ਪੀ.ਐਸ.ਯੂ. ਵੱਲੋਂ ਮੋਤੀ ਮਹਿਲ ਦੇ ਘਿਰਾਓ ਦਾ ਐਲਾਨ
ਜਲੰਧਰ, 18 ਅਗਸਤ-ਪੰਜਾਬ ਸਟੂਡੈਂਟਸ ਯੂਨੀਅਨ ਨੇ ਐਲਾਨ ਕੀਤਾ ਹੈ ਕਿ 14 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਪਟਿਆਲੇ ਦਾ ਯੂਨੀਅਨ ਵੱਲੋਂ ਘਿਰਾਓ ਕੀਤਾ ਜਾਵੇਗਾ।
ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ, ਜਨਰਲ ਸਕੱਤਰ ਪ੍ਰਦੀਪ ਕਸਬਾ ਅਤੇ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਲੜਕੀਆਂ ਦੀ ਮੁਫ਼ਤ ਵਿਦਿਆ ਦੇ ਐਲਾਨ ਨੂੰ ਅਮਲੀ ਰੂਪ 'ਚ ਲਾਗੂ ਕਰਵਾਉਣ, ਛੋਟੀ ਕਿਸਾਨੀ ਅਤੇ ਸਾਲਾਨਾ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਛੋਟੇ ਦੁਕਾਨਦਾਰ, ਵਪਾਰੀ, ਮੁਲਾਜ਼ਮਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦਾ ਹੱਕ ਦੁਆਉਣ, ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਜਾਰੀ ਕਰਵਾਉਣ ਤੇ ਫੀਸ ਮਾਫੀ ਦੀ ਰੱਖੀ ਸ਼ਰਤ ਨੂੰ ਹਟਾਉਣ, ਓ.ਬੀ.ਸੀ. ਤੇ ਘੱਟ ਗਿਣਤੀਆਂ ਦੇ ਵਜ਼ੀਫੇ ਜਾਰੀ ਕਰਵਾਉਣ, ਰੀ-ਅਪੀਅਰ, ਰੀ-ਵੈਲੂਏਸ਼ਨ ਦੀ ਫੀਸ ਬੰਦ ਕਰਵਾਉਣ, ਸਕੂਲਾਂ-ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਅਤੇ ਯੂਨੀਵਰਸਿਟੀਆਂ ਨੂੰ ਗ੍ਰਾਂਟ ਜਾਰੀ ਕਰਵਾਉਣ ਲਈ ਪੰਜਾਬ ਭਰ ਦੇ ਵਿਦਿਆਰਥੀ ਯੂਨੀਅਨ ਦੀ ਅਗਵਾਈ ਹੇਠ 14 ਸਤੰਬਰ ਨੂੰ ਕੈਪਟਨ ਦੇ ਮੋਤੀ ਮਹਿਲ ਵੱਲ ਕੂਚ ਕਰਨਗੇ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਿਰਫ਼ ਲੜਕੀਆਂ ਦੀ ਮੁਫ਼ਤ ਵਿੱਦਿਆ ਦਾ ਐਲਾਨ ਕੀਤਾ ਹੈ ਪਰ ਬਜਟ 'ਚ ਇਸ ਲਈ ਕੋਈ ਫੰਡ ਨਹੀਂ ਰੱਖਿਆ। ਦਾਖ਼ਲੇ ਸਮੇਂ ਹੀ ਲੜਕੀਆਂ ਤੋਂ ਫੀਸਾਂ ਭਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨਿੱਜੀਕਰਨ ਦੀ ਨੀਤੀ ਤਹਿਤ ਸਮੈਸਟਰ ਸਿਸਟਮ ਦੀ ਦੇਣ ਰੀ-ਅਪੀਅਰ, ਰੀਵੈਲੂਏਸ਼ਨ ਰਾਹੀਂ ਵਿਦਿਆਰਥੀਆਂ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ।
No comments:
Post a Comment