Thursday, 6 July 2017

ਕਸ਼ਮੀਰ 'ਚ ਝੁਲਾਈ ਜਾ ਰਹੀ ਹਨੇਰੀ



ਕਸ਼ਮੀਰੀ ਨੌਜਵਾਨ ਨੂੰ ਜੀਪ ਮੂਹਰੇ ਬੰਨ ਦੀ ਘਟਨਾ
ਕਸ਼ਮੀਰ ' ਸੰਘੀ ਹਕੂਮਤ ਵੱਲੋਂ ਝੁਲਾਈ ਜਾ ਰਹੀ ਜਾਬਰ ਹਨੇਰੀ ਪਿੱਛੇ ਕੰਮ ਕਰਦੇ
ਸੰਘ ਲਾਣੇ ਦੇ ਹਿੰਦੂਤਵੀ ਫਿਰਕੂ-ਫਾਸ਼ੀ ਮਨਸੂਬੇ


-ਨਵਜੋਤ
ਕਸ਼ਮੀਰ ਦੀ ਧਰਤੀ 'ਤੇ ਭਾਰਤੀ ਹਾਕਮਾਂ ਦੀ ਧਾੜਵੀ ਫੌਜ ਦੇ ਜਬਰ ਦਾ ਤਾਂਡਵ-ਨਾਚ ਸਿਖਰਾਂ 'ਤੇ ਹੈ ''ਘੇਰੋ ਅਤੇ ਕੁਚਲੋ'' ਦੀਆਂ ਮੁਹਿੰਮਾਂ ਰਾਹੀਂ ਕਸ਼ਮੀਰੀ ਨੌਜਵਾਨਾਂ ਦਾ ਕਤਲੇਆਮ ਜਾਰੀ ਹੈ ਕਸ਼ਮੀਰ ਦੀ ਆਜ਼ਾਦੀ, ਕੌਮੀ ਖੁਦਿਮੁਖਤਿਆਰੀ ਅਤੇ ਆਪਾ-ਨਿਰਣੇ ਦੇ ਹੱਕ ਲਈ ਮੈਦਾਨ ਵਿੱਚ ਨਿੱਤਰੇ ਕਸ਼ਮੀਰੀ ਨੌਜਵਾਨਾਂ ਦਾ ਸ਼ਿਕਾਰ ਪਿੱਛਾ ਕਰਨ ਲਈ ਆਦਮ-ਬੋਅ ਆਦਮ-ਬੋਅ ਕਰਦੀਆਂ ਫੌਜੀ ਧਾੜਾਂ ਸ਼ਹਿਰਾਂ-ਪਿੰਡਾਂ ਗਲੀਆਂ, ਬਾਜ਼ਾਰਾਂ ਅਤੇ ਖੇਤਾਂ, ਗੱਲ ਕੀ ਚੱਪੇ ਚੱਪੇ 'ਤੇ ਦਗੜ ਦਗੜ ਕਰਦੀਆਂ ਫਿਰ ਰਹੀਆਂ ਹਨ ਇਸ ਕਤਲੇਆਮ ਦਾ ਵਿਰੋਧ ਤੇ ਟਾਕਰਾ ਕਰਦੀ ਕਸ਼ਮੀਰੀ ਜਨਤਾ 'ਤੇ ਗੋਲੀਆਂ ਦੀ ਵਾਛੜ ਕਰਕੇ ਨਿਹੱਥੇ ਲੋਕਾਂ ਦੀਆਂ ਲਾਸ਼ਾਂ ਵਿਛਾਉਣ, ਪੈਲੇਟ ਗੋਲੀਆਂ ਰਾਹੀਂ ਲੋਕਾਂ ਨੂੰ ਅੰਨਾਂ ਤੱਕ ਕਰਨ, ਫੜ ਕੇ ਜੇਲਾਂ ਵਿੱਚ ਡੱਕਣ, ਗਲੀਆਂ-ਬਾਜ਼ਾਰਾਂ ਵਿੱਚ ਕੁੱਟਮਾਰ ਕਰਨ ਦਾ ਸਿਲਸਿਲਾ ਜ਼ੋਰਾਂ 'ਤੇ ਹੈ ਇਸਦੇ ਉਲਟ- ਕਸ਼ਮੀਰੀ ਲੋਕਾਂ ਦੀ ਜਬਰੀ ਕਾਬਜ਼ ਭਾਰਤੀ ਹਾਕਮਾਂ ਤੋਂ ਨਾਬਰੀ ਵੀ ਸਿਖਰਾਂ 'ਤੇ ਹੈ ਭਾਰਤ ਦੀ ਧਾੜਵੀ ਫੌਜ ਦੇ ਬੇਇੰਤਹਾ ਫਾਸ਼ੀ ਜਬਰ ਤੋਂ ਨਾ ਉਹ ਸਹਿਮੇ-ਡਰੇ ਹਨ, ਨਾ ਹੀ ਘਰਾਂ ਵਿੱਚ ਦੜੇ ਹਨ ਉਹ ਭਾਰਤੀ ਹਾਕਮਾਂ ਦੀ ਕਤਲੋਗਾਰਦ ਅਤੇ ਮਾਰਧਾੜ ਦੀ ਮੁਹਿੰਮ ਖਿਲਾਫ ਹਿੱਕਾਂ ਡਾਹ ਕੇ ਕਾਫਲਿਆਂ ਦੀ ਸ਼ਕਲ ਵਿੱਚ ਗਲੀਆਂ-ਬਾਜ਼ਾਰਾਂ ਅਤੇ ਸੜਕਾਂ 'ਤੇ ਨਿੱਤਰ ਰਹੇ ਹਨ ਘੇਰੋ ਅਤੇ ਕੁਚਲੋ ਦੀ ਫੌਜੀ ਮੁਹਿੰਮ ਦਾ ਟਾਕਰਾ ਇੱਟ-ਵੱਟਿਆਂ ਅਤੇ ਪੱਥਰਾਂ ਨਾਲ ਕਰ ਰਹੇ ਹਨ ਪੱਥਰਾਂ ਨਾਲ ਫੌਜ ਦਾ ਟਾਕਰਾ ਕਰਦਿਆਂ ਆਪਣੇ ਹਥਿਆਰਬੰਦ ਸਪੂਤਾਂ ਨੂੰ ਢਾਲ ਮੁਹੱਈਆ ਕਰ ਰਹੇ ਹਨ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਵਿਸ਼ਾਲ ਇਕੱਠਾਂ ਵੱਲੋਂ ਆਜ਼ਾਦੀ ਲਈ ਗੂੰਜਦੇ ਰੋਹਲੇ ਨਾਹਰਿਆਂ ਦੀ ਗਰਜ ਨਾਲ ਭਾਰਤੀ ਫੌਜਾਂ ਦੀਆਂ ਗੋਲੀਆਂ ਨਾਲ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਨੌਜਵਾਨਾਂ ਨੂੰ ਸਪੁਰਦ--ਖਾਕ ਕਰਦਿਆਂ, ਭਾਰਤੀ ਹਾਕਮਾਂ ਨੂੰ ਇਹ ਸੁਣਾਉਣੀ ਕਰ ਰਹੇ ਹਨ ਕਿ ਜੇ ਤੁਹਾਡੀ ਫਿਤਰਤ ਜਬਰ-ਜ਼ੋਰ ਦੇ ਸਿਰ 'ਤੇ ਹਰ ਹੀਲੇ ਕਸ਼ਮੀਰ 'ਤੇ ਕਬਜ਼ਾ ਬਰਕਰਾਰ ਰੱਖਣਾ ਹੈ, ਕਸ਼ਮੀਰੀ ਕੌਮ ਦੀ ਆਪਾ-ਨਿਰਣੇ ਅਤੇ ਆਜ਼ਾਦੀ ਦੀ ਤਾਂਘ ਨੂੰ ਖੂਨ ਵਿੱਚ ਡਬੋਣਾ ਹੈ, ਤਾਂ ਕਸ਼ਮੀਰੀ ਲੋਕਾਂ ਦੀ ਫਿਤਰਤ ਸਾਮਰਾਜੀ ਦਲਾਲ ਭਾਰਤੀ ਹਾਕਮਾਂ ਵੱਲੋਂ ਠੋਸੀ ਕੌਮੀ ਗੁਲਾਮੀ ਅਤੇ ਦਬਸ਼ ਨੂੰ ਠੁੱਡ ਮਾਰਨਾ ਹੈ, ਕੌਮੀ ਅਣਖ ਅਤੇ ਸਵੈ-ਮਾਣ ਨਾਲ ਜੀਣਾ ਹੈ, ਆਪਾ-ਨਿਰਣੇ ਅਤੇ ਆਜ਼ਾਦੀ ਦੇ ਹੱਕ ਨੂੰ ਬੁਲੰਦ ਕਰਨਾ ਹੈ, ਕੌਮੀ ਸਵੈ-ਮਾਣ ਨਾਲ ਜੀਣ ਅਤੇ ਆਜ਼ਾਦੀ ਦੇ ਬੁਨਿਆਦੀ ਹੱਕ ਦਾ ਪਰਚਮ ਬੁਲੰਦ ਕਰਦਿਆਂ, ਹਥਿਆਰਬੰਦ ਲੜਾਈ ਸਮੇਤ ਹਰ ਕਿਸਮ ਦੇ ਟਾਕਰੇ ਅਤੇ ਸ਼ਹਾਦਤ ਦਾ ਰਾਹ ਚੁਣਨਾ ਹੈ ਅਤੇ ਕੌਮੀ ਅਣਖ ਅਤੇ ਆਜ਼ਾਦੀ ਨਾਲ ਜੀਣ ਦੇ ਹੱਕ ਨੂੰ ਮਾਨਣ ਲਈ ਚੱਲ ਰਹੀ ਜੰਗ ਦੇ ਇਤਿਹਾਸ ਵਿੱਚ ਅਜਿਹਾ ਸ਼ਾਨਾਂਮੱਤਾ ਕਾਂਡ ਰਚਣਾ ਹੈ, ਜਿਸਨੇ ਨਾ ਸਿਰਫ ਕਸ਼ਮੀਰੀ ਅਵਾਮ ਲਈ, ਸਗੋਂ ਭਾਰਤੀ ਹਾਕਮਾਂ ਦੇ ਦਾਬੇ ਅਤੇ ਗੁਲਾਮੀ ਨੂੰ ਹੰਢਾ ਰਹੀਆਂ ਅਤੇ ਜਾਗ ਰਹੀਆਂ ਹੋਰਨਾਂ ਕੌਮੀਅਤਾਂ ਦੀ ਜਨਤਾ ਲਈ ਵੀ ਪ੍ਰੇਰਨਾ ਸਰੋਤ ਬਣਨਾ ਹੈ 
ਸੀਸ ਤਲੀ 'ਤੇ ਰੱਖ ਕੇ, ਹੱਕੀ ਨਾਬਰੀ ਅਤੇ ਟਾਕਰੇ ਦੇ ਰਾਹ 'ਤੇ ਡਟੀ ਭੈ-ਮੁਕਤ ਕਸ਼ਮੀਰੀ ਕੌਮ ਨੂੰ ਖੂੰਖਾਰ ਭਾਰਤੀ ਰਾਜ ਦੇ ਬੰਧਕ ਵਜੋਂ ਅਤੇ ਨਿਤਾਣਿਆਂ ਵਜੋਂ ਪੇਸ਼ ਕਰਨ ਲਈ 9 ਅਪ੍ਰੈਲ ਨੂੰ ਬੜਗਾਮ ਜ਼ਿਲ ਵਿੱਚ ਇੱਕ ਕਸ਼ਮੀਰੀ ਫਰੂਕ ਅਹਿਮਦਦਾਰ ਨੂੰ ਜੀਪ ਦੇ ਬੋਨਟ ਨਾਲ ਬੰਨਕੇ ਅਤੇ ਮਨੁੱਖੀ ਢਾਲ ਬਣਾ ਕੇ ਕਈ ਪਿੰਡਾਂ ਵਿੱਚ ਘੁਮਾਇਆ ਗਿਆ ਜਿਹੜੇ ਭਾਰਤੀ ਹਾਕਮ ਮੁਲਕ ਦੀਆਂ ਕੌਮੀ ਖੁਦਮੁਖਤਿਆਰੀ ਅਤੇ ਆਪਾ-ਨਿਰਣੇ ਲਈ ਜੂਝ ਰਹੀਆਂ ਹਥਿਆਰਬੰਦ ਲਹਿਰਾਂ ਅਤੇ ਲਮਕਵੇਂ ਲੋਕ-ਯੁੱਧ ਦੀ ਅਗਵਾਈ ਕਰ ਰਹੀ ਸੀ.ਪੀ.ਆਈ.(ਮਾਓਵਾਦੀ) 'ਤੇ ਲੋਕਾਂ ਨੂੰ ਢਾਲ ਵਜੋਂ ਵਰਤਣ ਦਾ ਝੂਠਾ ਬੱਕੜਵਾਹ ਕਰਦੇ ਨਹੀਂ ਥੱਕਦੇ, ਉਹਨਾਂ ਦੀ ਫੌਜ ਵੱਲੋਂ ਵਰਤਿਆ ਗਿਆ ਇਹ ਜਾਬਰ ਅਤੇ ਸ਼ਰਮਨਾਕ ਹਰਬਾ ਮਨੁੱਖੀ ਹੱਕਾਂ ਪ੍ਰਤੀ ਉਹਨਾਂ ਦੇ ਦੰਭੀ ਹੇਜ ਨੂੰ ਹੀ ਭਰਿਆੜ ਨਹੀਂ ਕਰਦਾ, ਇਹ ਉਹਨਾਂ ਦੀ ਫਾਸ਼ੀ ਮਾਨਸਿਕਤਾ ਦਾ ਵੀ ਇਜ਼ਹਾਰ ਹੈ ਫੌਜ ਦੇ ਇੱਕ ਮੇਜਰ ਲੀਤਲ ਗਗੋਈ ਵੱਲੋਂ ਅਜਿਹਾ ਫਾਸ਼ੀ ਹਰਬਾ ਵਰਤਣ ਦਾ ਕਾਰਾ ਫਾਸ਼ੀ ਭਾਰਤੀ ਹਾਕਮਾਂ ਅਤੇ ਉਹਨਾਂ ਦੀ ਧਾੜਵੀ ਫੌਜ ਦੀ ਸਿਆਸੀ ਜਿੱਤ ਅਤੇ ਨੈਤਿਕ ਤਕੜਾਈ ਅਤੇ ਬੁਲੰਦੀ ਦਾ ਇਜ਼ਹਾਰ ਨਹੀਂ ਹੈ ਇਹ ਸਿਆਸੀ ਨਾਬਰੀ ਅਤੇ ਲੜਾਈ ਦੇ ਮੈਦਾਨ ਵਿੱਚ ਟਾਕਰੇ ਦੇ ਰਾਹ ਪਈ ਕਸ਼ਮੀਰੀ ਕੌਮ ਦੇ ਅਡੋਲਚਿੱਤ ਅਤੇ ਬੁਲੰਦ ਇਰਾਦੇ ਅਤੇ ਅਜਿੱਤ ਨੈਤਿਕਤਾ ਸਨਮੁੱਖ ਧਾੜਵੀ ਫੌਜ ਦੀ ਸਿਆਸੀ ਲਾਚਾਰੀ ਅਤੇ ਰੇਤ ਦੀ ਭੁਰਭਰੀ ਕੰਧ ਵਾਂਗ ਭੁਰ ਰਹੀ ਨੈਤਿਕਤਾ ਦਾ ਇਜ਼ਹਾਰ ਹੈ ਆਪਣੀ ਇਸ ਕਮਜ਼ੋਰੀ ਵਿੱਚੋਂ ਨਿਕਲੇ ਇਸ ਹਰਬੇ ਖਿਲਾਫ ਦੁਨੀਆਂ ਭਰ ਵਿੱਚ ਹੋਣ ਵਾਲੀ ਤੋਇ ਤੋਇ ਅਤੇ ਕਸ਼ਮੀਰੀ ਲੋਕਾਂ ਵਿੱਚੋਂ ਹੋਣ ਵਾਲੇ ਪ੍ਰਤੀਕਰਮ ਤੋਂ ਤ੍ਰਭਕਦਿਆਂ, ਭਾਰਤੀ ਹਾਕਮਾਂ ਵੱਲੋਂ 9 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਤੱਕ ਕਸ਼ਮੀਰ ਅੰਦਰ ਨੈੱਟਵਰਕ ਜਾਮ ਰੱਖਿਆ ਗਿਆ ਜਿਸ ਕਰਕੇ 13 ਅਪ੍ਰੈਲ ਨੂੰ ਹੀ ਇਹ ਘਟਨਾ ਨੈੱਟਵਰਕ ਰਾਹੀਂ ਸਮੁੱਚੇ ਕਸ਼ਮੀਰ, ਭਾਰਤ ਅਤੇ ਦੁਨੀਆਂ ਅੰਦਰ ਨਸ਼ਰ ਹੋ ਸਕੀ ਹੈ 
ਇਸ ਘਟਨਾ ਦੇ ਨਸ਼ਰ ਹੋਣ ਨਾਲ ਕਸ਼ਮੀਰੀ ਜਨਤਾ ਦੇ ਰੋਹ ਨੂੰ ਹੀ ਪਲੀਤਾ ਨਹੀਂ ਲੱਗਿਆ, ਸਗੋਂ ਭਾਰਤ ਅੰਦਰ ਅਤੇ ਦੁਨੀਆਂ ਭਰ ਵਿੱਚ ਹੱਕ-ਸੱਚ ਅਤੇ ਇਨਸਾਫ ਲਈ ਖੜਦੇ ਹਲਕਿਆਂ ਅੰਦਰੋਂ ਤਕੜਾ ਪ੍ਰਤੀਕਰਮ ਸਾਹਮਣੇ ਆਇਆ ਹੈ ਇੱਥੋਂ ਤੱਕ ਕਿ ਭਾਰਤੀ ਫੌਜ ਦੇ ਸਾਬਕਾ ਜਨਰਲਾਂ ਵੱਲੋਂ ਵੀ, ਇਸ 'ਤੇ ਕਿੰਤੂ-ਪ੍ਰੰਤੂ ਕੀਤਾ ਗਿਆ ਹੈ ਫੌਜ ਦੀ ਉੱਤਰੀ ਕਮਾਂਡ ਦੇ ਸਾਬਕਾ ਮੁਖੀ ਐੱਚ.ਐੱਸ. ਪਨਾਗ ਵੱਲੋਂ ਕਿਹਾ ਗਿਆ ਹੈ ਕਿ ''ਮਨੁੱਖੀ ਢਾਲ ਵਜੋਂ ਇੱਕ ਪੱਥਰ ਮਾਰਨ ਵਾਲੇ ਨੂੰ ਜੀਪ ਮੂਹਰੇ ਬੰਨ ਦਾ ਦ੍ਰਿਸ਼ ਭਾਰਤੀ ਫੌਜ ਅਤੇ ਕੌਮ ਨੂੰ ਸਦਾ ਵਾਸਤੇ ਡਰਾਇਆ ਕਰੇਗਾ'' (ਦਾ ਹਿੰਦੂ, 23 ਮਈ 2017) ਆਪਣੇ ਨਾਂ ਨੂੰ ਗੁਪਤ ਰੱਖਦਿਆਂ, ਇੱਕ ਸਾਬਕਾ ਫੌਜ ਮੁਖੀ ਕਹਿੰਦਾ ਹੈ, ''ਮੈਂ ਸਮਝਦਾ ਹਾਂ ਕਿ ਉਹਨਾਂ ਵੱਲੋਂ ਐਨਾ ਹੀ ਕਾਫੀ ਹੋਣਾ ਸੀ ਕਿ ਇਹ ਅਪ੍ਰੇਸ਼ਨ ਦੌਰਾਨ ਸਥਾਨਕ ਕਮਾਂਡਰ ਵੱਲੋਂ ਵਰਤੀ ਗਈ ਦਾਅਪੇਚਕ ਸੂਝ ਸੀ ਇਹ ਕੋਈ ਬਹਾਦਰੀ ਭਰਿਆ ਵੱਡਾ ਕਾਰਨਾਮਾ ਨਹੀਂ ਹੈ ਉਸ ਨੂੰ ਇਨਾਮ ਨਾਲ ਨਿਵਾਜ਼ਦਿਆਂ, ਉਸਦੀ ਕਾਰਵਾਈ ਨੂੰ ਬੇਲੋੜਿਆਂ ਹੀ ਵਾਜਬ ਠਹਿਰਾਇਆ ਜਾ ਰਿਹਾ ਹੈ ਤੁਸੀਂ ਰਾਈ ਦਾ ਪਹਾੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ'' (ਦਾ ਹਿੰਦੂ, 24 ਮਈ 2017)
ਇੱਕ ਪਾਸੇ- ਕਸ਼ਮੀਰ ਅੰਦਰੋਂ ਅਤੇ ਬਾਹਰੋਂ ਉੱਠੇ ਪ੍ਰਤੀਕਰਮ ਨੂੰ ਖੁੰਡਾ ਕਰਨ ਲਈ ਫੌਜ ਵੱਲੋਂ ਇਸ ਘਟਨਾ ਬਾਰੇ ਕੋਰਟ ਆਫ ਇਨਕੁਆਰੀ ਬਿਠਾਉਣ ਦਾ ਡਰਾਮਾ ਰਚਿਆ ਗਿਆ ਅਤੇ ਦੂਜੇ ਪਾਸੇ- ਮੇਜਰ ਗਗੋਈ ਨੂੰ ਇਨਾਮ ਨਾਲ ਨਿਵਾਜਣ ਦਾ ਕਦਮ ਲੈ ਲਿਆ ਗਿਆ ਪ੍ਰਸੰਸਾ ਪੱਤਰ ਵਿੱਚ ਕਿਹਾ ਗਿਆ ਹੈ ਕਿ ''ਮੇਜਰ ਲੀਤਲ ਗਗੋਈ ਨੂੰ ਬਗਾਵਤ-ਵਿਰੋਧੀ ਅਪ੍ਰੇਸ਼ਨਾਂ  ਵਿੱਚ ਡਟਵੇਂ ਯਤਨਾਂ ਕਰਕੇ ਸੀ...ਐੱਸ ਪ੍ਰਸੰਸਾ ਪੱਤਰ ਦਿੱਤਾ ਜਾਂਦਾ ਹੈ'' ਮੇਜਰ ਗਗੋਈ ਨੂੰ ਦਿੱਤੇ ਇਨਾਮ ਅਤੇ ਪ੍ਰਸੰਸਾ ਪੱਤਰ ਦੀ ਵਿਆਪਕ ਨਿਖੇਧੀ ਹੋਈ ਹੈ ਇੱਥੋਂ ਤੱਕ ਕਿ ਹਾਕਮ ਹਲਕਿਆਂ ਵਿੱਚ ਵੀ ਇਸ ਘਟਨਾ ਨੂੰ ਹਜ਼ਮ ਨਾ ਕਰ ਵਾਲੀਆਂ ਆਵਾਜ਼ਾਂ ਉੱਠੀਆਂ ਹਨ ਕਸ਼ਮੀਰ ਦੇ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੈਫ-ਉਦ-ਦੀਨ-ਸੋਜ ਵੱਲੋਂ ਕੌਮੀ ਮਨੁੱਖੀ ਅਧਿਕਾਰ  ਕਮਿਸ਼ਨ ਕੋਲ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ''ਮੈਂ ਸੋਚਦਾ ਹਾਂ ਕਿ ਕੌਮੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੂੰ ਜਾਂ ਤਾਂ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਆਪਣੇ ਵਕਾਰ ਦੀ ਮੁੜ-ਬਹਾਲੀ ਲਈ ਆਪਣੀ ਹਸਤੀ ਨੂੰ ਜਤਲਾਉਣਾ ਚਾਹੀਦਾ ਹੈ'' ਕਸ਼ਮੀਰ ਦੀ ਆਜ਼ਾਦੀ ਦੀ ਮੰਗ ਨੂੰ ਬੁਲੰਦ ਕਰਨ ਵਾਲੇ ਸੱਈਅਦ ਅਲੀ ਗਿਲਾਨੀ, ਮੀਰ ਵਾਈਜ਼ ਉਮਰ ਫਾਰੂਖ ਅਤੇ ਮੁਹੰਮਦ ਯਾਸਿਨ ਮਲਿਕ ਵੱਲੋਂ ਕਸ਼ਮੀਰ ਵਿੱਚ ਸ਼ਾਂਤਮਈ ਰੋਸ ਜਤਲਾਉਣ ਦਾ ਸੱਦਾ ਦਿੰਦਿਆਂ, ਕੌਮਾਂਤਰੀ ਨਿਆਇਕ ਅਦਾਲਤ ਅਤੇ ਐਮਨੈਸਟੀ ਇੰਟਰਨੈਸ਼ਨਲ ਨੂੰ ਇਸ ਘਟਨਾ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਗਈ ਹੈ ਐਡੇ ਵਿਆਪਕ ਅਤੇ ਤਿੱਖੇ ਪ੍ਰਤੀਕਰਮ ਅਤੇ ਰੋਸ ਦੇ ਬਾਵਜੂਦ, ਨਾ ਸਿਰਫ ਮੇਜਰ ਗਗੋਈ ਨੂੰ ਇਨਾਮ-ਸਨਮਾਨ ਦਿੱਤਾ ਗਿਆ, ਸਗੋਂ ਫੌਜ ਮੁਖੀ ਅਤੇ ਸੰਘ ਲਾਣੇ ਦੀ ਹਕੂਮਤ ਵੱਲੋਂ ਇਸ ਘਟਨਾ ਨੂੰ ਠੋਕ-ਵਜਾ ਕੇ ਦਰੁਸਤ ਕਰਾਰ ਦਿੱਤਾ ਗਿਆ ਫੌਜ ਮੁਖੀ ਰਾਵਤ ਵੱਲੋਂ ਇਸ ਨੂੰ ਵਾਜਬ ਠਹਿਰਾਉਣ ਦਾ ਨਕਲੀ ਆਧਾਰ ਪੇਸ਼ ਕਰਦਿਆਂ ਕਿਹਾ ਗਿਆ, ''ਇਹ ਪਿੱਠ ਪਿੱਛੋਂ ਲੜੀ ਜਾ ਰਹੀ ਜੰਗ ਹੈ ਅਤੇ ਅਜਿਹੀ ਜੰਗ ਕੋਝੀ ਹੁੰਦੀ ਹੈ ਇਹ ਕੋਝੇ ਢੰਗ ਨਾਲ ਹੀ ਲੜੀ ਜਾਂਦੀ ਹੈ ਲੜਾਈ ਵਿੱਚ ਅਸੂਲਾਂ ਦੀ ਵਰਤੋਂ ਉਦੋਂ ਹੁੰਦੀ ਹੈ ਜਦੋਂ ਦੁਸ਼ਮਣ ਸਾਹਮਣੇ ਮੱਥੇ ਕੇ ਲੜਦਾ ਹੈ ਇਹ ਜੰਗ ਕੋਝੀ ਹੋਣ ਕਰਕੇ, ਇੱਥੇ ਨਵੇਂ ਢੰਗ ਤਰੀਕੇ ਸੋਚਣੇ ਪੈਂਦੇ ਹਨ ਤੁਸੀਂ ਨਵੇਂ ਢੰਗ ਤਰੀਕਿਆਂ ਨਾਲ ਅਜਿਹੀ ਕੋਝੀ ਜੰਗ ਲੜਦੇ ਹੋ''
ਇਸੇ ਤਰਾਂ ਮੋਦੀ ਹਕੂਮਤ ਵੱਲੋਂ ਕਸ਼ਮੀਰ ਮਾਮਲਿਆਂ ਦੇ ਕਰਤਾ-ਧਰਤਾ ਥਾਪੇ ਗਏ ਮਾਧਵ-ਰਾਓ ਵੱਲੋਂ ਆਪਣੀ ਮੱਧ-ਯੁੱਗੀ ਫਿਰਕੁ ਫਾਸ਼ੀ ਬਿਰਤੀ ਦਾ ਮੁਜਾਹਰਾ ਕਰਦਿਆਂ, ਫੁਰਮਾਇਆ ਗਿਆ ਕਿ ''ਜੰਗ ਅਤੇ ਪਿਆਰ ਵਿੱਚ ਹਰ ਗੱਲ ਜਾਇਜ਼ ਹੁੰਦੀ ਹੈ'' ਗ੍ਰਹਿ ਮੰਤਰੀ ਰਾਜਨਾਥ ਵੱਲੋਂ ਇਸ ਘਟਨਾ 'ਤੇ ਸਿੱਧਾ ਕੁੱਝ ਬੋਲਣ ਦੀ ਬਜਾਇ, ਦਾਅਵਾ ਕੀਤਾ ਗਿਆ ਕਿ ਕਸ਼ਮੀਰ ਵਿੱਚ ਇੱਕ ਸਾਲ ਦੇ ਅੰਦਰ ਅੰਦਰ ਸ਼ਾਂਤੀ ਵਰਤਾ ਦਿੱਤੀ ਜਾਵੇਗੀ ਉਸਦਾ ਇਹ ਬਿਆਨ ਭਾਰਤੀ ਫੌਜ ਵੱਲੋਂ ਕਸ਼ਮੀਰ ਵਿੱਚ ਸ਼ਾਂਤੀ ਵਰਤਾਉਣ ਦੇ ਮਨਸੂਬੇ ਤਹਿਤ ਅਖੌਤੀ ''ਵੱਖਵਾਦੀ'' ਲਹਿਰ ਨੂੰ ਕੁਚਲਣ ਲਈ ਜਬਰੋ-ਜ਼ੁਲਮ ਦੀ ਝੁਲਾਈ ਜਾ ਰਹੀ ਹਨੇਰੀ ਦੀ ਪਿੱਠ ਠੋਕਣ ਅਤੇ ਇਸ ਘਟਨਾ ਦੀ ਪ੍ਰੋੜਤਾ ਕਰਨ ਤੋਂ ਸਿਵਾਇ ਹੋਰ ਕੁੱਝ ਨਹੀਂ ਹੈ ਫੌਜ ਮੁਖੀ ਅਤੇ ਹਕੂਮਤੀ ਹਲਕਿਆਂ ਦੀ ਬਿਆਨਬਾਜ਼ੀ ਸਾਫ ਕਰ ਦਿੰਦੀ ਹੈ ਕਿ ਇਸ ਘਟਨਾ 'ਤੇ ਬਿਠਾਈ ਗਈ ਕੋਰਟ ਆਫ ਇਨਕੁਆਰੀ ਨਿਰਾ ਦੰਭ ਹੈ ਅਸਲ ਵਿੱਚ- ਕੇਂਦਰ ਦੀ ਹਿੰਦੂਤਵਾ ਫਾਸ਼ੀ ਹਕੂਮਤ ਅਤੇ ਉਸਦੇ ਕਸ਼ਮੀਰ ਅੰਦਰਲੇ ਸਹਿਯੋਗੀਆਂ ਸਮੇਤ ਭਾਰਤੀ ਧਾੜਵੀ ਫੌਜ ਦੇ ਕਰਤਾ-ਧਰਤਾ ਕਸ਼ਮੀਰ ਵਿਚਲੀ ਸਮੱਸਿਆ ਨੂੰ ਸਿਆਸੀ ਸਮੱਸਿਆ ਸਮਝਣ ਦੀ ਬਜਾਇ, ਨਿਰੋਲ ਅਮਨ-ਕਾਨੂੰਨ ਦੀ ਸਮੱਸਿਆ ਸਮਝਦੇ ਹਨ ਉਹ ਇਸ ਨੂੰ ਪਾਕਿਸਤਾਨ ਵੱਲੋਂ ਭੜਕਾਈ ਜਾ ਰਹੀ ਸਮੱਸਿਆ ਬਣਾ ਕੇ ਪੇਸ਼ ਕਰ ਰਹੇ ਹਨ ਇਸ ਕਰਕੇ ਉਹ ਇਸਦਾ ਸਿਆਸੀ ਹੱਲ ਤਲਾਸ਼ਣ ਤੋਂ ਮੁਨਕਰ ਹੁੰਦਿਆਂ, ਮਹਿਜ਼ ਫੌਜੀ ਤਾਕਤ ਦੇ ਜ਼ੋਰ ਹੱਲ ਕਰਨ 'ਤੇ ਤੁਲੇ ਹੋਏ ਹਨ 
ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਕਸ਼ਮੀਰ ਸਮੱਸਿਆ ਨੂੰ ਸਿਆਸੀ ਸਮੱਸਿਆ ਵਜੋਂ ਦੇਖਣ ਤੋਂ ਹੀ ਅਸਮਰੱਥ ਜਾਂ ਆਹਰੀ ਹਨ ਉਹ ਇਹ ਕੁੱਝ ਭਲੀਭਾਂਤ ਸਮਝਦੇ ਹਨ ਕਿ ਕਸ਼ਮੀਰ ਸਮੱਸਿਆ ਇੱਕ ਸਿਆਸੀ ਸਮੱਸਿਆ ਹੈ ਇਸਦੇ ਬਾਵਜੂਦ, ਜੇ ਉਹ ਇਸ ਨੂੰ ਸਿਆਸੀ ਸਮੱਸਿਆ ਸਮਝਣ ਤੋਂ ਇਨਕਾਰੀ ਹੁੰਦਿਆਂ ਫੌਜੀ ਹਮਲਾਵਰ ਮੁਹਿੰਮ ਰਾਹੀਂ ਕਸ਼ਮੀਰੀ ਲੋਕਾਂ 'ਤੇ ਜਬਰੀ ਦਾਬਾ ਅਤੇ ਅਧੀਨਗੀ ਠੋਸਣਾ ਅਤੇ ਇਉਂ, ਕਸ਼ਮੀਰ ਨੂੰ ਭਾਰਤੀ ਕੌਮਾਂ ਦੇ ਜੇਲਖਾਨੇ ਦਾ ਅੰਗ ਬਣਾ ਕੇ ਰੱਖਣਾ ਚਾਹੁੰਦੇ ਹਨ ਤਾਂ ਇਸ ਪਿੱਛੇ ਉਹਨਾਂ ਦੇ ਸੋਚੇ-ਸਮਝੇ ਹਿੰਦੂ ਫਿਰਕੂ ਮਨਸੂਬੇ ਛੁਪੇ ਹੋਏ ਹਨ 
ਪਹਿਲਾਹਿੰਦੂਤਵੀ ਸੰਘ ਲਾਣੇ ਮੁਤਾਬਕ ਕਸ਼ਮੀਰ ਸਮੇਤ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਅਤੇ ਸਮੁੱਚਾ ਪਿਕਸਸਤਾਨ ਭਾਰਤ ਦਾ ਅਟੁੱਟ ਅੰਗ ਹੈ ਮੁਸਲਮਾਨ ਵਿਦੇਸ਼ੀ ''ਹਮਲਾਵਰ ਕੌਮ'' ਹੈ, ਜਿਸਨੇ ਬਾਹਰੋਂ ਕੇ ਨਾ ਸਿਰਫ ਭਾਰਤ ਦੀ ਧਰਤੀ 'ਤੇ ਕਬਜ਼ਾ ਕੀਤਾ ਸੀ, ਸਗੋਂ ਹਿੰਦੂਆਂ ਦੀ ਕਾਫੀ ਵੱਡੀ ਗਿਣਤੀ ਦਾ ਧਰਮ ਪ੍ਰੀਵਰਤਨ ਕਰਦਿਆਂ, ਉਸ ਨੂੰ ਵੀ ਮੁਸਲਮਾਨ ਬਣਾਇਆ ਹੈ ਇਸ ਲਈ, ਭਾਰਤ ਦੀ ਧਰਤੀ 'ਤੇ ਰਹਿ ਰਹੀ ਇਸ ''ਵਿਦੇਸ਼ੀ ਕੌਮ'' ਨੂੰ ਇਸ ਧਰਤੀ ਦੀ ਜੱਦੀ ਮਾਲਕ ਅਖੌਤੀ ਹਿੰਦੂ ਕੌਮ ਬਰਾਬਰ ਹੱਕ ਮਾਨਣ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਨੇ ਜੇ ਇੱਥੇ ਰਹਿਣਾ ਹੈ ਤਾਂ ਅਖੌਤੀ ਹਿੰਦੂ ਕੌਮ ਦੀ ਅਧੀਨਗੀ ਅਤੇ ਗਲਬੇ ਹੇਠ ਰਹਿਣਾ ਕਬੂਲ ਕਰਨਾ ਪਵੇਗਾ ਆਪਣੀ ਇਸੇ ਸੋਚ ਤਹਿਤ ਇਹ ਸੰਘ ਲਾਣਾ ਕਸ਼ਮੀਰੀ ਕੌਮ ਦੀ ਆਪਾ-ਨਿਰਣੇ ਅਤੇ ਆਜ਼ਾਦੀ ਦੀ ਮੰਗ ਤਾਂ ਦੂਰ ਰਹੀ, ਉਸ ਨੂੰ ਭਾਰਤ ਅੰਦਰ ਮਾਮੂਲੀ ਵਿਸ਼ੇਸ਼ ਅਧਿਕਾਰ ਮੁਹੱਈਆ ਕਰਦੀ ਧਾਰਾ 370 ਨੂੰ ਬਰਦਾਸ਼ਤ ਕਰਨ ਲਈ ਵੀ ਤਿਆਰ ਨਹੀਂ ਹੈ ਧਾਰਾ 370 ਦਾ ਫਸਤਾ ਵੱਢਣਾ ਇਸ ਫਾਸ਼ੀ ਲਾਣੇ ਦੇ ਏਜੰਡੇ ਦਾ ਇੱਕ ਉੱਭਰਵਾਂ ਅਤੇ ਅਹਿਮ ਨੁਕਤਾ ਹੈ ਆਪਣੀ ਇਸੇ ਫਾਸ਼ੀ ਸੋਚ ਤਹਿਤ ਉਹ ਕਸ਼ਮੀਰ ਸਮੱਸਿਆ ਨੂੰ ਪਾਕਿਸਤਾਨ ਦੀ ਮੁਸਲਮਾਨ ਹਕੂਮਤ ਵੱਲੋਂ ਭਾਰਤ ਅੰਦਰ ਗੜਬੜ ਫੈਲਾਉਣ ਦੀ ਕੋਸ਼ਿਸ਼ ਵਜੋਂ ਪੇਸ਼ ਕਰਦਿਆਂ, ਇਸ ਨੂੰ ਮਹਿਜ਼ ਅਮਨ-ਕਾਨੂੰਨ ਦੀ ਸਮੱਸਿਆ ਵਜੋਂ ਸਥਾਪਤ ਕਰਨਾ ਅਤੇ ਫੌਜੀ ਜਬਰੋ-ਜ਼ੁਲਮ ਰਾਹੀਂ ਹੱਲ ਕਰਨਾ ਚਾਹੁੰਦੇ ਹਨ 
ਦੂਜਾਉਹ ਕਸ਼ਮੀਰ ਦੀ ਧਰਤੀ ਨੂੰ ਇਸ ਦੇ ਲੋਕਾਂ 'ਤੇ ਫੌਜੀ ਹੱਲ ਠੋਸਣ ਦੇ ਤਜਰਬੇ ਦੀ ਪ੍ਰਯੋਗਸ਼ਾਲਾ ਬਣਾਉਣਾ ਚਾਹੁੰਦੇ ਹਨ ਤਾਂ ਕਿ ਇਹ ਨਾਦਰਸ਼ਾਹੀ ਧਾੜਵੀ ਤਜਰਬਾ ਜਬਰੀ ਮੁਲਕ ਦੇ ਲੋਕਾਂ ਦੇ ਸੰਘ ਥਾਣੀਂ ਉਤਾਰਿਆ ਜਾਵੇ ਅਤੇ ਇਸ ਨੂੰ ਮੁਲਕ ਭਰ ਵਿੱਚ ਭਾਰਤੀ ਹਾਕਮਾਂ ਦੇ ਲੋਟੂ ਅਤੇ ਖੂੰਖਾਰ ਰਾਜ ਨੂੰ ਚੁਣੌਤੀ ਦੇਣ ਵਾਲੀਆਂ ਲੋਕ ਲਹਿਰਾਂ 'ਤੇ ਬੇਕਿਰਕੀ ਨਾਲ ਵਰਤਿਆ ਜਾਵੇ ਇਹ ਚਾਹੇ ਮੁਲਕ ਦੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀ ਆਪਾ-ਨਿਰਣੇ ਅਤੇ ਖੁਦਮੁਖਤਿਆਰੀ ਦੀਆਂ ਲਹਿਰਾਂ ਹੋਣ, ਚਾਹੇ ਮੁਲਕ ਦੇ ਕਈ ਸੂਬਿਆਂ ਵਿੱਚ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਹੇਠ ਚੱਲਦੀ ਇਨਕਲਾਬੀ ਲਹਿਰ ਹੋਵੇਸਭਨਾਂ ਲਹਿਰਾਂ ਨੂੰ ਅਮਨ-ਕਾਨੂੰਨ ਦੀ ਸਮੱਸਿਆ ਦਾ ਠੱਪਾ ਲਾਉਂਦਿਆਂ ਅਤੇ ਅਖੌਤੀ ਵਿਕਾਸ ਵਿੱਚ ਅੜਿੱਕਾ ਕਰਾਰ ਦਿੰਦਿਆਂ, ਇਹਨਾਂ ਨੂੰ ਦਰੜ ਸੁੱਟਣ ਲਈ ਫੌਜੀ ਧਾੜਾਂ ਨੂੰ ਬੇਲਗਾਮ ਕੀਤਾ ਜਾਵੇ ਇਹ ਤਜਰਬਾ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀ ਲਹਿਰਾਂ ਸਮੇਤ ਛੱਤੀਸਗੜ•, ਝਾਰਖੰਡ, ਬਿਹਾਰ, ਉੜੀਸਾ, ਮਹਾਂਰਾਸ਼ਟਰ, ਤਿਲੰਗਾਨਾ ਆਦਿ ਸੂਬਿਆਂ ਵਿੱਚ ਚੱਲਦੀ ਹਥਿਆਰਬੰਦ ਇਨਕਲਾਬੀ ਜ਼ਰੱਈ ਲਹਿਰ 'ਤੇ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ 
ਤੀਜਾਭਾਰਤੀ ਫੌਜ ਨੂੰ ਹਿੰਦੂਤਵੀ ਫਾਸ਼ੀਵਾਦ ਦੀਆਂ ਲੀਹਾਂ ਅਨੁਸਾਰ ਢਾਲਣਾ ਹੈ ਆਰ.ਐਸ.ਐਸ. ਵੱਲੋਂ ਦਹਾਕਿਆਂ ਤੋਂ ਭਾਰਤੀ ਫੌਜ ਅਤੇ ਸਾਬਕਾ ਫੌਜੀਆਂ ਨੂੰ ਆਪਣੇ ਅਸਰ ਹੇਠ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਦੋ ਜਰਨੈਲਾਂ ਦੀ ਸੀਨੀਆਰਤਾ ਨੂੰ ਛਿੱਕੇ ਟੰਗਦਿਆਂ, ਇੱਕ ਜੂਨੀਅਰ ਜਰਨੈਲ ਬਿਪਨ ਰਾਵਤ ਨੂੰ ਭਾਰਤੀ ਫੌਜ ਦਾ ਮੁਖੀ ਥਾਪਣਾ ਇਹਨਾਂ ਕੋਸ਼ਿਸ਼ਾਂ ਦਾ ਹੀ ਇੱਕ ਅੰਗ ਹੈ ਕਸ਼ਮੀਰ ਬਾਰੇ ਫੌਜ ਮੁਖੀ ਦੀ ਚੱਕਵੀਂ ਸੁਰ ਅਤੇ ਧਾੜਵੀ ਬਿਆਨਬਾਜ਼ੀ ਸੰਘ ਲਾਣੇ (ਮੋਦੀ ਹਕੂਮਤ) ਦੀਆਂ ਫੌਜ ਦੇ ਫਾਸ਼ੀਕਰਨ ਕਰਨ ਦੀਆਂ ਕੋਸ਼ਿਸ਼ਾਂ ਦੇ ਅੰਗ ਵਜੋਂ ਹੀ ਕੀਤੀ ਜਾ ਰਹੀ ਹੈ 
ਚੌਥਾਕਸ਼ਮੀਰ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਪਾਕਿਸਤਾਨ ਵੱਲੋਂ ਖੜ ਕੀਤੀ ਗਈ ਸਮੱਸਿਆ ਵਜੋਂ ਪੇਸ਼ ਕਰਕੇ ਨਾ ਸਿਰਫ ਕਸ਼ਮੀਰ ਅਤੇ ਪਾਕਿਸਤਾਨ ਦੇ ਮੁਸਲਮਾਨਾਂ ਖਿਲਾਫ ਹਿੰਦੂ ਫਿਰਕੂ ਫਾਸ਼ੀ ਜਨੂੰਨ ਨੂੰ ਪਲੀਤਾ ਲਾਉਣਾ ਹੈ, ਇਸ ਤੋਂ ਅੱਗੇ ਮੁਲਕ ਦੇ ਹੋਰਨਾਂ ਸੂਬਿਆਂ ਵਿੱਚ ਰਹਿੰਦੇ ਮੁਸਲਮਾਨ ਭਾਈਚਾਰੇ ਨੂੰ ਵੀ ਮਾਰ ਹੇਠ ਲਿਆਉਣਾ ਹੈ ਬਾਬਰੀ ਮਸਜ਼ਿਦ, ਗਊ ਮਾਸ ਖਾਣ, ਅਖੌਤੀ ਲਵ-ਜਹਾਦ, ਟੀਪੂ ਸੁਲਤਾਨ ਦੀ ਬਰਸੀ ਆਦਿ ਮਾਮਲਿਆਂ ਨੂੰ ਚੁੱਕਦਿਆਂ ਅਤੇ ਮੁਸਲਮਾਨ ਵਿਅਕਤੀਆਂ ਨੂੰ ਆਈ.ਐਸ. ਅਤੇ ਹੋਰਨਾਂ ਦਹਿਸ਼ਤਗਰਦ ਜਥੇਬੰਦੀਆਂ ਦੇ ਸੰਦਾਂ ਵਜੋਂ ਪੇਸ਼ ਕਰਦਿਆਂ, ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਅਖੌਤੀ ਹਿੰਦੂ ਰਾਸ਼ਟਰ ਅਤੇ ''ਮੁਲਕ ਦੀ ਏਕਤਾ ਅਤੇ ਅਖੰਡਤਾ'' ਨੂੰ ਦਰਪੇਸ਼ ਭਿਆਨਕ ਖਤਰੇ ਵਜੋਂ ਉਭਾਰਨ ਦੇ ਯਤਨ ਕੀਤੇ ਜਾ ਰਹੇ ਹਨ ਇਉਂ, ਮੁਲਕ ਅੰਦਰ ਵੱਡੀ ਭਾਰੀ ਬਹੁਗਿਣਤੀ (ਲੱਗਭੱਗ 85 ਫੀਸਦੀ) ਹਿੰਦੂ ਧਰਮੀ ਲੋਕਾਂ ਦੀ ਸੰਘ ਲਾਣੇ ਦੀ ਹਿੰਦੂਤਵੀ ਫਾਸ਼ੀ ਵਿਚਾਰਧਾਰਾ ਦੁਆਲੇ ਲਾਮਬੰਦ ਦੀ ਕਰਨ ਲਈ ਯੋਜਨਾਬੱਧ ਢੰਗ ਨਾਲ ਚੱਲਿਆ ਜਾ ਰਿਹਾ ਹੈ ਇਸਦਾ ਫੌਰੀ ਮਕਸਦ 2019 ਵਿੱਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ, ਹਿੰਦੂ ਧਾਰਮਿਕ ਜਨਤਾ ਅੰਦਰ ਵੋਟ ਬੈਂਕ ਦਾ ਪਸਾਰਾ ਕਰਨਾ ਅਤੇ ਇਸ ਨੂੰ ਪੱਕੇ ਪੈਰੀਂ ਕਰਨਾ ਹੈ, ਤਾਂ ਕਿ ਭਾਜਪਾ ਦੀ ਜਿੱਤ ਯਕੀਨੀ ਬਣਾਈ ਜਾ ਸਕੇ ਇਸਦਾ ਦੂਰਗਾਮੀ ਮੰਤਵ- ਹਿੰਦੂਤਵਾ ਫਾਸ਼ੀਵਾਦ ਦਾ ਛੱਟਾ ਦੇਣਾ ਅਤੇ ਪਸਾਰਾ ਕਰਨਾ ਹੈ ਤਾਂ ਕਿ ਆਰ.ਐਸ.ਐਸ. ਸਮੇਤ ਇਸਦੀ ਅਗਵਾਈ ਹੇਠਲੀਆਂ ਹਿੰਦੂ ਫਿਰਕੂ ਜਥੇਬੰਦੀਆਂ ਦੇ ਤਾਣੇ-s sਬਾਣੇ ਨੂੰ ਤਕੜਾ ਕੀਤਾ ਜਾ ਸਕੇ ਅਤੇ ਮੁਲਕ ਨੂੰ ਆਰ.ਐਸਐਸ. ਦੀ ਰਹਿਨੁਮਾਈ ਹੇਠ ਇੱਕ ਹਿੰਦੂ ਰਾਸ਼ਟਰ ਐਲਾਨਣ ਵੱਲ ਵਧਿਆ ਜਾ ਸਕੇ 
ਪੰਜਵਾਂ— 2014 ਦੀਆਂ ਪਾਰਲੀਮਾਨੀ ਚੋਣਾਂ ਦੀ ਮੁਹਿੰਮ ਦੌਰਾਨ ਭਾਜਪਾ ਅਤੇ ਮੋਦੀ ਵੱਲੋਂ ਕੀਤੇ ਇਕੱਠਾਂ ਵਿੱਚ ਬਾਹਾਂ ਉਲਾਰ ਉਲਾਰ ਕੇ ਇਹ ਦਮਗਜ਼ੇ ਮਾਰੇ ਗਏ ਸਨ ਕਿ ਭਾਜਪਾ (ਐਨ.ਡੀ..) ਦੀ ਹਕੂਮਤ ਬਣਨ 'ਤੇ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਅਤੇ ਹਰ ਭਾਰਤੀ ਦੇ ਖਾਤੇ ਵਿੱਚ 15-15 ਲੱਖ ਰੁਪਇਆ ਪਾਇਆ ਜਾਵੇਗਾ; ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕਿਸਾਨਾਂ ਨੂੰ ਲਾਗਤ ਮੁੱਲ 'ਤੇ 50 ਫੀਸਦੀ ਮੁਨਾਫਾ ਮੁਹੱਈਆ ਕਰਵਾਇਆ ਜਾਵੇਗਾ; ਨੌਜਵਾਨਾਂ ਲਈ ਨੌਕਰੀਆਂ/ਰੁਜ਼ਗਾਰ ਦੇ ਦਰ ਚੁਪੱਟ ਖੋਲ ਜਾਣਗੇ; ਭ੍ਰਿਸ਼ਟਾਚਾਰ ਦਾ ਸਫਾਇਆ ਕਰ ਦਿੱਤਾ ਜਾਵੇਗਾ ਆਦਿ ਆਦਿ ਨਾ ਕਾਲਾ ਧਨ ਵਾਪਸ ਲਿਆਂਦਾ ਗਿਆ, ਨਾ ਕਾਣੀ ਕੌਡੀ ਕਿਸੇ ਦੇ ਖਾਤੇ ਵਿੱਚ ਜਮਾਂ ਕਰਵਾਈ ਗਈ, ਨਾ ਕਿਸਾਨਾਂ ਨੂੰ ਕੋਈ ਰਾਹਤ ਮਿਲੀ ਅਤੇ ਨਾ ਨੌਜਵਾਨਾਂ ਨੂੰ ਜਗਾਈ ਰੁਜ਼ਗਾਰ ਦੀ ਆਸ ਨੂੰ ਬੂਰ ਪਿਆ ਉਲਟਾ, ਸਾਮਰਾਜੀ-ਨਿਰਦੇਸ਼ਤ ਅਖੌਤੀ ਸੁਧਾਰਾਂ ਦੀ ਸ਼ਕਲ ਵਿੱਚ ਮਿਹਨਤਕਸ਼ ਲੋਕਾਂ 'ਤੇ ਬੋਲੇ ਆਰਥਿਕ ਹੱਲੇ ਨੂੰ ਤੇਜ ਕੀਤਾ ਜਾ ਰਿਹਾ ਹੈ ਕਾਰਪੋਰੇਟ ਗਿਰਝਾਂ ਨੂੰ ਮੁਲਕ ਦੇ ਕਿਰਤ-ਕਮਾਈ, ਜਲ, ਜੰਗਲ, ਜ਼ਮੀਨ ਅਤੇ ਦੌਲਤ-ਖਜ਼ਾਨਿਆਂ ਨੂੰ ਨੋਚਣ-ਚੂੰਡਣ ਲਈ ਸਭ ਰੋਕਾਂ-ਟੋਕਾਂ ਹਟਾਉਣ ਦੇ ਅਮਲ ਨੂੰ ਅੱਡੀ ਲਾਈ ਜਾ ਰਹੀ ਹੈ ਲੋਕਾਂ ਦੀ ਰੋਟੀ-ਰੋਜ਼ੀ 'ਤੇ ਝਪਟਿਆ ਜਾ ਰਿਹਾ ਹੈ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਤੇਜ਼ ਹੋ ਰਿਹਾ ਹੈ ਬੇਰੁਜ਼ਗਾਰ ਨੌਜਵਾਨਾਂ ਦੀਆਂ ਕਤਾਰਾਂ ਲੰਮੀਆਂ ਹੋ ਰਹੀਆਂ ਹਨ ਲੋਕਾਂ ਦੀ ਗੁੱਲੀ, ਕੁੱਲੀ, ਜੁੱਲੀ ਦੀਆਂ ਬੁਨਿਆਦੀ ਲੋੜਾਂ ਅਤੇ ਕਾਰਪੋਰੇਟਾਂ ਦੀ ਲੁੱਟ-ਖੋਹ ਤੋਂ ਧਿਆਨ ਤਿਲਕਾਉਣ ਅਤੇ ਲੋਕ-ਸੁਰਤੀ ਨੂੰ ਅਖੌਤੀ ਵੱਖਵਾਦ ਅਤੇ ਅੱਤਵਾਦ ਦੇ ਖਤਰੇ ਨਾਲ ਨਜਿੱਠਣ ਲਈ ਚਲਾਈਆਂ ਅਖੌਤੀ ਸਰਜੀਕਲ ਸਟਰਾਇਕ, ਨੋਟਬੰਦੀ ਸਮੇਤ ਗਊ ਰੱਖਿਆ, ਗੰਗਾ ਅਤੇ ਨਰਬਦਾ ਦੀ ਸਫਾਈ ਆਦਿ ਮੁਹਿੰਮਾਂ 'ਤੇ ਕੇਂਦਰਤ ਕੀਤਾ ਜਾ ਰਿਹਾ ਹੈ 
ਮੁੱਕਦੀ ਗੱਲਸਾਮਰਾਜੀ ਦਲਾਲ ਭਾਰਤੀ ਹਾਕਮ ਜਮਾਤਾਂ ਦੀ ਥਾਪੜਾ ਪ੍ਰਾਪਤ ਮੋਦੀ ਹਕੂਮਤ ਵੱਲੋਂ ਇੱਕ ਹੱਥ ਮੁਲਕ 'ਤੇ ਦੇਸ਼ੀ-ਵਿਦੇਸ਼ੀ ਕਾਰਪੋਰੇਟਾਂ, ਜਾਗੀਰਦਾਰਾਂ, ਦਲਾਲ ਵੱਡੀ ਅਫਸਰਸ਼ਾਹੀ ਅਤੇ ਸਿਆਸੀ ਲਾਣੇ ਦੀ ਧਾੜਵੀ ਲੁੱਟ-ਖੋਹ ਦੇ ਹੱਲੇ ਨੂੰ ਤੇਜ਼ ਕੀਤਾ ਜਾ ਰਿਹਾ ਹੈ; ਦੂਜੇ ਹੱਥ- ਭਾਰਤੀ ਹਾਕਮਾਂ ਦੇ ਪਸਾਰਵਾਦੀ ਦਾਬੇ, ਧੌਂਸ ਅਤੇ ਲੁੱਟ-ਖੋਹ ਨੂੰ ਚੁਣੌਤੀ ਦੇ ਰਹੀਆਂ ਹੱਕੀ ਲੋਕ-ਲਹਿਰਾਂ ਨੂੰ ਵੱਖਵਾਦੀ ਅਤੇ ਅੱਤਵਾਦੀ ਗਰਦਾਨਦਿਆਂ, ਇਹਨਾਂ ਲਹਿਰਾਂ ਨੂੰ ਖੂਨ ਵਿੱਚ ਡਬੋਣ ਲਈ ਫੌਜੀ ਹੱਲਾ ਬੋਲਿਆ ਹੋਇਆ ਹੈ ਅਤੇ ਇਸ ਹੱਲੇ ਨੂੰ ਤਿੱਖ ਅਤੇ ਪਸਾਰਾ ਮੁਹੱਈਆ ਕੀਤਾ ਜਾ ਰਿਹਾ ਹੈ ਇਹ ਫੌਜੀ ਹੱਲਾ ਮੁਲਕ ਦੀ ਸਮੁੱਚੀ ਮਿਹਨਤਕਸ਼ ਜਨਤਾ, ਸਭਨਾਂ ਕੌਮਾਂ, ਧਾਰਮਿਕ ਘੱਟ-ਗਿਣਤੀਆਂ, ਦਲਿਤਾਂ ਅਤੇ ਆਦਿਵਾਸੀਆਂ ਖਿਲਾਫ ਸੇਧਤ ਹੈ ਇਹ ਹੱਲਾ ਜਨਤਾ ਦੇ ਇਹਨਾਂ ਸਭਨਾਂ ਹਿੱਸਿਆਂ ਅੰਦਰ ਔਖ, ਪ੍ਰਤੀਕਰਮ ਅਤੇ ਰੋਹ ਨੂੰ ਪ੍ਰਚੰਡ ਕਰ ਰਿਹਾ ਹੈ ਅਤੇ ਇਹਨਾਂ ਸਭਨਾਂ ਹਿੱਸਿਆਂ ਦੀਆਂ ਖਰੀਆਂ, ਇਨਕਲਾਬੀ, ਲੋਕ-ਹਿਤੈਸ਼ੀ ਅਤੇ ਜਮਹੁਰੀ ਲਹਿਰਾਂ ਨੂੰ ਵਿਸ਼ਾਲ ਏਕੇ ਵਿੱਚ ਪਰੋਣ ਦਾ ਆਧਾਰ ਤਿਆਰ ਕਰ ਰਿਹਾ ਹੈ  0-0

No comments:

Post a Comment