Saturday, 4 March 2017

ਫੰਡਰ ਪ੍ਰਚਾਰ ਦੇ ਥੜ•ੇ ਦੀ ਦਾਸਤਾਨ

ਫੰਡਰ ਪ੍ਰਚਾਰ ਦੇ ਥੜ•ੇ ਦੀ ਦਾਸਤਾਨ
ਕਥਨੀ ਅਤੇ ਕਰਨੀ ਦਾ ਪੂਰਾ ਹੋਣਾ ਬੜਾ ਔਖਾ ਅਤੇ ਜੋਖਮ ਭਰਿਆ ਕੰਮ ਹੈ। ਕਥਨੀ ਅਤੇ ਕਰਨੀ 'ਤੇ ਪੂਰਾ ਉੱਤਰਨਾ ਅਸੂਲਪ੍ਰਸਤੀ ਹੈ। ਚਾਹੇ ਕੋਈ ਇਨਕਲਾਬ ਹੋਵੇ, ਚਾਹੇ ਸਾਧਾਰਨ ਵਿਅਕਤੀ/ਤਾਕਤ, ਉਸ ਲਈ ਇਸ ਅਸੂਲਪ੍ਰਸਤੀ 'ਤੇ ਖਰਾ ਉੱਤਰਨ ਲਈ ਇੱਕ ਨਿਸਚਿਤ ਕੀਮਤ ਤਾਰਨੀ ਪੈਂਦੀ ਹੈ। ਇਸਦੇ ਉਲਟ ਕਥਨੀ ਹੋਰ ਅਤੇ ਕਰਨੀ ਹੋਰ ਮੌਕਾਪ੍ਰਸਤੀ ਹੈ। ਇਸ ਮੌਕਾਪ੍ਰਸਤੀ ਦਾ ਨੰਗਾ ਨਾਚ ਹਾਕਮ ਜਮਾਤੀ ਹਿੱਤਾਂ ਦੀਆਂ ਪਹਿਰੇਦਾਰ ਸਭ ਮੌਕਾਪ੍ਰਸਤ ਸਿਆਸੀ ਪਾਰਟੀਆਂ ਕਰਦੀਆਂ ਆਈਆਂ ਹਨ। ਉਹ ਝੂਠੇ ਲਾਰਿਆਂ-ਲੱਪਿਆਂ ਅਤੇ ਵਾਅਦਿਆਂ ਦੀ ਝੜੀ ਲਾਉਂਦੀਆਂ ਹਨ, ਲੋਕਾਂ ਦੇ ਵਾਰੇ-ਨਿਆਰੇ ਕਰਨ ਵਾਲੇ ਚੋਣ-ਮੈਨੀਫੈਸਟੋ ਜਾਰੀ ਕਰਦੀਆਂ ਹਨ ਅਤੇ ਉਹਨਾਂ ਨੂੰ ਤਰ•ਾਂ ਤਰ•ਾਂ ਦੇ ਸਬਜ਼ਬਾਗ ਦਿਖਾਉਂਦੀਆਂ ਹਨ। ਪਰ ਕਰਦੀਆਂ ਐਨ ਉਲਟ ਹਨ। ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੇ ਜੜ•ੀ ਤੇਲ ਦੇਣ ਅਤੇ ਹਾਕਮ ਜਮਾਤੀ ਧਾੜਵੀ ਲਾਣੇ ਦੇ ਹਿੱਤਾਂ ਦੀ ਪੈਰਵਾਈ ਕਰਦੀਆਂ ਹਨ। ਖੈਰ! ਇਹ ਕੰਮ ਉਹ ਕਰਦੀਆਂ ਹਨ। ਲੋਕ-ਦੁਸ਼ਮਣ ਸਿਆਸੀ ਟੋਲਿਆਂ ਦੀ ਕਥਨੀ ਅਤੇ ਕਰਨੀ ਵਿੱਚ ਇਹ ਪਾੜਾ ਹੋਣਾ ਉਹਨਾਂ ਦੀ ਪਿਛਾਖੜੀ ਫਿਤਰਤ ਦਾ ਹੀ ਇਜ਼ਹਾਰ ਹੈ। 
ਪਰ ਜਦੋਂ ਆਪਣੇ ਆਪ ਨੂੰ ਇਨਕਲਾਬੀ ਹੋਣ ਦਾ ਦਾਅਵਾ ਕਰਦੀ ਕਿਸੇ ਜਥੇਬੰਦੀ ਦੀ ਕਥਨੀ ਹੋਰ ਹੋਵੇ ਅਤੇ ਕਰਨੀ ਹੋਰ, ਤਾਂ ਲੋਕਾਂ ਦਾ ਭਲਾ ਚਾਹੁੰਦੇ ਕੁੱਝ ਲੋਕ ਹਿੱਸਿਆਂ ਨੂੰ ਐਡਾ ਵੱਡਾ ਪਾੜਾ ਓਪਰਾ ਲੱਗਣਾ ਕੁਦਰਤੀ ਹੈ। ਆਪਣੇ ਆਪ ਨੂੰ ਇਨਕਲਾਬੀ ਸਿਆਸੀ ਜਥੇਬੰਦੀ ਹੋਣ ਦਾ ਦਾਅਵਾ ਕਰਦੀ ਅਜਿਹੀ ਇੱਕ ਜਥੇਬੰਦੀ ਲੋਕ ਮੋਰਚਾ ਪੰਜਾਬ ਸੀ। ਇਸ ਜਥੇਬੰਦੀ ਦਾ ਉਦਘਾਟਨ 1995 ਵਿੱਚ ਰਾਮਪੁਰੇ ਨੇੜੇ ਸੇਲਬਰਾਹ ਪਿੰਡ ਵਿੱਚ ਕਈ ਹਜ਼ਾਰ ਲੋਕਾਂ ਦਾ ਬੜਾ ਵੱਡਾ ਇਕੱਠ ਕਰਕੇ ਕੀਤਾ ਗਿਆ ਸੀ। ਅਮੋਲਕ ਸਿੰਘ ਨੂੰ ਇਸਦਾ ਜਨਰਲ ਸਕੱਤਰ ਬਣਾਇਆ ਗਿਆ ਸੀ। ਇਸ ਜਥੇਬੰਦੀ ਵੱਲੋਂ ਪੰਜਾਬ ਵਿੱਚ ਮੌਜੂਦਾ ਪਿਛਾਖੜੀ ਰਾਜ-ਭਾਗ ਦੇ ਇਨਕਲਾਬੀ ਬਦਲ ਨੂੰ ਉਭਾਰਨ ਦਾ ਬੀੜਾ ਚੁੱਕਿਆ ਗਿਆ ਸੀ। ਇਸ ਵੱਲੋਂ ਪੰਜਾਬ ਅੰਦਰ ਇੱਕ ਵਾਰੀ ਜ਼ੋਰ ਮਾਰ ਕੇ ਵੱਖ ਵੱਖ ਇਲਾਕਿਆਂ ਵਿੱਚ ਕੁੱਲ 14 ਇਕਾਈਆਂ ਖੜ•ੀਆਂ ਕਰ ਲਈਆਂ ਗਈਆਂ। ਇੱਕ ਸੂਬਾਈ ਪਰਚਾ ''ਮੁਕਤੀ ਮਾਰਗ'' ਵੀ ਜਾਰੀ ਕੀਤਾ ਗਿਆ। ਇਉਂ, ਇਸ ਵੱਲੋਂ ਇਨਕਲਾਬੀ ਬਦਲ ਉਭਾਰਨ (ਪ੍ਰਚਾਰਨ) ਲਈ ਮੀਟਿੰਗਾਂ/ਕਨਵੈਨਸ਼ਨਾਂ ਕਰਨ ਦਾ ਇੱਕ ਸਿਲਸਿਲਾ ਤੋਰਿਆ ਗਿਆ। ...ਮੋਗਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਬਿਜਲੀ ਕਾਮਿਆਂ ਵਿੱਚ ਵਿਚਰਦੇ ਇਨਕਲਾਬੀ ਜਮਹੂਰੀ ਫਰੰਟ ਨਾਲ ਮਿਲ ਕੇ ਵੱਡੀ ''ਇਨਕਲਾਬ-ਜ਼ਿੰਦਾਬਾਦ ਰੈਲੀ'' ਜਥੇਬੰਦ ਕੀਤੀ ਗਈ। ਇਸ ਰੈਲੀ ਵਿੱਚ ਲਗਭੱਗ 12000 ਵਿਅਕਤੀ  ਸ਼ਾਮਲ ਹੋਏ। ਅਜਿਹੇ ਇਕੱਠਾਂ ਵੱਲੋਂ ਇੱਕ ਵਾਰੀ ਲੋਕ ਮੋਰਚੇ ਦੇ ਘੇਰੇ ਅਤੇ ਇਸ ਜਥੇਬੰਦੀ ਤੋਂ ਭਰਮਾਊ ਆਸਾਂ ਰੱਖਦੇ ਹਿੱਸਿਆਂ ਦੇ ਉਤਸ਼ਾਹ ਨੂੰ ਵਕਤੀ ਹੁਲਾਰਾ ਦਿੱਤਾ  ਗਿਆ। ਪਰ ਇਸ ਹੁਲਾਰੇ ਦਾ ਆਧਾਰ ਹਕੀਕੀ ਨਾ ਹੋ ਕੇ ਇੱਕ ਮ੍ਰਿਗਤ੍ਰਿਸ਼ਨਾ ਸੀ। ਇਸ ਅਸਲੀਅਤ ਨੇ ਇੱਕ ਦਿਨ ਮੱਥੇ ਵੱਜਣਾ ਹੀ ਸੀ। 
ਮੋਰਚਾ ਕਹਿੰਦਾ ਕੀ ਸੀ? ਕਹਿੰਦਾ ਸੀ— ਮੌਜੂਦਾ ਪਿਛਾਖੜੀ ਸਾਮਰਾਜੀ-ਜਾਗੀਰੂ ਨਿਜ਼ਾਮ ਦਾ ਇਨਕਲਾਬੀ ਬਦਲ ਲੋਕ ਜਮਹੂਰੀ ਨਿਜ਼ਾਮ ਹੈ। ਇਹ ਲੋਕ ਜਮਹੂਰੀ ਨਿਜ਼ਾਮ ਇਨਕਲਾਬ ਲਿਆਉਣ ਅਤੇ ਹੇਠਲੀ ਉੱਤੇ ਕਰਨ ਰਾਹੀਂ ਸਿਰਜਿਆ ਜਾਣਾ ਹੈ। ਮੁਲਕ ਤੋਂ ਸਾਮਰਾਜੀ-ਜਾਗੀਰੂ ਜਕੜਜੱਫੇ ਦਾ ਫਸਤਾ ਵੱਢਣ ਨਾਲ ਸਿਰਜਿਆ ਜਾਣਾ ਹੈ। ਲੋਕ ਜਮਹੂਰੀ ਇਨਕਲਾਬ ਤੋਂ ਬਾਅਦ ਦਾ ਇਨਕਲਾਬੀ ਨਿਜ਼ਾਮ ਕਿਹੋ ਜਿਹਾ ਹੋਵੇਗਾ- ਇਸਦਾ ਨਕਸ਼ਾ ਬੰਨ•ਣ ਲਈ ਕਈ ਕਿਤਾਬਚੇ ਛਾਪੇ ਤੇ ਵੰਡੇ ਗਏ। ਸੋ, ਮੋਰਚੇ ਵੱਲੋਂ ਪਹਿਲਾਂ ਪਹਿਲਾਂ ਜ਼ੋਰ-ਸ਼ੋਰ ਨਾਲ ਲੋਕਾਂ ਮੂਹਰੇ ਇਨਕਲਾਬੀ ਬਦਲ ਦਾ ਨਕਸ਼ਾ ਬੰਨ•ਣ ਲਈ ਖੂਬ ਜ਼ੋਰ ਲਾਇਆ ਗਿਆ ਅਤੇ ਲੋਕਾਂ ਨੂੰ ਇਨਕਲਾਬ ਦੀਆਂ ਬਰਕਤਾਂ ਦੀਆਂ ਤਸਵੀਰਾਂ ਵਾਹ ਕੇ ਪ੍ਰੇਰਨ ਦਾ ਯਤਨ ਕੀਤਾ ਗਿਆ। ਲੋਕਾਂ ਨੂੰ ਕਿਹਾ ਗਿਆ ਕਿ ਇਹਨਾਂ ਬਰਕਤਾਂ ਨੂੰ ਮਾਨਣ ਲਈ ਇਨਕਲਾਬ ਕਰੋ। 
ਪਰ ਇਨਕਲਾਬੀ ਬਦਲ ਉਭਾਰਨ/ਪ੍ਰਚਾਰਨ ਲੱਗਿਆ ਇਹ ਮੋਰਚਾ ਕਰਦਾ ਕੀ ਸੀ? ਕੁੱਝ ਨਹੀਂ, ਸਿਰਫ ਇਨਕਲਾਬੀ ਲਫਾਜ਼ੀ ਦੇ ਪ੍ਰਚਾਰ ਦੀ ਵਾਛੜ ਕਰਦਾ ਸੀ। ਲੋਕਾਂ ਨੂੰ ਕੀ ਕਰਨ ਲਈ ਕਹਿੰਦਾ ਸੀ? ਕਹਿੰਦਾ ਸੀ ਕਿ ਇਨਕਲਾਬ ਕਰਨ ਲਈ ਲੋਕ-ਤਾਕਤ ਦਾ ਯੱਕ ਬੰਨ•ੋ, ਲੋਕ ਤਾਕਤ ਦਾ ਕਿਲਾ ਉਸਾਰੋ। ਇਹ ਲੋਕ ਤਾਕਤ ਦਾ ਕਿਲਾ ਉਸਾਰਨ ਲਈ ਤਬਕਾਤੀ/ਜਨਤਕ ਜਥੇਬੰਦੀਆਂ ਤਕੜੀਆਂ ਕਰੋ, ਅੰਸ਼ਿਕ ਮੰਗਾਂ/ਮਸਲਿਆਂ 'ਤੇ ਚੱਲਦੇ ਬਚਾਓਮੁਖੀ ਘੋਲਾਂ ਨੂੰ ਤੇਜ਼ ਕਰੋ। ਇਹਨਾਂ ਦਾ ਪਸਾਰਾ ਕਰੋ। ਪਾਰਲੀਮਾਨੀ ਅਤੇ ਵਿਧਾਨ ਸਭਾਈ ਚੋਣਾਂ ਦੌਰਾਨ ਲੋਕ ਕੀ ਕਰਨ, ਵੋਟ ਪਾਉਣ ਜਾਂ ਨਾ ਪਾਉਣ ਜਾਂ ਬਾਈਕਾਟ ਕਰਨ- ਇਸ ਦੇ ਬਾਰੇ ਕਹਿੰਦਾ ਸੀ ਬਾਈਕਾਟ ਮੱਤ ਕਰੋ, ਪਰ ਵੋਟ ਪਾਉਣੀ ਜਾਂ ਨਾ ਪਾਉਣੀ ਇਹ ਤੁਹਾਡੀ ਮਰਜ਼ੀ ਹੈ। ਵੋਟ ਪਾਉਣ ਜਾਂ ਨਾ ਪਾਉਣ ਨਾਲ ਕੁੱਝ ਨਹੀਂ ਬਣਨਾ। ਸਰਕਾਰ ਬਦਲਣ ਜਾਂ ਨਾ ਬਦਲਣ ਨਾਲ ਕੁੱਝ ਨਹੀਂ ਬਣਨਾ। ਅਸੀਂ ਤਾਂ ਇਹੋ ਕਹਿੰਦੇ ਹਾਂ ''ਰਾਜ ਬਦਲੋ-ਸਮਾਜ ਬਦਲੋ।''
ਇਨਕਲਾਬੀ ਬਦਲ ਉਭਾਰਨ ਦੇ ਕਾਰਜ ਵਿੱਚ ਲੱਗਿਆ ਇਹ ਮੋਰਚਾ ਨਾ ਸਿਰਫ ਖੁਦ ਇਨਕਲਾਬੀ ਬਦਲ ਉਸਾਰੀ ਦੇ ਅਮਲ ਵਿੱਚ ਪੈਣ ਪੱਖੋਂ ਕੁੱਝ ਵੀ ਕਰਨ ਤੋਂ ਆਹਰੀ ਸੀ, ਸਗੋਂ ਇਸ ਪਿਛਾਖੜੀ ਨਿਜ਼ਾਮ ਦਾ ਹਕੀਕੀ ਇਨਕਲਾਬੀ ਬਦਲ ਉਭਾਰਨ ਤੋਂ ਵੀ ਟਾਲਾ ਵੱਟ ਰਿਹਾ ਸੀ। ਮਸਲਨ ਦੋ ਬੁਨਿਆਦੀ ਅਹਿਮੀਅਤ ਰੱਖਦੇ ਪੱਖਾਂ ਬਾਰੇ ਜ਼ਿਕਰ ਮੋਰਚੇ ਦੇ ਪ੍ਰਚਾਰ ਵਿੱਚੋਂ ਗਾਇਬ ਸੀ। ਇੱਕ— ਰਾਜ ਬਦਲਣ ਦੇ ਉੱਦਮ ਦੀ ਅਗਵਾਈ ਕੌਣ ਕਰੇਗਾ? ਯਾਨੀ ਕਿਹੜੀ ਸਿਆਸੀ ਪਾਰਟੀ ਕਰੇਗੀ? ਹੋਰ ਲਫਜ਼ਾਂ ਵਿੱਚ ਹਾਕਮ ਜਮਾਤੀ ਪਾਰਲੀਮਾਨੀ ਸਿਆਸੀ ਪਾਰਟੀਆਂ ਦਾ ਬਦਲ ਬਣਦੀ ਇਨਕਲਾਬੀ ਪਾਰਟੀ ਕਿਹੜੀ ਹੋਵੇਗੀ? ਸਾਂਝੇ ਮੋਰਚੇ ਦੀ ਅਗਵਾਈ ਕੌਣ ਕਰੇਗਾ? ਦੂਜਾ ਹਾਕਮ ਜਮਾਤਾਂ ਦੇ ਦੰਭੀ ਪਾਰਲੀਮਾਨੀ ਸਿਆਸੀ ਰਾਹ ਦਾ ਇਨਕਲਾਬੀ ਬਦਲ ਕੀ ਹੋਵੇਗਾ? ਯਾਨੀ ਇਹ ਦੋ ਪੱਖਾਂ ਦਾ ਬਦਲ ਬਣਦੇ ਕਮਿਊਨਿਸਟ ਇਨਕਲਾਬੀ ਪਾਰਟੀ ਅਤੇ ਲਮਕਵੇਂ ਹਥਿਆਰਬੰਦ ਘੋਲ ਦੇ ਰਾਹ ਬਾਰੇ ਸੱਪ ਸੁੰਘਿਆ ਹੋਇਆ ਸੀ। ਲੋਕ ਭਵਿੱਖ ਦੇ ਲੋਕ ਜਮਹੂਰੀ ਨਿਜ਼ਾਮ ਦੇ ਸਬਜ਼ਬਾਗ ਦੇਖਣ ਨਾਲੋਂ ਇਹਨਾਂ ਦੋ ਠੋਸ ਪੱਖਾਂ ਦਾ ਠੋਸ ਜਵਾਬ ਚਾਹੁੰਦੇ ਸਨ। ਕਿਉਂਕਿ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਅਤੇ ਉਹਨਾਂ ਦੀ ਮੌਕਾਪ੍ਰਸਤ ਵੋਟ ਖੇਡ ਤੋਂ ਲੋਕ ਬੁਰੀ ਤਰ•ਾਂ ਅੱਕੇ ਹੋਏ ਹਨ। ਲੋਕਾਂ ਦਾ ਬਹੁਤ ਵੱਡਾ ਹਿੱਸਾ ਇਹਨਾਂ ਪਾਰਟੀਆਂ, ਪਾਰਲੀਮਾਨੀ ਸੰਸਥਾਵਾਂ ਅਤੇ ਸਭ ਕਿਸਮ ਦੀਆਂ ਸਰਕਾਰਾਂ ਤੋਂ ਬੁਰੀ ਤਰ•ਾਂ ਅੱਕਿਆ ਅਤੇ ਸਤਿਆ ਹੋਇਆ ਹੈ। ਅਗਲੀ ਗੱਲ— ਲੋਕ ਰਾਜਭਾਗ ਦੇ ਹਥਿਆਰਬੰਦ ਅੰਗਾਂ— ਪੁਲਸ, ਨੀਮ ਫੌਜੀ ਬਲਾਂ ਅਤੇ ਫੌਜ ਦੀ ਦਬਸ਼ ਅਤੇ ਦਹਿਸ਼ਤ ਦੇ ਸਾਏ ਹੇਠ ਜੀਅ ਰਹੇ ਹਨ। ਪੰਜਾਬ ਸਮੇਤ ਮੁਲਕ ਦੀ ਮਿਹਨਤਕਸ਼ ਲੋਕਾਈ ਰਾਜ ਦੀਆਂ ਇਹਨਾਂ ਹਥਿਆਰਬੰਦ ਧਾੜਾਂ ਦੀ ਕੁੱਟਮਾਰ ਅਤੇ ਮਾਰਧਾੜ ਦਾ ਸੇਕ ਨਿੱਤ ਹੰਢਾ ਰਹੀ ਹੈ। ਇਸ ਤੋਂ ਇਲਾਵਾ ਮੌਕਾਪ੍ਰਸਤ ਸਿਆਸਤਦਾਨਾਂ, ਰਾਜਕੀ ਹਥਿਆਰਬੰਦ ਬਲਾਂ ਅਤੇ ਮਾਫੀਆ ਗੁੰਡਾ ਗਰੋਹਾਂ ਦੇ ਗੱਠਜੋੜ ਬਾਰੇ ਲੋਕਾਂ ਨੂੰ ਕੋਈ ਭੁਲੇਖਾ ਨਹੀਂ ਹੈ। ਜਦੋਂ ਲੋਕਾਂ ਅੰਦਰ ਰਾਜ ਬਦਲਣ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹ ਇਹਨਾਂ ਗੱਲਾਂ ਦਾ ਸਿੱਧਾ ਅਤੇ ਸਪਾਟ ਜਵਾਬ ਭਾਲਦੇ ਹਨ ਕਿ ਇਹਨਾਂ ਮੌਕਾਪ੍ਰਸਤ ਪਾਰਲੀਮਾਨੀ ਟੋਲਿਆਂ ਦਾ ਮੁਕਾਬਲਾ ਹੋਰ ਕਿਹੜੀ ਸਿਆਸੀ ਪਾਰਟੀ ਕਰੇਗੀ? ਰਾਜ ਭਾਗ ਦੇ ਇਹਨਾਂ ਹਥਿਆਰਬੰਦ ਬਲਾਂ ਦੀ ਦਬਸ਼ ਅਤੇ ਦਹਿਸ਼ਤ ਨੂੰ ਚੁਣੌਤੀ ਕੌਣ, ਕਿਹੜੀ ਤਾਕਤ/ਜਥੇਬੰਦੀ ਦੇਵੇਗੀ? ਮੌਕਾਪ੍ਰਸਤ ਸਿਆਸਤਦਾਨਾਂ, ਰਾਜਕੀ ਹਥਿਆਰਬੰਦ ਤਾਕਤਾਂ ਅਤੇ ਮਾਫੀਆ ਗੁੰਡਾ ਗਰੋਹਾਂ ਦੇ ਪਿਛਾਖੜੀ ਮੁਜਰਮਾਨਾ ਗੱਠਜੋੜ ਦੀ ਖੂੰਖਾਰ ਤਾਕਤ ਦਾ ਮੁਕਾਬਲਾ ਕਿਵੇਂ ਸੰਭਵ ਹੋਵੇਗਾ? ਕੀ ਕਾਨੂੰਨੀ ਦਾਇਰੇ ਵਿੱਚ ਵਿਚਰਦੀਆਂ ਜਨਤਕ ਜਥੇਬੰਦੀਆਂ ਦੀਆਂ ਪੁਰਅਮਨ ਘੋਲ ਸਰਗਰਮੀਆਂ ਉਪਰੋਕਤ ਸੁਆਲਾਂ ਦਾ ਜਵਾਬ ਬਣਦੀਆਂ ਹਨ? ਬਿਲਕੁੱਲ ਨਹੀਂ— ਇੱਕ ਪਾਸੇ ਦਹਾਕਿਆਂ ਤੋਂ ਪੰਜਾਬ ਅਤੇ ਮੁਲਕ ਦੇ ਮਿਹਨਤਕਸ਼ ਲੋਕ ਹਾਕਮ ਜਮਾਤਾਂ ਦੇ ਦੱਲੇ ਸਿਆਸੀ ਟੋਲਿਆਂ, ਰਾਜਕੀ ਹਥਿਆਰਬੰਦ ਬਲਾਂ ਅਤੇ ਮਾਫੀਆ ਗੁੰਡਾ ਗਰੋਹਾਂ ਦੀਆਂ ਧੋਂਸਬਾਜ਼, ਦਹਿਸ਼ਤਗਰਦ ਅਤੇ ਧਾੜਵੀ ਕਾਰਵਾਈਆਂ ਦਾ ਤਜਰਬਾ ਹੰਢਾ ਰਹੇ ਹਨ ਅਤੇ ਦੂਜੇ ਪਾਸੇ— ਜਨਤਕ ਜਥੇਬੰਦੀਆਂ ਦੀ ਅਗਵਾਈ ਹੇਠ ਆਪਣੀਆਂ ਅੰਸ਼ਿਕ ਮੰਗਾਂ ਲਈ ਲੜਦਿਆਂ ਇਹਨਾਂ ਦੇ ਸੀਮਤ ਰੋਲ ਦੀ ਹਕੀਕਤ ਨੂੰ ਉਘੜਦਿਆਂ ਦੇਖ ਇਹ ਬੁੱਝ ਰਹੇ ਹਨ ਕਿ ਪੁਰਅਮਨ ਅਤੇ ਕਾਨੂੰਨੀ ਸਰਗਰਮੀਆਂ ਦਾ ਸਾਧਨ ਬਣਦੀਆਂ ਇਹ ਜਨਤਕ ਜਥੇਬੰਦੀਆਂ ਉੱਪਰ ਜ਼ਿਕਰ ਅਧੀਨ ਪਿਛਾਖੜੀ ਗੱਠਜੋੜ ਵਿਸ਼ੇਸ਼ ਕਰਕੇ ਰਾਜ ਦੀਆਂ ਹਥਿਆਰਬੰਦ ਤਾਕਤਾਂ ਦਾ ਟਾਕਰਾ ਕਰਨ ਲਈ ਢੁਕਵਾਂ ਅਤੇ ਅਸਰਦਾਰ ਸਾਧਨ ਕਦਾਚਿੱਤ ਨਹੀਂ ਬਣ ਸਕਦੀਆਂ। ਵੱਧ ਤੋਂ ਵੱਧ ਇਹ ਇਸ ਗੱਠਜੋੜ ਦੀ ਲੁੱਟਮਾਰ ਅਤੇ ਜਬਰ-ਜ਼ੁਲਮ ਦੀਆਂ ਕਾਰਵਾਈਆਂ ਖਿਲਾਫ ਸਿਰਫ ਰੋਸ ਅਤੇ ਵਿਰੋਧ ਨੂੰ ਮੂੰਹਾਂ ਦੇਣ ਦਾ ਸੀਮਤ ਸਾਧਨ ਬਣਦੀਆਂ ਹਨ। ਇਸ ਲਈ, ਆਪਣੀ ਹੱਡੀਂ ਹੰਢਾਏ ਤਜਰਬੇ ਰਾਹੀਂ ਲੋਕ ਮਨਾਂ ਵਿੱਚ ਉਪਰੋਕਤ ਪੱਖਾਂ ਸਬੰਧੀ ਇਨਕਲਾਬੀ ਬਦਲ ਦੀ ਉੱਸਲਵੱਟੇ ਲੈ ਰਹੀ ਲੋੜ ਅਤੇ ਤਾਂਘ ਨੂੰ ਹੁੰਗਾਰਾ ਦੇਣ ਪੱਖੋਂ ਮੋਰਚੇ ਦੀ ਸਮਝ ਤੰਤਹੀਣ ਹੈ। ਇਹਨਾਂ ਪੱਖਾਂ ਸਬੰਧੀ ਇਨਕਲਾਬੀ ਬਦਲ ਮੋਰਚੇ ਦੀ ਸਮਝ ਦਾ ਹੀ ਹਿੱਸਾ ਨਹੀਂ ਹੈ। 
ਉਪਰੋਕਤ ਜ਼ਿਕਰ ਦਿਖਾਉਂਦਾ ਹੈ ਕਿ ਲੋਕ ਮੋਰਚਾ  ਪੰਜਾਬ ''ਰਾਜ ਬਦਲੋ- ਸਮਾਜ ਬਦਲੋ'' ਦੇ ਹੋਕਰੇ ਮਾਰਦਾ ਰਿਹਾ ਹੈ ਅਤੇ ਲੋਕਾਂ ਮੂਹਰੇ ਇਨਕਲਾਬੀ ਬਦਲ ਉਭਾਰਨ ਲਈ ਪ੍ਰਚਾਰ ਮੁਹਿੰਮ ਚਲਾਉਂਦਾ ਰਿਹਾ ਹੈ ਪਰ ਇਹ ਜਿੱਥੇ ਹਾਕਮ ਜਮਾਤੀ ਸਿਆਸੀ ਪਾਰਟੀਆਂ ਅਤੇ ਰਾਜਭਾਗ ਦਾ ਥੰਮ• ਬਣਦੀਆਂ ਹਥਿਆਰਬੰਦ ਤਾਕਤਾਂ ਦਾ ਸਪੱਸ਼ਟ ਬਦਲ ਉਭਾਰਨ ਤੋਂ ਟਾਲਾ ਵੱਟਦਾ ਰਿਹਾ ਹੈ, ਉੱਥੇ ਇਨਕਲਾਬੀ ਬਦਲ ਉਸਾਰੀ ਲਈ ਭੋਰਾ ਭਰ ਵੀ ਸਰਗਰਮੀ ਕਰਨ ਪੱਖੋਂ ਗੈਰ ਸਰਗਰਮ ਅਤੇ ਸਿਥਲਤਾ ਦਾ ਸ਼ਿਕਾਰ ਰਿਹਾ ਹੈ ਅਤੇ ਲੋਕਾਂ ਨੂੰ ਜਨਤਕ ਜਥੇਬੰਦੀਆਂ ਦੁਆਰਾ ਲੜੇ ਜਾਂਦੇ ਕਾਨੂੰਨੀ-ਸੁਧਾਰਵਾਦੀ ਘੋਲਾਂ ਨੂੰ ਤਕੜਾ ਕਰਨ ਦਾ ਹੋਕਾ ਦਿੰਦਾ ਰਿਹਾ ਹੈ। ਇਹਨਾਂ ਜਨਤਕ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਕਾਨੂੰਨੀ-ਸੁਧਾਰਵਾਦੀ ਵਲਗਣਾਂ ਤੱਕ ਸੀਮਤ ਘੋਲਾਂ ਨੂੰ ਹੀ ਅੱਜ ਦੀ ਹਾਲਤ ਵਿੱਚ ''ਠੋਸ ਇਨਕਲਾਬੀ ਬਦਲ'' ਦਾ ਨਾਂ ਦਿੰਦਿਆਂ, ਇਸ 'ਤੇ ਤਾਣ ਕੇਂਦਰਤ ਕਰਨ ਦਾ ਭਟਕਾਊ ਅਤੇ ਮੌਕਾਪ੍ਰਸਤ ਨਾਹਰਾ ਬੁਲੰਦ ਕਰਦਾ ਰਿਹਾ ਹੈ। ਇੱਥੇ ਨੋਟ ਕਰਨਯੋਗ ਨੁਕਤਾ ਇਹ ਹੈ ਕਿ ਅੰਸ਼ਿਕ ਮੰਗਾਂ/ਮਸਲਿਆਂ 'ਤੇ ਲੜੇ ਜਾ ਰਹੇ ਬਚਾਓਮੁਖੀ ਸੰਘਰਸ਼ ਆਪਣੀ ਥਾਂ 'ਤੇ ਠੀਕ ਹਨ, ਹਾਂ-ਪੱਖੀ ਹਨ, ਲੋਕ ਪੱਖੀ ਹਨ, ਇਹਨਾਂ ਦੀ ਅਣਸਰਦੀ ਲੋੜ ਅਤੇ ਅਹਿਮੀਅਤ ਹੈ। ਹਕੀਕੀ ਇਨਕਲਾਬੀ ਬਦਲ ਉਸਾਰੀ ਦੇ ਅਮਲ ਅੰਦਰ ਇਹਨਾਂ ਦੀ ਅਹਿਮ ਅਤੇ ਅਣਸਰਦੀ ਭੂਮਿਕਾ ਅਤੇ ਸਥਾਨ ਹੈ, ਪਰ ਇਹ ਰੋਲ ਅਤੇ ਸਥਾਨ ਸਹਾਇਕ ਹੈਸੀਅਤ ਰੱਖਦਾ ਹੈ। ਪਰ ਮੋਰਚਾ ਇਹਨਾਂ ਜਨਤਕ ਘੋਲਾਂ ਦੀ ਉਸਾਰੀ ਅਤੇ ਇਹਨਾਂ ਦਾ ਜੱਕ ਬੰਨ•ਣ ਦੇ ਅਮਲ 'ਤੇ ਹੀ ਅੱਜ ਦੀ ਹਾਲਤ ਵਿੱਚ ਉਸਰ ਰਹੇ ''ਠੋਸ ਇਨਕਲਾਬੀ ਬਦਲ'' ਦਾ ਫੱਟਾ ਲਾਉਂਦਿਆਂ, ਇਹਨਾਂ ਘੋਲਾਂ ਨੂੰ ਇਨਕਲਾਬੀ ਬਦਲ ਉਸਾਰੀ ਦਾ ਪ੍ਰਮੁੱਖ ਸਾਧਨ ਹੀ ਨਹੀਂ, ਸਗੋਂ ਇੱਕੋ ਇੱਕ ਸਾਧਨ ਕਰਾਰ ਦਿੰਦਾ ਹੈ।
ਸੋ, ਇੱਕ ਹੱਥ ''ਰਾਜ ਬਦਲੋ-ਸਮਾਜ ਬਦਲੋ'' ਦੇ ਹੋਕਰੇ ਮਾਰਨਾ, ਇਨਕਲਾਬ ਦੀਆਂ ਆਰਥਿਕ ਸਿਆਸੀ ਬਰਕਤਾਂ ਦੀ ਸੁਹਾਵਣੀ ਤਸਵੀਰ ਬੰਨ•ਣਾ ਪਰ ਦੂਜੇ ਹੱਥ ਇਸ ਪਿਛਾਖੜੀ ਰਾਜ ਨੂੰ ਬਦਲਣ ਲਈ ਸਿਰਫ ਤੇ ਸਿਰਫ ਕਾਨੂੰਨੀ ਅਤੇ ਖੁੱਲ•ੀਆਂ ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਲੜੇ ਜਾ ਰਹੇ ਸੁਧਾਰਵਾਦੀ ਘੋਲ ਉਸਾਰਨ ਅਤੇ ਉਹਨਾਂ ਦਾ ਅਖੌਤੀ ਕਿਲਾ ਉਸਾਰਨ ਨੂੰ ਹੀ ਅੱਜ ਦੀ ਹਾਲਤ ਵਿੱਚ ਉੱਸਰ ਰਿਹਾ ਇਨਕਲਾਬੀ ਬਦਲ ਬਣਾ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਇਹ ਨਿਕਲਿਆ ਕਿ ਮੋਰਚੇ ਦੀ ਕਥਨੀ ਅਤੇ ਕਰਨੀ ਵਿੱਚ ਜ਼ਮੀਨ-ਅਸਮਾਨ ਦਾ ਪਾੜਾ ਨਾ ਸਿਰਫ ਸੰਘਰਸ਼ਸ਼ੀਲ ਲੋਕਾਂ ਸਨਮੁੱਖ ਉੱਘੜਦਾ ਗਿਆ, ਸਗੋਂ ਇਸ ਪਾੜੇ ਦਾ ਅਹਿਸਾਸ ਖੁਦ ਮੋਰਚੇ ਵਿੱਚ ਸਰਗਰਮ ਹੋਏ ਕਾਰਕੁੰਨਾਂ ਵਿੱਚ ਵੀ ਪਸਰਨ ਲੱਗ ਪਿਆ। ਇਸ ਮੋਰਚੇ ਵੱਲੋਂ ਇੱਕ ਹੱਥ ਇਨਕਲਾਬੀ ਬਦਲ ਦੇ ਸਬਜ਼ਬਾਗ ਦਿਖਾਉਣਾ ਪਰ ਦੂਜੇ ਹੱਥ, ਆਪ ਗੈਰ-ਸਰਗਰਮ ਅਤੇ ਸਿਥਲ ਰਹਿੰਦਿਆਂ, ਲੋਕਾਂ ਨੂੰ ਅੰਸ਼ਿਕ ਮੰਗਾਂ/ਮਸਲਿਆਂ 'ਤੇ ਲੜੇ ਜਾਂਦੇ ਘੋਲਾਂ ਨੂੰ ਠੋਸ ਇਨਕਲਾਬੀ ''ਬਦਲ'', ''ਲੋਕਾਂ ਦਾ ਪੋਲ'' ਅਤੇ ਬਦਲ ਉਸਾਰੀ ਦਾ ਇੱਕੋ ਇੱਕ ਰਾਹ ਦੱਸਣ ਦੀ ਅਮਲਦਾਰੀ ਦਾ ਲਾਜ਼ਮੀ ਸਿੱਟਾ ਇਹ ਨਿਕਲਿਆ ਕਿ ਸੰਘਰਸ਼ਸ਼ੀਲ ਲੋਕਾਂ ਅਤੇ ਮੋਰਚੇ ਦੀਆਂ ਸਫਾਂ ਵਿੱਚ ਤਾਜ਼ਾਤਰੀਨ ਉਤਸ਼ਾਹ ਨਾਲ ਸ਼ਾਮਲ ਹੋਏ ਕਾਰਕੁਨਾਂ ਦੇ ਕਾਫੀ ਹਿੱਸੇ ਵਿੱਚ ਵੀ ਮੋਰਚੇ ਦੀ ਕਥਨੀ ਅਤੇ ਕਰਨੀ ਵਿੱਚ ਪਾੜੇ, ਇਸਦੇ ਪ੍ਰਚਾਰ ਦੇ ਫੰਡਰਪੁਣੇ ਅਤੇ ਨਿਹਫਲਤਾ ਦੀ ਹਕੀਕਤ ਸਾਹਮਣੇ ਆਉਣ ਲੱਗ ਪਈ। ਜਿਉਂ ਜਿਉਂ ਮੋਰਚੇ ਦੇ ਇਸ ਫੰਡਰ ਪ੍ਰਚਾਰ ਦੀ ਹਕੀਕਤ ਉੱਘੜਦੀ ਗਈ, ਮੋਰਚਾ ਸੰਘਰਸ਼ਸ਼ੀਲ ਲੋਕਾਂ ਵਿੱਚ ਇੱਕ ਅਣਗੌਲਿਆ ਥੜ•ਾ ਬਣ ਕੇ ਹੀ ਨਹੀਂ ਰਹਿ ਗਿਆ ਸਗੋਂ ਇਸਦੇ ਕਾਰਕੁੰਨਾਂ ਵਿੱਚ ਇਸ ਰਾਹੀਂ ਕੁੱਝ ਕਰ ਗੁਜ਼ਰਨ ਦੀਆਂ ਜਾਗੀਆਂ ਆਸਾਂ ਦਾ ਠੂਠਾ ਵੀ ਚਕਨਾਚੂਰ ਹੋ ਗਿਆ ਹੈ ਅਤੇ ਉਹਨਾਂ ਅੰਦਰ ਨਿਰਾਸ਼ਾ ਦਾ ਆਲਮ ਛਾਇਆ ਹੈ। ਇਸ ਸਭ ਕਾਸੇ ਦਾ ਨਤੀਜਾ ਇਹ ਨਿਕਲਿਆ ਹੈ ਕਿ ਪਹਿਲਾਂ ਮੋਰਚੇ ਦੀਆਂ 14 ਇਕਾਈਆਂ ਸਨ। ਇਸਦੀ ਕੁੱਲ ਮੈਂਬਰਸ਼ਿੱਪ ਵੀ ਕਈ ਸੈਂਕੜੇ ਸੀ। ਪਰ ਇਸਦੇ ਪ੍ਰਚਾਰ ਦੇ ਫੰਡਰਪੁਣੇ ਦੀ ਹਕੀਕਤ ਦੇ ਨੰਗਾ ਹੋਣ ਦੇ ਅਮਲ ਦੇ ਨਾਲੋ ਨਾਲ ਇਸਦੀ ਮੈਂਬਰਸ਼ਿੱਪ ਅਤੇ ਕਾਰਕੁਨਾਂ ਦਾ ਘੇਰਾ ਸੁੰਗੜਦਾ ਗਿਆ ਅਤੇ 2010 ਵਿੱਚ ਆ ਕੇ ਇਹ ਪੰਜ ਇਕਾਈਆਂ ਤੱਕ ਸੀਮਤ ਹੋ ਗਿਆ। ਇਸਦੀ ਕੁੱਲ ਮੈਂਬਰਸ਼ਿੱਪ ਬੁਰੀ ਤਰ•ਾਂ ਸੁੰਗੜ ਗਈ। ਅਖੀਰ ਵਿਅਕਤੀ-ਆਧਾਰਤ ਮੈਂਬਰਸ਼ਿੱਪ ਕੱਟਣ ਦਾ ਕੰਮ ਤਿਆਗ ਦਿੱਤਾ ਗਿਆ। ਹੌਲੀ ਹੌਲੀ ਇਸਦਾ ਪਰਚਾ ''ਮੁਕਤੀ ਮਾਰਗ'' ਦਮ ਤੋੜ ਗਿਆ। ਇਸਦਾ ਜਨਰਲ ਸਕੱਤਰ ਅਮੋਲਕ ਸਿੰਘ ਲੋਕ ਮੋਰਚੇ ਦੀ ਡੁੱਬਦੀ ਬੇੜੀ ਦੇ ਚੱਪੂ ਨੂੰ ਛੱਡ ਕੇ ਮੁੜ ਪਲਸ ਮੰਚ ਦੀ ਉਸੇ ਬੇੜੀ 'ਤੇ ਸਵਾਰ ਹੋ ਗਿਆ, ਜਿਸ ਤੋਂ ਉਸਨੇ 15-16 ਸਾਲ ਪਹਿਲਾਂ ਉੱਤਰ ਕੇ ਮੋਰਚੇ ਦੀ ਬੇੜੀ ਦਾ ਚੱਪੂ ਸੰਭਾਲਿਆ ਸੀ। 
ਅੱਜ ਮੋਰਚਾ ਬੁਰੀ ਤਰ•ਾਂ ਖਿੰਡ ਚੁੱਕਿਆ ਅਤੇ ਸੁੰਗੜਿਆ ਹੋਇਆ ਨਾਮ-ਨਿਹਾਦ ਥੜ•ਾ ਬਣ ਕੇ ਰਹਿ ਗਿਆ ਹੈ। ਇਸਦੀ ਇੱਕ ਅੱਧ ਇਕਾਈ ਖਾਨਾਪੂਰਤੀ ਵਾਲੀਆਂ ਸਰਗਰਮੀਆਂ ਕਰਦੀ ਹੈ। ਸੂਬਾ ਪੱਧਰ 'ਤੇ ਇਹ ਸਿਰਫ ਆਪਣੀ ਹੋਂਦ ਦਾ ਭਰਮ ਬਣਾ ਕੇ ਰੱਖਣ ਦੀ ਕੋਸ਼ਿਸ਼ ਵਜੋਂ ਕਦੇ-ਕਦਾਈਂ ਲੀਫਲੈਟ ਜਾਂ ਕੋਈ ਲਿਖਤ ਜਾਰੀ ਕਰਕੇ ਹਾਜ਼ਰੀ ਲਵਾਉਂਦਾ ਹੈ। ਮੋਰਚੇ ਦਾ 1995 ਵਿੱਚ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਦੇ 20-21 ਸਾਲਾਂ ਦਾ ਤਜਰਬਾ ਇਸ ਮਾਰਕਸੀ ਸੱਚ ਦੀ ਪੁਸ਼ਟੀ ਕਰਦਾ ਹੈ ਕਿ ਜਿਸ ਜਥੇਬੰਦੀ ਦੀ ਕਥਨੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਪਾੜਾ ਹੋਵੇ, ਜਿਹੜੀ ਪ੍ਰਚਾਰ ਤਾਂ ਰਾਜਭਾਗ ਨੂੰ ਉਲਟਾਉਣ ਦਾ ਕਰਦੀ ਹੋਵੇ ਪਰ ਆਪ ਡੱਕਾ ਦੂਹਰਾ ਨਾ ਕਰਦੀ ਹੋਵੇ ਅਤੇ ਰਾਜਭਾਗ ਉਲਟਾਉਣ ਲਈ ਉਸਦੇ ਹਕੀਕੀ ਸੰਦ-ਸਾਧਨ ਉਸਾਰਨ ਦੇ ਰਾਹ ਤੋਂ ਲੋਕਾਂ ਦਾ ਧਿਆਨ ਭਟਕਾਉਂਦੀ ਹੋਵੇ, ਉਸ ਜੱਥੇਬੰਦੀ ਵੱਲੋਂ ਇਨਕਾਲਬੀ ਬਦਲ ਉਭਾਰਨ ਲਈ ਕੀਤਾ ਜਾ ਰਿਹਾ ਪ੍ਰਚਾਰ ਮਹਿਜ਼ ਫੰਡਰ ਪ੍ਰਚਾਰ ਹੈ ਅਤੇ ਮਹਿਜ਼ ਕਾਨੂੰਨੀ ਵਲੱਗਣਾਂ ਤੱਕ ਸੀਮਤ ਅੰਸ਼ਿਕ ਜਨਤਕ ਘੋਲਾਂ ਨੂੰ ਫੰਡਰ ਇਨਕਲਾਬੀ ਲਫਾਜ਼ੀ ਵਿੱਚ ਲਪੇਟ ਕੇ ਠੋਸ ਇਨਕਲਾਬੀ ਬਦਲ ਵਜੋਂ ਪੇਸ਼ ਕਰਦਿਆਂ, ਲੋਕਾਂ ਦੀ ਸੁਰਤੀ ਨੂੰ ਹਕੀਕੀ ਇਨਕਲਾਬੀ ਬਦਲ ਦੇ ਰਾਹ ਤੋਂ ਭਟਕਾਉਣ ਲਈ ਕੀਤਾ ਜਾਣ ਵਾਲਾ ਪ੍ਰਚਾਰ ਹੈ। 

No comments:

Post a Comment