ਸ਼ਹੀਦ ਊਧਮ ਸਿੰਘ ਦੀ ਯਾਦ 'ਚ ਸਫਲ ਮੁਹਿੰਮ
ਸਾਮਰਾਜ ਵਿਰੋਧੀ ਲਹਿਰ ਦੇ ਮਹਾਨ ਨਾਇਕ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਨੇ ਹਰ ਵਰ੍ਹੇ ਦੀ ਤਰ੍ਹਾਂ ਐਤਕੀਂ ਵੀ ਮੁਹਿੰਮ ਜਥੇਬੰਦ ਕੀਤੀ। ਐਤਕੀ ਇਜਲਾਸ ਵਿੱਚ ਰੁੱਝੇ ਹੋਣ ਕਰਕੇ ਸਿਰਫ ਚੂਹੜ ਚੱਕ, ਬੱਲ ਇਲਾਕਾ ਮੱਖੂ, ਖਿਆਲੀਵਾਲਾ ਇਲਾਕਾ ਬਠਿੰਡਾ, ਅਜਿੱਤ ਗਿੱਲ ਇਲਾਕਾ ਜੈਤੋ ਵਿਖੇ ਹੀ ਸ਼ਰਧਾਂਜਲੀ ਕਾਨਫਰੰਸਾਂ ਰੱਖੀਆਂ ਗਈਆਂ। ਇੱਕ ਪੋਸਟਰ ਅਤੇ ਲੀਫਲੈਟ ਕੱਢਿਆ ਗਿਆ। ਸਾਰੇ ਥਾਈਂ ਪਿੰਡ ਪੱਧਰੀ ਪ੍ਰਚਾਰ ਅਤੇ ਫੰਡ ਮੁਹਿੰਮ ਚਲਾਈ ਗਈ। ਸਾਰੇ ਥਾਵਾਂ 'ਤੇ ਪ੍ਰਭਾਵਸ਼ਾਲੀ ਇਕੱਠ ਹੋਏ। ਔਰਤਾਂ ਦੀ ਸ਼ਮੂਲੀਅਤ ਗਿਣਨਯੋਗ ਰਹੀ। ਟੁੱਟ ਰਹੀ ਕਿਸਾਨੀ ਦੇ ਦਰਦ ਅਤੇ ਵਿਦਰੋਹ ਨੂੰ ਬਿਆਨ ਕਰਦਾ ਨਾਟਕ ਮਿਰਜ਼ਾ ਇਸ ਮੁਹਿੰਮ ਦਾ ਸਭ ਤੋਂ ਸਲਾਹਿਆ ਜਾਣ ਵਾਲਾ ਨਾਟਕ ਸੀ। ਸਾਰੇ ਪ੍ਰੋਗਰਾਮਾਂ ਵਿੱਚ ਲੋਕ ਸੰਗਰਾਮ ਮੰਚ ਪੰਜਾਬ ਦੇ ਸੂਬਾ ਆਗੂ, ਬੀ.ਕੇ.ਯੂ. ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ। ਇਜਲਾਸ ਤੋਂ ਵਿਹਲੇ ਹੋਣ ਸਾਰੇ ਹੱਥ ਲਈ ਇਹ ਮੁਹਿੰਮ ਛੋਟੀ ਪਰ ਸਫਲ ਮੁਹਿੰਮ ਸੀ। ਇਸ ਲੜੀ ਵਿੱਚ ਹੀ ਪਿੰਡ ਸਨੇਰ ਜ਼ੀਰਾ ਵਿਖੇ ਵੀ ਪਿੰਡ ਵਾਸੀਆਂ ਦੀ ਪਹਿਲਕਦਮੀ 'ਤੇ ਸਫਲ ਪ੍ਰੋਗਰਾਮ ਜਥੇਬੰਦ ਕੀਤਾ ਗਿਆ। ਇੱਥੇਵੀ ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ ਪੰਜਾਬ ਇਕਾਈ ਮੋਗਾ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਕੌਮੀ ਮੁਕਤੀ ਲਹਿਰ ਦੇ ਸ਼ਹੀਦ ਊਧਮ ਸਿੰਘ, ਨਕਸਲਬਾੜੀ ਲਹਿਰ ਦੇ ਸ਼ਹੀਦਾਂ ਅਤੇ ਸ਼ਹੀਦ ਅਵਤਾਰ ਸਿੰਘ ਢੁੱਡੀਕੇ, ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਅਤੇ ਸ਼ਹੀਦ ਲਾਲਇੰਦਰ ਸਿੰਘ ਲਾਲੀ ਦੀ ਯਾਦ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਸ਼ਹੀਦੀ ਕਾਨਫਰੰਸਾਂ
ਜੁਲਾਈ 2017 'ਚ ਲੋਕ ਸੰਗਰਾਮ ਮੰਚ, ਪੰਜਾਬ (ਆਰ.ਡੀ.ਐੱਫ.) ਨੇ ਜਿੱਥੇ ਇੱਕ ਪਾਸੇ ਆਪਣਾ 6 ਸਾਲਾਂ ਦਾ ਲੇਖਾ ਜੋਖਾ ਕਰਕੇ ਆਪਣਾ ਇਜਲਾਸ ਨੇਪਰੇ ਚਾੜ੍ਹਿਆ। ਉੱਥੇ ਨਾਲ ਦੀ ਨਾਲ ਪੰਜਾਬ ਦੇ ਮਾਲਵਾ ਖਿੱਤੇ ਅੰਦਰ ਖਿਆਲੀਵਾਲਾ (ਇਲਾਕਾ ਬਠਿੰਡਾ), ਅਜਿੱਤਗਿੱਲ (ਇਲਾਕਾ ਜੈਤੋ), ਬੱਲ (ਇਲਾਕਾ ਜੀਰਾ) ਅਤੇ ਚੂਹੜਚੱਕ (ਇਲਾਕਾ ਮੋਗਾ) ਅੰਦਰ ਸੱਭਿਆਚਾਰਕ ਪ੍ਰੋਗਰਾਮ ਅਤੇ ਕਾਨਫਰੰਸਾਂ ਕੀਤੀਆਂ ਗਈਆਂ। ਇਹ ਕਾਨਫਰੰਸਾਂ 1967 ਦੀ 'ਬਸੰਤ ਦੀ ਗਰਜ' ਨਕਸਲਬਾੜੀ ਲਹਿਰ ਦੇ ਸ਼ਹੀਦਾਂ, ਕੌਮੀ ਮੁਕਤੀ ਲਹਿਰ ਦੇ ਨਾਇਕ ਸ਼ਹੀਦ ਊਧਮ ਸਿੰਘ, ਗੁੰਡਿਆਂ ਸੰਗ ਭਿੜਦਿਆਂ ਜਾਨ ਵਾਰਨ ਵਾਲੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਅਤੇ ਸ਼ਹੀਦ ਅਵਤਾਰ ਸਿੰਘ ਢੁੱਡੀਕੇ,ਖਾਲਸਤਾਨੀਆਂ ਹੱਥੋਂ ਸ਼ਹੀਦ ਲਾਲਇੰਦਰ ਸਿੰਘ ਲਾਲੀ ਦੀ ਯਾਦ ਨੂੰ ਸਮਰਪਿਤ ਸਨ।
ਇਨ੍ਹਾਂ ਪ੍ਰੋਗਰਾਮਾਂ ਦੀ ਤਿਆਰੀ ਲਈ ਪੰਜਾਬ ਪੱਧਰਾ ਇੱਕ ਲੀਫਲੈੱਟ ਅਤੇ ਪੋਸਟਰ ਛਪਵਾ ਕੇ ਵੰਡਿਆ ਤੇ ਲਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਦੀ ਸਫਲਤਾ ਲਈ ਫੰਡ ਮੁਹਿੰਮ ਚਲਾਈ ਗਈ।
ਪਿੰਡ ਖਿਆਲੀ ਵਾਲਾ ਇਲਾਕਾ ਬਠਿੰਡਾ: ਇਲਾਕਾ ਬਠਿੰਡਾ ਅੰਦਰ ਖਿਆਲੀ ਵਾਲਾ ਪ੍ਰੋਗਰਾਮ ਵਿੱਚ ਲੱਗਭਗ 350 ਦਾ ਇਕੱਠ ਹੋਇਆ। ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰ ਕੇ, ਲੋਕ ਸੰਗਰਾਮ ਮੰਚ ਦਾ ਝੰਡਾ ਨਿਵਾ ਕੇ ਅਤੇ ਸ਼ਹੀਦਾਂ ਨੂੰ ਫੁੱਲ ਚੜ੍ਹਾ ਕੇ ਸ਼ਰਧਾਜਲੀ ਭੇਂਟ ਕੀਤੀ ਗਈ। ਪ੍ਰੋਗਰਾਮ ਅੰਦਰ ਤੀਰਥ ਚੜਿੱਕ ਦੀ ਨਿਰਦੇਸ਼ਨਾਂ ਹੇਠ ਨਾਟਕ ''ਅੰਨ੍ਹੀ ਗਲੀ ਦੇ ਮੋੜ 'ਤੇ'' ਅਤੇ '' ਕਿਰਤੀ'' ਪੇਸ਼ ਕੀਤੇ। ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੀ ਦਬੜ੍ਹੀਖਾਨਾ ਦੀ ਟੀਮ ਨੇ ਕੋਰੀਓਗ੍ਰਾਫੀਆਂ ਰਾਹੀਂ ਨੌਜੁਆਨ ਕਲਾਕਾਰਾਂ ਅੰਦਰ ਅੰਗੜਾਈਆਂ ਲੈ ਰਹੀ ਕ੍ਰਾਂਤੀਕਾਰੀ ਚੇਤਨਾਂ ਦਾ ਸਬੂਤ ਦਿੱਤਾ। ਪ੍ਰੋਗਰਾਮ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਕੁਲਵੰਤ ਸਿੰਘ ਸੇਲਬਰਾਹ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਆਰਥਿਕ ਸੰਘਰਸ਼ਾਂ ਦੇ ਨਾਲ-2 ਹਿੰਦੂ ਜਨੂੰਨੀ ਜਥੇਬੰਦੀ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਅਗਵਾਈ 'ਚ ਭਾਰਤੀ ਜੰਤਾ ਪਾਰਟੀ ਦੀ ਮੋਦੀ ਹਕੂਮਤ ਹਿੰਦੂ ਰਾਸ਼ਟਰਵਾਦ ਦੇ ਨਾਂ 'ਤੇ ਧਾਰਮਿਕ ਘੱਟ ਗਿਣਤੀਆਂ, (ਵਿਸ਼ੇਸ ਕਰਕੇ ਮੁਸਲਮਾਨਾਂ), ਕੌਮੀਅਤਾਂ, ਆਦਿਵਾਸੀਆਂ, ਦਲਿਤਾਂ ਅਤੇ ਔਰਤਾਂ ਲਈ ਬਹੁਤ ਵੱਡਾ ਖਤਰਾ ਬਣ ਕੇ ਉੱਭਰ ਆਈ ਹੈ। ਇਸ ਦੇ ਵਿਰੁੱਧ ਲੋਕਾਂ ਦੀ ਟਾਕਰਾ ਲਹਿਰ ਪੈਦਾ ਕਰਨ ਦੀ ਲੋੜ ਹੈ। ਇਹ ਅੱਜ ਦੇ ਸਮੇਂ ਸ਼ਹੀਦਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ। ਔਰਤ ਮੁਕਤੀ ਮੰਚ ਦੀ ਆਗੂ ਮੁਖਤਿਆਰ ਕੌਰ ਨੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਪਾਲ ਖਿਆਲੀਵਾਲਾ ਨੇ ਨਿਭਾਈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਔਰਤ ਮੁਕਤੀ ਮੰਚ ਦੇ ਸਾਥੀਆਂ ਨੇ ਪ੍ਰੋਗਰਾਮ ਦੀ ਸਾਰੀ ਤਿਆਰੀ ਕੀਤੀ।
ਪਿੰਡ ਬੱਲ (ਇਲਾਕਾ ਜੀਰਾ): ਇਸ ਮੁਹਿੰਮ ਦਾ ਦੂਜਾ ਪ੍ਰੋਗਰਾਮ ਪਿੰਡ ਬੱਲ ਇਲਾਕਾ ਜੀਰਾ ਅੰਦਰ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਇਕਾਈ ਮੋਗਾ ਦੀ ਟੀਮ ਨੇ ਬਲਜੀਤ ਮੋਗਾ ਦੀ ਨਿਰਦੇਸ਼ਨਾ 'ਚ ਅੱਜ ਕਿਸਾਨਾਂ ਦੀਆਂ ਹਾਲਤਾਂ 'ਤੇ ਢੁੱਕਦਾ ਨਾਟਕ ''ਮਿਰਜਾ'' ਅਤੇ ਕੋਰੀਓਗਾਰਫੀਆਂ ਪੇਸ਼ ਕੀਤੀਆਂ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ ਮੰਚ ਦਾ ਝੰਡਾ ਨਿਵਾਕੇ, ਮੋਨ ਧਾਰਕੇ ਅਤੇ ਸ਼ਹੀਦਾਂ ਦੀਆਂ ਫੋਟੋਆਂ 'ਤੇ ਫੁੱਲ ਚੜ੍ਹਾ ਕੇ ਕੀਤੀ ਗਈ। ਇਸ ਪ੍ਰੋਗਰਾਮ ਨੂੰ ਲੋਕ ਸੰਗਰਾਮ ਮੰਚ ਪੰਜਾਬ ਦੀ ਪ੍ਰਧਾਨ ਸੁਖਵਿੰਦਰ ਕੌਰ, ਭਾਰਤੀ ਕਿਸਾਨ ਯੂਨੀਂਅਨ (ਕ੍ਰਾਂਤੀਕਾਰੀ) ਪੰਜਾਬ ਦੇ ਜਨਰਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਸੰਬੋਧਨ ਕੀਤਾ। ਇਸ ਪ੍ਰੋਗਰਾਮ ਦੀ ਭਾਰਤੀ ਕਿਸਾਨ ਯੂਨੀਂਅਨ (ਕ੍ਰਾਂਤੀਕਾਰੀ) ਦੇ ਜਿਲਾ ਆਗੂ ਬੱਲ ਦੀ ਅਗਵਾਈ 'ਚ ਡਟ ਕੇ ਕੀਤੀ ਗਈ। ਪ੍ਰੋਗਰਾਮ ਵਾਲੇ ਦਿਨ ਹੀ ਕ੍ਰਾਂਤੀਕਾਰੀ ਪਂੇਡੂ ਮਜਦੂਰ ਯੂਨੀਅਨ ਦੀ ਪਿੰਡ ਇਕਾਈ ਦੀ ਚੋਣ ਵੀ ਕੀਤੀ ਗਈ।
ਪਿੰਡ ਚੂਹੜਚੱਕ (ਇਲਾਕਾ ਮੋਗਾ): ਇਹ ਪ੍ਰੋਗਰਾਮ ਇਸ ਮੁਹਿੰਮ ਦਾ ਤੀਜਾ ਪ੍ਰੋਗਰਾਮ ਸੀ। ਯਾਦ ਰਹੇ ਕਿ ਇਸ ਪਿੰਡ ਅੰਦਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੁਆਰਾ ਪਿੰਡ ਦੇ ਇੱਕ ਘੜੰਮ ਚੌਧਰੀ ਦੀ ਹੈਕੜ ਭੰਨ ਕੇ ਪਹੀ (ਰਸਤਾ) ਦਾ ਘੋਲ ਜਿੱਤ ਕੇ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਹੈ। ਇਸ ਪਿੰਡ ਅੰਦਰ ਕਿਸਾਨਾਂ ਅਤੇ ਮਜਦੂਰਾਂ ਅੰਦਰ ਉਤਸ਼ਾਹ 'ਚੋਂ ਉਪਜੇ ਇਸ ਪ੍ਰੋਗਰਾਮ ਅੰਦਰ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਇਕਾਈ ਮੋਗਾ ਦੀ ਟੀਮ ਨੇ ਬਲਜੀਤ ਮੋਗਾ ਦੀ ਨਿਰਦੇਸ਼ਨਾ ਹੇਠ ਨਾਟਕ ''ਮਿਰਜ਼ਾ'' ਪੇਸ਼ ਕੀਤਾ ਇਸ ਪ੍ਰੋਗਰਾਮ ਨੂੰ ਲੋਕ ਸੰਗਰਾਮ ਮੰਚ ਪੰਜਾਬ ਦੀ ਪ੍ਰਧਾਨ ਸੁਖਵਿੰਦਰ ਕੌਰ ਅਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨਾਂ ਵਿੱਚ ਕੇਂਦਰੀ ਅਤੇ ਸੂਬਾਈ ਹਕੂਮਤਾਂ ਦੀਆਂ ਲੋਕ ਮਾਰੂ ਅਤੇ ਫਿਰਕੂ ਨੀਤੀਆਂ ਖਿਲਾਫ ਡਟ ਕੇ ਲੜਨ ਦਾ ਸੱਦਾ ਦਿੱਤਾ ਕਿ ਇਹ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਪਿੰਡ ਅੰਦਰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੁਆਰਾ ਪ੍ਰੋਗਰਾਮ ਦੀ ਤਿਆਰੀ ਕੀਤੀ ਗਈ।
ਪਿੰਡ ਅਜਿੱਤਗਿੱਲ (ਇਲਾਕਾ ਜੈਤੋ): ਇਹ ਇਸ ਲੜੀ ਤਹਿਤ ਵਿਉਂਤੇ ਪ੍ਰੋਗਰਾਮਾਂ 'ਚੋਂ ਆਖਰੀ ਪ੍ਰੋਗਰਾਮ ਸੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਇਸ ਪ੍ਰੋਗਰਾਮ ਦੀ ਤਿਆਰੀ ਕੀਤੀ। ਇਸ ਪ੍ਰੋਗਰਾਮ ਅੰਦਰ ਅਤਿ ਦੀ ਗਰਮੀ ਦੇ ਬਾਵਜੂਦ ਲੋਕਾਂ ਨੇ ਬੁਲਾਰਿਆਂ ਨੂੰ ਅਤੇ ਨਾਟਕਾਂ ਨੂੰ ਟਿੱਕਟਿਕੀ ਲਾਕੇ ਸੁਣਿਆ ਅਤੇ ਦੇਖਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ ਹੋਰਨਾਂ ਪ੍ਰੋਗਰਾਮਾਂ ਵਾਂਗ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਹੋਈ। ਇਸ ਪ੍ਰੋਗਰਾਮ 'ਚ ਬਲਜੀਤ ਮੋਗਾ ਦੀ ਨਿਰਦੇਸ਼ਨਾ ਹੇਠ ਨਾਟਕ ''ਮਿਰਜਾ'' ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ 'ਚ ਇਕੱਠੇ ਹੋਏ ਲੋਕਾਂ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਸੁਖਪਾਲ ਖਿਆਲੀਵਾਲਾ, ਲੋਕ ਸੰਗਰਾਮ ਮੰਚ ਪੰਜਾਬ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੇ ਸੰਬੋਧਨਾਂ ਵਿੱਚ ਅੱਜ ਦੇ ਸਮੇਂ ਕ੍ਰਾਂਤੀਕਾਰੀ ਲੋਕ ਲਹਿਰ ਉਸਾਰਨ ਦੀ ਲੋੜ 'ਤੇ ਜੋਰ ਦਿੱਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸਿਕੰਦਰ ਸਿੰਘ ਅਜਿੱਤਗਿੱਲ ਨੇ ਨਿਭਾਈ।
ਇਸ ਤੋਂ ਇਲਾਵਾ ਵੱਖ-2 ਇਲਾਕਿਆਂ ਅੰਦਰ ਲੋਕ ਸੰਗਰਾਮ ਮੰਚ ਦੀ ਸੂਬਾ ਕਮੇਟਂੀ ਵੱਲੋਂ ਵਿਉਂਤੇ ਪ੍ਰੋਗਰਾਮਾਂ ਤੋਂ ਬਿਨਾ ਵੀ ਪ੍ਰੋਗਰਾਮ ਹੋਏ ਹਨ। ਉਨ੍ਹਾਂ ਦੀ ਪੂਰੀ ਡਿਟੇਲ ਉਪਲਭਧ ਨਹੀਂ ਹੈ।
ਇਸ ਤੋਂ ਇਲਾਵਾ ਪਿੰਡ ਮਹਿਰਾਜ ਅੰਦਰ ਸ਼ਹੀਦ ਊਧਮ ਸਿੰਘ ਬਾਰੇ ਦੋ ਜਗ੍ਹਾ ਪ੍ਰੋਜੈਕਟਰ ਰਾਹੀਂ ਫਿਲਮ ਦਿਖਾਈ ਗਈ। ਇੱਕ ਜਗਾ ਤਾਂ ਕੁਝ ਲੰਪਨ ਕਿਸਮ ਦੇ ਨੌਜੁਆਨਾਂ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਮੰਚ ਦੀ ਟੀਮ ਨੇ ਸਿਆਣਪ ਵਰਤਦਿਆਂ ਉਸ ਦਿਨ ਫਿਲਮ ਵਿਚਾਲਿਓਂ ਬੰਦ ਕਰ ਦਿੱਤੀ। ਕਾਫੀ ਗਿਣਤੀ 'ਚ ਨੌਜੁਆਨਾਂ ਨੇ ਉਤਸ਼ਾਹ ਅਤੇ ਖਾੜਕੂ ਰੁੱਖ ਦਾ ਸਬੂਤ ਦਿੰਦਿਆਂ ਬਕਾਇਦਾ ਇਹ ਐਲਾਨ ਕਰ ਕੇ ਅੱਜ ਫਿਲਮ ਦੇਖਾਂਗੇ ਅਤੇ ਜਿਹੜਾ ਵੀ ਕੁਸਕਿਆ ਖੜਕਾਵਾਂਗੇ। ਦੂਸਰੇ ਦਿਨ ਜਗ੍ਹਾ ਦੀ ਥੋੜੀ ਤਬਦੀਲੀ ਕਰਕੇ ਇਹ ਫਿਲਮ ਦੇਖੀ ਅਤੇ ਬਕਾਇਦਾ ਡਾਗਾਂ ਨਾਲ ਲੈਸ ਹੋ ਕੇ ਸਾਰਾ ਸਮਾਂ ਪਹਿਰਾ ਵੀ ਦਿੱਤਾ। ਇਸ ਸਮੇਂ ਇਕੱਠੇ ਹੋਏ ਲੋਕਾਂ ਨੂੰ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਦੇ ਸਹਾਇਕ ਸਕੱਤਰ ਲੋਕ ਰਾਜ ਮਹਿਰਾਜ ਨੇ ਸੰਬੋਧਨ ਕੀਤਾ। ਫਿਲਮ ਦਿਖਾਉਣ ਸਮੇਂ ਲੋਕ ਰਾਜ ਮਹਿਰਾਜ ਸਮੇਤ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਜਿਲ੍ਹਾ ਖਜਾਨਚੀ ਮਾਸਟਰ ਗੁਰਨਾਮ ਸਿੰਘ ਅਤੇ ਨੌਜੁਆਨ ਆਗੂ ਹਰਜਿੰਦਰ ਸਿੰਘ ਅਤੇ ਡਾ. ਚਮਕੌਰ ਸਿੰਘ 'ਤੇ ਅਧਾਰਤ ਟੀਮ ਮੌਜੂਦ ਰਹੀ। ਲੋਕ ਸੰਗਰਾਮ ਮੰਚ ਵੱਲੋਂ ਲੋਕਾਂ ਅੰਦਰ ਪਈ ਸੱਭਿਆਚਾਰਕ ਭੁੱਖ ਨੂੰ ਪੂਰਾ ਕਰਨ ਅਤੇ ਪੰਜਾਬ ਦੇ ਗੋਰਵਮਈ ਇਤਿਹਾਸ ਨਾਲ ਜੋੜਨ ਲਈ ਪਹਿਲਾਂ ਵੀ ਸਮੂਹਿਕ ਤੌਰ 'ਤੇ ਫਿਲਮਾਂ ਦਿਖਾਈਆਂ ਗਈਆਂ ਹਨ।
No comments:
Post a Comment