ਸਾਬਰਮਤੀ ਸ਼ਤਾਬਦੀ 'ਤੇ ਮੋਦੀ ਦਾ ਬਿਆਨ
ਲੋਕਾਂ ਨਾਲ ਖੇਡੀ ਜਾ ਰਹੀ ਫਰੇਬੀ ਖੇਡ
-ਸੁਮੇਰ
ਗਊ ਰੱਖਿਆ ਦੇ ਨਾਂ 'ਤੇ ਅਖੌਤੀ ਗਊ ਰਾਖਿਆਂ ਵਜੋਂ ਸਜੇ ਸੰਘ ਲਾਣੇ ਦੇ ਕਾਰਕੁੰਨਾਂ ਵੱਲੋਂ ਮੁਸਲਮਾਨਾਂ ਅਤੇ ਦਲਿਤਾਂ ਦੀਆਂ ਹੱਤਿਆਵਾਂ ਦੇ ਸਿਲਸਿਲੇ 'ਤੇ ਮੂੰਹ ਖੋਲ•ਣ ਲਈ ਮਜਬੂਰ ਹੁੰਦਿਆਂ, ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ''ਅੱਜ ਜਦੋਂ ਮੈਂ ਸਾਬਰਮਤੀ ਆਸ਼ਰਮ ਵਿੱਚ ਹਾਂ ਤਾਂ ਮੈਂ ਆਪਣੀ ਨਾ-ਖੁਸ਼ੀ ਅਤੇ ਦਰਦ ਦਾ ਇਜ਼ਹਾਰ ਕਰਨਾ ਚਾਹੁੰਦਾ ਹਾਂ.. ਇਹ ਉਹ ਮੁਲਕ ਹੈ ਜਿਸ ਵਿੱਚ ਕੀੜੀਆਂ, ਅਵਾਰਾ ਕੁੱਤਿਆਂ, ਮੱਛੀਆਂ ਦਾ ਢਿੱਡ ਭਰਨ ਦੀ ਰਵਾਇਤ ਹੈ। ਇਹ ਉਹ ਮੁਲਕ ਹੈ, ਜਿੱਥੇ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਦਾ ਪਾਠ ਪੜ•ਾਇਆ। ਸਾਨੂੰ ਕੀ ਹੋ ਗਿਆ ਹੈ?... ਭਾਰਤੀ ਸੰਵਿਧਾਨ ਵੀ ਸਾਨੂੰ ਗਊ ਰੱਖਿਆ ਬਾਰੇ ਸਿਖਾਉਂਦਾ ਹੈ, ਪਰ ਇਹ ਕੰਮ ਕਰਦਿਆਂ ਕੀ ਸਾਨੂੰ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਹੈ? ਕੀ ਇਹ ਗਊ-ਭਗਤੀ ਹੈ? ਕੀ ਇਹ ਗਊ ਰੱਖਿਆ ਹੈ?'' ਮੋਦੀ ਵੱਲੋਂ ਇਹ ਲਫਜ਼ 29 ਜੂਨ ਨੂੰ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਦੇ ਸ਼ਤਾਬਦੀ ਸਮਾਗਮ ਸਮੇਂ ਬੋਲੇ ਗਏ। ਇਹ ਵੀ ਉਦੋਂ ਜਦੋਂ ਪਿਛਲੇ ਹਫਤੇ ਹਿੰਦੂ ਫਿਰਕੂ-ਜਨੂੰਨੀ ਗਰੋਹ ਵੱਲੋਂ ਦਿੱਲੀ ਤੋਂ ਮਥਰਾ ਜਾ ਰਹੀ ਗੱਡੀ ਵਿੱਚ ਸਫਰ ਕਰਨ ਵਾਲੇ ਤਿੰਨ ਮੁਸਲਮਾਨ ਭਰਾਵਾਂ 'ਤੇ ਚਾਕੂਆਂ ਤੇ ਛੁਰਿਆਂ ਨਾਲ ਹਮਲਾ ਕਰਨ, ਇੱਕ ਜੁਨੈਦ ਨਾਂ ਦੇ ਮੁੰਡੇ ਨੂੰ ਮਾਰਨ ਅਤੇ ਦੋ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦੀ ਘਟਨਾ ਖਿਲਾਫ ਮੁਲਕ ਭਰ ਅੰਦਰ ਤਿੱਖਾ ਅਤੇ ਵਿਆਪਕ ਪ੍ਰਤੀਕਰਮ ਸਾਹਮਣੇ ਆਇਆ ਅਤੇ ਵਿਸ਼ੇਸ਼ ਕਰਕੇ 28 ਜੂਨ ਨੂੰ ਇਸ ਘਟਨਾ ਸਮੇਤ ਅਖੌਤੀ ਗਊ ਰਾਖਿਆਂ ਵੱਲੋਂ ਮੁਸਲਮਾਨਾਂ ਅਤੇ ਦਲਿਤਾਂ 'ਤੇ ਵਧ ਰਹੇ ਕਾਤਲਾਨਾ ਹਮਲਿਆਂ ਖਿਲਾਫ ਜਨਤਕ ਰੋਸ ਰੈਲੀਆਂ ਅਤੇ ਮੁਜਾਹਰਿਆਂ ਦੇ ਸੇਕ ਮੋਦੀ ਹਕੂਮਤ ਤੱਕ ਪਹੁੰਚਿਆ। ਅੱਜ ਤੋਂ ਲੱਗਭੱਗ ਇੱਕ ਸਾਲ ਪਹਿਲਾਂ ਸਤੰਬਰ
2015 ਵਿੱਚ ਜਦੋਂ ਉੱਤਰ ਪ੍ਰਦੇਸ਼ ਵਿੱਚ ਮੁਜੱਫਰਨਗਰ ਨੇੜੇ ਦਾਦਰੀ ਵਿੱਚ ਗਊ-ਮਾਸ ਰੱਖਣ ਦੇ ਦੋਸ਼ ਹੇਠ ਮੁਹੰਮਦ ਅਖਲਾਕ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਸੰਘ ਲਾਣੇ ਦੀ ਛੱਤਰੀ ਹੇਠਲੇ ਅਖੌਤੀ ਗਊ ਰਾਖਿਆਂ ਦੀ ਬੁਰਛਾਗਰਦ ਕਾਰਵਾਈਆਂ ਖਿਲਾਫ ਮੌਨਧਾਰੀ ਬੈਠੇ ਮੋਦੀ ਦੀ ਜੁਬਾਨ ਉਦੋਂ ਹੀ ਖੁੱਲ•ੀ ਸੀ, ਜਦੋਂ ਇਨ•ਾਂ ਕਾਰਵਾਈਆਂ ਖਿਲਾਫ ਮੁਲਕ ਭਰ ਵਿੱਚੋਂ ਰੋਹ ਦੀਆਂ ਤਰੰਗਾਂ ਉੱਠਣ ਲੱਗੀਆਂ ਸਨ, ਦੇਸ਼-ਵਿਦੇਸ਼ ਦੇ ਬੁੱਧੀਜੀਵੀ ਅਤੇ ਨਾਮਵਰ ਹਸਤੀਆਂ ਵੱਲੋਂ ਤਿੱਖਾ ਪ੍ਰਤੀਕਰਮ ਸਾਹਮਣੇ ਆਉਣ ਲੱਗਿਆ ਸੀ ਅਤੇ ਇਸ ਤਿੱਖੇ ਪ੍ਰਤੀਕਰਮ ਦਾ ਇਜ਼ਹਾਰ ਮੁਲਕ ਦੇ ਸੈਂਕੜੇ ਸਾਹਿਤਕਾਰਾਂ, ਲੇਖਕਾਂ ਅਤੇ ਕਲਾਕਾਰਾਂ ਵੱਲੋਂ ਆਪਣੇ ਇਨਾਮਾਂ ਨੂੰ ਵਾਪਸ ਮੋੜਨ ਦੇ ਸਿਲਸਿਲੇ ਰਾਹੀਂ ਹੋਇਆ ਸੀ। ਇਸ ਪ੍ਰਤੀਕਰਮ 'ਤੇ ਠੰਢਾ ਛਿੜਕਣ ਲਈ ਮੋਦੀ ਵੱਲੋਂ ਪਟਨਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਗਊ ਰੱਖਿਆ ਦੇ ਨਾਂ 'ਤੇ ਕੀਤੀ ਜਾ ਰਹੀ ਹਿੰਸਾ ਦੀ ਨਿੰਦਾ ਕਰਦਿਆਂ ਇਹ ਕਹਿਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਇਹ ਹਿੰਸ ਸੰਘ ਲਾਣੇ ਦੀਆਂ ਜਥੇਬੰਦੀਆਂ ਵੱਲੋਂ ਨਹੀਂ ਕੀਤੀ ਜਾ ਰਹੀ। ਇਹ ਤਾਂ ''ਗਊ ਰਾਖੀ'' ਦਾ ਠੱਪਾ ਲਾ ਕੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹੈ। ਹਿੰਦੂਤਵਾ ਫਾਸ਼ੀ ਸੰਘ ਲਾਣੇ ਦੇ ਗਰੋਹਾਂ ਵੱਲੋਂ ਨਿਰਦੋਸ਼ ਮੁਸਲਮਾਨਾਂ ਅਤੇ ਦਲਿਤਾਂ ਖਿਲਾਫ ਜਾਰੀ ਜਿਹਨਾਂ ਹਮਲਾਵਰ ਕਾਤਲਾਨਾ ਕਾਰਵਾਈਆਂ ਖਿਲਾਫ ਮੋਦੀ ਹੁਰਾਂ ਦੀ ਕਿੰਨਾ ਕਿੰਨਾ ਅਰਸਾ ਜੁਬਾਨ ਬੰਦ ਰਹਿੰਦੀ ਹੈ, ਇਹ ਫਿਰਕੂ ਫਾਸ਼ੀ ਕਾਰਵਾਈਆਂ ਕੋਈ ਇਕੱਲੀ-ਇਕਹਿਰੀਆਂ ਘਟਨਾਵਾਂ ਨਹੀਂ ਹਨ, ਸਗੋਂ ਅਜਿਹੀਆਂ ਕਾਰਵਾਈਆਂ ਦਾ ਇੱਕ ਬੱਝਵਾਂ, ਵਿਆਪਕ ਅਤੇ ਵਿਉਂਤਬੱਧ ਸਿਲਸਿਲਾ ਹੈ। ਇਸ ਸਿਲਸਿਲੇ ਨੇ ਕੇਂਦਰ ਵਿੱਚ ਭਾਜਪਾ ਦੀ ਹਕੂਮਤ ਆਉਣ ਤੋਂ ਬਾਅਦ ਸਿਰ ਚੁੱਕਿਆ ਹੈ ਅਤੇ ਬਾਕਾਇਦਾ ਵਿਉਂਤਬੱਧ ਸਿਲਸਿਲੇ/ਲਹਿਰ ਦਾ ਰੂਪ ਧਾਰਿਆ ਹੈ। ਅਜਿਹਾ ਸਿਲਸਿਲਾ/ਲਹਿਰ ਨਾ ਆਪਮੁਹਾਰੀ ਹੁੰਦੀ ਹੈ ਯਾਨੀ ਲੋਕਾਂ ਦੇ ਕੁੱਝ ਹਿੱਸਿਆਂ ਵੱਲੋਂ ਕਿਸੇ ਵਕਤੀ ਭੜਕਾਹਟ ਵਿੱਚੋਂ ਕੀਤੀਆਂ ਆਪ ਮੁਹਾਰੀਆਂ ਕਾਰਵਾਈਆਂ ਹੁੰਦੀਆਂ ਹਨ ਅਤੇ ਨਾ ਹੀ ਲੋਕਾਂ ਵਿੱਚੋਂ ਗੁੰਮਰਾਹ ਹੋਏ ਜਾਂ ਵਿਗੜੇ ਹੋਏ ਜਾਂ ਲਾਲਚ ਦਾ ਸ਼ਿਕਾਰ ਕੁੱਝ ਵਿਅਕਤੀਆਂ/ਗਰੋਹਾਂ ਦੀਆਂ ਸੋਚ-ਸਮਝ ਕੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਹੁੰਦੀਆਂ ਹਨ। ਅਜਿਹੀਆਂ ਸਭ ਕਿਸਮ ਦੀਆਂ ਕਾਰਵਾਈਆਂ ਦਾ 2-3 ਸਾਲ ਲਗਾਤਾਰ ਜਾਰੀ ਰਹਿਣਾ ਅਤੇ ਜ਼ੋਰ ਫੜਨਾ ਨਾਮੁਮਕਿਨ ਹੁੰਦਾ ਹੈ। ਖਾਸ ਕਰਕੇ ਉਸ ਹਾਲਤ ਵਿੱਚ ਤਾਂ ਇਹਨਾਂ ਕਾਰਵਾਈਆਂ ਦੇ ਜਾਰੀ ਰਹਿਣ ਦਾ ਸੁਆਲ ਹੀ ਪੈਦਾ ਨਹੀਂ ਹੰਦਾ, ਜੇਕਰ ਮੁਲਕ ਦਾ ਪ੍ਰਧਾਨ ਮੰਤਰੀ ਵੀ ਇਹਨਾਂ ਬਾਰੇ ਸਖਤ ਨਾਖੁਸ਼ੀ ਦਾ ਇਜ਼ਹਾਰ ਕਰਦਾ ਹੈ ਅਤੇ ਇਹਨਾਂ ਕਾਰਵਾਈਆਂ 'ਤੇ ਬਹੁਤ ਦੁੱਖ-ਦਰਦ ਮਹਿਸੂਸ ਕਰਦਿਆਂ, ਇਹਨਾਂ ਦੀ ਸੰਵਿਧਾਨ ਤਹਿਤ ਕੋਈ ਥਾਂ ਨਾ ੋਹਣ ਦੀ ਗੱਲ ਕਰਦਾ ਹੈ।
ਪ੍ਰਧਾਨ ਮੰਤਰੀ ਦੀ ਇਹਨਾਂ ਕਾਰਵਾਈਆਂ ਖਿਲਾਫ ਅਜਿਹੀ ਬਿਆਨਬਾਜ਼ੀ ਦੇ ਬਾਵਜੂਦ ਜੇ ਇਹ ਕਾਰਵਾਈਆਂ ਨਾ ਸਿਰਫ ਬਾਦਸਤੂਰ ਜਾਰੀ ਰਹਿ ਰਹੀਆਂ ਹਨ, ਸਗੋਂ ਇਹਨਾਂ ਵਿੱਚ ਵਾਧਾ ਵੀ ਹੋ ਰਿਹਾ ਹੈ, ਤਾਂ ਇਹ ਹਕੀਕਤ ਖੁਦ-ਬ-ਖੁਦ ਇਸ ਗੱਲ ਦਾ ਇਜ਼ਹਾਰ ਹੈ ਕਿ ਮੋਦੀ ਦੀ ਇਹ ਦੋ ਕੁ ਵਾਰੀ ਕੀਤੀ ਗਈ ਬਿਆਨਬਾਜ਼ੀ ਜਮ•ਾਂ-ਜੁਬਾਨੀ ਖਰਚ ਹੈ, ਥੋਥੀ ਅਤੇ ਦੰਭੀ ਹੈ। ਇਹ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਕੀਤੀ ਗਈ ਹੈ। ਇਹ ਗੱਲ ਕਿਸੇ ਵੀ ਖਰੇ ਇਨਸਾਫਪਸੰਦ ਅਤੇ ਧਰਮ-ਨਿਰਲੇਪ ਵਿਅਕਤੀ ਨੂੰ ਪੱਲੇ ਪੈ ਸਕਦੀ ਹੈ ਕਿ ਅਖੌਤੀ ਗਊ-ਰਾਖਿਆਂ ਦੇ ਗਰੋਹਾਂ ਦੇ ਬਾਕਾਇਦਾ ਉਭਰਨ, ਜ਼ੋਰ ਫੜਨ ਅਤੇ ਮੁਸਲਮਾਨਾਂ ਅਤੇ ਦਲਿਤਾਂ ਨੂੰ ਫਿਰਕੂ-ਫਾਸ਼ੀ ਕਾਤਲਾਨਾ ਹਮਲਿਆਂ ਦੀ ਮਾਰ ਹੇਠ ਲਿਆਉਣ ਦੇ ਸਿਲਸਿਲੇ ਦੀ ਸ਼ੁਰੂਆਤ ਮੋਦੀ ਹਕੂਮਤ ਦੇ ਹੋਂਦ ਵਿੱਚ ਆਉਣ ਨਾਲ ਹੀ ਸ਼ੁਰੂ ਹੋਈ ਹੈ। ਚਾਹੇ ਮੋਦੀ ਹਕੂਮਤ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਫਾਸ਼ੀ ਆਰ.ਐਸ.ਐਸ. ਦੀ ਛਤਰੀ ਹੇਠਲੀਆਂ ਹਿੰਦੂ ਸ਼ਿਵ ਸੈਨਾ, ਬਜਰੰਗ ਦਲ, ਹਿੰਦੂ ਯੁਵਾ ਵਾਹਿਨੀ ਆਦਿ ਜਥੇਬੰਦੀਆਂ ਦੇ ਗਰੋਹਾਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਜਾਂਦਾ ਰਿਹਾ ਹੈ, ਪਰ ਇਹ ਕਦੀ-ਕਦਾਈਂ ਅਤੇ ਟੁੱਟਵੀਆਂ-ਇਕਹਿਰੀਆਂ ਹੋਣ ਕਰਕੇ, ਇੱਕ ਬਾਦਸਤੂਰ ਅਤੇ ਮੁਲਕ-ਵਿਆਪੀ ਵਿਉਂਤਬੱਧ ਸਿਲਸਿਲੇ ਦੀ ਸ਼ਕਲ ਅਖਤਿਆਰ ਨਹੀਂ ਕਰ ਸਕੀਆਂ ਸਨ। ਮੋਦੀ ਹਕੂਮਤ ਦੇ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਸੰਘ ਲਾਣੇ ਦੀਆਂ ਚੜ•-ਮੱਚੀਆਂ ਹਨ। ਸੰਘ ਲਾਣੇ ਵੱਲੋਂ ਇੱਕ ਹੱਥ ਮੋਦੀ ਹਕੂਮਤ ਦੀ ਮਿਲੀਭੁਗਤ ਨਾਲ ਅਤੇ ਹਕੂਮਤੀ ਤਾਕਤ ਦੀ ਵਰਤੋਂ ਕਰਦਿਆਂ, ਸਮਾਜਿਕ, ਸਿਆਸੀ, ਰਾਜਕੀ, ਵਿਦਿਅਕ ਅਤੇ ਸਾਹਿਤ-ਸਭਿਆਚਾਰਕ ਖੇਤਰਾਂ ਨੂੰ ਆਪਣੀ ਹਿੰਦੂਤਵ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਦੇ ਅਸਰ ਅਤੇ ਗਲਬੇ ਹੇਠ ਲਿਆਉਣ ਦੀ ਮੁਹਿੰਮ ਨੂੰ ਜ਼ੋਰ-ਸ਼ੋਰ ਨਾਲ ਚਲਾਇਆ ਜਾ ਰਿਹਾ ਹੈ ਅਤੇ ਦੂਜੇ ਹੱਥ- ਮੁਲਕ ਦੀਆਂ ਸਭਨਾਂ ਧਾਰਮਿਕ ਘੱਟ-ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨ ਭਾਈਚਾਰੇ ਖਿਲਾਫ ਹਮਲਵਾਰ ਮੁਹਿੰਮ ਵਿੱਢਦਿਆਂ, ਉਹਨਾਂ ਨੂੰ ਦਹਿਸ਼ਤਜ਼ਦਾ ਅਤੇ ਗੋਡਣੀਏ ਕਰਨ ਲਈ ਤਾਣ ਲਾਇਆ ਹੋਇਆ ਹੈ। ਉਹਨਾਂ ਖਿਲਾਫ ਗਊ-ਮਾਸ ਖਾਣ, ਅਖੌਤੀ ਲਵ-ਜਹਾਦ, ਅਖੌਤੀ ਅੱਤਵਾਦ ਅਤੇ ਦਹਿਸ਼ਤਗਰਦੀ, ਅਖੌਤੀ ਰਾਸ਼ਟਰਵਾਦ ਵਰਗੇ ਮੁੱਦਿਆਂ ਨੂੰ ਉਛਾਲਦਿਆਂ, ਉਹਨਾਂ ਖਿਲਾਫ ਹਿੰਦੂ ਫਿਰਕੂ ਜਨੂੰਨ ਅਤੇ ਨਫਰਤ ਨੂੰ ਝੋਕਾ ਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਰਾਸ਼ਟਰ-ਵਿਰੋਧੀਆਂ ਤੇ ਦੇਸ਼-ਵਿਰੋਧੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਗੱਲ ਕੀ- ਮੁਸਲਮਾਨ ਭਾਈਚਾਰੇ ਖਿਲਾਫ ਇੱਕ ਅਜਿਹਾ ਸਮਾਜਿਕ, ਧਾਰਮਿਕ ਅਤੇ ਸਿਆਸੀ ਮਾਹੌਲ ਸਿਰਜਿਆ ਅਤੇ ਭੜਕਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ ਵੱਖ ਫਿਰਕਿਆਂ ਵਿੱਚ ਫਿਰਕੂ ਭਾਈਚਾਰਕ ਸਦਭਾਵਨਾ, ਬਰਾਬਰੀ, ਸਤਿਕਾਰ ਅਤੇ ਇਨਸਾਨੀ-ਭਾਵਨਾਵਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਧਾਰਮਿਕ ਘੱਟ-ਗਿਣਤੀਆਂ ਖਿਲਾਫ ਫਿਰਕੂ-ਫਾਸ਼ੀ ਤੁਅਸਬਾਂ, ਨਫਰਤ ਅਤੇ ਦੁਸ਼ਮਣਾਨਾ-ਭਾਵਨਾਵਾਂ ਨੂੰ ਮਘਾਇਆ-ਭਖਾਇਆ ਜਾ ਰਿਹਾ ਹੈ। ਬਹੁਗਿਣਤੀ ਹਿੰਦੂ-ਭਾਈਚਾਰੇ ਨੂੰ ਆਪਣੀ ਇਸ ਫਿਰਕੂ-ਫਾਸ਼ੀ ਮੁਹਿੰਮ ਦਾ ਹੱਥਾ ਬਣਾਇਆ ਜਾ ਰਿਹਾ ਹੈ। ਮੁਲਕ ਅੰਦਰ ਭਾਜਪਾ ਦੀ ਮੋਦੀ ਹਕੂਮਤ ਦੀ ਸਰਪ੍ਰਸਤੀ ਹੇਠ ਗੁਜਰਾਤ ਨੂੰ ਇਸ ਫਿਰਕੂ-ਫਾਸ਼ੀ ਮੁਹਿੰਮ ਦੀ ਪ੍ਰਯੋਗਸ਼ਾਲਾ ਬਣਾਇਆ ਗਿਆ ਸੀ ਅੇਤ ਇਸ ਮੁਹਿੰਮ ਨੂੰ ਸਿਖਰ 'ਤੇ ਲਿਜਾਣ ਲਈ 2002 ਵਿੱਚ ਗੋਧਰਾ ਰੇਲ ਕਾਂਡ ਨੂੰ ਵਰਤਦਿਆਂ 2000 ਤੋਂ ਵੱਧ ਨਿਹੱਕੇ ਮੁਸਲਮਾਨਾਂ ਦਾ ਕਤਲੇਆਮ ਰਚਾਇਆ ਗਿਆ ਸੀ। ਅੱਜ ਆਰ.ਐਸ.ਐਸ. ਵੱਲੋਂ ਆਪਣੇ ਉਸੇ ਸਵੈ-ਸੇਵਕ ਮੋਦੀ ਨੂੰ ਕੇਂਦਰੀ ਹਕੂਮਤ ਦੀ ਜਿੰਮੇਵਾਰੀ ਸੌਂਪਦਿਆਂ, ਸਮੁੱਚੇ ਮੁਲਕ ਨੂੰ ਹਿੰਦੂਤਵਾ ਦੀ ਫਿਰਕੂ-ਫਾਸ਼ੀ ਵਿਚਾਰਧਾਰਾ ਨੂੰ ਅਮਲ ਵਿੱਚ ਲਿਆਉਣ ਦੀ ਪ੍ਰਯੋਗਸ਼ਾਲਾ ਬਣਾਉਣ ਦਾ ਕਾਰਜ ਸੌਂਪਿਆ ਗਿਆ ਹੈ। ਇਸ ਕਾਰਜ ਨੂੰ ਅੱਗੇ ਵਧਾਉਣ ਦੀ ਮੁਹਿੰਮ ਨੂੰ ਤਕੜਾਈ ਬਖਸ਼ਣ ਲਈ ਸੰਘ ਲਾਣੇ ਵੱਲੋਂ ਫਿਰਕੂ-ਫਾਸ਼ੀ ਜ਼ਹਿਰ ਦੇs sਵਣਜਾਰੇ ਆਦਿਤਿਆ ਨਾਥ ਜੋਗੀ ਨੂੰ ਉੱਤਰਪ੍ਰਦੇਸ਼ ਦੀ ਸੂਬਾਈ ਹਕੂਮਤ ਦਾ ਮੁਖੀ ਥਾਪਿਆ ਗਿਆ ਹੈ।
ਸੰਘ ਲਾਣੇ ਵੱਲੋਂ ਅਜਿਹਾ ਫਿਰਕੂ ਫਾਸ਼ੀ ਮਾਹੌਲ ਇੱਕ ਸੋਚੀ-ਸਮਝੀ ਵਿਉਂਤ ਤਹਿਤ ਸਿਰਜਿਆ ਜਾ ਰਿਹਾ ਹੈ। ਮੋਦੀ ਸੰਘ ਲਾਣੇ ਦੀ ਅਜਿਹਾ ਮਾਹੌਲ ਸਿਰਜਣ ਦੀ ਵਿਉਂਤ ਦਾ ਇੱਕ ਅਹਿਮ ਮੋਹਰਾ ਹੀ ਨਹੀਂ, ਸਗੋਂ ਇੱਕ ਮੋਢੀ ਕਰਤਾ-ਧਰਤਾ ਹੈ। ਇਸੇ ਕਰਕੇ, ਜਦੋਂ ਸੰਘ ਲਾਣੇ ਦੇ ਫਿਰਕੂ-ਫਾਸ਼ੀ ਗਰੋਹਾਂ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਅਤੇ ਇਹ ਅਖਬਾਰਾਂ ਦੀ ਚਰਚਾ ਦਾ ਮੁੱਦਾ ਬਣਦੀਆਂ ਹਨ ਤਾਂ ਇੱਕ ਪਾਸੇ ਮੋਦੀ ਵੱਲੋਂ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਜ਼ੋਰਦਾਰ ਮੰਗ ਕਰਨ ਦੇ ਬਾਵਜੂਦ ਇੱਕ ਵੀ ਲਫਜ਼ ਮੂੰਹੋਂ ਕੱਢਣ ਤੋਂ ਮਹੀਨਿਆਂਬੱਧੀ ਟਾਲਾ ਵੱਟਿਆ ਜਾਂਦਾ ਹੈ ਅਤੇ ਦੂਜੇ ਪਾਸੇ- ਮੋਦੀ ਦੇ ਮੰਤਰੀ ਮੰਡਲ ਦੇ ਅੰਗ ਮੰਤਰੀਆਂ-ਸੰਤਰੀਆਂ ਅਤੇ ਹਿੰਦੂਤਵੀ ਜਥੇਬੰਦੀਆਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਵਾਜਬ ਠਹਿਰਾਉਣ ਜਾਂ ਇਹਨਾਂ ਨੂੰ ਕਦੀ-ਕਦਾਈਂ ਵਾਪਰਨ ਵਾਲੀਆਂ ਮਾਮੂਲੀ ਕਾਰਵਾਈਆਂ ਕਹਿੰਦਿਆਂ, ਹਕੂਮਤ ਨੂੰ ਖਾਹਮ-ਖਾਹ ਇਹਨਾਂ ਲਈ ਜੁੰਮੇਵਾਰ ਠਹਿਰਾਉਣ ਲਈ ਵਿਰੋਧੀ ਪਾਰਟੀਆਂ ਨੂੰ ਮਾਰ ਹੇਠ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਉਪਰੋਕਤ ਸੰਖੇਪ ਵਿਆਖਿਆ ਇਹ ਸਾਫ ਕਰ ਦਿੰਦੀ ਹੈ ਕਿ ਮੋਦੀ ਵੱਲੋਂ ਸਾਲ ਭਰ ਵਿੱਚ ਇੱਕ ਅੱਧ ਵਾਰ ਅਖੌਤੀ ਗਊ ਰਾਖਿਆਂ ਵੱਲੋਂ ਕੀਤੀਆਂ ਜਾ ਰਹੀਆਂ ਫਾਸ਼ੀ ਹਿੰਸਕ ਕਾਰਵਾਈਆਂ ਖਿਲਾਫ ਮਲਵੀਂ ਜੀਭੇ ਕੀਤੀ ਬਿਆਨਬਾਜ਼ੀ ਕੌਮਾਂਤਰੀ ਪੱਧਰ 'ਤੇ ਅਤੇ ਮੁਲਕ ਅੰਦਰ ਇਹਨਾਂ ਕਾਰਵਾਈਆਂ ਖਿਲਾਫ ਹੁੰਦੇ ਪ੍ਰਤੀਕਰਮ ਤੇ ਰੋਸ 'ਤੇ ਠੰਢਾ ਛਿੜਕਣ ਅਤੇ ਲੋਕਾਂ ਨਾਲ ਛਲ ਖੇਡਣ ਲਈ ਕੀਤੀ ਜਾਂਦੀ ਫਰੇਬੀ ਬਿਆਨਬਾਜ਼ੀ ਤੋਂ ਵੱਧ ਕੁੱਝ ਨਹੀਂ ਹੈ। ਪਰ ਕਾਰਪੋਰੇਟ ਅਤੇ ਸਰਕਾਰੀ-ਦਰਬਾਰੀ ਮੀਡੀਆ ਮੋਦੀ ਦੇ ਇਸ ਫਰੇਬੀ ਬਿਆਨ 'ਤੇ ਤਸੱਲੀ ਜ਼ਾਹਰ ਕਰਦਿਆਂ, ਹਣ ਸਭ ਕੁੱਝ ਠੀਕ-ਠਾਕ ਹੋਣ ਦੀਆਂ ਨਿਰ-ਆਧਾਰ ਪੇਸ਼ੀਨਗੋਈਆਂ ਕਰ ਰਹੇ ਹਨ ਅਤੇ ਸੰਘ ਲਾਣੇ ਦੀਆਂ ਇਹਨਾਂ ਬੁਰਛਾਗਰਦ ਕਾਰਵਾਈਆਂ ਖਿਲਾਫ ਲੋਕਾਂ ਦੇ ਗੁੱਸੇ ਅਤੇ ਲੜਾਕੂ ਰੌਂਅ 'ਤੇ ਠੰਢਾ ਛਿੜਕਣ ਦਾ ਕੰਮ ਕਰ ਰਹੇ ਹਨ।
੦-੦
No comments:
Post a Comment