Thursday, 3 March 2016

ਸਾਥੀ ਤਰਸੇਮ ਲੋਹੀਆਂ ਨੂੰ ਸ਼ਰਧਾਂਜਲੀ:

ਸਾਥੀ ਤਰਸੇਮ ਲੋਹੀਆਂ ਨੂੰ ਸ਼ਰਧਾਂਜਲੀ:
ਇੱਕ ਜੁਝਾਰ ਅਤੇ ਸ਼ਾਨਦਾਰ ਜ਼ਿੰਦਗੀ ਦੀ ਕਹਾਣੀ
ਪੰਜਾਬ ਦੇ ਬਿਜਲੀ ਕਾਮਿਆਂ ਵਿੱਚ ਸਰਗਰਮ ਇਨਕਲਾਬੀ ਖੇਮੇ ਦੇ ਸਿਰਕੱਢ ਆਗੂਆਂ ਵਿੱਚ ਸ਼ੁਮਾਰ ਸਾਥੀ ਤਰਸੇਮ ਲੋਹੀਆਂ ਇਸ ਸੰਸਾਰ ਵਿੱਚ ਨਹੀਂ ਰਹੇ। ਉਹ 7 ਫਰਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਆਪਣੇ ਪਰਿਵਾਰਕ ਮੈਂਬਰਾਂ, ਸੰਗਰਾਮੀ ਸਾਥੀਆਂ ਅਤੇ ਸੰਘਰਸ਼ਸ਼ੀਲ ਲੋਕਾਂ ਨੂੰ ਵਿਗੋਚਾ ਦੇ ਗਏ। ਪੰਜਾਬ ਦੇ ਬਿਜਲੀ ਕਾਮਿਆਂ ਵਿੱਚ ਦਹਾਕਿਆਂ-ਬੱਧੀ ਗੂੰਜਦੀ ਰਹੀ ਸਾਥੀ ਲੋਹੀਆਂ ਦੀ ਸੰਗਰਾਮੀ ਲਲਕਾਰ ਦਾ ਅਚਾਨਕ ਸਦਾ ਲਈ ਖਾਮੋਸ਼ ਹੋ ਜਾਣਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਉਹਨਾਂ ਸਭਨਾਂ ਲਈ ਇੱਕ ਭਾਰੀ ਸਦਮਾ ਹੈ, ਜਿਹੜੇ ਲੁੱਟ-ਖਸੁੱਟ ਅਤੇ ਦਾਬੇ ਤੋਂ ਮੁਕਤ ਬਿਹਤਰ ਅਤੇ ਖੁਸ਼ਹਾਲ ਸਮਾਜ ਦੀ ਉਸਾਰੀ ਲਈ ਸੰਘਰਸ਼ਾਂ ਦੇ ਬਿਖੜੇ ਪੈਂਡੇ 'ਤੇ ਚੱਲ ਰਹੇ ਹਨ।
ਸਾਥੀ ਲੋਹੀਆਂ ਦੀ ਸਮੁੱਚੀ ਜ਼ਿੰਦਗੀ ਇੱਕ ਜੁਝਾਰ ਇਨਸਾਨ ਦੀ ਸੰਘਰਸ਼ ਕਹਾਣੀ ਹੈ। ਉਹਨਾਂ ਦਾ ਜਨਮ ਪਾਂਸਟਾ ਨਜ਼ਦੀਕ ਪਿੰਡ ਠੰਡਲ ਵਿਖੇ ਹੋਇਆ। ਚੜ੍ਹਦੀ ਜੁਆਨੀ ਵਿੱਚ ਉਹ ਕਬੱਡੀ ਦੇ ਵਧੀਆ ਖਿਡਾਰੀਆਂ ਵਿੱਚ ਗਿਣੇ ਜਾਂਦੇ ਰਹੇ ਸਨ। ਇਸੇ ਸਮੇਂ ਉਹਨਾਂ ਨੇ ਇੱਕ ਵਰਕਚਾਰਜ ਵਜੋਂ ਬਿਜਲੀ ਬੋਰਡ ਵਿੱਚ ਅੰਮ੍ਰਿਤਸਰ ਵਿਖੇ ਆਪਣੀ ਸਰਵਿਸ ਦੀ ਸ਼ੁਰੂਆਤ ਕੀਤੀ। ਇੱਥੋਂ ਉਹ 1969-70 ਵਿੱਚ ਰੈਗੂਲਰ ਬਿਜਲੀ ਕਾਮੇ ਵਜੋਂ ਝਬਾਲ ਉੱਪ-ਮੰਡਲ ਵਿੱਚ ਚਲੇ ਗਏ। ਇੱਥੋਂ ਹੀ ਉਹਨਾਂ ਦੇ ਇਨਕਲਾਬੀ ਜੁਝਾਰ ਜੀਵਨ ਦਾ ਆਰੰਭ ਹੋਇਆ। ਉਹਨਾਂ ਵੱਲੋਂ ਬਿਜਲੀ ਬੋਰਡ ਅਫਸਰਸ਼ਾਹੀ ਅਤੇ ਸਰਕਾਰ ਦੀਆਂ ਵਧੀਕੀਆਂ ਖਿਲਾਫ ਬਿਜਲੀ ਕਾਮਿਆਂ ਅੰਦਰ ਉੱਸਲਵੱਟੇ ਲੈਂਦੀ ਔਖ ਅਤੇ ਗੁੱਸੇ ਨੂੰ ਆਵਾਜ਼ ਮੁਹੱਈਆ ਕਰਨ ਦੀ ਜੁਰਅੱਤ ਦਿਖਾਉਂਦਿਆਂ ਉਹਨਾਂ ਦੀਅਗਵਾਈ ਕਰਨ ਦਾਬੀੜਾ ਚੁੱਕਿਆ ਗਿਆ। ਸਾਥੀ ਲੋਹੀਆਂ ਨੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ।
ਬਿਜਲੀ ਕਾਮਿਆਂ ਨੂੰ ਜਥੇਬੰਦ ਕਰਨ ਅਤੇ ਉਹਨਾਂ ਨੂੰ ਖਾੜਕੂ ਘੋਲ ਸਰਗਰਮੀਆਂ ਵਿੱਚ ਉਭਾਰਨ ਲਈ ਗਰਜਦੀ ਸਾਥੀ ਲੋਹੀਆਂ ਦੀ ਆਵਾਜ਼ ਨੂੰ ਡਰਾਉਣ-ਧਮਕਾਉਣ ਲਈ ਬਿਜਲੀ ਬੋਰਡ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ 1972-73 ਵਿੱਚ ਫਿਲੌਰ ਉੱਪ-ਮੰਡਲ ਵਿੱਚ ਭੇਜ ਦਿੱਤਾ ਗਿਆ। ਇੱਥੋਂ ਬਹਾਲੀ ਹੋਣ ਉਪਰੰਤ ਉਹ ਨਕੋਦਰ ਆ ਗਏ, ਜਿੱਥੇ ਫਿਰ ਉਹਨਾਂ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਵੱਲੋਂ ਖਾੜਕੂ ਘੋਲ ਲੜਿਆ ਗਿਆ। ਸਾਥੀ ਲੋਹੀਆਂ ਨੂੰ ਖੱਜਲ-ਖੁਆਰ ਕਰਕੇ ਉਸਦੀ ਆਵਾਜ਼ ਨੂੰ ਚੁੱਪ ਕਰਵਾਉਣਾ ਚਾਹੁੰਦੇ ਬੋਰਡ ਅਧਿਕਾਰੀਆਂ ਵੱਲੋਂ 1975 ਵਿੱਚ ਉਹਨਾਂ ਨੂੰ ਨਕੋਦਰ ਤੋਂ ਲੋਹੀਆਂ ਉੱਪ-ਮੰਡਲ ਵਿੱਚ ਭੇਜ ਦਿੱਤਾ ਗਿਆ। ਪਰ ਬੋਰਡ ਅਧਿਕਾਰੀਆਂ ਦੇ ਇਹਨਾਂ ਡਰਾਉਣ-ਧਮਕਾਉਣ ਦੇ ਹੱਥਕੰਡਿਆਂ ਨੂੰ ਠੁੱਡ ਮਾਰਦਿਆਂ, ਸਾਥੀ ਲੋਹੀਆਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਹੋਰ ਵੀ ਜੋਸ਼ੋ-ਖਰੋਸ ਨਾਲ ਜਾਰੀ ਰੱਖਿਆ। ਇੱਥੇ ਉਹਨਾਂ ਵੱਲੋਂ ਬਿਜਲੀ ਕਾਮਿਆਂ ਵਿੱਚ ਸਰਗਰਮ ਸੁਰਜੀਤ ਸਿੰਘ ਤੁਰਨਾ ਅਤੇ ਕਰਮ ਸਿੰਘ ਤੁਰਨਾ ਵਰਗੇ ਕਾਰਕੁੰਨਾਂ ਨੂੰ ਨਾਲ ਲੈਂਦਿਆਂ ਲੋਹੀਆਂ ਗਰੁੱਪ ਦਾ ਗਠਨ ਕੀਤਾ ਗਿਆ। ਇਸ ਗਰੁੱਪ ਨੂੰ ਗਠਨ ਕਰਨ ਦਾ ਮਕਸਦ ਬਿਜਲੀ ਕਾਮਿਆਂ ਵਿੱਚ ਕੰਮ ਕਰਦੇ ਇਨਕਲਾਬੀ ਜਮਹੂਰੀ ਸੋਝੀ ਦੇ ਮਾਲਕ ਬਿਜਲੀ ਕਾਮਿਆਂ ਨੂੰ ਇੱਕਜੁੱਟ ਕਰਨਾ, ਬਿਜਲੀ ਕਾਮਿਆਂ ਅੰਦਰ ਕੰਮ ਕਰਦੀਆਂ ਮੌਕਾਪ੍ਰਸਤ ਅਤੇ ਆਰਥਿਕਵਾਦੀ-ਸੁਧਾਰਵਾਦੀ ਧਿਰਾਂ ਨਾਲੋਂ ਬੁਨਿਆਦੀ ਨਿਖੇੜੇ ਦੀ ਲਕੀਰ ਖਿੱਚਣਾ ਅਤੇ ਬਿਜਲੀ ਕਾਮਾ ਲਹਿਰ ਨੂੰ ਦਰੁਸਤ ਇਨਕਲਾਬੀ ਟਰੇਡ ਯੂਨੀਅਨ ਲੀਹ ਦੀ ਰੌਸ਼ਨੀ ਵਿੱਚ ਜਮਹੂਰੀ ਲੀਹਾਂ 'ਤੇ ਅੱਗੇ ਵਧਾਉਣਾ ਸੀ। ਲੜਨ-ਮਰਨ ਦੀ ਜੁਝਾਰ ਭਾਵਨਾ ਅਤੇ ਇਨਕਲਾਬੀ ਸੂਝ-ਬੂਝ ਨਾਲ ਓਤ-ਪੋਤ ਸਾਥੀ ਲੋਹੀਆਂ ਇਸ ਲੋਹੀਆਂ ਗਰੁੱਪ ਦੇ ਆਗੂ ਵਜੋਂ ਉੱਭਰੇ ਅਤੇ ਪੰਜਾਬ ਦੇ ਬਿਜਲੀ ਕਾਮਿਆਂ ਵਿੱਚ ਇਨਕਲਾਬੀ ਟਰੇਡ ਯੂਨੀਅਨ ਲੀਹ ਅਤੇ ਨੀਤੀਆਂ ਨੂੰ ਪ੍ਰਣਾਏ ਖੇਮੇ ਦੀ ਜਾਣੀ-ਪਹਿਚਾਣੀ ਸਖਸ਼ੀਅਤ ਵਜੋਂ ਸਥਾਪਤ ਹੋਏ। ਇਸ ਤੋਂ ਬਾਅਦ ਤਖਲਸ ਲੋਹੀਆਂ ਉਹਨਾਂ ਦੇ ਨਾਂ ਨਾਲ ਪੱਕੇ ਤੌਰ 'ਤੇ ਜੁੜ ਗਿਆ ਅਤੇ ਉਹ ਸਾਥੀ ਤਰਸੇਮ ਲਾਲ ਤੋਂ ਤਰਸੇਮ ਲੋਹੀਆਂ ਵਜੋਂ ਜਾਣੇ ਜਾਣ ਲੱਗੇ।
ਲੋਹੀਆਂ ਵਿਖੇ ਜਿੱਥੇ ਉਹਨਾਂ ਵੱਲੋਂ ਆਪਣੇ ਆਪ ਨੂੰ ਬਿਜਲੀ ਕਾਮਿਆਂ ਦੇ ਇਨਕਲਾਬੀ ਆਗੂ ਵਜੋਂ ਵਡੇਰੇ ਰੋਲ ਨੂੰ ਸਮਰਪਤ ਕਰਨ ਦਾ ਕਦਮ ਲਿਆ ਗਿਆ, ਉੱਥੇ ਆਪਣੀਆਂ ਸਰਗਰਮੀਆਂ ਦਾ ਘੇਰਾ ਵਧਾਉਂਦਿਆਂ ਉਹਨਾਂ ਵੱਲੋਂ ਰੰਗਮੰਚ ਸਰਗਰਮੀਆਂ ਵਿੱਚ ਨਾ ਸਿਰਫ ਆਪ ਸ਼ਾਮਲ ਹੋਣ ਦਾ ਕਦਮ ਉਠਾਇਆ ਗਿਆ, ਸਗੋਂ ਆਪਣੀ ਜੀਵਨ ਸਾਥਣ ਸ੍ਰੀਮਤੀ ਸੁਮਨ ਲਤਾ ਨੂੰ ਰੰਗਾਮੰਚ 'ਤੇ ਆਉਣ ਲਈ ਪ੍ਰੇਰਿਆ ਗਿਆ। ਉਸ ਤੋਂ ਬਾਅਦ ਸੁਮਨ ਲਤਾ ਵੱਲੋਂ ਸਾਥੀ ਤਰਸੇਮ ਲੋਹੀਆਂ ਦੇ ਜੂਝਾਰ ਜੀਵਨ ਵਿੱਚ ਆਏ ਉਤਰਾਵਾਂ-ਚੜ੍ਹਾਵਾਂ ਵਿੱਚ ਹੀ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜ੍ਹਿਆ ਜਾਂਦਾ ਰਿਹਾ, ਸਗੋਂ ਆਪਣੇ ਆਪ ਨੂੰ ਲੋਕਾਂ ਨੂੰ ਪ੍ਰਣਾਏ ਰੰਗਮੰਚ ਨੂੰ ਸਮਰਪਤ ਕਰਦਿਆਂ, ਆਪਣੇ ਬੱਚਿਆਂ- ਰਾਕੇਸ਼, ਮੁਕੇਸ਼ ਅਤੇ ਬੇਟੀ ਨਿਸ਼ਾ ਨੂੰ ਵੀ ਇਹਨਾਂ ਸਰਗਰਮੀਆਂ ਦਾ ਅੰਗ ਬਣਾਇਆ ਗਿਆ। ਸਾਥੀ ਲੋਹੀਆਂ ਅਤੇ ਸੁਮਨ ਲਤਾ ਵੱਲੋਂ ਬੱਚਿਆਂ ਸਮੇਤ ਇਨਕਲਾਬੀ ਜਨਤਕ ਅਤੇ ਰੰਗਮੰਚ ਸਰਗਰਮੀਆਂ ਵਿੱਚ ਸਰਗਰਮ ਹੋਣ ਕਰਕੇ ਉਹਨਾਂ ਦਾ ਘਰ ਵੀ ਇਨਕਲਾਬੀ ਲਹਿਰ ਅਤੇ ਰੰਗਮੰਚ ਲਹਿਰ ਦੇ ਕਾਰਕੁੰਨਾਂ ਦਾ ਡੇਰਾ ਬਣ ਗਿਆ ਸੀ।
ਲੋਹੀਆਂ ਵਿਖੇ ਸਾਥੀ ਲੋਹੀਆਂ ਦੀਆਂ ਸੰਘਰਸ਼ ਸਰਗਰਮੀਆਂ ਅਤੇ ਲੋਹੀਆਂ ਗਰੁੱਪ ਦੇ ਆਗੂ ਵਜੋਂ ਪੰਜਾਬ ਭਰ ਦੇ ਬਿਜਲੀ ਕਾਮਿਆਂ ਅੰਦਰ ਵਧ ਰਹੀਆਂ ਇਨਕਲਾਬੀ ਸਰਗਰਮੀਆਂ ਤੋਂ ਚਿੜੇ ਬੋਰਡ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਇੱਕ ਵਾਰ ਫਿਰ ਮੁਅੱਤਲ ਕਰ ਦਿੱਤਾ ਗਿਆ ਅਤੇ ਰੋਪੜ ਸਰਕਲ ਵਿੱਚ ਨੂਰਪੁਰ ਬੇਦੀ ਉੱਪ-ਮੰਡਲ ਵਿੱਚ ਭੇਜ ਦਿੱਤਾ ਗਿਆ। ਸਾਥੀ ਲੋਹੀਆਂ ਵੱਲੋਂ ਇਨ੍ਹਾਂ ਸਭ ਵਿਕਟੇਮਾਈਜੇਸ਼ਨਾਂ ਨੂੰ ਟਿੱਚ ਜਾਣਦਿਆਂ, ਪੂਰੀ ਦ੍ਰਿੜ੍ਹਤਾ ਅਤੇ ਸਿਦਕਦਿਲੀ ਨਾਲ ਆਪਣੀਆਂ ਸਰਰਗਰਮੀਆਂ ਨੂੰ ਜਾਰੀ ਰੱਖਿਆ ਗਿਆ। ਉਸਦੀ ਲਟ ਲਟ ਬਲ਼ਦੀ ਲੜਾਕੂ ਭਾਵਨਾ ਅਤੇ ਸਿਦਕਦਿਲੀ ਦੀ ਇੱਕ ਝਲਕ ਟੀ.ਐਲ.ਸੀ. ਤਖਤਗੜ੍ਹ ਕੈਂਪ ਦੇ ਕਾਮਿਆਂ ਦੇ ਘੋਲ ਦੌਰਾਨ ਸਾਹਮਣੇ ਆਈ। ਇਹ ਕਾਮੇ ਬਿਜਲੀ ਬੋਰਡ ਅਧਿਕਾਰੀਆਂ ਦੇ ਧੱਕੇ, ਅੰਨ੍ਹੀਂ  ਲੁੱਟ ਅਤੇ ਵਗਾਰਪੁਣੇ ਦਾ ਸ਼ਿਕਾਰ ਸਨ। ਉਹਨਾਂ ਵੱਲੋਂ 10 ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਧੱਕੇਸ਼ਾਹੀ ਖਿਲਾਫ ਸਾਥੀ ਲੋਹੀਆਂ ਤੇ ਗੁਰਦਿਆਲ ਸਿੰਘ ਭੰਗਲ ਹੋਰਾਂ ਦੀ ਅਗਵਾਈ ਵਿੱਚ ਤਖਤਗੜ੍ਹ ਵਿਖੇ ਦੋ-ਢਾਈ ਸੌ ਬਿਜਲੀ ਕਾਮਿਆਂ ਵੱਲੋਂ ਐੱਸ.ਡੀ.ਓ. ਦਾ ਸ਼ਾਮ ਨੂੰ ਘੇਰਾਓ ਕੀਤਾ ਗਿਆ। ਘੇਰਾਓ ਕਾਮਿਆਂ ਦੀ ਗਿਣਤੀ ਵਧਦੇ ਵਧਦੇ 7-8 ਸੌ ਤੱਕ ਜਾ ਪਹੁੰਚੀ। ਐਸ.ਡੀ.ਓ. ਵੱਲੋਂ ਪਿਸਤੌਲ ਕੱਢ ਕੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜੀ ਉਸਦਾ ਪਿਸਤੌਲ ਡਿਗਾ ਕੇ ਨਾਕਾਮ ਬਣਾ ਦਿੱਤੀ ਗਈ। ਉਸ ਵੱਲੋਂ ਕਾਮਿਆਂ ਨੂੰ ਡਰਾਉਣ-ਧਮਕਾਉਣ ਲਈ ਪੁਲਸ ਸੱਦ ਲਈ ਗਈ। ਪਰ ਸਾਥੀ ਲੋਹੀਆਂ ਦੀ ਅਗਵਾਈ ਵਿੱਚ ਬਿਜਲੀ ਕਾਮੇ ਅਣਲਿਫ ਰਹਿੰਦਿਆਂ, ਘੋਲ ਦੇ ਮੈਦਾਨ ਵਿੱਚ ਡਟੇ ਰਹੇ। ਅੰਤ ਅੱਧੀ ਰਾਤ ਹੈਂਕੜਬਾਜ਼ ਬੋਰਡ ਅਧਿਕਾਰੀਆਂ ਦੀ ਅੜੀ ਭੰਨਦਿਆਂ, ਉਹਨਾਂ ਨੂੰ ਮੁਅੱਤਲ ਬਿਜਲੀ ਕਾਮਿਆਂ ਨੂੰ ਬਹਾਲ ਕਰਨ ਅਤੇ ਹੱਕੀ ਮੰਗਾਂ ਮੰਨਣ ਦਾ ਕੌੜਾ ਅੱਕ ਚੱਬਣ ਲਈ ਮਜਬੂਰ ਕਰ ਦਿੱਤਾ ਗਿਆ।
ਬਿਜਲੀ ਕਾਮਿਆਂ ਦੇ ਸੂਬਾ ਪੱਧਰੇ ਸੰਘਰਸ਼ ਦਬਾਓ ਹੇਠ ਬੋਰਡ ਅਧਿਕਾਰੀਆਂ ਨੂੰ ਉਸਦੀ ਮੁਅੱਤਲੀ ਵਾਪਸ ਲੈਂਦਿਆਂ, ਉਸ ਨੂੰ ਬਹਾਲ ਕਰਨਾ ਪਿਆ। ਪਰ ਬਹਾਲੀ ਤੋਂ ਬਾਅਦ ਉਸਨੂੰ ਕਪੂਰਥਲਾ ਸਰਕਲ ਵਿੱਚ ਬੇਗੋਵਾਲ ਉੱਪ-ਮੰਡਲ ਵਿੱਚ ਲਾ ਦਿੱਤਾ ਗਿਆ। ਉੱਥੇ ਸਾਥੀ ਲੋਹੀਆਂ ਵੱਲੋਂ ਬਿਜਲੀ ਕਾਮਿਆਂ ਦੇ ਨਾਲੋ ਨਾਲ ਕਿਸਾਨਾਂ ਨੂੰ ਜਥੇਬੰਦ ਕਰਨ ਲਈ ਵੀ ਸਰਗਰਮੀਆਂ ਵਿੱਢੀਆਂ ਗਈਆਂ। ਉਹਨਾਂ ਵੱਲੋਂ ਕਿਸਾਨ ਆਗੂ ਮਾਸਟਰ ਇਕਬਾਲ ਸਿੰਘ ਅਤੇ ਮਾਨ ਸਿੰਘ ਨਾਲ ਮਿਲ ਕੇ ਕਿਸਾਨਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਨ 'ਤੇ ਜ਼ੋਰ ਲਾਇਆ ਗਿਆ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਨਕਲਾਬੀ ਪਰਚੇ ਸੁਰਖ਼ ਰੇਖਾ ਅਤੇ ਇਨਕਲਾਬੀ ਸਾਹਿਤ ਸਮੱਗਰੀ ਨੂੰ ਵੰਡਣ ਦੀਆਂ ਜੁੰਮੇਵਾਰੀਆਂ ਦਾ ਭਾਰ ਵੀ ਓਟਿਆ ਗਿਆ।
ਬੇਗੋਵਾਲ ਤੋਂ ਉਹਨਾਂ ਦੀ ਬਦਲੀ ਜਲੰਧਰ ਸਰਕਲ ਦੀ ਫਗਵਾੜਾ ਡਵੀਜ਼ਨ ਵਿੱਚ ਹੋ ਗਈ, ਜਿੱਥੇ ਉਹ ਆਪਣੀ ਰਿਟਾਇਮੈਂਟ ਤੱਕ ਰਹੇ। ਇੱਥੇ ਆ ਕੇ ਉਹਨਾਂ ਦੀਆਂ ਸਰਗਰਮੀਆਂ ਅਤੇ ਜਿੰਮੇਵਾਰੀਆਂ ਵਿੱਚ ਹੋਰ ਵਾਧਾ ਹੋ ਗਿਆ। ਜਿੱਥੇ ਉਹਨਾਂ ਵੱਲੋਂ ਸੂਬੇ ਦੀ ਬਿਜਲੀ ਕਾਮਾ ਲਹਿਰ ਨੂੰ ਇਨਕਲਾਬੀ ਵਿਚਾਰਾਂ ਦੀ ਪਾਣ ਚਾੜ੍ਹਨ ਅਤੇ ਇਨਕਲਾਬੀ ਰਾਹ 'ਤੇ ਪਾਉਣ ਲਈ ਘਾਲਣਾ ਘਾਲੀ ਗਈ, ਉੱਥੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਝੰਡੇ ਹੇਠ ਸੂਬੇ ਭਰ ਦੇ ਬਿਜਲੀ ਕਾਮਿਆਂ ਨੂੰ ਇੱਕਜੁੱਟ ਕਰਨ ਅਤੇ ਏਕੇ ਵਿੱਚ ਪਰੋਣ ਲਈ ਪੁਰਾ ਤਾਣ ਲਾਇਆ ਗਿਆ। ਇਸ ਤੋਂ ਪਹਿਲਾਂ ਵੀ ਜਦੋਂ 1975-76 ਵਿੱਚ ਐਮਰਜੈਂਸੀ ਦੌਰਾਨ ਕੇਵਲ ਸਿੰਘ ਧੜੇ ਵੱਲੋਂ ਟੀ.ਐਸ.ਯੂ. ਨੂੰ ਭੰਗ ਕਰਨ ਦਾ ਕਾਮਾ-ਦੋਖੀ ਫੈਸਲਾ ਲਿਆ ਗਿਆ ਸੀ ਤਾਂ ਸਾਥੀ ਲੋਹੀਆਂ ਵੱਲੋਂ ਅਮਰ ਲੰਬੀ, ਕਰੋੜਾ ਸਿੰਘ, ਰਘਵੀਰ ਸਿੰਘ ਆਦਿ ਹੋਰਾਂ ਨਾਲ ਮਿਲ ਕੇ ਟੀ.ਐਸ.ਯੂ. ਨੂੰ ਮੁੜ ਜਥੇਬੰਦ ਕਰਨ ਅਤੇ ਪੈਰਾਂ ਸਿਰ ਕਰਨ ਅਤੇ ਮਜਬੂਤ ਕਰਨ ਲਈ ਸਿਰਤੋੜ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਥੀ ਲੋਹੀਆਂ ਨੂੰ ਸਤੰਬਰ-ਅਕਤੂਬਰ 1980 ਵਿੱਚ ਹੋਏ ਟੀ.ਐਸ.ਯੂ. ਦੇ ਇਜਲਾਸ ਵਿੱਚ ਇਸਦਾ ਸੂਬਾਈ ਉੱਪ-ਪ੍ਰਧਾਨ ਚੁਣਿਆ ਗਿਆ। ਉਹ 1982 ਤੱਕ ਇਸ ਅਹੁਦੇ 'ਤੇ ਰਹਿੰਦਿਆਂ, ਆਪਣੇ ਫਰਜ਼ ਅਦਾ ਕਰਦੇ ਰਹੇ।
ਫਗਵਾੜਾ ਵਿਖੇ ਤਾਇਨਾਤ ਹੋਣ ਤੋਂ ਬਾਅਦ ਉਹਨਾਂ ਵੱਲੋਂ ਸਾਥੀ ਗੁਰਦਿਆਲ ਭੰਗਲ, ਨਿਰਮਲ ਸਿੰਘ ਅਤੇ ਹੋਰਨਾਂ ਸਰਗਰਮ ਸਾਥੀਆਂ ਨਾਲ ਰਲ਼ ਕੇ ਲੋਹੀਆਂ ਗਰੁੱਪ ਨੂੰ ਉਭਾਰਨ, ਉਸਾਰਨ ਅਤੇ ਮਜਬੂਤ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਗਈਆਂ। ਇਹਨਾਂ ਦੇ ਨਤੀਜੇ ਵਜੋਂ, ਲੋਹੀਆਂ ਗਰੁੱਪ ਬਿਜਲੀ ਕਾਮਿਆਂ ਵਿੱਚ ਕੰਮ ਕਰਦੀਆਂ ਸਭਨਾਂ ਇਨਕਲਾਬੀ ਧਿਰਾਂ/ਗਰੁੱਪਾਂ ਵਿੱਚੋਂ ਸਭ ਤੋਂ ਵੱਡੀ ਅਤੇ ਮਜਬੂਤ ਧਿਰ ਵਜੋਂ ਸਾਹਮਣੇ ਆਇਆ। ਇਸੇ ਸਮੇਂ ਦੌਰਾਨ ਲਗਾਤਾਰ ਪਿੱਠ ਦਰਦ ਦੀ ਬਿਮਾਰੀ ਨਾਲ ਪੀੜਤ ਰਹਿਣ ਕਰਕੇ ਉਹਨਾਂ ਨੂੰ ਲੋਹੀਆਂ ਗਰੁੱਪ ਦੇ ਮੋਹਰੀ ਆਗੂ ਵਜੋਂ ਆਪਣੀਆਂ ਸਰਗਰਮੀਆਂ ਨੂੰ ਸੀਮਤ ਕਰਨ ਲਈ ਮਜਬੂਰ ਹੋਣਾ ਪਿਆ। ਜਿਸ ਕਰਕੇ, ਸਾਥੀ ਗੁਰਦਿਆਲ ਭੰਗਲ ਨੂੰ ਉਹਨਾਂ ਦੀ ਥਾਂ ਲੋਹੀਆਂ ਗਰੁੱਪ ਦਾ ਕਨਵੀਨਰ ਬਣਾਇਆ ਗਿਆ। 1989 ਵਿੱਚ ਜਲੰਧਰ ਸਰਕਲ ਇਜਲਾਸ ਵੱਲੋਂ ਉਹਨਾਂ ਨੂੰ ਸਰਕਲ ਪ੍ਰਧਾਨ ਚੁਣਿਆ ਗਿਆ।
ਉਹਨਾਂ ਵੱਲੋਂ ਸਾਥੀ ਭੰਗਲ ਦੀ ਅਗਵਾਈ ਵਿੱਚ ਲੋਹੀਆਂ ਗਰੁੱਪ ਦੀ ਉਸਾਰੀ ਅਤੇ ਬਿਜਲੀ ਕਾਮਿਆਂ ਦੀ ਲਹਿਰ ਨੂੰ ਦਰੁਸਤ ਰੁਖ ਅੱਗੇ ਵਧਾਉਣ ਲਈ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਿਆ ਗਿਆ। 1994 ਵਿੱਚ ਲੋਹੀਆਂ ਗਰੁੱਪ ਦੀ ਬਿਜਲੀ ਕਾਮਿਆਂ ਵਿੱਚ ਕੰਮ ਕਰਦੇ ਇੱਕ ਹੋਰ ਗਰੁੱਪ ''ਲੰਬੀ ਗਰੁੱਪ'' ਨਾਲ ਏਕਤਾ ਹੋਣ ਦੇ ਸਿੱਟੇ ਵਜੋਂ ''ਇਨਕਲਾਬੀ ਜਮਹੂਰੀ ਫਰੰਟ'' ਹੋਂਦ ਵਿੱਚ ਆਇਆ, ਜਿਸਦਾ ਕਨਵੀਨਰ ਗੁਰਦਿਆਲ ਸਿੰਘ ਭੰਗਲ ਨੂੰ ਬਣਾਇਆ ਗਿਆ। ਉਹਨਾਂ ਵੱਲੋਂ ਆਪਣੀ ਰਿਟਾਇਰਮੈਂਟ ਤੱਕ ਇਸ ਗਰੁੱਪ ਦੀ ਸੂਬਾਈ ਟੀਮ ਦੇ ਇੱਕ ਅਹਿਮ ਅੰਗ ਵਜੋਂ ਆਪਣਾ ਰੋਲ ਨਿਭਾਇਆ ਜਾਂਦਾ ਰਿਹਾ।
ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਉਹਨਾਂ ਵੱਲੋਂ ਆਪਣੇ ਇਨਕਲਾਬੀ ਸਰੋਕਾਰਾਂ ਨੂੰ ਭਖਦਾ ਰੱਖਿਆ ਗਿਆ ਅਤੇ ਸਰਗਰਮੀ ਦਾ ਖੇਤਰ ਮੱਲੀਂ ਰੱਖਿਆ ਗਿਆ। ਉਹਨਾਂ ਵੱਲੋਂ ਆਪਣੀ ਸਰਗਰਮੀ ਦਾ ਮੁੱਖ ਖੇਤਰ ਰਿਟਾਇਰਮੈਂਟ ਹੋਏ ਬਿਜਲੀ ਕਾਮਿਆਂ ਨੂੰ ''ਪੈਨਸ਼ਨਰਜ਼ ਯੂਨੀਅਨ'' ਦੇ ਬੈਨਰ ਹੇਠ ਇੱਕਜੁੱਟ ਕਰਨ ਦੇ ਕਾਰਜ ਨੂੰ ਬਣਾਇਆ ਗਿਆ। ਇਸ ਅਰਸੇ ਦੌਰਾਨ ਉਹਨਾਂ ਨੂੰ ਆਪਣੇ ਨੌਜਵਾਨ ਪੁੱਤਰ ਰਾਕੇਸ਼ ਦੀ ਅਣਹੋਣੀ ਅਤੇ ਦੁਖਦਾਈ ਮੌਤ ਦੀ ਬੱਜਰ ਸੱਟ ਦਾ ਸਾਹਮਣਾ ਕਰਨਾ ਪਿਆ। ਇਸ ਅਸਹਿ ਸਦਮੇ ਦੀ ਹਾਲਤ ਵਿੱਚੋਂ ਆਪਣੇ ਆਪ ਨੂੰ ਸੰਭਾਲਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਭਾਲਣ ਦਾ ਹੌਸਲਾ ਅਤੇ ਜੇਰਾ ਇਕੱਠਾ ਕਰਦਿਆਂ, ਉਹਨਾਂ ਵੱਲੋਂ ਆਪਣੀਆਂ ਲੋਕ-ਹਿਤੈਸ਼ੀ ਸਰਗਰਮੀਆਂ ਦਾ ਤੋਰਾ ਤੋਰਿਆ ਗਿਆ ਸੀ ਅਤੇ
ਇਨਕਲਾਬੀ ਲਹਿਰ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਬਾਰੇ ਆਪਣੇ ਗੌਰ-ਫਿਕਰ ਨੂੰ ਆਪਣੇ ਇਨਕਲਾਬੀ ਸੁਨੇਹੀਆਂ-ਸਾਥੀਆਂ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ ਗਿਆ ਸੀ। ਪਰ ਉਹ ਇਨਕਲਾਬੀ ਸਮਾਜਿਕ ਤਬਦੀਲੀ ਲਈ ਆਪਣੇ ਅੰਦਰ ਮਚਲਦੀ ਤਾਂਘ, ਅਧੂਰੇ ਸੁਪਨੇ ਅਤੇ ਇਸ ਸਮਾਜਿਕ ਤਬਦੀਲੀ ਲਈ ਖੌਝਲ ਅਤੇ ਲੜ ਰਹੀ ਇਨਕਲਾਬੀ ਲਹਿਰ ਦੀਆਂ ਸਮੱਸਿਆਵਾਂ ਤੇ ਸਰੋਕਾਰਾਂ ਪ੍ਰਤੀ ਆਪਣੇ ਫਿਕਰਾਂ ਨੂੰ ਆਪਣੇ ਮਨ ਵਿੱਚ ਲੈ ਕੇ ਇਸ ਸੰਸਾਰ ਤੋਂ ਵਿਦਾਅ ਹੋ ਗਏ ਅਤੇ ਉਹਨਾਂ ਹਜ਼ਾਰਾਂ ਸ਼ਾਨਦਾਰ ਜ਼ਿੰਦਾਂ ਦੀ ਕਤਾਰ ਵਿੱਚ ਜਾ ਸ਼ਾਮਲ ਹੋਏ, ਜਿਹੜੀਆਂ ਇਸ ਗਲ਼ੇ-ਸੜੇ ਸਾਮਰਾਜੀ-ਜਾਗੀਰੂ ਪ੍ਰਬੰਧ ਨੂੰ ਜੜ੍ਹੋਂ ਪੁੱਟਣ ਲਈ ''ਜੂਝਣ ਕਾ ਚਾਓ'' ਲੈ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੀਆਂ ਅਤੇ ਜ਼ਿੰਦਗੀ ਭਰ ਜੂਝਦਿਆਂ, ਇਸ ਸੰਸਾਰ ਤੋਂ ਰੁਖਸਤ ਹੋ ਗਈਆਂ। ਸਾਥੀ ਲੋਹੀਆਂ ਮਹਿਜ ਇੱਕ ਇਨਕਲਾਬੀ ਜਮਹੂਰੀ ਘੁਲਾਟੀਏ ਹੀ ਨਹੀਂ ਸਨ, ਉਹ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਨੂੰ ਪ੍ਰਣਾਏ ਜੁਝਾਰ ਘੁਲਾਟੀਏ ਸਨ। ਇਹ ਉਹਨਾਂ ਅੰਦਰ ਹਾਕਮ ਜਮਾਤੀ ਲੁੱਟ ਅਤੇ ਦਾਬੇ ਵਿਰੁੱਧ ਲਟ ਲਟ ਬਲ਼ਦੀ ਨਫਰਤ ਅਤੇ ਮਜ਼ਦੂਰ ਜਮਾਤ ਦੀ ਇਨਕਲਾਬੀ ਵਿਚਾਰਧਾਰਾ ਹੀ ਸਨ, ਜਿਹੜੇ ਉਹਨਾਂ ਦੀ ਜ਼ਿੰਦਗੀ ਨੂੰ ਜੁਝਾਰਤਾ ਦੀ ਪਾਣ ਚਾੜ੍ਹਨ ਅਤੇ ਇਨਕਲਾਬੀ ਸੂਝ-ਬੂਝ ਨਾਲ ਲੈਸ ਕਰਨ ਦੇ ਸੋਮੇ ਬਣੇ ਸਨ।
ਆਓ, ਇਸ ਪਿਛਾਖੜੀ ਸਾਮਰਾਜੀ-ਜਾਗੀਰੂ ਪ੍ਰਬੰਧ ਨੂੰ ਜੜ੍ਹੋਂ ਉਖਾੜਨ ਲਈ ਆਪਣੇ ਅੰਦਰ ਬਲ਼ਦੀ ਤਾਂਘ ਅਤੇ ''ਜੂਝਣ ਕਾ ਚਾਓ'' ਦੀ ਭਾਵਨਾ ਨੂੰ ਲਟ ਲਟ ਬਾਲ਼ੀਏ, ਸਾਥੀ ਤਰਸੇਮ ਲੋਹੀਆਂ ਦੇ ਅਧੂਰੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਇਨਕਲਾਬੀ ਸਰਗਰਮੀ ਨੂੰ ਜਰਬਾਂ ਦੇਈਏ ਅਤੇ ਇਨਕਲਾਬੀ ਲਹਿਰ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਮੁਖਾਤਿਬ ਹੋਣ ਲਈ ਖੌਝਲੀਏ। ਇਹੀ ਤੇ ਸਿਰਫ ਇਹੀ ਇਨਕਲਾਬੀ ਕਰਮਸ਼ੀਲਤਾ ਹੈ, ਜਿਸ ਰਾਹੀਂ ਸਾਥੀ ਤਰਸੇਮ ਲੋਹੀਆਂ ਦੀ ਇਨਕਲਾਬੀ ਜੁਝਾਰ ਅਤੇ ਸ਼ਾਨਦਾਰ ਜ਼ਿੰਦਗੀ ਨੂੰ ਹਕੀਕੀ ਤੌਰ 'ਤੇ ਸਿਜਦਾ ਕੀਤਾ ਜਾ ਸਕਦਾ ਹੈ।

No comments:

Post a Comment