Wednesday, 2 March 2016

ਯਾਦਗਾਰ 'ਤੇ ਝੰਡਾ ਲਹਿਰਾਅ ਕੇ ਕੀਤਾ ਨਕਸਲੀ ਸ਼ਹੀਦਾਂ ਨੂੰ ਯਾਦ

ਯਾਦਗਾਰ 'ਤੇ ਝੰਡਾ ਲਹਿਰਾਅ ਕੇ ਕੀਤਾ ਨਕਸਲੀ ਸ਼ਹੀਦਾਂ ਨੂੰ ਯਾਦ
-ਪੱਤਰਕਾਰ
ਬਰਨਾਲਾ ਜ਼ਿਲ੍ਹੇ ਦਾ ਪਿੰਡ ਦੱਧਾਹੂਰ  ਇੱਕ ਮਸ਼ਹੂਰ ਪਿੰਡ ਹੈ। ਇਸ ਪਿੰਡ ਵਿੱਚ ਨਕਸਲੀ ਲਹਿਰ ਦੇ ਤਿੰਨ ਸ਼ਹੀਦਾਂ ਟਹਿਲ ਸਿੰਘ ਦੱਧਾਹੂਰ, ਪਿਆਰਾ ਸਿੰਘ ਦੱਧਾਹੂਰ ਅਤੇ ਸ਼ਰੀਫ ਮੁਹੰਮਦ ਕਾਂਝਲਾ ਦੀ ਯਾਦਗਾਰ ਵਜੋਂ ਸ਼ਹੀਦੀ ਲਾਟ ਬਣੀ ਹੋਈ ਹੈ। ਪਿਆਰਾ ਸਿੰਘ ਦੱਧਾਹੂਰ ਨੂੰ ਉਸਦੇ ਦੋ ਹੋਰ ਸਾਥੀਆਂ- ਬੇਅੰਤ ਸਿੰਘ ਮੂੰਮ ਅਤੇ ਸ਼ਰੀਫ ਮੁਹੰਮਦ ਕਾਂਝਲਾ ਸਮੇਤ ਪਿੰਡ ਗੰਡਾ ਸਿੰਘਵਾਲਾ ਤੋਂ ਮੁਖਬਰ ਦੀ ਸੂਹ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨਾਂ ਨੂੰ ਪਹਿਲਾਂ ਧਨੌਲੇ ਥਾਣੇ ਵਿੱਚ ਪਾਰਟੀ ਦੇ ਗੁਪਤ ਭੇਦ ਪੁੱਛਣ ਲਈ ਪੁਲਸੀ ਬੁੱਚੜਾਂ ਨੇ ਅੰਨ੍ਹੇ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਿਰ ਪਿੰਡ ਕੈਰੇ ਦੇ ਪੁਲ 'ਤੇ ਲਾਸ਼ਾਂ ਰੱਖ ਕੇ ਝੂਠੇ ਪੁਲਸ ਮੁਕਾਬਲੇ ਦੀ ਕਹਾਣੀ ਬਣਾਈ ਗਈ। ਇਹ ਘਟਨਾ 26 ਜਨਵਰੀ 1972 ਦੀ ਹੈ, ਜਿਸ ਦਿਨ ਹਾਕਮ ਅਖੌਤੀ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਲੱਗੇ ਹੋਏ ਸਨ ਤੇ ਦੂਜੇ ਪਾਸੇ ਅਸਲੀ ਗਣਤੰਤਰ ਦੀ ਗੱਲ ਕਰਨ ਵਾਲਿਆਂ ਦੀਆਂ ਛਾਤੀਆਂ ਉੱਪਰ ਸਰਕਾਰੀ ਬੰਦੂਕਾਂ 'ਚੋਂ ਨਿਕਲਦੀ ਅੱਗ ਨਾਲ 'ਗਣਤੰਤਰ' ਦਾ ਸ਼ਬਦ ਲਿਖਿਆ ਜਾ ਰਿਹਾ ਸੀ। ਟਹਿਲ ਸਿੰਘ ਦੱਧਾਹੂਰ ਵੀ ਇਲਾਕੇ ਵਿੱਚ ਚੰਗਾ ਪ੍ਰਭਾਵ ਰੱਖਦਾ ਸੀ। ਇਲਾਕੇ ਅੰਦਰ, ਇੱਕ ਗੁੰਡਾ ਟੋਲਾ, ਪੁਲਸ ਅਤੇ ਪ੍ਰਸ਼ਾਸਨ ਨੇ ਪਾਲਿਆ ਹੋਇਆ ਸੀ, ਜਿਸ ਗੁੰਡਾ ਟੋਲੇ ਨੇ ਸਾਥੀ ਟਹਿਲ ਸਿੰਘ ਨੂੰ 1979 ਦੇ ਫਰਵਰੀ ਮਹੀਨੇ ਵਿੱਚ ਕਤਲ ਕਰ ਦਿੱਤਾ ਸੀ। ਪਿਛਲੇ ਕਈ ਸਾਲਾਂ ਤੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪਰਿਵਾਰਕ ਸ਼ਕਲਾਂ ਵਿੱਚ ਹੀ ਇਹਨਾਂ ਸਾਥੀਆਂ ਦੇ ਸ਼ਹੀਦੀ ਦਿਨ ਮਨਾਏ ਜਾਂਦੇ ਰਹੇ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਸਲਾਹੁਣਯੋਗ ਕਦਮ ਹੈ। ਇਸ ਵਾਰ 30 ਜਨਵਰੀ ਨੂੰ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਦੱਧਾਹੂਰ ਵਿਖੇ ਬਣੇ ਸ਼ਹੀਦੀ ਸਮਾਰਕ 'ਤੇ ਸ਼ਰਧਾਂਜਲੀ ਭੇਂਟ ਕਰਨ ਆਉਣਾ ਸੀ। ਉਸ ਤੋਂ ਪਹਿਲਾਂ ਪਰਿਵਾਰਾਂ ਵੱਲੋਂ ਇਲਾਕੇ ਦੇ ਕੁੱਝ ਇਨਕਲਾਬੀ ਆਗੂਆਂ ਨਾਲ ਸੰਪਰਕ ਕੀਤਾ ਗਿਆ। ਜਿਸ 'ਤੇ ਭਦੌੜ ਅਤੇ ਟੱਲੇਵਾਲ ਤੋਂ ਕੁੱਝ ਆਗੂ ਸਾਥੀਆਂ (ਗੁਰਮੇਲ ਭੁਟਾਲ, ਜੁਗਰਾਜ ਸਿੰਘ ਟੱਲੇਵਾਲ, ਕੇਮ ਚੰਦ, ਜਗਦੀਪ ਸਿੰਘ, ਧੰਨਾ ਸਿੰਘ) ਨੇ ਸ਼ਮੂਲੀਅਤ ਕੀਤੀ। ਟਹਿਲ ਸਿੰਘ ਦੀ ਜੀਵਨ ਸਾਥਣ ਗੁਰਦੇਵ ਕੌਰ, ਪੁੱਤਰ ਨਾਥ ਸਿੰਘ ਅਤੇ ਜੰਗ ਸਿੰਘ, ਧੀ ਮਨਜੀਤ ਕੌਰ, ਪਿਆਰਾ ਸਿੰਘ ਦਾ ਪੁੱਤਰ ਪਰਮਜੀਤ ਸਿੰਘ, ਨੂੰਹ ਤੇਜਿੰਦਰ ਕੌਰ ਤੇ ਪੋਤਰਾ, ਬੇਟੀ ਭੁਪਿੰਦਰ ਕੌਰ ਅਤੇ ਦੋਹਤੀ, ਭੈਣ ਰਾਜਿੰਦਰ ਕੌਰ, ਭਣੋਈਆ ਪ੍ਰੋਫੈਸਰ ਦਰਸ਼ਨ ਸਿੰਘ, ਚਚੇਰੀ ਭੈਣ ਸੁਖਵਿੰਦਰ ਕੌਰ ਆਦਿ ਮੈਂਬਰ ਸ਼ਾਮਲ ਹੋਏ। ਪਿਆਰਾ ਸਿੰਘ ਅਤੇ ਟਹਿਲ ਸਿੰਘ ਹੋਰਾਂ ਨਾਲ ਉਹਨਾਂ ਵਕਤਾਂ ਵਿੱਚ ਕੰਮ ਕਰਦੇ ਰਹੇ ਕਈ ਸਾਥੀ ਵੀ ਪਹੁੰਚੇ ਜਿਹਨਾਂ ਵਿੱਚ ਗੁਰਦਿਆਲ ਸਿੰਘ, ਕਰਨੈਲ ਸਿੰਘ ਰਾਏਸਰ, ਗੁਰਜੀਤ ਸਿੰਘ ਰਾਏਸਰ, ਭਜਨ ਸਿੰਘ ਰੰਗੀਆਂ ਆਦਿ ਸ਼ਾਮਲ ਹੋਏ। ਝੰਡੇ ਦੀ ਰਸਮ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨਾਹਰੇ ਬੁਲੰਦ ਕੀਤੇ ਗਏ। ਇਕੱਤਰਤਾ ਨੂੰ ਸੁਰਖ਼ ਰੇਖਾ ਦੇ ਐਕਟਿੰਗ ਸੰਪਾਦਕ ਸਾਥੀ ਨਾਜ਼ਰ ਸਿੰਘ ਬੋਪਾਰਾਏ ਤੋਂ ਇਲਾਵਾ ਗੁਰਮੇਲ ਸਿੰਘ ਭੁਟਾਲ ਅਤੇ ਜੁਗਰਾਜ ਸਿੰਘ ਟੱਲੇਵਾਲ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਸੰਖੇਪ ਗੱਲਬਾਤ ਵਿੱਚ ਕਿਹਾ ਕਿ 1960ਵਿਆਂ ਵਿੱਚ ਪੱਛਮੀ ਬੰਗਾਲ ਦੇ ਪਿੰਡ ਨਕਸਲਬਾੜੀ ਵਿੱਚੋਂ ਉੱਠੀ ਅਤੇ ਬਹੁਤ ਜਲਦੀ ਪੂਰੇ ਦੇਸ਼ ਅੰਦਰ ਫੈਲੀ ਕਿਰਤੀ ਲੋਕਾਂ ਦੀ ਲਹਿਰ ਹਾਕਮਾਂ ਲਈ ਮੌਤ ਦਾ ਸੁਨੇਹਾ ਅਤੇ ਕਿਰਤੀਆਂ ਲਈ ਮੁਕਤੀ ਦਾ ਚਿੰਨ੍ਹ ਬਣ ਗਈ। ਬੁਲਾਰਿਆਂ ਨੇ ਕਿਹਾ ਕਿ ਹਿੰਦੋਸਤਾਨ ਦੇ ਉਸ ਸਮੇਂ ਦੇ ਕਮਿਊਨਿਸਟ ਇਨਕਲਾਬੀਆਂ ਵਿੱਚੋਂ ਇੱਕ ਹਿੱਸਾ ਹਾਕਮ ਜਮਾਤੀ ਉਲਟ ਇਨਕਲਾਬੀ ਰਾਹ ਅਖਤਿਆਰ ਕਰਕੇ ਮਾਰਕਸਵਾਦੀ ਵਿਚਾਰਧਾਰਾ ਦੇ ਬੁਨਿਆਦੀ ਸਿਧਾਂਤਾਂ ਤੋਂ ਮੁੱਖ ਮੋੜ ਗਿਆ ਸੀ, ਜਿਸ ਦੇ ਸਿੱਟੇ ਵਜੋਂ ਖਰੇ ਕਮਿਊਨਿਸਟ ਇਨਕਲਾਬੀਆਂ ਦੇ ਚੇਤੰਨ ਤੇ ਲੜਾਕੂ ਹਿੱਸਿਆਂ ਨੇ ਆਪਣੇ ਆਪ ਨੂੰ ਨਵੇਂ ਸਿਰਿਉਂ ਜੱਥੇਬੰਦ ਕਰਦਿਆਂ ਹਥਿਆਰਬੰਦ ਰਸਤੇ ਨੂੰ ਇਨਕਲਾਬ ਦੇ ਇੱਕੋ ਇੱਕ ਰਸਤੇ ਨੂੰ ਸਥਾਪਿਤ ਕੀਤਾ। ਸਾਥੀ ਟਹਿਲ ਸਿੰਘ, ਪਿਆਰਾ ਸਿੰਘ, ਸ਼ਰੀਫ ਮੁਹੰਮਦ ਕਾਂਝਲਾ ਸਮੇਤ ਅਨੇਕਾਂ ਸਾਥੀਆਂ ਨੇ ਪੰਜਾਬ ਦੀ ਧਰਤੀ 'ਤੇ ਖਰੇ ਕਮਿਊਨਿਸਟ ਇਨਕਲਾਬੀ ਲੜਾਕਿਆਂ ਵਜੋਂ ਇਨਕਲਾਬੀ ਗਤੀਵਿਧੀਆਂ ਵਿੱਚ ਮਸ਼ਰੂਫ ਹੁੰਦਿਆਂ, ਦੁਸ਼ਮਣ ਦੇ ਅੰਨ੍ਹੇ ਤਸੀਹੇ ਝੱਲਦਿਆਂ ਸ਼ਹਾਦਤਾਂ ਦੇ ਜਾਮ ਪੀਤੇ। ਸ਼ਹੀਦੀ ਲਾਟ 'ਤੇ ਪਹੁੰਚੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀਆਂ ਅੱਖਾਂ ਵਿੱਚੋਂ ਵਿਛੜਿਆਂ ਦੀ ਯਾਦ ਵਿੱਚ ਅੱਥਰੂ ਵਹਿ ਤੁਰੇ ਸਨ ਜਿਸ ਦ੍ਰਿਸ਼ ਨੂੰ ਵੇਖ ਕੇ ਸਾਫ ਝਲਕਦਾ ਸੀ ਕਿ ਇਹਨਾਂ ਪਰਿਵਾਰਾਂ ਨੇ ਆਪਣੇ ਕਿੰਨੀ ਕੀਮਤੀ ਮੈਂਬਰ ਲੋਕ ਲਹਿਰ ਲਈ ਕੁਰਬਾਨ ਕੀਤੇ ਹਨ। ਸ਼ਹੀਦ ਪਿਆਰਾ ਸਿੰਘ ਦੀ ਸਪੁੱਤਰੀ ਭੁਪਿੰਦਰ ਕੌਰ ਨੇ ਭਾਵੁਕ ਹੋ ਕੇ ਕਿਹਾ ਕਿ ਲੋਕ ਲਹਿਰ ਵਾਸਤੇ ਕੁਰਬਾਨ ਹੋਣ ਵਾਲੇ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਦੇ ਅਧੂਰੇ ਕਾਜ ਨੂੰ ਅਸੀਂ ਪੂਰੇ ਹੁੰਦੇ ਵੇਖਣਾ ਚਾਹੁੰਦੇ ਹਾਂ ਅਤੇ ਉਹਨਾਂ ਦੀਆਂ ਬਰਸੀਆਂ ਮਨਾਉਣ ਰਾਹੀਂ ਇਨਕਲਾਬੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਨੂੰ ਅਸੀਂ ਆਪਣੀ ਜੁੰਮੇਵਾਰੀ ਸਮਝਦੇ ਹਾਂ ਅਤੇ ਇਨਕਲਾਬੀ ਲਹਿਰ ਦਾ ਸਾਥ ਤੇ ਅਗਵਾਈ ਚਾਹੁੰਦੇ ਹਾਂ। ਪਿਆਰਾ ਸਿੰਘ ਦੇ ਪਰਿਵਾਰ ਵੱਲੋਂ ਇਸ ਮੌਕੇ 'ਸੁਰਖ਼ ਰੇਖਾ' ਅਤੇ 'ਲੋਕ-ਕਾਫਲਾ' ਵਾਸਤੇ ਪੰਜ-ਪੰਜ ਸੌ ਰੁਪਏ ਸਹਾਇਤਾ ਦਿੱਤੀ ਗਈ।

No comments:

Post a Comment