ਰਾਸ਼ਟਰਪਤੀ ਦੀ ਚੋਣ ਦੀ ਕਵਾਇਦ
ਮੌਕਾਪ੍ਰਸਤ ਸਿਆਸੀ ਲਾਣੇ ਦੀ ਮੌਕਾਪ੍ਰਸਤ ਸਿਆਸਤ ਦਾ ਦੰਗਲ
-ਨਵਜੋਤ
ਮੌਜੂਦਾ ਰਾਸ਼ਟਰਪਤੀ ਦੇ ਬਣੇ ਰਹਿਣ ਦੀ ਮਿਆਦ 24 ਜੁਲਾਈ ਤੱਕ ਹੈ। ਇਸ ਲਈ ਅਗਲੇ ਰਾਸ਼ਟਰਪਤੀ ਦੀ ਚੋਣ ਦਾ ਮੁੱਦਾ ਹਾਕਮ ਜਮਾਤੀ ਸਿਆਸੀ ਗਲਿਆਰਿਆਂ ਅੰਦਰ ਸਰਗਰਮੀ ਦਾ ਭਖਵਾਂ ਮੁੱਦਾ ਬਣਿਆ ਹੋਇਆ ਹੈ। ਐਨ.ਡੀ.ਏ. ਵੱਲੋਂ ਉਮੀਦਵਾਰ ਬਣਨ ਤੋਂ ਪਹਿਲਾਂ ਬਿਹਾਰ ਦੇ ਰਾਜਪਾਲ ਰਹੇ ਰਾਮ ਨਾਥ ਕੋਵਿੰਦ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਯੂ.ਪੀ.ਏ. ਵੱਲੋਂ ਲੋਕ ਸਭਾ ਦੀ ਸਾਬਕਾ ਸਪੀਕਰ ਅਤੇ ਕਾਂਗਰਸੀ ਕੇਂਦਰੀ ਮੰਤਰੀ ਰਹੇ ਜਗਜੀਵਨ ਰਾਮ ਦੀ ਲੜਕੀ ਸ੍ਰੀਮਤੀ ਮੀਰਾ ਕੁਮਾਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਦੋਵੇਂ ਉਮੀਦਵਾਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹਨ। ਰਾਮ ਨਾਥ ਕੋਵਿੰਦ ਫਿਰਕੂ-ਫਾਸ਼ੀ ਜਥੇਬੰਦੀ ਆਰ.ਐਸ.ਐਸ. ਦੇ ਪ੍ਰਚਾਰਕ ਵੀ ਰਹੇ ਹਨ। ਖੇਤਰੀ ਮੌਕਾਪ੍ਰਸਤ ਪਾਰਟੀਆਂ ਵਿੱਚੋਂ ਜੇ.ਡੀ.ਯੂ., ਏ.ਆਈ.ਡੀ.ਐਮ.ਕੇ. ਅਤੇ ਤੇਲਗੂ ਦੇਸ਼ਮ ਵੱਲੋਂ ਕੋਵਿੰਦ ਦੀ ਅਤੇ ਤ੍ਰਿਣਾਮੂਲ ਕਾਂਗਰਸ, ਬਸਪਾ, ਨੈਸ਼ਨਲ ਕਾਨਫਰੰਸ ਸਮੇਤ ਅਖੌਤੀ ਖੱਬੀਆਂ ਪਾਰਟੀਆਂ ਵੱਲੋਂ ਮੀਰਾ ਕੁਮਾਰ ਦੀ ਹਮਾਇਤ ਕੀਤੀ ਜਾ ਰਹੀ ਹੈ। ਐਨ.ਡੀ.ਏ. ਦੀ ਕਰਤਾ-ਧਰਤਾ ਆਰ.ਐਸ.ਐਸ. ਦੀ ਧੂਤੂ ਬੀ.ਜੇ.ਪੀ. ਹੈ। ਮੋਦੀ ਹਕੂਮਤ ਦੇ ਸਾਰੇ ਅਹਿਮ ਫੈਸਲਿਆਂ 'ਤੇ ਆਰ.ਐਸ.ਐਸ. ਦੇ ਹੈੱਡਕੁਆਟਰ ਨਾਗਪੁਰ ਤੋਂ ਮੋਹਰ ਲੱਗਣੀ ਲਾਜ਼ਮੀ ਹੁੰਦੀ ਹੈ। ਇਸ ਲਈ, ਆਰ.ਐਸ.ਐਸ. ਵੱਲੋਂ 2014 ਦੀਆਂ ਲੋਕ ਸਭਾਈ ਚੋਣਾਂ ਵਿੱਚ ਆਪਣੇ ਪ੍ਰਚਾਰਕ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੂਹਰੇ ਕੀਤਾ ਸੀ। ਹੁਣ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਇੱਕ ਹੋਰ ਪਿਆਦੇ ਕੋਵਿੰਦ ਨੂੰ ਮੂਹਰੇ ਕੀਤਾ ਹੈ। ਕੋਵਿੰਦ ਨੂੰ ਰਾਸ਼ਟਰਪਤੀ ਦਾ ਉਮੀਦਵਾਰ ਬਣਾ ਕੇ ਸੰਘ ਲਾਣੇ ਨੇ ਇੱਕ ਪੱਥਰ ਨਾਲ ਦੋ ਪੰਛੀ ਫੁੰਡਣ ਦੀ ਚਾਲ ਚੱਲੀ ਹੈ। ਪਹਿਲਾ- ਕੋਵਿੰਦ ਅਨੁਸੂਚਿਤ ਜਾਤੀ ਨਾਲ ਸਬੰਧਤ ਹੈ। ਉਸ ਨੂੰ ਰਾਸ਼ਟਰਪਤੀ ਦੇ ਅਹੁਦੇ 'ਤੇ ਸੁਸ਼ੋਭਿਤ ਕਰਕੇ ਸੰਘ ਲਾਣਾ ਨਾ ਸਿਰਫ ਦਲਿਤ ਵਿਰੋਧੀ ਮੰਨੂੰ ਸਿਮਰਿਤੀ ਦੇ ਪੈਰੋਕਾਰ ਹੋਣ ਦੀ ਹਕੀਕਤ 'ਤੇ ਪਰਦਾ ਪਾਉਣਾ ਚਾਹੁੰਦਾ ਹੈ, ਸਗੋਂ ਆਪਣੇ ਆਪ ਨੂੰ ਦਲਿਤਾਂ ਦੇ ਮਸੀਹਾ ਵਜੋਂ ਪੇਸ਼ ਕਰਨਾ ਚਾਹੁੰਦਾ ਹੈ। ਇਸਦਾ ਮਕਸਦ ਮੁਲਕ ਦੀ ਦਲਿਤ ਵਸੋਂ ਅੰਦਰ ਆਪਣੇ ਪ੍ਰਭਾਵ ਨੂੰ ਵਧਾਉਣਾ-ਫੈਲਾਉਣਾ ਹੈ ਅਤੇ ਆਪਣੇ ਵੋਟ ਬੈਂਕ ਦਾ ਪਸਾਰਾ ਕਰਨਾ ਹੈ। ਇਉਂ, ਇਸ ਵੋਟ ਬੈਂਕ ਦੇ ਵਧਾਰੇ ਨਾਲ 2019 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਜਿੱਤ ਲਈ ਆਧਾਰ ਸਿਰਜਣ ਦਾ ਕੰਮ ਕਰਨਾ ਹੈ। ਦੂਜਾ- ਆਰ.ਐਸ.ਐਸ. ਦੇ ਸਾਬਕਾ ਪ੍ਰਚਾਰਕ ਨੂੰ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਕਰਦਿਆਂ, ਸੰਘ ਲਾਣੇ ਦੀ ਮੋਦੀ ਹਕੂਮਤ ਵੱਲੋਂ ਮੁਲਕ ਦੇ ਸਿਆਸੀ ਤਾਣੇ-ਬਾਣੇ ਅਤੇ ਰਾਜ ਦੇ ਭਗਵਾਂਕਰਨ ਦੇ ਚਲਾਏ ਜਾ ਰਹੇ ਅਮਲ ਵਿੱਚ ਵੱਖਰੇ ਵਿਚਾਰਾਂ ਵਾਲੇ ਰਾਸ਼ਟਰਪਤੀ ਵੱਲੋਂ ਡਾਹੇ ਜਾਣ ਵਾਲੇ ਸੰਭਾਵਿਤ ਅੜਿੱਕਿਆਂ ਨੂੰ ਦੂਰ ਕਰਨਾ ਹੈ ਅਤੇ ਇਸ ਅਮਲ ਵਿੱਚ ਤੇਜੀ ਲਿਆਉਣਾ ਹੈ।
ਕਾਂਗਰਸ ਦੀ ਅਗਵਾਈ ਵਾਲੇ ਯੂ.ਪੀ.ਏ. ਅਤੇ ਉਸਦੀਆਂ ਸਹਿਯੋਗੀ ਸਿਆਸੀ ਪਾਰਟੀਆਂ ਵੱਲੋਂ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਉਂਦਿਆਂ ਐਲਾਨ ਕੀਤਾ ਗਿਆ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਹੋਣ ਜਾ ਰਿਹਾ ਮੁਕਾਬਲਾ ਦੋ ਕਿਸਮ ਦੀਆਂ ਵਿਚਾਰਧਾਰਾਵਾਂ ਦਰਮਿਆਨ ਲੜਾਈ ਹੈ। ਯਾਨੀ ਇਹ ਸੰਘ ਲਾਣੇ ਦੀ ਫਿਰਕੂ ਵਿਚਾਰਧਾਰਾ ਅਤੇ ਯੂ.ਪੀ.ਏ. ਅਤੇ ਸਹਿਯੋਗੀ ਪਾਰਟੀਆਂ ਦੀ ਅਖੌਤੀ ਧਰਮ-ਨਿਰਪੱਖ ਵਿਚਾਰਧਾਰਾ ਦਰਮਿਆਨ ਲੜਾਈ ਹੈ। ਇਉਂ, ਜਿੱਥੇ ਇਸ ਖੇਮੇ ਵੱਲੋਂ ਦਲਿਤ ਭਾਈਚਾਰੇ ਵਿੱਚੋਂ ਆਈ ਮੀਰਾ ਕੁਮਾਰ ਨੂੰ ਉਮੀਦਵਾਰ ਬਣਾ ਕੇ ਸੰਘ ਲਾਣੇ ਵੱਲੋਂ ਇੱਕ ਦਲਿਤ ਕੋਵਿੰਦ ਨੂੰ ਉਮੀਦਵਾਰ ਬਣਾਉਣ ਦੀ ਚਾਲ ਦੀ ਦਲਿਤ ਵਸੋਂ ਵਿੱਚ ਹੋਣ ਵਾਲੀ ਕਾਟ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਉਹਨਾਂ ਸਭਨਾਂ ਮੁਲਕ ਪੱਧਰੀਆਂ ਅਤੇ ਖੇਤਰੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਨੂੰ ਆਪਣੇ ਦੁਆਲੇ ਇੱਕਜੁੱਟ ਕਰਨ ਲਈ ਹੰਭਲਾ ਮਾਰਿਆ ਗਿਆ ਹੈ, ਜਿਹੜੀਆਂ ਭਾਰਤੀ ਰਾਜ ਦੇ ਮੁਖੀ ਵਜੋਂ ਰਾਸ਼ਟਰਪਤੀ ਦੇ ਅਹੁਦੇ 'ਤੇ ਨੰਗੀ-ਚਿੱਟੀ ਹਿੰਦੂਤਵੀ ਛਬੀ ਵਾਲੇ ਵਿਅਕਤੀ ਨੂੰ ਬਿਠਾਉਣ ਤੋਂ ਗੁਰੇਜ਼ ਕਰਦਿਆਂ, ਭਾਰਤੀ ਰਾਜ ਦੇ ਅਖੌਤੀ ਧਰਮ-ਨਿਰਪੱਖ ਮੁਖੌਟੇ ਨੂੰ ਕਾਇਮ ਰੱਖਣਾ ਚਾਹੁੰਦੀਆਂ ਹਨ। ਇਸ ਮੁਖੌਟੇ ਨੂੰ ਬਰਕਰਾਰ ਰੱਖਣ ਦੇ ਆਪਣੇ ਯਤਨ ਨੂੰ ਇਹ ਪਾਰਟੀਆਂ ਵਿਚਾਰਧਾਰਕ ਲੜਾਈ ਦਾ ਨਾਂ ਦੇ ਰਹੀਆਂ ਹਨ।
ਅਸਲ ਵਿੱਚ— ਰਾਸ਼ਟਰਪਤੀ ਦੇ ਅਹੁਦੇ ਲਈ ਹੋ ਰਹੇ ਮੁਕਾਬਲੇ ਦਾ ਆਧਾਰ ਨਾ ਵਿਚਾਰਧਾਰਕ ਹੈ ਅਤੇ ਨਾ ਹੀ ਅਸੂਲੀ ਹੈ। ਇਹ ਹਾਕਮ ਜਮਾਤੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀ ਮੌਕਾਪ੍ਰਸਤ ਸਿਆਸਤ ਦਾ ਦੰਗਲ ਹੈ, ਜਿੱਥੇ ਇੱਕ ਦੂਜੇ ਨੂੰ ਠਿੱਬੀ ਲਾਉਣ ਅਤੇ ਚਿੱਤ ਕਰਨ ਲਈ ਮੌਕਾਪ੍ਰਸਤ ਦਾਅ ਖੇਡੇ ਜਾਂਦੇ ਹਨ। ਅੱਜ ਸਿਆਸੀ ਗੱਠਜੋੜ ਬਣਾਏ ਜਾਂਦੇ ਹਨ, ਕੱਲ• ਨੂੰ ਤੋੜ ਦਿੱਤੇ ਜਾਂਦੇ ਹਨ। ਜਿੱਥੇ ਕੋਈ ਕਿਸੇ ਦਾ ਸਕਾ ਨਹੀਂ ਹੈ। ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਦਾ ਅਸੂਲੀ ਪੈਮਾਨਾ ਤਾਂ ਇਹ ਮੰਗ ਕਰਦਾ ਸੀ ਕਿ ਅਜਿਹੇ ਵਿਅਕਤੀਆਂ ਨੂੰ ਉਮੀਦਵਾਰs sਬਣਾਇਆ ਜਾਵੇ, ਜੋ ਭਾਰਤੀ ਰਾਜ ਦੇ ਸੰਵਿਧਾਨਕ-ਮੁਖੀਏ ਵਜੋਂ ਭੂਮਿਕਾ 'ਤੇ ਪੂਰਾ ਉੱਤਰਨਯੋਗ ਉੱਚਪਾਏ ਦੀ ਵਿਦਿਅਕ ਅਤੇ ਬੌਧਿਕ ਯੋਗਤਾ-ਤਜਰਬਾ ਅਤੇ ਨਿਰਵਿਵਾਦ ਅਤੇ ਕੱਦਾਵਰ ਸਖਸ਼ੀਅਤ ਦਾ ਮਾਲਕ ਹੋਣ। ਕੀ ਦੋਵਾਂ ਧਿਰਾਂ ਵੱਲੋਂ ਰਾਸ਼ਟਰਪਤੀ ਦੇ ਉਮੀਦਵਾਰਾਂ ਦੀ ਚੋਣ ਕਰਦਿਆਂ, ਉਹਨਾਂ ਦੀ ਯੋਗਤਾ ਨੂੰ ਤੋਲਿਆ-ਪਰਖਿਆ ਗਿਆ ਹੈ ਜਾਂ ਫਿਰ 2019 ਦੀਆਂ ਪਾਰਲੀਮਾਨੀ ਚੋਣਾਂ ਅਤੇ ਇਸ ਤੋਂ ਪਹਿਲਾਂ ਹੋਣ ਵਾਲੀ ਕਈ ਸੂਬਿਆਂ ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਇੱਕ ਦੂਜੇ ਨੂੰ ਮਾਤ ਦੇਣ ਲਈ ਵੱਟੇ ਜਾ ਰਹੇ ਰੱਸੇ-ਪੈੜਿਆਂ ਨੂੰ ਤਰਜੀਹ ਦਿੱਤੀ ਗਈ ਹੈ। ਬਿਨਾ ਸ਼ੱਕ, ਦੋਵਾਂ ਧਿਰਾਂ ਵੱਲੋਂ ਪਿਛਲੀ ਗੱਲ ਨੂੰ ਤਰਜੀਹ ਦਿੱਤੀ ਗਈ ਹੈ। ਇਹਨਾਂ ਸਭਨਾਂ ਮੌਕਾਪ੍ਰਸਤ ਸਿਆਸੀ ਟੋਲਿਆਂ ਦੀ ਵਿਚਾਰਧਾਰਾ ਮੌਕਾਪ੍ਰਸਤੀ ਹੈ, ਦੇਸੀ-ਵਿਦੇਸ਼ੀ ਕਾਰਪੋਰੇਟਾਂ ਦਾ ਦੱਲਪੁਣਾ ਹੈ। ਸਾਮਰਾਜੀਆਂ ਦਾ ਦੱਲਪੁਣਾ ਕਰਨ ਵਿੱਚ ਇਹ ਸਾਰੇ ਇੱਕਮੱਤ ਹਨ। ਸਿਆਸੀ-ਆਰਥਿਕ ਨੀਤੀਆਂ 'ਤੇ ਇਹਨਾਂ ਦਾ ਆਪਸ ਵਿੱਚ ਕੋਈ ਬੁਨਿਆਦੀ ਜਾਂ ਵੱਡਾ ਰੱਟਾ ਨਹੀਂ ਹੈ। ਰੱਟਾ ਸਿਆਸੀ ਤਾਕਤ ਅਤੇ ਆਰਥਿਕ ਲੁੱਟ ਦੀ ਵੰਡ-ਵੰਡਾਈ 'ਤੇ ਹੈ। ਇਸੇ ਕਰਕੇ, ਦੋਵਾਂ ਧਿਰਾਂ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਦਾ ਫੈਸਲਾ ਕਰਦਿਆਂ, ਉੱਚਪਾਏ ਦੀ ਯੋਗਤਾ ਵਰਗੇ ਗੁਣਾਂ ਦੇ ਮਾਲਕ ਵਿਅਕਤੀਆਂ ਨੂੰ ਮੂਹਰੇ ਰੱਖਣ ਦੀ ਬਜਾਇ, ਆਉਣ ਵਾਲੀਆਂ ਚੋਣਾਂ ਦੇ ਦੰਗਲ ਵਿੱਚ ਇੱਕ-ਦੂਜੇ ਨੂੰ ਮਾਤ ਦੇਣ ਦੀਆਂ ਸੌੜੀਆਂ ਗਿਣਤੀਆਂ-ਮਿਣਤੀਆਂ ਨੂੰ ਮੂਹਰੇ ਰੱਖਿਆ ਗਿਆ ਹੈ। ਇਹ ਸੌੜੀਆਂ ਸਿਆਸੀ ਗਿਣਤੀਆਂ-ਮਿਣਤੀਆਂ ਹੀ ਕਿਸੇ ਵੇਲੇ ਭਾਜਪਾ ਦੀ ਸੰਗੀ ਰਹੀ ਮਮਤਾ ਬੈਨਰਜੀ ਦੀ ਤ੍ਰਿਣਾਮੂਲ ਕਾਂਗਰਸ ਨੂੰ ਯੂ.ਪੀ.ਏ. ਦੇ ਉਮੀਦਵਾਰ ਦੇ ਹੱਕ ਵਿੱਚ ਖੜ•ਨ ਦੀ ਲੋੜ ਖੜ•ੀ ਕਰਦੀਆਂ ਹਨ। ਆਰ.ਜੇ.ਡੀ. (ਯੂ.) ਦੇ ਮੁਖੀ ਨਿਤੀਸ਼ ਕੁਮਾਰ ਨੂੰ ਕਾਂਗਰਸ ਤੇ ਲਾਲੂ ਪ੍ਰਸਾਦ ਯਾਦਵ ਦੇ ਆਰ.ਜੇ.ਡੀ. ਨਾਲ ਬਣਾਏ ਆਪਣੇ ਗੱਠਜੋੜ ਦੀ ਸੂਬਾਈ ਹਕੂਮਤ ਦੇ ਮੁਖੀ ਹੁੰਦਿਆਂ ਵੀ ਸੰਘ ਲਾਣੇ ਦੇ ਉਮੀਦਵਾਰ ਦੀ ਹਮਾਇਤ ਕਰਨ ਦੀ ਕਲਾਬਾਜ਼ੀ ਲਾਉਣ ਵੱਲ ਧੱਕਦੀਆਂ ਹਨ। ਇਹੀ ਗੱਲ ਸ਼੍ਰੋਮਣੀ ਅਕਾਲੀ ਦਲ, ਤੇਲਗੂ ਦੇਸ਼ਮ ਪਾਰਟੀ ਅਤੇ ਅੰਨਾ ਡੀ.ਐਮ.ਕੇ. ਆਦਿ ਪਾਰਟੀਆਂ ਸਮੇਤ ਅਖੌਤੀ ਖੱਬੀਆਂ ਪਾਰਟੀਆਂ ਦੀ ਹੈ। ਮੁੱਕਦੀ ਗੱਲ— ਰਾਸ਼ਟਰਪਤੀ ਦੀ ਚੋਣ ਦੇ ਮਾਮਲੇ ਵਿੱਚ ਹੋ ਰਹੀ ਪਾਲਾਬੰਦੀ ਦਾ ਹਕੀਕੀ ਆਧਾਰ ਵਿਚਾਰਧਾਰਕ ਅਤੇ ਅਸੂਲੀ ਨਾ ਹੋਣ ਕਰਕੇ ਮੌਕਾਪ੍ਰਸਤ ਸਿਆਸੀ ਅਖਾੜੇ ਦੀ ਵੋਟ-ਸਿਆਸਤ ਦੀਆਂ ਸੌੜੀਆਂ ਗਿਣਤੀਆਂ-ਮਿਣਤੀਆਂ ਬਣ ਰਹੀਆਂ ਹਨ।
No comments:
Post a Comment