ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਵੱਲੋਂ ਠੇਕੇਦਾਰੀ ਪ੍ਰਬੰਧ ਖਿਲਾਫ ਮੁਜਾਹਰਾ
17 ਜੂਨ ਨੂੰ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਵੱਲੋਂ ਠੇਕੇਦਾਰੀ ਪ੍ਰਬੰਧ ਖਿਲਾਫ ਜੈਤੋ ਮੰਡੀ ਵਿੱਚ ਇਕੱਠ ਕਰਨ ਉਪਰੰਤ ਮੁਜਾਹਰਾ ਕੀਤਾ ਗਿਆ।ਇਹ ਮੁਜਾਹਰਾ ਰੇਲਵੇ ਸਟੇਸ਼ਨ ਕੋਲੋਂ ਸ਼ੁਰੂ ਹੋ ਕੇ ਬਾਜ਼ਾਰ ਵਿੱਚੋਂ ਦੀ ਲੰਘਦਾ ਹੋਇਆ ਬਾਜਾ ਚੌਕ ਤੋਂ ਬੱਸ ਸਟੈਂਡ ਵਿਚਦੀ ਹੁੰਦਾ ਹੋਇਆ ਐਸ.ਡੀ.ਐਮ. ਦਫਤਰ ਪੁੱਜਾ। ਮੁਜਾਹਰੇ ਵਿੱਚ ਪੱਲੇਦਾਰ ਯੂਨੀਅਨ ਦੀ ਹਮਾਇਤ ਤੇ ਭਰਾਤਰੀ ਜਥੇਬੰਦੀਆਂ ਐਫ.ਸੀ.ਆਈ. ਵਰਕਰਜ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਦਿ ਸ਼ਾਮਲ ਹੋਈਆਂ। ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਠੇਕੇਦਾਰੀ ਸਿਸਟਮ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਠੇਕੇਦਾਰੀ ਸਿਸਟਮ ਤਹਿਤ ਪਹਿਲਾਂ ਸਰਕਾਰ ਨੇ ਰੇਲਵੇ ਪਲੇਟੀਆਂ 'ਤੇ ਕੰਮ ਕਰ ਰਹੀ ਐਫ.ਸੀ.ਆਈ. ਲੇਬਰ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਤੇ ਹੁਣ ਜੈਤੋ ਦੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਪੱਲੇਦਾਰਾਂ ਨੂੰ ਠੇਕੇਦਾਰ ਨੇ ਨਵੀਂ ਅਣਜਾਣ ਲੇਬਰ ਨਾਲ ਰੇਟ ਤਹਿ ਕਰਕੇ ਪੁਰਾਣੀ ਆਲ ਇੰਡੀਆ ਫੂਡ ਐਂਡ ਅਲਾਇਡ ਵਰਕਰਜ਼ ਯੂਨੀਅਨ ਨੂੰ ਪਲੇਟੀ ਦੇ ਕੰਮ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਦੇ ਵਿਰੋਧ ਵਿੱਚ ਇਹ ਮੁਜਾਹਰਾ ਕਰਨ ਦੀ ਲੋੜ ਬਣੀ ਹੈ। ਆਗੂਆਂ ਅਤੇ ਵਰਕਰਾਂ ਨੇ ਠੇਕੇਦਾਰ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਇਹ ਫੈਸਲਾ ਕੀਤਾ ਹੈ ਕਿ ਜੈਤੋ ਡੀਪੂ ਵਿੱਚ ਕਿਸੇ ਵੀ ਹੋਰ ਲੇਬਰ ਨੂੰ ਪਲੇਟੀ 'ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਰੈਲੀ ਨੂੰ ਸਾਧੂ ਸਿੰਘ ਭਗਤੂਆਣਾ, ਸਿਕੰਦਰ ਸਿੰਘ, ਅਜੀਤ ਸਿੰਘ ਅਤੇ ਕੁਲਬੀਰ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਐਫਸੀਆਈ ਦੀ ਪ੍ਰਾਈਵੇਟ ਲੇਬਰ ਯੂਨੀਅਨ ਅਤੇ ਪੁਲੀਸ 'ਚ ਝੜਪ
ਫ਼ਿਰੋਜ਼ਪੁਰ, 23 ਮਈ- ਇੱਥੇ ਅੱਜ ਰੇਲਵੇ ਸਟੇਸ਼ਨ ਨੇੜੇ ਐਫ਼ਸੀਆਈ ਦੀ 'ਫ਼ੂਡ ਐਂਡ ਅਲਾਈਡ ਵਰਕਰਜ਼ ਯੂਨੀਅਨ' ਅਤੇ ਪੁਲੀਸ ਵਿਚਕਾਰ ਝੜਪ ਕਾਰਨ ਕਰੀਬ ਦਰਜਨ ਮਜ਼ਦੂਰ ਤੇ ਅੱਧਾ ਦਰਜਨ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸਥਿਤੀ ਉੱਤੇ ਕਾਬੂ ਪਾਉਣ ਲਈ ਪੁਲੀਸ ਨੇ ਪਹਿਲਾਂ ਲਾਠੀਚਾਰਜ ਕੀਤਾ ਤੇ ਫਿਰ ਹਵਾਈ ਫਾਇਰ ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਝਗੜਾ ਕਣਕ ਦੀ ਢੁਆਈ ਨੂੰ ਲੈ ਕੇ ਹੋਇਆ ਸੀ। ਲੇਬਰ ਦਾ ਇਹ ਵਿਵਾਦ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ..ਜਾਣਕਾਰੀ ਮੁਤਾਬਿਕ ਫ਼ਿਰੋਜ਼ਪੁਰ ਵਿੱਚ ਐਫ਼ਸੀਆਈ ਦੀ ਕਣਕ ਦੀ ਢੁਆਈ ਦਾ ਕੰਮ ਮਜ਼ਦੂਰਾਂ ਕੋਲੋਂ ਖੋਹ ਕੇ ਇੱਕ ਪ੍ਰਾਈਵੇਟ ਕਪੰਨੀ ਨੂੰ ਸੌਂਪ ਦਿੱਤਾ ਗਿਆ। 'ਗੁਰੂ ਰਾਮਦਾਸ ਐਂਡ ਕੰਪਨੀ' ਦੀ ਦੇਖ-ਰੇਖ ਸੁਭਾਸ਼ ਗੱਖੜ ਅਤੇ ਸੁਰਿੰਦਰਪਾਲ ਸਿੰਘ ਚਾਵਲਾ ਕਰ ਰਹੇ ਹਨ। ਪਰ ਐਫ਼ਸੀਆਈ ਦੀ ਯੂਨੀਅਨ 'ਫ਼ੂਡ ਐਂਡ ਅਲਾਈਡ ਵਰਕਰਜ਼ ਯੂਨੀਅਨ' ਇਸ ਦਾ ਵਿਰੋਧ ਕਰ ਰਹੀ ਹੈ। ਹਾਈ ਕੋਰਟ ਨੇ ਪਿਛਲੇ ਦਿਨੀਂ ਜ਼ਿਲ•ਾ ਪ੍ਰਸ਼ਾਸਨ ਨੂੰ ਇਸ ਕੰਪਨੀ ਨੂੰ ਪੁਲੀਸ ਸੁਰੱਖਿਆ ਮੁਹੱਈਆ ਕਰਨ ਦਾ ਹੁਕਮ ਜਾਰੀ ਕੀਤਾ ਸੀ। ਐਫ਼ਸੀਆਈ ਦੀ ਅੱਜ ਸਪੈਸ਼ਲ ਲੱਗੀ ਸੀ ਜਿਸ 'ਤੇ ਕਣਕ ਦੀ ਢੁਆਈ ਦਾ ਕੰਮ ਉਕਤ ਕੰਪਨੀ ਕਰਨ ਵਾਲੀ ਸੀ। ਹਾਲਾਤ ਦੇ ਮੱਦੇਨਜ਼ਰ ਪਹਿਲਾਂ ਤੋਂ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ ਜਦਕਿ ਕੁਝ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ। ਪੁਲਸ ਵੱਲੋਂ ਢੁਆਈ ਦਾ ਕੰਮ ਇਸ ਨਿੱਜੀ ਕੰਪਨੀ ਹਵਾਲੇ ਕਰਨ ਅਤੇ ਪੱਲੇਦਾਰ ਮਜ਼ਦੂਰਾਂ ਵੱਲੋਂ ਆਪਣੀ ਰੋਟੀ-ਰੋਜ਼ੀ ਦੀ ਰਾਖੀ ਲਈ ਕੀਤੇ ਜਾ ਰਹੇ ਵਿਰੋਧ ਨੂੰ ਕੁਚਲਣ ਲਈ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ।
ਪੁਲੀਸ ਵੱਲੋਂ ਮਜ਼ਦੂਰਾਂ 'ਤੇ ਲਾਠੀਚਾਰਜ
ਗੁਰੂਹਰਸਹਾਏ, 9 ਜੂਨ- ਠੇਕੇਦਾਰਾਂ ਵੱਲੋਂ ਇੱਥੇ ਵਿਸ਼ੇਸ਼ ਮਾਲਗੱਡੀ ਪ੍ਰਾਈਵੇਟ ਲੇਬਰ ਤੋਂ ਲੋਡ ਕਰਵਾਉਣ ਦਾ ਵਿਰੋਧ ਕਰਨ ਵਾਲੇ ਐਫ.ਸੀ.ਆਈ. ਮਜ਼ਦੂਰਾਂ 'ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਵੀ ਦਾਗ਼ੇ ਗਏ। ਇਸ ਨਾਲ ਐਫ.ਸੀ.ਆਈ.ਦੇ ਮਜ਼ਦੂਰ ਲਾਂਭੇ ਹੋ ਗਏ ਤੇ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਲਿਆਂਦੀ ਲੇਬਰ ਨੂੰ ਮਦਦ ਮਿਲ ਗਈ। ਸਵੇਰ ਤੋਂ ਰੇਲਵੇ ਸਟੇਸ਼ਨ 'ਤੇ ਹੀ ਮਾਲ ਗੱਡੀ ਭਰਨ ਦੀ ਆਸ ਲਾ ਕੇ ਬੈਠੇ ਐਫ.ਸੀ.ਆਈ.ਮਜ਼ਦੂਰਾਂ ਨੂੰ ਪੁਲੀਸ ਦੇ ਜਬਰ ਦਾ ਸ਼ਿਕਾਰ ਹੋਣਾ ਪਿਆ।
ਜਦੋਂ ਮਾਲਗੱਡੀ ਨੂੰ ਐਫ.ਸੀ.ਆਈ.ਵਰਕਰਾਂ ਨੇ ਲੋਡ ਕਰਨਾ ਚਾਹਿਆ ਤਾਂ ਸਿਆਸੀ ਰਸੂਖ਼ ਵਾਲੇ ਠੇਕੇਦਾਰ ਮੌਕੇ 'ਤੇ ਪੁੱਜੇ ਅਤੇ ਪੁਲੀਸ ਮੁਲਾਜ਼ਮਾਂ ਨੇ ਐਫ.ਸੀ.ਆਈ. ਮਜ਼ਦੂਰਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗਦਿਆਂ ਲਾਠੀਚਾਰਜ ਕੀਤਾ। ਪੁਲੀਸ ਨੇ ਕਈ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਐਫ.ਸੀ.ਆਈ.ਦੇ ਮਜ਼ਦੂਰਾਂ ਵੱਲੋਂ ਵੀ ਪਥਰਾਅ ਵੀ ਕੀਤਾ ਗਿਆ।
No comments:
Post a Comment