Thursday, 6 July 2017

ਅਮਰੀਕੀ ਹਾਕਮਾਂ ਵੱਲੋਂ ਪੈਰਿਸ ਵਾਤਾਵਰਣ ਸਮਝੌਤੇ ਨਾਲੋਂ ਤੋੜ-ਵਿਛੋੜਾ


ਅਮਰੀਕੀ ਹਾਕਮਾਂ ਵੱਲੋਂ ਪੈਰਿਸ ਵਾਤਾਵਰਣ ਸਮਝੌਤੇ ਨਾਲੋਂ ਤੋੜ-ਵਿਛੋੜਾ
-ਦਲਜੀਤ
ਅਮਰੀਕਾ ਦੇ ਟਰੰਪ ਪ੍ਰਸਾਸ਼ਨ ਨੇ ਪੈਰਿਸ ਵਿੱਚ ਕੀਤੇ ਦਸੰਬਰ 2015 ਦੇ ਵਾਤਾਵਰਣ ਸਮਝੌਤੇ ਤੋਂ ਭੱਜਣਾ ਸੀ, ਭੱਜ ਗਿਆ ਡੇਢ ਕੁ ਸਾਲ ਪਹਿਲਾਂ ਸਵੈ-ਮਰਜ਼ੀ 'ਤੇ ਆਧਾਰਤ ਕੀਤੇ ਸਮਝੌਤੇ ਨੂੰ ਇਸ ਸਾਲ ਜੂਨ ਦੇ ਪਹਿਲੇ ਹਫਤੇ ਪੈਰਿਸ ਵਿੱਚ ਆਖਰੀ ਰੂਪ ਦਿੱਤਾ ਜਾਣਾ ਸੀ ਸੀਰੀਆ ਅਤੇ ਨਿਕਾਰਾਗੁਆ ਨੂੰ ਛੱਡ ਕੇ ਬਾਕੀ ਦੁਨੀਆਂ ਦੇ 195 ਮੁਲਕਾਂ ਨੇ ਇਸ ਨੂੰ ਸਿਰੇ ਚਾੜ ਲਈ ਸਹਿਮਤੀ ਪ੍ਰਗਟਾਈ ਸੀ ਸਾਮਰਾਜੀਆਂ ਵੱਲੋਂ ਸੁੱਟੇ ਬੰਬਾਂ ਦੀ ਤਬਾਹੀ ਕਾਰਨ ਸੀਰੀਆ ਨੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ ਅਤੇ ਨਿਕਾਰਾਗੁਆ ਨੂੰ ਇਸ ਸਮੇਂ ਕੀਤੇ ਜਾ ਰਹੇ ਕਿਸੇ ਵਾਤਾਵਰਣ ਸਮਝੌਤੇ ਦੀ ਕੋਈ ਸਾਰਥਿਕਤਾ ਨਹੀਂ ਸੀ ਲੱਗਦੀ, ਕਿਉਂਕਿ ਇਸ ਸਮਝੌਤੇ ਤਹਿਤ ਨਾ ਤਾਂ ਕਿਸੇ ਦੇਸ਼ ਸਿਰ ਕੋਈ ਜੁੰਮੇਵਾਰੀ ਆਇਦ ਹੁੰਦੀ ਸੀ ਅਤੇ ਨਾ ਹੀ ਕਿਸੇ ਵੱਲੋਂ ਉਲੰਘਣ ਕਰਨ 'ਤੇ ਉਸ ਖਿਲਾਫ ਕੋਈ ਕਾਰਵਾਈ ਕੀਤੀ ਜਾ ਸਕਦੀ ਸੀ 
ਟਰੰਪ ਨੇ ਇਸ ਸਮਝੌਤੇ ਤੋਂ ਕਿਨਾਰਾਕਸ਼ੀ ਕਰਨ ਦਾ ਬਹਾਨਾ ਇਹ ਬਣਾਇਆ ਕਿ ਇਹ ਸਮਝੌਤਾ ਅਮਰੀਕਾ 'ਤੇ ਪਾਬੰਦੀਆਂ ਲਾਉਂਦਾ ਹੈ, ਜਦੋਂ ਕਿ ਚੀਨ ਅਤੇ ਭਾਰਤ ਨੂੰ ਮਨ-ਆਈਆਂ ਕਰਨ ਦੀਆਂ ਖੁੱਲਾਂ ਦੇ ਰਿਹਾ ਹੈ ਉਸ ਅਨੁਸਾਰ ਇਸ ਸਮੇਂ ਵਾਤਾਵਰਣ ਨੂੰ ਕੋਈ ਵੱਡਾ ਖਤਰਾ ਨਹੀਂ ਬਲਕਿ ਇਹ ਚੀਨ ਵੱਲੋਂ ਦੁਨੀਆਂ ਦੇ ਲੋਕਾਂ ਨੂੰ ਬੁੱਧੂ ਬਣਾਏ ਜਾਣ ਦੀ ਇੱਕ ਚਾਲ ਹੈ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਇਸ ਸਮਝੌਤੇ ਨੂੰ ਲਾਗੁ ਕਰਵਾਉਣ ਲਈ ''ਅਰਬਾਂ-ਖਰਬਾਂ'' ਡਾਲਰ ਫਜ਼ੂਲ ਖਰਚ ਕੀਤੇ ਜਾਣੇ ਹਨ, ਜਦੋਂ ਕਿ ਅਨੇਕਾਂ ਦੇਸ਼ਾਂ ਨੇ ਇਸ ਵਿੱਚ ਇੱਕ ਧੇਲਾ ਵੀ ਨਹੀਂ ਪਾਉਣਾ ਟਰੰਪ ਅਨੁਸਾਰ ਉਸਨੂੰ ਆਪਣੇ ਦੇਸ਼, ਦੇਸ਼ ਦੇ ਲੋਕਾਂ, ਸਨਅੱਤਾਂ, ਕਾਰੋਬਾਰਾਂ ਅਤੇ ਕਰ-ਦਾਤਿਆਂ ਦੇ ਹਿੱਤਾਂ ਦਾ ਗਹਿਰਾ ਅਹਿਸਾਸ ਹੈ, ਜਿਸ ਕਰਕੇ ਉਹ ਇਹਨਾਂ ਦੇ ਹਿੱਤਾਂ ਨੂੰ ਭੋਰਾ ਆਂਚ ਨਹੀਂ ਆਉਣ ਦੇਣੀ ਚਾਹੁੰਦਾ ਟਰੰਪ ਨੇ ਸ਼ੇਖੀ ਮਾਰੀ ਹੈ ਕਿ ਉਹ ''ਪਿੱਟਸਬਰਗ ਦਾ ਚੁਣਿਆ ਹੋਇਆ ਨੁਮਾਇੰਦਾ ਹੈ, ਪੈਰਿਸ ਦਾ ਨਹੀਂ'' ਇਸ ਕਰਕੇ ਉਸ ਲਈ ''ਅਮਰੀਕੀ-ਪ੍ਰਭੂਸੱਤਾ'' ਪਹਿਲ ਰੱਖਦੀ ਹੈ 
ਟਰੰਪ ਨੇ ਵਾਤਾਵਰਣ ਸਬੰਧੀ ਇਸ ਪੈਰਿਸ ਸਮਝੌਤੇ ਨੂੰ ਛੱਡਣ ਦਾ ਐਲਾਨ ਭਾਵੇਂ ਸੰਮੇਲਨ ਦੇ ਦੌਰਾਨ ਹੀ ਕੀਤਾ, ਪਰ ਇਸ ਸਬੰਧੀ ਉਹ ਪਹਿਲਾਂ ਤੋਂ ਹੀ ਭੂਮਿਕਾ ਬੰਨਦਾ ਰਿਹਾ ਸੀ ਇਸ ਸੰਮੇਲਨ ਤੋਂ ਹਫਤਾ ਕੁ ਪਹਿਲਾਂ ਹੀ ਇਟਲੀ ਦੇ ਸਿਸਲੀ ਸ਼ਹਿਰ ਵਿੱਚ 7 ਦੇਸ਼ਾਂ ਦੇ ਗਰੁੱਪ ਦੀ ਮੀਟਿੰਗ ਸਮੇਂ ਵੀ ਉਸ ਨੇ ਬਾਕੀ ਦੇਸ਼ਾਂ ਵੱਲੋਂ ਵਾਤਾਵਰਣ ਸਬੰਧੀ ਦਿੱਤੇ ਜਾ ਰਹੇ ਸੁਝਾਵਾਂ ਨੂੰ ਠੁਕਰਾ ਦਿੱਤਾ ਸੀ ਅਤੇ ਉਸਨੇ ਆਖਿਆ ਸੀ ਕਿ ਉਹ ਆਪਣਾ ਫੈਸਲਾ ਸੰਮੇਲਨ ਦੇ ਵਿੱਚ ਹੀ ਸੁਣਾਵੇਗਾ ਇਸ ਸਮਝੌਤੇ ਤੋਂ ਬਾਹਰ ਆਉਣ ਦਾ ਫੈਸਲਾ ਟਰੰਪ ਵੱਲੋਂ ਕੀਤਾ ਗਿਆ ਕੋਈ ਫੌਰੀ ਫੈਸਲਾ ਨਹੀਂ ਸੀ ਬਲਕਿ ਟਰੰਪ ਨੇ ਇਸ ਸਮਝੌਤੇ ਨੂੰ ਆਪਣੀ ਚੋਣ-ਮੁਹਿੰਮ ਦੌਰਾਨ ਮੁੱਦਾ ਬਣਾਇਆ ਸੀ ਕਿ ਉਹ ਇਸ ਸਮਝੌਤੇ ਨੂੰ ਰੱਦ ਕਰਵਾਏਗਾ 
ਅਮਰੀਕਾ ਦੇ ਟਰੰਪ ਪ੍ਰਸਾਸ਼ਨ ਵੱਲੋਂ ਇਸ ਸਮਝੌਤੇ ਤੋਂ ਭੱਜਣ ਦੀ ਗੱਲ ਹੈ ਜਾਂ ਦੂਸਰੇ ਦੇਸ਼ਾਂ ਵੱਲੋਂ ਇਸ ਨੂੰ ਲਾਗੂ ਕਰਨ ਦੀਅਸਲ ਮਾਮਲਾ ਆਪੋ-ਆਪਣੇ ਮੁਲਕਾਂ ਦੇ ਆਰਥਿਕ ਅਤੇ ਯੁੱਧਨੀਤਕ ਮਨੋਰਥਾਂ ਦਾ ਹੈ ਇਸ ਸਮੇਂ ਅਮਰੀਕੀ ਆਰਥਿਕਤਾ ਜ਼ਿਆਦਾਤਰ ਕੋਲੇ, ਤੇਲ ਅਤੇ ਗੈਸ ਊਰਜਾ 'ਤੇ ਆਧਾਰਤ ਹੈ ਅਮਰੀਕਾ ਦੁਨੀਆਂ ਵਿੱਚ ਸਭ ਤੋਂ ਵੱਧ ਅਤੇ ਸਭ ਤੋਂ ਵੱਡੀ ਮਸ਼ੀਨਰੀ ਦੀ ਵਰਤੋਂ ਕਰਨ ਵਾਲਾ ਦੇਸ਼ ਰਿਹਾ ਹੈ ਅਤੇ ਹੁਣ ਵੀ ਇਹ ਚੀਨ ਤੋਂ ਬਾਅਦ ਦੂਸਰਾ ਵੱਡਾ ਦੇਸ਼ ਹੈ, ਜੋ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਂਦਾ ਹੈ ਜੇਕਰ ਵਸੋਂ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਅਮਰੀਕਾ ਦੀ ਵਸੋਂ ਸੰਸਾਰ ਦੀ ਕੁੱਲ ਵਸੋਂ ਦਾ 4-5 ਫੀਸਦੀ ਬਣਦੀ ਹੈ, ਜਦੋਂ ਕਿ ਇਸ ਵੱਲੋਂ ਕੱਚੇ-ਪੱਕੇ ਧੂੰਏ, ਗੈਸਾਂ ਅਤੇ ਹੋਰ ਮਾਰੂ ਧੂੜ-ਕਣਾਂ ਰਾਹੀਂ ਪੈਦਾ ਕੀਤਾ ਪ੍ਰਦੂਸ਼ਣ 20-25 ਫੀਸਦੀ ਹੈ ਯਾਨੀ ਜੇਕਰ ਬਾਕੀ ਦੁਨੀਆਂ ਦਾ ਇੱਕ ਬੰਦਾ ਇੱਕ ਕਿਲੋ ਪ੍ਰਦੂਸ਼ਣ ਪੈਦਾ ਕਰਦਾ ਹੈ ਤਾਂ ਹਰ ਅਮਰੀਕੀ 5 ਕਿਲੋ ਪ੍ਰਦੂਸ਼ਣ ਪੈਦਾ ਕਰਦਾ ਹੈ ਇਸ ਸਮੇਂ ਭਾਵੇਂ ਚੀਨੀ ਹਾਕਮਾਂ ਵੱਲੋਂ ਅਖਤਿਆਰ ਕੀਤੀ ਸਾਮਰਾਜੀ ਨੀਤੀਆਂ ਤਹਿਤ ਉਹ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲਾ ਦੇਸ਼ ਬਣ ਗਿਆ ਹੈ, ਪਰ ਜੇਕਰ ਵਸੋਂ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਉਹ ਹਾਲੇ ਵੀ ਅਮਰੀਕਾ ਦੇ ਮੁਕਾਬਲੇ ਪੰਜਵਾਂ ਹਿੱਸਾ ਹੀ ਪ੍ਰਦੂਸ਼ਣ ਫੈਲਾ ਰਿਹਾ ਹੈ ਅਮਰੀਕੀ ਹਾਕਮ ਤਾਂ ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਵਿੱਚ ਸ਼ੁਮਾਰ ਕਰਦੇ ਹਨ, ਜੋ ਅਮਰੀਕਾ ਦੇ ਮੁਕਾਬਲੇ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ 
ਵਧਦਾ ਹੋਇਆ ਪ੍ਰਦੂਸ਼ਣ ਇਕੱਲੇ ਕਿਰਤੀ-ਕਮਾਊ ਲੋਕਾਂ ਨੂੰ ਹੀ ਤੰਗ-ਪ੍ਰੇਸ਼ਾਨ ਨਹੀਂ ਕਰਦਾ ਬਲਕਿ ਹਾਕਮ ਜਮਾਤਾਂ ਸਮੇਤ ਸਾਰੇ ਹੀ ਤਬਕੇ ਇਸਦੀ ਮਾਰ ਹੇਠ ਆਉਂਦੇ ਹਨ ਸ਼ਹਿਰਾਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਪ੍ਰਦੂਸ਼ਣ ਨਾਲ ਜਦੋਂ ਆਮ ਲੋਕਾਂ ਦਾ ਨੱਕ ਵਿੱਚ ਦਮ ਆਉਂਦਾ ਹੈ ਤਾਂ ਉਹ ਇਸਦੇ ਖਿਲਾਫ ਆਵਾਜ਼ ਉਠਾਉਂਦੇ ਹਨ ਲੋਕਾਂ ਦੇ ਵਧਦੇ ਦਬਾਅ ਸਨਮੁੱਖ ਹਾਕਮ ਜਮਾਤਾਂ ਨੂੰ ਵੀ ਪ੍ਰਦੂਸ਼ਣ ਰੋਕਣ ਲਈ ਕੁੱਝ ਨਾ ਕੁੱਝ ਕਰਨਾ ਹੀ ਪੈਂਦਾ ਹੈ ਅਤੇ ਉਹ ਇਸ ਨੂੰ ਰੋਕਣ ਲਈ ਅਨੇਕਾਂ ਤਰਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਇਹ ਇੱਕ ਜ਼ਾਹਰਾ ਹਕੀਕਤ ਹੈ ਕਿ ਸਨਅੱਤੀ ਪੈਦਾਵਾਰ ਹੋਣ ਦੇ 4 ਸੌ ਸਾਲਾਂ ਦੇ ਦੌਰਾਨ ਹੀ ਧਰਤੀ ਦੇ ਤਾਪਮਾਨ ਵਿੱਚ ਡੇਢ-ਦੋ ਡਿਗਰੀ ਸੈਂਟੀਗਰੇਡ ਦਾ ਵਾਧਾ ਹੋਇਆ ਹੈ ਅਤੇ ਪੌਣ-ਪਾਣੀ ਗੰਧਲਾ ਹੋਇਆ ਹੈ ਹਵਾ ਅਤੇ ਪਾਣੀ ਵਿੱਚ ਕੱਚੇ-ਪੱਕੇ ਧੂੰਏਂ, ਜ਼ਹਿਰੀਲੀਆਂ ਗੈਸਾਂ ਅਤੇ ਧੂੜ-ਕਣਾਂ ਨਾਲ ਸਾਹ, ਅੱਖਾਂ ਅਤੇ ਦਿਲ ਦੀਆਂ ਬਿਮਾਰੀਆਂ ਵਿੱਚ ਅਥਾਹ ਵਾਧਾ ਹੋਇਆ ਹੈ ਅਤੇ ਤਾਪਮਾਨ ਵਧਣ ਨਾਲ ਉੱਤਰੀ-ਦੱਖਣੀ ਧਰੁਵਾਂ 'ਤੇ ਲੱਖਾਂ ਸਾਲਾਂ ਤੋਂ ਜੰਮੇ ਪਏ ਵੱਡੇ ਵੱਡੇ ਗਲੇਸ਼ੀਅਰ ਖੁਰਨ ਲੱਗੇ ਹਨ, ਜਿਹਨਾਂ ਨਾਲ ਸਮੁੰਦਰੀ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ, ਜਿਸ ਨਾਲ ਸਮੁੰਦਰੀ ਕਿਨਾਰਿਆਂ, ਡੈਲਟਿਆਂ ਅਤੇ ਦਰਿਆਈ ਮੁਹਾਣਿਆਂ 'ਤੇ ਬੈਠੇ ਦਹਿ-ਕਰੋੜਾਂ ਲੋਕਾਂ ਨੂੰ ਉੱਜੜ ਕੇ ਦੂਰ-ਦੁਰਾਡੇ ਵਸਣਾ ਪੈ ਰਿਹਾ ਹੈ ਵਾਤਾਵਰਣ ਵਿੱਚ ਵਧਦੀ ਤਪਸ਼ ਕਾਰਨ ਕਿਧਰੇ ਮੂਸਲਾਧਾਰ ਬਾਰਸ਼ਾਂ ਹੋ ਰਹੀਆਂ ਹਨ, ਜੋ ਜ਼ਮੀਨ ਖੋਰਿਆਂ ਅਤੇ ਹੜਾਂ ਦਾ ਸਬੱਬ ਬਣ ਰਹੀਆਂ ਹਨ ਤੇ ਕਿਧਰੇ ਵੱਡੇ ਵੱਡੇ ਸੋਕੇ ਅਤੇ ਕਾਲ ਪੈ ਰਹੇ ਹਨ, ਵਧਦੇ ਤਾਪਮਾਨ ਕਾਰਨ ਜੰਗਲ ਸੁੱਕ ਹੀ ਨਹੀਂ ਰਹੇ ਬਲਕਿ ਭਿਆਨਕ ਅਗਨੀ ਕਾਂਡ ਵੀ ਹੋਈ ਜਾ ਰਹੇ ਹਨ ਕਿਧਰੇ ਇਹ ਬਹੁਤ ਤਿੱਖੀ ਗਤੀ ਦੇ ਤੂਫਾਨਾਂ ਦਾ ਸਬੱਬ ਬਣ ਰਹੇ ਹਨ ਅਤੇ ਕਿਧਰੇ ਵਧਦੀ ਤਪਸ਼ ਨਾਲ ਲੋਕਾਂ ਅਤੇ ਜੀਵ-ਜੰਤੂਆਂ ਨੂੰ ਭੁੰਨ ਰਹੇ ਹਨ 
ਇਸ ਸਮੇਂ ਦੁਨੀਆਂ ਦੀ ਕੁੱਲ ਆਬਾਦੀ ਦਾ 25ਵਾਂ ਹਿੱਸਾ ਬਣਨ ਵਾਲਾ ਇੱਕ ਦੇਸ਼ ਅਮਰੀਕਾ 25 ਫੀਸਦੀ ਪ੍ਰਦੂਸ਼ਣ ਫੈਲਾ ਰਿਹਾ ਹੈ ਇਸ ਅਨੁਸਾਰ ਜੇਕਰ ਕੁੱਲ ਮਾਤਰਾ ਕੱਢਣੀ ਹੋਵੇ ਤਾਂ ਭਿਆਨਕ ਤਸਵੀਰ ਪੇਸ਼ ਹੁੰਦੀ ਹੈ ਇਸ ਸਮੇਂ ਅਮਰੀਕਾ ਕੋਲੇ, ਤੇਲ ਅਤੇ ਗੈਸ ਆਦਿ ਦੀ ਵਰਤੋਂ ਰਾਹੀਂ 7 ਅਰਬ ਟਨ ਦੇ ਕਰੀਬ ਕੱਚਾ-ਪੱਕਾ ਧੂੰਆਂ, ਸੁਆਹ ਅਤੇ ਧੂੜ-ਕਣ ਆਪਣੀਆਂ ਸਨਅੱਤਾਂ ਰਾਹੀਂ ਵਾਯੂਮੰਡਲ ਵਿੱਚ ਸੁੱਟਦਾ ਹੈ ਦੁਨੀਆਂ ਦੇ ਦੂਸਰੇ ਦੇਸ਼ਾਂ ਵੱਲੋਂ ਪੈਦਾ ਕੀਤੇ ਕੁੱਲ ਪ੍ਰਦੂਸ਼ਣ ਦੀ ਮਾਤਰ 25-30 ਅਰਬ ਟਨ ਤੱਕ ਜਾ ਪਹੁੰਚਦੀ ਹੈ ਜੇਕਰ ਇਹ ਪ੍ਰਦੂਸ਼ਣ ਕਿਸੇ ਇੱਕ ਦੇਸ਼ ਵੱਲੋਂ ਨਾ ਵੀ ਪੈਦਾ ਕੀਤਾ ਜਾਵੇ ਤਾਂ ਵਾਤਾਵਰਣ ਵਿੱਚੋਂ ਉਸ ਨੂੰ ਉਸਦਾ ਹਿੱਸਾ ਤਾਂ ਜ਼ਰੂਰ ਹੀ ਮਿਲਦਾ ਰਹੇਗਾ ਜੇਕਰ ਇਹ ਪ੍ਰਦੂਸ਼ਣ ਇਸੇ ਹਿਸਾਬ ਪੈਦਾ ਹੋਣਾ ਜਾਰੀ ਰਿਹਾ ਤਾਂ ਇਸ ਸਦੀ ਦੇ ਅੰਤ ਤੱਕ ਸ਼ਹਿਰੀ ਲੋਕਾਂ ਦਾ ਨਾ ਸਿਰਫ ਨੱਕ ਵਿੱਚ ਹੀ ਦਮ ਆਵੇਗਾ ਬਲਕਿ ਆਲਮੀ ਤਪਸ਼ ਤਿੰਨ ਡਿਗਰੀ ਸੈਂਟੀਗਰੇਡ ਤੱਕ ਪਹੁੰਚਣ ਨਾਲ ਹੋਰ ਹੋਰ ਪਰਲੋਆਂ ਆਉਣ ਦਾ ਸਬੱਬ ਵੀ ਬਣਿਆ ਰਹੇਗਾ 
ਵਾਤਾਵਰਣ ਦੀ ਤਬਾਹੀ ਵਿੱਚ ਦੋ ਪੱਖ ਮੁੱਖ ਤੌਰ 'ਤੇ ਰੋਲ ਅਦਾ ਕਰਦੇ ਹਨ ਇੱਕ ਪੱਖ ਤਾਂ ਧਰਤੀ ਹੇਠੋਂ ਕੱਢੇ ਗਏ ਕੋਇਲੇ, ਤੇਲ ਅਤੇ ਗੈਸ ਦੀ ਵਰਤੋਂ ਰਾਹੀਂ ਅਰਬਾਂ ਟਨ ਧੂੰਆਂ ਅਤੇ ਸੁਆਹ ਆਕਾਸ਼ ਅਤੇ ਧਰਤੀ ਵਿੱਚ ਸੁੱਟੇ ਜਾਣਾ ਬਣਦਾ ਹੈਦੂਸਰਾ ਪੱਖ ਜੰਗਲਾਂ ਦੀ ਅੰਨੇਵਾਹ ਕਟਾਈ ਕੀਤੇ ਜਾਣਾ ਬਣਦਾ ਹੈ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਨੇ ਆਪਣੇ ਅੰਨ ਮੁਨਾਫਿਆਂ ਦੀ ਖਾਤਰ ਜੰਗਲਾਂ ਦੀ ਵਿਆਪਕ ਤਬਾਹੀ ਕੀਤੀ ਹੈ 
ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਨੇ ਖਰਬਾਂ ਟਨ ਧੂੰਆਂ ਅਤੇ ਸਵਾਹ ਤਾਂ ਪੈਦਾ ਕੀਤੇ ਪਰ ਉਹਨਾਂ ਨੂੰ ਜਜ਼ਬ ਕਰਨ ਵਾਲੇ ਜੰਗਲ ਨਹੀਂ ਲਗਾਏ ਕਾਰਬਨ ਤੱਤਾਂ ਨੂੰ ਜਜ਼ਬ ਕਰਨ ਦਾ ਜੇਕਰ ਕੋਈ ਵੱਡਾ ਕੁਦਰਤੀ ਸੋਮਾ ਹੈ ਤਾਂ ਉਹ ਜੰਗਲ ਹੀ ਹਨ, ਪਰ ਸਾਮਰਾਜੀਏ ਅਤੇ ਉਹਨਾਂ ਦੇ ਦਲਾਲ ਜੰਗਲਾਂ ਨੂੰ ਵੀ ਹੜੱਪੀਂ ਜਾ ਰਹੇ ਹਨ ਇਹ ਦੋਹਰੀ ਮਾਰ ਪੈ ਰਹੀ ਹੈ, ਦੁਨੀਆਂ ਦੇ ਲੋਕਾਂ ਨੂੰ 
2015
ਦੇ ਦਸੰਬਰ ਵਿੱਚ ਤਿਆਰ ਕੀਤਾ ਪੈਰਿਸ ਸਮਝੌਤਾ ਇਸ ਵਿੱਚ ਸ਼ਾਮਲ ਕਿਸੇ ਵੀ ਦੇਸ਼ 'ਤੇ ਕੋਈ ਪਾਬੰਦੀ ਆਇਦ ਨਹੀਂ ਕਰਦਾ ਕਿ ਉਹ ਜ਼ਰੂਰ ਹੀ ਇਹ ਕੁੱਝ ਅਮਲ ਵਿੱਚ ਲਾਗੂ ਕਰੇ ਬਲਕਿ ਉਹ ਕੁੱਝ ਕੁ ਦਿਸ਼ਾ-ਨਿਰਦੇਸ਼ ਹੀ ਦਿੰਦਾ ਹੈ, ਜਿਹਨਾਂ ਨੂੰ ਲਾਗੂ ਕਰਨਾ ਜਾਂ ਨਾ ਕਰਨਾ ਸਬੰਧਤ ਦੇਸ਼ ਦੀ ਸਵੈ-ਇੱਛਾ 'ਤੇ ਨਿਰਭਰ ਕਰਦਾ ਹੈ ਇਸ ਸਮਝੌਤੇ ਅਨੁਸਾਰ 2050 ਤੱਕ ਪ੍ਰਦੂਸ਼ਣ ਨੂੰ ਐਨਾ ਕੁ ਘੱਟ ਕਰਨਾ ਮਿਥਿਆ ਗਿਆ ਹੈ ਜਿਸ ਤਹਿਤ ਉਦੋਂ ਤੱਕ ਦੁਨੀਆਂ ਦਾ ਤਾਪਮਾਨ ਇੱਕ ਡਿਗਰੀ ਸੈਂਟੀਗਰੇਡ ਦੇ ਨੇੜੇ-ਤੇੜੇ ਘਟਾਇਆ ਜਾ ਸਕੇ ਅਜਿਹਾ ਹੋ ਸਕਣਾ ਦੁਨੀਆਂ ਦੇ ਸਭਨਾਂ ਲੋਕਾਂ ਦੇ ਹਿੱਤਾਂ ਵਿੱਚ ਹੈ, ਪਰ ਲੋਟੂ ਹਾਕਮਾਂ ਦਾ ਮਨੋਰਥs sਅਜਿਹਾ ਕਰਨਾ ਉੱਕਾ ਹੀ ਨਹੀਂ ਹੈ, ਬਲਕਿ ਉਹ ਆਪਣੇ ਆਰਥਿਕ ਅਤੇ ਯੁੱਧਨੀਤਕ ਹਿੱਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਕੋਈ ਫੈਸਲਾ ਕਰਦੇ ਹਨ 
ਬਿਜਲੀ ਦਾ ਉਤਪਾਦਨ ਵੀ ਭਾਵੇਂ ਪ੍ਰਮਾਣੂੰ ਰਿਐਕਟਰਾਂ ਤੋਂ ਕੀਤਾ ਜਾ ਸਕਦਾ ਹੇ ਪਰ ਉਹ ਵੀ ਮਹਿੰਗੇ ਅਤੇ ਖਤਰਨਾਕ ਹੁੰਦੇ ਹਨ, ਇਸ ਕਰਕੇ ਅਨੇਕਾਂ ਦੇਸ਼ ਹੁਣ ਸੂਰਜੀ ਊਰਜਾ, ਪੌਣ ਅਤੇ ਪਣ-ਬਿਜਲੀ ਨੂੰ ਤਰਜੀਹ ਦਿੰਦੇ ਹਨ ਭਾਵੇਂ ਕਿ ਛੋਟੇ ਪਣ-ਬਿਜਲੀ ਘਰਾਂ ਰਾਹੀਂ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦੇ, ਪਰ ਫੇਰ ਵੀ ਜ਼ਿਆਦਾਰ ਤਰਜੀਹ ਸੂਰਜੀ ਅਤੇ ਪੌਣ ਊਰਜਾ ਨੂੰ ਦਿੱਤੀ ਜਾ ਰਹੀ ਹੈ 
ਇਸ ਸਮੇਂ ਕੋਲੇ ਅਤੇ ਤੇਲ-ਗੈਸ ਨੂੰ ਊਰਜਾ ਦਾ ਮੁੱਖ ਸਾਧਨ ਮੰਨਿਆ ਜਾ ਰਿਹਾ ਹੈ, ਪਰ ਹੁਣ ਬਦਲਦੀ ਤਕਨੀਕ ਅਤੇ ਪੈਦਾਵਾਰ ਦੀ ਵਿਧੀ ਨੇ ਸ਼ਕਤੀਆਂ ਦੇ ਸਮਤੋਲ ਵਿੱਚ ਫਰਕ ਪਾਉਣਾ ਸ਼ੁਰੂ ਕਰ ਦਿੱਤਾ ਹੈ 
ਬਦਲਦੀ ਤਕਨੀਕ ਅਤੇ ਪੈਦਾਵਾਰ ਸਬੰਧੀ ''ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ'' ਦੇ ਡਾਇਰੈਕਟਰ ਨਿੱਕ ਨੂਟੱਲ ਨੇ ਆਖਿਆ ਹੈ ਕਿ ''ਇਹ ਦੀਰਘ-ਕਾਲੀ ਤਬਦੀਲੀ 50 ਸਾਲ ਜਾਂ ਇਸ ਤੋਂ ਵੱਧ ਅਰਸਾ ਲਵੇਗੀ ਅਤੇ ਇਹ ਦੋ ਸਦੀਆਂ ਤੋਂ ਚਲੇ ਰਹੇ ਵਿਕਾਸ ਮਾਡਲ ਨੂੰ ਬਦਲ ਕੇ ਰੱਖ ਦੇਵੇਗੀ..''
ਵਾਤਾਵਰਣ ਸਬੰਧੀ ਅਮਰੀਕੀ ਹਾਕਮਾਂ ਦੀਆਂ ਸਮੇਂ ਸਮੇਂ 'ਤੇ ਪੁਜੀਸ਼ਨਾਂ ਬਦਲਦੀਆਂ ਰਹਿੰਦੀਆਂ ਹਨ ਜੇ ਕਿਸੇ ਸਮੇਂ 'ਤੇ ਉਬਾਮਾ ਨੇ ਪੈਰਿਸ ਮਤਾ ਤਿਆਰ ਕਰਨ ਵਿੱਚ ਸਹਿਮਤੀ ਦਿੱਤੀ ਸੀ ਤਾਂ ਉਸੇ ਨੂੰ ਹੁਣ ਟਰੰਪ ਪ੍ਰਸਾਸ਼ਨ ਨੇ ਰੱਦ ਕਰ ਦਿੱਤਾ ਹੈ ਇਹ ਕੁੱਝ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ 2001 ਵਿੱਚ ਅਮਰੀਕਾ ਦੇ ਬੁਸ਼ ਪ੍ਰਸਾਸ਼ਨ ਨੇ ਕਿਓਟੋ ਮਤੇ ਨੂੰ ''ਮੁਰਦਾ'' ਕਰਾਰ ਦਿੰਦੇ ਹੋਏ ਇਸ ਨੂੰ ਰੱਦ ਕਰ ਦਿੱਤਾ ਸੀ ਇਸ ਸਮੇਂ ਟਰੰਪ ਪ੍ਰਸਾਸ਼ਨ ਦੇ ਖਿਲਾਫ ਨਾ ਸਿਰਫ ਅਮਰੀਕਾ ਤੋਂ ਬਾਹਰਲੀ ਸਾਰੀ ਦੁਨੀਆਂ ਹੀ ਖੜ ਹੈ ਬਲਕਿ ਇਸਾਈ ਧਰਮ ਦੇ ਪੋਪ ਸਮੇਤ ਅਮਰੀਕਾ ਦੀ ਆਮ ਜਨਤਾ ਅਤੇ ਅਨੇਕਾਂ ਸੂਬੇ, ਸਨਅੱਤ ਅਦਾਰੇ, ਸਵੈ-ਸੇਵੀ ਸੰਸਥਾਵਾਂ, ਬੁੱਧੀਜੀਵੀ ਹਲਕੇ, ਵਿਗਿਆਨੀ ਆਦਿ ਖੜ ਹਨ ਅਤੇ ਖੁਦ ਟਰੰਪ ਦੀ ਕੁੜੀ ਵੀ ਇਸਦੇ ਵਿਰੋਧ ਵਿੱਚ ਖੜ ਹੈ, ਪਰ ਅੰਨੀਂ ਲੁੱਟ ਵਿੱਚ ਗ੍ਰਸੀ ਟਰੰਪ-ਟੋਲੀ ਲਈ ਧਰਮ, ਸਮਾਜੀ-ਸਿਆਸੀ ਸੰਸਥਾਵਾਂ ਆਦਿ ਦੀਆਂ ਅਜਿਹੀਆਂ ਅਪੀਲਾਂ-ਦਲੀਲਾਂ ਕੋਈ ਮਹੱਤਵ ਨਹੀਂ ਰੱਖਦੀਆਂ 
ਟਰੰਪ ਹਕੂਮਤ ਦਾ ਇਹ ਕਦਮ ਉਸ ਵੱਲੋਂ ਸਭਨਾਂ ਨੀਤੀ ਮਾਮਲਿਆਂ ਦੇ ਸਬੰਧ ਵਿੱਚ ਚੱਕਵੇਂ ਫਾਸ਼ੀ ਰੁਖ ਦਾ ਹੀ ਇਜ਼ਹਾਰ ਹੈ ਜਿਵੇਂ ਉਸ ਵੱਲੋਂ ਅਮਰੀਕਨ ਸਾਮਰਾਜੀ ਹਿੱਤਾਂ ਦੇ ਵਧਾਰੇ ਲਈ ਖੁਦ ਸਾਮਰਾਜੀਆਂ ਵੱਲੋਂ ਖੜ ਕੀਤੇ ਗਏ ਕੌਮਾਂਤਰੀ ਅਦਾਰਿਆਂ ਅਤੇ ਝਰੀਟੇ ਗਏ ਸਮਝੌਤਿਆਂ ਦੇ ਪਾਬੰਦ ਹੋਣ ਦੀ ਮਰਿਆਦਾ ਨੂੰ ਠੋਕਰ ਮਾਰਨ ਵੱਲ ਰੁਖ ਅਖਤਿਆਰ ਰਿਹਾ ਹੈ, ਉਵੇਂ ਹੀ ਉਸ ਵੱਲੋਂ ਵਾਤਾਵਰਣ ਸਬੰਧੀ ਪੈਰਿਸ ਸਮਝੌਤੇ ਨੂੰ ਲੱਤ ਮਾਰਨ ਦਾ ਕਦਮ ਲਿਆ ਗਿਆ ਹੈ 

No comments:

Post a Comment