Thursday, 3 March 2016

ਸਾਈਬਾਬਾ ਦੀ ਗ੍ਰਿਫ਼ਤਾਰੀ ਵਿਰੁੱਧ ਜਮਹੂਰੀ ਫਰੰਟ ਵੱਲੋਂ ਕਨਵੈਨਸ਼ਨ

ਪ੍ਰੋ. ਸਾਈਬਾਬਾ ਦੀ ਗ੍ਰਿਫ਼ਤਾਰੀ ਵਿਰੁੱਧ ਜਮਹੂਰੀ ਫਰੰਟ ਵੱਲੋਂ ਕਨਵੈਨਸ਼ਨ
ਪ੍ਰੋਫੈਸਰ ਸਾਈਬਾਬਾ ਨੂੰ ਮੁੜ ਜੇਲ੍ਹ ਭੇਜੇ ਜਾਣ ਅਤੇ ਲੇਖਿਕਾ ਅਰੁੰਧਤੀ ਰਾਏ ਨੂੰ ਅਦਾਲਤ ਦੀ ਤੌਹੀਨ ਦਾ ਨੋਟਿਸ ਜਾਰੀ ਕਰਨ ਵਿਰੁੱਧ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ 24 ਜਨਵਰੀ ਨੂੰ ਕਰਵਾਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਸਾਈਬਾਬਾ ਦੀ ਜੀਵਨ ਸਾਥਣ ਏ.ਐੱਸ.ਵਸੰਤਾ ਨੇ ਕਿਹਾ, ''ਪ੍ਰੋਫੈਸਰ ਸਾਈਬਾਬਾ ਨੂੰ ਜੇਲ੍ਹ ਵਿੱਚ ਸਾੜਨ ਦਾ ਮਨੋਰਥ ਸਮੁੱਚੇ ਬੁੱਧੀਜੀਵੀਆਂ ਤੇ ਚਿੰਤਕਾਂ ਨੂੰ ਇੱਕ ਫਾਸ਼ੀਵਾਦੀ ਸੰਦੇਸ਼ ਦੇਣਾ ਹੈ ਕਿ ਸਥਾਪਤੀ ਦੀ ਆਲੋਚਨਾ ਨੂੰ ਇਹ ਨਿਜ਼ਾਮ ਸਹਿਣ ਨਹੀਂ ਕਰੇਗਾ ਅਤੇ ਅਜਿਹਾ ਕਰਨ 'ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਸੜਨਾ ਪਵੇਗਾ।'' ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਗਿਲਾਨੀ, ਵਸੰਤਾ ਕੁਮਾਰੀ, ਪ੍ਰੋਫੈਸਰ ਜਗਮੋਹਣ ਸਿੰਘ, ਫਰੰਟ ਦੇ ਕਨਵੀਨਰ ਪ੍ਰੋਫੈਸਰ ਏ.ਕੇ. ਮਲੇਰੀ, ਗੁਰਪ੍ਰੀਤ ਸਿੰਘ ਕੈਨੇਡਾ ਅਤੇ ਯਸ਼ਪਾਲ ਸ਼ਾਮਲ ਸਨ। ਕਨਵੈਨਸ਼ਨ ਦਾ ਆਗਾਜ਼ ਦਲਿਤ ਖੋਜਾਰਥੀ ਰੋਹਿਤ ਵੇਮੁਲਾ ਨੂੰ ਸ਼ਰਧਾਂਜਲੀ ਦੇ ਕੇ ਕੀਤਾ ਗਿਆ।
ਵਸੰਤਾ ਕੁਮਾਰੀ ਨੇ ਕਿਹਾ ਕਿ ਪ੍ਰੋਫੈਸਰ ਸਾਈਬਾਬਾ ਖ਼ਿਲਾਫ਼ ਚੋਰੀ ਦੇ ਦੋਸ਼ ਹੇਠ ਅਦਾਲਤ ਤੋਂ ਤਲਾਸ਼ੀ ਵਾਰੰਟ ਲੈ ਕੇ ਪੁਲੀਸ ਘਰ ਦਾ ਸਾਮਾਨ ਚੁੱਕ ਕੇ ਲੈ ਗਈ ਤੇ ਫਿਰ ਉਸ ਨੂੰ ਕਥਿਤ ਤੌਰ 'ਤੇ ਰਸਤੇ ਵਿੱਚੋਂ ਅਗਵਾ ਕਰ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਕਨਵੈਨਸ਼ਨ ਦੇ ਮੁੱਖ ਵਕਤਾ ਪ੍ਰੋਫੈਸਰ ਐੱਸ.ਏ.ਆਰ. ਗਿਲਾਨੀ ਨੇ ਪ੍ਰੋਫੈਸਰ ਸਾਈਬਾਬਾ ਦੇ ਮਾਮਲੇ ਦੀ ਤਫ਼ਸੀਲ ਦਿੰਦਿਆਂ ਕਿਹਾ ਕਿ ਪ੍ਰੋਫੈਸਰ ਸਾਈਬਾਬਾ ਨਾਲ ਕੀਤਾ ਜਾ ਰਿਹਾ ਸਲੂਕ ਸਹਿਣ ਨਹੀਂ ਕੀਤਾ ਜਾ ਸਕਦਾ। ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਦੋ ਨਾਅਰਿਆਂ 'ਇਨਕਲਾਬ ਜ਼ਿੰਦਾਬਾਦ', 'ਸਾਮਰਾਜਵਾਦ ਮੁਰਦਾਬਾਦ' ਨੂੰ ਮਾਰਗ-ਦਰਸ਼ਕ ਵਜੋਂ ਲੈਣ 'ਤੇ ਜ਼ੋਰ ਦਿੱਤਾ। ਕੈਨੇਡਾ ਤੋਂ ਰੈਡੀਕਲ ਦੇਸੀ ਦੇ ਸੰਪਾਦਕ ਅਤੇ ਪ੍ਰਸਿੱਧ ਰੇਡੀਓ ਹੋਸਟ ਗੁਰਪ੍ਰੀਤ ਸਿੰਘ ਨੇ ਕੈਨੇਡਾ ਨੇ ਹੋਰ ਦੇਸ਼ਾਂ ਵਿੱਚ ਹਕੂਮਤਾਂ ਦੇ ਜ਼ੁਲਮਾਂ ਵਿਰੁੱਧ ਉਠਾਈ ਜਾ ਰਹੀ ਆਵਾਜ਼ ਬਾਰੇ ਦੱਸਿਆ।

No comments:

Post a Comment