Sunday, 10 September 2017

ਬਿਹਾਰ ਦੇ ਮੁੱਖ ਮੰਤਰੀ ਦੀ ਪੁੱਠੀ-ਬਾਜ਼ੀ




ਬਿਹਾਰ ਦੇ ਮੁੱਖ ਮੰਤਰੀ ਦੀ ਪੁੱਠੀ-ਬਾਜ਼ੀ
ਮੌਕਾਪ੍ਰਸਤੀ ਅਤੇ ਬੇਸ਼ਰਮੀ ਦਾ ਕੋਈ ਸਿਰਾ ਨਹੀਂ ਹੁੰਦਾ
!

26 ਜੁਲਾਈ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫਾ ਦਿੰਦਿਆਂ, ਕਾਂਗਰਸ ਅਤੇ ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਹੇਠਲੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨਾਲ ਮਿਲ ਕੇ ਬਣਾਏ ਮਹਾਂ-ਗੱਠਜੋੜ ਦੀ ਸਰਕਾਰ ਦਾ ਭੋਗ ਪਾ ਦਿੱਤਾ ਗਿਆ। ਅਸਤੀਫਾ ਦੇਣ ਦੀ ਹੀ ਦੇਰ ਸੀ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰਕੇ ਨਿਤੀਸ਼ ਕੁਮਾਰ ਨੂੰ ਥਾਪੜਾ  ਦਿੱਤਾ ਗਿਆ ਅਤੇ ਚੰਦ ਮਿੰਟਾਂ ਵਿੱਚ ਹੀ ਭਾਜਪਾ ਦੇ ਕੇਂਦਰੀ ਪਾਰਲਮਾਨੀ ਬੋਰਡ ਦੀ ਮੀਟਿੰਗ ਕਰਕੇ ਨਿਤੀਸ਼ ਕੁਮਾਰ ਨੂੰ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ। ਮਿੰਟਾਂ ਵਿੱਚ ਹੀ ਸ਼ੁਸ਼ੀਲ ਮੋਦੀ ਵੱਲੋਂ ਵਿਧਾਨ ਸਭਾ ਵਿੱਚ ਭਾਜਪਾ ਦੇ 58 ਵਿਧਾਇਕਾਂ ਦੀ ਸੂਚੀ ਅਤੇ ਹਮਾਇਤੀ ਚਿੱਠੀ ਰਾਜਪਾਲ ਕੋਲ ਪੇਸ਼ ਕਰ ਦਿੱਤੀ ਗਈ। ਉਸੇ ਵਕਤ ਜੇ.ਡੀ.(ਯੂ.) ਅਤੇ ਭਾਜਪਾ ਦੇ ਵਿਧਾਨ ਸਭਾ ਧੜਿਆਂ ਦੀ ਸਾਂਝੀ ਮੀਟਿੰਗ ਕਰਦਿਆਂ, ਨਿਤੀਸ਼ ਕੁਮਾਰ ਨੂੰ ਆਗੂ ਚੁਣ ਲਿਆ ਗਿਆ ਅਤੇ ਉਸ ਵੱਲੋਂ ਜੇ.ਡੀ.(ਯੂ.) ਦੇ 71, ਭਾਜਪਾ ਦੇ 58 ਅਤੇ 2 ਆਜ਼ਾਦ ਵਿਧਾਇਕਾਂ ਸਮੇਤ 131 ਵਿਧਾਇਕਾਂ ਦੀ ਸੂਚੀ ਰਾਜਪਾਲ ਨੂੰ ਪੇਸ਼ ਕਰਦਿਆਂ, ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਗਿਆ। ਰਾਜਪਾਲ ਵੱਲੋਂ ਇਸ ਦਾਅਵੇ ਨੂੰ ਤੁਰੰਤ ਪ੍ਰਵਾਨ ਕਰਕੇ ਉਸ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਗਿਆ। ਆਪ ਹੀ ਬਣਾਏ ਮਹਾਂ-ਗੱਠਜੋੜ ਨੂੰ ਠਿੱਬੀ ਮਾਰਦਿਆਂ ਅਤੇ ਸੱਤੇ ਖਾਨੇ ਚਿੱਤ ਕਰਦਿਆਂ, ਆਰ.ਐਸ.ਐਸ. ਦੀ ਧੁਤੂ ਭਾਜਪਾ ਨਾਲ ਸਿਰ-ਨਰੜ ਕਰਨ ਦਾ ਇਹ ਘਟਨਾਕਰਮ ਜਿੰਨੀ ਤੇਜੀ ਅਤੇ ਕਾਰਾਗਰੀ ਨਾਲ ਸਿਰੇ ਲਾਇਆ ਗਿਆ, ਉਸ ਤੋਂ ਜਾਪਦਾ ਹੈ ਕਿ ਇਹ ਕੋਈ ਤੁਰੰਤ-ਫੁਰਤ ਕੀਤੀ ਗੰਢਤੁੱਪ ਦਾ ਨਤੀਜਾ ਨਾ ਹੋ ਕੇ ਲੰਮੇ-ਅਰਸੇ ਤੋਂ ਅੰਦਰੋਂ-ਅੰਦਰੀਂ ਚੱਲ ਰਹੀ ਗਿੱਟਮਿੱਟ ਦਾ ਨਤੀਜਾ ਹੈ।
ਇਹ ਉਹੀ ਨਿਤੀਸ਼ ਕੁਮਾਰ ਹੈ, ਜਿਹੜਾ ਪਹਿਲਾਂ ਭਾਜਪਾ ਦੀ ਅਗਵਾਈ ਹੇਠਲੀ ਐਨ.ਡੀ.. ਦੀ ਵਾਜਪਾਈ ਹਕੂਮਤ ਵਿੱਚ ਕੇਂਦਰੀ ਵਜ਼ੀਰ ਸਜਿਆ ਰਿਹਾ। ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ, ਮੋਦੀ ਵੱਲੋਂ 2002 ਵਿੱਚ 2000 ਤੋਂ ਵੱਧ ਮੁਸਲਮਾਨਾਂ ਦਾ ਵਹਿਸ਼ੀ ਕਤਲੇਆਮ ਰਚਾਇਆ ਗਿਆ, ਪਰ ਨਿਤੀਸ਼ ਕੁਮਾਰ ਸਭ ਕਾਸੇ ਤੋਂ ਅੱਖਾਂ ਬੰਦ ਕਰਕੇ ਆਪਣੀ ਵਜ਼ਾਰਤੀ ਕੁਰਸੀ ਨੂੰ ਚੁੰਬੜਿਆ ਰਿਹਾ। ਫਿਰ ਉਹ ਬਿਹਾਰ ਵਿੱਚ ਭਾਜਪਾ ਨਾਲ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ ਵਜੋਂ ਸਜਿਆ ਰਿਹਾ। ਪਰ ਉਸ ਵੱਲੋਂ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ਵਿੱਚ ਹੁੰਦਿਆਂ, ਇੱਕ ਪੜਾਅ 'ਤੇ (2013 ਵਿੱਚ) ਉਸ ਵਕਤ ਮੋਦੀ ਵਿਰੋਧ ਦਾ ਪੈਂਤੜਾ ਅਖਤਿਆਰ ਕਰ ਲਿਆ ਗਿਆ, ਜਦੋਂ ਭਾਜਪਾ ਵੱਲੋਂ ਮੋਦੀ ਨੂੰ 2014 ਵਿੱਚ ਹੋਣ ਜਾ ਰਹੀਆਂ ਲੋਕ ਸਭਾਈ ਚੋਣਾਂ ਦੀ ਪ੍ਰਚਾਰ ਕਮੇਟੀ ਦਾ ਮੁੱਖੀ ਥਾਪ ਦਿੱਤਾ ਗਿਆ। ਨਿਤੀਸ਼ ਵੱਲੋਂ ਬਿਹਾਰ ਅੰਦਰ ਭਾਜਪਾ ਨਾਲੋਂ ਤੋੜ-ਵਿਛੋੜਾ ਕਰਦਿਆਂ ਕਾਂਗਰਸ ਸਮੇਤ ਬਾਕੀ ਭਾਜਪਾ ਵਿਰੋਧੀ ਪਾਰਟੀਆਂ ਦੀ ਹਮਾਇਤ ਨਾਲ ਆਪਣੀ ਹਕੂਮਤੀ ਕੁਰਸੀ ਨੂੰ ਸਹੀ-ਸਲਾਮਤ ਰੱਖਿਆ ਗਿਆ। ਨਿਤੀਸ਼ ਕੁਮਾਰ ਦਾ 17 ਸਾਲ ਭਾਜਪਾ ਨਾਲ ਬਗਲਗੀਰ ਰਹਿਣ ਤੋਂ ਬਾਅਦ ਅਚਾਨਕ ਮੋਹ ਭੰਗ ਹੋਣ ਦਾ ਸਬੱਬ ਨਾ ਮੋਦੀ ਸੀ, ਨਾ ਮੋਦੀ ਅਤੇ ਭਾਜਪਾ ਦੀ ਫਿਰਕੂ-ਫਾਸ਼ੀ ਸੋਚ ਸੀ, ਇਹ ਸਿਰਫ ਤੇ ਸਿਰਫ ਬਿਹਾਰ ਵਿਚਲੇ ਮੁਸਲਿਮ ਵੋਟ ਬੈਂਕ ਨੂੰ ਥੋਕ ਰੂਪ ਵਿੱਚ ਕਾਂਗਰਸ ਅਤੇ ਆਰ.ਜੇ.ਡੀ. ਦੀ ਝੋਲੀ ਵਿੱਚ ਧੱਕੇ ਜਾਣ ਦੀ ਬਜਾਇ, ਇਸ ਵਿਚੋਂ ਵੱਧ ਤੋਂ ਵੱਧ ਹਿੱਸਾ ਹਾਸਲ ਕਰਨਾ ਅਤੇ ਆਪਣਾ ਵੋਟ ਆਧਾਰ ਜੇ ਵਧਣਾ ਨਹੀਂ ਤਾਂ ਘੱਟੋ ਘੱਟ ਬਰਕਰਾਰ ਰੱਖਣਾ ਸੀ। ਪਰ ਨਿਤੀਸ਼ ਕੁਮਾਰ ਦੀਆਂ ਗਿਣਤੀਆਂ-ਮਿਣਤੀਆਂ ਉਦੋਂ ਪੁੱਠੀਆਂ ਪੈ ਗਈਆਂ, ਜਦੋਂ 2014 ਵਿੱਚ ਭਾਜਪਾ ਵੱਲੋਂ ਲੋਕ ਸਭਾ ਦੀਆਂ 34 ਸੀਟਾਂ ਹਥਿਆਉਂਦਿਆਂ ਉਸ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ ਗਈ। ਇਸ ਹਾਰ ਤੋਂ ਘਬਰਾਏ ਨਿਤੀਸ਼ ਕੁਮਾਰ ਵੱਲੋਂ ਮੋਦੀ ਅਤੇ ਭਾਜਪਾ ਖਿਲਾਫ ਆਪਣੀ ਸੁਰ ਉੱਚੀ ਚੁੱਕਦਿਆਂ, ਨਾ ਸਿਰਫ ਮੁਲਕ ਅੰਦਰ ਜਨਤਾ ਦਲ ਪ੍ਰਵਾਰ ਦੀਆਂ 6 ਫਾਂਕਾਂ ਨੂੰ ਇੱਕਜੁੱਟ ਕਰਨ ਅਤੇ ਆਪਣੇ ਆਪ ਨੂੰ ਮੋਦੀ ਦੇ ਮੁਕਾਬਲੇ ਭਾਵੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਉੱਭਰਨ ਲਈ ਰੱਸੇ-ਪੈੜੇ ਵੱਟਣ ਦੀ ਧੁਰਲੀ ਮਾਰੀ ਗਈ, ਸਗੋਂ ਬਿਹਾਰ ਅੰਦਰ ਭਾਜਪਾ ਨੂੰ ਪਛਾੜਨ ਅਤੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਅਤੇ ਆਰ.ਜੇ.ਡੀ. ਨਾਲ ਮਹਾਂ ਗੱਠਜੋੜ ਬਣਾਉਣ ਦਾ ਕਦਮ ਲੈ ਲਿਆ ਗਿਆ। ਜਿਸਦਾ ਸਿੱਟਾ 2015 ਦੀ ਵਿਧਾਨ ਸਭਾਈ ਚੋਣਾਂ ਵਿੱਚ ਭਾਜਪਾ ਨੂੰ ਪਛਾੜਨ ਅਤੇ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਮਹਾਂ ਗੱਠਜੋੜ ਦੀ ਸਰਕਾਰ ਬਣਨ ਵਿੱਚ ਨਿੱਕਲਿਆ। ਇਹਨਾਂ ਚੋਣਾਂ ਵਿੱਚ ਲਾਲੂ ਪ੍ਰਸਾਦ ਹੋਰਾਂ ਵੱਲੋਂ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਤਾਂ ਸੁਸ਼ੋਭਿਤ ਕਰ ਦਿੱਤਾ ਗਿਆ, ਪਰ ਵਿਧਾਨ ਸਭਾ ਵਿੱਚ ਸੀਟਾਂ ਪ੍ਰਾਪਤ ਕਰਨ ਪੱਖੋਂ ਨਿਤੀਸ਼ ਕੁਮਾਰ ਦੀ ਪਾਰਟੀ ਲਾਲੂ ਪ੍ਰਸਾਦ ਦੀ ਪਾਰਟੀ ਨਾਲੋਂ ਪਛੜ ਗਈ। ਨਿਤੀਸ਼ ਕੁਮਾਰ ਦੇ ਜੇ.ਡੀ.(ਯੂ.) ਨੂੰ 71 ਸੀਟਾਂ ਦੇ ਮੁਕਾਬਲੇ ਲਾਲੂ ਪ੍ਰਸਾਦ ਦੇ ਆਰ.ਜੇ.ਡੀ. ਵੱਲੋਂ 79 ਸੀਟਾਂ ਜਿੱਤਦਿਆਂ, ਸਭ ਤੋਂ ਵੱਡੀ ਪਾਰਟੀ ਹੋਣ ਦਾ ਸਥਾਨ ਹਾਸਲ ਕਰ ਲਿਆ ਗਿਆ। ਲਾਲੂ ਪ੍ਰਸਾਦ ਅਤੇ ਉਸਦੀ ਪਾਰਟੀ ਦੇ ਵੋਟ ਬੈਂਕ ਦੀ ਮੁੜ-ਬਹਾਲੀ ਅਤੇ ਜੇ.ਡੀ.(ਯੂ.) ਨੂੰ ਪਿੱਛੇ ਛੱਡ ਜਾਣ ਦੀ ਹਕੀਕਤ ਨਿਤੀਸ਼ ਕੁਮਾਰ ਦੇ ਸੰਘ ਥਾਣੀਂ ਨਹੀਂ ਉੱਤਰੀ। ਇਹ ਹਾਲਤ ਉਸ ਨੂੰ ਨੇੜ-ਭਵਿੱਖ ਵਿੱਚ ਖਤਰੇ ਦੀ ਘੰਟੀ ਲੱਗਦੀ ਸੀ। ਉਹ ਲਾਲੂ ਪ੍ਰਸਾਦ ਨਾਲ ਸ਼ਰੀਕਾ ਖਹਿਭੇੜ ਵਿੱਚੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਪਹੁੰਚਿਆ ਸੀ। ਲਾਲੂ ਪ੍ਰਸਾਦ ਦੀ ਪਾਰਟੀ ਦਾ ਸਭ ਤੋਂ ਵੱਡੀ ਪਾਰਟੀ ਹੋਣ, ਉਸਦੇ ਸਿਆਸੀ ਪ੍ਰਭਾਵ ਦੀ ਮੁੜ-ਬਹਾਲੀ ਹੋਣ ਅਤੇ ਹੋਰ ਵਧਣ ਦੀ ਸੰਭਾਵਨਾ ਹੋਣ ਵਿੱਚੋਂ ਨਿਤੀਸ਼ ਕੁਮਾਰ ਨੂੰ ਇਸ ਸ਼ਰੀਕਾ ਭੇੜ ਦੇ ਫਿਰ ਮਘ ਪੈਣ ਦਾ ਧੁੜਕੂ ਵੱਢ ਵੱਢ ਖਾ ਰਿਹਾ ਸੀ। ਮਹਾਂ ਗੱਠਜੋੜ ਵਿੱਚ ਸਿਆਸੀ ਤਾਕਤ ਦੀ ਵੰਡ-ਵੰਡਾਈ, ਵਿਸ਼ੇਸ਼ ਕਰਕੇ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ ਦੀ ਖਿੱਚੋਤਾਣ ਵਿੱਚ ਉਹ ਕਾਂਗਰਸ ਕੋਲੋਂ ਹਮਾਇਤ ਦੀ ਉਮੀਦ ਨਹੀਂ ਸੀ ਰੱਖਦਾ, ਕਿਉਂਕਿ ਕਾਂਗਰਸ ਦਾ ਆਰ.ਜੇ.ਡੀ. ਨਾਲ ਰਾਬਤਾ ਲੰਮੇ ਅਰਸੇ ਤੋਂ ਚਲਿਆ ਰਿਹਾ ਹੈ। ਇਹੀ ਧੁੜਕੂ ਸੀ, ਜਿਸਦੇ ਹੁੰਦਿਆਂ, ਨਿਤੀਸ਼ ਕੁਮਾਰ ਵੱਲੋਂ ਮਹਾਂ ਗੱਠਜੋੜ ਦੀ ਬੇੜੀ ਵਿਚੋਂ ਛਾਲ ਮਾਰਦਿਆਂ, ਫਿਰਕੂ-ਫਾਸ਼ੀ ਲਾਣੇ ਦੇ ਛਕੜੇ ਵਿੱਚ ਸਵਾਰ ਹੋਣ ਲਈ ਪੁੱਠੀ ਛਾਲ ਮਾਰੀ ਗਈ।
ਜਦੋਂ ਭਾਜਪਾ ਖਿਲਾਫ ਕਾਂਗਰਸ ਅਤੇ ਆਰ.ਜੇ.ਡੀ. ਨਾਲ ਮਹਾਂ ਗੱਠਜੋੜ ਬਣਾਉਂਦਿਆਂ, ਵਿਧਾਨ ਸਭਾ ਚੋਣਾਂ ਜਿੱਤ ਲਈਆਂ ਗਈਆਂ ਅਤੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰ ਲਈ ਗਈ ਤਾਂ ਇਸੇ ਨਿਤੀਸ਼ ਕੁਮਾਰ ਵੱਲੋਂ ਹੁੱਬ ਹੁੱਬ ਕੇ ਦਾਅਵਾ ਕੀਤਾ ਗਿਆ ਸੀ ਕਿ ਮਹਾਂ ਗੱਠਜੋੜ ਦੀ ਇਹ ਜਿੱਤ ਭਾਜਪਾ ਅਤੇ ਹਿੰਦੂਤਵੀ ਲਾਣੇ ਦੀ ਫਿਰਕੂ ਫਾਸ਼ੀ ਵਿਚਾਰਧਾਰਾ ਖਿਲਾਫ ਅਤੇ ਮਹਾਂ ਗੱਠਜੋੜ ਦੀ ਧਰਮ-ਨਿਰਲੇਪ, ਗੈਰ-ਫਿਰਕੂ ਅਤੇ ਫਿਰਕੂ-ਸਦਭਾਵਨਾ ਵਾਲੀ ਸੋਚ ਦੇ ਹੱਕ ਵਿੱਚ ਫਤਵਾ ਹੈ। ਉਸ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹ  ਮੋਦੀ ਦੇ ਵੱਡੇ ਕਾਰਪੋਰੇਟਾਂ ਪੱਖੀ ਗੁਜਰਾਤ ਮਾਰਕਾ ਵਿਕਾਸ ਮਾਡਲ ਦੇ ਮੁਕਾਬਲੇ ਸਭਨਾਂ ਲੋਕਾਂ ਦੀ ਭਲਾਈ ਕਰਨ ਵਾਲੇ ਨਿਤੀਸ਼ ਹਕੂਮਤ ਦੇ ਵਿਕਾਸ ਮਾਡਲ ਦੇ ਹੱਕ ਵਿੱਚ ਫਤਵਾ ਹੈ। ਇਹਨਾਂ ਦੋਵਾਂ ਮਾਮਲਿਆਂ ਨੂੰ ਲੈ ਕੇ ਵਿਧਾਨ ਸਭਾ ਚੋਣਾਂ ਵਿੱਚ ਚੱਲੀ ਭਖਵੀਂ ਚੋਣ-ਮੁਹਿੰਮ ਵਿੱਚ ਨਿਤੀਸ਼ ਕੁਮਾਰ ਵੱਲੋਂ ਮੋਦੀ ਅਤੇ ਭਾਜਪਾ ਨੂੰ ਪਾਣੀ ਪੀ ਪੀ ਕੇ ਕੋਸਿਆ ਗਿਆ। ਪਰ ਹਾਲੀਂ ਬਿਹਾਰ ਦੇ ਲੋਕ ਨਿਤੀਸ਼ ਕੁਮਾਰ ਵੱਲੋਂ ਮੋਦੀ ਅਤੇ ਭਾਜਪਾ ਦੇ ਪੋਤੜੇ ਫਰੋਲਣ ਵਾਲੇ ਭਾਸ਼ਣਾਂ ਦੀ ਤਿੱਖੀ ਲਫਾਜ਼ੀ ਨੂੰ ਭੁੱਲੇ ਨਹੀਂ ਸਨ, ਜਦੋਂ ਉਸ ਵੱਲੋਂ ਭਾਜਪਾ ਨਾਲ ਪਿਆਰ-ਪੀਂਘਾਂ ਪਾਉਣ ਲਈ ਸੈਨਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸਭ ਤੋਂ ਪਹਿਲਾਂ ਉਸ ਵੱਲੋਂ ਦਸੰਬਰ 2015 ਵਿੱਚ ਮੋਦੀ ਵੱਲੋਂ ਬਿਨਾ ਬੁਲਾਇਆਂ ਲਾਹੌਰ ਜਾ ਪੁੱਜਣ ਨੂੰ ਠੀਕ ਠਹਿਰਾਇਆ ਗਿਆ, ਫਿਰ ਜਦੋਂ ਸਾਰੀਆਂ ਵਿਰੋਧੀ ਪਾਰਟੀਆਂ, ਵਿਸ਼ੇਸ਼ ਕਰਕੇ ਸੂਬਾ ਸਰਕਾਰ ਵਿਚਲੀਆਂ ਦੋਵਾਂ ਪਾਰਟੀਆਂ ਅਤੇ ਉਸਦੀ ਪਾਰਟੀ ਦੇ ਆਗੂ ਸ਼ਰਦ ਯਾਦਵ ਵੱਲੋਂ ਨੋਟਬੰਦੀ ਦਾ ਵਿਰੋਧ ਕਰਨ ਦਾ ਪੈਂਤੜਾ ਲਿਆ ਗਿਆ ਤਾਂ ਨਿਤੀਸ਼ ਕੁਮਾਰ ਵੱਲੋਂ ਇਸਦੀ ਡਟਵੀਂ ਹਮਾਇਤ ਵਿੱਚ ਨਿੱਤਰਿਆ ਗਿਆ। ਇੱਥੇ ਹੀ ਬੱਸ ਨਹੀਂ, ਉਸ ਵੱਲੋਂ ਮੋਦੀ ਅਤੇ ਜੇਤਲੀ ਦੀਆਂ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਵਿੱਢ ਦਿੱਤਾ ਗਿਆ। ਇਉਂ, ਇਸ਼ਾਰਿਆਂ ਇਸ਼ਾਰਿਆਂ ਵਿੱਚ ਨੇੜੇ ਹੋਣ ਦਾ ਸਿਲਸਿਲਾ ਭਾਜਪਾ ਨਾਲ ਬਗਲਗੀਰ ਹੋਣ ਲਈ ਬਾਕਾਇਦਾ ਗਿੱਟਮਿੱਟ ਦੀ ਸ਼ਕਲ ਅਖਤਿਆਰ ਕਰ ਗਿਆ। ਮੋਦੀ ਦੇ ਇਸ਼ਾਰੇ 'ਤੇ ਸੀ.ਬੀ.ਆਈ. ਵੱਲੋਂ ਲਾਲੂ ਪ੍ਰਸਾਦ ਅਤੇ ਉਸਦੇ ਬੇਟੇ-ਬੇਟੀਆਂ 'ਤੇ ਇੱਕ ਹੋਰ ਭ੍ਰਿਸ਼ਟਾਚਾਰ ਵਿਰੋਧੀ ਕੇਸ ਦਰਜ ਕਰਕੇ ਅਤੇ ਪੁੱਛ-ਗਿੱਛ ਦਾ ਅਮਲ ਸ਼ੁਰੂ ਕਰਕੇ ਨਿਤੀਸ਼ ਕੁਮਾਰ ਨੂੰ ਮਹਾਂ ਗੱਠਜੋੜ ਵਿੱਚ ਭੱਜ ਨਿਕਲਣ ਅਤੇ ਭਾਜਪਾ ਨਾਲ ਗਲਵੱਕੜੀ ਪਾਉਣ ਦਾ ਸੋਚਿਆ-ਸਮਝਿਆ ਲੰਗੜਾ ਬਹਾਨਾ ਮੁਹੱਈਆ ਕਰ ਦਿੱਤਾ ਗਿਆ। ਆਖਰ ਨਿਤੀਸ਼ ਕੁਮਾਰ ਵੱਲੋਂ ਇਸ ਲੰਗੜੇ ਬਹਾਨੇ ਦੀ ਉਂਗਲੀ ਫੜਦਿਆਂ, ਬਿਹਾਰ ਦੇ ਵੋਟਰਾਂ ਵੱਲੋਂ ਦਿੱਤੇ ਨਾ ਸਿਰਫ ਅਖੌਤੀ ਫਤਵੇ ਨੂੰ ਠੁੱਡ ਮਾਰ ਦਿੱਤੀ ਗਈ ਹੈ, ਸਗੋਂ ਉਸੇ ਫਿਰਕੂ-ਫਾਸ਼ੀ ਭਾਜਪਾ ਨਾਲ ਜਾ ਜੱਫੀ ਪਾਈ ਹੈ, ਜਿਸ ਖਿਲਾਫ ਇਹ ਫਤਵਾ ਦਿੱਤਾ ਗਿਆ ਸੀ। ਮੌਕਾਪ੍ਰਸਤੀ ਅਤੇ ਬੇਸ਼ਰਮੀ ਦੀਆਂ ਸਭ ਹੱਦਾਂ-ਬੰਨੇ ਟੱਪਦਿਆਂ, ਉਹ ਕਹਿੰਦਾ ਹੈ ਕਿ ਫਤਵਾ ਤਾਂ ਬਿਹਾਰ ਦੇ ਵਿਕਾਸ ਲਈ ਸੀ।
ਭਾਜਪਾ ਵੱਲੋਂ ਆਪਣਾ ਹੀ ਥੁੱਕ ਚੱਟਦਿਆਂ, ਉਸੇ ਨਿਤੀਸ਼ ਕੁਮਾਰ ਨਾਲ ਗਲਵੱਕੜੀ ਪਾਈ ਗਈ, ਜਿਸਦਾ ਸੂਬਾਈ ਚੋਣਾਂ ਵਿੱਚ ਇੱਕੋ ਇੱਕ ਏਜੰਡਾ ਮੋਦੀ ਅਤੇ ਭਾਜਪਾ ਨੂੰ ਬਿਹਾਰ ਦੇ ਸਿਆਸੀ ਅਖਾੜੇ ਵਿੱਚੋਂ ਬਾਹਰ ਕਰਨਾ ਸੀ। ਬਿਹਾਰ ਦੇ ਵੋਟਰਾਂ ਵੱਲੋਂ ਮੋਦੀ ਅਤੇ ਭਾਜਪਾ ਖਿਲਾਫ ਭੁਗਤਦਿਆਂ, ਉਹਨਾਂ ਨੂੰ ਬਿਹਾਰ ਸੂਬਾਈ ਹਕੂਮਤ ਵਿੱਚ ਹਿੱਸੇਦਾਰ ਹੋਣ ਜਾਂ ਇਸਦੇ ਹੱਕਦਾਰ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਪਰ ਭਾਜਪਾ ਵੱਲੋਂ ਇਸ ਅਖੌਤੀ ਵੋਟਰ ਫਤਵੇ ਦੀਆਂ ਧੱਜੀਆਂ ਉਡਾਉਂਦਿਆਂ, ਮਹਾਂ ਗੱਠਜੋੜ ਦੀ ਸਰਕਾਰ ਤੋੜਨ ਅਤੇ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐਨ.ਡੀ.. ਦੀ ਸਰਕਾਰ ਬਿਹਾਰ ਦੇ ਲੋਕਾਂ 'ਤੇ ਠੋਸਣ ਦੀ ਸਾਜਿਸ਼ ਨੂੰ ਅਮਲ ਵਿੱਚ ਲਿਆਂਦਾ ਗਿਆ। ਇਹ ਪਹਿਲੀ ਵਾਰ ਨਹੀਂ, ਜਦੋਂ ਭਾਜਪਾ ਵੱਲੋਂ ਅਖੌਤੀ ਵੋਟਰ ਫਤਵੇ ਨੂੰ ਠੁੱਡ ਮਾਰਦਿਆਂ, ਉਹਨਾਂ ਪਾਰਟੀਆਂ ਨਾਲ ਮਿਲ ਕੇ ਹੀ ਸੂਬਾਈ ਹਕੂਮਤਾਂ ਲੋਕਾਂ 'ਤੇ ਮੜ੍ਹੀਆਂ ਗਈਆਂ, ਜਿਹੜੀਆਂ ਪਾਰਟੀਆਂ ਖਿਲਾਫ ਸਬੰਧਤ ਸੂਬਿਆਂ ਦੀਆਂ ਵਿਧਾਨ-ਸਭਾਈ ਚੋਣਾਂ ਲੜੀਆਂ ਗਈਆਂ ਸਨ। ਪਿਛਲੇ ਅਰਸੇ ਵਿੱਚ ਗੋਆ ਵਿੱਚ ਚੋਣ ਹਾਰਨ ਤੋਂ ਬਾਅਦ, ਮੌਕਾਪ੍ਰਸਤ ਜੋੜ-ਤੋੜਾਂ ਨਾਲ ਸੂਬਾ ਹਕੂਮਤ ਹਥਿਆ ਲਈ ਗਈ। ਜੰਮੂ-ਕਸ਼ਮੀਰ ਵਿੱਚ ਜਿਸ ਪੀ.ਡੀ.ਪੀ. ਖਿਲਾਫ ਚੋਣ ਲੜਦਿਆਂ, ਫਿਰਕੂ ਪਾਲਾਬੰਦੀ ਕਰਨ ਲਈ ਫਿਰਕਾਪ੍ਰਸਤ ਜ਼ਹਿਰ ਉਗਾਲੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਉਸੇ ਪੀ.ਡੀ.ਪੀ. ਨਾਲ ਸਾਂਝੀ ਹਕੂਮਤ ਬਣਾ ਲਈ ਗਈ। ਇਸੇ ਤਰ੍ਹਾਂ ਮਨੀਪੁਰ ਵਿੱਚ ਕੀਤਾ ਗਿਆ। ਜਿੱਥੇ ਗੋਆ ਵਾਂਗ ਭਾਜਪਾ ਚੋਣ ਹਾਰ ਗਈ ਸੀ ਅਤੇ ਅਤੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਸੀ। ਪਰ ਭਾਜਪਾ ਵੱਲੋਂ ਕਾਂਗਰਸ ਨੂੰ ਧੋਬੀ ਪਟਕਾ ਮਾਰਦਿਆਂ, ਮੌਕਾਪ੍ਰਸਤ ਜੋੜ-ਤੋੜ ਰਾਹੀਂ ਚੋਣ ਹਾਰ ਕੇ ਵੀ ਸੂਬਾ ਹਕੂਮਤ ਹਥਿਆ ਲਈ ਗਈ।
ਬਿਹਾਰ, ਜੰਮੂ-ਕਸ਼ਮੀਰ, ਗੋਆ ਅਤੇ ਮਨੀਪੁਰ ਆਦਿ ਵਿੱਚ ਸੂਬਾਈ ਹਕੂਮਤ ਨੂੰ ਹਥਿਆਉਣ ਲਈ ਹਿੰਦੂਤਵਾ ਲਾਣੇ ਵੱਲੋਂ ਵਰਤੇ ਗਏ ਮੌਕਾਪ੍ਰਸਤ ਅਤੇ ਸਾਜਿਸ਼ੀ ਹਰਬੇ ਦਿਖਾਉਂਦੇ ਹਨ ਕਿ 1947 ਤੋਂ ਬਾਅਦ ਭਾਰਤ ਦੇ ਹਾਕਮ ਜਮਾਤੀ ਸਿਆਸੀ ਅਖਾੜੇ ਵਿੱਚ ਅਸਰ-ਰਸੂਖ ਰੱਖਦੀਆਂ ਕਾਂਗਰਸ ਸਮੇਤ ਹੋਰਨਾਂ ਪਾਰਲੀਮਾਨੀ ਸਿਆਸੀ ਪਾਰਟੀਆਂ ਵੱਲੋਂ ਜਿਸ ਅਖੌਤੀ ਲੋਕ ਫਤਵੇ ਦੀ ਕਦਰ ਕਰਨ ਦੀ ਦੰਭੀ ਮਰਿਆਦਾ ਨੂੰ ਸਿਰਮੌਰ ਰੱਖਣ ਦੀ ਅਸੂਲਪ੍ਰਸਤੀ ਦਾ ਰਟਣਮੰਤਰ ਕੀਤਾ ਜਾਂਦਾ ਰਿਹਾ ਸੀ, ਹੁਣ ਇਸ ਅਖੌਤੀ ਮਰਿਆਦਾ ਨੂੰ ਸ਼ਰੇਆਮ ਪੈਰਾਂ ਹੇਠ ਦਰੜਦਿਆਂ, ਭਾਜਪਾ ਵੱਲੋਂ ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਵਿੱਚ ਅਜਿਹੇ ਹਰਬਿਆਂ ਅਤੇ ਹੱਥਕੰਡਿਆਂ ਨੂੰ ਸਥਾਪਤ ਕਰਨ ਦਾ ਬੀੜਾ ਚੁੱਕ ਲਿਆ ਗਿਆ ਹੈ, ਜਿਹੜੇ ਮੌਕਾਪ੍ਰਸਤ ਪਾਰਲੀਮਾਨੀ ਸਿਆਸਤ ਦੇ ਕਿਸੇ ਦਿਖਾਵੇ ਮਾਤਰ ਜਾਂ ਦੰਭੀ ਮਰਿਆਦਾ ਦੇ ਵੀ ਮੁਥਾਜ ਨਹੀਂ ਹਨ। ਇਹ ਹਰਬੇ ਅਤੇ ਹੱਥਕੰਡੇ ਆਰ.ਐਸ.ਐਸ. ਦੀ ਹਿੰਦੂਤਵਾ ਦੀ ਫਾਸ਼ੀ ਵਿਚਾਰਧਾਰਾ ਦੀ ਪੈਦਾਇਸ਼ ਹਨ, ਜਿਹਨਾਂ ਦਾ ਇੱਕੋ ਇੱਕ ਮਕਸਦ ਰਾਜਸੱਤਾ ਹਥਿਆਉਣਾ ਹੈ। ਇਹ ਫਿਰਕੂ-ਫਾਸ਼ੀ ਵਿਚਾਰਧਾਰਾ ਲੋਕ ਰਜ਼ਾ ਨੂੰ ਹਕਾਰਤ ਨਾਲ ਠੁਕਰਾਉਂਦੀ ਹੈ ਅਤੇ ਲੋਕ ਫਤਵੇ ਨੂੰ ਤੁੱਛ ਸਮਝਦੀ ਹੈ। ਇਹ ਹਿਟਲਰ ਅਤੇ ਮੁਸੋਲਿਨੀ ਵਾਂਗ ਫਾਸ਼ੀਵਾਦੀ  ਤਾਨਾਸ਼ਾਹੀ ਨੂੰ ਰਾਜਭਾਗ ਚਲਾਉਣ ਦਾ ਸਰਬ-ਉੱਤਮ ਨਮੂਨਾ ਮੰਨਦੀ ਹੈ।

No comments:

Post a Comment