ਛਪਦੇ ਛਪਦੇ:
ਪ੍ਰਸਿੱਧ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਗੌਰੀ ਲੰਕੇਸ਼ ਦਾ ਕਤਲ
ਨਰਿੰਦਰ ਦਭੋਲਕਰ, ਗੋਵਿੰਦ ਪਨਸਾਰੇ ਅਤੇ ਐਮ.ਐਮ. ਕਲਬੁਰਗੀ ਤੋਂ ਬਾਅਦ ਹਿੰਦੂਤਵ ਦੇ ਫਿਰਕੂ-ਫਾਸ਼ੀ ਰੁਝਾਨ ਦੀਆਂ ਪੈਰੋਕਾਰ ਤਾਕਤਾਂ ਵੱਲੋਂ ਬੰਗਲੌਰ ਦੀ ਮਸ਼ਹੂਰ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਸ੍ਰੀਮਤੀ ਗੌਰੀ ਲੰਕੇਸ਼ ਨੂੰ 5 ਸਤੰਬਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਗੌਰੀ ਲੰਕੇਸ਼ ਇੱਕ ਨਿੱਡਰ, ਫ੍ਰਿਕਾਪ੍ਰਸਤੀ ਵਿਰੋਧੀ ਅਤੇ ਖਰੀ ਲੋਕ-ਦਰਦੀ ਪੱਤਰਕਾਰ ਹੀ ਨਹੀਂ ਸੀ, ਉਹ ਸਮਾਜ ਦੇ ਦੱਬੇ-ਕੁਚਲੇ ਲੋਕਾਂ, ਦਲਿਤਾਂ ਅਤੇ ਔਰਤਾਂ ਦੇ ਹੱਕੀ ਸਰੋਕਾਰਾਂ ਨੂੰ ਬੁਲੰਦ ਕਰਨ ਵਾਲੀ ਅਤੇ ਮੂਹਰੇ ਹੋ ਕੇ ਜੂਝਣ ਵਾਲੀ ਜੂਝਾਰੂ ਸਮਾਜਿਕ ਕਾਰਕੁੰਨ ਸੀ। ਉਸ ਵੱਲੋਂ ਸਭਨਾਂ ਹਕੂਮਤਾਂ ਦੀ ਲੋਕ-ਮਾਰੂ ਨੀਤੀਆਂ ਨੂੰ ਬੇਖੌਫ ਪੜਚੋਲ ਦੀ ਮਾਰ ਹੇਠ ਲਿਆਂਦਾ ਜਾਂਦਾ ਰਿਹਾ ਹੈ। ਵਿਸ਼ੇਸ਼ ਕਰਕੇ, ਉਸ ਵੱਲੋਂ ਭਾਜਪਾ ਅਤੇ ਆਰ.ਐਸ.ਐਸ. ਦੀਆਂ ਫਿਰਕੂ-ਫਾਸ਼ੀ ਕਾਰਵਾਈਆਂ ਦਾ ਡਟਵਾਂ ਵਿਰੋਧ ਕੀਤਾ ਜਾਂਦਾ ਰਿਹਾ ਹੈ ਅਤੇ ਉਹਨਾਂ ਦੀਆਂ ਅਖੌਤੀ ਹਿੰਦੂਤਵਾ ਦੇ ਫਾਸ਼ੀ ਸੋਚ ਨੂੰ ਲੋਕਾਂ 'ਤੇ ਮੜ੍ਹਨ ਅਤੇ ਉਹਨਾਂ ਦੇ ਜਮਹੂਰੀ ਅਧਿਕਾਰਾਂ ਦੀ ਸੰਘੀ ਘੁੱਟਣ ਵਾਲੀਆਂ ਕਾਰਵਾਈਆਂ ਖਿਲਾਫ ਜਨਤਕ ਵਿਰੋਧ ਨੂੰ ਲਾਮਬੰਦ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਉੱਭਰਵਾਂ ਅਤੇ ਅਣਲਿਫ ਰੋਲ ਨਿਭਾਇਆ ਜਾਂਦਾ ਰਿਹਾ ਹੈ। ਇਸੇ ਕਰਕੇ, ਉਹ ਇਹਨਾਂ ਫਿਰਕੂ ਫਾਸ਼ੀ ਤਾਕਤਾਂ ਦੀ ਅੱਖ ਵਿੱਚ ਰੋੜ ਵਾਂਗੂੰ ਰੜਕਦੀ ਸੀ ਅਤੇ ਇਸੇ ਰੜਕ ਨੂੰ ਕੱਢਣ ਲਈ ਉਹਨਾਂ ਵੱਲੋਂ ਇਸ ਕਾਬਲੇ-ਫ਼ਖਰ ਅਤੇ ਸ਼ਾਨਦਾਰ ਸਖਸ਼ੀਅਤ ਦੀ ਜਾਨ ਲੈਣ ਦਾ ਘਿਨਾਉਣਾ ਕਦਮ ਲਿਆ ਗਿਆ ਹੈ।
No comments:
Post a Comment