Sunday, 10 September 2017

ਦਲਿਤ ਹੱਕ ਜਤਲਾਈ ਦੀ ਵਿਸ਼ਾਲ ਲਹਿਰ ਦਾ ਉਭਾਰ


ਭੁੱਖੇ-ਢਿੱਡਾਂ ਨੂੰ ਆਤਮ ਸਨਮਾਨ ਦਾ ਉਪਦੇਸ਼ ਨਹੀਂ ਦਿੱਤਾ ਜਾ ਸਕਦਾ

ਜੁਲਾਈ 2016 ਦੇ ਅੱਧ ਵਿੱਚ ਗੁਜਰਾਤ ਦੇ ਊਨਾ ਵਿੱਚ ਮ੍ਰਿਤਕ ਗਊਆਂ ਦੀ ਚਮੜੀ ਉਤਾਰਨ ਅਤੇ ਦਲਿਤ ਨੌਜਵਾਨਾਂ ਨੂੰ ਕੁੱਟੇ ਜਾਣ 'ਤੇ ਇੱਕ ਵੀਡੀਓ ਵਾਇਰਲ ਹੋਈ, ਜਿਸਦੇ ਪ੍ਰਤੀਕਰਮ ਵਜੋਂ ਦਲਿਤ ਹੱਕ ਜਤਲਾਈ ਦੀ ਵਿਸ਼ਾਲ ਲਹਿਰ ਦਾ ਉਭਾਰ ਹੋਇਆ। ਜਿਸ ਦੀ ਮਿਸਾਲ ਅਜੋਕੇ ਭਾਰਤ ਦੇ ਇਤਿਹਾਸ ਵਿੱਚ ਵਿਰਲੀ ਹੀ ਮਿਲਦੀ ਹੈ।
ਅਹਿਮਦਾਬਾਦ ਤੋਂ ਊਨਾ ਤੱਕ 400 ਕਿਲੋਮੀਟਰ 'ਤੇ ਤਿੰਨ ਲੱਖ ਲੋਕਾਂ ਦੀ ਸ਼ਮੂਲੀਅਤ ਵਾਲੇ ਆਪਣੇ ਸਵੈਮਾਣ ਅਤੇ ਸ਼ਾਨ ਦੀ ਰਾਖੀ ਵਾਸਤੇ ਹੋਏ ਇਸ ਮਾਰਚ ਨੇ ਸੰਘ ਪਰਿਵਾਰ ਦੀਆਂ ਸਭ ਧਮਕੀਆਂ ਨੂੰ ਠੁੱਡ ਮਾਰਦਿਆਂ ਅਤੇ ਖਤਰਿਆਂ ਦਾ ਬਹਾਦਰੀ ਨਾਲ ਸਾਹਮਣਾ ਕਰਦਿਆਂ, ਇਹ ਲਲਕਾਰਵਾਂ ਨਾਹਰਾ ਬੁਲੰਦ ਕੀਤਾ ਸੀ ਕਿ ''ਗਊ ਦੀ ਪੂਛ ਤੁਸੀਂ ਰੱਖ ਲਊ, ਸਾਨੂੰ ਸਾਡੀ ਜ਼ਮੀਨ ਦਿਓ।''
ਉਹਨਾਂ ਨੀਤੀਆਂ ਘਾੜਿਆਂ ਵਿੱਚੋਂ ਇੱਕ 36 ਸਾਲਾ ਵਕੀਲ ਕਾਰਕੁੰਨ ਜਿਗਨੇਸ਼ ਮਿਵਾਨੀ ਸੀ ਜੋ ਲੰਬੇ ਸਮੇਂ ਤੋਂ ਗੁਜਰਾਤ ਵਿੱਚ ਦਲਿਤਾਂ ਦੇ ਜ਼ਮੀਨ ਅਧਿਕਾਰਾਂ ਬਾਰੇ ਕੰਮ ਕਰਦਾ ਰਿਹਾ ਹੈ। ਊਨਾ ਵਿੱਚ ਦਲਿਤ ਅੱਤਿਆਚਾਰ ਸਮਿਤੀ ਦੇ ਕਨਵੀਨਰ ਵਜੋਂ ਉਸਨੇ ਦਲਿਤਾਂ ਕੋਲੋਂ ਇਹ ਅਹਿਦ ਕਰਵਾਇਆ ਕਿ ਉਹ ਮਰੇ ਹੋਏ ਪਸ਼ੂਆਂ ਦੀ ਖੱਲ ਲਾਹੁਣ ਵਰਗੇ ਕੰਮ ਨਹੀਂ ਕਰਨਗੇ, ਜੋ ਇੱਕ ਵਿਸ਼ੇਸ਼ ਭਾਈਚਾਰੇ ਵਜੋਂ ਜਨਮ ਤੋਂ ਹੀ ਉਹਨਾਂ ਨਾਲ ਜੁੜੇ ਹੋਏ ਹਨ।
ਜਾਤੀ ਉਜੀਪੂ ਮੁਨਾਨੀ (ਜਾਤਪਾਤ ਖਾਤਮਾ) ਫਰੰਟ ਦੇ ਸੱਦੇ 'ਤੇ ਤਾਮਿਲਨਾਡੂ ਵਿੱਚ ਚੇਨੱਈ ਵਿਖੇ ਉਸਨੇ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਸੀ। ਉਸਨੇ ਗੁਜਰਾਤ ਵਿਕਾਸ ਮਾਡਲ ਅਤੇ ਇਸਦੇ ਨਾ-ਕਾਮਯਾਬ ਹੋਣ, ਸੱਜੇ ਪੱਖੀ ਦਹਿਸ਼ਤਗਰਦੀ ਦੀ ਉੱਭਰਦੀ ਆਫਤ ਅਤੇ ਦਲਿਤ ਭਾਈਚਾਰੇ ਵਿੱਚ ਗਹਿਰੇ ਮੱਤਭੇਦਾਂ ਬਾਰੇ ਗੱਲਬਾਤ ਕੀਤੀ।
ਉਸ ਨਾਲ ਕੀਤੀ ਗਈ ਮੁਲਾਕਾਤ ਦੇ ਕੁੱਝ ਅੰਸ਼:
?
ਗੁਜਰਾਤ ਵਿਕਾਸ ਮਾਡਲ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਖਾਕਾ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਨਰਿੰਦਰ ਮੋਦੀ ਨੇ 2001 ਤੋਂ 2014 ਵਿੱਚ ਉਲੀਕਿਆ ਹੈ, ਇਸ ਨੂੰ ਹੁਣ ਕੌਮੀ ਪੱਧਰ 'ਤੇ ਦੁਹਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਤੁਸੀਂ ਇਸ ਨੂੰ ਨਾਕਾਮਯਾਬੀ ਕਹਿ ਕੇ ਆਲੋਚਨਾ ਕੀਤੀ ਹੈ, ਕਿਉਂ?
ਗੁਜਰਾਤ ਮਾਡਲ ਨਵ-ਉਦਾਰਵਾਦ ਅਤੇ ਫਿਰਕਾਪ੍ਰਸਤੀ ਦਾ ਘਾਤਕ/ਖਤਰਨਾਕ ਸੁਮੇਲ ਹੈ, ਜੋ ਮੋਦੀ ਦੇ ਗੋਇਬਲਵਾਦੀ ਝੂਠ ਰਟਣ-ਮੰਤਰ ਦੇ ਵਿਕਾਸ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ।
ਉੱਤਰ ਨਵ-ਉਦਾਰਵਾਦ ਯੁੱਗ ਵਿੱਚ ਅਮੀਰਾਂ ਅਤੇ ਗਰੀਬਾਂ ਵਿੱਚ ਵਧਦੇ ਪਾੜੇ ਨੂੰ ਭਾਂਪਦਿਆਂ ਕਾਰਪੋਰੇਟ ਦੈਂਤ ਅਤੇ ਸਿਆਸੀ ਸਥਾਪਤੀ ਲੋਕਾਂ ਦੀ ਆਰਥਿਕ ਲੁੱਟ ਤੋਂ ਧਿਆਨ ਲਾਂਭੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਫਿਰਕੂ ਫਾਸ਼ੀਵਾਦ ਅਤੇ ਸੰਸਾਰੀਕਰਨ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਇਹ ਕੋਈ ਇਤਫਾਕ ਨਹੀਂ ਹੈ ਕਿ ਬਾਬਰੀ ਮਸਜਿਦ ਢਾਹੁਣ ਦੀ ਘਟਨਾ ਦੇਸ਼ ਦੇ ਨਵ-ਉਦਾਰਵਾਦੀ ਏਜੰਡੇ ਨੂੰ ਅਪਣਾਉਣ ਤੋਂ ਤੁਰੰਤ ਬਾਅਦ ਵਾਪਰੀ ਹੈ।
?
ਕਿਰਪਾ ਕਰਕੇ ਸਾਬਤ ਕਰੋ?
ਗੁਜਰਾਤ, ਮਾਡਲ ਨੇ ਕਿਸੇ ਸਮੇਂ ਹੱਸਦੇ-ਵਸਦੇ ਗੁਜਰਾਤ ਨੂੰ ਖਸਤਾਹਾਲ ਵਿੱਚ ਪਹੁੰਚਾ ਦਿੱਤਾ ਹੈ। ਰਾਜ ਕੋਲ 2001 ਤੱਕ ਚੰਗੀ ਭਲੀ ਆਰਥਿਕ ਸਥਿਰਤਾ ਸੀ, ਪਰ ਅੱਜ ਇਹ ਵਿਆਪਕ ਵਿੱਤੀ ਘਾਟਿਆਂ ਦਾ ਸਹਾਮਣਾ ਕਰ ਰਿਹਾ ਹੈ। ਰਿਪੋਰਟਾਂ ਮੁਤਾਬਕ ਗੁਜਰਾਤ ਦਾ ਉਸ ਸਮੇਂ ਜਨਤਕ ਕਰਜ਼ਾ 53000 ਕਰੋੜ ਸੀ, ਪਰ ਹੁਣ ਇਹ 1,65,000 ਕਰੋੜ 'ਤੇ ਖੜ੍ਹਾ ਹੈ। ਇਹ ਕਹਿਣ ਵਿੱਚ ਕੋਈ ਅੱਤਕਥਨੀ ਨਹੀਂ ਹੈ ਕਿ ਲੋਕ ਵਿਰੋਧੀ ਅਤੇ ਬੇਫਾਇਦਾ ਪ੍ਰੋਜੈਕਟ, ਜੋ ਸਿਰਫ ਕਾਰਪੋਰੇਟ ਜਮਾਤ ਨੂੰ ਲਾਭ ਪਹੁੰਚਾਉਣ ਵਾਲੇ ਹਨ, ਨੂੰ ਪਹਿਲ ਅਤੇ ਪ੍ਰਮੁੱਖਤਾ ਦੇਣ ਕਾਰਨ ਗੁਜਰਾਤ ਅੱਜ ਆਰਥਿਕ ਦੀਵਾਲੀਏਪਣ ਦੇ ਕਗਾਰ 'ਤੇ ਪੁੱਜ ਚੁੱਕਾ ਹੈ।
ਜਨਤਕ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਢਾਂਚੇ 'ਤੇ ਹੋਣ ਵਾਲੇ ਸਮਾਜਿਕ ਖਰਚੇ ਬਹੁਤ ਤੇਜ਼ੀ ਨਾਲ ਘਟ ਗਏ ਹਨ। ਮੋਦੀ ਦਾ ਵਿਕਾਸ ਦਾ ਮਾਡਲ ਗਰੀਬਾਂ ਨੂੰ ਲੁੱਟਣਾ ਅਤੇ ਸਰਮਾਏਦਾਰਾਂ ਨੂੰ ਦੇਣਾ ਹੈ। ਇੱਥੋਂ ਤੱਕ ਕਿ ਉਸ ਨੇ ਉਪਜਾਊ ਭੂਮੀ ਅਤੇ ਗਊਚਾਰ ਜ਼ਮੀਨ (ਚਰਾਂਦ ਵਾਲੀ ਜ਼ਮੀਨ) ਵੀ ਕਾਰਪੋਰੇਟ ਬਘਿਆੜਾਂ ਨੂੰ ਕੌਡੀਆਂ ਦੇ ਭਾਅ ਸੌਂਪ ਦਿੱਤੀ ਹੈ, ਜਿਸ ਦੇ ਸਿੱਟੇ ਵਜੋਂ ਰਾਜ ਦੀ ਆਰਥਿਕਤਾ ਅਤੇ ਵਾਤਾਵਰਣੀ ਜੀਵਨ 'ਤੇ ਗੰਭੀਰ ਤਣਾਅ/ਦਬਾਅ ਪਿਆ ਹੈ, ਜਿਸਨੇ ਜ਼ਰੱਈ ਸੰਕਟ ਨੂੰ ਤਿੱਖਾ ਕੀਤਾ ਹੈ ਤੇ ਰਾਜ ਵਿੱਚ ਇੱਕ ਦਹਾਕੇ ਵਿੱਚ ਲੱਗਭੱਗ 1000 ਕਿਸਾਨਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ। ਇੱਥੋਂ ਤੱਕ ਕਿ ਕਿਸਾਨਾਂ ਵਾਸਤੇ ਰੱਖਿਆ ਪਾਣੀ ਵੀ ਵੱਡੀਆਂ ਸਨਅੱਤਾਂ ਨੂੰ ਦੇ ਦਿੱਤਾ ਗਿਆ ਹੈ। ਕੀ ਇਹੋ ਵਿਕਾਸ ਮਾਡਲ ਹੈ?
?
ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮੋਦੀ ਦਾ ਵਿਕਾਸ ਮਾਡਲ ਜਿਸ ਨੇ ਲੱਗਦਾ ਹੈ ਕਿ ਉਸ ਨੂੰ ਲਗਾਤਾਰ ਚੁਣਾਵੀ ਜਿੱਤਾਂ ਦੁਆਈਆਂ, ਹਕੀਕਤ ਵਿੱਚ ਦੇਸ਼ ਲਈ ਤਬਾਹਕੁੰਨ ਹੋਵੇਗੀ?
ਪੂਰੀ ਤਰ੍ਹਾਂ। ਨੌਕਰੀਆਂ ਪੈਦਾਕਰਨ ਅਤੇ ਟਿਕਾਊ ਵਿਕਾਸ ਯਕੀਨੀ ਬਣਾਉਣ ਵਿੱਚ ਉਸਦੀ ਨਾਕਾਮੀ ਹੀ ਰਾਖਵੇਂਕਰਨ ਵਾਸਤੇ ਚੱਲੀ ਵੱਡੀ ਪਟੇਲ ਲਹਿਰ ਦਾ ਕਾਰਨ ਰਹੀ ਹੈ। ਹਾਰਦਿਕ ਪਟੇਲ ਦੀ ਅਗਵਾਈ ਵਿੱਚ ਪਾਟੀਦਾਰ ਅਨਾਮਤ ਅੰਦੋਲਨ ਸਮਿਤੀ .ਬੀ.ਸੀ. (ਹੋਰ ਪਛੜੇ ਵਰਗਾਂ) ਲਈ ਕੋਟੇ ਤਹਿਤ ਰਾਖਵੇਂਕਰਨ ਲਈ ਅੰਦੋਲਨ ਚਲਾ ਰਹੀ ਹੈ। ਜੇਕਰ ਮੋਦੀ ਟਿਕਾਊ ਵਿਕਾਸ ਮਾਡਲ 'ਤੇ ਵਚਨਬੱਧ ਰਹਿੰਦਾ ਤਾਂ ਪਟੇਲਾਂ ਵਰਗੇ ਖੁਸ਼ਹਾਲ ਵਰਗ, ਦੱਬੇ-ਕੁਚਲੇ ਲੋਕਾਂ ਦੇ ਮੁਕਾਬਲੇ ਵਿੱਚ ਨੌਕਰੀਆਂ, ਸਿੱਖਿਆ ਆਦਿ ਵਿੱਚ ਰਾਖਵੇਂਕਰਨ ਦੀ ਮੰਗ ਲੈ ਕੇ ਸੜਕਾਂ 'ਤੇ ਨਾ ਉੱਤਰੇ ਹੁੰਦੇ। ਇਹ ਉਸਦੀ ਬਹੁਤ ਵੱਡੀ ਨਾਕਾਮਯਾਬੀ ਹੀ ਹੈ, ਜਿਸ ਨੇ ਕਿਸੇ ਸਮੇਂ ਸ਼ਾਂਤ ਸੂਬੇ ਦੇ ਵੱਖ ਵੱਖ ਵਰਗਾਂ ਵਿੱਚ ਬੇਸੁਰਾਪਣ/ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਉਸਦਾ ਭ੍ਰਿਸ਼ਟ ਅਤੇ ਸੜਾਂਦ ਮਾਰਦਾ ਮਾਡਲ ਹੈ, ਜਿਸ ਨੂੰ ਉਹ ਦੇਸ਼ ਭਰ ਵਿੱਚ ਲਾਗੂ ਕਰਨ ਲਈ ਕੋਸ਼ਿਸ਼ਾਂ ਕਰ ਰਿਹਾ ਹੈ। ਜ਼ਰਾ ਕਲਪਨਾ ਕਰੋ ਕੀ ਵਾਪਰੇਗਾ ਅਗਰ ਉਸ ਨੂੰ ਗੁਜਰਾਤ ਮਾਡਲ ਲਾਗੂ ਕਰਨ ਦੇ ਮਿਸ਼ਨ ਦੀ ਆਗਿਆ ਦੇ ਦਿੱਤੀ ਜਾਂਦੀ ਹੈ?
?
ਇਹ ਕਹਿਣਾ ਕਿ ਉਸਦਾ ਮਾਡਲ ਨਾਕਾਮ ਹੋ ਜਾਵੇਗਾ, ਸਮੇਂ ਤੋਂ ਪਹਿਲਾਂ ਵਾਲੀ ਗੱਲ ਨਹੀਂ ਹੈ?
ਉਸਦੇ ਮਾਡਲ ਦਾ ਅਸਫਲ ਹੋਣਾ ਤਹਿ ਹੈ। ਮਸ਼ਹੂਰ ਵਿਦਵਾਨਾਂ ਅਤੇ ਅਰਥ ਸਾਸ਼ਤਰੀਆਂ ਦਾ ਅਜਿਹਾ ਹੀ ਕਹਿਣਾ ਹੈ। ਗੁਜਰਾਤ ਹਿੰਦੂਤਵ ਦੇ ਏਜੰਡੇ ਨੂੰ ਸੂਖਮ ਪੱਧਰ 'ਤੇ ਪਰਖਣ ਲਈ ਇੱਕ ਪ੍ਰਯੋਗਸ਼ਾਲਾ ਰਿਹਾ ਹੈ। ਹੁਣ ਇਹਨਾਂ ਸੱਜੇ ਅੱਤਵਾਦੀਆਂ ਨੇ ਕੌਮੀ ਪੱਧਰ 'ਤੇ ਇਸ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਮੋਦੀ ਉਹਨਾਂ ਦਾ ਚਿਹਰਾ (ਮੁਖੌਟਾ) ਹੈ। ਦੇਸ਼ ਦਾ ਵਿਕਾਸ ਉਹਨਾਂ ਦਾ ਏਜੰਡਾ ਨਹੀਂ ਹੈ। ਇਸਦਾ ਆਰਥਿਕਤਾ ਅਤੇ ਵਿਕਾਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਇਹ ਬਹੁਗਿਣਤੀ ਦਾ ਧਰਮ-ਨਿਰਪੱਖ ਦੇਸ਼ ਨੂੰ ਫਿਰਕੂਕਰਨ ਦੀਆਂ ਕੋਸ਼ਿਸ਼ਾਂ ਦਾ ਮਨਹੂਸ ਏਜੰਡਾ ਹੈ। ਨੌਜਵਾਨਾਂ ਅਤੇ ਕਿਸਾਨਾਂ ਨਾਲ ਇਸ ਤਰ੍ਹਾਂ ਪਹਿਲਾਂ ਕਦੇ ਫਰੇਬ ਨਹੀਂ ਕੀਤਾ ਗਿਆ। ਕੀ  ਮੋਦੀ ਕਦੇ ਕਿਸੇ ਖੁਦਕੁਸ਼ੀ ਕਰਕੇ ਮਰਨ ਵਾਲੇ ਕਿਸਾਨ ਦੇ ਘਰ ਗਿਆ ਹੈ? ਉਹ ਭਵਿੱਖ ਵਿੱਚ ਨਹੀਂ ਜਾਵੇਗਾ। ਉਸ ਵਾਸਤੇ ਵੱਡੇ ਸਨਅੱਤੀ ਕਾਰਪੋਰੇਟ ਘਰਾਣੇ ਮਹੱਤਵਪੂਰਨ ਹਨ, ਆਮ ਲੋਕ ਨਹੀਂ। ਮੋਦੀ ਸਿਰਫ ਇੱਕ ਮ੍ਰਿਗ-ਤ੍ਰਿਸ਼ਨਾ ਹੈ, ਜੋ ਮੁਕੰਮਲ ਤੌਰ 'ਤੇ ਨਾਕਾਮ ਹੋਵੇਗੀ।
?
ਬਹੁਤ ਸਾਰੇ ਲੋਕ ਦਾਅਵਾ ਕਰਦੇ ਅਤੇ ਵਿਸ਼ਵਾਸ਼ ਵੀ ਕਰਦੇ ਹਨ ਕਿ ਮੋਦੀ ਨੇ ਗੁਜਰਾਤ ਨੂੰ ਮੋਹਰੀ ਬਣਾਇਆ ਹੈ। ਇਹ ਉਸਦੇ ਪ੍ਰਤੀਕ ਦੀ ਕਾਮਯਾਬ ਪੇਸ਼ਕਾਰੀ ਹੀ ਹੈ ਜਿਸ ਨੇ ਅੱਜ ਭਾਜਪਾ ਨੂੰ ਕੇਂਦਰ ਅਤੇ ਕਈ ਰਾਜਾਂ ਵਿੱਚ ਰਾਜਸੱਤਾ ਵਿੱਚ ਲਿਆਂਦਾ ਹੈ। ਇਸ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ?
ਇਹ ਸਿਰਫ ਪਰੀ ਕਹਾਣੀਆਂ ਵਾਲੀ ਇੱਕ ਕਲਪਨਾ ਹੈ। ਉਸਦਾ 'ਵਿਕਾਸ ਪੁਰਸ਼' ਵਾਲਾ ਪ੍ਰਤੀਕ (ਛਵੀ) ਕਾਰਪੋਰੇਟਾਂ ਦੀ ਘੜੀ ਹੋਈ ਹੈ। ਗੁਜਰਾਤ ਵਿੱਚ ਉਸਦੀ ਜ਼ਰੱਈ ਨੀਤੀ ਗੜਬੜ ਚੌਥ ਵਾਲੀ ਸੀ।
ਵਿਸ਼ਾਲ ਨਰਮਦਾ ਪ੍ਰੋਜੈਕਟ ਜਿਸ 'ਤੇ ਟੈਕਸ ਅਦਾ ਕਰਨ ਵਾਲਿਆਂ ਦੇ ਧੰਨ ਦਾ ਵੱਡਾ ਹਿੱਸਾ ਖਰਚ ਦਿੱਤਾ ਗਿਆ, ਦੇ ਬਾਵਜੂਦ ਅੱਜ ਅੱਧੇ ਗੁਜਰਾਤੀ ਪਾਣੀ ਤੋਂ ਵਾਂਝੇ ਛੱਡ ਦਿੱਤੇ ਗਏ ਹਨ ਬਾਲਮੀਕੀ ਭਾਈਚਾਰੇ ਨਾਲ ਸਬੰਧਤ ਇੱਕ ਲੱਖ ਤੋਂ ਵੱਧ ਸਫਾਈ ਮਜ਼ਦੂਰ (ਮੈਲਾ ਢੋਣ ਵਾਲੇ) ਘੱਟੋ ਘੱਟ ਬੁਨਿਆਦੀ ਉਜਰਤਾਂ ਵਾਸਤੇ ਸੰਘਰਸ਼ ਕਰ ਰਹੇ ਹਨ। ਉਹਨਾਂ ਨੂੰ ਇਸ ਮਲੀਨ ਧੰਦੇ ਵਿੱਚੋਂ ਬਾਹਰ ਕੱਢਣ ਤੇ ਮੁੜ ਵਸੇਬੇ ਲਈ ਕੋਈ ਵੀ ਪ੍ਰਤੱਖ ਕੋਸ਼ਿਸ਼ ਹੋਈ ਨਜ਼ਰ ਨਹੀਂ ਆਉਂਦੀ।
ਇਹ ਛਵੀ (ਨਕਸ਼ਾ) ਧੋਖੇ ਨਾਲ ਪ੍ਰਚਾਰਿਆ ਗਿਆ ਹੈ ਕਿ ਗੁਜਰਾਤ ਚਮਕ ਰਿਹਾ ਹੈ। ਤੁਹਾਨੂੰ ਪਤਾ ਹੈ ਕਿ 2001 ਤੋਂ ਲੈ ਕੇ ਚਾਰ ਵਾਰ ਮੋਦੀ ਦੇ ਮੁੱਖ ਮੰਤਰੀ ਦੀ ਗੱਦੀ 'ਤੇ ਰਹਿਣ ਦੇ ਬਾਵਜੂਦ ਗੁਜਰਾਤ 10 ਵੱਧ ਵਿਕਸਤ ਰਾਜਾਂ ਵਿੱਚ ਨਹੀਂ ਦਿਸਦਾ। ਅੱਜ ਗੁਜਰਾਤ ਦੇਸ਼ ਵਿੱਚ ਸਭ ਤੋਂ ਵੱਧ ਕੁਪੋਸ਼ਣ ਦਾ ਸ਼ਿਕਾਰ ਲੋਕਾਂ ਦਾ ਸੂਬਾ ਅਤੇ ਸਭ ਤੋਂ ਭ੍ਰਿਸ਼ਟ ਪ੍ਰਸਾਸ਼ਨ ਵਾਲਾ ਰਾਜ ਹੈ। ਮੋਦੀ ਨੇ ਗਰੀਬਾਂ ਲਈ 50 ਲੱਖ ਘਰ ਉਸਾਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਇੱਕ ਫੀਸਦੀ ਵੀ ਮੁਕੰਮਲ ਨਹੀਂ ਕਰ ਸਕਿਆ। ਇੰਦਰਾ ਆਵਾਸ ਯੋਜਨਾ ਤਹਿਤ ਬਣਾਏ ਜਾਣ ਵਾਲੇ ਮਕਾਨਾਂ ਨੂੰ ਵੱਧ ਤੋਂ ਵੱਧ ਦੋ ਸਾਲਾਂ ਦੀ ਮਿਆਦ ਵਿੱਚ ਪੂਰਾ ਕੀਤਾ ਜਾਣਾ ਸੀ। ਉਹਨਾਂ ਵਿੱਚੋਂ ਵੱਡੀ ਗਿਣਤੀ ਅਜੇ ਅਧੂਰੀ ਹੈ, ਜਦੋਂ ਕਿ ਰਾਜ ਇਹ ਦਾਅਵਾ ਕਰਦਾ ਹੈ ਕਿ ਟੀਚਾ ਹਾਸਲ ਕਰ ਲਿਆ ਗਿਆ ਹੈ। ਅਧੂਰੇ ਘਰਾਂ ਨੂੰ ਮੁਕੰਮਲ ਦਿਖਾਇਆ ਗਿਆ ਹੈ। ਹੋਰ ਕਲਿਆਣਾਕਾਰੀ ਸਕੀਮਾਂ ਦਾ ਹਸ਼ਰ ਵੀ ਇਹੋ ਹੈ। ਗੁੰਮਰਾਕੁੰਨ ਅੰਕੜੇ ਉਸ ਗੁਜਰਾਤ ਮਾਡਲ ਨੂੰ ਬੇਪਰਦ ਕਰਦੇ ਹਨ, ਜਿਸ ਵਿੱਚ ਦਲਿਤਾਂ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਲਈ ਕੋਈ ਥਾਂ ਨਹੀਂ ਹੈ।
?
ਲੇਕਿਨ ਮੋਦੀ ਦਾਅਵਾ ਕਰਦਾ ਹੈ ਕਿ ਉਸਦਾ ਮਾਡਲ ਸਭਨਾਂ ਲੋਕਾਂ ਨੂੰ ਕਲਾਵੇ ਵਿੱਚ ਲੈਂਦਾ ਹੈ ਅਤੇ ਇਸਨੇ ਦਲਿਤਾਂ ਅਤੇ ਅਧਿਕਾਰਹੀਣ ਲੋਕਾਂ ਨੂੰ ਫਾਇਦਾ ਪਹੁੰਚਾਇਆ ਹੈ?
ਇਹ ਝੂਠ ਹੈ। ਅੱਜ ਗੁਜਰਾਤ ਵਿੱਚ ਦਲਿਤ ਔਰਤਾਂ ਵਿਰੁੱਧ ਹਿੰਸਾ ਵਿੱਚ 300 ਫੀਸਦੀ ਦਾ ਵਾਧਾ ਹੋਇਆ ਹੈ। ਆਰ.ਟੀ.ਆਈ. ਵੱਲੋਂ ਮੁਹੱਈਆ ਅੰਕੜੇ ਦੱਸਦੇ ਹਨ ਕਿ ਜਨਵਰੀ 2001 ਤੋਂ ਦਸੰਬਰ 2014 ਤੱਕ ਰਾਜ ਵਿੱਚ 501 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ ਹਨ। 104 ਪਿੰਡਾਂ ਦੇ ਦਲਿਤ ਹਰ ਵਕਤ ਮੌਤ ਦੀ ਦਹਿਸ਼ਤ ਹੇਠ ਜੀਅ ਰਹੇ ਹਨ, ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਜਾਤੀਵਾਦੀ ਤਾਕਤਾਂ ਤੋਂ ਉਹਨਾਂ ਦੀ ਸੁਰੱਖਿਆ ਕਰਨ ਵਾਲੀ ਪੁਲਸ ਕਿਸੇ ਵੇਲੇ ਵੀ ਵਾਪਸ ਬੁਲਾਈ ਜਾ ਸਕਦੀ ਹੈ ਤੇ ਉਹ ਖਤਰੇ ਦੇ ਮੂੰਹ ਜਾਣਗੇ। (ਸਰਕਾਰ ਨੇ ਅਮਰੇਲੀ, ਸੁਰੇਂਦਰਨਗਰ, ਰਾਜਕੋਟ, ਮਹਿਸਾਨਾ ਅਹਿਮਦਾਬਾਦ (ਦਿਹਾਤੀ) ਸਮੇਤ 11 ਜ਼ਿਲ੍ਹਿਆਂ ਦੀ ''ਅੱਤਿਆਚਾਰ ਵੱਲ ਝੁਕਾਅ'' ਵਾਲਿਆਂ ਵਜੋਂ ਸ਼ਨਾਖਤ ਕੀਤੀ ਹੋਈ ਹੈ।) ਸੰਸਾਰ ਜਾਣਦਾ ਹੈ ਕਿ ਮੋਦੀ ਦੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਿਵੇਂ ਸ਼ਿਕਾਰ ਖੇਡਿਆ ਗਿਆ ਸੀ। ਕੀ ਇਹੋ ਹੈ ਸਾਰੀ ਜਨਤਾ ਨੂੰ ਕਲਾਵੇ ਵਿੱਚ ਲੈਣ ਵਾਲਾ ਮਾਡਲ?
?
ਤੁਸੀਂ ਦਲਿਤਾਂ ਦਰਮਿਆਨ ਜ਼ਮੀਨ ਵੰਡਣ 'ਤੇ ਕਿਉਂ ਜ਼ੋਰ ਦੇ ਰਹੇ ਹੋ? ਅਜਿਹੇ ਸਮੇਂ ਜਦੋਂ ਉਹ ਸਮਾਜ ਵਿੱਚੋਂ ਛੇਕੇ ਜਾਣ ਦਾ ਸਾਹਮਣਾ ਕਰ ਰਹੇ ਹਨ, ਇਹ ਇੱਕ ਅਜਿਹਾ ਮੁੱਦਾ ਹੈ ਜੋ ਤੁਰੰਤ ਟਾਕਰਾ ਕਰਨ ਅਤੇ ਹੱਲ ਕੀਤੇ ਜਾਣ ਦੀ ਮੰਗ ਕਰਦਾ ਹੈ।
ਜਾਤੀ ਆਧਾਰਤ ਵਿਤਕਰੇ ਦੀ ਸਮੱਸਿਆ ਗੁਜਰਾਤ ਤੱਕ ਸੀਮਤ ਨਹੀਂ ਹੈ। ਸੰਸਾਰੀਕਰਨ ਤੋਂ ਬਾਅਦ ਦੇ ਸਮੇਂ ਵਿੱਚ ਦਲਿਤ, ਜਾਤੀ ਅਤੇ ਜਮਾਤੀ ਵਿਤਕਰੇ ਦੇ ਦੋਹਰੇ ਸ਼ਿਕਾਰ ਹੋ ਗਏ ਹਨ। ਊਨਾ ਤੋਂ ਬਾਅਦ ਦੇ ਦੌਰ ਵਿੱਚ ਦਲਿਤ ਜਾਤ-ਆਧਾਰਤ ਵਿਤਕਰੇ ਦੀਆਂ ਜੜ੍ਹਾਂ ਮਜਬੂਤ ਕਰਦੀ ਹਿੰਦੂਤਵੀ ਤਾਕਤਾਂ ਦੀ ਸ਼ੈਤਾਨੀ ਅਤੇ ਜ਼ਮੀਨ ਮਾਲਕੀ ਦੇ ਮਹੱਤਵ ਨੂੰ ਸਮਝਣ ਲੱਗੇ ਹਨ। ਆਰਥਿਕ ਸ਼ਕਤੀਕਰਨ (ਆਰਥਿਕ ਅਧਿਕਾਰ ਹਾਸਲ ਹੋਣ ਨਾਲ) ਲਾਜ਼ਮੀ ਹੀ ਉਹਨਾਂ ਲਈ ਸਮਾਜਿਕ ਅਤੇ ਆਰਥਿਕ ਤੌਰ 'ਤੇ ਮਾਣ-ਸਨਮਾਨ ਦੀ ਜਾਮਨੀ ਕਰੇਗਾ।
ਭਾਰਤ ਵਿੱਚ ਜ਼ਮੀਨ ਜਾਤ ਪ੍ਰਬੰਧ ਨੂੰ ਤਹਿ ਕਰਦੀ ਹੈ। ਜਾਤੀਵਾਦੀ ਹਿੰਦੂ ਜਾਗੀਰਦਾਰਾਂ ਦੇ ਕਬਜ਼ੇ ਵਿਚਲੀ ਵਾਧੂ ਜ਼ਮੀਨ ਦੀ ਦਲਿਤਾਂ ਵਿੱਚ ਮੁੜ-ਵੰਡ ਉਹਨਾਂ ਦੀ ਤਰੱਕੀ ਲਈ ਅੱਤ ਲਾਜ਼ਮੀ ਹੈ। ਮੈਂ ਇਹ ਮੰਗ ਕੀਤੀ ਹੈ ਕਿ ਜ਼ਮੀਨ ਹੱਦਬੰਦੀ ਕਾਨੂੰਨ ਅਤੇ ਖੇਤੀ ਜ਼ਮੀਨ ਹੱਦਬੰਦੀ ਕਾਨੂੰਨ ਦੇ ਤਹਿਤ ਗੁਜਰਾਤ ਵਿੱਚ ਹਰ ਬੇਜ਼ਮੀਨੇ ਦਲਿਤ ਨੂੰ ਪੰਜ ਏਕੜ (2 ਹੈਕਟੇਅਰ) ਜ਼ਮੀਨ ਵੰਡੀ ਜਾਵੇ। ਬੇਜ਼ਮੀਨੇ ਦਲਿਤਾਂ ਨੂੰ ਵੰਡੇ ਗਏ ਪਲਾਟ ਜ਼ਮੀਨ ਦੇ ਬਹੁਤੇ ਮਾਮਲੇ ਕਾਗਜ਼ਾਂ ਦਾ ਸ਼ਿੰਗਾਰ ਬਣੇ ਹੋਏ ਹਨ।
ਅਜਿਹੇ ਸਮੇਂ ਜਦੋਂ ਮਨੂੰਵਾਦੀਆਂ ਦਾ ਲਫਾਜ਼ੀ ਪ੍ਰਚਾਰ ਅਡੰਬਰ ਤਿੱਖਾ ਹੋ ਰਿਹਾ ਹੈ, ਤਾਂ ਹਰੇਕ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਮਾਤ ਅਤੇ ਜਾਤ ਨੂੰ ਇਕੱਠੇ ਹੋਣਾ ਚਾਹੀਦਾ ਹੈ। ਕੋਈ ਭੁੱਖੇ ਢਿੱਡਾਂ ਨੂੰ ਸਵੈ-ਮਾਣ ਦਾ ਪਾਠ ਨਹੀਂ ਪੜ੍ਹਾ ਸਕਦਾ। ਜਮੀਨੀ ਮੁੱਦਾ ਇਸ ਘੋਲ ਦਾ ਕੇਂਦਰੀ ਨੁਕਤਾ ਹੈ, ਜਿਸ ਦਾ ਨਿਸ਼ਾਨਾ ਸਮੁੱਚੀ ਜਨਤਾ ਨੂੰ ਕਲਾਵੇ ਵਿੱਚ ਲੈਣ ਵਾਲੇ ਮਾਡਲ ਵੱਲ ਅੱਗੇ ਵਧਣਾ ਹੈ। ਅਗਰ ਕੋਈ ਅੱਤਿਆਚਾਰ ਦੇ ਪ੍ਰਸੰਗ ਵੱਚ ਅੰਬੇਦਕਰ ਅਤੇ ਮਾਰਕਸ ਦਾ ਅਧਿਐਨ ਕਰੇ ਤਾਂ ਉਹ ਸਮਝ ਸਕਦਾ ਹੈ ਕਿ ਉਹ ਇਸ ਨੁਕਤੇ ਦੀ ਪੁਸ਼ਟੀ ਕਰਦੇ ਹਨ ਕਿ ਜ਼ਮੀਨੀ ਸੁਧਾਰ ਸ਼ਕਤੀਕਰਨ ਦਾ ਕੁੰਜੀਵਤ ਸੰਦ ਹਨ।
?
ਦਲਿਤ ਮੁਕਤੀ ਲਈ ਖੱਬੇਪੱਖੀ ਅਤੇ ਹੋਰਨਾਂ ਪ੍ਰਗਤੀਵਾਦੀ ਤਾਕਤਾਂ ਨਾਲ ਤਾਲਮੇਲ ਬਣਾਉਣ ਦੀ ਨਾ ਸਿਰਫ ਹਿੰਦੂਤਵੀ ਤੱਤਾਂ ਸਗੋਂ ਕੁੱਝ ਹੋਰ ਬੁੱਧੀਜੀਵੀਆਂ ਅਤੇ ਹੇਠਲੇ ਪੱਧਰ ਦੇ ਕਾਰਕੁੰਨਾਂ ਵੱਲੋਂ ਆਲੋਚਨਾ ਕੀਤੀ ਗਈ ਹੈ।
ਹਾਂ ਮੈਂ ਇਸ ਬਾਰੇ ਸੁਚੇਤ ਹਾਂ। ਜਿੱਥੋਂ ਤੱਕ ਮੈਨੂੰ ਪਤਾ ਹੈ ਇਸ ਕਿਸਮ ਦੀ ਨਕਾਰਾਤਮਿਕ ਅਤੇ ਵੰਡ-ਪਾਊ ਪਹੁੰਚ ਅੰਬੇਦਕਰਵਾਦ ਦੀ ਭਾਵਨਾ ਦੇ ਉਲਟ ਭੁਗਤਦੀ ਹੈ। ਅੰਬੇਦਕਰਵਾਦੀ ਬਾਬਾ ਸਾਹਿਬ ਦੀ ਆਪਣੀ ਮਨਮਰਜੀ ਨਾਲ ਵਿਆਖਿਆ ਕਰਦੇ ਹਨ ਅਤੇ ਹਾਸ਼ੀਆਗ੍ਰਸ਼ਤ ਲੋਕਾਂ ਦੀ ਮੁਕਤੀ ਤੇ ਸ਼ਕਤੀਕਰਨ ਦੇ ਰਾਹ ਵਿੱਚ ਰੁਕਾਵਟਾਂ ਖੜ੍ਹੀਆਂ ਕਰਦੇ ਹਨ। ਹਰ ਕੋਈ ਜਾਣਦਾ ਹੈ ਕਿ ਅੰਬੇਦਕਰ ਮਾਰਕਸਵਾਦੀ ਨਹੀਂ ਸੀ ਪਰ ਕੀ ਕੋਈ ਇਸ ਤੱਥ ਤੋਂ ਇਨਕਾਰ ਕਰ ਸਕਦਾ ਹੈ ਕਿ ਉਸ ਕੋਲ ਜਮਾਤੀ ਨਜ਼ਰੀਆ ਸੀ? ਮੇਰਾ ਉਦੇਸ਼ ਅੰਬੇਦਕਰ ਨੂੰ ਉਸਦੀਆਂ ਬੁਨਿਆਦੀ ਵਿਆਖਿਆਵਾਂ ਅਤੇ ਨਾਲ ਹੀ ਆਲੋਚਨਾਤਮਿਕ ਮੁਲਾਂਕਣ ਲਈ ਲੋਕਾਂ ਸਾਹਮਣੇ ਪੇਸ਼ ਕਰਨਾ ਹੈ। ਇਸ ਨਾਲ ਉਸ ਨੂੰ ਅਤੇ ਖੱਬੇ ਪੱਖ ਨੂੰ ਵੀ ਹੋਰ ਨੇੜਿਉਂ ਸਮਝਿਆ ਜਾ ਸਕੇਗਾ।
ਬੇਸ਼ੱਕ ਇਹ ਲਾਜ਼ਮੀ ਹੈ ਕਿ ਜਿੱਥੋਂ ਤੱਕ ਜਮਾਤ ਦਾ ਸਬੰਧ ਹੈ, ਇਸ ਬਾਰੇ ਖੱਬੇ ਪੱਖ ਦੇ ਕੱਟੜਮੁਖੀ ਅਸੂਲਾਂ/ਧਾਰਨਾਵਾਂ ਖਿਲਾਫ ਲਗਾਤਾਰ ਜੱਦੋਜਹਿਦ ਚਲਾਈ ਜਾਣੀ ਚਾਹੀਦੀ ਹੈ। ਅੰਬੇਦਕਰ ਬਾਰੇ ਖੁੱਲ੍ਹੇ ਮਨ ਨਾਲ ਸਾਂਝੀ ਬੌਧਿਕ ਸਮਝ ਹਾਸਲ ਕਰਨ ਨਾਲ ਉਹ ਮੰਚ ਸਿਰਜਿਆ ਜਾਵੇਗਾ, ਜਿੱਥੇ ਫਿਰਕੂ ਅਤੇ ਜਾਤਪਾਤੀ ਅਨਸਰਾਂ ਖਿਲਾਫ ਲੜ ਰਹੀਆਂ ਤਾਕਤਾਂ ਨੂੰ ਹਰ ਪੱਧਰ 'ਤੇ ਇੱਕਜੁੱਟ ਕਰਨ ਦਾ ਸਾਮਾ ਬਣੇਗਾ। ਬਦਕਿਸਮਤੀ ਨਾਲ ਅੰਬੇਦਕਰ ਤੋਂ ਬਾਅਦ ਦਲਿਤ ਲਹਿਰ ਦਾ ਹਾਲ ਨਿਰਾਸ਼ਾਜਨਕ ਹੈ। ਇਸ ਵਿੱਚ ਅਜਿਹਾ ਕੁੱਝ ਨਹੀਂ ਹੈ, ਜਿਸ ਨੂੰ ਅੰਬੇਦਕਰਵਾਦੀ ਕਿਹਾ ਜਾ ਸਕੇ। ਹਾਸਲ ਹਾਲਤਾਂ ਵਿੱਚ ਮੁੱਖ ਧਾਰਾ ਦੀਆਂ ਦਲਿਤ ਪਾਰਟੀਆਂ ਦਾ ਖਾਸਾ ਹੋਰ ਵੀ ਸ਼ਰਮਨਾਕ ਹੈ। ਦਲਿਤ ਪਾਰਟੀਆਂ ਪਛਾਣ ਦੀ ਰਾਜਨੀਤੀ ਬਣਾਈ ਰੱਖਣ ਲਈ ਵਿਅਕਤੀਗਤ ਆਗੂਆਂ ਦੀ ਰਾਜਸੱਤਾ ਪ੍ਰਾਪਤ ਕਰਨ ਦੀ ਖਾਹਸ਼ ਪੂਰਤੀ ਲਈ ਜੋ ਵੀ ਤਰੀਕਾ ਉਹਨਾਂ ਨੂੰ ਫਿੱਟ ਬੈਠਦਾ ਹੈ, ਉਹ ਅਪਣਾਉਣ ਵਿੱਚ ਗਲਤਾਨ ਹਨ।
ਬਿਨਾ ਸ਼ੱਕ ਅੰਬੇਦਕਰਵਾਦੀ ਮੇਰੇ ਨਾਲ ਅਸਹਿਮਤ ਹੋ ਸਕਦੇ ਹਨ। ਉਹਨਾਂ ਨੂੰ ਅਜਿਹਾ ਅਧਿਕਾਰ ਹੈ, ਪ੍ਰੰਤੂ ਕੀ ਦੱਬੇ-ਕੁਚਲੇ ਤਬਕਿਆਂ ਦੇ ਰੋਟੀ-ਰੋਜ਼ੀ ਦੇ ਨਿਗੂਣੇ ਸੋਮਿਆਂ ਨੂੰ ਹੜੱਪਣ ਲਈ ਲਾਲਾਂ ਸੁੱਟ ਰਹੇ ਹਿੰਦੂਤਵੀ ਪੂੰਜੀਵਾਦ ਦੇ ਦੈਂਤ ਦਾ ਫਸਤਾ ਵੱਢਣ ਲਈ ਇਹ ਬੇਹੱਦ ਲਾਜ਼ਮੀ ਨਹੀਂ ਬਣਦਾ ਕਿ ਇੱਕੋ ਜਿਹੇ ਏਜੰਡੇ ਦਾ ਪ੍ਰਚਾਰ ਕਰ ਰਹੀਆਂ ਤਾਕਤਾਂ ਦਾ ਵਿਸ਼ਾਲ ਗੱਠਜੋੜ ਤਿਆਰ ਕੀਤਾ ਜਾਵੇ? ਸਾਨੂੰ ਅਸਹਿਮਤੀ ਨਾਲ ਸਹਿਮਤ ਹੋਣਾ ਸਿੱਖਣਾ ਚਾਹੀਦਾ ਹੈ।
?
ਆਪਸੀ ਪਾਟਕ ਹੀ ਸਾਨੂੰ ਘੱਟੇ ਰੋਲਦਾ ਹੈ?
ਹਾਂ, ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਸਾਰੇ ਇੱਕ ਵਿਹੁਲੇ ਦੁਸ਼ਮਣ ਹਿੰਦੁਤਵ ਅਤੇ ਇਸਦੇ ਵਰਣ ਆਸ਼ਰਮ ਆਧਾਰਤ ਜਾਤੀਵਾਦੀ ਢਾਂਚੇ ਨੂੰ ਚੋਟ ਨਿਸ਼ਾਨਾ ਬਣਾ ਰਹੇ ਕਾਫਲੇ ਦੇ ਸੰਗੀ ਹਾਂ। ਅੰਬੇਦਕਰ ਨੇ 1944 ਵਿੱਚ ਕਿਹਾ ਸੀ ਕਿ ''ਛੂਤ-ਛਾਤ ਦੀਆਂ ਜੜ੍ਹਾਂ ਜਾਤ ਪ੍ਰਬੰਧ ਵਿੱਚ ਹਨ ਅਤੇ ਜਾਤ ਪ੍ਰਬੰਧ ਦੀਆਂ ਵਰਨ ਆਸ਼ਰਮ ਨਾਲ ਜੁੜੇ ਧਰਮ ਵਿੱਚ ਹਨ। ਵਰਨ ਆਸ਼ਰਮ ਦੀਆਂ ਜੜ੍ਹਾਂ ਬ੍ਰਹਮਣੀ ਧਰਮ ਵਿੱਚ ਅਤੇ ਬ੍ਰਹਮਣੀ ਧਰਮ ਦੀਆਂ ਜੜ੍ਹਾਂ ਤਾਨਾਸ਼ਾਹੀ ਜਾਂ ਰਾਜਸੱਤਾ ਵਿੱਚ ਹਨ।''
ਗੁਜਰਾਤ ਵਿਚਲੀਆਂ ਸੱਜੇ ਪੱਖੀ ਪਿਛਾਖੜੀ ਤਾਕਤਾਂ ਇੱਕ ਨਸਲ ਅਤੇ ਇੱਕ ਪਛਾਣ ਪੈਦਾ ਕਰਨ ਲਈ ਦਲਿਤਾਂ ਅਤੇ ਮੁਸਲਮਾਨਾਂ ਨੂੰ ਲਗਾਤਾਰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੀਆਂ ਹਨ। ਹੁਣ ਉਹਨਾਂ ਨੇ ਕੇਂਦਰੀ ਰਾਜਸੱਤਾ ਨੂੰ ਹਥਿਆ ਲਿਆ ਹੈ ਤੇ ਸਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਗੁਜਰਾਤ ਵਿੱਚ ਸਾਡੇ ਨਾਅਰੇ ''ਤੁਸੀਂ ਗਊ ਦੀ ਪੂਛ ਰੱਖ ਸਕਦੇ ਹੋ, ਸਾਨੂੰ ਸਾਡੀ ਜ਼ਮੀਨੇ ਦੇ ਦਿਓ'' ਨੇ ਬਿਨਾ ਸ਼ੱਕ ਸੱਜੇ ਫਿਰਕਾਪ੍ਰਸਤਾਂ ਦੇ ਦੰਦ ਜੋੜ ਦਿੱਤੇ ਹਨ। ਇਸ ਨੂੰ ਖੱਬੇ ਪੱਖੀਆਂ ਵੱਲੋਂ ਪ੍ਰਚਾਰੇ ਜਾਂਦੇ ਨਜ਼ਰੀਏ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਫਿਰ ਜੇਕਰ ਅਸੀਂ ਦਲਿਤ ਅਤੇ ਖੱਬੇ ਪੱਖੀ ਸਮਾਜਿਕ ਅਤੇ ਆਰਥਿਕ ਇਨਸਾਫ ਦੀ ਪ੍ਰਾਪਤੀ ਲਈ ਆਪਣੇ ਸਾਂਝੇ ਦੁਸ਼ਮਣ ਨੂੰ ਹਰਾਉਣ ਲਈ ਕਦਮ ਮਿਲਾ ਕੇ ਸੰਘਰਸ਼ ਕਰਦੇ ਹਾਂ ਤਾਂ ਕੀ ਬੁਰਾ ਹੈ? ਮੈਂ ਇਹ ਕਹਿੰਦਾ ਹਾਂ ਕਿ ਖੁਸ਼ਕਿਮਤੀ ਨਾਲ ਤਾਮਿਲਨਾਡੂ ਦਰਾਵਿੜ ਲਹਿਰ ਅਤੇ ਇਸਦੇ ਆਗੂ .ਵੀ. ਰਾਮਸਵਾਮੀ ਪੇਰੀਆਰ ਦੀ ਵਿਰਾਸਤ ਦੇ ਸਦਕਾ ਹਿੰਦੂਤਵੀ ਕਪਟੀ ਚਾਲਾਂ ਤੋਂ ਸੁਰੱਖਿਅਤ ਬਚਿਆ ਹੋਇਆ ਹੈ।
?
ਤੁਹਾਡੇ ਦਰਾਵਿੜ ਲਹਿਰ ਅਤੇ ਅੱਜ ਤਾਮਿਲਨਾਡੂ ਵਿੱਚ ਦਲਿਤਾਂ ਦੀ ਹਾਲਤ ਅਤੇ ਦਲਿਤ ਰਾਜਨੀਤੀ ਬਾਰੇ ਕੀ ਵਿਚਾਰ ਹਨ?
ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਦੇਸ਼ ਭਰ ਵਿੱਚ ਦਲਿਤ ਰਾਜਨੀਤੀ ਪਛਾਣ ਦੀ ਰਾਜਨੀਤੀ ਵਿੱਚ ਫਸੀ ਹੋਈ ਹੈ। ਲੇਕਿਨ ਤਾਮਿਲਨਾਡੂ ਵਿੱਚ ਦਰਾਵੜੀ ਵਿਚਾਰਧਾਰਾ ਨੇ ਵੱਧ-ਘੱਟ ਰੂਪ ਵਿੱਚ ਸੂਬੇ ਦੀ ਕੁੱਲ ਸਮਾਜੀ ਚੇਤਨਾ ਨੂੰ ਤਰਾਸ਼ਿਆ ਹੈ ਅਤੇ ਮੂਲਵਾਦੀ ਤੱਤਾਂ ਨੂੰ ਦੂਰ ਰੱਖਿਆ ਹੈ। ਇਸ ਗੱਲ ਦਾ ਗੰਭੀਰ ਡਰ ਹੈ ਕਿ ਦਰਾਵਿੜ ਲਹਿਰ ਦੇ ਪੇਤਲੇ ਪੈਣ ਅਤੇ ਦਰਾਵੜੀ ਰਾਜਨੀਤਕ  ਪਾਰਟੀਆਂ ਦੇ ਕਮਜ਼ੋਰ ਹੋਣ ਨੇ ਸੱਜੇ ਪੱਖੀ ਤਾਕਤਾਂ ਦੇ ਦਾਖਲੇ ਲਈ ਅਨੁਕੂਲ ਵਾਤਵਨਰਣ ਪੈਦਾ ਕਰ ਦਿੱਤਾ ਹੈ। ਮੈਂ ਸਮਝਦਾ ਹਾਂ ਕਿ ਅੰਬੇਦਕਰਵਾਦੀ ਤਾਮਿਲਨਾਡੂ ਵਿੱਚ ਇਹ ਮਹਿਸੂਸ ਕਰਦੇ ਹਨ ਕਿ ਦਲਿਤ ਪਾਰਟੀਆਂ ਉਹਨਾਂ ਮੁੱਦਿਆਂ ਨੂੰ ਮੁਖਾਤਬ ਨਹੀਂ ਹੋਈਆਂ, ਜਿਹਨਾਂ ਸਬੰਧੀ ਇਉਂ ਕਰਨਾ ਬਣਦਾ ਸੀ, ਉਹਨਾਂ ਦੀ ਇਹ ਵੀ ਸ਼ੰਕਾ ਹੈ ਕਿ ਮੌਜੂਦਾ ਦਰਾਵਿੜ ਸਿਆਸੀ ਪਾਰਟੀਆਂ .ਬੀ.ਸੀ. (ਹੋਰ ਪਛੜੇ ਵਰਗਾਂ) 'ਤੇ ਕੇਂਦਰਤ ਹਨ ਅਤੇ ਇਸ ਕਰਕੇ ਵਸੋਂ ਦਾ 20 ਫੀਸਦੀ ਬਣਦੇ ਦਲਿਤਾਂ ਦੀਆਂ ਵਿਰੋਧੀ ਹਨ। ਖੱਬਿਆਂ ਦੇ ਜਮਾਤੀ ਸਿਧਾਂਤ ਸਮੇਤ ਦਰਾਵੜੀ ਲਹਿਰ ਬਾਰੇ ਇਸ ਬੇਭਰੋਸਗੀ ਅਤੇ ਸੰਸਿਆਂ-ਸ਼ੰਕਿਆਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਪਰ ਸਾਨੂੰ ਇੱਕ ਚੀਜ਼ ਲਾਜ਼ਮੀ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ ਕਿ ਤੁਸੀਂ ਪ੍ਰਗਤੀਵਾਦੀ ਤਾਕਤਾਂ ਨੂੰ ਬਿਲਕੁੱਲ ਰੱਦ ਨਹੀਂ ਕਰ ਸਕਦੇ, ਤੁਸੀਂ ਉਹਨਾਂ ਦੀ ਵਿਚਾਰਧਾਰਾ ਦੇ ਨੁਕਸਾਂ ਦੀ ਆਲੋਚਨਾ ਕਰ ਸਕਦੇ ਹੋ? ਪਰ ਕੀ ਇਹ ਫਿਰਕੂ ਫਾਸ਼ੀਵਾਦ ਦੇ ਖਾਤਮੇ ਲਈ ਉਹਨਾਂ ਨਾਲ ਹੱਥ ਮਿਲਾਉਣ ਦੇ ਰਾਹ ਵਿੱਚ ਰੁਕਾਵਟ ਬਣ ਸਕਦੀ ਹੈ? ਕੀ ਅਸੀਂ ਵੱਡ-ਅਕਾਰੀ ਤਾਕਤ ਵਜੋਂ ਉੱਭਰ ਰਹੇ ਵਿਰਾਟ ਦੁਸ਼ਮਣ ਨਾਲ ਇਕੱਲੇ ਲੜਾਈ ਲੜ ਸਕਦੇ ਹਾਂ? ਤਦ ਇਹ ਕਦੇ ਵੀ ਸਾਵੀਂ ਲੜਾਈ ਨਹੀਂ ਹੋ ਸਕਦੀ।
?
ਹੁਣ ਜਦੋਂ ਹਿੰਦੂਤਵੀ ਤਾਕਤਾਂ ਮੁਲਕ ਭਰ ਵਿੱਚ ਇੱਕਜੁੱਟ ਹੋ ਰਹੀਆਂ ਹਨ, ਤੁਹਾਡੇ ਵਰਗੇ ਆਗੂਆਂ ਅਤੇ ਹੋਰ ਦਲਿਤ ਰਾਜਨੀਤਕ ਪਾਰਟੀਆਂ ਨੇ ਕੌਮੀ ਪੱਧਰ 'ਤੇ ਹੋਰ ਅੰਬੇਦਕਰਵਾਦੀਆਂ ਅਤੇ ਮਾਕਸਵਾਦੀਆਂ ਸਮੇਤ ਧਰਮ ਨਿਰਪੱਖ ਅਤੇ ਦਰਾਵਿੜਾਂ ਨੂੰ ਇਕੱਠਾ ਕਰਕੇ ਸਾਂਝਾ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ?
ਯਕੀਨਨ ਸਭ ਤੋਂ ਪਹਿਲੀ ਲੋੜ ਸਾਨੂੰ ਆਪਣੇ ਵਿੱਚ ਮੌਜੂਦ ਜਨਮ-ਜਾਤ ''ਅੰਦਰੂਨੀ ਜਾਤਪਾਤ'' ਨੂੰ ਦਫਨ ਕਰਦਿਆਂ, ਦਲਿਤ ਏਕਤਾ ਉਸਾਰਨ ਦੀ ਹੈ। ਅਸੀਂ ਜਾਤ ਵਿਰੋਧੀ ਰਾਜਨੀਤੀ ਖਿਲਾਫ ਢਾਂਚਾ ਉਸਾਰੀ ਨੂੰ ਸਰੂਪ ਦੇਣ ਲਈ ਪ੍ਰੋਗਰਾਮ ਜਥੋਬੰਦ ਕਰਾਂਗੇ। ਭਾਰਤ ਵਿੱਚ ਖੱਬਿਆਂ ਨੇ ਕੁੱਝ ਗਲਤੀਆਂ ਕੀਤੀਆਂ ਹਨ। ਇਸੇ ਵਕਤ ਅਸੀਂ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਅੰਬੇਦਕਰੀ ਰਾਜਨੀਤੀ ਦੀਆਂ ਵੀ ਉਹੋ ਜਿਹੀਆਂ ਹੀ ਸਮੱਸਿਆਵਾਂ ਹਨ। ਮੈਂ ਸਾਡੀ ਮੁਕਤੀ ਤੇ ਸ਼ਕਤੀਕਰਨ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਕਿਸੇ ਨੂੰ ਵੀ ਪਰੇ ਧੱਕਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।
ਨੁਕਤਾ ਸਾਫ ਹੈ ਅਜਿਹੀਆਂ ਹਾਲਤਾਂ ਦੇਖਣ ਦੇ ਬਾਅਦ ਵੀ ਜੇਕਰ ਖੱਬੇ, ਅੰਬੇਦਕਰਵਾਦੀ ਅਤੇ ਸਵੈ-ਮਾਣ ਲਈ ਜੂਝਦੀ ਲਹਿਰ ਦੇ ਕਾਰਕੁੰਨ ਇਕੱਠੇ ਨਹੀਂ ਹੁੰਦੇ ਤਾਂ ਇਹ ਨਾ ਸਿਰਫ ਦੇਸ਼ ਸਗੋਂ ਤਾਮਿਲਨਾਡੂ ਲਈ ਵੀ ਤਬਾਹਕੁੰਨ ਹੋਵੇਗਾ। ਜਿਸ ਤਰ੍ਹਾਂ ਦੀ ਪੇਰੀਆਰ ਦੀ ਵਿਰਾਸਤ ਇੱਥੇ ਰਹੀ ਹੈ ਅਸੀਂ ਨਿਸ਼ਚੇ ਹੀ ਸੰਘ ਪਰਿਵਾਰ ਅਤੇ ਭਾਜਪਾ ਵਰਗੀਆਂ ਕਾਲੀਆਂ ਅਤੇ ਸ਼ੈਤਾਨੀ ਤਾਕਤਾਂ ਨੂੰ ਹਰਾ ਸਕਦੇ ਹਾਂ। ਅਗਰ ਅਸੀਂ ਅਜਿਹੀਆਂ ਕਾਲੀਆਂ ਤਾਕਤਾਂ ਦੇ ਦਾਖਲੇ ਨੂੰ ਰੋਕਣ ਲਈ ਇਕੱਠੇ ਨਾ ਹੋਏ ਤਾਂ ਇਤਿਹਾਸ ਸਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ।
?
ਦਲਿਤ ਕਾਰਕੁੰਨ ਮਹਿਸੂਸ ਕਰਦੇ ਹਨ ਕਿ .ਬੀ.ਸੀ. (ਹੋਰ ਪਛੜੇ ਵਰਗਾਂ) ਵੱਲੋਂ ਕੀਤੇ ਜਾਣ ਵਾਲੇ ਜਾਤੀ ਜਬਰ ਦੇ ਖਿਲਾਫ ਲੜਾਈ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਦਾ ਇਹ ਇੱਕ ਨੁਕਤਾ ਹੈ। ਜਿੰਨੀ ਦੇਰ ਤੁਸੀਂ ਜਾਤ ਅਤੇ ਇਸ ਨਾਲ ਜੁੜੇ ਵਿਤਕਰੇ ਨੂੰ ਛੋਟੇ (ਸੂਖਮ) ਰੂਪ ਵਿੱਚ ਖਤਮ ਨਹੀਂ ਕਰਦੇ, ਸਭਨਾਂ ਦੇ ਸਿਰ ਜੋੜਨ ਲਈ ਇੱਕ ਸਮਾਜਿਕ ਸਮੂਹ ਨੂੰ ਮੁੱਖ ਧਾਰਾ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ?
ਸਹਿਮਤ ਹਾਂ। ਹਰੇਕ ਦਲਿਤ ਪਾਰਟੀ ਜਾਂ ਦਲਿਤ ਅਧਿਕਾਰ ਸਮੁਹ ਦਾ ਅੰਤਿਮ ਨਿਸ਼ਾਨਾ ਜਾਤ ਦਾ ਖਾਤਮਾ ਹੀ ਹੋਣਾ ਚਾਹੀਦਾ ਹੈ ਭਾਵੇਂ ਇਹ ਛੋਟੇ ਜਾਂ ਵੱਡੇ ਪੱਧਰ 'ਤੇ ਹੋਵੇ। ਦੇਸ਼ ਵਿੱਚ ਕਰੀਬ ਕਰੀਬ ਹਰ ਥਾਂ ਅਸੀਂ ਦੇਖਦੇ ਹਾਂ ਕਿ ਦਲਿਤਾਂ 'ਤੇ ਹੋਣ ਵਾਲੇ ਅੱਤਿਆਚਾਰ ਉਹਨਾਂ .ਬੀ.ਸੀਜ਼ ਵੱਲੋਂ ਹੀ ਹੁੰਦੇ ਹਨ, ਜਿਹਨਾਂ ਦਾ ''ਬ੍ਰਹਮਣੀਕਰਨ'' ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ  ਭਾਰਤੀ ਰਾਜ ਵੱਲੋਂ ਜਿਵੇਂ ਜ਼ਮੀਨੀ ਸੁਧਾਰਾਂ ਨੂੰ ਲਾਗੂ ਕੀਤਾ ਹੈ ਸ਼ੂਦਰ ਦਲਿਤਾਂ ਲਈ ਹੋਰ ਜ਼ਿਆਦਾ ਅੱਤਿਆਚਾਰੀ ਬਣ ਗਏ ਹਨ। ਪਰ ਦਲਿਤਾਂ ਦੇ ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨਾਲ ਹੱਥ ਮਿਲਾਏ ਬਿਨਾ ਉਹਨਾਂ ਦਾ ਕਾਰਜ ਸਾਕਾਰ ਨਹੀਂ ਹੋ ਸਕਦਾ।
ਦਲਿਤ ਇਹਨਾਂ ਵਿੱਚੋਂ ਕਈ ਮੁੱਦਿਆਂ 'ਤੇ ਸਨਕੀ ਹੋ ਗਏ ਹਨ। ਦਲਿਤ ਭਾਈਚਾਰੇ ਵਿਚਲੇ ਕੁੱਝ ਖਾਸ ਹਿੱਸੇ ਇਸ ਧਾਰਨਾ ਦਾ ਪ੍ਰਚਾਰ ਕਰਦੇ ਹਨ ਕਿ ਹਰ ਚੀਜ਼ ਪਿੱਛੇ ਬ੍ਰਾਹਮਣਵਾਦੀ ਸਾਜਿਸ਼ ਹੈ। ਉਹ ਇਸ ਗੱਲ ਵਿੱਚ ਯਕੀਨ ਰੱਖਦੇ ਹਨ ਕਿ ਇਸ ਗ੍ਰਹਿ (ਧਰਤੀ) 'ਤੇ ਹਰੇਕ ਬ੍ਰਾਹਮਣ ਦਲਿਤਾਂ ਦੇ ਜੀਵਨ ਨੂੰ ਤਬਾਹ ਕਰਨ ਲਈ ਤਿਆਰ ਬਰ ਤਿਆਰ ਹੈ। ਇਸ ਗੱਲ ਦਾ ਬਹੁਤ ਘੱਟ ਅਹਿਸਾਸ ਹੈ ਕਿ ਸਾਡੀ ਸਮੱਸਿਆ ਬ੍ਰਾਹਮਣਵਾਦ ਨਾਲ ਹੈ ਨਾ ਕਿ ਬ੍ਰਾਹਮਣਾਂ ਨਾਲ। ਹਾਂ, ਇਸੇ ਵਾਸਤੇ ਮੈਂ ਮੰਨਦਾ ਹਾਂਕਿ ਸਾਨੂੰ ਪ੍ਰਗਤੀਵਾਦੀਆਂ ਨੂੰ ਖੁੱਲ੍ਹੇ ਮਨ ਨਾਲ ਗਲੇ ਲਾਉਣ ਦੀ ਜ਼ਰੂਰਤ ਹੈ ਬਸ਼ਰਤੇ ਕਿ ਉਹ ਜਾਤ ਦੇ ਖਾਤਮੇ ਲਈ ਸਾਡੇ ਨਾਲ ਮਿਲਣ ਲਈ ਤਿਆਰ ਹੋਣ।
?
ਜਾਤ ਦੇ ਖਾਤਮੇ ਸਬੰਧੀ ਤੁਹਾਡਾ ਕੀ ਸੁਝਾਅ ਹੈ?
ਮੇਰਾ ਸੁਝਾਅ ਹੈ ਕਿ ਜ਼ਮੀਨੀ ਸੁਧਾਰ ਸਭ ਤੋਂ ਕਾਰਗਰ ਸੰਦ ਹੈ, ਜੋ ਕਿ ਢਾਂਚਾਗਤ ਤਬਦੀਲੀਆਂ ਦੀ ਪੂਰੀ ਤਰ੍ਹ੍ਵਾਂ ਜੜ੍ਹ੍ਵ ਲੱਭ ਕੇ ਇਲਾਜ ਕਰ ਸਕਦਾ ਹੈ ਅਤੇ ਹਾਸ਼ੀਏ 'ਤੇ ਧੱਕੇ ਲੋਕਾਂ ਨੂੰ ਸਮਾਜੀ ਆਰਥਿਕ ਤਾਕਤ ਦੇ ਸਕਦਾ ਹੈ। ਜਾਤ ਸਿਰਫ ਇੱਕ ਸਮਾਜੀ ਸੱਭਿਆਚਾਰਕ ਵਰਤਾਰਾ ਹੀ ਨਹੀਂ ਹੈ ਕਿਉਂਕਿ ਇਸ ਦਾ ਭੌਤਿਕ ਆਧਾਰ (ਪਦਾਰਥਕ ਆਧਾਰ) ਵੀ ਹੈ।
ਇਸ ਕਰਕੇ ਮੈਂ ਤਾਮਿਲਨਾਡੂ ਅਤੇ ਹੋਰ ਦੱਖਣੀ ਰਾਜਾਂ ਵਿੱਚ ਆਉਣਾ ਜਾਰੀ ਰੱਖਾਂਗਾ ਅਤੇ ਜ਼ਮੀਨੀ ਸੁਧਾਰਾਂ ਦੀ ਲਹਿਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਂ ਯਕੀਨ ਕਰਦਾ ਹਾਂ ਕਿ ਸਿਰਫ ਇਸੇ ਨਾਲ ਜਾਤ ਗੈਰ-ਬਰਾਬਰੀ ਖਤਮ ਹੋ ਸਕਦੀ ਹੈ ਅਤੇ ਖਾਸ ਕਰਕੇ ਸਾਡੀ ਪੰਚਮੀ ਭੂਮੀ ਦੀ ਪ੍ਰਾਪਤੀ ਵਾਸਤੇ। ਇਸ ਕਰਕੇ ਮੈਂ ਨਾ ਸਿਰਫ ਦਲਿਤ ਸਗੋਂ ਹੋਰ ਗਰੀਬ ਪੱਖੀ ਅਤੇ ਜਾਤ ਵਿਰੋਧੀ ਤਾਕਤਾਂ ਨੂੰ ਇਕੱਠੇ ਹੋ ਕੇ ਪੰਚਮੀ ਭੂਮੀ ਜਿਹੜੀ ਕਿ ਅੰਗਰੇਜ਼ਾਂ ਵੱਲੋਂ ਦਲਿਤਾਂ ਨੂੰ ਅਲਾਟ ਕੀਤੀ ਗਈ ਸੀ ਮੁੜ ਪ੍ਰਾਪਤ ਕਰਨ ਲਈ ਸਾਂਝਾ ਸੰਘਰਸ਼ ਚਲਾਉਣ ਦੀ ਸਲਾਹ ਦਿੰਦਾ ਹਾਂ। ਬੇਸ਼ੱਕ ਮੈਂ ਜਾਣਦਾ ਹਾਂ ਕਿ ਇਹ ਇੱਕ ਬਹੁਤ ਹੀ ਵੱਡਾ ਕਾਰਜ ਹੈ। ਇੱਥੇ ਸਾਡਾ ਮੁੱਖ ਏਜੰਡਾ ਲਾਜ਼ਮੀ  ਇਹੋ ਹੀ ਹੋਵੇਗਾ।
?
ਤੁਹਾਡਾ ਫਾਸ਼ੀਵਾਦ ਵਿਰੁੱਧ ਧਰਮ-ਨਿਰਪੱਖ ਤਾਕਤਾਂ ਨੂੰ ਇੱਕਜੁੱਟ ਕਰਨ ਦਾ ਸੁਪਨਾ ਖਿਆਲੀ ਜਾਪਦਾ ਹੈ। ਤੁਸੀਂ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਦਲਿਤ ਸਮਾਜ ਅੰਦਰਲੇ ਅਤੇ ਬਾਹਰੀ ਤੱਤਾਂ ਨੂੰ ਇੱਕਜੁੱਟ ਲਹਿਰ ਚਲਾਉਣ ਲਈ ਕਿਵੇਂ ਜਥੇਬੰਦ ਕਰੋਗੇ?
ਸਾਨੂੰ ਲਾਜ਼ਮੀ ਹੀ ਇੱਕੋ ਜਿਹੇ ਵਿਚਾਰਾਂ ਵਾਲੀਆਂ ਅਤੇ ਸੰਘ ਪਰਿਵਾਰ ਵਿਰੋਧੀ ਤਾਕਤਾਂ ਦਾ ਮੁਲਕ ਪੱਧਰੀ ਸਾਂਝਾ ਮੰਚ ਉਸਾਰਨਾ ਪਵੇਗਾ। ਅਸੀਂ ਆਪਣੇ ਸੰਘਰਸ਼ ਨੂੰ ਨਿਖੇੜੇ ਦੀ ਹਾਲਤ ਵਿੱਚ ਮੁਰਝਾਉਣ ਨਹੀਂ ਦੇ ਸਕਦੇ। ਮੈਂ, ਕਨੱਈਆ ਕੁਮਾਰ, ਸ਼ਹਿਲਾ ਰਸ਼ੀਦ ਸ਼ੋਰਾ ਅਤੇ ਕਈ ਹੋਰ ਸਮਾਜਿਕ ਤੌਰ 'ਤੇ ਚੇਤਨ ਆਗੁ ਕਾਰਕੁੰਨ ਅਤੇ ਮਿੱਤਰ ਪਹਿਲਾਂ ਹੀ ਇਸ 'ਤੇ ਕੰਮ ਕਰ ਰਹੇ ਹਾਂ। ਉਮੀਦ ਹੈ ਕਿ ਅਸੀਂ ਬਹੁਤ ਛੇਤੀ ਹੋ ਸਕਦਾ ਹੈ ਕਿ ਗੁਜਰਾਤ ਦੀਆਂ 2017 ਵਿਚਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਏਕਤਾ ਦੀ ਝਲਕ ਵਿਖਾਉਣ ਵਿੱਚ ਕਾਮਯਾਬ ਹੋ ਸਕੀਏ।
ਰਾਸ਼ਟਰੀ ਦਲਿਤ ਅਧਿਕਾਰ ਮੰਚ ਗੁਜਰਾਤ ਵਿੱਚ ਕਾਮਯਾਬ ਹੈ। ਇਹ ਸਾਡੇ ਸਾਹਮਣੇ ਭਵਿੱਖ ਵਿੱਚ ਵਿਸ਼ਾਲ ਕਾਰਜ ਹੈ ਜੋ ਆਸਾਨੀ ਨਾਲ ਬਿਲਕੁੱਲ ਪੂਰਾ ਹੋਣ ਵਾਲਾ ਨਹੀਂ। ਅੱਜ ਕੱਲ੍ਹ ਦਲਿਤ ਕੁੱਝ ਸਨਕੀ, ਟੁਕੜਿਆਂ ਵਿੱਚ ਵੰਡੇ ਅਤੇ ਨਿੱਖੜੇ ਹੋਏ ਲੋਕਾਂ ਦੀ ਗ੍ਰਿਫਤ ਵਿੱਚ ਹਨ, ਉਹਨਾਂ ਨੂੰ ਇੱਕ ਸਾਂਝੇ ਬੈਨਰ ਹੇਠ ਇਕੱਠੇ ਕਰਨਾ ਅਤੇ ਜਮਾਤੀ ਨਜਰੀਏ ਤਹਿਤ ਇੱਕ ਲਹਿਰ ਦਾ ਸਰੂਪ ਦੇਣਾ ਕੋਈ ਸਾਧਾਰਨ ਕਾਰਜ ਨਹੀਂ ਹੈ।
ਪਰ ਅਸੀਂ ਇਹ ਕਰਾਂਗੇ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕ ਸਮੇਤ ਜਿੰਨੇ ਵੀ ਰਾਜਾਂ ਵਿੱਚ ਮੈਂ ਗਿਆ ਹਾਂ, ਸਭ ਨੇ ਸਾਡੇ ਇਸ ਕਾਰਜ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। ਹਿੰਤੂਤਵਾ ਪ੍ਰੇਰਤ ਪੂੰਜੀਵਾਦ ਨੂੰ ਹਾਰ ਦੇਣ ਲਈ ਸਾਨੂੰ ਸਾਰਿਆਂ ਦੇ ਸਮਰਥਨ ਦੀ ਲੋੜ ਹੈ। ਸਾਡੇ ਦੁਸ਼ਮਣ ਦੀ ਸ਼ਨਾਖਤ ਹੋ ਚੁੱਕੀ ਹੈ। ਹੁਣ ਦੇਸ਼ ਦੀ ਸਮੁੱਚਤਾ ਵਾਲੀ ਹਸਤੀ ਬਰਕਰਾਰ ਰੱਖਣ ਲਈ ਅਤੇ ਇਸ ਨੂੰ ਧਰਮ ਨਿਰਪੱਖ ਜਾਤੀ ਰਹਿਤ ਅਤੇ ਅਗਾਂਹਵਧੂ ਵਿਚਾਰਧਾਰਾ ਦੇ ਮਜਬੂਤ ਬੰਧਨ ਵਿੱਚ ਬੰਨ੍ਹਣ ਲਈ ਡਟ ਜਾਈਏ।
('
ਫਰੰਟ ਲਾਈਨ' 20 ਮਈ 2017 'ਚੋਂ ਧੰਨਵਾਦ ਸਹਿਤ) ਨੋਟ-ਇਸ ਇੰਟਰਵਿਊ ਵਿਚਲੇ ਵਿਚਾਰਾਂ ਨੂੰ ਹਾਂ-ਪੱਖੀ ਅਤੇ ਉਸਾਰੂ ਮੰਨਦਿਆਂ, ਅਦਾਰਾ ਇਹਨਾਂ ਵਿਚਾਰਾਂ ਦੇ ਕੁੱਲ ਸਾਰ-ਤੱਤ ਨਾਲ ਸਹਿਮਤ ਨਹੀਂ ਹੈਸੰਪਾਦਕ)

No comments:

Post a Comment