Thursday, 3 March 2016

ਸੀਰੀਆ ਸੰਕਟ ਦੇ ਹਲ ਲਈ ਸੁਰਖਿਆ ਕੌਂਸਲ ਦਾ ਮਤਾ

ਸੀਰੀਆ ਸੰਕਟ ਦੇ ਹਲ ਲਈ ਯੂ.ਐਨ. ਸੁਰਖਿਆ ਕੌਂਸਲ ਦਾ ਮਤਾ
ਅਮਰੀਕੀ ਸਾਮਰਾਜੀਆਂ ਦੇ ਨਰਮ ਰੁਖ ਦਾ ਪੈਂਤੜਾ
-ਨਵਜੋਤ
ਦਮਸਕਸ ਆਧਾਰਤ ਸੀਰੀਆਈ ਨੀਤੀ ਖੋਜ ਕੇਂਦਰ ਵੱਲੋਂ ਸੀਰੀਆ ਅੰਦਰ ਚੱਲ ਰਹੀ ਘਰੇਲੂ ਜੰਗ ਅਤੇ ਹਵਾਈ ਬੰਬਾਰੀ ਨਾਲ ਹੋਈ ਭਿਆਨਕ ਤਬਾਹੀ ਦਾ ਸੰਖੇਪ ਖੁਲਾਸਾ ਕੀਤਾ ਗਿਆ ਹੈ। ਆਮ ਕਰਕੇ ਹੁਣ ਇਸ ਜੰਗ ਅੰਦਰ ਦੋ ਤੋਂ ਢਾਈ ਲੱਖ ਤੱਕ ਮਨੁੱਖੀ ਜਾਨਾਂ ਜਾਣ ਦਾ ਅੰਦਾਜ਼ਾ ਸੀ, ਪਰ ਖੋਜ ਕੇਂਦਰ ਦਾ ਅੰਦਾਜ਼ਾ ਹੈ ਕਿ ਇਹ ਗਿਣਤੀ ਤਕਰੀਬਨ 4 ਲੱਖ 70 ਹਜ਼ਾਰ ਬਣਦੀ ਹੈ। ਜਖਮੀ ਹੋਏ ਵਿਅਕਤੀਆਂ ਦੀ ਗਿਣਤੀ 18 ਲੱਖ 80 ਹਜ਼ਾਰ ਬਣਦੀ ਹੈ। ਸੀਰੀਆ ਦੀ ਆਬਾਦੀ ਲੱਗਭੱਗ 2 ਕਰੋੜ 20 ਲੱਖ ਹੈ। ਐਨੀ ਆਬਾਦੀ 'ਚੋਂ ਐਡੀ ਵੱਡੀ ਗਿਣਤੀ ਵਿਅਕਤੀਆਂ ਦਾ ਸਾਮਰਾਜੀ ਧਾੜਵੀਆਂ ਵੱਲੋਂ ਠੋਸੀ ਨਿਹੱਕੀ ਜੰਗ ਦੀ ਭੇਟ ਚੜ੍ਹ ਜਾਣਾ ਅਤੇ ਜਖ਼ਮੀ ਹੋ ਜਾਣਾ, ਇੱਕ ਖੌਫ਼ਨਾਕ ਸਚਾਈ ਹੈ। ਜਾਨਾਂ ਦੇ ਨੁਕਸਾਨ ਨਾਲ ਆਰਥਿਕਤਾ ਨੂੰ ਵੱਡੀ ਢਾਹ ਲੱਗੀ ਹੈ। ਕੁੱਲ ਆਰਥਿਕ ਨੁਕਸਾਨ 245.7 ਬਿਲੀਅਨ ਡਾਲਰ ਤੱਕ ਜਾ ਪੁੱਜਿਆ ਹੈ। ਕੁੱਲ ਘਰੇਲੂ ਪੈਦਾਵਾਰ ਨੂੰ 164.3 ਬਿਲੀਅਨ ਡਾਲਰ ਦਾ ਖੋਰਾ ਲੱਗਿਆ ਹੈ ਅਤੇ 27 ਲੱਖ ਲੋਕਾਂ ਹੱਥੋਂ ਰੋਟੀ-ਰੋਟੀ ਖੁੱਸ ਗਈ ਹੈ। 2003 ਵਿੱਚ ਅਮਰੀਕਾ ਦੀ ਅਗਵਾਈ ਹੇਠਲੇ ਨਾਟੋ ਗੁੱਟ ਵੱਲੋਂ ਇਰਾਕ 'ਤੇ ਕੀਤੇ ਹੱਲੇ ਅਤੇ ਕਬਜ਼ੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਦਹਿ-ਲੱਖਾਂ ਵਿੱਚ ਹੈ। ਪਿੰਡਾਂ, ਸ਼ਹਿਰਾਂ ਅਤੇ ਕਾਰੋਬਾਰਾਂ ਦੀ ਤਬਾਹੀ ਵੱਖਰੀ ਹੈ। ਇਸ ਜੰਗ ਦੇ ਭੰਨੇ ਸੀਰੀਆ ਵਿੱਚ ਮੱਚੀ ਤਬਾਹੀ ਦੇ ਤਾਂਡਵ ਨਾਚ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉੱਥੋਂ ਦੀ ਅੱਧੀ ਆਬਾਦੀ ਬੇਰੁਜ਼ਗਾਰ ਬਣ ਕੇ ਰਹਿ ਗਈ ਹੈ। ਆਬਾਦੀ ਦਾ ਇੱਕ ਵੱਡਾ ਹਿੱਸਾ ਘਰੋਂ-ਬੇਘਰ ਹੋ ਗਿਆ ਹੈ। ਲੱਖਾਂ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਮੁਲਕ ਛੱਡ ਕੇ ਯੂਰਪੀਨ ਮੁਲਕਾਂ ਅੰਦਰ ਸ਼ਰਨ ਭਾਲਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਬਚੇ-ਖੁਚਿਆਂ ਲਈ ਤਬਾਹੀ ਦਾ ਸ਼ਿਕਾਰ ਹੋਏ ਸ਼ਹਿਰਾਂ-ਕਸਬਿਆਂ ਦੀਆਂ ਢੱਠੀਆਂ ਇਮਾਰਤਾਂ ਤੇ ਘਰਾਂ ਅੰਦਰ ਆਸਰਾ ਲੈਣ ਦੀ ਮਜਬੂਰੀ ਬਣੀ ਹੋਈ ਹੈ। ਅੱਸੀ ਫੀਸਦੀ ਜਨਤਾ ਗਰੀਬੀ ਦੀ ਜਿਲ੍ਹਣ ਵਿੱਚ ਫਸੀ ਹੋਈ ਹੈ। 69 ਫੀਸਦੀ ਜਨਤਾ ਸਿਰੇ ਦੀ ਗੁਰਬਤ ਅਤੇ ਤੀਜੇ ਹਿੱਸੇ ਤੋਂ ਵੱਧ ਜਨਤਾ ਨਾ-ਸਹਿਣਯੋਗ ਗੁਰਬਤ ਹੰਢਾ ਰਹੀ ਹੈ। ਲੋਕਾਂ ਦਾ ਜੀਵਨ ਅਰਸਾ 2010 ਵਿੱਚ ਔਸਤ 70 ਸਾਲ ਸੀ, ਜਿਹੜਾ 2015 ਵਿੱਚ ਘਟ ਕੇ ਔਸਤ 55 ਸਾਲ ਰਹਿ ਗਿਆ ਹੈ। ਸਕੂਲ ਜਾਣ ਯੋਗ 45 ਫੀਸਦੀ ਬੱਚੇ ਪੜ੍ਹਾਈ ਦੇ ਹੱਕ ਤੋਂ ਵਾਂਝੇ ਹੋ ਕੇ ਰਹਿ ਗਏ ਹਨ। ਇੱਕ ਪਾਸੇ ਘਰ-ਬਾਰਾਂ, ਕਮਾਈ ਦੇ ਵਸੀਲਿਆਂ ਅਤੇ ਕਾਰੋਬਾਰਾਂ ਦਾ ਉਜਾੜਾ ਅਤੇ ਦੂਜੇ ਪਾਸੇ ਛੜੱਪੇਮਾਰ ਮਹਿੰਗਾਈ ਹੰਢਾ ਰਹੇ ਲੱਖਾਂ ਲੋਕ ਦੋ ਵਕਤ ਦੀ ਰੋਟੀ ਲਈ ਯੂ.ਐਨ. ਦੀ ਲੰਗੇ-ਡੰਗ ਪਹੁੰਚਦੀ ਸਹਾਇਤਾ ਦੇ ਤਰਸ ਦੇ ਪਾਤਰ ਬਣ ਕੇ ਰਹਿ ਗਏ ਹਨ।
ਕੌਣ ਜਿੰਮੇਵਾਰ ਹੈ, ਸੀਰੀਆਈ ਲੋਕਾਂ ਨੂੰ ਇਸ ਭਿਆਨਕ ਤਬਾਹੀ, ਕਤਲੇਆਮ, ਉਜਾੜੇ ਅਤੇ ਭੁੱਖਮਰੀ ਦੇ ਜਬਾੜ੍ਹਿਆਂ ਵਿੱਚ ਧੱਕਣ ਅਤੇ ਵਿਦੇਸ਼ੀ ਧਰਤੀਆਂ 'ਤੇ ਰੁਲਣ ਦੀ ਹਾਲਤ ਵਿੱਚ ਸੁੱਟਣ ਲਈ? ਬਿਨਾ ਸ਼ੱਕ, ਇਹ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਸੰਗੀ-ਬਰਤਾਨਵੀ, ਫਰਾਂਸੀਸੀ ਅਤੇ ਜਰਮਨ ਵਗੈਰਾ ਸਾਮਰਾਜੀ ਧਾੜਵੀਆਂ ਵੱਲੋਂ ਸੀਰੀਆ ਦੇ ਰਾਸ਼ਟਰਪਤੀ ਬਸਰ-ਅਲ-ਅਸਦ ਦੀ ਹਕੂਮਤ ਨੂੰ ਉਲਟਾਉਣ ਦੇ ਕਾਲੇ ਮਨਸੂਬਿਆਂ ਦੀ ਪੂਰਤੀ ਲਈ ਮੁਲਕ 'ਤੇ ਮੜ੍ਹੀ ਨਿਹੱਕੀ ਘਰੇਲੂ ਜੰਗ ਹੈ। ਇਹਨਾਂ ਸਾਮਰਾਜੀ ਧਾੜਵੀਆਂ ਵੱਲੋਂ ਪਹਿਲਾਂ ਸੀਰੀਆ ਅੰਦਰ ਬਸਰ-ਅਲ-ਅਸਦ ਦੀਆਂ ਵਿਰੋਧੀ ਤਾਕਤਾਂ ਨੂੰ ਹਥਿਆਰਬੰਦ ਕਰਦਿਆਂ ਅਤੇ ਸਿੱਖਿਆ-ਸਿਖਲਾਈ ਦਿੰਦਿਆਂ, ਹਕੂਮਤ ਨੂੰ ਉਲਟਾਉਣ ਲਈ ਘਰੇਲੂ ਜੰਗ ਦੀ ਚੁਆਤੀ ਲਾਈ ਗਈ। ਉੱਤੋਂ ਰਾਸ਼ਟਰਪਤੀ ਬਸਰ-ਅਲ-ਅਸਦ ਹਕੂਮਤ ਵੱਲੋਂ ਕੀਤੀ ਜਾ ਰਹੀ ਹਵਾਈ ਬੰਬਾਰੀ ਨਾਲ ਹੋਣ ਵਾਲੇ ਲੋਕਾਂ ਦੇ ਜਾਨਮਾਲ ਦੀ ਰਾਖੀ ਦੇ ਬਹਾਨੇ ਹੇਠ ਨਾਟੋ ਗੁੱਟ ਵੱਲੋਂ ਹਵਾਈ ਬੰਬਾਰੀ ਵਿੱਢ ਦਿੱਤੀ ਗਈ। ਇਸ ਬੰਬਾਰੀ ਦੇ ਸਿੱਟੇ ਵਜੋਂ ਕਈ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਪੱਧਰ ਕਰ ਦਿੱਤਾ ਗਿਆ। ਨਿਹੱਥੇ ਬੱਚਿਆਂ, ਔਰਤਾਂ, ਮਰਦਾਂ ਦੀਆਂ ਲਾਸ਼ਾਂ ਦੇ ਢੇਰ ਵਿਛਾ ਦਿੱਤੇ ਗਏ। ਸਾਮਰਾਜੀ ਜੰਗੀ ਗਿਰਝਾਂ ਵੱਲੋਂ ਅਸਮਾਨ ਤੋਂ ਵਰ੍ਹਾਈ ਜਾ ਰਹੀ ਬਰੂਦ ਦੀ ਅੱਗ ਤੋਂ ਬਚਾਅ ਲਈ ਔਰਤਾਂ-ਮਰਦਾਂ ਦੇ ਕਾਫ਼ਲੇ ਆਪਣੇ ਬੱਚਿਆਂ ਨੂੰ ਕੁੱਛੜ ਚੁੱਕੀਂ ਵਿਦੇਸ਼ੀ ਧਰਤੀਆਂ ਵੱਲ ਭੱਜਣ ਲੱਗੇ।
ਇਸ ਘਮਸਾਣ ਅੰਦਰ ਇੱਕ ਪਾਸੇ- ਇਸਲਾਮਿਕ ਸਟੇਟ (ਆਈ.ਐਸ.) ਵੱਲੋਂ ਇਰਾਕ ਅੰਦਰ ਕਾਬਜ਼ ਨਾਟੋ ਫੌਜਾਂ ਅਤੇ ਉਹਨਾਂ ਦੀ ਕਠਪੁਤਲੀ ਹਕੂਮਤ ਖਿਲਾਫ ਮੋੜਵਾਂ ਹੱਲਾ ਬੋਲਦਿਆਂ, ਇਰਾਕ ਦੇ ਕਾਫੀ ਹਿੱਸੇ 'ਤੇ ਕਬਜ਼ਾ ਕਰ ਲਿਆ ਗਿਆ ਅਤੇ ਸੀਰੀਆ ਅੰਦਰ ਧੁੱਸ ਦਿੰਦਿਆਂ, ਹਕੂਮਤੀ ਫੌਜਾਂ ਅਤੇ ਹਕੂਮਤ ਖਿਲਾਫ ਲੜ ਰਹੀਆਂ ਅਖੌਤੀ ਬਾਗੀ ਧਿਰਾਂ ਨੂੰ ਪਛਾੜਦਿਆਂ, ਸੀਰੀਆ ਦੇ ਇੱਕ ਹਿੱਸੇ 'ਤੇ ਆਪਣੀ ਹਕੂਮਤ ਹੋਣ ਦਾ ਐਲਾਨ ਕਰ ਦਿੱਤਾ ਗਿਆ; ਦੂਜੇ ਪਾਸੇ- ਅਮਰੀਕੀ ਸਾਮਰਾਜੀ ਧੜੇ ਦੀ ਮਾਰ ਹੇਠ ਆਏ ਰੂਸੀ ਹਿੱਤਾਂ ਦੇ ਬਚਾਓ ਲਈ ਰੂਸੀ ਸਾਮਰਾਜੀਆਂ ਵੱਲੋਂ ਸੀਰੀਆਈ ਹਕੂਮਤ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਕਰ ਦਿੱਤਾ ਗਿਆ। ਨਾ ਸਿਰਫ ਬਸਰ-ਅਲ-ਅਸਦ ਹਕੂਮਤ ਨੂੰ ਗੋਲੀ-ਸਿੱਕਾ ਅਤੇ ਹੋਰ ਜੰਗੀ ਸਾਜੋ-ਸਮਾਨ ਮੁਹੱਈਆ ਕਰਨਾ ਜਾਰੀ ਰੱਖਿਆ ਗਿਆ, ਸਗੋਂ ਆਈ.ਐਸ. ਅਤੇ ਅਮਰੀਕੀ ਸਰਪ੍ਰਸਤੀ ਹੇਠਲੀਆਂ ਧਿਰਾਂ ਨੂੰ ਮਾਰ ਹੇਠ ਲਿਆਉਣ ਲਈ ਤਾਬੜਤੋੜ ਹਵਾਈ ਬੰਬਾਰੀ ਦਾ ਅਮਲ ਵਿੱਢ ਦਿੱਤਾ ਗਿਆ। ਸੀਰੀਆ ਅੰਦਰ ਰੂਸ ਵੱਲੋਂ ਕੀਤੀ ਇਸ ਸਿੱਧ-ਮ-ਸਿੱਧੀ ਫੌਜੀ ਦਖਲਅੰਦਾਜ਼ੀ ਦੇ ਸਿੱਟੇ ਵਜੋਂ ਜਿੱਥੇ ਅਸਦ ਹਕੂਮਤ ਦੇ ਪੈਰਾਂ ਹੇਠੋਂ ਲਗਾਤਾਰ ਜ਼ਮੀਨ ਖਿਸਕਣ ਦੇ ਅਮਲ ਨੂੰ ਮੋੜਾ ਪਿਆ, ਉੱਥੇ ਅਮਰੀਕਾ ਅਤੇ ਉਸਦੇ ਸੰਗੀ ਸਾਮਰਾਜੀਆਂ ਦੀ ਹਮਾਇਤ ਪ੍ਰਾਪਤ ਧਿਰਾਂ ਨੂੰ ਪਛਾੜ ਲੱਗਣ ਅਤੇ ਢਹਿੰਦੀਆਂ ਕਲਾਂ ਵੱਲ ਜਾਣ ਦਾ ਅਮਲ ਸ਼ੁਰੂ ਹੋਇਆ।
ਇੱਕ ਪਾਸੇ— ਅਰਬ ਮੁਲਕਾਂ, ਖਾਸ ਕਰਕੇ ਇਰਾਕ ਅਤੇ ਸੀਰੀਆ ਅੰਦਰ ਆਈ.ਐਸ. ਦੇ ਜਿੰਨ ਦੇ ਪੈਰ ਜਮਾਉਣ ਅਤੇ ਇਸਲਾਮਿਕ ਸਟੇਟ ਦੀ ਸਥਾਪਤੀ ਦਾ ਐਲਾਨ ਕਰਨ, ਅਤੇ ਦੂਜੇ ਪਾਸੇ— ਹਕੂਮਤ ਬਦਲੀ ਲਈ ਸੀਰੀਆ ਵਿੱਚ ਸ਼ਿੰਗਾਰੀਆਂ ਹਕੂਮਤ ਵਿਰੋਧੀ ਅਖੌਤੀ ਬਾਗੀ ਤਾਕਤਾਂ ਨੂੰ ਪੈ ਰਹੀ ਪਛਾੜ ਦੀ ਹਾਲਤ ਵਿੱਚ ਅਮਰੀਕੀ ਸਾਮਰਾਜੀਆਂ ਵੱਲੋਂ ਸੀਰੀਆਈ ਸੰਕਟ ਪ੍ਰਤੀ ਬਦਲਵਾਂ ਪੈਂਤੜਾ ਅਖਤਿਆਰ ਕਰਨ ਦੀ ਕਵਾਇਦ ਆਰੰਭੀ ਗਈ। ਅਮਰੀਕੀ ਰਾਸ਼ਟਰਪਤੀ ਓਬਾਮਾ ਵੱਲੋਂ ਰੂਸੀ ਰਾਸ਼ਟਰਪਤੀ ਪੂਤਿਨ ਵੱਲ ਸੁਲਾਹ-ਸਫਾਈ ਦਾ ਹੱਥ ਵਾਧਾਇਆ ਗਿਆ। ਰੂਸੀ ਸਾਮਰਾਜੀਆਂ ਦਾ ਸ਼ੁਰੂ ਤੋਂ ਹੀ ਇਹ ਮੱਤ ਸੀ ਕਿ ਸੀਰੀਆ ਅੰਦਰ ਰਾਸ਼ਟਰਪਤੀ ਬਸਰ-ਅਲ-ਅਸਦ ਦਾ ਭਵਿੱਖ ਤਹਿ ਕਰਨ ਦਾ ਹੱਕ ਸਿਰਫ ਸੀਰੀਆ ਦੇ ਲੋਕਾਂ ਨੂੰ ਹੈ। ਬਾਹਰਲੀਆਂ ਤਾਕਤਾਂ ਨੂੰ ਸੀਰੀਆ ਦੇ ਲੋਕਾਂ ਦੀ ਹੋਣੀ ਤਹਿ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਤਰਕ ਰੂਸੀ ਸਾਮਰਾਜੀ ਹਿੱਤਾਂ ਨੂੰ ਰਾਸ ਬੈਠਦਾ ਹੈ। ਪਹਿਲਾਂ ਨਾਲੋਂ ਮੁਕਾਬਲਤਨ ਗੈਰ-ਲਾਹੇਵੰਦੀ ਸਥਿਤੀ ਵਿੱਚ ਪਹੁੰਚੇ ਅਮਰੀਕੀ ਸਾਮਰਾਜੀਆਂ ਨੂੰ ਇੱਕ ਵਾਰ ਪਿਛਲ ਮੋੜ ਕਦਮ ਲੈਣ ਦਾ ਪੈਂਤੜਾ ਅਖਤਿਆਰ ਕਰਨਾ ਪਿਆ ਅਤੇ ਬਸਰ-ਅਲ-ਅਸਦ ਨੂੰ ਹਰ ਹਾਲਤ ਵਿੱਚ ਚੱਲਦਾ ਕਰਨ ਦੀ ਪੂਰਵ-ਸ਼ਰਤ ਦੀ ਅੜੀ ਛੱਡਣ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਹੋਣਾ ਪਿਆ ਹੈ। ਯੂਨਾਈਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਵਿੱਚ ਸੀਰੀਆ ਦੀ ਹਾਲਤ ਸਬੰਧੀ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿੱਚ ਇਸ ਮਾਮਲੇ ਨੂੰ ਹੱਲ ਕਰਨ ਲਈ ਖਾਕਾ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਬਸਰ-ਅਲ-ਅਸਦ ਨੂੰ ਹਰ ਹਾਲਤ ਵਿੱਚ ਹਟਾਉਣ ਦੀ ਪੂਰਵ-ਸ਼ਰਤ ਵਰਗੀ ਕਿਸੇ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਇਸ ਅਨੁਸਾਰ ਯੂ.ਐਨ. ਨਿਗਰਾਨੀ ਹੇਠ ਚੋਣਾਂ ਕਰਵਾਈਆਂ ਜਾਣਗੀਆਂ, ਜਿਹਨਾਂ ਰਾਹੀਂ ਸੀਰੀਆ ਦੀ ਜਨਤਾ ਨੂੰ ਰਾਸ਼ਟਰਪਤੀ ਅਸਦ ਦੇ ਭਵਿੱਖ ਅਤੇ ਮੁਲਕ ਦੀ ਹਕੂਮਤ ਬਾਰੇ ਫੈਸਲਾ ਕਰਨ ਦੇ ਹੱਕ ਦੀ ਵਰਤੋਂ ਕਰਨ ਦਾ ਮੌਕਾ ਹਾਸਲ ਹੋਵੇਗਾ। ਇਸ ਮਤੇ ਨੂੰ ਪਾਸ ਕਰਨ ਤੋਂ ਬਾਅਦ ਨਿਊਯਾਰਕ ਵਿਖੇ ਰੂਸੀ ਵਿਦੇਸ਼ ਮੰਤਰੀ ਸਰਗਈ ਲੈਵਰੋਵ ਅਤੇ ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਵੱਲੋਂ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਜੌਹਨ ਕੈਰੀ ਵੱਲੋਂ ਕਿਹਾ ਗਿਆ ਕਿ ''ਯੂਨਾਈਟਿਡ ਸਟੇਟਸ ਅਤੇ ਸਾਡੇ ਸੰਗੀਆਂ ਵੱਲੋਂ ਸੀਰੀਆ ਵਿੱਚ ਹਕੂਮਤ ਬਦਲੀ ਦੀ ਮੰਗ ਨਹੀਂ ਕੀਤੀ ਜਾ ਰਹੀ।'' ਇਉਂ, ਉਹਨਾਂ ਵੱਲੋਂ ਪਹਿਲਾਂ ਧਾਰਨ ਕੀਤੇ ਸਖਤ ਰੁਖ ਨੂੰ ਨਰਮ ਕਰ ਲਿਆ ਗਿਆ ਹੈ। ਹੁਣ ਅਮਰੀਕਾ ਚਾਹੁੰਦਾ ਹੈ ਕਿ ਸੀਰੀਆ ਵਿੱਚ ਇੱਕ ਸੰਗਰਾਂਦੀ ਹਕੂਮਤ ਬਣਾਈ ਜਾਵੇ, ਜਿਹਦੇ ਵਿੱਚ ਵਿਰੋਧੀ ਧਿਰ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣ।
ਇਉਂ, ਸੀਰੀਆ ਦੇ ਮਾਮਲੇ ਵਿੱਚ ਚਾਹੇ ਇੱਕ ਵਾਰੀ ਰੂਸ ਦਾ ਹੱਥ ਉੱਪਰ ਦੀ ਹੋ ਗਿਆ ਹੈ, ਪਰ ਅਮਰੀਕਾ ਅਤੇ ਉਸਦੇ ਸੰਗੀਆਂ ਵੱਲੋਂ ਆਪਣੀ ਪੁਜੀਸ਼ਨ ਦੇ ਮੁੜ-ਸੰਭਾਲੇ ਲਈ ਹੱਥ ਪੱਲਾ ਮਾਰਿਆ ਜਾ ਰਿਹਾ ਹੈ। ਅਮਰੀਕੀ ਹਮਾਇਤ ਪ੍ਰਾਪਤ ਤੁਰਕੀ, ਸਾਊਦੀ ਅਰਬ ਅਤੇ ਕਤਰ ਹਕੂਮਤ ਦਾ ਥਾਪੜਾ ਹਾਸਲ ਆਈ.ਐਸ., ਅਲ-ਨੁਸਰਾ ਅਤੇ ਅਰਹਾਰ-ਅਲ-ਸ਼ਾਮ ਵਰਗੇ ਜਹਾਦੀ ਗਰੁੱਪਾਂ ਵੱਲੋਂ ਬਸਰ-ਅਲ-ਅਸਦ ਹਕੂਮਤ ਨੂੰ ਦਿੱਤੀ ਜਾ ਰਹੀ ਚੁਣੌਤੀ ਦੀ ਹਾਲਤ ਦਾ ਲਾਹਾ ਲੈਣ ਦੀ ਝਾਕ ਵਿੱਚ ਅਮਰੀਕੀ ਰਾਸ਼ਟਰਪਤੀ ਵੱਲੋਂ ਮੁੜ ਇਹ ਰਾਗ ਅਲਾਪਿਆ ਜਾ ਰਿਹਾ ਹੈ ਕਿ ਸੰਗਰਾਂਦੀ ਹਕੂਮਤ ਬਣਨ ਤੋਂ ਪਹਿਲਾਂ ਅਸਦ ਦਾ ਪੱਤਾ ਸਾਫ ਹੋਣਾ ਚਾਹੀਦਾ ਹੈ।  ਕੁਝ ਵੀ ਹੋਵੇ ਸੀਰੀਆ ਅਤੇ ਇਸ ਖਿੱਤੇ ਵਿੱਚ ਬਣੀ ਹਾਲਤ ਵਿੱਚ ਅਮਰੀਕੀ ਸਾਮਰਾਜੀਆਂ ਵੱਲੋਂ ਆਪਣੇ ਉੱਖੜ ਰਹੇ ਕਦਮਾਂ ਨੂੰ ਠੁੰਮਣਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਫਲ ਪੈਣ ਦੀਆਂ ਗੁੰਜਾਇਸ਼ਾਂ ਇੱਕ ਵਾਰ ਤਾਂ ਮੱਧਮ ਪੈ ਗਈਆਂ ਹਨ।

No comments:

Post a Comment