Friday, 8 September 2017

ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ


ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ
17 ਜੁਲਾਈ 2017 ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨੇ ਦੇ ਕੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਰਾਹੀਂ ਮੰਗ-ਪੱਤਰ ਪੰਜਾਬ ਸਰਕਾਰ ਨੂੰ ਭੇਜਣ ਉਪਰੰਤ ਅਧਿਆਪਕਾਂ ਦੀ ਜੱਥੇਬੰਦੀ ਡੀ.ਟੀ.ਐੱਫ. ਵੱਲੋਂ 30 ਜੁਲਾਈ ਨੂੰ ਦੀਨਾਨਗਰ ਵਿਖੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੀ ਕੋਠੀ ਦਾ ਘੇਰਾਓ ਕੀਤਾ ਗਿਆ। ਕੋਠੀ ਤੋਂ ਪਹਿਲਾਂ ਦੋ ਘੰੰਟੇ ਦੇ ਕਰੀਬ ਚੱਲੀ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਜਰਮਨਜੀਤ ਸਿੰਘ, ਬਲਵੀਰ ਚੰਦ, ਗੁਰਮੀਤ ਸੁਖਪੁਰ, ਅਮਰਜੀਤ ਸ਼ਾਸਤਰੀ, ਸੁਰਿੰਦਰ ਸਿੰਘ ਗੁਰਦਾਸਪੁਰ, ਦਿਗਵਿਜੈਪਾਲ ਮੋਗਾ, ਆਦਿ ਬੁਲਾਰਿਆਂ ਨੇ ਅਧਿਆਪਕ ਮੰਗਾਂ ਨੂੰ ਉਭਾਰਿਆ ਜਿਨ੍ਹਾਂ ਵਿੱਚ ਅਨੇਕਾਂ ਵਰਗਾਂ ' ਵੰਡੇ ਅਧਿਆਪਕਾਂ ਨੂੰ ਇੱਕੋ ਕੈਟਾਗਰੀ ਵਿੱਚ ਸ਼ਾਮਲ ਕਰਦਿਆਂ ਮਹਿਕਮੇ ਵਿੱਚ ਰੈਗੂਲਰ ਕਰਨ, ਬਦਲੀਆਂ ਵਿੱਚ ਸਿਆਸੀ ਦਖਲ ਬੰਦ ਕਰਨ, ਬਰਾਬਰ ਕੰਮ-ਬਰਾਬਰ ਤਨਖਾਹ, ਠੇਕਾ ਭਰਤੀ ਬੰਦ ਕਰ ਕੇ ਪੱਕੀ ਭਰਤੀ ਰਾਹੀਂ ਅਤੇ ਵਿਭਾਗੀ ਤਰੱਕੀਆਂ ਰਾਹੀਂ ਸਾਰੀਆਂ ਖਾਲੀ ਪੋਸਟਾਂ ਪੁਰ ਕਰਨ, ਗੈਰ-ਵਿੱਦਿਅਕ ਕੰਮ ਬੰਦ ਕਰਨ, ਵਿਦਿਆਰਥੀਆਂ ਦੇ ਵਜੀਫ਼ੇ ਤੁਰੰਤ ਜਾਰੀ ਕਰਨ, ਵਰਦੀਆਂ ਦੀ ਰਾਸ਼ੀ ਵਿੱਚ ਵਾਧਾ ਕਰਨ, ਸਾਰੀਆਂ ਮਹਿਲਾ ਅਧਿਆਪਕਾਵਾਂ ਨੂੰ ਪ੍ਰਸ਼ੂਤਾ ਛੁੱਟੀ ਸਮੇਤ ਹੋਰ ਸਹੂਲਤਾਂ ਸਿਵਲ ਸਰਵਿਸਜ਼ ਰੂਲਜ਼ ਮੁਤਾਬਕ ਮੁਹੱਈਆ ਕਰਨ, 15 ਦਿਨਾਂ ਤੋਂ ਘੱਟ ਮੈਡੀਕਲ ਛੁੱਟੀ ਨਾ ਲੈ ਸਕਣ ਦਾ ਤਰਕਹੀਣ ਫੈਸਲਾ ਵਾਪਸ ਲੈਣ, ਬਦੇਸ਼ ਛੁੱਟੀ ਅਤੇ ਉੱਚ ਸਿੱਖਿਆ ਪ੍ਰਾਪਤੀ ਦੀ ਮਨਜ਼ੂਰੀ ਜਿਹੇ ਅਧਿਕਾਰ ਸਕੂਲ ਮੁਖੀਆਂ ਨੂੰ ਦੇਣ, ਨਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਆਦਿ ਮੰਗਾਂ ਸ਼ਾਮਲ ਸਨ।ਰੈਲੀ Àਪਰੰਤ ਵਿਉਂਤ ਮੁਤਾਬਕ ਜਿਉਂ ਹੀ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਦੇ ਇਰਾਦੇ ਨਾਲ਼, ਕਾਫਲੇ ਨੇ ਸ਼ਹਿਰ ਵਿੱਚੋਂ ਦੀ ਮਾਰਚ ਸ਼ੁਰੂ ਕੀਤਾ ਤਾਂ ਪੁਲ਼ਸ ਦੀਆਂ ਧਾੜਾਂ ਵੱਲੋਂ ਥਾਂ-ਥਾਂ 'ਤੇ ਲਗਾਈਆਂ ਰੋਕਾਂ ਨੂੰ ਤੋੜਦਿਆਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ ਲਗਾ ਕੇ ਸੂਬਾ ਲੀਡਰਸ਼ਿੱਪ ਨੇ ਮੰਗਾਂ ਦੇ ਹੱਲ ਲਈ ਉੱਚ ਸਿੱਖਿਆ ਅਧਿਕਾਰੀਆਂ ਸਮੇਤ ਸਿੱਖਿਆ ਮੰਤਰੀ ਨਾਲ਼ ਪੈਨਲ ਮੀਟਿੰਗ ਤਹਿ ਕਰਾਉਣ ਦਾ ਅਲਟੀਮੇਟਮ ਦਿੱਤਾ।ਕੁੱਝ ਮਿੰਟਾਂ ਬਾਦ ਹੀ ਸਥਾਨਕ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ਼ ਤੀਜੇ ਦਿਨ ਮਿਟੰਗ ਤਹਿ ਕਰਾਉਣ ਅਤੇ ਪੈਨਲ ਮੀਟਿੰਗ ਦਿਵਾਉਣ ਦਾ ਭਰੋਸਾ ਦਿੱਤਾ। ਕੋਠੀ ਅੱਗੇ ਘੇਰਾਓ ਕਰ ਰਹੇ ਇਕੱਠ ਨੂੰ ਦੇਵਿੰਦਰ ਸਿੰਘ ਪੂਨੀਆ ਤੇ ਹੋਰਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਗੁਰਮੇਲ ਸਿੰਘ ਭੁਟਾਲ਼ ਨੇ ਵੀ ਸੰਬੋਧਨ ਕੀਤਾ। ਪੈਨਲ ਮੀਟਿੰਗ ਦਾ ਸਮਾਂ ਤਹਿ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ਼ ਤੀਜੇ ਦਿਨ ਦੀ ਮਿਲਣੀ ਕਰਾਉਣ ਦਾ ਪ੍ਰਸ਼ਾਸ਼ਨ ਵੱਲੋਂ ਸਟੇਜ ਤੋਂ ਵਿਸ਼ਵਾਸ਼ ਦਿਵਾਉਣ ਉਪਰੰਤ ਧਰਨੇ ਨੂੰ ਸਮਾਪਤ ਕੀਤਾ ਗਿਆ।

No comments:

Post a Comment