Sunday, 10 September 2017

ਗੋਰਖਾਲੈਂਡ ਬਣਾਉਣ ਦੀ ਹੱਕੀ ਮੰਗ




ਗੋਰਖਾਲੈਂਡ ਬਣਾਉਣ ਦੀ ਹੱਕੀ ਮੰਗ 'ਤੇ ਉੱਠੇ
ਅੰਦੋਲਨ ਨੂੰ ਜਬਰ ਰਾਹੀਂ ਕੁਚਲਣ ਦਾ ਵਿਰੋਧ ਕਰੋ

ਨਾਜ਼ਰ ਸਿੰਘ ਬੋਪਾਰਾਏ

ਪੱਛਮੀ ਬੰਗਾਲ ' ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਹਕੂਮਤ ਵੱਲੋਂ ਅੱਧ ਮਈ ' ਸੂਬੇ ਦੇ ਉੱਤਰੀ ਖੇਤਰਾਂ ਵਿੱਚ ਨੇਪਾਲੀ ਬਹੁਲਤਾ ਵਾਲੇ ਇਲਾਕਿਆਂ ਵਿੱਚ ਬੰਗਾਲੀ ਭਾਸ਼ਾ ਨੂੰ ਪਹਿਲੀ ਤੋਂ ਦਸਵੀਂ ਤੱਕ ਜਬਰੀ ਲਾਗੂ ਕੀਤੇ ਜਾਣ ਦੇ ਖਿਲਾਫ 8 ਜੂਨ ਤੋਂ ਸ਼ੁਰੂ ਹੋਇਆ ਸੰਘਰਸ਼ 17 ਜੂਨ ਨੂੰ ਉਦੋਂ ਭਾਂਬੜ ਬਣ ਉੱਠਿਆ, ਜਦੋਂ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਅੰਨ੍ਹਾ ਪੁਲਸੀ ਜਬਰ ਢਾਹਿਆ। ਨੇਪਾਲੀ ਬਹੁਲਤਾ ਵਾਲੇ ਇਸ ਖੇਤਰ ਦੇ ਲੋਕਾਂ ਵੱਲੋਂ ਆਪਣੀ ਮਾਂ ਬੋਲੀ ਦੇ ਆਧਾਰ 'ਤੇ ਵੱਖਰੇ ਸੂਬੇ ਗੋਰਖਾਲੈਂਡ ਦੀ ਮੰਗ ਤਾਂ ਭਾਵੇਂ ਪਹਿਲਾਂ ਤੋਂ ਹੀ ਹੁੰਦੀ ਰਹੀ ਹੈ, ਪਰ ਹੁਣ ਸ਼ੁਰੂ ਹੋਇਆ ਸੰਘਰਸ਼ ਤਿੱਖ ਅਤੇ ਤੇਜ਼ੀ ਪੱਖੋਂ ਪਿਛਲੇ ਕੁੱਝ ਅਰਸੇ ਦੇ ਸੰਘਰਸ਼ਾਂ ਤੋਂ ਅੱਗੇ ਨਿਕਲ ਗਿਆ ਹੈ। ਮਮਤਾ ਹਕੂਮਤ ਨੂੰ ਭਾਵੇਂ ਲੋਕ ਰੋਹ ਤੋਂ ਤ੍ਰਹਿੰਦੇ ਹੋਏ, ਬੰਗਾਲੀ ਬੋਲੀ ਜਬਰੀ ਠੋਸੇ ਜਾਣ ਦੇ ਫੁਰਮਾਨ ਨੂੰ ਥੁੱਕ ਕੇ ਚੱਟਣਾ ਪਿਆ ਹੈ, ਪਰ ਮਾਮਲਾ ਹੁਣ ਸਿਰਫ ਇੱਥੇ ਤੱਕ ਹੀ ਮਹਿਦੂਦ ਨਹੀਂ ਸੀ ਰਹਿ ਗਿਆ ਕਿ ਸਕੂਲਾਂ ਵਿੱਚ ਬੰਗਾਲੀ ਭਾਸ਼ਾ ਨਹੀਂ ਮੜ੍ਹੀ ਜਾਵੇਗੀ ਬਲਕਿ ਇਹ ਵੱਖਰੇ ਸੂਬੇ ਗੋਰਖਾਲੈਂਡ ਦੀ ਮੰਗ ਦਾ ਰੂਪ ਹੀ ਧਾਰ ਗਿਆ ਹੈ। ਪੁਲਸ ਅਤੇ ਨੀਮ ਫੌਜੀ ਬਲਾਂ ਵੱਲੋਂ ਚਲਾਈ ਗੋਲੀ ਅਤੇ ਲਾਠੀਚਾਰਜ ਨਾਲ ਹੁਣ ਤੱਕ 8 ਬੰਦੇ ਮਾਰੇ ਗਏ ਹਨ।
ਭਾਵੇਂ 1947 ਵਿੱਚ ਅਣ-ਵੰਡੀ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਗੋਰਖਾਲੈਂਡ ਦੀ ਕਾਇਮੀ ਵਾਸਤੇ ਮੰਗ ਪੱਤਰ ਦਿੱਤਾ ਗਿਆ ਸੀ ਪਰ ਜਦੋਂ ਪੱਛਮੀ ਬੰਗਾਲ ਵਿੱਚ ਮਾਰਕਸੀ ਸਰਕਾਰ ਦੀ ਅਗਵਾਈ ਵਾਲਾ ਸਾਂਝਾ ਮੋਰਚਾ ਕਾਇਮ ਹੋਇਆ ਤਾਂ ਇੱਥੋਂ ਦੇ ਅਖੌਤੀ ਕਮਿਊਨਿਸਟਾਂ ਨੇ ਨਾ ਸਿਰਫ ਇਸ ਮੰਗ ਨੂੰ ਹੀ ਦਰਕਿਨਾਰ ਕੀਤਾ ਬਲਕਿ ਇਸ ਨੂੰ ਮੂਲੋਂ ਹੀ ਕੁਚਲ ਦੇਣ ਲਈ ਅੰਤਾਂ ਦਾ ਜਬਰ ਢਾਹਿਆ। ਤ੍ਰਿਣਮੂਲ ਕਾਂਗਰਸ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਗੋਰਖਾਲੈਂਡ ਦੀ ਮੰਗ ਦਾ ਸਮਰਥਨ ਕਰਦੀ ਰਹੀ ਸੀ, ਪਰ ਸੱਤਾ ਵਿੱਚ ਆਉਣ ਸਾਰ ਹੀ ਇਸਨੇ ਆਪਣਾ ਪੱਖ ਬਦਲ ਲਿਆ।
ਜਦੋਂ ਤੱਕ ਇਹ ਘੋਲ ਬੰਗਾਲੀ ਬੋਲੀ ਨੂੰ ਜਬਰੀ ਥੋਪੇ ਜਾਣ ਦੇ ਵਿਰੋਧ ਤੱਕ ਸੀਮਤ ਜਾਪਦਾ ਸੀ ਤਾਂ ਮਮਤਾ ਹਕੂਮਤ ਨੇ ਇਸ ਨੂੰ ਮੁਕਾਬਲਤਨ ਸਰਸਰੀ ਲਿਆ, ਪਰ ਜਦੋਂ ਇਹ ਬੋਲੀ ਦੇ ਮਸਲੇ ਤੋਂ ਅੱਗੇ ਵੱਖਰੇ ਸੂਬੇ ਗੋਰਖਾਲੈਂਡ ਦੀ ਮੰਗ ਤੱਕ ਜਾ ਪਹੁੰਚਿਆ ਤਾਂ ਉਸਨੇ ਇਸ ਨੂੰ ਕੁਚਲਣ ਲਈ ਸਾਰਾ ਤਾਣ ਲਾਇਆ। ਉਸਨੇ ਨਾ ਸਿਰਫ ਪੁਲਸੀ ਲਸ਼ਕਰਾਂ ਦੀਆਂ ਵਾਂਗਾਂ ਹੀ ਖੁੱਲ੍ਹੀਆਂ ਛੱਡੀਆਂ ਬਲਕਿ ਕੇਂਦਰੀ ਹਕੂਮਤ ਤੋਂ ਵੀ ਹੋਰ ਫੌਜੀ ਬਲਾਂ ਦੀ ਮੰਗ ਕੀਤੀ। ਐਨਾ ਹੀ ਨਹੀਂ ਬਲਕਿ ਇਸਨੇ ਆਪਣੀ ਪਾਰਟੀ ਦੀਆਂ ਗੁੰਡਾ ਢਾਣੀਆਂ ਨੂੰ ਸ਼ਸ਼ਕਾਰ ਕੇ ਗੋਰਖਾ ਲੋਕਾਂ ਨੂੰ ਸਬਕ ਸਿਖਾਉਣ ਲਈ ਉਹਨਾਂ ਦੀਆਂ ਮੋਟਰਾਂ, ਗੱਡੀਆਂ, ਦੁਕਾਨਾਂ, ਸੰਸਥਾਵਾਂ, ਜ਼ਮੀਨ-ਜਾਇਦਾਦਾਂ 'ਤੇ ਯੋਜਨਾਬੱਧ ਹਮਲੇ ਕਰਵਾਏ। ਪਹਾੜੀ ਖੇਤਰ ਨੂੰ ਜਾਂਦੀ ਨੈਸ਼ਨਲ ਹਾਈਵੇ ਨੰ. 10 ਨੂੰ ਬੰਦ ਕਰਕੇ ਨਾ ਸਿਰਫ ਗੋਰਖਾ ਲੋਕਾਂ ਨੂੰ ਹੀ ਦਮੋਂ ਕੱਢਣ ਦੇ ਯਤਨ ਕੀਤੇ ਗਏ ਬਲਕਿ ਗੋਰਖਾਲੈਂਡ ਦੀ ਹਮਾਇਤ ਕਰਦੀ ਸਿੱਕਮ ਦੀ ਸੂਬਾਈ ਹਕੂਮਤ ਨੂੰ ਵੀ ਸਬਕ ਸਿਖਾਉਣ ਦੇ ਯਤਨ ਕੀਤੇ। ਦਾਰਜੀਲਿੰਗ ਅਤੇ ਸਿੱਕਮ ਵਿੱਚ ਜਿਹੜੇ ਹੋਟਲ ਸਾਰਾ ਸਾਲ ਯਾਤਰੀਆਂ ਨਾਲ ਭਰੇ ਰਹਿੰਦੇ ਸਨ, ਉਹ ਯਾਤਰੀਆਂ ਦੇ ਵਾਪਸ ਚਲੇ ਜਾਣ ਕਰਕੇ ਅਤੇ ਨਵੀਂ ਆਮਦ ਬੰਦ ਹੋਣ ਕਰਕੇ ਭਾਂ-ਭਾਂ ਕਰਨ ਲੱਗੇ। ਲੋਕਾਂ ਵਿੱਚ ਨਿੱਤ-ਰੋਜ਼ ਦੀਆਂ ਵਰਤੋਂ ਚੀਜ਼ਾਂ-ਵਸਤਾਂ, ਖਾਣ-ਪੀਣ ਅਤੇ ਦਵਾਈਆਂ ਆਦਿ ਦੀ ਤੋਟ ਹੋਣ ਨਾਲ ਲੋਕਾਂ ਨੂੰ ਭੁੱਖ-ਦੁੱਖ ਅਤੇ ਤਕਲੀਫਾਂ ਦਾ ਸੰਤਾਪ ਭੋਗਣਾ ਪਿਆ।
ਭਾਵੇਂ ਭਾਰਤੀ ਜਨਤਾ ਪਾਰਟੀ ਸਾਰੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋਈ ਪਈ ਹੈ, ਪਰ ਇਸ ਦਾ ਸਾਬਕਾ ਸਥਾਨਕ ਐਮ.ਪੀ. ਗੋਰਖਾਲੈਂਡ ਦੇ ਪੱਖ ਵਿੱਚ ਨਾਹਰੇ ਲਾਉਂਦਾ ਰਿਹਾ ਹੈ, ਆਪਣੇ ਵੋਟ-ਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਨਤਾ ਪਾਰਟੀ ਅਸਿੱਧੇ ਤਰੀਕੇ ਨਾਲ ਗੋਰਖਾਲੈਂਡ ਦੀ ਹਮਾਇਤ ਕਰ ਰਹੀ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਸਥਾਨਕ ਹਕੂਮਤ ਦਾ ਵਿਰੋਧ ਕਰਦੀ ਹੋਈ ਗੋਰਖਾ ਲੋਕਾਂ ਦੇ ਮਸਲੇ ਨੂੰ ਹਮਦਰਦੀ ਭਰੇ ਢੰਗ ਨਾਲ ਹੱਲ ਕਰਨ ਦੀਆਂ ਗੱਲਾਂ ਕਰ ਰਹੀ ਹੈ।
ਬੋਲੀ ਦੇ ਆਧਾਰ 'ਤੇ ਗੋਰਖਾਲੈਂਡ ਨਾਂ ਦੇ ਵੱਖਰੇ ਸੂਬੇ ਦੀ ਮੰਗ ਕਰਨਾ ਉੱਥੋਂ ਦੇ ਲੋਕਾਂ ਦੀ ਸੁਭਾਵਿਕ ਅਤੇ ਕੁਦਰਤੀ ਮੰਗ ਹੈ। ਜੇਕਰ ਜਮਹੂਰੀ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਇਸ ਮੰਗ ਦੀ ਹਮਾਇਤ ਕੀਤੀ ਹੀ ਜਾਣੀ ਚਾਹੀਦੀ ਹੈ, ਪਰ ਕੁੱਲ ਮਿਲਾ ਕੇ ਭਾਰਤੀ ਰਾਜ ਇਸ ਮੰਗ ਨੂੰ ਠੁਕਰਾਉਂਦਾ ਰਿਹਾ ਹੈ। ਬੇਸ਼ੱਕ ਸਮੇਂ ਸਮੇਂ 'ਤੇ ਸਥਾਨਕ ਹਾਕਮ ਜਮਾਤੀ ਪਾਰਟੀਆਂ ਇਸ ਮੰਗ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਚੁੱਕਦੀਆਂ ਵੀ ਰਹੀਆਂ ਹਨ, ਪਰ ਜਦੋਂ ਉਹਨਾਂ ਦੀਆਂ ਤਰਜੀਹਾਂ ਅਤੇ ਹਿੱਤ ਬਦਲ ਜਾਂਦੇ ਰਹੇ ਤਾਂ ਉਹ ਇਸ ਮੰਗ ਨੂੰ ਛੱਡ ਹੀ ਨਹੀਂ ਜਾਂਦੀਆਂ ਰਹੀਆਂ ਸਗੋਂ ਇਸਦੇ ਉਲਟ ਵੀ ਭੁਗਤ ਜਾਂਦੀਆਂ ਰਹੀਆਂ ਹਨ। ਸੀ.ਪੀ.ਆਈ.(ਐਮ.), ਤ੍ਰਿਣਾਮੂਲ ਕਾਂਗਰਸ ਵਿੱਚੋਂ ਕਿਸੇ ਨੂੰ ਵੀ ਲੈ ਲਵੋ, ਜਦੋਂ ਤੱਕ ਇਹ ਪਾਰਟੀ ਬੰਗਾਲ ਦੀ ਸਥਾਨਕ ਸੱਤਾ 'ਤੇ ਕਾਬਜ ਨਹੀਂ ਸਨ ਤਾਂ ਇਹ ਗੋਰਖਾਲੈਂਡ ਦੀ ਮੰਗ ਦਾ ਸਮਰਥਨ ਕਰਦੀਆਂ ਰਹੀਆਂ ਪਰ ਜਦੋਂ ਹੀ ਇਹਨਾਂ ਵਿੱਚੋਂ ਕਿਸੇ ਨੂੰ ਵੀ ਇਹ ਸੱਤਾ ਹਾਸਲ ਹੋ ਗਈ ਤਾਂ ਉਹਨਾਂ ਨੂੰ ''ਹਮਾਰ ਬੰਗਲਾ'', ''ਸੁਨਾਰ ਬੰਗਲਾ'' ਚੰਗਾ ਲੱਗਣ ਲੱਗ ਪਿਆ।
ਜਿੱਥੋਂ ਤੱਕ ਕੇਂਦਰੀ ਸੱਤਾ 'ਤੇ ਕਾਬਜ਼ ਪਾਰਟੀਆਂ ਦਾ ਸਵਾਲ ਹੈ, ਉਹ ਦੇਸ਼ ਦੀ ''ਏਕਤਾ'' ਅਤੇ ''ਅਖੰਡਤਾ'' ਦੇ ਨਾਂ 'ਤੇ ਸਾਰੇ ਹੀ ਦੇਸ਼ ਨੂੰ ਇੱਕ  ਸੰਘੀ ਰਾਜ ਵੇਖਣ ਦੀ ਥਾਂ ਇੱਕੋ ਇੱਕ ਦੇਸ਼ ਅਤੇ ਇੱਕ ਕੌਮ ਵਜੋਂ ਹੀ ਲੈਂਦੇ ਹਨ। ਉਹਨਾਂ ਲਈ ਹਿੰਦੋਸਤਾਨ ਵਿੱਚ ਇੱਕੋ ਇੱਕ ਕੌਮ ''ਹਿੰਦੂ ਕੌਮ'', ਇੱਕੋ ਇੱਕ ਬੋਲੀ ''ਹਿੰਦੀ'' ਹੈ, ਇੱਕੋ ਇੱਕ ਧਰਮ ''ਹਿੰਦੂ'' ਹੈ। ਇਹਨਾਂ ਤੋਂ ਬਿਨਾ ਉਹਨਾਂ ਲਈ ਕਿਸੇ ਵੀ ਹੋਰ ਬੋਲੀ, ਕੌਮ ਜਾਂ ਧਰਮ ਦਾ ਕੋਈ ਖਾਸ ਮਹੱਤਵ ਨਹੀਂ ਹੈ। ਜਦੋਂ ਕਿ ਹਕੀਕਤ ਇਹ ਹੈ ਕਿ ਸਦੀਆਂ ਤੋਂ ਹੀ  ਭਾਰਤ ਨਾਂ ਦਾ ਇੱਕੋ ਇੱਕ ਦੇਸ਼, ਇੱਕੋ ਇੱਕ ਧਰਮ ਅਤੇ ਇੱਕੋ ਇੱਕ ਬੋਲੀ ਦੀ ਨਾ ਕਦੇ ਹੋਂਦ ਰਹੀ ਹੈ ਅਤੇ ਨਾ ਹੈ। ਬਲਕਿ ਉਹ ਅਨੇਕਾਂ ਬੋਲੀਆਂ, ਕੌਮਾਂ, ਭਾਈਚਾਰਿਆਂ ਵਾਲਾ ਦੇਸ਼ ਰਿਹਾ ਹੈ। ਅੰਗਰੇਜ਼ ਬਸਤੀਵਾਦੀ ਹਾਕਮਾਂ ਜਾਂ ਉਹਨਾਂ ਤੋਂ ਪਹਿਲੇ ਜਾਗੀਰੂ ਰਾਜਿਆਂ ਨੇ ਆਪਣੀ ਹਿੰਸਕ ਤਾਕਤ ਦੇ ਜ਼ੋਰ ਭਾਵੇਂ ਵਿਸ਼ਾਲ ਖੇਤਰਾਂ ਵਿੱਚ ਕਬਜ਼ਾ ਕੀਤਾ ਹੋਇਆ ਸੀ, ਪਰ ਹਕੀਕਤ ਵਿੱਚ ਉਹਨਾਂ ਦੀਆਂ ਬੋਲੀਆਂ, ਸਭਿਅਚਾਰ, ਕੌਮਾਂ ਵੱਖ ਵੱੱਖ ਹੀ ਰਹਿੰਦੀਆਂ ਰਹੀਆਂ ਹਨ। ਹੁਣ ਵੀ ਭਾਰਤੀ ਹਾਕਮਾਂ ਨੇ ਅੰਗਰੇਜ਼ੀ ਵਿਰਾਸਤ ਨੂੰ ਆਧਾਰ ਮੰਨ ਕੇ ਅਨੇਕਾਂ ਕੌਮਾਂ, ਕੌਮੀਅਤਾਂ, ਭਾਈਚਾਰਿਆਂ ਦੇ ਕਬੀਲਿਆਂ ਨੂੰ ਭਾਰਤੀ ਰਾਜ ਨਾਲ ਸਿਰ-ਨਰੜ ਕੀਤਾ ਹੋਇਆ ਹੈ। ਬੇਸ਼ੱਕ ਇਸ ਰਾਜ ਅਧੀਨ ਵੀ ਇੱਥੋਂ ਦੇ ਕਿੰਨੇ ਹੀ ਖੇਤਰਾਂ ਵਿੱਚ ਲੋਕਾਂ ਨੇ ਆਪਣੀ ਬੋਲੀ 'ਤੇ ਆਧਾਰਤ ਸੂਬਿਆਂ ਦਾ ਗਠਨ ਕਰਵਾਇਆ ਹੈ ਪਰ ਬੋਲੀ 'ਤੇ ਆਧਾਰਤ ਸੂਬੇ ਬਣਾਉਣ ਦੀ ਜਿਹੜੀ ਮੰਗ ਰੱਖੀ ਹੋਈ ਹੈ, ਉਸ ਨੂੰ ਭਾਰਤੀ ਹਾਕਮ ਕੁਚਲ ਕੇ ਆਪਣਾ ਆਪਾਸ਼ਾਹ ਰਾਜ ਉਹਨਾਂ 'ਤੇ ਮੜ੍ਹੀਂ ਰੱਖਣਾ ਚਾਹੁੰਦੇ ਹਨ। ਭਾਰਤ ਦੇ ਇਨਕਲਾਬੀ-ਜਮਹੂਰੀ ਅਤੇ ਇਨਸਾਫਪਸੰਦ ਲੋਕਾਂ ਵੱਲੋਂ ਗੋਰਖਾਲੈਂਡ ਖਾਤਰ ਉਠਾਈ ਜਾਂਦੀ ਹੱਕੀ ਆਵਾਜ਼ ਦੀ ਜ਼ੋਰਦਾਰ ਹਮਾਇਤ ਕਰਦੇ ਹੋਏ ਭਾਰਤੀ ਹਾਕਮਾਂ ਵੱਲੋਂ ਢਾਹੇ ਜਾ ਰਹੇ ਜਬਰ-ਜ਼ੁਲਮ ਦੀ ਵਿਰੋਧਤਾ ਕੀਤੀ ਜਾਣੀ ਚਾਹੀਦੀ ਹੈ।
0-0

No comments:

Post a Comment