Saturday, 4 March 2017

ਮਹਾਨ ਲੈਨਿਨ ਦੇ ਜਨਮ-ਦਿਨ (22 ਅਪ੍ਰੈਲ) 'ਤੇ

ਮਹਾਨ ਲੈਨਿਨ ਦੇ ਜਨਮ-ਦਿਨ (22 ਅਪ੍ਰੈਲ) 'ਤੇ ਉਨ•ਾਂ ਨੂੰ ਯਾਦ ਕਰਦੇ ਹੋਏ
ਕਮਿਊਨਿਸਟ ਪਾਰਟੀ ਢਾਂਚੇ ਤੇ ਜਮਹੂਰੀ ਕੇਂਦਰਵਾਦ ਦੇ ਵਰਤਾਰੇ 'ਚ ਕਾਂਗਰਸ ਦੀ ਸਿਰਮੌਰ ਹੈਸੀਅਤ

-ਸਮਰ
ਸਾਥੀ ਵਲਾਦੀਮੀਰ ਇਲੀਅਚ ਲੈਨਿਨ ਸੰਸਾਰ ਪ੍ਰੋਲੇਤਾਰੀਏ ਦੇ ਮਹਾਨ ਉਸਤਾਦ ਅਤੇ ਰਹਿਬਰ ਸਨ। ਉਹਨਾਂ ਵੱਲੋਂ ਨਾ ਸਿਰਫ ਸੰਸਾਰ ਇਤਿਹਾਸ ਅੰਦਰ ਤਰਥੱਲਪਾਊ ਅਤੇ ਯੁੱਗ-ਪਲਟਾਊ ਰੂਸੀ ਅਕਤੂਬਰ ਇਨਕਲਾਬ ਦੀ ਅਗਵਾਈ ਕੀਤੀ ਗਈ, ਸਗੋਂ ਕੌਮਾਂਤਰੀ ਪ੍ਰੋਲੇਤਾਰੀਏ ਅਤੇ ਬਸਤੀਵਾਦੀ ਜੂਲੇ ਤੋਂ ਮੁਕਤੀ ਲਈ ਉੱਠ ਰਹੀਆਂ ਅਤੇ ਅੰਗੜਾਈ ਭਰ ਰਹੀਆਂ ਕੌਮੀ ਮੁਕਤੀ ਲਹਿਰਾਂ ਦੀ ਵੀ ਅਗਵਾਈ ਕੀਤੀ ਗਈ। ਰੂਸ ਦੇ ਅਕਤੂਬਰ ਇਨਕਲਾਬ, ਪੂੰਜੀਵਾਦੀ ਮੁਲਕਾਂ ਦੀ ਮਜ਼ਦੂਰ ਲਹਿਰ ਅਤੇ ਦੱਬੇ-ਕੁਚਲੇ ਮੁਲਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਦੀਆਂ ਤਰਥੱਲੀਆਂ ਦੌਰਾਨ ਉਹਨਾਂ ਵੱਲੋਂ ਮਾਰਕਸਵਾਦ ਦੇ ਵਿਗਿਆਨਕ ਸਿਧਾਂਤਕ ਖਜ਼ਾਨੇ ਵਿੱਚ ਸਿਫਤੀ ਵਾਧਾ ਕੀਤਾ ਗਿਆ, ਯਾਨੀ ਮਾਰਕਸਵਾਦ ਦਾ ''ਸਾਮਰਾਜ ਅਤੇ ਪ੍ਰੋਲੇਤਾਰੀ ਇਨਕਲਾਬਾਂ ਦੇ ਯੁੱਗ'' ਦੀਆਂ ਠੋਸ ਹਾਲਤਾਂ ਨਾਲ ਸੰਜੋਗ ਕਰਦਿਆਂ, ਇਸ ਨੂੰ ਲੈਨਿਨਵਾਦ ਤੱਕ ਵਿਕਸਤ ਕੀਤਾ ਗਿਆ। ਸਿੱਟੇ ਵਜੋਂ, ਪ੍ਰੋਲੇਤਾਰੀਏ ਦਾ ਇਹ ਸਿਧਾਂਤਕ-ਵਿਚਾਰਧਾਰਕ ਖਜ਼ਾਨਾ ਮਾਰਕਸਵਾਦ ਤੋਂ ਮਾਰਕਸਵਾਦ-ਲੈਨਿਨਵਾਦ ਬਣ ਗਿਆ। 
ਮਜ਼ਦੂਰ ਜਮਾਤ ਦੇ ਮੂਹਰੈਲ ਦਸਤੇ— ਕਮਿਊਨਿਸਟ ਪਾਰਟੀ— ਦਾ ਸੰਕਲਪ ਅਤੇ ਸਰੂਪ ਲੈਨਿਨਵਾਦ ਦੇ ਸਿਧਾਂਤਕ ਜਖ਼ੀਰੇ ਦਾ ਇੱਕ ਅੰਗ ਹੈ। ਲੈਨਿਨ ਵੱਲੋਂ ਮਾਰਕਸ ਅਤੇ ਐਂਗਲਜ਼ ਵੱਲੋਂ ਸੰਕਲਪੀ ਕਮਿਊਨਿਸਟ ਪਾਰਟੀ ਬਾਰੇ ਸਮਝ ਨੂੰ ''ਸਾਮਰਾਜਵਾਦ ਅਤੇ ਪ੍ਰੋਲੇਤਾਰੀ ਇਨਕਲਾਬਾਂ ਦੇ ਯੁੱਗ'' ਦੀਆਂ ਠੋਸ ਹਾਲਤਾਂ 'ਤੇ ਢੁਕਾਉਂਦਿਆਂ, ਕਮਿਊਨਿਸਟ ਪਾਰਟੀ ਦੇ ਸੰਕਲਪ ਨੂੰ ਹੋਰ ਨਿਖਾਰਿਆ ਅਤੇ ਵਿਕਸਤ ਕੀਤਾ ਗਿਆ ਅਤੇ ਕਮਿਊਨਿਸਟ ਪਾਰਟੀ ਨੂੰ ਇਹਨਾਂ ਹਾਲਤਾਂ ਅਨੁਸਾਰ ਤਰਾਸ਼ਿਆ, ਢਾਲਿਆ ਅਤੇ ਸਰੂਪਿਆ ਗਿਆ। ਕਮਿਊਨਿਸਟ ਪਾਰਟੀ ਦੇ ਇਸ ਨਵੇਂ ਸਰੂਪ ਨੂੰ ਬਾਲਸ਼ਵਿਕ ਪਾਰਟੀ ਦਾ ਨਾਂ ਦਿੱਤਾ ਗਿਆ। ਬਾਲਸ਼ਵਿਕ ਪਾਰਟੀ ਦਾ ਮਤਲਬ ਹੈ— ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ, ਜਮਹੁਰੀ ਕੇਂਦਰਵਾਦ ਅਨੁਸਾਰ ਚੱਲਦੀ, ਪੜਚੋਲ-ਆਪਾ ਪੜਚੋਲ 'ਤੇ ਸੁਹਿਰਦਤਾ ਨਾਲ ਅਮਲ ਕਰਦੀ ਅਤੇ ਲੋਕਾਂ ਨਾਲ ਨੇੜਿਉਂ ਜੁੜੀ ਹੋਈ ਪਾਰਟੀ। 
''ਅਸਲ ਪਾਰਟੀ ਏਕਤਾ ਦੀ ਸਥਾਪਤੀ ਅਤੇ ਇਸ ਏਕਤਾ ਵਿੱਚ ਸਮਾਂ ਵਿਹਾਅ ਚੁੱਕੇ ਮੰਡਲਾਂ ਦੇ ਸਮੋ ਜਾਣ ਕਰਕੇ ਪਾਰਟੀ ਦੀ ਸਰਵ-ਉੱਚ ਜਥੇਬੰਦੀ ਵਜੋਂ ਇਹ ਸਿਖਰ ਅਟੱਲ ਤੌਰ ਉੱਤੇ ਪਾਰਟੀ ਕਾਂਗਰਸ  ਹੈ; ਜਿੱਥੋਂ ਤੱਕ ਸੰਭਵ ਹੋ ਸਕੇ, ਕਾਂਗਰਸ ਵਿੱਚ ਸਾਰੀਆਂ ਹੀ ਸਰਗਰਮ ਜਥੇਬੰਦੀਆਂ ਦੇ ਪ੍ਰਤੀਨਿੱਧ ਸ਼ਾਮਲ ਹੁੰਦੇ ਹਨ, ਅਤੇ ਕਾਂਗਰਸ ਕੇਂਦਰੀ ਸੰਸਥਾਵਾਂ ਸਥਾਪਤ ਕਰਕੇ, ਉਹਨਾਂ ਨੂੰ ਅਗਲੀ ਕਾਂਗਰਸ ਤੱਕ ਸਿਖਰ ਬਣਾ ਦਿੰਦੀ ਹੈ।'' (ਚੋਣਵੀਂ ਰਚਨਾ ਗ੍ਰੰਥ-1, ਸਫਾ-304, ਪੰਜਾਬੀ ਐਡੀਸ਼ਨ ਨਵ-ਯੁੱਗ ਪਬਲਿਸ਼ਰਜ਼, ਨਵੀਂ ਦਿੱਲੀ)
ਜਮਹੂਰੀ ਕੇਂਦਰਵਾਦ ਪਾਰਟੀ ਜੀਵਨ ਨੂੰ ਸੰਚਾਲਤ ਕਰਨ ਵਾਲੇ ਦੂਸਰੇ ਦੋ ਬੁਨਿਆਦੀ ਨਿਯਮਾਂ/ਅਸੂਲਾਂ— ਪੜਚੋਲ ਆਪਾ-ਪੜਚੋਲ ਅਤੇ ਜਨਤਕ ਲੀਹ- ਸਮੇਤ ਪਾਰਟੀ ਜੀਵਨ ਵਿੱਚ ਬੁਨਿਆਦੀ ਅਹਿਮੀਅਤ ਰੱਖਦਾ ਅਸੂਲ ਹੈ। ਜਮਹੂਰੀ ਕੇਂਦਰਵਾਦ ਦਾ ਮਤਲਬ ਹੈ— ਜਮਹੂਰੀਅਤ 'ਤੇ ਟਿਕਿਆ ਹੋਇਆ ਕੇਂਦਰਵਾਦ ਅਤੇ ਕੇਂਦਰਵਾਦ ਅਧੀਨ ਜਮਹੂਰੀਅਤ। ਮਾਓ-ਜ਼ੇ-ਤੁੰਗ ਵੱਲੋਂ ਇਸ ਬਾਰੇ ਸਮਝ ਨੂੰ ਹੋਰ ਨਿਖਾਰਦਿਆਂ ਅਤੇ ਵਿਕਸਤ ਕਰਦਿਆਂ, ਇਉਂ ਪੇਸ਼ ਕੀਤਾ ਗਿਆ, ''ਜਮਹੂਰੀਅਤ ਤੋਂ ਬਗੈਰ ਕੋਈ ਦਰੁਸਤ ਕੇਂਦਰਵਾਦ ਨਹੀਂ ਹੋ ਸਕਦਾ। ਕਿਉਂਕਿ ਲੋਕਾਂ ਵਿੱਚ ਵਿਚਾਰਾਂ ਦੇ ਮੱਤਭੇਦ ਮੌਜੂਦ ਹਨ ਅਤੇ ਜੇਕਰ ਮੁੱਦਿਆਂ ਸਬੰਧੀ ਸਮਝ ਦੀ ਇੱਕਮੱਤਤਾ ਨਹੀਂ ਹੈ ਤਾਂ ਕੇਂਦਰਵਾਦ ਸਥਾਪਤ ਨਹੀਂ ਕੀਤਾ ਜਾ ਸਕਦਾ। ਕੇਂਦਰਵਾਦ ਕੀ ਹੈ? ਪਹਿਲਪ੍ਰਿਥਮੇ— ਇਹ ਦਰੁਸਤ ਵਿਚਾਰਾਂ ਦਾ ਕੇਂਦਰੀਕਰਨ ਕਰਨਾ ਹੈ, ਜਿਸਦੇ ਆਧਾਰ 'ਤੇ ਸਮਝ, ਨੀਤੀ,ਵਿਉਂਤ, ਅਗਵਾਈ ਅਤੇ ਕਾਰਵਾਈ ਦੀ ਏਕਤਾ ਹਾਸਲ ਕੀਤੀ ਜਾਂਦੀ ਹੈ। ਇਸ ਨੂੰ ਕੇਂਦਰੀਕ੍ਰਿਤ ਏਕਤਾ ਕਿਹਾ ਜਾਂਦਾ ਹੈ। ਜੇਕਰ ਲੋਕ ਹਾਲੀਂ ਵੀ ਸਮੱਸਿਆਵਾਂ ਨੂੰ ਨਹੀਂ ਸਮਝਦੇ, ਜੇ ਉਹਨਾਂ ਦੇ ਮਨ ਵਿੱਚ ਵਿਚਾਰ ਮੌਜੂਦ ਹਨ ਪਰ ਉਹ ਉਹਨਾਂ ਦਾ ਇਜ਼ਹਾਰ ਨਹੀਂ ਕਰਦੇ, ਜਾਂ ਜੇ ਉਹਨਾਂ ਅੰਦਰ ਗੁੱਸਾ ਹੈ ਪਰ ਉਹ ਆਪਣੇ ਗੁੱਸੇ ਨੂੰ ਬਾਹਰ ਨਹੀਂ ਕੱਢਦੇ ਤਾਂ ਕੇਂਦਰੀਕ੍ਰਿਤ ਏਕਤਾ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ। ਜੇ ਜਮਹੂਰੀਅਤ ਨਹੀਂ ਹੈ, ਤਾਂ ਸਾਡੇ ਲਈ ਤਜਰਬੇ ਦਾ ਦਰੁਸਤ ਢੰਗ ਨਾਲ ਲੇਖਾ-ਜੋਖਾ ਕਰਨਾ ਮੁਮਕਿਨ ਨਹੀਂ ਹੋ ਸਕਦਾ। ਜੇ ਜਮਹੂਰੀਅਤ ਨਹੀਂ ਹੈ, ਜੇ ਜਨਤਾ ਵੱਲੋਂ ਵਿਚਾਰ ਨਹੀਂ ਆ ਰਹੇ ਤਾਂ ਇੱਕ ਦਰੁਸਤ ਲੀਹ, ਦਰੁਸਤ ਆਮ ਅਤੇ ਵਿਸ਼ੇਸ਼ ਨੀਤੀਆਂ ਅਤੇ ਵਿਧੀ-ਵਿਧਾਨ ਨੂੰ ਸਥਾਪਤ ਕਰਨਾ ਨਾ-ਮੁਮਕਿਨ ਹੈ। ..ਜਮਹੂਰੀਅਤ ਤੋਂ ਬਿਨਾ ਤੁਹਾਨੂੰ ਇਸ ਗੱਲ ਦਾ ਬੋਧ ਨਹੀਂ ਹੋ ਸਕਦਾ ਕਿ ਹੇਠ ਕੀ ਵਾਪਰ ਰਿਹਾ ਹੈ। ਹਾਲਤ ਅਸਪੱਸ਼ਟ ਹੋਵੇਗੀ। ਤੁਸੀਂ ਸਭਨਾਂ ਪਾਸਿਆਂ ਤੋਂ ਲੋੜੀਂਦੀਆਂ ਰਾਵਾਂ ਇਕੱਠੀਆਂ ਕਰਨ ਦੇ ਯੋਗ ਨਹੀਂ ਹੋਵੋਗੇ। ਚੋਟੀ ਲੀਡਰਸ਼ਿੱਪ ਅਤੇ ਹੇਠਲੀਆਂ ਸਫਾਂ ਦਰਮਿਆਨ ਆਦਾਨ-ਪ੍ਰਦਾਨ ਨਹੀਂ ਹੋ ਸਕੇਗਾ। ਲੀਡਰਸ਼ਿੱਪ ਦੇ ਸਿਖਰਲੇ ਪੱਧਰ ਦੇ ਅਦਾਰੇ ਵੱਖ ਵੱਖ ਮੁੱਦਿਆਂ ਸਬੰਧੀ ਨਿਰਣਾ ਕਰਦਿਆਂ, ਇੱਕਪਾਸੜ ਅਤੇ ਗਲਤ ਸਮੱਗਰੀ 'ਤੇ ਨਿਰਭਰ ਕਰਨਗੇ। ਇਸ ਲਈ, ਤੁਹਾਡੇ ਲਈ ਅੰਤਰਮੁਖਤਾ ਤੋਂ ਬਚਾਅ ਕਰਨਾ ਮੁਸ਼ਕਲ ਹੋ ਜਾਵੇਗਾ। ਸਮਝ ਦੀ ਏਕਤਾ ਅਤੇ ਅਮਲ ਦੀ ਏਕਤਾ ਹਾਸਲ ਕਰਨੀ ਨਾ-ਮੁਮਕਿਨ ਬਣ ਜਾਵੇਗੀ। ..ਜੇ ਅਸੀਂ ਜਮਹੂਰੀਅਤ ਪੂਰੀ ਤਰ•ਾਂ ਪ੍ਰਫੁੱਲਤ ਕਰਨ ਵਿੱਚ ਨਾਕਾਮ ਰਹਿੰਦੇ ਹਾਂ ਤਾਂ ਕੀ ਇਹ ਕੇਂਦਰਵਾਦ ਅਤੇ ਇਹ ਏਕਤਾ ਅਸਲੀ ਹੋਵੇਗੀ ਜਾਂ ਨਕਲੀ? ਕੀ ਇਹ ਹਕੀਕੀ ਹੋਵੇਗੀ ਜਾਂ ਥੋਥੀ? ਕੀ ਇਹ ਦਰੁਸਤ ਹੋਵੇਗੀ ਜਾਂ ਗਲਤ? ਬਿਨਾ ਸ਼ੱਕ, ਇਹ ਲਾਜ਼ਮੀ ਹੀ ਨਕਲੀ, ਥੋਥੀ ਅਤੇ ਗਲਤ ਹੋਵੇਗੀ..।'' (ਵਧਵੀਂ-ਕੇਂਦਰੀ ਵਰਕ ਕਾਨਫਰੰਸ 'ਚ ਗੱਲਬਾਤ, 30 ਜਨਵਰੀ 1962)
''ਅਸੀਂ ਮਜ਼ਦੂਰ ਪਾਰਟੀ ਦੀਆਂ ਸਫਾਂ ਵਿਚ ਅਨੇਕਾਂ ਵਾਰੀ, ਅਸੂਲੀ ਤੌਰ 'ਤੇ, ਜਬਤ ਦੀ ਮਹੱਤਤਾ ਬਾਰੇ ਅਤੇ ਜਬਤ ਦੇ ਸੰਕਲਪ ਬਾਰੇ ਆਪਣੇ ਵਿਚਾਰਾਂ ਦੀ ਵਿਆਖਿਆ ਕੀਤੀ ਹੈ। ਅਸੀਂ ਇਸ ਨੂੰ ਇਉਂ ਪ੍ਰਭਾਸ਼ਿਤ ਕੀਤਾ ਸੀ- ਇੱਕਜੁੱਟ ਕਾਰਵਾਈ, ਬਹਿਸ-ਵਿਚਾਰ ਅਤੇ ਨੁਕਤਾਚੀਨੀ ਦੀ ਅਜ਼ਾਦੀ। 
ਸਿੱਟੇ ਵਜੋਂ ਬਹਿਸ-ਵਿਚਾਰ ਅਤੇ ਨੁਕਤਾਚੀਨੀ ਦੀ ਅਜ਼ਾਦੀ ਤੋਂ ਬਗੈਰ ਪ੍ਰੋਲੇਤਾਰੀ ਇੱਕਜੁੱਟ ਕਾਰਵਾਈ ਨੂੰ ਪ੍ਰਵਾਨ ਨਹੀਂ ਕਰਦਾ।'' (ਲੈਨਿਨ, ਜਥੇਬੰਦੀ ਬਾਰੇ)
ਚੀਨੀ ਕਮਿਊਨਿਸਟ ਪਾਰਟੀ ਵੱਲੋਂ ਨਵ-ਜਮਹੂਰੀ ਇਨਕਲਾਬ ਨੇਪਰੇ ਚਾੜ•ਨ ਤੋਂ ਬਾਅਦ ਜਮਹੂਰੀ ਕੇਂਦਰਵਾਦ ਨੂੰ ਨਵੇਂ ਰਾਜ-ਭਾਗ ਦਾ ਬੁਨਿਆਦੀ ਜਥੇਬੰਦਕ ਅਸੂਲ ਬਣਾਇਆ ਗਿਆ। ਮਾਓ-ਜ਼ੇ-ਤੁੰਗ ਵੱਲੋਂ ਕਿਹਾ ਗਿਆ, ''ਨਵ-ਜਮਹੂਰੀ ਰਾਜ ਦਾ ਜਥੇਬੰਦਕ ਅਸੂਲ ਜਮਹੂਰੀ ਕੇਂਦਰਵਾਦ ਹੋਣਾ ਚਾਹੀਦਾ ਹੈ, ਜਿਸ ਵਿੱਚ ਲੋਕ ਕਾਂਗਰਸ ਵੱਲੋਂ ਪ੍ਰਮੁੱਖ ਨੀਤੀਆਂ ਤਹਿ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਵੱਖ ਵੱਖ ਪੱਧਰਾਂ 'ਤੇ ਹਕੂਮਤਾਂ ਦੀ ਚੋਣ ਕਰਨੀ ਚਾਹੀਦੀ ਹੈ। ਇਹ ਇੱਕੋ ਸਮੇਂ ਜਮਹੂਰੀ ਵੀ ਹੈ ਅਤੇ ਕੇਂਦਰੀਕ੍ਰਿਤ ਵੀ ਯਾਨੀ ਜਮਹੂਰੀਅਤ 'ਤੇ ਆਧਾਰਤ ਕੇਂਦਰੀਕ੍ਰਿਤ ਅਤੇ ਕੇਂਦਰੀਕ੍ਰਿਤ ਅਗਵਾਈ ਹੇਠ ਜਮਹੂਰੀਅਤ। ਇਹ ਇੱਕੋ ਇੱਕ ਤਰੀਕਾਕਾਰ ਹੈ, ਜਿਹੜਾ ਸਭਨਾਂ ਪੱਧਰਾਂ 'ਤੇ ਲੋਕ ਕਾਂਗਰਸਾਂ ਨੂੰ ਮੁਕੰਮਲ ਤਾਕਤਾਂ ਸੌਂਪਦਿਆਂ ਜਮਹੂਰੀਅਤ ਦਾ ਭਰ ਜੋਬਨ ਇਜ਼ਹਾਰ ਬਣ ਸਕਦਾ ਹੈ ਅਤੇ ਨਾਲ ਹੀ ਹਰ ਪੱਧਰ 'ਤੇ ਕੇਂਦਰੀਕ੍ਰਿਤ ਪ੍ਰਸਾਸ਼ਨ ਦੀ ਜਾਮਨੀ ਕਰ ਸਕਦਾ ਹੈ....।'' (ਗ੍ਰੰਥ-3, ਸਫਾ 280)
ਉਪਰੋਕਤ ਹਵਾਲੇ ਦਰਸਾਉਂਦੇ ਹਨ ਕਿ ਜਮਹੂਰੀ ਕੇਂਦਰਵਾਦ ''ਵਿਚਾਰਾਂ ਅਤੇ ਅਮਲ ਦੀ ਏਕਤਾ'' ਹਾਸਲ ਕਰਨ ਦਾ ਇੱਕ ਬੁਨਿਆਦੀ ਅਤੇ ਅਣਸਰਦਾ ਜ਼ਰੀਆ ਹੈ। ਪਾਰਟੀ ਵੱਲੋਂ ਸਮੁੱਚੀਆਂ ਸਫਾਂ ਨੂੰ ਇੱਕਜੁੱਟ ਅਤੇ ਅਸਰਦਾਰ ਅਭਿਆਸ ਕਰਨ ਵਿੱਚ ਝੋਕਣ ਦਾ ਆਧਾਰ ਪਾਰਟੀ ਅੰਦਰ ਵਿਚਾਰਾਂ ਦੀ ਏਕਤਾ ਦਾ ਲਾਜ਼ਮੀ ਹੋਣਾ ਬਣਦਾ ਹੈ। ਇਹ ਵਿਚਾਰਾਂ ਦੀ ਏਕਤਾ ਲਾਜ਼ਮੀ ਹੈ, ਸ਼ਰਤੀਆ ਹੈ। ਵਿਚਾਰਾਂ ਦੀ ਏਕਤਾ ਤੋਂ ਬਗੈਰ ਪਾਰਟੀ ਅੰਦਰ ਕੇਂਦਰੀਕ੍ਰਿਤ ਅਗਵਾਈ ਨਹੀਂ ਸਿਰਜੀ ਜਾ ਸਕਦੀ ਅਤੇ ਕੇਂਦਰੀਕ੍ਰਿਤ ਅਗਵਾਈ ਤੋਂ ਬਗੈਰ ਪਾਰਟੀ ਸਫਾਂ ਨੂੰ ਇੱਕਜੁੱਟ ਅਮਲ ਅੰਦਰ ਨਹੀਂ ਝੋਕਿਆ ਜਾ ਸਕਦਾ। ਇਸ ਲਈ, ਸਭ ਤੋਂ ਪਹਿਲਾਂ ਪਾਰਟੀ ਕਾਂਗਰਸ (ਕਾਨਫਰੰਸ) ਰਾਹੀਂ ਪਾਰਟੀ ਦੀ ਵਿਚਾਰਧਾਰਕ, ਸਿਆਸੀ, ਫੌਜੀ ਅਤੇ ਜਥੇਬੰਦਕ ਲੀਹ ਤਹਿ ਕੀਤੀ ਜਾਂਦੀ ਹੈ। ਲੀਹ ਨੂੰ ਤਹਿ ਕਰਨ ਦੇ ਅਮਲ ਅੰਦਰ ਸਮੁੱਚੀਆਂ ਪਾਰਟੀ ਸਫਾਂ ਨੂੰ ਵਿਚਾਰ-ਵਟਾਂਦਰੇ ਅਤੇ ਬਹਿਸ-ਵਿਚਾਰ ਦੇ ਅਮਲ ਵਿੱਚ ਪਾਇਆ ਜਾਂਦਾ ਹੈ ਅਤੇ ਇਸਨੂੰ ਪਾਰਟੀ ਦੇ ਸਰਬ-ਉੱਚ ਆਗੂ ਅਦਾਰੇ ਕੇਂਦਰੀ ਕਾਂਗਰਸ ਵੱਲੋਂ ਸਮੇਟਿਆ ਜਾਂਦਾ ਹੈ। ਕੇਂਦਰੀ ਕਾਨਫਰੰਸ ਵੱਲੋਂ ਪਾਰਟੀ ਲੀਹ ਸਬੰਧੀ ਦਸਤਾਵੇਜ਼ਾਂ ਨੂੰ ਅੰਤਿਮ ਸ਼ਕਲ ਦਿੱਤੀ ਜਾਂਦੀ ਹੈ ਅਤੇ ਕੇਂਦਰੀ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ। ਇਉਂ, ਇੱਕ ਵਾਰ ਕਾਂਗਰਸ ਰਾਹੀਂ ਪ੍ਰਵਾਨਤ ਲੀਹ ਦੀ ਸ਼ਕਲ ਵਿੱਚ ਵਿਚਾਰਾਂ ਦੀ ਏਕਤਾ ਹਾਸਲ ਕੀਤੀ ਜਾਂਦੀ ਹੈ, ਜਿਹੜੀ ਅੱਗੇ ਪਾਰਟੀ ਸਫਾਂ ਦੇ ਇੱਕਜੁੱਟ ਅਮਲ (ਅਮਲ ਦੀ ਏਕਤਾ) ਰਾਹੀਂ ਸਾਹਮਣੇ ਆਉਂਦੀ ਹੈ। ਕਿਉਂਕਿ ਵਿਚਾਰਾਂ ਦੀ ਏਕਤਾ— ਲੀਹ ਅਤੇ ਲੀਡਰਸ਼ਿੱਪ— ਉੱਪਰੋਂ ਠੋਸੀ ਨਹੀਂ ਜਾਂਦੀ, ਸਗੋਂ ਇਹ ਸਮੂਹ ਪਾਰਟੀ ਸਫਾਂ ਦੀ ਜਮਹੂਰੀ ਰਜ਼ਾ ਅਤੇ ਲਿਆਕਤ ਨੂੰ ਹਰਕਤ ਵਿੱਚ ਲਿਆ ਕੇ ਹਾਸਲ ਕੀਤੀ ਜਾਂਦੀ ਹੈ ਅਤੇ ਇਹ ਪਾਰਟੀ ਸਫਾਂ ਦੀ ਸਮੂਹਿਕ ਰਜ਼ਾ ਤੇ ਲਿਆਕਤ ਦਾ ਹੀ ਮੁਜੱਸਮਾ ਹੁੰਦੀ ਹੈ। ਇਸ ਲਈ, ਸਮੂਹ ਪਾਰਟੀ ਸਫਾਂ ਵੱਲੋਂ ''ਅਮਲ ਦੀ ਏਕਤਾ'' ਸਾਕਾਰ ਕਰਨ ਲਈ ਹਰਕਤਸ਼ੀਲ ਹੋਣ ਦੀ ਲੋੜ ਤੇ ਬੰਧੇਜ਼ ਉੱਪਰੋਂ ਜਬਰੀ ਠੋਸੇ ਹੋਏ ਨਹੀਂ ਹੁੰਦੇ, ਸਗੋਂ ਇਹ ਸਵੈ-ਇੱਛਤ ਹੁੰਦੇ ਹਨ ਅਤੇ ਸਫਾਂ ਵੱਲੋਂ ਆਪਣੀ ਰਜ਼ਾ ਅਤੇ ਸੂਝ-ਬੂਝ ਦੀ ਵਰਤੋਂ ਕਰਦਿਆਂ, ਖੁਦ ਤਹਿ ਕੀਤੇ ਹੁੰਦੇ ਹਨ। ਕੇਂਦਰੀ ਲੀਡਰਸ਼ਿੱਪ ਵੀ ਕਾਂਗਰਸ ਵੱਲੋਂ ਚੁਣੀ ਜਾਂਦੀ ਹੈ ਯਾਨੀ ਕਾਂਗਰਸ ਵੱਲੋਂ ਹੀ ਹਾਸਲ ਕੀਤੀ ''ਵਿਚਾਰਾਂ ਦੀ ਏਕਤਾ'' ਨੂੰ ''ਅਮਲ ਦੀ ਏਕਤਾ'' ਵਿੱਚ ਢਾਲਣ ਦੀ ਮੋਹਰੀ ਜੁੰਮੇਵਾਰੀ ਕੇਂਦਰੀ ਲੀਡਰਸ਼ਿੱਪ ਨੂੰ ਸੌਂਪੀ ਜਾਂਦੀ ਹੈ। ਇਸ ਲਈ, ਕੇਂਦਰੀ ਲੀਡਰਸ਼ਿੱਪ ਦੀ ਅਗਵਾਈ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਸਭਨਾਂ ਸਫਾਂ ਦਾ ਸਵੈ-ਇੱਛਤ ਫਰਜ਼ ਹੈ। 
ਇਸ ''ਵਿਚਾਰਾਂ ਦੀ ਏਕਤਾ'' ਨੂੰ ਅਮਲ ਰਾਹੀਂ ਸਾਕਾਰ ਕਰਨ ਦੇ ਕਾਰਜ ਨੂੰ ਜੀਅ-ਜਾਨ ਨਾਲ ਦਿੱਤਾ ਜਾਣਾ ਵਾਲਾ ਹੁੰਗਾਰਾ ਚਾਹੇ ਸਵੈ-ਇੱਛਤ ਹੁੰਦਾ ਹੈ, ਪਰ ਇਹ ਲਾਜ਼ਮੀ ਵੀ ਹੁੰਦਾ ਹੈ ਅਤੇ ਬਾਜਾਬਤਾ ਵੀ ਹੁੰਦਾ ਹੈ। ਕੋਈ ਪਾਰਟੀ ਕਾਰਕੁੰਨ ਆਪਣੀ ਮਰਜ਼ੀ ਨਾਲ ਇਸ ਸਮੂਹਿਕ ਅਮਲ ਵਿੱਚ ਭਾਗੀਦਾਰ ਹੋਣ ਤੋਂ ਇਨਕਾਰ ਨਹੀਂ ਕਰ ਸਕਦਾ। ਹਾਂ— ਇਸ ਅਮਲ ਅੰਦਰ ਭਾਗੀਦਾਰ ਹੁੰਦਿਆਂ, ਜੇ ਉਸ ਨੂੰ ਲੀਡਰਸ਼ਿੱਪ ਦੀ ਕਾਰਗੁਜਾਰੀ ਸਬੰਧੀ ਜਾਂ ਤਹਿਸ਼ੁਦਾ ਲੀਹ ਤੇ ਨੀਤੀਆਂ ਆਦਿ ਸਬੰਧੀ ਕਿਸੇ ਕਿਸਮ ਦੇ ਵਖਰੇਵੇਂ/ਮੱਤਭੇਦ ਉੱਠਦੇ ਹਨ, ਤਾਂ ਉਸ ਨੂੰ ਬਾਜਾਬਤਾ ਰਹਿੰਦੇ ਹੋਏ ਸੰਵਿਧਾਨ ਦੁਆਰਾ ਤਹਿ ਕੀਤੇ ਢੰਗ-ਤਰੀਕਿਆਂ ਅਤੇ ਮੁਹੱਈਆ ਕੀਤੀਆਂ ਗਈਆਂ ਗੁੰਜਾਇਸ਼ਾਂ ਅਨੁਸਾਰ ਪੈਰਵਾਈ ਕਰਨ ਦਾ ਹੱਕ ਹੈ। ਪਰ ਦੋ ਕਾਂਗਰਸਾਂ ਦਰਮਿਆਨ ਆਪਣੇ ਵਖਰੇਵਿਆਂ/ਮੱਤਭੇਦਾਂ ਦੀ ਪੈਰਵਾਈ ਕਰਨ ਦਾ ਇਹ ਹੱਕ ਨਿਬੇੜਾਕਰੂ (ਐਗਜਾਸਟਿਵ) ਨਾ ਹੋ ਕੇ ਮੁਕਾਬਲਤਨ ਸੀਮਤ ਰਹਿੰਦਾ ਹੈ। ਇਹ ਸਿਰਫ ਪਾਰਟੀ ਕਾਂਗਰਸ ਹੀ ਹੈ, ਜਦੋਂ ਕਿਸੇ ਵੀ ਕਾਰਕੁੰਨ ਨੂੰ ਆਪਣੇ ਮੱਤਭੇਦਾਂ (ਵਿਚਾਰਾਂ) ਦੀ ਪੂਰਨ ਅਤੇ ਨਿਬੇੜਾਕਰੂ ਪੈਰਵਾਈ ਕਰਨ ਦਾ ਅਧਿਕਾਰ ਹਾਸਲ ਹੁੰਦਾ ਹੈ। ਕਿਉਂਕਿ ਇਹ ਕਾਂਗਰਸ ਦਾ ਅਮਲ ਹੀ ਹੈ, ਜਦੋਂ ਕੋਈ ਵਿਅਕਤੀ, ਸਫਾਂ ਦਾ ਕੋਈ ਹਿੱਸਾ (ਘੱਟ ਗਿਣਤੀ) ਅਤੇ ਹੇਠਲੇ ਅਦਾਰਿਆਂ ਵਿੱਚ ਬੈਠੇ ਵਿਅਕਤੀ ਆਪਣੇ ਵਿਚਾਰਾਂ ਨੂੰ ਕਾਂਗਰਸ ਵਿੱਚ ਪ੍ਰਵਾਨ ਕਰਵਾਉਣ ਲਈ ਜੱਦੋਜਹਿਦ ਕਰ ਸਕਦੇ ਹਨ। ਜੇ ਵਖਰੇਵੇਂ/ਮੱਤਭੇਦ ਗੈਰ-ਬੁਨਿਆਦੀ ਕਿਸਮ ਦੇ ਹਨ ਤਾਂ ਕੇਂਦਰੀ ਕਮੇਟੀ ਵੱਲੋਂ ਜਾਰੀ ਹੋਈ ਲੇਖਾ-ਜੋਖਾ ਦਸਤਾਵੇਜ਼ ਵਿੱਚ ਆਪਣੇ ਵਿਚਾਰਾਂ ਨੂੰ ਸੋਧਾਂ ਦੇ ਰੂਪ ਵਿੱਚ ਦਾਖਲ ਕਰਵਾਉਣ ਦੀ ਪੈਰਵਾਈ ਕੀਤੀ ਜਾ ਸਕਦੀ ਹੈ। ਜੇ ਮੱਤਭੇਦ ਬੁਨਿਆਦੀ ਕਿਸਮ ਦੇ ਹਨ ਤਾਂ ਕੇਂਦਰੀ ਕਮੇਟੀ ਦਸਤਾਵੇਜ਼ ਦੀ ਮੁਤਬਾਦਲ ਦਸਤਾਵੇਜ਼ ਪੇਸ਼ ਕੀਤੀ ਜਾ ਸਕਦੀ ਹੈ। ਸੋਧਾਂ ਪੇਸ਼ ਕਰਨ ਦਾ ਮਤਲਬ ਕੇਂਦਰੀ ਕਮੇਟੀ ਦਸਤਾਵੇਜ਼ ਵਿੱਚ ਪੇਸ਼ ਸਮਝ ਨੂੰ ਬੁਨਿਆਦੀ ਤੌਰ 'ਤੇ ਪ੍ਰਵਾਨ ਕਰਦਿਆਂ, ਇਸ ਵਿੱਚ ਹੀ ਵਾਧਾ ਘਾਟਾ ਕਰਨਾ ਅਤੇ ਸੋਧ-ਸੁਧਾਰ ਕਰਨਾ ਹੁੰਦਾ ਹੈ। ਮੁਤਬਾਦਲ ਦਸਤਾਵੇਜ਼ ਪੇਸ਼ ਕਰਨ ਦਾ ਮਤਲਬ ਕੇਂਦਰੀ ਕਮੇਟੀ ਦਸਤਾਵੇਜ਼ ਅਤੇ ਉਸ ਵਿੱਚ ਪੇਸ਼ ਕੀਤੀ ਸਮਝ ਜਾਂ ਇਸ ਸਮਝ ਸਮੇਤ ਇਸਦਾ ਆਧਾਰ ਬਣਦੀ ਬੁਨਿਆਦੀ ਲੀਹ (ਜਦੋਂ ਅਭਿਆਸ ਪਹਿਲੀ ਪ੍ਰਵਾਨਤ ਲੀਹ ਦੇ ਗਲਤ ਹੋਣ ਦੀ ਗਵਾਹੀ ਦੇ ਰਿਹਾ ਹੋਵੇ) ਨੂੰ ਰੱਦ ਕਰਦਿਆਂ, ਬਦਲਵੀਂ ਬੁਨਿਆਦੀ ਲੀਹ ਦਾ ਚੌਖਟਾ ਪੇਸ਼ ਕਰਨਾ ਹੁੰਦਾ ਹੈ। ਇਉਂ, ਕਾਂਗਰਸ ਦਾ ਅਮਲ ਬੁਨਿਆਦੀ ਤੌਰ 'ਤੇ ਟਕਰਾਵੀਆਂ ਦੋ ਲੀਹਾਂ ਦੇ ਘੋਲ ਦਾ ਅਖਾੜਾ ਬਣਦਾ ਹੈ ਅਤੇ ਕੇਂਦਰੀ ਕਾਂਗਰਸ ਇਸਦਾ ਸਿਖਰ ਬਣਦੀ ਹੈ। ਕਾਂਗਰਸ ਮੌਜੂਦਾ ਲੀਡਰਸ਼ਿੱਪ ਦੀਆਂ ਦਸਤਾਵੇਜਾਂ ਨੂੰ ਸੋਧਾਂ ਸਮੇਤ ਜਾਂ ਬਗੈਰ ਪ੍ਰਵਾਨ ਕਰ ਸਕਦੀ ਹੈ ਜਾਂ ਫਿਰ ਇਸ ਨੂੰ ਰੱਦ ਕਰਦਿਆਂ, ਬਦਲਵੀਂ ਦਸਤਾਵੇਜ਼ ਨੂੰ ਪ੍ਰਵਾਨ ਕਰ ਸਕਦੀ ਹੈ। ਇਸ ਤਰ•ਾਂ, ਪਹਿਲੀ ਲੀਡਰਸ਼ਿੱਪ ਨੂੰ ਤਬਦੀਲ ਕਰਨ ਅਤੇ ਬਦਲਵੀਂ ਦਸਤਾਵੇਜ਼ ਦੀ ਪੈਰਵਾਈ ਕਰਦੇ ਡੈਲੀਗੇਟਾਂ ਵਿੱਚੋਂ ਨਵੀਂ ਲੀਡਰਸ਼ਿੱਪ ਦੀ ਚੋਣ ਕਰਨ ਦਾ ਰਾਹ ਸਾਫ ਕਰ ਸਕਦੀ ਹੈ। 
ਉਪਰੋਕਤ ਵਿਆਖਿਆ ਦਰਸਾਉਂਦੀ ਹੈ ਕਿ ਕਮਿਊਸਿਟ ਪਾਰਟੀ ਜੀਵਨ ਅੰਦਰ ਕਾਂਗਰਸ ਦੀ ਹੈਸੀਅਤ ਸਰਬ-ਉੱਚ ਅਤੇ ਸਰਬ-ਸ਼ਕਤੀਮਾਨ ਹੈ। ਕਾਂਗਰਸ ਨੂੰ ਇਹ ਸਰਬ-ਉੱਚ ਹੈਸੀਅਤ ਮਹਿਜ਼ ਰਸਮੀ ਜਾਂ ਸੰਵਿਧਾਨਕ ਨਹੀਂ ਹੈ, ਇਹ ਇਸ ਕਰਕੇ ਹੈ ਕਿ ਇਹ ਪਾਰਟੀ ਦੀਆਂ ਸਮੂਹ ਸਫਾਂ ਵੱਲੋਂ ਬਾਕਾਇਦਾ ਚੁਣੇ ਹੋਏ ਡੈਲੀਗੇਟਾਂ ਤੋਂ ਮਿਲ ਕੇ ਬਣਿਆ ਨੁਮਾਇੰਦਾ ਅਦਾਰਾ ਹੁੰਦਾ ਹੈ। ਇਹ ਸਮੂਹਿਕ ਰਜ਼ਾ ਅਤੇ ਲਿਆਕਤ ਦੀ ਪੁਗਾਊ ਅਤੇ ਫੈਸਲਾਕੁੰਨ ਹੈਸੀਅਤ ਨੂੰ ਰੂਪਮਾਨ ਕਰਦਾ ਹੈ। ਕਾਂਗਰਸ ਕੇਂਦਰੀ ਲੀਡਰਸ਼ਿੱਪ ਦੀ ਅਗਵਾਈ ਵਿੱਚ ਹੋਏ ਅਭਿਆਸ ਦਾ ਲੇਖਾਜੋਖਾ ਕਰਦੀ ਹੈ, ਗਲਤੀਆਂ ਅਤੇ ਪਾੜਿਆਂ ਦਾ ਦਰੁਸਤੀਕਰਨ ਕਰਦੀ ਹੈ। ਲੀਹ ਨੂੰ ਬਦਲ ਵੀ ਸਕਦੀ ਹੈ, ਨਿਕੰਮੀ ਲੀਡਰਸ਼ਿੱਪ ਨੂੰ ਚੱਲਦਾ ਕਰ ਸਕਦੀ ਹੈ ਅਤੇ ਇਉਂ ਕਾਂਗਰਸ ਲੀਹ ਅਤੇ ਲੀਡਰਸ਼ਿੱਪ ਨੂੰ ਸਫਾਂ ਦੀ ਸਮੂਹਿਕ ਨਜ਼ਰਸਾਨੀ ਦੇ ਤਾਬੇ ਲਿਆਉਂਦੀ ਹੈ। ਕਾਂਗਰਸ ਦੌਰਾਨ ਪਾਰਟੀ ਅੰਦਰ ਜਮਹੂਰੀਅਤ ਦਾ ਅਮਲ ਭਰ ਜੋਬਨ ਵਿੱਚ ਆਉਂਦਾ ਹੈ, ਜਿਹੜਾ ਕੇਂਦਰਵਾਦ (ਲੀਹ ਅਤੇ ਲੀਡਰਸ਼ਿੱਪ ਦੀ ਹੋਣੀ) ਨੂੰ ਤਹਿ ਕਰਦਾ ਹੈ। ਇਹ ਸਿਰਫ ਤੇ ਸਿਰਫ ਕਾਂਗਰਸ ਹੀ ਹੈ, ਜਿਹੜੀ ਕਮਿਊਨਿਸਟ ਪਾਰਟੀ ਦੇ ਕਮਿਊਨਿਸਟ ਪਾਰਟੀ ਵਜੋਂ ਰੁਤਬੇ 'ਤੇ ਪ੍ਰਵਾਨਗੀ ਦੀ ਮੋਹਰ ਲਾਉਂਦੀ ਹੈ। ਹੋਰ ਕੋਈ ਅਦਾਰਾ ਕਿਸੇ ਵਿਸ਼ੇਸ਼ ਹਾਲਤ ਵਿੱਚ ਕਮਿਊਨਿਸਟ ਪਾਰਟੀ (ਨਾ ਕਿ ਕਮਿਊਨਿਸਟ ਜਥੇਬੰਦੀ/ਗਰੁੱਪ) ਬਣਾਉਣ ਦਾ ਐਲਾਨ ਤਾਂ ਕਰ ਸਕਦਾ ਹੈ, ਪਰ ਉਦੋਂ ਤੱਕ ਇਹ ਐਲਾਨ ਆਰਜੀ ਰਹਿੰਦਾ ਹੈ, ਜਦੋਂ ਤੱਕ ਸਬੰਧਤ ਜਥੇਬੰਦੀ ਦੀਆਂ ਸਫਾਂ ਦੀ ਬਾਕਾਇਦਾ ਚੁਣੀ ਹੋਈ ਕਾਂਗਰਸ ਵੱਲੋਂ ਇਸ ਐਲਾਨ 'ਤੇ ਪ੍ਰਵਾਨਗੀ ਦੀ ਮੋਹਰ ਨਹੀਂ ਲਾਈ ਜਾਂਦੀ। 
''ਵਿਚਾਰਾਂ ਦੀ ਏਕਤਾ'' ਕਤੱਈ ਅਤੇ ਸਦੀਵੀਂ ਨਹੀਂ ਹੁੰਦੀ। ਇਸ ਏਕਤਾ ਵਿੱਚ ਪਾਰਟੀ ਅੰਦਰੋਂ ਸਿਰ ਚੁੱਕਣ ਵਾਲੇ ਗੈਰ-ਪ੍ਰੋਲੇਤਾਰੀ ਵਿਚਾਰਾਂ ਵੱਲੋਂ ਵਿਘਨ ਪੈਂਦਾ ਰਹਿੰਦਾ ਹੈ। ਇਹ ਗੈਰ-ਪ੍ਰੋਲੇਤਾਰੀ ਵਿਚਾਰ (ਮੌਕਾਪ੍ਰਸਤ ਥਿੜਕਣਾਂ, ਭਟਕਣਾਂ ਅਤੇ ਸੋਧਵਾਦੀ ਰੁਝਾਨ ਦੀ ਸ਼ਕਲ ਵਿੱਚ) ਸਫਾਂ ਦੇ ਕਿਸੇ ਵੀ ਹਿੱਸੇ ਵਿੱਚ ਸਿਰ ਚੁੱਕ ਸਕਦੇ ਹਨ। ਇਹ ਪਾਰਟੀ ਦੀ ਅਗਵਾਈ ਕਰ ਰਹੀ ਲੀਡਰਸ਼ਿੱਪ ਵਿੱਚ ਵੀ ਸਿਰ ਚੁੱਕ ਸਕਦੇ ਹਨ। ਜੇ ਸਫਾਂ ਦਾ ਕੋਈ ਹਿੱਸਾ ਸਹੀ ਵਿਚਾਰਾਂ ਤੋਂ ਥਿੜਕੇ/ਭਟਕੇ ਗਲਤ ਵਿਚਾਰਾਂ ਦੀ ਪੈਰਵਾਈ ਕਰਨ ਲੱਗ ਜਾਂਦਾ ਹੈ ਤਾਂ ਪਾਰਟੀ ਦੇ ਚੱਲ ਰਹੇ ਅਭਿਆਸ ਵਿੱਚ ਕੋਈ ਗੰਭੀਰ ਵਿਘਨ ਨਹੀਂ ਪਾ ਸਕਦਾ। ਕਿਉਂਕਿ, ਪਾਟਵੇਂ ਵਿਚਾਰਾਂ ਨੂੰ ਅਪਣਾਉਣ ਦੇ ਬਾਵਜੂਦ, ਇਹ ਹਿੱਸਾ ਪਾਰਟੀ ਲੀਹ ਅਤੇ ਲੀਡਰਸ਼ਿੱਪ ਨੂੰ ਪ੍ਰਵਾਨ ਕਰਨ ਅਤੇ ਇਸਦੇ ਅਧੀਨ ਚੱਲਣ ਲਈ ਪਾਬੰਦ ਹੈ। ਸਮੱਸਿਆ ਉਦੋਂ ਖੜ•ੀ ਹੁੰਦੀ ਹੈ, ਜਦੋਂ ਖੁਦ ਲੀਡਰਸ਼ਿੱਪ ਸਹੀ ਵਿਚਾਰਾਂ ਤੋਂ ਭਟਕ ਜਾਂਦੀ ਹੈ ਅਤੇ ਸਮੁੱਚੀ ਪਾਰਟੀ ਨੂੰ ਬੜੇ ਸੂਖਮ ਅਤੇ ਸ਼ਾਤਰ ਢੰਗ-ਤਰੀਕਿਆਂ ਰਾਹੀਂ ਇਸ ਭਟਕਾਊ ਰਾਹ ਧੂਹਣ ਦੀ ਦਿਸ਼ਾ ਅਖਤਿਆਰ ਕਰ ਲੈਂਦੀ ਹੈ। ਦੋ ਕਾਂਗਰਸਾਂ ਵਿਚਲੇ ਅਰਸੇ ਦੌਰਾਨ ਕੇਂਦਰੀ ਕਮੇਟੀ ਦਾ ਪਾਰਟੀ ਦਾ ਸਰਬਉੱਚ ਆਗੂ ਅਦਾਰਾ ਹੋਣ ਕਰਕੇ ਕੋਈ ਵੀ ਸੰਵਿਧਾਨਕ ਓਹੜ-ਪੋਹੜ ਪਾਰਟੀ ਨੂੰ ਗਲਤ ਦਿਸ਼ਾ ਵਿੱਚ ਧੂਹਣ 'ਤੇ ਤੁਲੀ ਲੀਡਰਸ਼ਿੱਪ ਨੂੰ ਨੱਥ ਮਾਰਨ ਦਾ ਅਸਰਦਾਰ ਅਤੇ ਫੈਸਲਾਕੁੰਨ ਸਾਮਾ ਨਹੀਂ ਬਣ ਸਕਦਾ। ਇਹ ਸਿਰਫ ਤੇ ਸਿਰਫ ਨਿਸਚਿਤ ਅਰਸੇ ਬਾਅਦ ਸੱਦੀ ਜਾਂ ਸਫਾਂ ਦੇ ਭਾਰੀ ਦਬਾਅ ਤਹਿਤ ਨਿਸਚਿਤ ਅਰਸੇ ਤੋਂ ਪਹਿਲਾਂ ਸੱਦੀ ਕਾਂਗਰਸ ਹੀ ਹੈ, ਜਿਹੜੀ ਇਸ ਗਲਤ ਲੀਡਰਸ਼ਿੱਪ ਨੂੰ ਆਪਣੀ ਗਲਤ ਕਾਰਗੁਜਾਰੀ ਲਈ ਪਾਰਟੀ ਸਫਾਂ ਮੂਹਰੇ ਜਵਾਬਦੇਹ ਬਣਾ ਸਕਦੀ ਹੈ। ਲੀਡਰਸ਼ਿੱਪ ਦੀਆਂ ਪਾਰਟੀ ਤੇ ਇਨਕਲਾਬੀ ਲਹਿਰ ਲਈ ਨੁਕਸਾਨਦੇਹ ਵਿਚਾਰਾਂ ਨੂੰ ਟਿੱਕਦਿਆਂ, ਇਹਨਾਂ ਨੂੰ ਰੱਦ ਕਰ ਸਕਦੀ ਹੈ ਅਤੇ ਅਜਿਹੀ ਲੀਡਰਸ਼ਿੱਪ ਨੂੰ ਚੱਲਦਾ ਕਰ ਸਕਦੀ ਹੈ। 
ਕਮਿਊਨਿਸਟ ਪਾਰਟੀ ਜੀਵਨ ਵਿੱਚ ਕਾਂਗਰਸ ਦੀ ਉਪਰੋਕਤ ਫੈਸਲਾਕੁੰਨ ਅਤੇ ਬੁਨਿਆਦੀ ਅਹਿਮੀਅਤ ਅਤੇ ਹੈਸੀਅਤ ਕਰਕੇ ਹੀ ਸੀ ਕਿ ਰੂਸ ਦੀ ਕਮਿਊਨਿਸਟ ਪਾਰਟੀ ਵੱਲੋਂ ਸਿਰੇ ਦੇ ਜਬਰ ਦੀਆਂ ਹਾਲਤਾਂ ਵਿੱਚ ਜਦੋਂ ਰੂਸ ਅੰਦਰ ਕਾਂਗਰਸ ਜਥੇਬੰਦ ਕਰਨੀ ਨਾ ਮੁਮਕਿਨ ਹੁੰਦੀ ਸੀ ਤਾਂ ਵਿਦੇਸ਼ਾਂ ਵਿੱਚ ਵੀ ਕਾਂਗਰਸਾਂ ਕਰਨ ਦਾ ਜੋਖਮ ਉਠਾਇਆ ਗਿਆ। ਇਸੇ ਤਰ•ਾਂ, ਵੱਖ ਵੱਖ ਮੁਲਕਾਂ ਦੀਆਂ ਕਮਿਊਨਿਸਟ ਪਾਰਟੀਆਂ ਵੱਲੋਂ ਹਥਿਆਰਬੰਦ ਘੋਲ ਦੇ ਘਮਸਾਣੀ ਦੌਰਾਂ ਅੰਦਰ ਵੀ ਖਤਰੇ ਸਹੇੜਦਿਆਂ ਕਾਂਗਰਸਾਂ ਸੱਦੀਆਂ ਅਤੇ ਸਫਲ ਬਣਾਈਆਂ ਜਾਂਦੀਆਂ ਰਹੀਆਂ ਹਨ। 
ਪਾਰਟੀ ਜੀਵਨ ਵਿੱਚ ਕਾਂਗਰਸ ਦੀ ਉਪਰੋਕਤ ਅਹਿਮੀਅਤ ਅਤੇ ਹੈਸੀਅਤ ਹੋਣ ਕਰਕੇ ਇਹ ਜਮਹੂਰੀ ਕੇਂਦਰਵਾਦ ਦੀ ਰੀੜ• ਦੀ ਹੱਡੀ ਹੈ ਅਤੇ ਇਸਦੀ ਰੂਹ ਹੈ। ਪਾਰਟੀ ਜੀਵਨ ਵਿੱਚ ਕਾਂਗਰਸ ਨੂੰ ਆਨੀਂ-ਬਹਾਨੀ ਸੱਦਣ ਤੋਂ ਇਨਕਾਰ ਕਰਨਾ ਅਤੇ ਲਮਕਾਉਣ ਦਾ ਮਤਲਬ ਕਮਿਊਨਿਸਟ ਪਾਰਟੀ ਦੀ ਰੀੜ• ਦੀ ਹੱਡੀ ਨੂੰ ਸੱਟ ਮਾਰਨਾ ਅਤੇ ਇਸਦੀ ਪ੍ਰੋਲੇਤਾਰੀ ਰੂਹ ਨੂੰ ਖਾਰਜ ਕਰਨ ਦੇ ਯਤਨ ਕਰਨਾ ਹੈ। ਮੌਕਾਪ੍ਰਸਤ ਅਤੇ ਸੋਧਵਾਦੀ ਆਗੂ ਜੁੰਡਲੀਆਂ ਦੇ ਇਹਨਾਂ ਪਾਰਟੀ ਵਿਰੋਧੀ ਅਤੇ ਇਨਕਲਾਬ-ਵਿਰੋਧੀ ਨਾਪਾਕ ਯਤਨਾਂ ਨੂੰ ਨਾਕਾਮ ਬਣਾਉਣ ਅਤੇ ਮੋਂਦਾ ਲਾਉਣ ਲਈ ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਕਾਂਗਰਸ ਦੀ ਇਸ ਅਹਿਮੀਅਤ ਅਤੇ ਰੁਤਬੇ ਨੂੰ ਸਿਧਾਂਤਕ ਅਤੇ ਸੰਵਿਧਾਨਕ ਅਸੂਲ ਵਜੋਂ ਸਰਬ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਕਮਿਊਨਿਸਟ ਪਾਰਟੀਆਂ ਦੇ ਸੰਵਿਧਾਨ ਅੰਦਰ ਇੱਕ ਨਿਸਚਿਤ ਅਰਸੇ (3 ਤੋਂ 5 ਸਾਲ) ਮਗਰੋਂ ਲਾਜ਼ਮੀ ਕਾਂਗਰਸ ਬੁਲਾਉਣ ਦੀ ਧਾਰਾ ਦਰਜ਼ ਕਰਨ ਲਈ ਪਾਬੰਦ ਕੀਤਾ ਗਿਆ ਹੈ। 
ਸੋ, ਕੌਮਾਂਤਰੀ ਕਮਿਊਨਿਸਟ ਲਹਿਰ ਅੰਦਰ ਇਹ ਗੱਲ ਚੁਣੌਤੀ ਰਹਿਤ ਹੈ ਅਤੇ ਸਥਾਪਤ ਹੈ ਕਿ ਕਾਂਗਰਸ ਕਮਿਊਨਿਸਟ ਪਾਰਟੀ ਦਾ ਸਰਬ-ਉੱਚ ਆਗੂ ਅਦਾਰਾ ਹੈ। ਇਹੀ ਇੱਕੋ ਇੱਕ ਅਦਾਰਾ ਹੈ, ਜਿੱਥੇ ਪਹਿਲਾਂ ਜਥੇਬੰਦੀ ਅੰਦਰ ਮੱਤਭੇਦ ਰੱਖਦਾ ਆ ਰਿਹਾ ਕੋਈ ਵਿਅਕਤੀ/ਸਫਾਂ ਦਾ ਹਿੱਸਾ ਕਾਂਗਰਸ ਜਾਂ ਕਾਂਗਰਸ ਦੀ ਬਹੁਗਿਣਤੀ ਨੂੰ ਆਪਣੇ ਨਾਲ ਰਜ਼ਾਮੰਦ ਕਰਦਿਆਂ ਸਮੁੱਚੀ ਜਥੇਬੰਦੀ ਦੀ ਬਹੁਗਿਣਤੀ ਵਿੱਚ ਪਲਟ ਸਕਦਾ ਹੈ; ਜਿੱਥੇ ਮੱਤਭੇਦਾਂ ਦੀ ਪੈਰਵਾਈ ਕਰ ਰਹੀ ਕੋਈ ਘੱਟਗਿਣਤੀ ਬਹੁਗਿਣਤੀ ਵਿੱਚ ਪਲਟ ਸਕਦੀ ਹੈ, ਜਿੱਥੇ ਵਿਚਾਰਾਂ ਦੀ ਪੈਰਵਾਈ ਕਰ ਰਿਹਾ ਹੇਠਲਾ ਅਦਾਰਾ ਕਾਂਗਰਸ ਨੂੰ ਆਪਣੇ ਵਿਚਾਰਾਂ ਨਾਲ ਕਾਇਲ ਕਰਦਿਆਂ, ਕੇਂਦਰੀ ਕਮੇਟੀ ਦੇ ਵਿਚਾਰਾਂ ਨੂੰ ਭਾਂਜ ਦਿੰਦਿਆਂ, ਉਤਮਤਾ ਹਾਸਲ ਕਰ ਸਕਦਾ ਹੈ। ਸਿਰਫ ਤੇ ਸਿਰਫ ਇਹ ਕਾਂਗਰਸ ਹੀ ਹੈ, ਜਿਸ ਰਾਹੀਂ ਕਾਂਗਰਸ ਤੋਂ ਪਹਿਲਾਂ ਕੇਂਦਰੀ ਲੀਡਰਸ਼ਿੱਪ ਨਾਲੋਂ ਪਾਟਵੇਂ/ਟਕਰਾਵੇਂ ਵਿਚਾਰ ਰੱਖਦੀਆਂ ਹੇਠਲੀਆਂ ਸਫਾਂ ਦੇ ਹਿੱਸੇ ਨੂੰ ਕੇਂਦਰੀ ਲੀਡਰਸ਼ਿੱਪ ਵਿੱਚ ਅਤੇ ਕੇਂਦਰੀ ਲੀਡਰਸ਼ਿੱਪ ਨੂੰ ਲਾਹ ਕੇ ਹੇਠਲੀਆਂ ਸਫਾਂ ਦੇ ਹਿੱਸੇ ਵਿੱਚ ਪਲਟਿਆ ਜਾ ਸਕਦਾ ਹੈ।
ਸੋ, ਇਉਂ ਕਾਂਗਰਸ ਇੱਕ ਅਜਿਹਾ ਅਦਾਰਾ ਹੈ, ਜਿਹੜਾ ਪਾਰਟੀ ਅੰਦਰ ਹਰਕਤਸ਼ੀਲ ਜਮਹੂਰੀ ਕੇਂਦਰਵਾਦ ਦੇ ਸਮੁੱਚੇ ਵਰਤਾਰੇ ਨੂੰ ਸਮੇਟਦਾ ਸਿਖਰਲਾ ਰੂਪ ਬਣ ਜਾਂਦਾ ਹੈ ਅਤੇ ਜਮਹੂਰੀ ਕੇਂਦਰਵਾਦ ਦੇ ਸਭਨਾਂ ਹੇਠਲੇ ਪੱਖਾਂ ਅਤੇ ਸ਼ਕਲਾਂ ਨੂੰ ਆਪਣੇ ਕਲਾਵੇਂ ਵਿੱਚ ਲੈ ਲੈਂਦਾ ਹੈ। ਇਸ ਲਈ, ਪਾਰਟੀ ਜੀਵਨ ਅੰਦਰ ਕਾਂਗਰਸ ਦੀ ਇਹ ਨਿਵੇਕਲੀ ਅਤੇ ਸਰਬ ਸ਼ਕਤੀਮਾਨ ਭੂਮਿਕਾ ਹੀ ਹੈ, ਜਿਹੜੀ ਉਸ ਨੂੰ ਪਾਰਟੀ ਦੇ ਜਮਹੂਰੀ ਕੇਂਦਵਾਦੀ ਢਾਂਚੇ ਅਤੇ ਜਮਹੂਰੀ ਕੇਂਦਰਵਾਦ ਦੇ ਵਰਤਾਰੇ ਅੰਦਰ ਸਿਰਮੌਰ ਅਹਿਮੀਅਤ ਅਤੇ ਹੈਸੀਅਤ (ਓਵਰ ਆਰਚਿੰਗ ਸਿਗਨੀਫੀਕੈਂਸ ਅਤੇ ਸਟੇਟਸ) ਮੁਹੱਈਆ ਕਰਦੀ ਹੈ।  0-0

No comments:

Post a Comment