Thursday, 3 March 2016

ਰੋਹਿਤ ਵੇਮੁਲਾ ਦੀ ਖੁਦਕੁਸ਼ੀ

ਰੋਹਿਤ ਵੇਮੁਲਾ ਦੀ ਖੁਦਕੁਸ਼ੀ:
ਸੰਘ ਲਾਣੇ ਵੱਲੋਂ ਕੀਤਾ ਗਿਆ ਸੰਸਥਾਗਤ ਕਤਲ ਹੈ
-ਚੇਤਨ
ਰੋਹਿਤ ਵੇਮੁਲਾ ਚੱਕਰਵਰਤੀ ਇੱਕ ਸਾਇੰਸ ਦੇ ਪੀਐੱਚ.ਡੀ ਖੋਜਾਰਥੀ ਨੇ ਹੈਦਰਾਬਾਦ ਕੇਂਦਰੀ ਵਿਸ਼ਵ ਵਿਦਿਆਲੇ ਵਿੱਚ ਆਪਣੇ ਦੋਸਤ ਦੇ ਕਮਰੇ ਵਿੱਚ 18 ਜਨਵਰੀ ਨੂੰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਹ ਖਬਰ ਨਸ਼ਰ ਹੁੰਦਿਆਂ ਪ੍ਰਤੀਕਰਮ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨਾਂ ਦਾ ਹੜ੍ਹ ਆ ਗਿਆ। ਇੱਕ ਜ਼ਹੀਨ, ਹੋਣਹਾਰ ਦਲਿਤ ਵਿਦਿਆਰਥੀ ਦੀ ਆਤਮ-ਹੱਤਿਆ/ਸੰਸਥਾਗਤ ਕਤਲ ਨੇ ਹਰ ਸੰਵੇਦਨਸ਼ੀਲ, ਅਗਾਂਹਵਧੂ, ਜਮਹੂਰੀਅਤਪਸੰਦ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ।
ਦਰਅਸਲ ਆਰ.ਐਸ.ਐਸ. ਦੇ ਮੁਖੌਟੇ ਮੋਦੀ ਦੀ ਅਗਵਾਈ ਹੇਠ ਜੋ ਮਾਹੌਲ ਪੁਰੇ ਦੇਸ਼ ਵਿੱਚ ਸਿਰਜਿਆ ਜਾ ਰਿਹਾ ਹੈ ਉਸ ਤਹਿਤ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕਰਨ ਨਾਲ ਮੱਤਭੇਦ, ਅਸਹਿਮਤੀ, ਨਾਬਰੀ ਜਾਂ ਵਿਰੋਧੀ ਹਰ ਸੁਰ ਨੂੰ ਬੰਦ ਕਰਨ ਦੇ ਯਤਨ ਜਾਰੀ ਹਨ।
ਘਟਨਾਕ੍ਰਮ: ਆਂਧਰਾ ਪ੍ਰਦੇਸ਼ ਦੇ ਗੰਟੂਰ ਜ਼ਿਲ੍ਹੇ ਦੇ ਗੁਰਾਜਲਾ ਕਸਬੇ ਤੋਂ ਦਲਿਤ ਪਰਿਵਾਰ 'ਚੋਂ ਉਚੇਰੀ ਪੜ੍ਹਾਈ ਤੇ ਚੰਗੇਰੇ ਜੀਵਨ ਦੇ ਸੁਪਨੇ ਲੈ ਕੇ ਆਇਆ ਰੋਹਿਤ ਚੱਕਰਵਰਤੀ ਵੇਮੁਲਾ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦਾ ਹਰਮਨਪਿਆਰਾ, ਖੁੱਲ੍ਹੇ ਵਿਚਾਰਾਂ ਵਾਲਾ ਤੇ ਆਪਣੇ ਆਪ ਨੂੰ ''ਅੰਬੇਦਕਰੀ-ਮਾਰਕਸਵਾਦੀ'' ਐਲਾਨਣ ਵਾਲਾ ਵਿਦਿਆਰਥੀ ਨਾਬਰੀ 'ਤੇ ਉੱਤਰਨ ਦੀ ਹਿੰਮਤ ਕਰਦਾ ਹੈ, ਜਦੋਂ ਮਹਾਂਰਾਸ਼ਟਰ ਸਰਕਾਰ ਵੱਲੋਂ ਬੀਫ 'ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ। ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਉਦੋਂ ਸੁਰਖ਼ੀਆਂ ਵਿੱਚ ਆਉਂਦੀ ਹੈ ਜਦੋਂ ਉਹ ਬੀਫ ਫੈਸਟੀਵਲ ਮਨਾਉਂਦੀ ਹੈ। ਉਹ ਗਊ ਦੀ ਪਵਿੱਤਰਤਾ ਅਤੇ ਅਛੂਤਾਂ ਦੀ ਅਪਵਿੱਤਰਾ ਤੇ ਨਫਰਤ ਦੀ ਹਕੀਕਤ ਨੂੰ ਬੇਪਰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸੰਘ ਲਾਬੀ ਦੀਆਂ ਅੱਖਾਂ ਵਿੱਚ ਰੜਕਣ ਲੱਗਦੇ ਹਨ। ਰੋਹਿਤ ਤੇ ਉਸਦੇ ਮਿੱਤਰ ਦਲਿਤ ਪਰਿਵਾਰਾਂ ਵਿੱਚੋਂ ਹੋਣ ਕਾਰਨ ਜਾਤੀ ਵਿਵਸਥਾ ਨੂੰ ਨਫਰਤ ਕਰਦੇ ਸਨ ਤੇ ਉਹਨਾਂ ਵੱਲੋਂ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦਾ ਗਠਨ ਤੇ ਨਾਬਰੀ ਸੰਘੀ ਲਾਣੇ, ਏ.ਬੀ.ਵੀ.ਪੀ. (ਯੂਨੀਵਰਸਿਟੀਆਂ ਵਿੱਚ ਸੰਘ ਲਾਣੇ ਦਾ ਵਿਦਿਆਰਥੀ ਗਰੋਹ) ਤੇ ਕੇਂਦਰੀ ਮੰਤਰੀਆਂ ਨੂੰ ਗਵਾਰਾ ਨਹੀਂ ਸੀ।
ਫਿਰਕੂ ਹਿੰਸਾ ਨੂੰ ਬੇਪਰਦ ਕਰਨ ਵਾਲੀ ਫਿਲਮ ''ਮੁਜ਼ੱਫਰਨਗਰ ਅਜੇ ਬਾਕੀ ਹੈ'' ਦੇ ਦਿਖਾਏ ਜਾਣ ਵੇਲੇ ਏ.ਬੀ.ਵੀ.ਪੀ. ਵੱਲੋਂ ਕੀਤੀ ਹੁੱਲੜਬਾਜ਼ੀ ਦੇ ਵਿਰੋਧ ਵਿੱਚ ਰੋਹਿਤ ਤੇ ਉਸਦੇ ਦੋਸਤਾਂ ਨੇ ਏ.ਐਸ.ਏ. ਅਤੇ ਦਿੱਲੀ ਯੂਨੀਵਰਸਿਟੀ ਦੇ ਅੰਬੇਦਕਰ ਰੀਡਿੰਗ ਗਰੁੱਪ, ਆਈ.ਆਈ.ਟੀ. ਮਦਰਾਸ ਦੇ ਅੰਬੇਦਕਰ ਪੇਰੀਆਰ ਸਟੱਡੀ ਸਰਕਲ ਤੇ ਮੁੰਬਈ ਦੇ ਏ.ਐਸ.ਏ. ਨਾਲ ਰਲ ਕੇ ਵਿਰੋਧ ਪ੍ਰਦਰਸ਼ਨ ਕੀਤੇ ਸਨ। ਪੇਰੀਆਰ ਅੰਬੇਦਕਰ ਸਟੱਡੀ ਸਰਕਲ ਦੀ ਮਾਨਤਾ ਮੈਡਮ ਸਿਮ੍ਰਤੀ ਇਰਾਨੀ ਦੇ ਹੁਕਮਾਂ ਨਾਲ ਰੱਦ ਕਰ ਦਿੱਤੀ ਗਈ ਸੀ ਕਿਉਂਕਿ ਉਹ ਮੋਦੀ ਦਾ ਵਿਰੋਧ ਕਰਦੇ ਹਨ।
ਮੁੰਬਈ ਬੰਬ ਹਮਲਿਆਂ (1993) ਦੇ ਕਥਿਤ ਦੋਸ਼ੀ ਯਾਕੂਬ ਮੈਮਨ ਨੂੰ ਦਿੱਤੀ ਫਾਂਸੀ ਦੀ ਸਜ਼ਾ ਦੇ ਖਿਲਾਫ ਜਿੱਥੇ ਦੇਸ਼ ਭਰ 'ਚੋਂ ਆਵਾਜ਼ ਉੱਠੀ, ਉੱਥੇ ਰੋਹਿਤ ਅਤੇ ਉਸਦੇ ਸਾਥੀਆਂ ਨੇ ਏ.ਐਸ.ਏ. ਵੱਲੋਂ ਮੀਟਿੰਗ ਰੱਖੀ ਗਈ। ਜੋ ਮੌਤ ਦੀ ਸਜ਼ਾ ਦੇ ਖਿਲਾਫ ਸੀ। ਇਸ ਪ੍ਰੋਗਰਾਮ 'ਤੇ ਆਪਣੀ ਫੇਸਬੁੱਕ 'ਤੇ ਏ.ਬੀ.ਵੀ.ਪੀ. ਦਾ ਆਗੂ ਨੰਦਾਮਨ ਸੁਸ਼ੀਲ ਕੁਮਾਰ ਕੁਮੈਂਟ ਕਰਦਾ ਹੈ, ਜਿਸ ਵਿੱਚ ਏ.ਐਸ.ਏ. ਕਾਰਕੁੰਨਾਂ ਨੂੰ ਬਦਮਾਸ਼ ਅਤੇ ਗੁੰਡਿਆਂ ਵਜੋਂ ਪੇਸ਼ ਕਰਦਾ ਹੈ। ਉਹ ਆਪ ਘਟਨਾ ਕਰਮ ਦਾ ਗਵਾਹ ਨਹੀਂ ਪਰ ਮੰਨਦਾ ਹੈ ਕਿ ਉਸਨੇ ਫੇਸਬੁੱਕ 'ਤੇ ਫੋਟੋਆਂ ਵੇਖ ਕੇ ਵੱਟਸ-ਅੱਪ 'ਤੇ ਗਾਛੀਬਾਵਲੀ ਪੁਲਸ ਸਟੇਸ਼ਨ ਦੇ ਇੰਸਪੈਕਟਰ ਭੂਪਤੀ ਨੂੰ ਤੁਰੰਤ ਭੇਜ ਕੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਹੋ ਰਹੀਆਂ ਇਹਨਾਂ ਅਖੌਤੀ ਦੇਸ਼ ਵਿਰੋਧੀ ਕਾਰਵਾਈਆਂ ਵੱਲ ਧਿਆਨ ਦੁਆਇਆ ਸੀ। 3-4 ਅਗਸਤ ਰਾਤ ਨੂੰ ਏ.ਐਸ.ਏ. ਦੇ ਸਟੂਡੈਂਟ ਸੁਸ਼ੀਲ ਕੁਮਾਰ ਤੋਂ ਮੁਆਫੀ ਮੰਗਵਾਉਣ ਦਾ ਫੈਸਲਾ ਕਰਦੇ ਹਨ।
ਉਸ ਰਾਤ ਹਕੀਕਤ ਵਿੱਚ ਹੋਇਆ ਕੀ? ਇਸ ਬਾਰੇ ਡਿਊਟੀ ਸਕਿਊਰਿਟੀ ਅਫਸਰ ਦਲੀਪ ਸਿੰਘ ਬਿਆਨ ਕਰਦਾ ਹੈ ਕਿ ਉਸ ਰਾਤ ਅੱਧੀ ਰਾਤ ਮੈਂ ਦੇਖਿਆ ਕਿ ਸੁਸ਼ੀਲ ਕੁਮਾਰ ਆਪਣੇ ਹੋਸਟਲ ਰੂਮ ਦੇ ਬਾਹਰ ਸਾਈਕਲ ਸਟੈਂਡ ਕੋਲ ਫੋਨ 'ਤੇ ਕੁੱਝ ਸਮਾਂ ਗੱਲਬਾਤ ਕਰਦਾ ਰਿਹਾ। ਏ.ਐਸ.ਏ. ਨਾਲ ਸਬੰਧਤ ਕੁੱਝ ਵਿਦਿਆਰਥੀ ਉਸ ਤੋਂ ਕੋਈ 50 ਫੁੱਟ ਦੀ ਦੂਰੀ 'ਤੇ ਖੜ੍ਹੇ ਮੰਗ ਕਰ ਰਹੇ ਸਨ ਕਿ ਸੁਸ਼ੀਲ ਕੋਲ ਆਏ ਤੇ ਫੇਸਬੁੱਕ 'ਤੇ ਕੀਤੇ ਕੁਮੈਂਟ ਲਈ ਮੁਆਫੀ ਮੰਗੇ। ਸੁਸ਼ੀਲ ਨੇ ਫੋਨ ਕੱਟਿਆ ਤੇ ਆ ਗਿਆ। ਵਿਦਿਆਰਥੀਆਂ ਨੇ ਪੁੱਛਿਆ ਕਿ ਉਸ ਨੇ ਅਜਿਹਾ ਕੁਮੈਂਟ ਕਿਉਂ 'ਲਾਇਕ'  ਕੀਤਾ ਤਾਂ ਸੁਸ਼ੀਲ ਨੇ ਕਿਹਾ ਕਿ ਉਸ ਨੂੰ ਇੰਟਰਨੈੱਟ ਦਾ ਜ਼ਿਆਦਾ ਗਿਆਨ ਨਹੀਂ ਪਰ ਆਖਰ ਉਹ ਮੰਨ ਗਿਆ ਤੇ ਮੁਆਫੀਨਾਮਾ ਲਿਖ ਦਿੱਤਾ। ਦਲੀਪ ਸਿੰਘ ਡੀਨ ਸਟੂਡੈਂਟ ਵੈਲਫੇਅਰ ਦੇ ਕਹਿਣ 'ਤੇ ਉੱਥੇ ਪੁੱਜ ਗਿਆ ਸੀ।
ਸੁਸ਼ੀਲ ਵੱਲੋਂ ਪੁਲਸ ਨੂੰ ਫੋਨ ਕੀਤਾ ਗਿਆ ਤਾਂ 2 ਪੁਲਸ ਪਾਰਟੀਆਂ 10 ਮਿੰਟਾਂ ਵਿੱਚ ਪੁੱਜ ਗਈਆਂ। ਉਸਨੇ ਏ.ਐਸ.ਏ. ਵਿਦਿਆਰਥੀਆਂ 'ਤੇ ਮਾਰਕੁੱਟ, ਕਮਰੇ ਤੋਂ ਬਾਹਰ ਘਸੀਟ ਕੇ ਲਿਆਉਣ ਤੇ ਫੇਸਬੁੱਕ 'ਤੇ ਆਪਣਾ ਮੁਆਫੀਨਾਮਾ ਅੱਪਲੋਡ ਕਰਨ ਲਈ ਕਹਿਣ ਦਾ ਦੋਸ਼ ਲਾਇਆ। ਹਾਲਾਤ ਨੂੰ ਰੈਲ਼ਾ ਕਰਨ ਲਈ ਦੋ ਸਕਿਊਰਿਟੀ ਅਫਸਰਾਂ ਨੇ ਉਸ ਨੂੰ ਆਪਣਾ ਕੰਪਿਊਟਰ ਟਰਮੀਨਲ ਇਸਤੇਮਾਲ ਕਰਨ ਲਈ ਪੇਸ਼ਕਸ਼ ਕੀਤੀ। ਪ੍ਰਸ਼ਾਂਤ ਅਤੇ ਉਸਦੇ ਦੋਸਤ ਨੇ ਉਸ ਨਾਲ ਸਕਿਊਰਿਸਟੀ ਅਫਸਰ ਦੀ ਜੀਪ ਵਿੱਚ ਜਾਣ ਲਈ ਜਿੱਦ ਕੀਤੀ। ਇਸੇ ਧੱਕਮ-ਧੱਕੇ ਵਿੱਚ ਉਸਦੀ ਕਮੀਜ਼ ਫਟ ਗਈ ਅਤੇ ਉਸਦੇ ਖੱਬੇ ਮੋਢੇ 'ਤੇ ਝਰੀਟ ਆ ਗਈ। ਪੱਤਰ ਅੱਪਲੋਡ ਕਰਨ ਤੋਂ ਬਾਅਦ ਦਲੀਪ ਸਿੰਘ ਨੇ ਉਸ ਨੂੰ ਸਕਿਊਰਿਟੀ ਦੀ ਪੇਸ਼ਕਸ਼ ਕੀਤੀ ਤੇ ਕਿਸੇ ਸੱਟ-ਫੇਟ ਬਾਰੇ ਪੁੱਛਿਆ। ਸੁਸ਼ੀਲ ਨੇ ਕਿਹਾ ਕਿ ਉਹ ਠੀਕ ਹੈ। ਏ.ਐਸ.ਏ. ਵਿਦਿਆਰਥੀ ਆਪਣੇ ਕਮਰੇ 'ਚ ਚਲੇ ਗਏ ਤੇ ਸੁਸ਼ੀਲ ਆਪਣੇ ਭਰਾ ਨਾਲ ਚਲਾ ਗਿਆ।
4 ਅਗਸਤ ਨੂੰ ਲੱਗਭੱਗ 10 ਏ.ਐਸ.ਏ. ਕਾਰਕੁੰਨ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਏ। ਸੁਸ਼ੀਲ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੋ ਗਿਆ ਅਤੇ ਨੇੜਲੇ ਪੁਲਸ ਸਟੇਸ਼ਨ ਵਿੱਚ ਏ.ਐਸ.ਏ. ਦੇ 6 ਕਾਰਕੁੰਨਾਂ ਖਿਲਾਫ ਸ਼ਿਕਾਇਤ ਕਰ ਦਿੱਤੀ। 7 ਅਗਸਤ ਨੂੰ ਉਸਦਾ ਅਪੈਂਡੀਸਾਈਟਸ ਦਾ ਅਪ੍ਰੇਸ਼ਨ ਹੋਇਆ। ਰੋਹਿਤ ਦੀ ਮੌਤ ਤੋਂ ਬਾਅਦ ਉਸਨੇ ਆਪਣੀ ਡਿਸਚਾਰਜ ਰਿਪੋਰਟ ਮੀਡੀਆ 'ਤੇ ਸ਼ੋਅ ਕੀਤੀ ਤੇ ਦਾਅਵਾ ਕੀਤਾ ਕਿ ਇਹ ਕੁੱਝ ਏ.ਐਸ.ਏ. ਵੱਲੋਂ ਉਸ ਨੂੰ ਮਾਰੀਆਂ ਸੱਟਾਂ ਕਰਕੇ ਹੋਇਆ ਹੈ।
ਮੈਡੀਕਲ ਅਤੇ ਸਰਜੀਕਲ ਮਾਹਿਰ ਇਸ ਰਿਪੋਰਟ ਨੂੰ ਰੱਦ ਕਰਦੇ ਹਨ। ਜੱਗ ਜ਼ਾਹਰ ਹੈ ਕਿ ਸੁਸ਼ੀਲ ਤੇ ਉਸਦਾ ਪਰਿਵਾਰ ਆਰ.ਐਸ.ਐਸ. ਤੇ ਭਾਜਪਾ ਦੇ ਖਾਸਮ-ਖਾਸ ਤੇ ਵਫ਼ਾਦਾਰ ਹਨ। ਉਸਦੀ ਮਾਂ ਵਿਨਾਇਆ ਤੇ ਭਾਜਪਾ ਆਗੂ ਵੀ.ਸੀ. ਤੇ ਡੀਨ (ਸਟੂਡੈਂਸ ਵੈਲਫੇਅਰ) ਨੂੰ ਮਿਲਦੇ ਹਨ ਅਤੇ ਸਮੇਤ ਰਜਿਸਟਰਾਰ ਇਹ ਸੁਨੇਹਾ ਦਿੰਦੇ ਹਨ ਕਿ ਏ.ਐਸ.ਏ. ਨੂੰ ਕਾਬੂ ਕਰਨ ਲਈ ਕੁੱਝ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਬਾਹਰੀ ਵਿਅਕਤੀ ਉਹਨਾਂ ਨੂੰ ਸਿਖਾ ਦੇਣਗੇ ਕਿ ਦੇਸ਼ ਵਿੱਚ ਕਿਵੇਂ ਵਿਚਰਨਾ ਹੈ। 17 ਅਗਸਤ ਨੂੰ ਬਾਂਦਰੂ ਦੱਤਾ ਤ੍ਰੇਅ (ਸਿਕੰਦਰਾਬਾਦ ਤੋਂ ਭਾਜਪਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ) ਅਤੇ ਸਿਮ੍ਰਤੀ ਇਰਾਨੀ (ਮਨੁੱਖੀ ਸਰੋਤ ਵਿਕਾਸ ਮੰਤਰੀ) ਨੇ ਹੈਦਰਾਬਾਦ ਯੂਨੀਵਰਸਿਟੀ ਵਿੱਚ ਅਖੌਤੀ ਜਾਤੀਵਾਦੀ ਅੱਤਵਾਦੀ ਤੇ ਦੇਸ਼ ਵਿਰੋਧੀ ਸਿਆਸੀ ਮਾਹੌਲ ਬਾਰੇ ਚਿੰਤਾ ਪ੍ਰਗਟ ਕਰਦਿਆਂ ਦਾਅਵਾ ਕੀਤਾ ਕਿ ਸੁਸ਼ੀਲ 'ਤੇ ਹਮਲਾ ਕਰਨ ਦੇ ਦੋਸ਼ੀ ਏ.ਐਸ.ਏ. ਬਾਰੇ ਯੂਨੀਵਰਸਿਟੀ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ ਹਨ। ਇਸ ਆਧਾਰ 'ਤੇ ਰਜਿਸਟਰਾਰ ਨੂੰ ਪੱਤਰ ਭੇਜਿਆ ਗਿਆ ਤੇ 5 ਯਾਦ-ਪੱਤਰ (ਹਰ ਦੋ ਹਫਤੇ ਬਾਅਦ) ਪਹਿਲਾਂ ਰਜਿਸਟਰਾਰ ਤੇ ਫਿਰ ਸਿੱਧੇ ਵੀ.ਸੀ. ਨੂੰ ਭੇਜੇ ਗਏ। ਇਸ ਦੇ ਨਾਲ ਹੀ ਸੁਸ਼ੀਲ ਦੀ ਮਾਂ ਵੱਲੋਂ  ਹੈਦਰਾਬਾਦ ਹਾਈਕੋਰਟ ਵਿੱਚ 26 ਅਗਸਤ ਨੂੰ ਦੰਭ ਕਰਕੇ ਪੁਲਸ, ਯੂਨੀਵਰਸਿਟੀ ਅਧਿਕਾਰੀਆਂ ਤੇ ਏ.ਐਸ.ਏ. 'ਚ ਮਿਲੀ-ਭੁਗਤ ਹੋਣ ਦਾ ਦੋਸ਼ ਲਾ ਦਿੱਤਾ ਗਿਆ।
31 ਅਗਸਤ ਨੂੰ ਪ੍ਰੋਕਟੋਰੀਅਲ ਬੋਰਡ ਨੇ ਰੋਹਿਤ ਸਮੇਤ 5 ਵਿਦਿਆਰਥੀਆਂ ਜੋ ਸੁਸ਼ੀਲ ਅਨੁਸਾਰ ਇਸ ਘਟਨਾ ਵਿੱਚ ਸ਼ਾਮਲ ਸਨ, ਨੂੰ ਤੁਰੰਤ ਰਹਿੰਦੇ ਕਾਲ ਤੱਕ ਸਾਰੀਆਂ ਕਲਾਸਾਂ ਤੋਂ ਮੁਅੱਤਲ ਕਰਨ ਤੇ ਹੋਸਟਲ ਕੱਢ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾ।
ਏ.ਐਸ.ਏ. ਅਤੇ ਵੱਡੇ ਖੱਬੇ ਪੱਖੀ ਵਿਦਿਆਰਥੀ ਗਰੁੱਪਾਂ ਦੀ ਅਗਵਾਈ ਵਿੱਚ ਵਿਸ਼ਾਲ ਵਿਰੋਧ ਫੁੱਟ ਪਿਆ। ਬਹੁਤ ਸਾਰੇ ਫੈਕਲਟੀ ਮੈਂਬਰ ਅਤੇ ਪ੍ਰਸ਼ਾਸਕੀ ਸਟਾਫ ਵੀ ਹਮਾਇਤ 'ਤੇ ਆ ਗਏ। ਮੁਅੱਤਲੀ ਤਿੰਨ ਦਿਨ ਬਾਅਦ ਇਸ ਸ਼ਰਤ 'ਤੇ ਰੱਦ ਕਰ ਦਿੱਤੀ ਗਈ ਕਿ ਇੱਕ ਨਵੀਂ ਕਮੇਟੀ ਬਣਾਈ ਜਾਵੇਗੀ ਜੋ ਮਾਮਲੇ ਦੀ ਫਿਰ ਤੋਂ ਜਾਂਚ ਕਰੇਗੀ ਅਤੇ ਵਿਦਿਆਰਥੀ ਉਸਦੇ ਹੁਕਮਾਂ ਦੀ ਪਾਲਣਾ ਕਰਨਗੇ ਚਾਹੇ ਉਹ ਕੁੱਝ ਵੀ ਹੋਣ।
ਵੀ.ਸੀ. ਵੱਲੋਂ ਆਪਣੇ ਅਧਿਕਾਰਾਂ ਨੂੰ ਵਰਤਦਿਆਂ, ਵਿਦਿਆਰਥੀਆਂ ਦੀ ਸਜ਼ਾ ਘਟਾ ਦਿੱਤੀ ਗਈ। ਜਿਸਦਾ ਮਤਲਬ ਹੁਣ ਉਹ ਹੋਸਟਲ, ਮੈੱਸ, ਆਮ ਸਹੂਲਤਾਂ ਅਤੇ ਚੋਣਾਂ ਵਿੱਚ ਹਿੱਸਾ ਲੈਣ ਦੇ ਹੱਕਾਂ ਤੋਂ ਵਾਂਝੇ ਰਹਿਣਗੇ।  ਇਹ ਹੁਕਮ 16 ਦਸੰਬਰ ਨੂੰ ਪੰਜ ਵਿਦਿਆਰਥੀਆਂ ਤੱਕ ਭੇਜ ਦਿੱਤਾ ਗਿਆ। 16 ਦਸੰਬਰ ਤੋਂ 14 ਜਨਵਰੀ ਤੱਕ ਪ੍ਰਸ਼ਾਸਨ ਵੱਲੋਂ ਕਿਸੇ ਨੇ ਵਿਦਿਆਰਥੀਆਂ ਤੱਕ ਪਹੁੰਚ ਨਹੀਂ ਕੀਤੀ।
ਸ਼ੁਰੂ ਵਿੱਚ ਪੰਜ ਵਿਦਿਆਰਥੀ ਆਪਣੇ ਸਾਥੀਆਂ ਦੇ ਕਮਰੇ ਵਿੱਚ ਰਹਿੰਦੇ ਹਨ ਤੇ ਬੇਇਨਸਾਫੀ ਦਾ ਅਹਿਸਾਸ ਬਹੁਤ ਜ਼ਿਆਦਾ ਪੈਦਾ ਹੋਣ ਅਤੇ ਫੈਲਣ 'ਤੇ ਵਿਦਿਆਰਥੀ ਸ਼ਾਪਿੰਗ ਕੰਪਲੈਕਸ ਦੇ ਖੁੱਲ੍ਹੇ ਮੈਦਾਨ ਵਿੱਚ ਬਾਹਰ ਠੰਢ ਵਿੱਚ ਹੀ ਕੈਂਪ ਲਗਾ ਲੈਂਦੇ ਹਨ, ਜਿਸ ਨੂੰ ਉਹ ''ਵੇਲੀਵਾਡਾ'' ਬਾਹਰਲਾ ਇਲਾਕਾ (ਪਿੰਡ ਦੀ ਠੱਠੀ) ਕਹਿੰਦੇ ਹਨ।
ਯੂਨੀਵਰਸਿਟੀ ਵਿੱਚ ਬਣਾਏ ਜ਼ਹਿਰੀਲੇ ਵਾਤਾਵਰਣ, ਸੋਸ਼ਲ ਬਾਈਕਾਟ, ਸਿਆਸੀ ਸਾਜਿਸ਼ਾਂ ਅਤੇ ਘੋਰ ਗਰੀਬੀ ਤੇ ਤੰਗ-ਦਸਤੀ ਦੇ ਚੱਲਦਿਆਂ ਰੋਹਿਤ ਵੱਲੋਂ ਕੀਤੀ ਆਤਮ ਹੱਤਿਆ ਕਿਸੇ ਵੀ ਤਰ੍ਹਾਂ ਖੁਦਕੁਸ਼ੀ ਨਹੀਂ ਸਗੋਂ ਹਾਕਮਾਂ ਵੱਲੋਂ ਅਤੇ ਉਹਨਾਂ ਦੇ ਫਿਰਕੂ ਫਾਸ਼ੀ ਲਾਣੇ ਵੱਲੋਂ ਮਿਲੀਭੁਗਤ ਨਾਲ ਕੀਤਾ ਗਿਆ ਨੰਗਾ ਚਿੱਟਾ ਸੰਸਥਾਗਤ ਕਤਲ ਹੈ। ਆਪਣੀ ਚਿੱਠੀ ਵਿੱਚ ਉਹ ਲਿਖਦਾ ਹੈ ਕਿ ''ਮੇਰੇ ਯੂਨੀਵਰਸਿਟੀ ਵੱਲ ਪਿਛਲੇ ਸੱਤ ਮਹੀਨਿਆਂ ਦੇ ਇੱਕ ਲੱਖ ਪਜੰਤਰ ਹਜ਼ਾਰ ਰੁਪਏ ਬਾਕਾਇਆ ਹਨ, ਜੋ ਵੀ ਮੇਰੀ ਚਿੱਠੀ ਪੜ੍ਹੇ ਉਹ ਕ੍ਰਿਪਾ ਕਰਕੇ ਇਹ ਰਕਮ ਮੇਰੇ ਮਾਤਾ ਪਿਤਾ ਨੂੰ ਪਹੁੰਚਾ ਦੇਵੇ।'' ''ਮੇਰਾ ਪੁਨਰ-ਜਨਮ ਜਾਂ ਵਾਰ ਵਾਰ ਜਨਮ ਲੈਣ ਦੇ ਫਲਸਫੇ ਵਿੱਚ ਕੋਈ ਯਕੀਨ ਨਹੀਂ ਹੈ।'' ''ਮੈਂ ਰਾਮ ਜੀ (ਮਿੱਤਰ) ਤੋਂ 45 ਹਜ਼ਾਰ ਰੁਪਏ ਉਧਾਰੇ ਲਏ ਸਨ, ਉਸ ਨੇ ਮੈਨੂੰ ਕਦੀ ਅਹਿਸਾਸ ਨਹੀਂ ਕਰਵਾਇਆ ਤੇ ਨਾ ਹੀ ਕਦੇ ਮੰਗੇ, ਪਰ ਮੇਰੀ ਇੱਛਾ ਹੈ ਕਿ ਉਸਦੇ ਪੈਸੇ ਹਰ ਹਾਲਤ ਵਿੱਚ ਵਾਪਸ ਕਰ ਦਿੱਤੇ ਜਾਣ। ''ਮੈਨੂੰ ਖਿਮਾ ਕਰਨਾ ਉਹ ਭਰਾ! ਮੈਂ ਤੇਰੇ ਕਮਰੇ ਵਿੱਚ ਆਤਮ-ਹੱਤਿਆ  ਕਰ ਰਿਹਾ ਹਾਂ।''
ਰੋਹਿਤ ਦੀ ਮੌਤ ਤੋਂ ਬਾਅਦ ਭਾਜਪਾ ਜੁੰਡਲੀ ਵੱਲੋਂ ਹੋ-ਹੱਲ ਮਚਾਇਆ ਜਾਂਦਾ ਹੈ ਕਿ ਉਹ ਦਲਿਤ ਨਹੀਂ ਸੀ, ਅਜਿਹਾ ਕਰਕੇ ਇੱਕ ਤਾਂ ਉਹ ਭਾਜਪਾ ਵਿਰੋਧੀ ਪਾਰਟੀਆਂ ਨੂੰ ਇਸ ਮੁੱਦੇ ਨੂੰ ਵਰਤਣ ਤੇ ਰਾਜਸੀ ਨੁਕਸਾਨ ਹੋਣ ਤੋਂ ਬਚਣਾ ਚਾਹੁੰਦੀ ਹੈ ਤੇ ਦੂਜੇ ਪਾਸੇ ਆਰ.ਐਸ.ਐਸ. ਦੀ ਯੁੱਧਨੀਤੀ ਤਹਿਤ ਦਲਿਤ ਵੋਟ ਬੈਂਕ ਦੇ ਸਿਰ 'ਤੇ ਕਈ ਸੂਬਿਆਂ ਦੀਆਂ ਚੋਣਾਂ ਜਿੱਤਣਾ ਤੇ ਅਖੌਤੀ ਵਿਸ਼ਾਲ ਹਿੰਦੂ ਸਮਾਜ ਦੇ ਸਹਾਰੇ ਹਿੰਦੂ ਰਾਸ਼ਟਰ ਦੇ ਸੁਪਨੇ ਪੂਰੇ ਹੁੰਦੇ ਚਿਤਵਦੀ ਹੈ।
ਸੰਸਾਰ ਦੀ ਵੱਡੀ ਜਮਹੂਰੀਅਤ
ਦੁਨੀਆਂ ਦੀ ਵੱਡੀ ਜਮਹੂਰੀਅਤ ਦਾ ਦਾਅਵਾ ਕਰਨ ਵਾਲੀ ਹਕੂਮਤ ਦਾ ਰਾਸ਼ਟਰਪਤੀ 26 ਜਨਵਰੀ ਨੂੰ ਆਪਣੇ ਰਸਮੀ ਭਾਸ਼ਣ ਵਿੱਚ ਲੋਕਾਂ ਨੂੰ ਭੁਚਲਾਉਣ ਹਿੱਤ ਸੰਦੇਸ਼ ਦਿੰਦਾ ਹੈ ਕਿ ''ਸ਼ਿਕਾਇਤ ਕਰਨੀ, ਮੰਗ ਕਰਨੀ, ਬਗਾਵਤ ਕਰਨੀ ਵੀ ਜਮਹੂਰੀਅਤ ਦੀ ਖੂਬੀ ਤੇ ਗੁਣ ਹੈ''। ਹਾਕਮ ਗੁੱਟ ਇਹ ਪ੍ਰਭਾਵ ਦਿੰਦਾ ਹੈ ਕਿ ਜਿਵੇਂ ਜਾਤੀ ਵਿਤਕਰਾ ਭਾਰਤ ਵਿੱਚ ਬੀਤੇ ਸਮਿਆਂ ਦੀ ਗੱਲ ਹੋਵੇ। ਹਕੀਕਤ ਇਹ ਹੈ ਕਿ ਬੀਤੇ ਵਿੱਚ ਕਦੇ ਵੀ ਉੱਚ-ਸਿੱਖਿਆ ਸੰਸਥਾਵਾਂ ਵਿੱਚ ਦਲਿਤ ਵਿਦਿਆਰਥੀਆਂ ਦੇ ਸਮਾਜਿਕ ਬਾਈਕਾਟ ਨਹੀਂ ਕੀਤੇ ਗਏ ਤੇ ਨਾ ਹੀ ਇਸ ਤਰ੍ਹਾਂ ਸਟਾਈਫੰਡ ਬੰਦ ਕੀਤੇ ਗਏ, ਜਿਵੇਂ ਹੁਣ ਕੀਤਾ ਜਾ ਰਿਹਾ ਹੈ। ਮੌਤ ਦੀ ਸਜ਼ਾ ਦੇ ਖਿਲਾਫ ਬੋਲਣਾ ਕੋਈ ਅਲੋਕਾਰੀ ਗੱਲ ਨਹੀਂ। ਅਨੇਕਾਂ ਜਨਤਕ ਜਮਹੂਰੀ ਤੇ ਮਨੁੱਖੀ ਹਕੂਕ ਜਥੇਬੰਦੀਆਂ ਇੱਥੋਂ ਤੱਕ ਕਿ ਐਮਨਸਟੀ ਇੰਟਰਨੈਸ਼ਨਲ ਵੀ ਇਸਦਾ ਵਿਰੋਧ ਕਰਦੀਆਂ ਹਨ, ਕੀ ਉਹ ਸਭੇ ਹੁਣ ਦੇਸ਼-ਧਰੋਹੀ ਹੀ ਹੋਣਗੇ। ਏ.ਬੀ.ਵੀ.ਪੀ. ਅਤੇ ਏ.ਐਸ.ਏ. ਦੇ ਤਕਰਾਰ ਵਿੱਚ ਜਿਵੇਂ ਸਿਮਰਤੀ ਇਰਾਨੀ ਤੇ ਬਾਂਦਰੂ ਦੱਤਾ ਤ੍ਰੇਣ ਨੇ ਰਾਜ ਸੱਤਾ ਦਾ ਕਰੂਪ ਪ੍ਰਦਰਸ਼ਨ ਕੀਤਾ ਕੀ ਇਹੋ ਦੇਸ਼ ਭਗਤੀ ਗਿਣੀ ਜਾਵੇਗੀ? ਅਸਲ ਵਿੱਚ ਰੋਹਿਤ ਵੇਮੁਲਾ ਦੀ ਸਿਆਸਤ ਰਵਾਇਤੀ ਦਲਤਿ ਸਿਆਸਤ ਨਾ ਹੋ ਕੇ ਪ੍ਰੀਵਰਤਨ ਦੀ ਸਿਆਸਤ ਸੀ। ਉਹ ਜਿਵੇਂ ਝੂਠੇ ਕੇਸਾਂ ਵਿੱਚ ਫਸਾਏ ਜਾ ਰਹੇ ਮੁਸਲਿਮ ਨੌਜਵਾਨਾਂ ਨਾਲ ਏਕਾ ਉਸਾਰਦਾ ਹੈ ਜਿਵੇਂ ਘੱਟ ਗਿਣਤੀਆਂ ਅਤੇ ਦਲਿਤਾਂ ਦੀ ਸਾਂਝ ਚਿਤਵਦਾ ਸੀ, ਉਹ ਆਪਣੇ ਆਪ ਨੂੰ ਅੰਬੇਦਕਰੀ ਰੰਗ ਵਾਲਾ ਮਾਰਕਸਵਾਦੀ ਐਲਾਨਦਾ ਸੀ। ਇਹ ਸਾਰਾ ਕੁੱਝ ਆਰ.ਐਸ.ਐਸ. ਨੂੰ ਗਵਾਰਾ ਨਹੀਂ ਸੀ, ਉਹ ਉਸ ਨੂੰ ਆਪਣੇ ਰਾਹ ਦਾ ਰੋੜਾ ਸਮਝਣ ਲੱਗ ਪਈ ਸੀ। ਉਸ ਦਾ ਵਿਗਿਆਨ ਨੂੰ ਲੋਕਾਂ ਨਾਲ ਜੋੜਨਾ ਵੀ ਰੜਕਦਾ ਸੀ, ਜਿਸ ਦੇ ਤਹਿਤ ਹੀ ਵਿਉਂਤਬੱਧ ਢੰਗ ਨਾਲ ਉਸਦਾ ਸੰਸਥਾਗਤ ਕਤਲ ਕੀਤਾ ਗਿਆ।
ਜਿੱਥੋਂ ਤੱਕ ਪਾਰਲੀਮਾਨੀ ਪਾਰਟੀਆਂ ਵੱਲੋਂ ਰੋਹਿਤ ਦੀ ਮੌਤ 'ਤੇ ਪੈਦਾ ਹੋਏ ਹਾਲਾਤ ਵਿੱਚ ਦਿਸ ਰਹੀਆਂ ਸਰਗਰਮੀਆਂ ਦਾ ਸਬੰਧ ਹੈ, ਇਹ ਵੀ ਮਗਰਮੱਛ ਦੇ ਹੰਝੂਆਂ ਵਾਲੀ ਗੱਲ ਹੈ ਅਤੇ ਵੋਟ ਸਿਆਸਤ ਤੋਂ ਹੀ ਪ੍ਰੇਰਿਤ ਹੈ। ਇਹ ਪਾਰਟੀਆਂ ਜੋ ਵਿਰੋਧ ਕਰਦੀਆਂ ਦਿਸ ਰਹੀਆਂ ਹਨ, ਉਦੋਂ ਬਿਲਕੁੱਲ ਚੁੱਪs s ਹੀ ਰਹਿੰਦੀਆਂ ਹਨ, ਜਦੋਂ ਪਿੰਡਾਂ-ਕਸਬਿਆਂ ਵਿੱਚ, ਮਜ਼ਦੂਰ ਮੁਹੱਲਿਆਂ ਵਿੱਚ, ਛੋਟੀ ਛੋਟੀ ਗੱਲ ਪਿੱਛੇ ਦਲਿਤਾਂ ਦੇ ਘਰਬਾਰ ਸਾੜ ਦਿੱਤੇ ਜਾਂਦੇ ਹਨ, ਉਹਨਾਂ ਦੀਆਂ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਜਾਂਦੇ ਹਨ ਤੇ ਗੱਲ ਗੱਲ 'ਤੇ ਸਮਾਜਿਕ ਬਾਈਕਾਟ ਕੀਤੇ ਜਾਂਦੇ ਹਨ। ਅੱਜ ਉਹਨਾਂ ਦਾ ਹੇਜ਼ ਇਸ ਕਰਕੇ ਵੱਧ ਦਿਸ ਰਿਹਾ ਹੈ ਕਿ ਰੋਹਿਤ ਦਲਿਤਾਂ ਦੇ ਜਿਸ ਹਿੱਸੇ 'ਚੋਂ ਸੀ, ਉਹ ਕਿਸੇ ਹੱਦ ਤੱਕ ਇੱਕਮੁੱਠ ਤੇ ਸੰਗਠਿਤ ਹੈ, ਜਿਸ ਨੂੰ ਇਹ ਆਪਣੇ ਪਾਰਲੀਮਾਨੀ ਹਿੱਤ ਸਾਧਣ ਲਈ ਵਰਤ ਸਕਦੀਆਂ ਹਨ।
ਉਪਰੋਕਤ ਵਿਆਖਿਆ ਦਰਸਾਉਂਦੀ ਹੈ ਕਿ ਕਿਵੇਂ ਮੰਨੂੰਵਾਦੀ-ਬ੍ਰਾਹਮਣਵਾਦੀ ਸੋਚ ਨੂੰ ਪ੍ਰਣਾਇਆ ਸੰਘ ਲਾਣਾ ਦਲਿਤਾਂ ਪ੍ਰਤੀ ਨਫਰਤ ਨਾਲ ਭਰਿਆ ਹੋਇਆ ਹੈ। ਦਲਿਤਾਂ ਵੱਲੋਂ ਆਪਣੇ ਸਵੈਮਾਣ ਦੀ ਰਾਖੀ ਅਤੇ ਹੱਕਾਂ ਦੀ ਪ੍ਰਾਪਤੀ ਲਈ ਉਠਾਈ ਆਵਾਜ਼ ਅਤੇ ਦਿਖਾਈ ਜਾਂਦੀ ਨਾਬਰੀ ਇਸ ਫਿਰਕੂ ਫਾਸ਼ੀ ਲਾਣੇ ਲਈ ਨਾ-ਕਾਬਲੇ ਬਰਦਾਸ਼ਤ ਹੈ। ਇਸ ਲਈ, ਉਹ ਅਜਿਹੀ ਹਰ ਆਵਾਜ਼ ਅਤੇ ਨਾਬਰੀ ਨੂੰ ਖਾਮੋਸ਼ ਕਰਨ 'ਤੇ ਉਤਾਰੂ ਹੈ। ਇਸ ਹਿੰਦੂਤਵੀ ਲਾਣੇ ਦੀ ਮੰਨੂੰਵਾਦੀ-ਬ੍ਰਾਹਮਣਵਾਦੀ ਸੋਚ ਅਤੇ ਫਿਰਕੂ ਫਾਸ਼ੀ ਸੋਚ ਉਸਦੇ ਹਿੰਦੂਤਵ ਦੇ ਫਾਸ਼ੀ ਸੰਕਲਪ ਦੀਆਂ ਦੋ ਜੜੁੱਤ ਤੇ ਜ਼ਹਿਰੀਲਆਂ ਟਾਹਣੀਆਂ ਹਨ। ਇਹਨਾਂ ਟਾਹਣੀਆਂ ਦੇ ਜ਼ਹਿਰੀਲੇ ਫਲਾਂ 'ਤੇ ਪਲ਼ਦੇ ਸੰਘ ਲਾਣੇ ਵੱਲੋਂ ਰੋਹਿਤ ਵੇਮੁਲਾ ਮਾਮਲੇ ਸਮੇਤ ਕਨੱ੍ਹਈਆ ਕੁਮਾਰ (ਜੇ.ਐਨ.ਯੂ.) ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਮੁਲਕ ਭਰ ਅੰਦਰ ਫਿਰਕੂ ਫਾਸ਼ੀ ਜ਼ਹਿਰ ਉਗਾਲੀ ਦੀ ਮੁਹਿੰਮ ਵਿੱਢੀ ਹੋਈ ਹੈ।

No comments:

Post a Comment