Thursday, 3 March 2016

ਗੁੰਮਸ਼ੁਦਾ ਦੀ ਦਾਸਤਾਨ—

ਗੁੰਮਸ਼ੁਦਾ ਦੀ ਦਾਸਤਾਨ—
''ਕੀ ਉਹ ਮਰ ਗਏ, ਜਿਊਂਦੇ ਹਨ ਜਾਂ ਕਾਫ਼ੂਰ ਹੋ ਗਏ ਹਨ''
-ਨਮਰਤਾ ਜੋਸ਼ੀ

ਜਿਵੇਂ ਹੀ ਕਿਸ਼ਤੀ ਅਹਿਸਤਾ ਅਹਿਸਤਾ ਦਰਿਆ ਵਿੱਚ ਵਹਿੰਦੀ ਹੈ, ਤਾਂ ਸ਼ਮੀਨਾ ਬਾਨੋ ਨੂੰ ਯਾਦ ਆਇਆ ਕਿ ਕਿਵੇਂ ਇੱਕ ਵੇਰ ਸੁਪਨੇ ਵਿੱਚ ਉਸਦਾ ਗੁੰਮ ਹੋਇਆ ਪਤੀ ਉਸ ਨੂੰ ਮਿਲਿਆ ਸੀ। ''ਉਸਦਾ ਚਿਹਰਾ ਪਹਿਲਾਂ ਵਰਗਾ ਸੀ, ਪਰ ਉਸਦੇ ਪੈਰ ਪਹਿਲਾਂ ਨਾਲੋਂ ਵੱਖਰੀ ਕਿਸਮ ਦੇ ਲੱਗਦੇ ਹਨ।'' ''ਇਹ ਲਫਜ਼ ਉਹ ਇੱਫ਼ਤ ਫਾਤਮਾ ਦੀ ਦਸਤਾਵੇਜ਼ੀ ਫਿਲਮ ''ਖੂਨ ਦੀ ਬਾਰਵ'' ਵਿੱਚ ਦੁਹਰਾਉਂਦੀ ਹੈ।
ਹਥਿਆਰਬੰਦ ਬਲਾਂ ਵੱਲੋਂ ਅਗਵਾ ਕਰ ਲਏ ਜਾਣ ਤੋਂ ਬਾਅਦ ਉਹ ਉਸ ਲਈ ਮਹਿਜ਼ ਇੱਕ ਯਾਦ ਬਣ ਕੇ ਰਹਿ ਗਿਆ ਹੈ। ਉਸ ਵਰਗੀਆਂ ਹੋਰਨਾਂ ਔਰਤਾਂ ਲਈ ਵੀ ਗੁੰਮ ਹੋਏ ਦਿਲਾਂ ਦੇ ਟੁਕੜੇ ਕੁੱਤੇਕੰਨੀ ਫੋਟੋਆਂ, ਰੋਸ ਤਖਤੀਆਂ ਜਾਂ ਫਾਇਲਾਂ ਅਤੇ ਦਸਤਾਵੇਜ਼ਾਂ ਦੇ ਢੇਰ ਬਣ ਕੇ ਰਹਿ ਗਏ ਹਨ। ਫਿਲਮ ਦਾ ਸਭ ਤੋਂ ਵੱਧ ਦਿਲ-ਟੁੰਬਵਾਂ ਪਲ ਉਹ ਹੈ, ਜਦੋਂ ਹਲੀਮਾ ਬੇਗਮ ਆਪਣੇ ਗੁੰਮ ਹੋਏ ਪਤੀ ਰਸ਼ੀਦ ਦੀ ਯਾਦ ਨੂੰ ਗੀਤ ਦਾ ਰੂਪ ਦਿੰਦੀ ਹੈ, ਅਜਿਹਾ ਗੀਤ ਜਿਸ ਨੂੰ ਉਹ ਅਤੇ ਦੂਸਰੀਆਂ ਔਰਤਾਂ ਖੇਤਾਂ ਵਿੱਚ ਕੰਮ ਕਰਦਿਆਂ ਗਾਉਂਦੀਆਂ ਹਨ, ਜਿਹਦੇ ਵਿੱਚ ਉਹ ਰਸ਼ੀਦ ਸਾਹਿਬ ਨੂੰ ਪਰਤ ਆਉਣ ਅਤੇ ਉਹਨਾਂ ਸੰਗ ਰਹਿਣ ਲਈ ਆਖਦੀਆਂ ਹਨ ਅਤੇ ਜਿਹਦੇ ਵਿੱਚ ਆਪਣਾ ਅਖ਼ਬਾਰ ਹਾਸਲ ਕਰਨ ਦੀਆਂ ਗੱਲ ਕਰਦੀਆਂ ਹਨ ਤਾਂ ਕਿ ਇਸ ਰਾਹੀਂ ਆਪਣੇ ਆਪ ਨੂੰ ਗਾਇਆ ਜਾ ਸਕੇ।
ਜਬਰਨ ਕੀਤੀਆਂ ਗਈਆਂ ਗੁੰਮਸ਼ੁਦਗੀਆਂ
ਉਹਨਾਂ ਦਾ ਸੱਚ ਕਸ਼ਮੀਰ ਵਿੱਚ ਹਜ਼ਾਰਾਂ ਵਿਅਕਤੀਆਂ ਦੀਆਂ ਜਬਰਨ ਕੀਤੀਆਂ ਗਈਆਂ ਉਹਨਾਂ ਗੁੰਮਸ਼ੁਦਗੀਆਂ ਦਾ ਸੱਚ ਹੈ, ਜਿਹੜੀਆਂ ਬਹੁਤਾ ਕਰਕੇ 1990ਵਿਆਂ ਅਤੇ 2000ਵਿਆਂ ਵਿੱਚ ਹਥਿਆਰਬੰਦ ਬਲਾਂ ਅਤੇ ਰਿਆਸਤੀ ਪੁਲਸ ਵੱਲੋਂ ਅਲਹਿਦਗੀਪਸੰਦ ਲਹਿਰ ਦੇ ਸਿਖਰ ਮੌਕੇ ਕੀਤੀਆਂ ਗਈਆਂ ਹਨ। ਇਹ ਵਿਅਕਤੀ ਉਹ ਹਨ, ਜਿਹੜੇ ਵਾਪਸ ਘਰ ਨਹੀਂ ਪਰਤੇ, ਜਿਹੜੇ ਭਾਲਣਯੋਗ ਨਹੀਂ ਹਨ ਅਤੇ ਜਿਹਨਾਂ ਦੇ ਥਹੁ-ਟਿਕਾਣਿਆਂ ਬਾਰੇ ਕੁਝ ਵੀ ਪਤਾ ਨਹੀਂ ਹੈ।
ਉਹਨਾਂ ਦੇ ਪਰਿਵਾਰ ਪੁੱਛਦੇ ਹਨ, ''ਉਹ ਕਿੱਥੇ ਚਲੇ ਗਏ ਹਨ? ਕੀ ਉਹਨਾਂ ਨੂੰ ਧਰਤੀ ਨਿਗਲ ਗਈ ਹੈ ਜਾਂ ਅਸਮਾਨ ਨਿਗਲ ਗਿਆ ਹੈ? ਕੀ ਉਹ ਮਰ ਗਏ ਹਨ, ਕੀ ਜਿਊਂਦੇ ਹਨ ਜਾਂ ਕਾਫ਼ੂਰ ਹੋ ਗਏ ਹਨ?'' ਯਾਦਾਂ ਅਤੇ ਗੀਤ ਹੀ ਸੱਤ੍ਹਾ ਦੇ ਉਹਨਾਂ ਕਰਤਿਆਂ-ਧਰਤਿਆਂ ਖਿਲਾਫ ਟਾਕਰੇ ਅਤੇ ਨਾਬਰੀ ਦੇ ਢੰਗ ਹਨ, ਜਿਹੜੇ ਲੋਕਾਂ ਦੁਆਰਾ ਵਿਅਕਤੀਗਤ ਰੋਸਾਂ ਅਤੇ ਅਰਜ਼ੀਆਂ ਅਤੇ ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਸਭਾ ਵੱਲੋਂ ਸਮੂਹਿਕ ਤੌਰ 'ਤੇ ਦਰਜ ਕਰਵਾਏ ਗਏ ਰੋਸਾਂ ਅਤੇ ਬੇਨਤੀ ਪੱਤਰਾਂ ਦੇ ਬਾਵਜੂਦ ਟੱਸ ਤੋਂ ਮੱਸ ਨਹੀਂ ਹੋਏ। ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਸਭਾ ਇੱਕੋ ਇੱਕ ਜਨਤਕ ਲਹਿਰ ਹੈ, ਜਿਹੜੀ ਸੂਬੇ ਵਿੱਚ ਬਰਕਰਾਰ ਰਹੀ ਹੈ। ਇੱਫਤ ਦੱਸਦੀ ਹੈ ਕਿ ''ਇਹ ਫਿਲਮ ਜਬਰ ਬਾਰੇ ਨਹੀਂ, ਬਲਕਿ ਟਾਕਰੇ ਬਾਰੇ ਹੈ।''
ਇਸ ਫਿਲਮ ਨੂੰ ਜਦੋਂ ਆਈ.ਆਈ.ਟੀ. ਦਿੱਲੀ ਵਿਖੇ ਸੈਂਟਰ ਆਫ ਸੋਸ਼ਲ ਸਾਇੰਸਜ਼ ਅਤੇ ਹਿਊਮੈਨਿਟੀਜ਼ ਵਿਖੇ ਵਿਖਾਇਆ ਗਿਆ ਤਾਂ ਇਸ 'ਤੇ ਬਾਵੇਲਾ ਉੱਠ ਖੜ੍ਹਾ ਹੋਇਆ। ਕੁੱਝ ਵਿਦਿਆਰਥੀਆਂ ਵੱਲੋਂ ਇਸ ਨੂੰ ''ਕੌਮ-ਵਿਰੋਧੀ ਕਹਿੰਦਿਆਂ ਅਤੇ ਇਸ 'ਤੇ ਫੌਜ ਦਾ ਨਕਸ਼ਾ ਵਿਗਾੜਨ ਦਾ ਦੋਸ਼ ਲਾਉਂਦਿਆਂ, ਰੋਸ ਪ੍ਰਗਟ ਕੀਤਾ ਗਿਆ। ਸਭਿਆਚਾਰਕ ਖੇਤਰ ਵਿੱਚ ਫਿਰ ਉਹੀ ਸੁਆਲ ਮੁੜ ਖੜ੍ਹੇ ਹੋ ਗਏ ਕਿ ਜਦੋਂ ਕੋਈ ਕਿਤਾਬ, ਫਿਲਮ ਜਾਂ ਕੋਈ ਹੋਰ ਕਿਸਮ ਦੀ ਕਲਾ ਵਾਦ-ਵਿਵਾਦ ਦਾ ਨਾਜੁਕ ਮੁੱਦਾ ਉਭਾਰਦੀ ਹੈ, ਤਾਂ ਕੀ ਸਾਨੂੰ ਇਸ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ ਜਾਂ ਫਿਰ ਇਹਨਾਂ ਵੱਲੋਂ ਉਭਾਰੀਆਂ ਜਾ ਰਹੀਆਂ ਸਮੱਸਿਆਵਾਂ ਸਨਮੁੱਖ ਅੱਖਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ? ਕੀ ਸਾਨੂੰ ਸੰਸਥਾਵਾਂ ਅਤੇ ਸੱਤ੍ਹਾ 'ਤੇ ਬੈਠੀਆਂ ਤਾਕਤਾਂ ਵੱਲੋਂ ਪਰੋਸੀਆਂ ਜਾਂਦੀਆਂ ਗੱਲਾਂ 'ਤੇ ਅੰਨ੍ਹਾਂ ਵਿਸ਼ਵਾਸ਼ ਕਰਨ ਦੀ ਬਜਾਇ, ਉਸ ਸੱਚ ਨੂੰ ਪਛਾਣਨ ਦੀ ਚੋਣ ਨਹੀਂ ਕਰਨੀ ਚਾਹੀਦੀ, ਜਿਸ 'ਤੇ ਇਸ ਫਿਲਮ ਵੱਲੋਂ ਜ਼ੋਰ ਦਿੱਤਾ ਗਿਆ ਹੈ। ਇੱਫਤ ਇੱਕਪਾਸੜ ਹੋਣ ਦੇ ਦੋਸ਼ ਦਾ ਸਿੱਧ-ਪੱਧਰਾ ਜਵਾਬ ਦਿੰਦੀ ਹੈ ਕਿ ''ਇੱਕ ਵਾਰੀ ਇਸ ਫਿਲਮ ਦੇ ਇੱਕ ਦਰਸ਼ਕ ਵੱਲੋਂ ਦੱਸਿਆ ਗਿਆ ਕਿ ਤੁਸੀਂ ਇੱਕ ਮਨੁੱਖਤਾਵਾਦੀ ਫਿਲਮ ਬਣਾਈ ਹੈ, ਪਰ ਤੁਹਾਨੂੰ ਆਪਣੇ ਦਰਸ਼ਕਾਂ ਤੋਂ ਉਹੋ ਜਿਹੇ ਹੀ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਦੀ ਆਸ ਨਹੀਂ ਰੱਖਣੀ ਚਾਹੀਦੀ।''...
..ਇੱਫ਼ਤ ਦੀ ਫਿਲਮ ਵੱਲੋਂ ਕਮਸ਼ੀਰ ਨਾਲ ਸਬੰਧਤ ਸਭਨਾਂ ਸਚਾਈਆਂ, ਅਰਧ-ਸਚਾਈਆਂ, ਦੋ-ਚਿੱਤੀਆਂ ਅਤੇ ਝੂਠਾਂ ਨੂੰ ਕਲਾਵੇ ਵਿੱਚ ਲਿਆ ਗਿਆ ਹੈ। ਇਹ ਕਸ਼ਮੀਰ 'ਤੇ ਬਣੀਆਂ ਜਸ਼ਨ-ਏ-ਆਜ਼ਾਦੀ ਅਤੇ ਇੰਨਅੱਲਾ ਵਰਗੀਆਂ ਦਸਤਾਵੇਜ਼ੀ ਫਿਲਮਾਂ ਵਿੱਚ ਇੱਕ ਹੋਰ ਸੁਆਗਤਯੋਗ ਵਾਧਾ ਹੈ। ਜਿਵੇਂ ਕਿ ਇੱਫਤ ਵੱਲੋਂ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ੀ ਫਿਲਮ ਹਵਾਲਗੀ ਪ੍ਰਮਾਣ ਦਾ ਨਤੀਜਾ ਹੈ।'' ਇਹ ਫਿਲਮ ਸੱਚ ਬੋਲਦੀ ਹੈ। ਇਹ ਕੋਈ ਝੂਠ ਬਿਆਨ ਕਰਨ ਦਾ ਗੁਨਾਹ ਨਹੀਂ ਕਰ ਰਹੀ। ਇੱਕ ਤਾਜ਼ਾ ਰਿਪੋਰਟ ਵਿੱਚ ਗੁੰਮਸ਼ੁਦਾ ਵਿਅਕਤੀਆਂ ਦੀ ਗਿਣਤੀ 8000 ਦੱਸੀ ਗਈ ਹੈ। ਖਾੜਕੂ ਲਹਿਰ ਦੇ ਸਿਖਰ ਵੇਲੇ ਗੁੰਮਸ਼ੁਦਗੀਆਂ ਦਾ ਅਮਲ ਸਿਖਰ 'ਤੇ ਸੀ, ਪਰ ਹੁਣ ਇਹ ਅਮਲ ਮੱਠਾ ਪੈ ਗਿਆ ਹੈ। ਹੁਣ ਵੀ ਕਸ਼ਮੀਰ ਦੁਨੀਆਂ ਭਰ ਅੰਦਰ ਸਭ ਤੋਂ ਸੰਘਣੀ ਫੌਜੀ ਤਾਇਨਾਤੀ ਵਾਲੇ ਖੇਤਰਾਂ ਵਿੱਚ ਸ਼ੁਮਾਰ ਹੈ। ਇਹ ਇੱਕ ਅਜਿਹਾ ਖੇਤਰ ਹੈ, ਜਿਸ ਅੰਦਰ ਫੌਜ ਕਾਨੂੰਨ ਤੋਂ ਉੱਪਰ ਹੈ ਅਤੇ ਅਫਸਪਾ (ਏ.ਐਫ.ਐਸ.ਏ.) ਦੀ ਸ਼ਕਲ ਵਿੱਚ ਇਸ ਨੂੰ ਕਾਨੂੰਨ-ਮੁਕਤ ਹੋਣ ਦਾ ਸਰਟੀਫਿਕੇਟ ਮਿਲਿਆ ਹੋਇਆ ਹੈ।
ਇੱਕ ਹੋਰ ਅਹਿਮੀਅਤ
ਇੱਫ਼ਤ ਦੇ ਕੈਮਰੇ ਰਾਹੀਂ ਅਜਿਹੇ ਤੱਥ ਹੋਰ ਅਹਿਮੀਅਤ ਹਾਸਲ ਕਰ ਜਾਂਦੇ ਹਨ, ਕਿਉਂਕਿ ਉਹ ਜੋ ਕੁੱਝ ਵੀ ਹੈ, ਉਸ ਨੂੰ ਦਿਖਾਉਣ ਤੋਂ ਕੰਨੀ ਨਹੀਂ ਕਤਰਾਉਂਦੀ। ਕਸ਼ਮੀਰੀਆਂ ਦੇ ਦਿਲਾਂ ਵਿੱਚ ਭਾਰਤੀ ਫੌਜ ਲਈ ਨਫਰਤ, ਹਿਰਾਸਤੀ ਕੇਂਦਰਾਂ ਵਿੱਚ ਤਸ਼ੱਦਦ ਅਤੇ ਫੌਜ ਵੱਲੋਂ ਖੜ੍ਹੇ ਕੀਤੇ ਬਗਾਵਤ-ਵਿਰੋਧੀ ਮਲੀਸ਼ੀਆ ''ਇਖ਼ਵਾਨ'' ਵੱਲੋਂ ਢਾਹੇ ਜੁਰਮਾਂ ਜਿਹੀਆਂ ਸਭਨਾਂ ਗੱਲਾਂ ਨੂੰ ਨਸ਼ਰ ਕੀਤਾ ਗਆਿ ਹੈ। ਅੰਤ 'ਤੇ ਇਹ ਗੱਲਾਂ ਉਦੋਂ ਸਿਖਰ ਛੂੰਹਦੀਆਂ ਹਨ, ਜਦੋਂ ਇੱਫ਼ਤ ਗਲੀਆਂ ਵਿੱਚ ਪਹੁੰਚਦੇ ਮੁਜਾਹਰਿਆਂ ਅਤੇ ਆਜ਼ਾਦੀ ਦੇ ਨਾਹਰਿਆਂ 'ਚ ਗੂੰਜਦੀ ਈਨ ਮੰਨਣ ਤੋਂ ਆਕੀ ਇਹ ਆਵਾਜ਼ ਉੱਠਦੀ ਦਿਖਾਉਂਦੀ ਹੈ, ''ਭਾਰਤ ਵਾਪਸ ਜਾਓ, ਭਾਰਤ ਨੂੰ ਪਛਾੜੋ, ਭਾਰਤ ਨੂੰ ਹੂੰਝ ਸੁੱਟੋ।'' ਇਹ ਨਾਹਰੇ ਕਿਸੇ ਨੂੰ ਚੁਭ ਸਕਦੇ ਹਨ ਅਤੇ ਬੇਚੈਨ ਕਰ ਸਕਦੇ ਹਨ, ਪਰ ਕੀ ਅਸੀਂ ਇਹਨਾਂ ਤੋਂ ਅੱਖਾਂ ਬੰਦ ਕਰ ਸਕਦੇ ਹਾਂ? ਫਿਰ ਵੀ ਸਦੀਵੀ ਸੁਆਲ ਦਰਪੇਸ਼ ਹਨ ਯਾਨੀ ਨਾ-ਸੁਲਝਣ-ਯੋਗ ਸਮੱਸਿਆ ਨੂੰ ਕਿਵੇਂ ਸੁਲਝਾਇਆ ਜਾਵੇ?
ਇਹ ਫਿਲਮ ਨੌਂ ਵਰ੍ਹਿਆਂ ਦੀ ਖੋਜ ਦਾ ਨਤੀਜਾ ਹੈ, ਜਿਹਦੇ ਦੌਰਾਨ ਇੱਫ਼ਤ ਵੱਲੋਂ ਪਰਿਵਾਰਾਂ ਨਾਲ ਗੱਲਬਾਤ ਕਰਨ ਅਤੇ ਵੱਖ ਵੱਖ ਮਾਮਲਿਆਂ ਦੀ ਤਹਿ ਤੱਕ ਜਾਣ ਲਈ, ਆਪਣਾ ਕੈਮਰਾ ਲੈ ਕੇ ਕਸ਼ਮੀਰ ਦੇ ਕੋਨੇ ਕੋਨੇ ਤੱਕ ਨੂੰ ਗਾਹਿਆ ਗਿਆ ਹੈ।
ਫਿਲਮ ਨੂੰ ਉਦੇਪੁਰ, ਹੈਦਰਾਬਾਦ, ਕੋਲਕੱਤਾ, ਚੇਨੱਈ ਅਤੇ ਦਿੱਲੀ ਦੇ ਸ੍ਰੀ ਰਾਮ ਕਾਲਜ ਅੰਦਰ ਸੀਮਤ ਇਕੱਠਾਂ ਵਿੱਚ ਦਿਖਾਇਆ ਗਿਆ ਹੈ, ਪਰ ਕਿਤੇ ਵੀ ਆਈ.ਆਈ.ਟੀ. ਦਿੱਲੀ ਵਾਂਗ ਕਿਸੇ ਸ਼ਰਾਰਤ ਦਾ ਸਾਹਮਣਾ ਨਹੀਂ ਕਰਨਾ ਪਿਆ। ਸ੍ਰੀ ਨਗਰ ਵਿੱਚ ਕੋਈ ਸਿਨੇਮਾ ਹਾਲ ਵਗੈਰਾ ਨਾ ਹੋਣ ਕਰਕੇ ਇੱਕ ਹੋਟਲ ਵਿੱਚ ਇਹ ਫਿਲਮ ਦਿਖਾਈ ਗਈ ਹੈ।
ਇਸ ਸਮੇਂ ਫਿਲਮ ਦੇ ਵਿਸ਼ੇ ਉਮੀਦ ਅਤੇ ਨਾ-ਉਮੀਦੀ ਵਿਚਕਾਰ ਧੜਕਣਾਂ ਜਾਰੀ ਰੱਖਦੇ ਹਨ। ਕਈ ਮੌਕਿਆਂ 'ਤੇ ਸਮਾਪਤੀਆਂ ਸਮੂਹਿਕ ਕਬਰਾਂ ਦੀ ਅਚਾਨਕ ਖੋਜ ਦੀ ਸ਼ਕਲ ਵਿੱਚ ਬੜੀ ਕਰੂਰਤਾ ਨਾਲ ਹੁੰਦੀਆਂ ਹਨ ਅਤੇ ਕਈ ਹੋਰਨਾਂ ਮੌਕਿਆਂ 'ਤੇ ਸਮਾਪਤੀ ਨਾ ਹੋਣਾ ਇੱਕ ਬੋਝ ਬਣ ਜਾਂਦੀ ਹੈ ਅਤੇ ਇਹ ਸੁਆਲ ਹਵਾ ਵਿੱਚ ਗੂੰਜਦਾ ਹੈ: ਕੀ ਉਹ ਮਰ ਗਏ ਹਨ, ਜਿਉਂਦੇ ਹਨ, ਜਾਂ ਕਾਫ਼ੂਰ ਬਣ ਗਏ ਹਨ?
(ਇੱਫ਼ਤ ਫਾਤਿਮਾ ਦੀ ਡਾਕੂਮੈਂਟਰੀ ਫਿਲਮ ''ਖ਼ੂਨ ਦੀ ਬਾਰਵ'' ਜਬਰਨ ਕੀਤੀਆਂ ਹਜ਼ਾਰਾਂ ਗੁੰਮਸ਼ੁਦਗੀਆਂ ਅਤੇ ਉਹਨਾਂ ਦੀ ਯਾਦ ਨੂੰ ਸਮਰਪਤ ਹੈ ਅਤੇ ਟਾਕਰੇ ਦਾ ਇੱਕ ਸਾਧਨ ਹੈ।) (ਦਾ ਹਿੰਦੂ 'ਚੋਂ ਧੰਨਵਾਦ ਸਹਿਤ)

No comments:

Post a Comment