉਂ, ਗੁਰਬਤ ਅਤੇ ਕੰਗਾਲੀ ਦੀ ਝੰਬੀ ਅਤੇ ਇਸ ਨਰਕੀ ਜ਼ਿੰਦਗੀ ਵਿੱਚੋਂ ਮੁਕਤੀ ਭਾਲਦੀ ਪਹਿਲਾਂ ਹੀ ਪਿਛਾਂਹਖਿੱਚੁ ਵਿਚਾਰਾਂ ਦੀ ਸ਼ਿਕਾਰ ਅਤੇ ਜਮਹੂਰੀ ਚੇਤਨਾ ਤੋਂ ਕੋਰੀ ਜਨਤਾ ਆਪਣੀ ਤਪਦੀ ਜ਼ਿੰਦਗੀ ਨੂੰ ਠਾਰਨ ਦੀ ਭਰਮਾਊ ਮ੍ਰਿਗ-ਤ੍ਰਿਸ਼ਨਾ ਤਹਿਤ ਇਹਨਾਂ ਡੇਰਿਆਂ ਵੱਲ ਖਿੱਚੀ ਜਾਂਦੀ ਹੈ। ਜਿਸਦਾ ਇਹਨਾਂ ਡੇਰਿਆਂ ਅੰਦਰ ਜਜ਼ਬਾਤੀ-ਮਾਨਸਿਕ ਸੋਸ਼ਣ ਹੀ ਨਹੀਂ ਕੀਤਾ ਜਾਂਦਾ, ਭੇਟਾ ਦੀ ਸ਼ਕਲ ਵਿੱਚ ਉਹਨਾਂ ਦੇ ਸੀਮਤ ਆਰਥਿਕ ਵਸੀਲਿਆਂ ਵਿੱਚੋਂ ਵੀ ਹਿੱਸਾ ਵਸੂਲਿਆ ਜਾਂਦਾ ਹੈ ਅਤੇ ਵਗਾਰ ਦੇ ਰੂਪ ਵਿੱਚ (ਬਿਨਾ ਉਜਰਤ) ਉਹਨਾਂ ਦੀ ਕਿਰਤ ਨੂੰ ਵੀ ਲੁੱਟਿਆ ਜਾਂਦਾ ਹੈ। ਜਿੰਨੀ ਜ਼ਿਆਦਾ ਸ਼ਰਧਾਲੂਆਂ ਦੀ ਗਿਣਤੀ, ਓਨਾ ਹੀ ਵੱਡਾ ਉਹਨਾਂ ਦੇ ਆਰਥਿਕ ਵਸੀਲਿਆਂ ਅਤੇ ਕਿਰਤ ਦੀ ਲੁੱਟ ਰਾਹੀਂ ਇਕੱਠਾ ਹੋਣ ਵਾਲਾ ਮਾਇਆ ਦਾ ਅੰਬਾਰ। ਮਾਇਆ ਦੇ ਅੰਬਾਰ 'ਤੇ ਬੈਠੇ ਧਰਮਗੁਰੂ (ਮਹੰਤ) ਆਪਣੇ ਅਤੇ ਆਪਣੇ ਕੋੜਮੇ ਲਈ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ-ਕੋਠੀਆਂ, ਬੰਗਲਿਆਂ, ਨਾਮੀ-ਬੇਨਾਮੀ ਜ਼ਮੀਨਾਂ-ਜਾਇਦਾਦਾਂ, ਐਸ਼ੋ-ਇਸ਼ਰਤ ਦਾ ਢਾਂਚਾ, ਆਪਣੀ ਪਹਿਰੇਦਾਰੀ ਲਈ ਸੇਵਾਦਾਰਾਂ ਦੀ ਸ਼ਕਲ ' ਲੱਠਮਾਰਾਂ ਦੀ ਧਾੜ ਅਤੇ ਸਰਕਾਰੀ ਦਰਬਾਰੀ ਰਸੂਖਵਾਨਾਂ ਨਾਲ ਗੰਢਤੁੱਪ ਕਰਨ ਦਾ ਕੁੱਲ ਤਾਣਾ-ਪੇਟਾ ਉਸਾਰਦੇ ਹਨ। ਇਉਂ ਇਹ ਡੇਰਾਵਾਦ ਅਖੌਤੀ ਰੂਹਾਨੀਅਤ ਅਤੇ ਰੱਬੀਦੂਤਵਾਦ ਦੀ ਪੁਸ਼ਾਕ ਨਾਲ ਸ਼ਿੰਗਾਰੀ ਜਾਗੀਰਦਾਰੀ ਦਾ ਹੀ ਇੱਕ ਰੂਪ ਧਾਰ ਲੈਂਦਾ ਹੈ। ਇਹਨਾਂ ਡੇਰਿਆਂ ਦੇ ਮੁਖੀਆਂ ਅਤੇ ਉਸਦੇ ਮਾਤਹਿਤ ਕਰਤਿਆਂ-ਧਰਤਿਆਂ ਵੱਲੋਂ ਇਹਨਾਂ ਡੇਰਿਆਂ ਅੰਦਰ ਜਾਗੀਰੂ ਐਸ਼ੋਇਸ਼ਰਤ ਅਤੇ ਔਰਤਾਂ ਦੇ ਸੋਸ਼ਣ ਵਰਗੇ ਕੁਕਰਮਾਂ ਨੂੰ ਸਰਅੰਜਾਮ ਦਿੱਤਾ ਜਾਂਦਾ ਹੈ। ਆਸਾ ਰਾਮ, ਰਾਮਪਾਲ ਅਤੇ ਗੁਰਮੀਤ ਰਾਮ ਰਹੀਮ ਦੇ ਡੇਰਿਆਂ ਦੀ ਦੰਭੀ ਰੂਹਾਨੀਅਤ ਦੇ ਪਰਦੇ ਪਾੜ ਕੇ ਬਾਹਰ ਆਈ ਝਲਕ ਕੁਲ ਸਚਾਈ ਦਾ ਇੱਕ ਬਹੁਤ ਹੀ ਛੋਟਾ ਹਿੱਸਾ ਹੈ।
ਅਸਲ ਵਿੱਚ ਇਹ ਡੇਰੇ ਇਸ ਅਰਧ-ਜਾਗੀਰੂ ਨਿਜ਼ਾਮ ਦਾ ਵਜੂਦ ਸਮੋਇਆ ਵਰਤਾਰਾ ਹਨ। ਅਰਧ-ਜਾਗੀਰੂ ਨਿਜ਼ਾਮ ਦੇ ਗੈਰ-ਵਿਗਿਆਨਕ ਅਤੇ ਤਰਕਹੀਣ ਵਾਤਾਵਰਣ ਵਿੱਚ ਪ੍ਰਚੱਲਤ ਵਹਿਮ-ਭਰਮ, ਅੰਧ-ਵਿਸ਼ਵਾਸ਼, ਰੱਬਵਾਦ ਅਤੇ ਜਾਗੀਰੂ ਦਬਸ਼ ਸਨਮੁੱਖ ਨਿਤਾਣਾਪਣ ਇਸ ਵਰਤਾਰੇ ਦੀ ਜੰਮਣ-ਭੋਇੰ ਬਣਦੇ ਹਨ ਅਤੇ ਮੋੜਵੇਂ ਰੂਪ ਵਿੱਚ ਇਹਨਾਂ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ਼ਾਂ ਅਤੇ ਰੱਬਵਾਦ ਨੂੰ ਪ੍ਰਚਾਰਦਿਆਂ-ਉਭਾਰਦਿਆਂ, ਇਹ ਵਰਤਾਰਾ ਆਪਣੀ ਜੰਮਣ-ਭੋਇੰ ਨੂੰ ਹੋਰ ਤਕੜਾਈ ਬਖਸ਼ਦਾ ਹੈ। ਇਸ ਨਿਜ਼ਾਮ ਦੇ ਸਹੀ ਸਲਾਮਤ ਰਹਿੰਦਿਆਂ, ਕੋਈ ਆਸਾਰਾਮ, ਰਾਮਪਾਲ, ਅਤੇ ਰਾਮ ਰਹੀਮ ਵਕਤੀ ਮਾਰ ਹੇਠ ਸਕਦਾ ਹੈ, ਪਰ ਡੇਰਾਵਾਦ ਦੇ ਕੁਲਹਿਣੇ ਵਰਤਾਰੇ ਨੇ ਕਾਇਮ ਵੀ ਰਹਿਣਾ ਹੈ ਅਤੇ ਵਧਦੇ-ਫੁੱਲਦੇ ਵੀ ਰਹਿਣਾ ਹੈ। ਲੋਕਾਂ ਨੂੰ ਹੋਣੀਵਾਦ ਦਾ ਸ਼ਿਕਾਰ ਬਣਾ ਰਹੇ ਡੇਰਾਵਾਦ ਦੇ ਵਰਤਾਰੇ ਦੀ ਹੋਣੀ ਇਸ ਪਿਛਾਖੜੀ ਨਿਜ਼ਾਮ ਦੀ ਹੋਣੀ ਨਾਲ ਬੱਝੀ ਹੋਈ ਹੈ।

No comments:

Post a Comment