Thursday, 3 March 2016

8 ਮਾਰਚ ਕੌਮਾਂਤਰੀ ਔਰਤ ਦਿਹਾੜਾ

8 ਮਾਰਚ ਕੌਮਾਂਤਰੀ ਔਰਤ ਦਿਹਾੜਾ
ਆਜ਼ਾਦੀ, ਬਰਾਬਰਤਾ ਤੇ ਜਮਹੂਰੀ ਪੁੱਗਤ ਵਾਸਤੇ
ਜਦੋਜਹਿਦ ਦਾ ਅਹਿਦ ਕਰਨ ਦਾ ਦਿਨ ਹੈ
—ਪਵਨ
8 ਮਾਰਚ ਨੂੰ ਹਰ ਵਰ੍ਹੇ ਔਰਤ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਔਰਤਾਂ ਸਮਾਜ ਦਾ ਅਧ ਬਣਦੀਆਂ ਹਨ। ਕਿਸੇ ਸਮਾਜ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ, ਕਿ ਉਸ ਸਮਾਜ ਅੰਦਰ ਔਰਤਾਂ ਦੀ ਹਾਲਤ ਕਿਹੋ ਜਿਹੀ ਹੈ? ਉਹਨਾਂ ਦੀ ਸਮਾਜ ਦੀ ਆਰਥਿਕ, ਸਿਆਸੀ ਅਤੇ ਸਭਿਆਚਾਰਕ ਜ਼ਿੰਦਗੀ ਅੰਦਰ ਸਥਾਨ ਅਤੇ ਹੈਸੀਅਤ ਕਿਹੋ ਜਿਹੀ ਹੈ?
ਅਸੀਂ, ਜਦੋਂ ਸਾਡੇ ਸਮਾਜ ਵਿੱਚ ਆਮ ਔਰਤਾਂ ਦੀ ਹਾਲਤ 'ਤੇ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਵੱਧ ਮਾਰ ਉਹਨਾਂ ਤਬਕਿਆਂ ਦੀਆਂ ਉਹ ਔਰਤਾਂ ਝੱਲ ਰਹੀਆਂ ਹਨ, ਜਿਹਨਾਂ ਕੋਲ  ਕੋਈ ਜ਼ਮੀਨ-ਜਾਇਦਾਦ ਅਤੇ ਆਪਣੀ ਰੋਜ਼ੀ-ਰੋਟੀ ਦੇ ਕੋਈ ਸਾਧਨ ਨਹੀਂ ਹਨ। ਇਹਨਾਂ ਨੂੰ ਜਿੱਥੇ ਕਿਤੇ ਵੀ ਟਿਕਾਣਾ ਮਿਲੇ, ਕੁੱਲੀਆਂ-ਢਾਰਿਆਂ ਵਿੱਚ ਦਿਨ-ਕਟੀ ਕਰਦੀਆਂ ਹਨ। ਇਹਨਾਂ ਨੂੰ ਬਣਦੀਆਂ ਤਨਖਾਹਾਂ, ਦਿਹਾੜੀਆਂ ਜਾਂ ਨਕਦ ਅਦਾਇਗੀਆਂ ਦੇ ਰੂਪ ਵਿੱਚ ਨਾ-ਮਾਤਰ ਹਿੱਸਾ ਹੀ ਨਸੀਬ ਹੁੰਦਾ ਹੈ, ਇਹਨਾਂ ਦੀ ਜ਼ਿਆਦਾਤਰ ਜ਼ਿੰਦਗੀ ਕਿਸੇ ਨਾ ਕਿਸੇ ਤਰ੍ਹਾਂ ਦੀ ਵਗਾਰ ਕਰਦੀਆਂ ਦੀ ਬੀਤਦੀ ਹੈ। ਇਹਨਾਂ ਨੂੰ ਸਮਾਜ ਵਿੱਚ ਬਣਦਾ ਮਾਣ-ਤਾਣ ਤਾਂ ਕੀ ਮਿਲਣਾ ਹੋਇਆ, ਇਹਨਾਂ ਨੂੰ ਥਾਂ ਥਾਂ 'ਤੇ ਰੁਜ਼ਗਾਰ ਦੀ ਖਾਤਰ ਧੱਕੇ ਖਾਣੇ ਪੈਂਦੇ ਹਨ। ਇਹਨਾਂ ਵਿੱਚੋਂ ਅਨੇਕਾਂ ਅਜਿਹੀਆਂ ਹੁੰਦੀਆਂ ਹਨ, ਜਿਹਨਾਂ ਨੂੰ ਰੂੜੀਆਂ ਦੇ ਢੇਰਾਂ ਤੋਂ ਕਚਰਾ ਇਕੱਠਾ ਕਰਕੇ ਜ਼ਿੰਦਗੀ ਦਾ ਤੋਰਾ ਤੋਰਨਾ ਪੈਂਦਾ ਹੈ। ਇਹਨਾਂ ਨੂੰ ਖਾਣ-ਪੀਣ, ਰਹਿਣ-ਸਹਿਣ ਦੀ ਥੁੜ੍ਹ ਦਾ ਸ਼ਿਕਾਰ ਹੀ ਨਹੀਂ ਹੋਣਾ ਪੈਂਦਾ ਬਲਕਿ ਇਹਨਾਂ ਦੇ ਬੱਚਿਆਂ ਨੂੰ ਵੀ ਕੂੜੇ ਦੇ ਢੇਰਾਂ ਵਿੱਚੋਂ ਰੋਟੀ ਦੀ ਤਲਾਸ਼ ਕਰਨੀ ਪੈਂਦੀ ਹੈ। ਫੈਕਟਰੀਆਂ ਵਿੱਚ ਇਹਨਾਂ ਨੂੰ ਮਰਦਾਂ ਦੇ ਮੁਕਾਬਲੇ ਨਿਗੂਣੀ ਤਨਖਾਹ ਹਾਸਲ ਹੁੰਦੀ ਹੈ ਅਤੇ ਠੇਕੇਦਾਰੀ ਪ੍ਰਬੰਧ ਤਹਿਤ ਪ੍ਰਤੀ-ਪੀਸ ਦੇ ਹਿਸਾਬ ਨਾਲ ਇਹਨਾਂ ਦੀ ਮਿਹਨਤ ਦੀ ਅੰਨ੍ਹੀਂ ਲੁੱਟ ਕੀਤੀ ਜਾਂਦੀ ਹੈ। ਕੁੱਝ ਵੀ ਨਾ ਮਿਲਣ ਨਾਲੋਂ ਕੁੱਝ ਨਾ ਕੁੱਝ ਹਾਸਲ ਕਰਨ ਲਈ ਇਹ ਦਿਨ-ਰਾਤ ਇੱਕ ਕਰਦੀਆਂ ਹਨ ਅਤੇ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਵੀ ਬਾਲ-ਮਜ਼ਦੂਰੀ ਵਿੱਚ ਝੋਕਣਾ ਪੈਂਦਾ ਹੈ।
ਖੇਤ ਮਜ਼ਦੂਰਾਂ ਪਰਿਵਾਰਾਂ ਦੀਆਂ ਔਰਤਾਂ ਦੀ ਹਾਲਤ ਲੱਗਭੱਗ ਇਹਨਾਂ ਵਰਗੀ ਹੀ ਹੁੰਦੀ ਹੈ, ਇਹਨਾਂ ਨਾਲੋਂ ਫਰਕ ਹੈ ਤਾਂ ਐਨਾ ਕੁ ਕਿ ਇਹਨਾਂ ਕੋਲ ਰਹਿਣ ਲਈ ਕਿਤੇ ਆਪਣੀ ਥਾਂ ਹੋ ਸਕਦੀ ਹੈ ਜਾਂ ਖੇਤੀ ਆਮਦਨ ਤੋਂ ਇਲਾਵਾ ਕੋਈ ਨਾ ਕੋਈ ਡੰਗਰ-ਪਸ਼ੂ ਪਾਲ ਕੇ, ਖੇਤਾਂ ਵਿੱਚ ਕੰਮ ਕਰਕੇ ਜਾਂ ਕਿਸੇ ਦੇ ਘਰ ਵਿੱਚ ਗੋਹਾ-ਕੂੜਾ, ਸਫਾਈ, ਕੱਪੜੇ ਧੋਣ ਆਦਿ ਦਾ ਆਹਰ ਮਿਲਿਆ ਹੋ ਸਕਦਾ ਹੈ। ਕਿਉਂਕਿ ਇਹਨਾਂ ਕੋਲ ਬੱਝਵੀਂ ਆਮਦਨ ਦਾ ਕੋਈ ਵਸੀਲਾ ਨਹੀਂ ਹੁੰਦਾ ਇਸ ਕਰਕੇ ਇਹਨਾਂ ਦੀ ਜ਼ਿੰਦਗੀ ਗਰੀਬੀ, ਕਰਜ਼ਿਆਂ, ਥੁੜ੍ਹਾਂ ਵਿੱਚ ਹੀ ਬੀਤਦੀ ਹੈ। ਇਹਨਾਂ ਨੂੰ ਵੀ ਚੱਜ ਨਾਲ ਖਾਣ-ਪੀਣ, ਪਹਿਨਣ-ਪਚਰਨ ਆਦਿ ਨਸੀਬ ਨਹੀਂ ਹੁੰਦਾ। ਸਿੱਟੇ ਵਜੋਂ ਭੁੱਖਾਂ-ਦੁੱਖਾਂ ਅਤੇ ਬਿਮਾਰੀਆਂ-ਲਾਚਾਰੀਆਂ ਵਿੱਚ ਜ਼ਿੰਦਗੀ ਦੇ ਚਾਅ ਰੁਲ ਕੇ ਰਹਿ ਜਾਂਦੇ ਹਨ। ਅਨਪੜ੍ਹਤਾ-ਅੰਧਵਿਸ਼ਵਾਸ਼ੀ, ਧਰਮਾਂ-ਕਰਮਾਂ ਨੇ ਇਹਨਾਂ ਨੂੰ ਘੇਰਿਆ ਹੁੰਦਾ ਹੈ। ਇਹ ਸਖਤ-ਜਾਨ ਕੰਮ ਕਰਨ ਦੇ ਬਾਵਜੂਦ ਅਣਗੌਲੀ ਜ਼ਿੰਦਗੀ ਬਸਰ ਕਰਦੀਆਂ ਹਨ।
ਥੁੜ੍ਹ-ਜ਼ਮੀਨੇ ਅਤੇ ਗਰੀਬ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਦੀ ਹਾਲਤ ਇਹ ਹੈ ਕਿ ਇਹ ਜ਼ਮੀਨ ਦੀ ਤੋਟ ਦੇ ਰਹਿੰਦਿਆਂ ਮਰਦਾਂ ਦੇ ਮੋਢੇ ਸੰਗ ਮੋਢਾ ਡਾਹ ਕੇ ਸਖਤ ਮਿਹਨਤ ਕਰਦੀਆਂ ਹਨ। ਘਰੇਲੂ ਕੰਮਾਂ ਤੋਂ ਇਲਾਵਾ ਇਹ ਘਰਾਂ ਵਿੱਚ ਡੰਗਰ-ਪਸ਼ੂਆਂ ਦੀ ਸੰਭਾਲ ਅਤੇ ਖੇਤਾਂ ਵਿੱਚ ਕੰਮ ਕਰਦੀਆਂ ਹਨ। ਪਰ ਲਾਗਤਾਂ ਦੇ ਵਧਦੇ ਖਰਚੇ ਅਤੇ ਜ਼ਮੀਨ ਦਾ ਠੇਕਾ ਆਦਿ ਨਾ ਮੋੜੇ ਜਾਣ ਕਰਕੇ ਕਰਜ਼ਿਆਂ ਦਾ ਭਾਰ ਜਿੱਥੇ ਕਿਸਾਨਾਂ ਨੂੰ ਪਿੰਜਦਾ ਹੈ, ਉੱਥੇ ਮਹਿੰਗਾਈ ਦੀ ਮਾਰ ਅਤੇ ਕਿਸਾਨਾਂ ਦੀ ਨਿਰਾਸ਼ਤਾ ਦੀ ਹਾਲਤ ਵਿੱਚੋਂ ਇਹਨਾਂ ਔਰਤਾਂ ਨੂੰ ਕਾਫੀ ਮਾਨਸਿਕ ਸੰਤਾਪ ਦੀ ਹਾਲਤ ਵਿੱਚੋਂ ਨਿਕਲਣਾ ਪੈਂਦਾ ਹੈ। ਕਰਜ਼ੇ ਨਾ ਮੋੜੇ ਜਾ ਸਕਣ 'ਤੇ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਜਾਂਦੇ ਹਨ, ਉਹਨਾਂ ਦੀ ਗੈਰ-ਹਾਜ਼ਰੀ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖ-ਭਾਲ ਦਾ ਜੁੰਮਾ ਵੀ ਇਹੋ ਚੁੱਕਦੀਆਂ ਹਨ, ਆਪਣਿਆਂ ਦੇ ਵਿਛੋੜਿਆਂ ਦੇ ਸੱਲਾਂ ਦੇ ਨਸੂਰ ਨੂੰ ਜ਼ਿੰਦਗੀ ਭਰ ਹੰਢਾਉਂਦੀਆਂ ਹਨ। ਲੋਟੂ ਹਕੂਮਤਾਂ ਵੱਲੋਂ ਖੁਦਕੁਸ਼ੀ ਕਰ ਜਾਣ ਵਾਲੇ ਕਿਸਾਨਾਂ ਦੀਆਂ  ਔਰਤਾਂ ਨੂੰ ਢੁਕਵਾਂ ਮੁਆਵਜਾ ਨਾ ਦਿੱਤੇ ਜਾਣ ਕਰਕੇ ਇਹਨਾਂ ਦੀ ਜ਼ਿੰਦਗੀ ਹੋਰ ਵੀ ਦੁੱਭਰ ਬਣ ਕੇ ਰਹਿ ਜਾਂਦੀ ਹੈ।
ਇਸ ਤਰ੍ਹਾਂ ਜੇ ਸਭਨਾਂ ਕਿਰਤੀ-ਕਮਾਊ ਜਮਾਤਾਂ/ਤਬਕਿਆਂ ਨਾਲ ਸਬੰਧਤ ਔਰਤਾਂ ਦੀ ਹਾਲਤ 'ਤੇ ਝਾਤ ਮਾਰੀ ਜਾਵੇ ਤਾਂ ਜਿੱਥੇ ਉਹ ਮਰਦਾਂ ਵਾਂਗ ਹਾਕਮ ਜਮਾਤੀ ਲੁੱਟ ਤੇ ਦਾਬੇ ਦੇ ਬੋਝ ਥੱਲੇ ਦੱਬੀਆਂ ਹੋਈਆਂ ਹਨ, ਉੱਥੇ ਮਰਦਾਂ ਨਾਲੋਂ ਵਧ ਕੇ ਪਿਤਾ-ਪੁਰਖੀ ਜੂਲੇ ਦਾ ਭਾਰ ਵੀ ਚੁੱਕਣਾ ਪੈਂਦਾ ਹੈ। ਇਸ ਜੂਲੇ ਕਾਰਨ ਹਰ ਖੇਤਰ ਵਿੱਚ ਹੀ ਔਰਤਾਂ ਨੂੰ ਮਰਦਾਂ ਨਾਲੋਂ ਸਭਨਾਂ ਹੀ ਪਾਸਿਆਂ ਤੋਂ ਕਿਤੇ ਵਧੇਰੇ ਮਾਰ ਪੈਂਦੀ ਹੈ। ਪਿਤਾ-ਪੁਰਖੀ ਦਾਬੇ ਤਹਿਤ ਅੱਜ ਭਾਰਤ ਵਿੱਚ ਔਰਤ ਇੱਕ ਤਰ੍ਹਾਂ ਨਾਲ ਗੁਲਾਮਾਂ ਦੀ ਗੁਲਾਮ ਬਣੀ ਹੋਈ ਹੈ। ਜਾਗੀਰੂ ਜੂਲੇ ਤਹਿਤ ਹਾਕਮ ਜਮਾਤਾਂ ਵੱਲੋਂ ਇਹ ਗੱਲ ਜ਼ੋਰ-ਸ਼ੋਰ ਨਾਲ ਉਭਾਰੀ ਜਾਂਦੀ ਹੈ ਕਿ ''ਪਸ਼ੂ, ਢੋਰ, ਸ਼ੂਦਰ ਔਰ ਨਾਰੀ, ਯੇਹ ਚਾਰੋਂ ਤਾੜਨ ਕੇ ਅਧਿਕਾਰੀ''  ਭਾਵ ਇਹ ਕਿ ਔਰਤਾਂ ਨੂੰ ਵੀ ਜੇਕਰ ਪਸ਼ੂਆਂ, ਗੁਲਾਮਾਂ ਅਤੇ ਸ਼ੂਦਰਾਂ ਵਾਂਗ ਜੁੱਤੀ ਹੇਠ ਰੱਖਿਆ ਜਾਵੇ ਤਾਂ ਹੀ ਇਹਨਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਮਰਦਾਵੇਂ ਦਾਬੇ ਤਹਿਤ ਔਰਤ ਦੀ ਹਸਤੀ ਕਿਸੇ ਵੀ ਤਰ੍ਹਾਂ ਮਰਦ ਦੇ ਬਰਾਬਰ ਨਹੀਂ ਮੰਨੀ ਜਾਂਦੀ। ਭਾਵੇਂ ਕਿ ਜ਼ਾਹਰਾ ਸਚਾਈ ਇਹ ਹੈ ਕਿ ਜੇਕਰ ਕਿਸੇ ਇੱਕ ਖੇਤਰ ਵਿੱਚ ਮਰਦ ਅੱਗੇ ਹੋ ਸਕਦਾ ਹੈ ਤਾਂ ਕਿਸੇ ਹੋਰ ਖੇਤਰ ਵਿੱਚ ਔਰਤ ਉਸ ਤੋਂ ਅੱਗੇ ਹੋ ਸਕਦੀ ਹੈ, ਕੁੱਲ ਮਿਲਾ ਕੇ ਇਹਨਾਂ ਦੋਹਾਂ ਦਾ ਰੋਲ ਬਰਾਬਰ ਦਾ ਹੀ ਰਹਿੰਦਾ ਹੈ। ਔਰਤ ਦੇ ਰੋਲ ਨੂੰ ਛੁਟਿਆ ਕੇ ਜਾਗੀਰੂ ਪ੍ਰਬੰਧ ਨੇ ਔਰਤ ਨੂੰ ਘਰ ਦੀ ਚਾਰ-ਦਿਵਾਰੀ ਵਿੱਚ ਕੈਦ ਕੀਤਾ ਹੈ। ਪੜ੍ਹਾਈ-ਲਿਖਾਈ, ਰੁਜ਼ਗਾਰ, ਪੈਦਾਵਾਰੀ ਸਰਗਰਮੀ ਵਿੱਚ ਉਸ ਦੀ ਅਸਲ ਕਦਰ ਪਾਉਣ ਦੀ ਥਾਂ ਉਸ ਨੂੰ ਦੋਮ ਦਰਜ਼ੇ ਦੀ ਸ਼ਹਿਰੀ ਮੰਨਿਆ ਜਾਂਦਾ ਹੈ। ਦਾਜ਼-ਦਹੇਜ, ਭਰੂਣ ਹੱਤਿਆ ਦਾ ਸੰਤਾਪ ਵੀ ਔਰਤ ਨੂੰ ਹੀ ਹੰਢਾਉਣਾ ਪੈਂਦਾ ਹੈ। ਉਸ ਨੂੰ ਮਰਦ ਲਈ ਵਾਸਨਾ ਦਾ ਸਾਧਨ ਸਮਝਿਆ ਜਾਂਦਾ ਹੈ ਜਾਂ ਫੇਰ ਬੱਚੇ ਪੈਦਾ ਕਰਨ ਦਾ ਸਾਧਨ। ਹਾਕਮ ਜਮਾਤਾਂ ਨੇ ਔਰਤਾਂ ਨੂੰ ਇੱਕ ਇਸ਼ਤਿਹਾਰ ਵਾਂਗ ਵਰਤਿਆ ਹੈ। ਉਹਨਾਂ ਦੇ ਸਰੀਰ ਦੀ ਨੁਮਾਇਸ਼ ਲਾ ਕੇ ਲੱਚਰਤਾ ਨੂੰ ਨਸ਼ਿਆਂ ਵਾਂਗ ਵਰਤਾਇਆ ਜਾ ਰਿਹਾ ਹੈ, ਜਿਹਨਾਂ ਤਹਿਤ ਸਮਾਜ ਵਿੱਚ ਕੋਈ ਸਿਰਜਣਾਤਮਿਕਤਾ ਭਾਰੂ ਹੋਣ ਦੀ ਥਾਂ ਨਿਘਾਰਪੁਣਾ ਵਧਦਾ ਹੈ। ਔਰਤਾਂ ਦੇ ਦੇਹ-ਵਪਾਰ ਨੂੰ ਸੈਕਸ-ਵਰਕਰ ਆਦਿ ਲਕਬਾਂ ਨਾਲ ਸ਼ਿੰਗਾਰ ਕੇ ਉਸ ਨੂੰ ਵਾਜਵ ਠਹਿਰਉਣ ਦੇ ਯਤਨ ਕੀਤੇ ਜਾਂਦੇ ਹਨ। ਇਸ਼ਤਿਹਾਰਬਾਜ਼ੀ ਵਿੱਚ ਔਰਤਾਂ ਦੇ ਸਰੀਰਾਂ ਦੀ ਨੁਮਾਇਸ਼ ਨੂੰ 'ਸਾਹਸੀਪੁਣੇ' ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਹਾਕਮ ਜਮਾਤਾਂ ਦੇ ਹਰ ਤਰ੍ਹਾਂ ਦੇ ਜਬਰ, ਤਸ਼ੱਦਦ ਅਤੇ ਦਾਬੇ ਦਾ ਸਭ ਤੋਂ ਵੱਧ ਸ਼ਿਕਾਰ ਔਰਤਾਂ ਨੂੰ ਬਣਾਇਆ ਜਾ ਰਿਹਾ ਹੈ। ਕਿਰਤੀ-ਲੋਕਾਂ ਦਾ ਜਮਾਤੀ ਸੰਘਰਸ਼ ਪ੍ਰਚੰਡ ਹੋ ਰਿਹਾ ਹੋਵੇ ਜਾਂ ਆਦਿ-ਵਾਸੀ, ਕਬਾਇਲੀ ਲੋਕਾਂ ਦਾ ਹੱਕੀ ਗੁੱਸਾ ਅਤੇ ਰੋਹ ਹੋਵੇ , ਧਾਰਮਿਕ ਘੱਟ-ਗਿਣਤੀਆਂ ਜਾਂ ਕੌਮੀਅਤਾਂ ਦਾ ਘੋਲ ਹੋਵੇ, ਇਨ੍ਹਾਂ ਨੂੰ ਕੁਚਲਣ ਲਈ ਬੋਲੇ ਹਕੂਮਤੀ ਹੱਲੇ ਦੀ ਹਾਲਤ 'ਚ ਸਭ ਤੋਂ ਵੱਧ ਘਿਨਾਉਣੇ ਅੱਤਿਆਚਾਰਾਂ ਦਾ ਸਾਹਮਣਾ ਔਰਤਾਂ ਨੂੰ ਕਰਨਾ ਪੈਂਦਾ ਹੈ।
ਔਰਤਾਂ ਦੀ ਮੁਕਤੀ ਦਾ ਰਾਹ
ਮਜ਼ਦੂਰ ਜਮਾਤ ਦੀ ਅਸਲ ਮੁਕਤੀ ਵਾਂਗ ਔਰਤਾਂ ਦੀ ਗੁਲਾਮੀ ਦਾ ਪੂਰਨ ਖਾਤਮਾ ਤਾਂ ਭਾਵੇਂ ਕਮਿਊਨਿਜ਼ਮ ਵਿੱਚ ਜਾ ਕੇ ਹੋਣਾ ਹੈ, ਜਦੋਂ ਸਮਾਜ ਵਿੱਚ ਲੁਟੇਰੀਆਂ ਅਤੇ ਲੁਟੀਂਦੀਆਂ ਜਮਾਤਾਂ ਹੀ ਖਤਮ ਹੋ ਜਾਣਗੀਆਂ, ਪਰ ਉਸ ਸਭ ਕਾਸੇ ਤੋਂ ਪਹਿਲਾਂ ਔਰਤਾਂ 'ਤੇ ਸਮਾਜਿਕ, ਆਰਥਿਕ, ਰਾਜਸੀ ਅਤੇ ਸਭਿਆਚਾਰਕ ਵਿਤਕਰੇ, ਦਾਬੇ ਦੇ ਖਿਲਾਫ ਸੰਘਰਸ਼ਾਂ ਰਾਹੀਂ ਕਦਮ-ਬ-ਕਦਮ ਉਹਨਾਂ ਜੰਜ਼ੀਰਾਂ ਨੂੰ ਤੋੜਨਾ ਪਵੇਗਾ ਜਿਹਨਾਂ ਨੇ ਔਰਤ ਵਰਗ ਨੂੰ ਨੂੜਿਆ ਹੋਇਆ ਹੈ। ਔਰਤਾਂ ਦੀ ਅਸਲ ਮੁਕਤੀ ਤਾਂ ਭਾਵੇਂ ਉਦੋਂ ਹੋਣੀ ਹੈ, ਜਦੋਂ ਔਰਤਾਂ ਨੂੰ ਘਰੇਲੂ ਅਤੇ ਗੈਰ-ਪੈਦਾਵਾਰੀ ਝੰਜਟਾਂ 'ਚੋਂ ਮੁਕਤ ਕਰਕੇ ਵੱਡੇ ਪੈਮਾਨੇ ਦੀ ਪੈਦਾਵਾਰੀ ਸਰਗਰਮੀ ਵਿੱਚ ਮਰਦਾਂ ਦੇ ਬਰਾਬਰ ਲਿਆ ਖੜ੍ਹਾ ਕਰ ਦਿੱਤਾ ਗਿਆ ਪਰ ਅਜਿਹਾ ਕੁੱਝ ਕਰਨ ਤੋਂ ਪਹਿਲਾਂ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ, ਜਿਸਨੇ ਔਰਤਾਂ ਦੀ ਮੁਕਤੀ ਦੇ ਰਸਤੇ ਖੋਲ੍ਹਣੇ ਹਨ।
ਅਸਲ ਵਿੱਚ ਔਰਤਾਂ ਦੀ ਮੁਕਤੀ ਦਾ ਸੰਘਰਸ਼ ਮੁਲਕ 'ਤੇ ਸਾਮਰਾਜੀ-ਜਾਗੀਰੂ ਜੂਲੇ ਨੂੰ ਵਗਾਹ ਮਾਰਨ ਦੇ ਵਡੇਰੇ ਇਨਕਲਾਬੀ ਸੰਘਰਸ਼ ਦਾ ਹੀ ਇੱਕ ਅੰਗ ਹੈ। ਅਜਿਹੇ ਸੰਘਰਸ਼ ਰਾਹੀਂ ਜਾਗੀਰਦਾਰਾਂ-ਕਾਰਪੋਰੇਟ ਘਰਾਣਿਆਂ ਵੱਲੋਂ ਹਥਿਆਈਆਂ ਜ਼ਮੀਨਾਂ ਨੂੰ ਖੋਹ ਕੇ ਮਰਦਾਂ-ਔਰਤਾਂ ਸਮੇਤ ਸਭਨਾਂ ਹੀ ਬੇਜ਼ਮੀਨੇ, ਥੁੜ੍ਹ ਜ਼ਮੀਨੇ ਕਿਸਾਨਾਂ, ਖੇਤ ਮਜ਼ਦੂਰਾਂ ਵਿੱਚ ਵੰਡਿਆ ਜਾਣਾ ਜ਼ਰੂਰੀ ਹੈ। ਦਲਾਲ ਸਰਮਾਏਦਾਰਾਂ ਅਤੇ ਸਾਮਰਾਜੀਆਂ ਦੀ ਪੂੰਜੀ ਨੂੰ ਜਬਤ ਕਰਕੇ ਕਿਰਤੀ ਲੋਕਾਂ ਦੇ ਕਰਜ਼ੇ ਖਤਮ ਕਰਨ ਅਤੇ ਸੰਘਣੀ-ਕਿਰਤ ਮੁਖੀ ਸਨਅਤ ਦੇ ਵਿਕਾਸ ਵਿੱਚ ਲਾਉਣ ਦੀ ਜ਼ਰੂਰਤ ਹੈ, ਜਿਸ ਨਾਲ ਜ਼ਖੀਰੇਬਾਜ਼ਾਂ-ਅਜਾਰੇਦਾਰਾਂ ਵੱਲੋਂ ਹਥਿਆਈ ਪੈਦਾਵਾਰ ਨੂੰ ਲੋਕਾਂ ਵਿੱਚ ਵੰਡ ਕੇ ਬੇਰੁਜ਼ਗਾਰੀ ਦਾ ਖਾਤਮਾ ਕੀਤਾ ਜਾਣਾ ਹੈ। ਵਿਦਿਆ, ਸਿਹਤ-ਸਹੂਲਤਾਂ, ਬਿਜਲੀ-ਪਾਣੀ, ਆਵਾਜਾਈ ਤੇ ਸੰਚਾਰ ਸਹੂਲਤਾਂ ਨੂੰ ਲੋਕ-ਪੱਖੀ ਬਣਾ ਕੇ ਇਹਨਾਂ ਤੱਕ ਸਭਨਾਂ ਦੀ ਰਸਾਈ ਕਰਵਾਈ ਜਾਣੀ ਹੈ। ਜਦੋਂ ਔਰਤਾਂ ਨੂੰ ਜ਼ਮੀਨ ਵਿੱਚੋਂ ਮਰਦਾਂ ਦੇ ਬਰਾਬਰ ਦਾ ਹਿੱਸਾ ਨਿਸ਼ਚਿਤ ਕਰਵਾ ਦਿੱਤਾ ਗਿਆ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਉਹਨਾਂ ਦੀ ਭਾਈਵਾਲੀ ਪੱਕੀ ਕਰ ਦਿੱਤੀ ਗਈ ਤਾਂ ਉਹਨਾਂ ਦੀ ਹਾਲਤ ਵਿੱਚ ਹੁਣ ਨਾਲੋਂ ਕਿਤੇ ਵਧੇਰੇ ਬਿਹਤਰੀ ਆਵੇਗੀ।
ਔਰਤਾਂ ਦੀ ਜ਼ਿੰਦਗੀ ਵਿੱਚ ਬਿਹਤਰੀ ਸਿਰਫ ਚੰਦ ਕੁ ਨਾਅਰੇ ਘੜਨ ਜਾਂ ਪ੍ਰਚਾਰ-ਪ੍ਰਸਾਰ ਨਾਲ ਹੀ ਨਹੀਂ ਹੋ ਜਾਣੀ। ਅਜਿਹੀ ਬਿਹਤਰੀ ਉਹਨਾਂ ਨੂੰ ਸਮਾਜ ਵਿੱਚ ਚੱਲ ਰਹੇ ਜਮਾਤੀ ਸੰਘਰਸ਼ਾਂ ਵਿੱਚ ਕਿਰਤੀ-ਕਮਾਊ ਮਰਦਾਂ ਦੇ ਮੋਢੇ ਸੰਗ ਮੋਢਾ ਜੋੜ ਕੇ ਹੀ ਹਾਸਲ ਹੋਣੀ ਹੈ। ਜਮਾਤੀ ਘੋਲਾਂ ਦੇ ਰਾਹ ਤੁਰੇ ਕਿਰਤੀ-ਕਮਾਊ ਮਰਦਾਂ ਨੂੰ ਵੀ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਜਦੋਂ ਔਰਤਾਂ ਕੁੱਲ ਲੜਾਕੂ ਆਬਾਦੀ ਦਾ ਅੱਧ ਬਣਦੀਆਂ ਹਨ ਤਾਂ ਐਨੀ ਵੱਡੀ ਤਾਕਤ ਨੂੰ ਲਾਜ਼ਮੀ ਹੀ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਲਿਆ ਕੇ, ਲੋਟੂ-ਜਮਾਤਾਂ ਵੱਲੋਂ ਔਰਤਾਂ ਬਾਰੇ ਫੈਲਾਏ ਜਾ ਰਹੇ ਤੁਅੱਸਬਾਂ ਨੂੰ ਮਾਤ ਦੇਣੀ ਚਾਹੀਦੀ ਹੈ ਅਤੇ ਆਪਣੀ ਕੁੱਲ ਤਾਕਤ ਵਿੱਚ ਵਾਧਾ ਕਰਨਾ ਚਾਹੀਦਾ ਹੈ। ਔਰਤਾਂ ਵੱਲੋਂ ਮਰਦਾਂ ਦੀ ਬਰਾਬਰੀ ਦਾ ਅਹਿਸਾਸ ਅਤੇ ਖਰੀ ਜਮਹੂਰੀਅਤ ਸਿਰਫ ਚਾਹੁਣ ਨਾਲ ਹੀ ਹਾਸਲ ਨਹੀਂ ਹੋ ਜਾਣੀ ਬਲਕਿ ਇਸ ਵਾਸਤੇ ਖੁਦ ਉਹਨਾਂ ਨੂੰ ਜਿੱਥੇ ਜਮਾਤੀ-ਤਬਕਾਤੀ ਸੰਘਰਸ਼ਾਂ ਵਿੱਚ ਮਰਦਾਂ ਦੇ ਬਰਾਬਰ ਖੜ੍ਹੇ ਹੋਣਾ ਪਵੇਗਾ, ਉਥੇ ਵੱਖ ਵੱਖ ਜਮਾਤੀ ਹਿੱਸਿਆਂ ਦੀਆਂ ਔਰਤਾਂ ਦੇ ਸਾਂਝੇ ਸਰੋਕਾਰਾਂ ਨੂੰ ਮੁਖਾਤਿਬ ਹੋ ਕੇ ਆਪਣੀ ਔਰਤ ਜਥੇਬੰਦੀ ਨੂੰ ਬਣਾਉਣਾ, ਮਜਬੂਤ ਕਰਨਾ ਅਤੇ ਇਨਕਲਾਬੀ ਔਰਤ ਲਹਿਰ ਉਸਾਰਨ ਦਾ ਰਾਹ ਆਖਤਿਆਰ ਕਰਨਾ ਪਵੇਗਾ।
ਔਰਤਾਂ ਵੱਲੋਂ ਆਪਣੀ ਆਜ਼ਾਦੀ, ਬਰਾਬਰੀ ਅਤੇ ਜਮਹੂਰੀਅਤ ਦੀ ਪ੍ਰਾਪਤੀ  ਲਈ ਲੰਬੇ ਪੈਂਡੇ ਨੂੰ ਤਹਿ ਕਰਨਾ ਪੈਣਾ ਹੈ। ਔਰਤਾਂ ਦੀ ਮੁਕਤੀ ਤਾਂ ਭਾਵੇਂ ਲੋਕ-ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਉਪਰੰਤ ਹੀ ਮਿਲੇਗੀ ਪਰ ਆਪਣੇ ਮਰਦ ਸਾਥੀਆਂ ਨਾਲ, ਲੋਟੂ-ਜਮਾਤਾਂ ਖਿਲਾਫ ਨਿੱਤ-ਰੋਜ਼ ਲੜੇ ਜਾ ਰਹੇ ਸੰਘਰਸ਼ਾਂ ਵਿੱਚ ਡਟਵੀਂ ਸ਼ਮੂਲੀਅਤ ਦੇ ਨਾਲੋ ਨਾਲ ਖਰੀ ਇਨਕਲਾਬੀ ਔਰਤ ਲਹਿਰ ਦੀ ਉਸਾਰੀ ਲਈ ਜਦੋਜਹਿਦ ਨੇ ਔਰਤਾਂ ਲਈ ਸਮਾਜ ਅੰਦਰ ਖਰੀ ਬਰਾਬਰੀ,ਆਜ਼ਾਦੀ ਅਤੇ ਜਮਹੂਰੀ ਪੁੱਗਤ ਹਾਸਲ ਕਰਨ ਵੱਲ ਵੱਧਣ ਲਈ ਰਾਹ ਖੋਲ੍ਹਣਾਂ ਹੈ। ਆਉ ਇਸ ਦਿਨ 'ਤੇ ਅਜਿਹੀ ਜਦੋਜਹਿਦ ਨੂੰ ਮਘਾਉਣ-ਭਖਾਉਣ ਦਾ ਅਹਿਦ ਕਰੀਏ।

No comments:

Post a Comment