Sunday, 10 September 2017

ਸੰਘਰਸ਼ ਸਰਗਰਮੀਆਂ




ਸੰਘਰਸ਼ ਸਰਗਰਮੀਆਂ

ਪੰਜਾਬ ਦੀ 'ਨਵੀਂ' ਕੈਪਟਨ ਸਰਕਾਰ ਦੇ 'ਊਠ ਦੇ ਬੁੱਲ੍ਹ' ਵਰਗੇ ਚੋਣ ਵਾਅਦਿਆਂ ਵੱਲ ਵੇਖਦੇ ਹੋਏ ਕਈ ਵਰਗ/ਤਬਕੇ ਇੱਕ ਵਾਰ ਸੰਘਰਸ਼ਾਂ ਤੋਂ ਅਰਧ-ਵਿਸ਼ਰਾਮ ਅਵਸਥਾ ਵਿੱਚ ਜਾਪਦੇ ਹਨ ਤੇ ਕਈ ਵਰਗ ਖਾਸ ਕਰਕੇ ਕਿਸਾਨ-ਮਜ਼ਦੂਰ ਲਗਾਤਾਰ ਸੰਘਰਸ਼ਾਂ ਵਿੱਚ ਪਏ ਹੋਏ ਹਨ। ਚੋਣਾਂ ਤੋਂ ਪਹਿਲਾਂ ਬੇਰੋਜ਼ਗਾਰ ਮੁੰਡੇ-ਕੁੜੀਆਂ ਜਲਾਲਾਬਾਦ ਹਲਕੇ ਦੇ ਦਰਜਨਾਂ ਪਿੰਡਾਂ ਸਮੇਤ ਪੰਜਾਬ ਅੰੰਦਰ ਹੋਰ ਵੀ ਕਈ ਥਾਵਾਂ 'ਤੇ ਪਣ-ਟੈਂਕੀਆਂ ਉੱਪਰ ਚੜ੍ਹ ਕੇ ਨੌਕਰੀਆਂ ਮੰਗ ਰਹੇ ਸਨ। ਚੋਣ-ਵਾਅਦਿਆਂ ਦਾ ਊਠ ਦਾ ਬੁੱਲ੍ਹ' ਲਟਕਦਾ ਵੇਖ ਕੇ ਇੱਕ ਵਾਰ ਫਿਰ ਸਾਰੇ ਵਰਗ ਆਪੋ-ਆਪਣੇ ਸੰਘਰਸ਼ਾਂ ਨੂੰ ਨਵੇਂ ਸਿਰਿਓਂ ਵਿਉਂਤਣ ਲੱਗੇ ਹੋਏ ਹਨ। ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਵਿੱਚ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਠੇਕਾ ਆਧਾਰਤ ਕਰਮਚਾਰੀਆਂ ਦੀ ਯੂਨੀਅਨ ਨੇ 5 ਸਿਤੰਬਰ ਨੂੰ ਕਾਲ਼ੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਅਤੇ 6 ਸਿਤੰਬਰ ਨੂੰ ਗੇਟ ਰੈਲੀਆਂ ਕਰਨ ਦਾ ਐਲਾਨ ਕੀਤਾ ਹੈ। ਆਸ਼ਾ ਵਰਕਰਜ਼ ਨੇ 7 ਸਿਤੰਬਰ 2017 ਨੂੰ ਮਹਿਕਮੇ ਦੇ ਚੰਡੀਗੜ੍ਹ ਮੁੱਖ ਦਫਤਰ ਅੱਗੇ ਸੂਬਾ ਪੱਧਰੀ ਧਰਨੇ ਦਾ ਐਲਾਨ ਕੀਤਾ ਹੈ। ਬੇਰੋਜ਼ਗਾਰ ਮਲ਼ਟੀ ਪਰਪਜ਼ ਹੈਲਥ ਵਰਕਰਜ਼ (ਪੁਰਸ਼) ਜ਼ਿਲ੍ਹਾ ਪੱਧਰੀ ਧਰਨੇ ਦੇ ਕੇ ਸੰਘਰਸ਼ ਨੂੰ ਤਿੱਖਾ ਕਰਨ ਦੀ ਤਿਆਰੀ ਕਰ ਰਹੇ ਹਨ। ਬੀ.ਕੇ.ਯੂ. ਸਿੱਧੂਪੁਰ ਅਤੇ ਇਸ ਵਰਗੀਆਂ ਹੋਰ ਕਈ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਸੈਂਕੜੇ ਕਿਸਾਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਹਨ। ਮਨਰੇਗਾ ਮਜ਼ਦੂਰ, ਖੇਤ ਮਜ਼ਦੂਰ, ਆਂਗਣਵਾੜੀ ਮੁਲਾਜ਼ਮ, ਮਿਡ-ਡੇ-ਮੀਲ ਕਾਮੇ, ਅੰੰਗਹੀਣ ਆਦਿ ਵਰਗ ਪਿੰਡ/ਬਲਾਕ/ਜ਼ਿਲ੍ਹਾ, ਸਥਾਨਕ ਪੱਧਰਾਂ ਦੀਆਂ ਸੰਘਰਸ਼ੀ ਸ਼ਕਲਾਂ ਵਿੱਚੋਂ ਦੀ ਗੁਜ਼ਰਦਿਆਂ ਕੈਪਟਨ ਸਰਕਾਰ ਖਿਲਾਫ਼ ਆਪੋ-ਆਪਣੇ ਸੰਘਰਸ਼ਾਂ ਨੂੰ ਤੇਜ ਕਰਨ ਦੀ ਤਿਆਰੀ ਕਰ ਰਹੇ ਹਨ।

ਮਹਾਂ ਕਿਸਾਨ ਰੈਲੀਨੇ ਕੀਤਾ ਐਲਾਨ ਹੁਣ ਮੋਤੀ-ਮਹਿਲ ਵੱਲ ਜਾਣਗੇ ਕਿਸਾਨ

12 ਜੂਨ 2017 ਦੇ ਸੂਬਾ ਪੱਧਰੀ ਐਕਸ਼ਨ ਵਜੋਂ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਧਰਨੇ ਲਾ ਕੇ, ਪੰਜਾਬ ਦੀਆਂ ਸੱਤ ਕਿਸਾਨ ਜੱਥੇਬੰਦੀਆਂ ਨੇ 70 ਦਿਨਾਂ ਬਾਦ ਬਰਨਾਲ਼ਾ ਵਿਖੇਮਹਾਂ-ਕਿਸਾਨ-ਰੈਲੀਦਾ ਆਯੋਜਨ ਕੀਤਾ। ਸੂਬੇ ਭਰ ਅੰਦਰ ਤਿਆਰੀ ਮੁਹਿੰਮ ਚਲਾ ਕੇ ਰੈਲੀਆਂ-ਮੀਟਿੰਗਾਂ ਕੀਤੀਆਂ ਗਈਆਂ। ਇਕੱਠ ਪੱਖੋਂਮਹਾਂ-ਰੈਲੀਭਰਵੀਂ ਸੀ।ਅੋਰਤਾਂ ਦੀ ਸ਼ਮੂਲੀਅਤ ਚੋਖੀ ਸੀ। ਬਰਨਾਲ਼ਾ ਸ਼ਹਿਰ ਦੀ ਦਾਣਾ ਮੰਡੀ ' ਕੀਤੇ ਗਏ ਸੰਘਰਸ਼ ਦੇ ਇਸ ਪੜਾਅ ਦੀ ਸਟੇਜ ਤੋਂ ਵੱਖ-ਵੱਖ ਜੱਥੇਬੰਦੀਆਂ ਦੇ ਸੂਬਾਈ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਬੀ ਕੇ ਯੂ ਕਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਛਿੰਦਰ ਸਿੰਘ ਨੱਥੂਵਾਲ਼ਾ, ਬੀ ਕੇ ਯੂ ਡਕੌਂਦਾ ਦੇ ਬੂਟਾ ਸਿੰਘ ਬੁਰਜ ਗਿੱਲ, ਬੀ ਕੇ ਯੂ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ ਦੇ ਦਾਤਾਰ ਸਿੰਘ ਆਦਿ ਸ਼ਾਮਲ ਸਨ। ਇਕੱਤਰਤਾ ਅਤੇ ਅਨੁਸ਼ਾਸ਼ਨ ਦਾ ਸੁਮੇਲ਼ ਨਾ ਹੋਣ ਕਾਰਨ ਪੰਡਾਲ ਵਿੱਚ ਅਤੇ ਸਟੇਜ ਉੱਪਰ ਬਾਕਾਇਦਗੀ ਦੀ ਕਮੀ ਝਲਕਦੀ ਰਹੀ। ਬੁਲਾਰਿਆਂ ਨੇ ਕਰਜ਼ੇ ਉੱਪਰ ਲੀਕ ਮਾਰਨ, ਦੋ ਲੱਖ ਦੀ ਰਾਹਤ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰਨ, ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜੇ ਅਤੇ ਪ੍ਰਤੀ ਪਰਿਵਾਰ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਆਦਿ ਮੰਗਾਂ ਨੂੰ ਉਭਾਰਿਆ। ਸੁਰਜੀਤ ਸਿੰਘ ਫੂਲ, ਸੰਬੋਧਨ ਕਰਦੇ ਹੋਏ  “ਬਰਨਾਲ਼ਾ-ਮਹਾਂ-ਰੈਲੀਨੂੰ 'ਚਿਤਾਵਨੀ ਇਕੱਠ' ਕਹਿੰਦਾ ਹੋਇਆ ਅਤੇ ਸੱਤ ਜੁਲਾਈ ਦੀ ਜਲੰਧਰ ਕਨਵੈਨਸ਼ਨ ਦੀ ਗੱਲ ਛੋਂਹਦਾ ਹੋਇਆ ਇਹ ਪ੍ਰਭਾਵ ਦੇ ਰਿਹਾ ਸੀ ਜਿਵੇਂ 12 ਜੂਨ ਤੋਂਬਰਨਾਲ਼ਾ-ਮਹਾਂ-ਰੈਲੀਤੱਕ ਦਾ ਲਮਕਾਅ ਬੇਲੋੜਾ ਹੋਵੇ ਅਤੇ ਸੰਘਰਸ਼ ਦਾ ਪੱਧਰ ਹਾਲਤਾਂ ਅਤੇ ਲਾਮਬੰਦੀ ਦੇ ਪੱਧਰ ਤੋਂ ਊਣਾ ਹੋਵੇ। 'ਫੂਲ' ਨੇ ਆਪਣੇ ਭਾਸ਼ਣ ਵਿੱਚ ਕਰਜ਼ੇ ਅਤੇ ਖੁਦਕਸ਼ੀਆਂ ਲਈ ਕਿਸਾਨਾਂ ਨੂੰ ਹੀ ਜੁੰਮੇਵਾਰ ਠਹਿਰਾ ਰਹੀਆਂ ਸਰਕਾਰਾਂ ਅਤੇ ਉਹਨਾਂ ਦੇ ਪੇਂਡੂ ਸਥਾਨਕ ਚਹੇਤਿਆਂ ਦੀ ਦਲੀਲ-ਪੂਰਵਕ ਆਲੋਚਨਾ ਕੀਤੀ ਅਤੇ ਤਬਾਹੀ ਦੇ ਕੰਢੇ ਖੜ੍ਹੀ ਕਿਸਾਨੀ ਨੂੰ ਬਚਾਉਣ ਲਈ ਆਰ-ਪਾਰ ਦੀ ਲੜਾਈ ਦੀ ਲੋੜ ਉੱਪਰ ਜ਼ੋਰ ਦਿੱਤਾ। ਦਾਤਾਰ ਸਿੰਘ ਨੇ ਅੰਕੜਿਆਂ ਸਹਿਤ ਦੱਸਿਆਂ ਕਿ ਦੇਸ਼ ਦੀ ਆਰਥਿਕਤਾ, ਰਾਜਨੀਤੀ ਅਤੇ ਪ੍ਰਸ਼ਾਸ਼ਨ ਦੀ ਡੋਰ 57 ਘਰਾਣਿਆਂ ਦੇ ਹੱਥ ਹੈ ਜਿਨ੍ਹਾਂ ਦੇ ਹਰ ਸਾਲ ਕਰੋੜਾਂ ਰੁਪਏ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਹਨ ਅਤੇ ਦੂਜੇ ਪਾਸੇ ਕਰਜ਼ੇ ਅਤੇ ਮਹਿੰਗਾਈ ਜਿਹੀਆਂ ਅਲਾਮਤਾਂ ਦਾ ਝੰਬਿਆਅੰਨ-ਦਾਤਾਸਰਕਾਰਾਂ ਦੇ ਖਿਆਲ 'ਚੋਂ ਪੂਰੀ ਤਰਾਂ੍ਹ ਵਿੱਸਰ ਚੁੱਕਾ ਹੈ। ਸੰਘਰਸ਼ ਦੇ ਅਗਲੇ ਪੜਾਅ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲ਼ਾ ਸਥਿਤ ਮੋਤੀ ਮਹਿਲ ਅੱਗੇ 22 ਸਿਤੰਬਰ 2017 ਤੋਂ ਪੰਜ ਰੋਜ਼ਾ ਮੋਰਚਾ ਲਾਉਣ ਦੇ ਐਲਾਨ ਨਾਲ਼ਮਹਾਂ-ਰੈਲੀਦੀ ਸਮਾਪਤੀ ਕੀਤੀ ਗਈ।

ਸੈਂਚਰੀ ਪਲਾਈਵੁੱਡ ਫੈਕਟਰੀ ਵਿਰੁੱਧ ਲੰਬਾ ਅਤੇ ਸ਼ਾਨਾਂਮੱਤਾ ਘੋਲ ਜੇਤੂ
ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਪਿੰਡਾਂ ਦੇ ਨੇੜੇ ਪਿੰਡ ਦੌਲੇਵਾਲ ਵਿਖੇ ਬਣ ਰਹੀ ਸੈਂਚਰੀ ਪਲਾਈ ਵੁੱਡ ਫੈਕਟਰੀ ਵੱਲੋਂ ਫੈਲਾਏ ਜਾਣ ਵਾਲੇ ਵਾਤਾਵਰਣੀ ਪ੍ਰਦੂਸ਼ਣ ਵਿਰੁੱਧ ਚੱਲਿਆ 108 ਦਿਨਾਂ ਧਰਨਾ ਪੂਰੇ ਸ਼ਾਨੋਸ਼ੌਕਤ ਨਾਲ ਫੈਕਟਰੀ ਮਾਲਕਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀਆਂ ਸਭੇ ਚਾਲਾਂ ਨੂੰ ਪਛਾੜਦਾ ਹੋਇਆ ਜੇਤੂ ਹੋ ਨਿੱਬੜਿਆ ਹੈ। ਇਸ ਜੇਤੂ ਹੋਏ ਲੋਕ ਘੋਲ ਦਾ ਨਵੇਕਲਾ ਪੱਖ ਇਹ ਹੈ ਕਿ ਇਹ ਘੋਲ ਨਿੱਜੀ ਹਿੱਤਾਂ ਤੋਂ ਉਤਾਂਹ ਉੱਠ ਕੇ, ਸਮੁੱਚੇ ਲੋਕਾਂ ਦੇ ਸਾਂਝੇ ਹਿੱਤਾਂ ਵਾਲਾ ਅਤੇ ਉਹਨਾਂ ਦਾ ਜੀਵਨ ਬਚਾਉਣ ਵਾਲਾ ਹੈ। ਇਹ ਘੋਲ ਫੈਕਟਰੀ ਮਾਲਕਾਂ ਵੱਲੋਂ ਪਾਪੂਲਰ ਅਤੇ ਸਫੈਦੇ ਦੇ ਬੂਟਿਆਂ ਤੋਂ ਪਲਾਈ ਤਿਆਰ ਕਰਨ ਵੇਲੇ, ਉਸ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਪਦਾਰਥ, ਜੋ ਮਨੁੱਖੀ ਜੀਵਨ ਲਈ ਬੜਾ ਹੀ ਘਾਤਕ ਹੈ- ਦੇ ਵਿਰੁੱੱਧ ਲੜਿਆ ਗਿਆ। ਡਾਕਟਰਾਂ, ਵਿਗਿਆਨੀਆਂ ਅਤੇ ਹੋਰ ਵੀ ਬੜੇ ਵਾਤਾਵਰਣ ਪ੍ਰੇਮੀਆਂ ਨੇ ਸਾਬਤ ਕੀਤਾ ਹੈ ਕਿ ਇਹ ਕੈਮੀਕਲ ਹਵਾ ਵਿੱਚ ਉਡ ਕੇ, ਹਵਾ ਅਤੇ ਪਾਣੀ ਪ੍ਰਦੂਸ਼ਿਤ ਕਰ ਦਿੰਦਾ ਹੈ। ਸਭ ਪੇੜ ਅਤੇ ਪੌਦੇ ਤਬਾਹ ਅਤੇ ਧਰਤੀ ਬੰਜਰ ਹੋ ਜਾਂਦੀ ਹੈ। ਚਮੜੀ ਰੋਗਾਂ, ਸਾਹ, ਦਮਾ ਅਤੇ ਕੈਂਸਰ ਦੀ ਬਿਮਾਰੀ ਵੀ ਪੈਦਾ ਹੁੰਦੀ ਹੈ।

ਇਸ ਫੈਕਟਰੀ ਦੀ ਉਸਾਰੀ ਇੰਡਸਟਰੀਅਲ ਨਿਯਮਾਂ ਅਨੁਸਾਰ ਆਬਾਦੀ ਤੋਂ ਨਿਸ਼ਚਿਤ ਦੂਰੀ ਬਣਾ ਕੇ ਤਹਿ ਹੋਏ ਮਾਪਦੰਡ ਅਨੁਸਾਰ ਵੀ ਨਹੀਂ ਸੀ ਅਤੇ ਇਹ ਪਿੰਡ ਦੇ ਐਨ ਅੰਦਰ ਤੱਕ ਘੁਸੀ ਹੋਈ ਹੈ। ਇੱਕ ਹੋਰ ਉਲੰਘਣਾ ਜੋ ਫੈਕਟਰੀ ਮਾਲਕਾਂ ਵੱਲੋਂ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮਿਲ ਕੇ ਕੀਤੀ ਗਈ, ਉਹ ਇਹ ਹੈ ਕਿ ਕੇਂਦਰੀ ਗਰਾਊਂਡ ਵਾਟਰ ਬੋਰਡ ਵੱਲੋਂ ਹੁਸ਼ਿਆਰਪੁਰ ਦੇ ਇਸ ਬਲਾਕ ਵਿੱਚ ਹੇਠੋਂ ਹੋਰ ਪਾਣੀ ਕੱਢਣ ਨੂੰ, ਧਰਤੀ ਹੇਠਲੇ ਪਾਣੀ ਦੀ ਪੱਧਰ ਸੰਬਧੀ ਖਤਰਨਾਕ ਹੋਣ ਦਾ ਐਲਾਨ ਵੀ ਕੀਤਾ ਹੋਇਆ ਸੀ। ਇਸੇ ਤਰ੍ਹਾਂ ਦੀਆਂ ਕੁੱਝ ਹੋਰ ਮੰਗਾਂ ਵੀ ਸਨ, ਘੋਲ ਦੀ ਮੁੱਖ ਮੰਗ ਮਨੁੱਖਾ ਜੀਵਨ ਲਈ ਘਾਤਕ ਪ੍ਰਦੂਸ਼ਣ ਫੈਲਾਉਣ ਵਿਰੁੱਧ ਹੀ ਸੀ।
ਸੰਘਰਸ਼ ਕਮੇਟੀ ਵੱਲੋਂ ਰੱਖੀਆਂ ਮੰਗਾਂ ਦੇ ਅਸਲੋਂ ਹੀ ਹੱਕੀ ਅਤੇ ਵਾਜਬ ਹੋਣ, ਚੱਲੇ ਲੰਬੇ ਅਤੇ ਕਰੜੇ ਸੰਘਰਸ਼ ਅਤੇ ਇਸਦੇ ਲਗਾਤਾਰ ਵਿਸ਼ਾਲ ਤੋਂ ਵਿਸ਼ਾਲ ਹੁੰਦੇ ਜਾ ਰਹੇ ਘੇਰੇ ਦੇ ਡਰੋਂ ਕਾਰਖਾਨੇ ਦੇ ਮਾਲਕਾਂ ਵੱਲੋਂ ਸੰਘਰਸ਼ ਕਮੇਟੀ ਵੱਲੋਂ ਰੱਖੀਆਂ ਮੁੱਖ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ। ਲਿਖਤੀ ਤਹਿ ਕੀਤੇ ਇਕਰਾਰਨਾਮੇ ਅੰਦਰ ਇਹ ਅੰਕਿਤ ਕੀਤਾ ਗਿਆ ਹੈ ਕਿ ਉੱਥੇ ਕੋਈ ਵੀ ਮਨੁੱਖਾ ਜੀਵਨ ਲਈ ਘਾਤਕ ਕੈਮੀਕਲ ਪਲਾਂਟ ਨਹੀਂ ਲੱਗੇਗਾ ਅਤੇ ਸ਼ੋਰ ਪ੍ਰਦੂਸ਼ਣ ਵੀ ਨਹੀਂ ਹੋਵੇਗਾ। ਧਰਤੀ ਹੇਠੋਂ ਪਾਣੀ ਕੱਢਣ ਵਾਲੇ ਅੱਠ ਟਿਊਬਵੈੱਲਾਂ ਵਿੱਚੋਂ 6 ਬੰਦ ਕਰ ਦਿੱਤੇ ਗਏ ਹਨ ਅਤੇ ਫੈਕਟਰੀ ਦੇ ਪ੍ਰਦੂਸ਼ਿਤ ਹੋਏ ਪਾਣੀ ਦੀ ਗੁਣਵੰਤਤਾ ਸਮੇਂ ਸਮੇਂ ਚੈੱਕ ਹੁੰਦੀ ਰਹੇਗੀ। ਉਹਨਾਂ ਖੇਤ ਮਾਲਕਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਵੀ ਫੈਸਲਾ ਹੋਇਆ ਹੈ, ਜਿੱਥੋਂ ਦੀ ਫੈਕਟਰੀ ਨੂੰ ਬਿਜਲੀ ਸਪਲਾਈ ਹੁੰਦੀ ਹੈ। ਕੁੱਝ ਹੋਰ ਮੰਗਾਂ ਵੀ ਮੰਨੀਆਂ ਗਈਆਂ ਅਤੇ ਇੱਕ ਸਾਂਝੀ ਨਿਗਰਾਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਤਾਂ ਜੋ ਇਕਰਾਰਨਾਮੇ ਅੰਦਰ ਦਰਜ ਹੋਏ ਫੈਸਲੇ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਇਹ ਇੱਕ ਜੇਤੂ ਘੋਲ ਹੋ ਨਿੱਬੜਿਆ ਹੈ। ਇਸ ਜਿੱਤ ਨੂੰ ਹੋਰ ਪੱਕਿਆਂ ਕੀਤਾ ਜਾਵੇ ਅਤੇ ਅੱਗੇ ਵਧਿਆ ਜਾਵੇ। ਅੱਜ ਦੇ ਸਮੇਂ ਜਦੋਂ ਕਿ ਸਾਡਾ ਪੰਜਾਬ ਬਿਮਾਰੀਆਂ ਦੀ ਪ੍ਰਯੋਗਸ਼ਾਲਾ ਬਣਦਾ ਜਾ ਰਿਹਾ ਹੈ, ਹਰ ਕੋਈ ਅੰਦਰੇ ਹੀ ਅੰਦਰੇ ਬਿਮਾਰੀਆਂ ਤੋਂ ਤੜਫ ਰਿਹਾ ਹੈ ਅਤੇ ਸਿਹਤ ਸੰਸਥਾਵਾਂ ਵੱਲੋਂ ਬਿਮਾਰਾਂ ਦੀਆਂ ਜੇਬਾਂ ਕੱਟਣ ਦਾ ਧੰਦਾ ਤਾਂ ਲੰਮੇ ਸਮੇਂ ਤੋਂ ਸ਼ੁਰੂ ਹੋ ਚੁੱਕਾ ਹੈ ਤਾਂ ਅਜਿਹੇ ਵੇਲਿਆਂ ਵਿੱਚ ਮਨੁੱਖਾ ਜੀਵਨ ਬਚਾਉਣ ਲਈ ਲੜਿਆ ਗਿਆ ਇਹ ਘੋਲ ਇੱਕ ਬੜਾ ਹੀ ਸ਼ਲਾਘਾਯੋਗ ਕਦਮ ਬਣ ਗਿਆ ਹੈ। ਵਾਤਵਰਨੀ ਪ੍ਰਦੂਸ਼ਣ ਵਿਰੁੱਧ ਇਹ ਘੋਲ ਲੜ ਕੇ ਦੁਆਬਾ ਵਾਸੀਆਂ ਵੱਲੋਂ ਇੱਕ ਵਾਰ ਫਿਰ ਇਹ ਤਾਜ ਆਪਣੇ ਮੁਕਤ 'ਤੇ ਸਜਾ ਲਿਆ ਹੈ। ਆਸ ਰੱਖਦੇ ਹਾਂ ਕਿ ਇਹ ਤਾਜ ਹੋਰ ਵੀ ਚਮਕੇਗਾ।

ਏਕੇ ਅਤੇ ਸੰਘਰਸ਼ ਨਾਲ ਠੱਗ 'ਤੇ ਪੁਲਸ ਕੇਸ ਦਰਜ਼ ਕਰਵਾਇਆ

ਮੌਜੂਦਾ ਪ੍ਰਬੰਧ ਠੱਗਾਂ ਅਤੇ ਭ੍ਰਿਸ਼ਟ ਲੋਕਾਂ ਨੂੰ ਜਨਮ ਦੇਣ ਅਤੇ ਕਿਰਤੀ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਵਾਲਾ ਹੈ। ਪ੍ਰਬੰਧ ਨੂੰ ਚਲਾ ਰਹੇ ਹਾਕਮਾਂ ਦੀਆਂ ਨੀਤੀਆਂ ਕਰਕੇ ਪੰਜਾਬ ਵਿੱਚ ਲੱਖਾਂ ਨੌਜਵਾਨ ਬੇਰੁਜ਼ਗਾਰੀ ਕਰਕੇ ਸੜਕਾਂ 'ਤੇ ਧੂੜ ਫੱਕਦੇ ਫਿਰਦੇ ਹਨ। ਚਪੜਾਸੀ ਦੀ ਨੌਕਰੀ ਲਈ ਵੀ 16-16 ਜਮਾਤਾਂ ਪੜ੍ਹੇ ਬੇਰੁਜ਼ਗਾਰ ਇੰਟਰਵਿਊ ਲਈ ਪੁੱਜ ਜਾਂਦੇ ਹਨ। ਇਸ ਪ੍ਰਬੰਧ ਵਿੱਚ ਜੇਕਰ ਕੋਈ ਨੌਕਰੀ ਦਿਵਾਉਣ ਦਾ ਝਾਂਸਾ ਦੇ ਦੇਵੇ ਤਾਂ ਉਸਦੀ ਪੈਸਿਆਂ ਨਾਲ ਝੋਲੀ ਭਰ ਦਿੰਦੇ ਹਨ। ਇੰਝ ਦੀ ਘਟਨਾ ਜ਼ਿਲ੍ਹਾ ਕਪੂਰਥਲਾ ਵਿੱਚ ਵਾਪਰੀ।
ਰੇਲਵੇ ਕੋਚ ਫੈਕਟਰੀ ਕਪੂਰਥਲਾ ਦੇ ਇੱਕ ਦਲਾਲ ਨੇ ਸਾਬਰ ਹੁਸੈਨ ਵਾਸੀ ਖੀਰਾਂ ਵਾਲੀ ਨੇ ਨੌਕਰੀਆਂ ਦਿਵਾਉਣ ਦਾ ਜਿਉਂ ਹੀ ਹੋਕਾ ਦਿੱਤਾ ਤਾਂ ਸੁਲਤਾਨਪੁਰ ਲੋਧੀ ਅਤੇ ਮਮਦੋਦ ਬਲਾਕ ਦੇ 30 ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਨੇ ਡੇਢ ਤੋਂ ਢਾਈ ਲੱਖ ਦੇ ਹਿਸਾਬ ਨਾਲ 46 ਲੱਖ ਦੇ ਕਰੀਬ ਉਸਦੀ ਝੋਲੀ ਪਾ ਦਿੱਤਾ। ਅੱਜ ਦੇ ਜ਼ਮਾਨੇ  ਵਿੱਚ ਰੁਜ਼ਗਾਰ ਅਜਿਹੀ ਚੀਜ਼ ਹੈ, ਜਿਸ 'ਤੇ ਲੋਕ ਬਹੁਤ ਕੁੱਝ ਲੁਟਾ ਦਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਤਾਂ ਹਰ ਘਰ ਨੂੰ ਇੱਕ ਨੌਕਰੀ ਦੇਣ ਦਾ ਵਾਅਦਾ ਕਰਕੇ ਗੱਦੀ ਸਾਂਭ ਲਈ ਅਤੇ ਹੁਣ ਭੁਲ-ਭੁਲਾ ਗਿਆ। ਇਸ ਲੁੱਟ ਦੀ ਲਪੇਟ ਵਿੱਚ ਸੁਲਤਾਨਪੁਰ ਲੋਧੀ ਦੇ ਅਮ੍ਰਿਤਪੁਰਾ, ਬਾਜਾ ਸਮੇਤ 5 ਪਿੰਡਾਂ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਬਲਾਕ ਦੇ ਪਿੰਡ ਗਿਲਚੇ ਸਮੇਤ 4 ਪਿੰਡ ਆਏ ਹਨ।
ਇਹ ਬੇਰੁਜ਼ਗਾਰ ਉਸ ਠੱਗ ਦੇ ਮਗਰ ਗੇੜੇ ਮਾਰ ਮਾਰ ਹੰਭ ਗਏ। ਉਹਨਾਂ ਨੂੰ ਆਪਣੇ ਲੱਖਾਂ ਰੁਪਏ ਡੁੱਬਦੇ ਲੱਗੇ ਤਾਂ ਉਹ ਕਿਸੇ ਸੰਘਰਸ਼ਸ਼ੀਲ ਜਥੇਬੰਦੀ ਨਾਲ ਜੁੜ ਕੇ ਵਿਰੋਧ ਕਰਨ ਦੀ ਸੋਚਣ ਲੱਗੇ। ਅੰਤ ਬੀ.ਕੇ.ਯੂ. (ਕ੍ਰਾਂਤੀਕਾਰੀ) ਜ਼ਿਲ੍ਹਾ ਫਿਰੋਜ਼ਪੁਰ ਕੋਲ ਪਹੁੰਚ ਕੀਤੀ।
ਬੀ.ਕੇ.ਯੂ. (ਕ੍ਰਾਂਤੀਤਾਰੀ) ਦੀ ਅਗਵਾਈ ਵਿੱਚ ਲੁੱਟੇ ਹੋਏ ਨੌਜਵਾਨਾਂ ਨੂੰ ਇਕੱਠੇ ਕਰਕੇ ਮੀਟਿੰਗ ਕੀਤੀ। ਇਸ ਮੀਟਿੰਗ ਦਾ ਅਖਬਾਰ ਵਿੱਚ ਪ੍ਰੈਸ ਬਿਆਨ ਦਿੱਤਾ ਗਿਆ ਅਤੇ 9 ਅਗਸਤ ਨੂੰ ਐਸ.ਡੀ.ਐਮ. ਦਫਤਰ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ। 9 ਅਗਸਤ ਨੂੰ 70-80 ਦੇ ਕਰੀਬ ਪੀੜਤ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਅਤੇ ਉਸ ਠੱਗ 'ਤੇ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਦਬਾਅ ਨਾਲ ਧਾਰਾ 420, 467, 468, 471 ਅਤੇ 120ਬੀ ਤਹਿਤ ਪਰਚਾ ਦਰਜ ਕੀਤਾ ਗਿਆ। ਉਸ ਨੂੰ ਗ੍ਰਿਫਤਾਰ ਕਰਵਾ ਕੇ ਬੇਰੁਜ਼ਗਾਰਾਂ ਨੂੰ ਇਨਸਾਫ ਦੁਆਉਣਾ ਅਜੇ ਬਾਕੀ ਹੈ। ਦਬਾਅ ਬਰਕਰਾਰ ਰੱਖ ਕੇ ਹੀ ਬੇਰੁਜ਼ਗਾਰਾਂ ਨੂੰ ਇਨਸਾਫ ਮਿਲੇਗਾ। ਬੇਰੁਜ਼ਗਾਰਾਂ ਨੂੰ ਵੀ ਮਾਮਲਾ ਹੱਲ ਕਰਵਾਉਣ ਅਤੇ ਹੋਰ ਧੱਕੇ ਧੋੜਿਆਂ ਅਤੇ ਲੁੱਟ-ਖਸੁੱਟ ਵਿਰੁੱਧ ਚੱਲਦੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਲਈ ਜਥੇਬੰਦੀ ਦੇ ਅੰਗ ਬਣ ਕੇ ਚੱਲਣਾ ਚਾਹੀਦਾ ਹੈ।
ਇਹ ਪਰਚਾ ਦਰਜ ਕਰਵਾਉਣ ਏਕੇ ਅਤੇ ਇਕੱਠ ਦੀ ਬਰਕਤ ਹੈ। ਇਨਸਾਫ ਪ੍ਰਾਪਤ ਕਰਨ ਲਈ ਇਹ ਪੁੱਟਿਆ ਪਹਿਲਾ ਕਦਮਾ ਹੈ। ਆਗੂ ਸਾਥੀਆਂ ਨੂੰ ਉਹਨਾਂ ਨਾਲ ਰਾਬਤਾ ਬਣਾਈ ਰੱਖਣਾ ਚਾਹੀਦਾ ਹੈ ਅਤੇ ਅਗਲੇ ਐਕਸ਼ਨ ਦੀਆਂ ਤਿਆਰੀ ਵਿੱਢ ਦੇਣੀ ਚਾਹੀਦੀ ਹੈ।

ਪੈਸੇ ਦੱਬਣ ਅਤੇ ਗੁੰਡਾਗਰਦੀ ਵਿਰੁੱਧ ਘੋਲ

ਦਿਲਬਾਗ ਸਿੰਘ ਨੇ ਮੀਰਸ਼ਾਹ ਦੇ ਵਸਨੀਕ ਜਸਵਿੰਦਰ ਸਿੰਘ ਪੰਨੂੰ ਦੀ ਫਤਿਹਗੜ੍ਹ ਪੰਜਤੂਰ ਵਿੱਚ ਬਿਲਡਿੰਗ ਦੀ ਉਸਾਰੀ ਕੀਤੀ। ਅਖੀਰ ਵਿੱਚ ਜਾ ਕੇ ਜਸਵਿੰਦਰ ਸਿੰਘ ਪੰਨੂੰ ਬੇਵਜਾ ਨਿਘੋਚਾਂ ਕੱਢਣ ਲੱਗ ਗਿਆ ਅਤੇ 3 ਲੱਖ 50 ਹਜ਼ਾਰ ਰੁਪਏ ਕਿਰਤ ਦੇ ਦੱਬ ਲਏ ਗਏ। ਭਰਾਤਰੀ ਜਥੇਬੰਦੀ ਬੀ.ਕੇ.ਯੂ. (ਕ੍ਰਾਂਤੀਕਾਰੀ) ਨੇ ਵੀ ਵਿੱਚ ਪੈ ਕੇ ਮਸਲਾ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਪਰ ਮਾਮਲਾ ਕਿਸੇ ਤਣ-ਪੱਤਣ ਨਹੀਂ ਲੱਗਾ।
ਇਸਦੀ ਲਿਖਤੀ ਸ਼ਿਕਾਇਤ ਡੀ.ਐਸ.ਪੀ. ਜ਼ੀਰਾ ਨੂੰ ਕੀਤੀ ਗਈ। ਡੀ.ਐਸ.ਪੀ. ਦਫਤਰੋਂ ਦਫਤਰ ਆਉਣ ਦਾ ਕਈ ਵਾਰ ਰੁੱਕਾ ਭੇਜਿਆ। ਜਸਵਿੰਦਰ ਪੰਨੂੰ ਝੂਠੇ ਬਹਾਨੇ ਘੜ ਕੇ ਆਉਣ ਤੋਂ ਆਨਾਕਾਨੀ ਕਰਦਾ ਰਿਹਾ। ਇੰਝ ਲੱਗਭੱਗ 2 ਮਹੀਨੇ ਇਹ ਗੱਲਬਾਤ ਦਾ ਦੌਰ ਚਲਾਇਆ  ਗਿਆ।
ਹਕੂਮਤ ਸ਼ਹਿ ਕਰਕੇ ਅਤੇ ਆਪ ਇੱਕ ਛੋਟਾ ਜਿਹਾ ਕਾਂਗਰਸੀ ਲੀਡਰ ਹੋਣ ਕਰਕੇ ਉਸਨੇ ਡੀ.ਐਸ.ਪੀ. ਦੀ ਪ੍ਰਵਾਹ ਨਹੀਂ ਕੀਤੀ। ਉਹ ਜ਼ੀਰੇ ਵਾਲੇ ਐਮ.ਐਲ.. ਦਾ ਰਿਸ਼ਤੇਦਾਰ ਵੀ ਸੁਣੀਦਾ ਹੈ। ਉਂਝ ਕੇਸ ਤਾਂ ਐਮ.ਐਲ.. ਪਰਿਵਾਰ ਨੂੰ ਪੂਰੇ ਦਾ ਪੂਰਾ ਦਿਲਬਾਗ ਨੇ ਸੁਣਾਇਆ ਸੀ। ਸੁਣ ਕੇ ਦੂਜੇ ਕੰਨ 'ਚੋਂ ਕੱਢ ਦਿੱਤਾ।
ਜਥੇਬੰਦੀ ਦੇ ਸੰਘਰਸ਼ ਦਾ ਫੈਸਲਾ ਕੀਤਾ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਜ਼ੀਰਾ ਨੇ ਇਸ ਮਸਲੇ 'ਤੇ ਸੰਘਰਸ਼ ਕਰਨ ਦਾ ਫੈਸਲਾ ਲਿਆ। ਮਸਲੇ ਨੂੰ ਲੋਕਾਂ ਵਿੱਚ ਲਿਜਾਣ ਲਈ ਪੋਸਟਰ ਕੱਢਿਆ ਗਿਆ। ਪੋਸਟਰ ਪੂਰੀ ਜ਼ੀਰਾ ਤਹਿਸਾਲੀ ਦੇ ਪਿੰਡਾਂ ਵਿੱਚ ਲਾਇਆ ਗਿਆ। ਮਜ਼ਦੂਰ ਯੂਨੀਅਨ ਦੀ 4 ਮੈਂਬਰੀ ਟੀਮ ਬਲਾਕ ਮੱਖੂ ਵਿੱਚ ਪੋਸਟਰ ਲਾਉਣ ਲਈ ਗਈ। ਜਸਵਿੰਦਰ ਪੰਨੂੰ ਨੂੰ ਜਦੋਂ ਇਸਦਾ ਪਤਾ ਲੱਗਾ ਕਿ ਉਹਨਾਂ ਦੇ ਪਿੰਡਾਂ ਵਿੱਚ ਵੀ ਪੋਸਟਰ ਲੱਗ ਰਿਹਾ ਹੈ, ਤਾਂ 20-25 ਲੱਠਮਾਰ ਇਕੱਠੇ ਕਰਕੇ ਪਿੱਛਾ ਕਰਨਾ ਸ਼ੁਰੁ ਕਰ ਦਿੱਤਾ। ਹਰੀਕੇ ਹੈੱਡ ਦੇ ਨਜ਼ਦੀਕ ਬਸਤੀ ਨਾਮਦੇਵ ਵਿਖੇ ਚਾਰਾਂ ਸਾਥੀਆਂ ਨੂੰ ਘੇਰ ਕੇ ਕੁੱਟਮਾਰ ਕਰਕੇ ਅਗਵਾ ਕਰਕੇ ਲੈ ਗਏ।
ਜਦੋਂ ਆਗੂਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਆਪਣੇ ਚਾਰ ਸਾਥੀਆਂ ਦੀ ਭਾਲ ਕਰਨ ਲਈ ਨਿੱਕਲ ਪਏ। ਲੱਭਦੇ ਲਭਾਉਂਦੇ ਥਾਣਾ ਮੱਖੂ ਪੁੱਜੇ, ਜਿੱਥੇ ਇਹ ਚਾਰ ਸਾਥੀ ਰੱਖੇ ਹੋਏ ਸਨ ਅਤੇ ਦੂਸਰੀ ਵਿਰੋਧੀ ਧਿਰ ਵੀ ਉੱਥੇ ਹਾਜ਼ਰ ਸੀ। ਪੁਲਸ ਨੇ ਪਹਿਲਾਂ ਤਾਂ ਜਸਵਿੰਦਰ ਪੰਨੂੰ ਦੇ ਪੱਖ ਵਿੱਚ ਬੋਲਦੇ ਹੋਏ ਕਿਹਾ ਕਿ ਤੁਸੀਂ ਬੰਦੇ ਬਾਰੇ ਇਸ਼ਤਿਹਾਰ ਕਿਵੇਂ ਕੱਢ ਸਕਦੇ ਹੋ? ਤੁਹਾਡੀ ਗਲਤੀ ਹੈ। ਇਹਨਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਆਗੂਆਂ ਨੇ ਜੁਆਬ ਦਿੱਤਾ, ਜਥੇਬੰਦੀ ਤਾਂ ਮੁੱਖ ਮੰਤਰੀ ਵਿਰੁੱਧ ਵੀ ਪੋਸਟਰ ਕੱਢ ਦਿੰਦੀ ਹੈਇਹ ਕੀ ਚੀਜ਼ ਹੈ। ਆਗੂ ਨੇ ਡੀ.ਐਸ.ਪੀ. ਨਾਲ ਫੋਨ 'ਤੇ ਗੱਲ ਕੀਤੀ ਕਿ ਤੁਹਾਡੀ ਪੁਲਸ, ਨੇ ਸਾਡੇ ਚਾਰ ਸਾਥੀ ਥਾਣੇ ਬਹਾਏ ਹੋਏ ਹਨ। ਤੁਸੀਂ ਵੀ ਜਾਣਦੇ ਹੋ ਕਿ 2 ਮਹੀਨੇ ਤੋਂ ਤੁਹਾਡੇ ਦਫਤਰ ਮਾਮਲਾ ਹੱਲ ਕਰਵਾਉਣ ਲਈ ਗੇੜੇ ਮਾਰਦੇ ਰਹੇ ਹਾਂ। ਜਦੋਂ ਕੋਈ ਹੱਲ ਨਹੀਂ ਹੋਇਆ ਤਾਂ ਸੰਘਰਸ਼ ਬਿਨਾ ਸਾਡੇ ਕੋਲ ਹੋਰ ਕਿਹੜਾ ਰਾਹ ਸੀ? ਸਾਡੇ ਸਾਥੀ ਰਿਹਾਅ ਕਰਵਾ ਦਿੱਤੇ ਅਤੇ ਅਗਲੇ ਦਿਨ ਡੀ.ਐਸ.ਪੀ. ਦਫਤਰ ਦੋਵਾਂ ਧਿਰਾਂ ਨੂੰ ਬੁਲਾ ਲਿਆ ਗਿਆ।
ਦੇਖੋ ਕਾਂਗਰਸ ਦਾ ਰਾਜਇਹਨਾਂ ਦੇ ਆਗੂ ਗਰੀਬ ਦੀ ਕਿਰਤ ਨੱਪਣ ਜੇ ਮੰਗਣ ਤਾਂ ਜਵਾਬ ਦਿਓ ਜੇ ਸੰਘਰਸ਼ ਦੀ ਗੱਲ ਕਰਨ ਤਾਂ ਕੁੱਟ ਕੇ ਚੁੱਪ ਕਰਵਾ ਦਿਓ। ਪਰ ਕ੍ਰਾਂਤੀਕਾਰੀ ਵੀ ਦਬਣ ਵਾਲੇ ਨਹੀਂ। ਉਹ ਹਰ ਹਾਲ ਸੰਘਰਸ਼ ਕਰਕੇ ਠੱਗੀ ਅਤੇ ਕੁੱਟ ਦਾ ਜਵਾਬ ਦੇਣਗੇ। ਡੀ.ਐਸ.ਪੀ. ਦਫਤਰ ਦੋਵੇਂ ਧਿਰਾਂ ਹਾਜ਼ਰ ਹੋਈਆਂ। ਗੱਲ ਗੁੰਡਾਗਰਦੀ ਕਰਨ ਕਰਕੇ ਮਾਫੀ ਮੰਗਣ 'ਤੇ ਅੜ ਗਈ। ਪੈਸੇ ਦੇਣ ਦਾ ਹੱਲ ਕੱਢ ਲਿਆ। ਪਰ ਜਥੇਬੰਦੀ ਲਈ ਪੈਸਿਆਂ ਤੋਂ ਅਹਿਮ ਕੀਤੀ ਗੁੰਡਾਗਰਦੀ ਦਾ ਮੁਆਫੀ ਮੰਗਣ ਦਾ ਮਾਮਲਾ ਵੱਧ ਮਹੱਤਵਪੂਰਨ ਸੀ। ਗੱਲ ਟੁੱਟ ਗਈ।

12
ਅਗਸਤ ਰੋਹ ਭਰਪੂਰ ਮਾਰਚ ਅਤੇ ਧਰਨਾ

ਮਜ਼ਦੂਰਾਂ ਨੂੰ ਕੁੱਟਣ ਨਾਲ ਮਜ਼ਦੂਰਾਂ ਦਾ ਰੋਹ ਹੋਰ ਭੜ ਪਿਆ। ਦਾਣਾ ਮੰਡੀ ਜ਼ੀਰਾ ਵਿੱਚ ਮਜ਼ਦੂਰ ਇਕੱਠੇ ਹੋਏ। ਇੱਕ ਗਰੁੱਪ ਚੌਂਕ ਵਿੱਚ ਜੁੜ ਗਿਆ। ਮੰਡੀ ਵਾਲੇ ਸਾਥੀ ਚੌਕ ਵਿੱਚ ਪੁੱਜੇ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਅਤੇ ਤੂੜੀ-ਛਿਲਕਾ ਮਜ਼ਦੂਰ ਯੂਨੀਅਨ ਦੇ ਸਾਥੀਆਂ ਨੇ ਵੀ ਕਾਫਲੇ ਨੂੰ ਹੋਰ ਲੰਮਾ ਕੀਤਾ। 400 ਦੇ ਕਰੀਬ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਮੁੱਖ ਚੌਕ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਮਜ਼ਦੂਰਾਂ ਨੇ ਆਪਣੇ ਝੰਡੇ ਚੁੱਕੇ ਹੋਏ ਸਨ ਅਤੇ ਰੋਹ ਭਰਪੂਰ ਨਾਹਰੇ ਲਗਾਉਂਦੇ ਬਜ਼ਾਰ ਵਿੱਚੀ ਹੁੰਦੇ ਹੋਏ ਡੀ.ਐਸ.ਪੀ. ਦਫਤਰ ਅੱਗੇ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ। ਡੀ.ਐਸ.ਪੀ. ਨੇ 17 ਅਗਸਤ ਨੂੰ ਦੂਸਰੀ ਧਿਰ ਨੂੰ ਬੁਲਾ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿਵਾਇਆ। ਡੀ.ਐਸ.ਪੀ. ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੈਸੇ ਦਿਵਾਉਣ ਦੇ ਨਾਲ ਦੋਸ਼ੀਆਂ 'ਤੇ 323 ਧਾਰਾ ਦੇ ਨਾਲ ਅਗਵਾ ਕਰਨ ਦੀ ਧਾਰਾ ਵੀ ਲਾਈ ਜਾਵੇ। ਮਿਥੀ ਤਾਰੀਖ  ਦੂਸਰੀ ਧਿਰ ਨਹੀਂ ਆਈ। ਡੀ.ਐਸ.ਪੀ. ਨੇ ਕਿਹਾ ਕਿ ਅਗਵਾ ਸਬੰਧੀ ਬਿਆਨ ਥਾਣੇ ਜਾ ਕੇ ਦਰਜ ਕਰਵਾ ਦਿਓ। ਉਹਨਾਂ 'ਤੇ ਇਹ ਪਰਚਾ ਵੀ ਕਰ ਲੈਂਦੇ ਹਾਂ।
ਹਾਲੇ ਗੁੰਡਿਆਂ ਦਾ ਹੰਕਾਰ ਬਰਕਰਾਰ ਹੈ। ਇਸ ਹੰਕਾਰ ਨੂੰ ਚਕਨਾਚੂਰ ਕਰਨ ਅਤੇ ਹੋਰਨਾਂ ਮੰਗਾਂ ਦੀ ਪੂਰਤੀ ਲਈ ਅਗਲੇ ਤਿੱਖੇ ਸੰਘਰਸ਼ ਦੀ ਤਿਆਰੀ ਵਿੱਢ ਦੇਣੀ ਚਾਹੀਦੀ ਹੈ।
ਪੁਲਸ ਚੌਕੀ ਮੂਹਰੇ ਰੋਸ ਰੈਲੀ

ਮਾਹਲਾ ਕਲਾਂ ਦੇ ਦੋ ਮਜ਼ਦੂਰ ਭਰਾ ਪਿੰਡ ਵਿੱਚ ਹੀ ਇੱਕ ਧਨੀ ਕਿਸਾਨ ਦੇ ਘਰੇ 4-5 ਸਾਲਾਂ ਤੋਂ ਸੀਰ ਦਾ ਕੰਮ ਕਰਦੇ ਸਨ। ਇਸ ਵਾਰ ਉਹਨਾਂ ਨੇ ਸੀਰ ਤੋਂ ਜਵਾਬ ਦੇ ਦਿੱਤਾ। ਧਨੀ ਕਿਸਾਨ ਨੇ ਆਪਣੀ ਪਹੁੰਚ ਕਰਕੇ ਨੱਥੂਵਾਲ ਗਰਬੀ ਦੀ ਪੁਲਸ ਨੂੰ ਉਹਨਾਂ ਦੇ ਘਰੇ ਦਬਕਾਉਣ ਲਈ ਘੱਲ ਦਿੱਤਾ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਮੋਗਾ ਦੇ ਸਾਥੀਆਂ ਨੇ ਇਸ 'ਤੇ ਗੰਭੀਰ ਚਰਚਾ ਕਰਕੇ ਮਾਹਲੇ ਦੇ ਮਜ਼ਦੂਰਾਂ ਨਾਲ ਬੈਠਕ ਕਰਨ ਉਪਰੰਤ ਅਗਸਤ ਦੇ ਪਹਿਲੇ ਹਫਤੇ ਨੱਥੂਵਾਲ ਗਰਬੀ ਦੀ ਪੁਲਸ ਚੌਕੀ ਅੇਗ ਰੋਸ ਰੈਲੀ ਕਰਕੇ ਪੁਲਸ ਨੂੰ ਚਿਤਾਵਨੀ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਵੀ ਭਰਾਤਰੀ ਹਮਾਇਤ ਕੀਤੀ। ਜਿਸ ਨਾਲ ਮਜ਼ਦੂਰਾਂ ਨੂੰ ਰਾਹਤ ਮਿਲੀ ਅਤੇ ਉਹਨਾਂ ਨੇ ਪਿੰਡ ਵਿੱਚ 70-80 ਦੀ ਗਿਣਤੀ ਵਿੱਚ ਇਕੱਠੇ ਹੋ ਕੇ ਮਜ਼ਦੂਰ ਯੂਨਿਟ ਦਾ ਗਠਨ ਕੀਤਾ। ਏਕੇ ਦੀ ਜਿੱਤ ਦੇਖ ਕੇ ਮਾਹਲੇ ਦੇ ਮਜ਼ਦੂਰ ਘੋਲਾਂ ਦਾ ਅੰਗ ਬਣਨ ਲਈ ਅੱਗੇ ਆਏ ਹਨ।

No comments:

Post a Comment