Wednesday, 2 March 2016

ਪੀਐੱਸਯੂ ਵੱਲੋਂ ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਖ਼ਿਲਾਫ਼ ਰੋਸ ਵਿਖਾਵੇ

ਪੀਐੱਸਯੂ ਵੱਲੋਂ ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਖ਼ਿਲਾਫ਼ ਰੋਸ ਵਿਖਾਵੇ
ਚੰਡੀਗੜ੍ਹ, 15 ਫਰਵਰੀ- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਜੇਐੱਨਯੂ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿੱਚ ਅੱਜ ਫਰੀਦਕੋਟ, ਮੋਗਾ, ਮੁਕਤਸਰ, ਬਰਨਾਲਾ, ਸੰਗਰੂਰ, ਪਟਿਆਲਾ, ਨਵਾਂ ਸ਼ਹਿਰ, ਨੰਗਲ, ਤਰਨ ਤਾਰਨ, ਜਲੰਧਰ ਅਤੇ ਹੋਰ ਥਾਈਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।
ਜਥੇਬੰਦੀ ਦੇ ਸੂਬਾ ਸਕੱਤਰ ਪ੍ਰਦੀਪ ਕਸਬਾ ਅਤੇ ਸੂਬਾ ਪ੍ਰੈੱਸ ਸਕੱਤਰ ਰਜਿੰਦਰ ਸਿੰਘ ਮਝੈਲ ਨੇ ਇਥੇ ਦੱਸਿਆ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਨਵੀਂ ਦਿੱਲੀ) ਦੇ 8 ਵਿਦਿਆਰਥੀਆਂ ਸਮੇਤ ਪ੍ਰੋਫੈਸਰ ਗਿਲਾਨੀ ਤੇ ਦੇਸ਼ ਧਰੋਹ ਦਾ ਪਰਚਾ ਕੀਤਾ ਗਿਆ ਹੈ। ਇਸੇ ਤਰ੍ਹਾਂ ਦਿੱਲੀ ਪੁਲਿਸ ਵੱਲੋਂ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ ਨੂੰ ਗ੍ਰਿਫਤਾਰ ਕਰਨ ਉਪਰੰਤ ਹੋਸਟਲਾਂ ਵਿੱਚ ਛਾਪੇ ਮਾਰੇ ਗਏ। ਵੱਖ-ਵੱਖ ਥਾਈਂ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਰਜਿੰਦਰ ਸਿੰਘ, ਰਣਬੀਰ ਰੰਧਾਵਾ, ਕਰਮਜੀਤ ਕੋਟਕਪੁਰਾ, ਕੁਲਵਿੰਦਰ ਸੇਖਾ, ਮੰਗਲਜੀਤ, ਗੁਰਸੇਵਕ ਸਿੰਘ, ਬਲਜੀਤ ਧਰਮਕੋਟ ਅਤੇ ਹਰਦੀਪ ਕੋਟਲਾ ਨੇ ਕਿਹਾ ਕਿ ਇਹ ਸਭ ਮੋਦੀ ਸਰਕਾਰ ਦੇ ਭਗਵਾਂਕਰਨ ਦੇ ਏਜੰਡੇ ਤਹਿਤ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਭਾਜਪਾ ਆਗੂ ਗਜੇਂਦਰ ਚੌਹਾਨ ਅਤੇ ਹੋਰ ਆਰਐੱਸਐੱਸ ਪੱਖੀ ਲੋਕਾਂ ਨੂੰ ਵਿੱਦਿਅਕ ਸੰਸਥਾਵਾਂ ਦੇ ਮੁਖੀ ਲਾਏ ਜਾਣ ਨਾਲ ਹੀ ਸ਼ੁਰੂ ਹੋ ਗਿਆ ਸੀ। ਹੁਣ ਜੇਐੱਨਯੂ ਦੇ ਅਕੈਡਮਿਕ ਮਾਹੌਲ ਨੂੰ ਨਿਸ਼ਾਨਾ ਬਣਾਉਣ ਦੀ ਚਾਲ ਚੱਲੀ ਗਈ ਹੈ। ਉਨ੍ਹਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮਨੁੱਖੀ ਵਿਕਾਸ ਤੇ ਸ੍ਰੋਤ ਮੰਤਰੀ ਸਮ੍ਰਿਤੀ ਇਰਾਨੀ ਦੇ ਬਿਆਨਾਂ ਅਤੇ ਪੁਲੀਸ ਦੀ ਵਿੱਦਿਅਕ ਸੰਸਥਾਵਾਂ ਵਿੱਚ ਸਿੱਧੀ ਕਾਰਵਾਈ ਦਾ ਵੀ ਤਿੱਖਾ ਵਿਰੋਧ ਕੀਤਾ। ਆਗੂਆਂ ਨੇ ਮੰਗ ਕੀਤੀ ਕਿ 8 ਵਿਦਿਆਰਥੀਆਂ ਅਤੇ ਪ੍ਰੋਫੈਸਰ ਗਿਲਾਨੀ ਖਿਲਾਫ ਦਰਜ ਦੇਸ਼ ਧਰੋਹ ਦਾ ਪਰਚਾ ਰੱਦ ਕਰਕੇ ਗ੍ਰਿਫਤਾਰ ਸਾਥੀ ਕਨੱਈਆ ਕੁਮਾਰ ਨੂੰ ਰਿਹਾਅ ਕੀਤਾ ਜਾਵੇ।

No comments:

Post a Comment