Thursday, 3 March 2016

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ

ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ
ਇਨਕਲਾਬੀ ਲੜਾਕੂ ਇਰਾਦਿਆਂ ਨੂੰ ਪ੍ਰਚੰਡ ਕਰੋ
-ਬਲਵਿੰਦਰ ਮੰਗੂਵਾਲ

ਭਾਰਤ ਦੇ ਕੌਮੀ ਮੁਕਤੀ ਸੰਗਰਾਮ ਦੇ ਅੰਗ ਵਜੋਂ ਅਨੇਕਾਂ ਲਹਿਰਾਂ ਉੱਠੀਆਂ। ਅੰਗਰੇਜ਼ ਸਾਮਰਾਜੀਆਂ ਦੀ ਗ਼ੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਲਈ ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦ ਭਗਤ ਸਿੰਘ ਨੇ ਆਪਣੀ ਵਿਚਾਰਧਾਰਾ ਦੇ ਪ੍ਰਭਾਵ ਤਹਿਤ ਕੁਰਬਾਨੀ ਦੇ ਕੇ ਵਿਲੱਖਣ ਸਥਾਨ ਪਾਇਆ ਹੈ। ਉਹ ਭਾਰਤੀ ਲੋਕਾਂ ਦੇ ਮਨਾਂ ਦਾ ਨਾਇਕ  ਬਣਿਆ। 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਹੋਰਾਂ ਨੂੰ ਫਾਂਸੀ ਦੇ ਤਖ਼ਤੇ ਦੇ ਲਟਕਾਇਆ ਗਿਆ। ਉਹਨਾਂ ਦੀਆਂ ਸ਼ਹਾਦਤਾ ਹੋਏ ਨੂੰ 85 ਵਰ੍ਹੇ ਪੂਰੇ ਹੋ ਰਹੇ ਹਨ। ਅੱਜ ਦੇਸ਼ ਦੀਆਂ ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਕੌਮੀ ਆਜ਼ਾਦੀ ਦੇ ਸੰਗਰਾਮ 'ਚ ਲੜਨ ਵਾਲਿਆਂ 'ਤੇ ਆਪਣਾ ਹੱਕ ਜਤਲਾਉਦੇ ਹੋਏ ਲੋਕਾਂ 'ਤੇ ਆਪਣੀ ਲੁੱਟ ਦੇ ਰਾਜ ਨੂੰ ਕਾਇਮ ਰੱਖਣ ਲਈ ਦੇਸ਼ ਭਗਤਾਂ ਕੌਮੀ ਨਾਇਕਾ ਦੇ ਦਿਨ ਮਨਾ ਕੇ ਸ਼ਹੀਦਾਂ ਨੂੰ ਆਪਣੀ ਝੋਲੀ ਪਾਉਦਿਆ ਲੋਕਾਂ 'ਤੇ ਜਬਰ ਦਾ ਹੱਲਾ ਤੇਜ ਕਰ ਰਹੀਆਂ ਹਨ।
ਸ਼ਹੀਦ ਲੋਕਾਂ ਦੇ ਨਾਇਕ ਹੁੰਦੇ ਹਨ। ਲੋਕਾਂ ਦੇ ਪ੍ਰੇਰਨਾ ਸਰੋਤ ਹੁੰਦੇ ਹਨ। ਸ਼ਹੀਦ ਕਦੇ ਵੀ ਹਾਕਮਾਂ ਲੁਟੇਰਿਆ ਤੇ ਲੁੱਟੇ ਜਾਂਦੇ ਲੋਕਾਂ ਦੇ ਸਾਂਝੇ ਨਹੀ ਹੁੰਦੇ। ਲੁੱਟ ਕਾਰਨ ਵਾਲੀਆਂ ਹਾਕਮ ਜਾਮਾਤੀ ਪਾਰਟੀਆਂ ਨੇ ਨਾ ਕਦੇ ਕੌਮੀ ਆਜ਼ਾਦੀ ਸੰਗਰਾਮ ਨਾਲ ਵਫ਼ਾ ਪਾਲੀ ਸੀ ਤੇ ਨਾ ਹੀ ਕੌਮੀ ਸ਼ਹੀਦਾਂ ਨਾਲ। (ਕਾਂਗਰਸੀ, ਬੀ.ਜੇ.ਪੀ., ਆਰ.ਐਸ.ਐਸ. ਵਰਗੇ) ਹਾਕਮਾਂ ਨੇ ਜੇ ਵਫ਼ਾ ਪਾਲੀ ਹੈ ਤਾਂ ਇਹ ਉਦੋਂ ਵੀ ਬਰਤਾਨਵੀ ਸਾਮਰਾਜੀਆਂ ਨਾਲ ਪਾਲੀ ਹੈ। ਅੱਜ ਵੀ ਦੇਸ਼ ਦੇ ਹਾਕਮ ਦੁਨੀਆਂ ਦੇ ਸਾਮਰਾਜੀਆਂ ਨਾਲ ਹੀ ਵਫ਼ਾ ਪਾਲ ਰਹੇ ਹਨ। ਲੋਕਾਂ ਉਤੇ ਜਬਰ ਢਾਹੁਦਿਆਂ ਹੋਇਆ ਭਰਮ ਭੁਲੇਖੇ ਖੜੇ ਕਰਕੇ ਕਹਿੰਦੇ  ਹਨ ਕਿ ਹੁਣ ਦੇਸ਼ ਦੇ ਹਾਲਤ ਉਹ ਨਹੀ ਹਨ। ਸ਼ਹੀਦਾਂ ਨੇ ਜਿਨਾਂ ਗੱਲਾਂ ਲਈ ਲੜਾਈ ਲੜੀ ਸੀ। ਉਹ ਗੱਲਾਂ ਪੂਰੀਆਂ ਹੋ ਚੁੱਕੀਆਂ ਹਨ। ਆਓ ਜਰਾਂ ਉਦੋਂ ਦੇ ਹਲਾਤਾਂ 'ਤੇ ਪਿੱਛਲ ਝਾਤ ਮਾਰੀਏ।
ਬਰਤਾਨਵੀ ਸਾਮਰਾਜ ਦੇ ਖ਼ਿਲਾਫ 1857 ਦੇ ਗ਼ਦਰ ਤੋਂ ਬਾਅਦ ਤਿੱਖੀਆਂ ਲਹਿਰਾਂ ਉਠਣੀਆਂ ਜਾਰੀ ਰਹੀਆਂ। ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ ਦੀ ਲਹਿਰ, ਬੱਬਰ ਅਕਾਲੀ ਲਹਿਰ ਆਦਿ ਵਰਗੀਆਂ ਲਹਿਰਾਂ ਨੂੰ ਬਰਤਾਨਵੀ ਸਾਮਰਾਜੀ ਰਾਜ ਵਲੋਂ ਪਿਛਾਖੜੀ ਹਿੰਸਾ ਦੇ ਜੋਰ ਨਾਲ ਦਬਾਇਆ ਜਾਂਦਾ ਰਿਹਾ। ਸ਼ਹੀਦ ਭਗਤ ਸਿੰਘ ਤੇ ਸਾਥੀ ਅੰਗਰੇਜ਼ੀ ਰਾਜ ਖ਼ਾਲਫ ਲੜਾਈ 'ਚ ਸ਼ਾਮਿਲ ਹੋਣ ਮੌਕੇ ਇਨ੍ਹਾਂ ਤੋਂ ਸਬਕ ਲੈਦਿਆਂ ਉਹ ਅਖ਼ਬਾਰਾਂ ਰਸਾਲਿਆਂ ਰਾਂਹੀ ਅੰਗਰੇਜ਼ਾਂ ਦੁਆਰਾ ਦੇਸ਼ਭਗਤਾਂ 'ਤੇ ਕੀਤੇ ਜਬਰ ਦੀਆਂ ਲੜੀਵਾਰ ਲਿਖਤਾਂ ਛਾਪਦੇ ਸਨ। ਉਹ ਆਪਣੀ ਜਥੇਬੰਦੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਆਰਮੀ ਦਾ ਪ੍ਰੋਗਰਾਮ ਲੈ ਕੇ ਆਏ। ਦੇਸ਼ ਵਿੱਚ ਅਜਾਦੀ ਦੇ ਨਾਂ 'ਤੇ ਲੋਕਾਂ ਦੇ ਗੁੱਸੇ ਅਤੇ ਰੋਹ 'ਤੇ ਠੰਡਾ ਛਿੜਕਣ ਲਈ ਅੰਗਰੇਜ਼ਾਂ ਵਲੋਂ ਬਣਾਈ ਕਾਂਗਰਸ ਪਾਰਟੀ ਬਾਰੇ ਤੇ ਗਾਂਧੀ ਦੇ ਗ਼ਦਾਰੀ ਭਰੇ ਰੋਲ ਦੀ ਖਸਲਤ ਨੂੰ ਪਹਿਲਾਂ ਹੀ ਚੰਗੀ ਤਰਾਂ ਸਮਝਦੇ ਸਨ ਤੇ ਉਹਨਾਂ ਨੇ ਆਪਣੀਆਂ ਲਿਖਤਾਂ ਵਿਚ ਗਾਂਧੀਵਾਦੀਆਂ ਦੇ ਬਖੀਏ ਉਧੇੜੇ ਸਨ।
''ਸਾਨੂੰ ਕਾਂਗਰਸ ਲਹਿਰ ਦੀਆਂ ਸੰਭਾਵਨਾਵਾਂ, ਹਾਰਾਂ, ਅਤੇ ਪ੍ਰਾਪਤੀਆਂ ਬਾਰੇ ਕਿਸੇ ਕਿਸਮ ਦਾ ਭਰਮ ਨਹੀਂ ਹੋਣਾ ਚਾਹੀਦਾ। ਇਸ ਲਹਿਰ ਨੂੰ, ਜੋ ਅੱਜ ਹੈ, ਗਾਂਧੀਵਾਦੀ ਕਹਿਣਾ ਹੀ ਠੀਕ ਹੈ। ਇਹ ਦਾਅਵੇ ਨਾਲ ਆਜ਼ਾਦੀ ਲਈ ਨਹੀਂ ਖ੍ਹੜਦੀ ਬਲਕਿ ਹਿੱਸੇਦਾਰੀ ਦੇ ਹੱਕ ਵਿਚ ਹੈ।''
   ''ਮੌਜੂਦਾ ਅੰਦੋਲਨ, ਯਾਨੀ ਇਹ ਘੋਲ ਕਿਸੇ ਨਾ ਕਿਸੇ ਸਮਝੌਤੇ ਜਾਂ ਪੂਰਨ ਅਸਫਲਤਾ ਵਿਚ ਖਤਮ ਹੋਵੇਗਾ।''
  ''ਭਾਰਤੀ ਪੂੰਜੀਪਤੀ, ਭਾਰਤੀ ਲੋਕਾਂ ਨੂੰ ਧੋਖਾ ਦੇ ਕੇ, ਵਿਦੇਸ਼ੀ ਪੂੰਜੀਵਾਦ ਤੋਂ ਵਿਸ਼ਵਾਸ਼ਘਾਤ ਦੀ ਕੀਮਤ ਦੇ ਤੌਰ 'ਤੇ ਸਰਕਾਰ ਵਿਚੋਂ ਕੁਝ ਹਿਸਾ ਪ੍ਰਾਪਤ ਕਰਨਾ ਚਾਹੁੰਦਾ ਹੈ।
   ''ਭਵਿੱਖ ਵਿਚ, ਬਹੁਤ ਛੇਤੀ ਹੀ ਅਸੀਂ ਇਸ ਤਬਕੇ ਅਤੇ ਇਸ ਦੇ ਉਘੇ ਨੇਤਾਵਾਂ ਨੂੰ ਵਿਦੇਸ਼ੀ ਹਾਕਮਾਂ ਨਾਲ ਗਲਵੱਕੜੀ ਪਾਈ ਹੋਈ ਤੱਕਾਂਗੇ। ਕਿਸੇ ਗੋਲ ਮੇਜ਼ ਕਾਨਫ਼ਰੰਸ ਜਾਂ ਹੋਰ ਅਜਿਹੇ ਢੰਗ ਰਾਹੀਂ ਇਹਨਾਂ ਵਿਚਾਲੇ ਸੌਦੇਬਾਜ਼ੀ ਹੋ ਜਾਵੇਗੀ ਅਤੇ ਫਿਰ ਉਹ ਲੋਕਾਂ ਦੀ ਮਦਦ ਕਰਨੀ ਛੱਡ ਦੇਣਗੇ।''
   ''.....ਗਾਂਧੀਵਾਦ ਜ਼ੋਰ ਲਗਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਦਿੱਲੀ ਦਾ ਸਾਸ਼ਨ ਗੋਰੇ ਹੱਥਾਂ ਤੋਂ ਕਾਲੇ ਹੱਥਾਂ ਵਿਚ ਆ ਜਾਵੇ। ਉਹ ਲੋਕਾਂ ਦੇ ਜੀਵਨ ਤੋਂ ਦੂਰ ਹੈ ਅਤੇ ਉਸ ਦੇ ਗੱਦੀ 'ਤੇ ਬੈਠਦੇ ਹੀ ਜ਼ਾਲਿਮ ਬਣ ਜਾਣ ਦੀਆਂ ਬੁਹਤ ਸੰਭਾਵਨਾਵਾਂ ਹਨ।''
   ਸ਼ਹੀਦ ਭਗਤ ਸਿੰਘ ਦੀਆਂ ਮਕਾਰ ਗਾਂਧੀ ਤੇ ਉਸਦੇ ਗਦਾਰ ਪੈਰੋਕਾਰਾਂ ਬਾਰੇ ਕੀਤੀਆਂ ਉਪਰੋਕਤ ਟਿੱਪਣੀਆਂ ਸੌ ਪ੍ਰਤੀਸ਼ਤ ਸੱਚ ਸਾਬਤ ਹੋਈਆਂ
ਕਿਸਾਨੀ ਕੁਦਰਤੀ ਆਫ਼ਤਾ ਦੀ ਸ਼ਿਕਾਰ ਹੋਈ ਜਗੀਰਦਾਰਾਂ ਤੇ ਸੂਦਖੋਰਾਂ ਦੇ ਕਰਜੇ ਦੇ ਜਾਲ 'ਚ ਨੂੜੀ ਹੋਈ ਅਨੇਕਾਂ ਤਰਾਂ ਦੇ ਖੇਤੀ ਖਰਚੇ ਤੇ ਲਗਾਨ ਦੇਣ ਤੋ ਅਸਮਰਥ ਸੀ। ਵੱਡੀ ਗਰੀਬ ਵਸੋਂ ਕੋਲ ਰਹਿਣ ਲਈ ਮਕਾਨ ਨਹੀ ਸਨ। ਕਾਰਖਾਨੇਦਾਰਾਂ ਵਲੋਂ ਮਜ਼ਦੂਰਾਂ ਦੀ ਬੇਰਹਿਮੀ ਨਾਲ ਲੁੱਟ ਕੀਤੀ ਜਾਂਦੀ ਸੀ। ਵਿਦਿਆਂ ਕੁਝ ਕੁ ਲੋਕਾਂ ਲਈ ਹੁੰਦੀ ਸੀ।
ਇਨ੍ਹਾਂ ਸਭਨਾਂ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੇ ਆਪਣਾ ਇਹ ਪ੍ਰੋਗਰਾਮ ਦਿੱਤਾ:
1. ਜਗੀਰਦਾਰੀ ਦਾ ਖਾਤਮਾ
2. ਕਿਸਾਨਾਂ ਦੇ ਕਰਜ਼ੇ ਖਤਮ ਕਰਨਾ
3. ਇਨਕਲਾਬੀ ਸਿਆਸਤ ਤੋਂ ਜ਼ਮੀਨ ਦਾ ਕੌਮੀਕਰਨ ਤਾ ਕਿ ਸੋਧੀ ਹੋਈ ਅਤੇ ਸਾਂਝੀ ਖੇਤੀ ਕੀਤੀ ਜਾਂ ਸਕੇ।
4. ਰਹਿਣ ਲਈ ਘਰਾਂ ਦੀ ਗਾਰੰਟੀ
5. ਕਿਸਾਨੀ ਤੋਂ ਲਏ ਜਾਂਦੇ ਸਾਰੇ ਖਰਚੇ ਬੰਦ ਕਰਨਾ, ਸਿਰਫ ਇਕਹਿਰਾ ਜ਼ਮੀਨ ਟੈਕਸ ਲਿਆ ਜਾਵੇਗਾ।
6. ਕਾਰਖਾਨਿਆਂ ਦਾ ਕੌਮੀਕਰਨ ਅਤੇ ਦੇਸ਼ ਵਿੱਚ ਕਾਰਖਾਨੇ ਲਗਾਉਣਾ।
7. ਆਮ ਪੜ੍ਹਾਈ
8. ਕੰਮ ਕਰਨ ਦੇ ਘੰਟੇ, ਜਰੂਰਤ ਮੁਤਾਬਕ ਘੱਟੋ-ਘੱਟ ਕਰਨਾ
ਜਨਤਾ ਅਜਿਹੇ ਪ੍ਰੋਗਰਾਮ ਲਈ ਜਰੂਰ ਹੁੰਗਾਰਾ ਦੇਵੇਗੀ, ਇਸ ਪ੍ਰੋਗਰਾਮ ਨੂੰ ਪ੍ਰਚਾਰਦਿਆ ਉਹਨਾਂ ਇਹ ਕਿਹਾ ਕਿ:
 ''ਸਾਡਾ ਨਿਸ਼ਾਨਾ ਇਹ ਹੈ ਕਿ ਸਰਕਾਰ ਉਹਨਾਂ ਲੋਕਾਂ ਦੇ ਹੱਥ ਆਵੇ ਜਿਹੜੇ ਸਮਾਜਵਾਦ ਅਤੇ ਕਮਿਊਨਿਜ਼ਮ ਵਿਚ ਵਿਸ਼ਵਾਸ਼ ਰੱਖਦੇ ਹਨ। ਇਸ ਲਈ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਨਾ ਜਰੂਰੀ ਹੈ ਕਿਉਂਕਿ ਇਹਨਾਂ ਲੋਕਾਂ ਲਈ ਲਾਰਡ ਹਾਰਡਿੰਗ ਜਾਂ ਲਾਰਡ ਇਰਵਨ ਦੀ ਥਾਂ ਸਰ ਤੇਜ਼ ਬਹਾਦਰ ਜਾਂ ਪ੍ਰਸ਼ੋਤਮ ਦਾਸ ਠਾਕੁਰ ਦੇ ਹੱਥ ਰਾਜ ਆ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ।''
ਭਗਤ ਸਿੰਘ ਤੇ ਸਾਥੀਆਂ ਨੇ ਆਪਣੇ ਪ੍ਰੋਗਰਾਮ ਦੀ ਵਿਆਖਿਆ ਦਿੰਦਿਆਂ ਸਾਫ ਕੀਤਾ ਸੀ ਕਿ ਗਾਂਧੀ ਦੀ ਲਹਿਰ ਲੋਕਾਂ ਲਈ ਖ਼ਰੀ ਆਜ਼ਾਦੀ, ਜਮਹੂਰੀਅਤ ਲਈ ਨਹੀਂ ਚੱਲ ਰਹੀ। ਇਹ ਲੋਕ ਤਾਕਤ ਨੂੰ ਵਰਤ ਕੇ ਦੇਸ਼ ਦੇ ਜਗੀਰੂ ਲਾਣੇ ਅਤੇ ਟਾਟੇ, ਬਿਰਲੇ, ਡਾਲਮੀਏ ਵਰਗੇ ਵੱਡੇ ਸਰਮਾਏਦਾਰਾਂ ਦੇ ਹਿੱਤਾਂ ਲਈ ਚਲਾਈ ਜਾ ਰਹੀ ਹੈ।
''ਅਸੀਂ ਇਹ ਕਹਿਣਾ ਚਾਹੁਦੇ ਹਾਂ ਕਿ ਇੱਕ ਯੁੱਧ ਜਾਰੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਤਾਕਤਵਰ ਵਿਆਕਤੀਆਂ ਨੇ ਭਾਰਤੀ ਜਨਤਾ ਅਤੇ ਕਿਰਤੀਆਂ ਦੀ ਆਮਦਨ ਦੇ ਸਾਧਨਾਂ 'ਤੇ ਆਪਣਾ ਏਕਾ ਅਧਿਕਾਰ ਬਣਾ ਰੱਖਿਆ ਹੈ। ਚਾਹੇ ਅਜਿਹੇ ਵਿਆਕਤੀ ਨਿਰੋਲ ਅੰਗਰੇਜ਼ ਸਰਮਾਏਦਾਰ ਹੋਣ ਜਾਂ ਖੁਦ ਭਾਰਤੀ ਹੀ ਹੋਣ ਜਾਂ ਦੋਨੋਂ ਰਲਵੇਂ, ਚਾਹੇ ਉਹ ਲੋਕਾਂ ਦਾ ਖੂਨ ਚੂਸਣ ਲਈ ਨਿਰੋਲ ਭਾਰਤੀ ਨੌਕਰਸ਼ਾਹੀ ਜਾਂ ਸਾਂਝੀ ਰਲੀ-ਮਿਲੀ ਨੌਕਰਸ਼ਾਹੀ ਦੀ ਮਸ਼ੀਨ ਨੂੰ ਵਰਤਣ, ਇਹ ਸਭ ਕੁੱਝ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।''
ਜਿੰਨੀ ਦੇਰ ਤੱਕ ਮੁੱਠੀ ਭਰ ਲੁਟੇਰਿਆਂ ਨੇ ਜ਼ਮੀਨ-ਜ਼ਾਇਦਾਦ ਤੇ ਸਮੁੱਚੇ ਪੈਦਾਵਾਰੀ ਸੋਮਿਆਂ 'ਤੇ ਕੰਟਰੋਲ ਕੀਤਾ ਹੋਵੇ, ਉਨੀ ਦੇਰ ਤੱਕ ਕਿਸੇ ਵੀ ਖੇਤਰ ਵਿੱਚ ਰਹਿੰਦੇ ਲੋਕਾਂ ਦੀ ਹਕੀਕੀ ਪੁੱਗਤ ਵਾਲਾ ਸਮਾਜਕ, ਆਰਥਕ ਤੇ ਰਾਜਸੀ ਪ੍ਰਬੰਧ ਨਾ ਕਾਇਮ ਹੋ ਸਕਦਾ ਹੈ ਤੇ ਨਾ ਹੀ ਖ਼ਰੀ ਜ਼ਮਹੂਰੀਅਤ ਬਹਾਲ ਹੋ ਸਕਦੀ। ਇਸ ਖ਼ਰੀ ਜ਼ਮਹੂਰੀਅਤ ਦੀ ਵਿਆਖਿਆ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੇ ਲਿਖਿਆ ਸੀ....
''ਅਸੀਂ ਵਰਤਮਾਨ ਢਾਂਚੇ ਦੇ ਸਮਾਜਕ, ਆਰਥਕ ਤੇ ਰਾਜਨੀਤਕ ਪੱਖਾਂ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਦੇ ਹੱਕ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਵਰਤਮਾਨ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਰੋਏ ਸਮਾਜ ਵਿੱਚ ਬਦਲਿਆ ਜਾਵੇ। ਇਸ ਤਰ੍ਹਾਂ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨੂੰ ਅਸੰਭਵ ਬਣਾ ਕੇ ਸਾਰੇ ਲੋਕਾਂ ਲਈ ਸਭ ਖੇਤਰਾਂ ਵਿੱਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ।''
''ਭਾਰਤੀ ਕਿਰਤੀ ਨੇ ਭਾਰਤ ਅੰਦਰ ਸਾਮਰਾਜਵਾਦੀ ਅਤੇ ਉਹਨਾਂ ਦੇ ਮਦਦਗਾਰਾਂ ਨੂੰ ਜੋਂ ਕਿ ਉਥੇ ਆਰਥਕ ਪ੍ਰਬੰਧ, ਜਿਸ ਦੀਆਂ ਜੜ੍ਹਾਂ ਲੁੱਟ ਤੇ ਅਧਾਰਤ ਹਨ, ਦੇ ਪੈਰੋਕਾਰ ਹਨ, ਹਟਾ ਕੇ ਅੱਗੇ ਆਉਣਾ ਹੈ। ਅਸੀਂ ਚਿੱਟੀ ਬੁਰਾਈ ਦੀ ਥਾਂ ਕਾਲੀ ਬੁਰਾਈ ਨੂੰ ਲਿਆਕੇ ਕਸ਼ਟ ਨਹੀਂ ਝੱਲਣਾ ਚਾਹੁੰਦੇ।''
ਇਨਕਲਾਬ ਤੋਂ ਸਾਡਾ ਕੀ ਭਾਵ ਹੈ, ਸਪੱਸ਼ਟ ਹੈ, ਇਸ ਸਦੀ ਵਿੱਚ ਇਸ ਦੇ ਸਿਰਫ ਇੱਕ ਹੀ ਮਤਲਬ ਹੋ ਸਕਦੇ ਹਨ - ਜਨਤਾ ਲਈ ਜਨਤਾ ਦਾ ਰਾਜਨੀਤਕ ਤਾਕਤ ਤੇ ਕਬਜ਼ਾ। ਅਸਲ ਵਿੱਚ ਇਹ ਹੈ ਇਨਕਲਾਬ। ਬਾਕੀ ਸਭ ਬਗਾਵਤਾਂ ਤਾਂ ਸਿਰਫ ਮਾਲਕਾਂ ਦੀ ਤਬਦੀਲੀ ਕਰਕੇ ਪੂੰਜੀਵਾਦੀ ਸੜ੍ਹਾਂਦ ਨੂੰ ਹੀ ਅੱਗੇ ਤੋਰਦੀਆਂ ਹਨ।''
''ਜਦੋਂ ਤੱਕ ਮਨੁੱਖ ਹੱਥੋਂ ਮਨੁੱਖ ਅਤੇ ਕੌਮਾਂ ਹੱਥੋਂ ਕੌਮਾਂ ਦੀ ਲੁੱਟ ਦਾ ਖਾਤਮਾ ਨਾ ਕੀਤਾ ਗਿਆ ਤਾ ਮਨੁੱਖਤਾ ਦੇ ਸਿਰ ਉਤੇ ਮੰਡਲਾ ਰਹੇ ਦੁਖਾਂਤ ਅਤੇ ਖ਼ੂਨ ਖਰਾਬੇ ਨੂੰ ਨਹੀਂ ਰੋਕਿਆ ਜਾ ਸਕੇਗਾ। ਜੰਗ ਦਾ ਅੰਤ ਕਰਨ ਅਤੇ ਸੰਸਾਰ ਅਮਨ ਦਾ ਮੁੱਢ ਬੰਨ੍ਹਣ ਦੀਆਂ ਸਾਰੀਆਂ ਗੱਲਾਂ ਪਖੰਡ ਤੋਂ ਬਿਨਾਂ ਕੁਝ ਨਹੀਂ ਹਨ।..... ਵਿਸ਼ਵ ਸੰਗਠਨ ਰਾਹੀਂ ਮਨੁੱਖਤਾ ਨੂੰ ਪੂੰਜੀਵਾਦ ਦੇ ਬੰਧਨਾਂ ਤੋਂ ਅਤੇ ਸਾਮਰਾਜੀ ਜੰਗ ਦੀ ਤਬਾਹੀ ਤੋਂ ਹਿੰਮਤ ਕਰਕੇ ਆਜ਼ਾਦ ਕਰਵਾਇਆ ਜਾਵੇਗਾ।
''ਸਾਡਾ ਵਿਸ਼ਵਾਸ਼ ਹੈ ਕਿ ਆਜ਼ਾਦੀ ਸਭ ਮਨੁੱਖਾਂ ਦਾ ਅਮਿੱਟ ਹੱਕ ਹੈ। ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫ਼ਲ ਮਾਨਣ ਦਾ ਹਰ ਹੱਕ ਹੈ ਤੇ ਹਰ ਕੌਮ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕ ਹੈ। ਜੇ ਕੋਈ ਸਰਕਾਰ, ਜਨਤਾ ਨੂੰ ਉਹਨਾਂ ਦੇ ਇਨ੍ਹਾਂ ਹੱਕਾਂ ਤੋਂ ਵਾਂਝਾ ਰੱਖਦੀ ਹੈ ਤਾਂ ਲੋਕਾਂ ਦਾ ਕੇਵਲ ਹੱਕ ਹੀਂ ਨਹੀਂ ਸਗੋਂ ਜ਼ਰੂਰੀ ਫਰਜ਼ ਹੈ ਕਿ ਅਜੇਹੀ ਸਰਕਾਰ ਨੂੰ ਤਬਾਹ ਕਰ ਦੇਣ ਕਿਉਂਕਿ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ, ਜਿਹਨਾਂ ਵਾਸਤੇ ਅਸੀਂ ਲੜ ਰਹੇ ਹਾਂ, ਦੇ ਬਿਲਕੁਲ ਉਲਟ ਹੈ ਇਸ ਲਈ ਸਾਡਾ ਦ੍ਰਿੜ ਵਿਸ਼ਵਾਸ਼ ਹੈ ਕਿ ਹਰ ਕੋਸ਼ਿਸ਼ ਤੇ ਹਰ ਅਪਣਾਇਆ ਤਰੀਕਾ, ਜਿਸ ਰਾਹੀਂ ਇਨਕਲਾਬ ਲਿਆਦਾਂ ਜਾ ਸਕੇ ਤੇ ਇਸ ਸਰਕਾਰ ਦਾ ਮਲੀਆਮੇਟ ਕੀਤਾ ਜਾ ਸਕੇ। ਇਹ ਨੈਤਿਕ ਤੌਰ 'ਤੇ ਜ਼ਾਇਜ਼ ਹੈ।''
ਅੱਜ ਦੇਖਣ ਨੂੰ ਭਾਵੇ ਇਹ ਲੱਗਦਾ ਹੈ ਕਿ 1947 'ਚ ਅੰਗਰੇਜ਼ ਚਲੇ ਗਏ ਹਨ। ਪਰ ਦੇਸ਼ ਦੇ ਲੋਕਾਂ —ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਤਬਕਿਆ ਦੀ ਜ਼ਿੰਦਗੀ 'ਚ ਕੋਈ ਬਦਲਾਓ ਨਹੀ ਆਇਆ। 47 'ਚ ਬਰਤਾਨਵੀ ਸਾਮਰਾਜ ਤੇ ਕਾਂਗਰਸ ਨੇ ਜੋ ਸੱਤਾ ਬਦਲੀ ਦਾ ਡਰਾਮਾ ਰਚਿਆ ਉਸ ਅਨੁਸਾਰ ਦੇਸ਼ ਦੇ ਚੰਦ ਕੁ ਧਨਵਾਨ ਘਰਾਣਿਆਂ ਅਤੇ ਜਗੀਰਦਾਰਾਂ ਲਈ ਸੱਤਾ ਬਦਲੀ ਹੋਈ ਹੈ। ਉਹਨਾਂ ਦੀਆਂ ਦੌਲਤਾਂ ਅਤੇ ਜਗੀਰਾਂ ਵਿਚ ਵਾਧਾ ਹੋਇਆ ਹੈ। ਕਰੋੜਾਂ ਭਾਰਤੀ ਲੋਕਾਂ ਲਈ ਕੋਈ ਖੁਸ਼ਹਾਲੀ ਨਹੀਂ ਆਈ।
ਅੱਜ ਦੇਸ਼ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ। ਕਾਰਖਾਨਿਆਂ 'ਚ ਮਜ਼ਦੂਰਾਂ ਦੀ ਲੁੱਟ ਹੋਰ ਤਿੱਖੀ ਹੋਈ ਹੈ ਤੇ ਕਿਰਤ ਕਾਨੂੰਨ ਕਾਰਖਾਨੇਦਾਰਾਂ ਤੇ ਸਰਮਾਏਦਾਰਾਂ ਪੱਖੀ ਘੜੇ ਤੇ ਢਾਲੇ ਜਾ ਚੁੱਕੇ ਹਨ। ਕਿਰਤੀ ਲੋਕਾਂ ਦੇ ਘਰਾਂ 'ਚ ਬਿਮਾਰੀਆਂ, ਗਰੀਬੀ ਤੇ ਕੰਗਾਲੀ ਨੇ ਪੈਰ ਪਸਾਰੇ ਹੋਏ ਨੇ, ਮਹਿਗਾਈੇ ਹੱਦਾ ਬੰਨੇ ਟੱਪ ਚੁੱਕੀ ਹੈ।
ਬਰਤਾਨਵੀ ਸਾਮਰਾਜ ਵੇਲੇ ਦੀ ਮੈਕਾਲੇ ਮਾਰਕਾs sਵਿਦਿਆ ਨੀਤੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜੋ ਅੱਜ ਪੂਰੀ ਤਰ੍ਹਾਂ ਵਪਾਰ ਬਣ ਚੁੱਕੀ ਹੈ। ਜਿਸ ਦੀ ਤਾਜਾ ਉਦਾਹਰਣ ਹੈਦਰਾਬਾਦ ਯੂਨੀਵਰਸਟੀ 'ਚ ਸਾਇੰਸ ਪੜ੍ਹਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਹੈ। ਜਿਸ ਨੇ ਦਰਸਾ ਦਿੱਤਾ ਹੈ ਕਿ ਕਿਵੇ ਮੌਜੂਦਾ ਹਾਕਮ ਕਿਰਤੀ ਲੋਕਾਂ ਨੂੰ ਵਿਦਿਆ ਤੋਂ ਵਾਝਿਆਂ ਕਰਨ ਲਈ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨਿਗੂਣੀਆਂ  ਸਹਾਇਤਾ ਰਾਸ਼ੀਆਂ 'ਤੇ ਰੋਕਾਂ ਲਾਕੇ ਬਾਹਰ ਧੱਕਿਆ ਜਾ ਰਿਹਾ ਹੈ।
ਦੇਸ਼ 'ਚ ਵੱਡੀ ਗਿਣਤੀ ਪੜੇ ਲਿਖੇ ਨੌਜਵਾਨਾਂ ਦੀ ਫੌਜ ਵਧਦੀ ਜਾ ਰਹੀ ਹੈ ਉਹਨਾਂ ਨੂੰ ਦੇਣ ਲਈ ਦੇਸ਼ ਦੇ ਹਾਕਮਾਂ ਕੋਲ ਰੋਜ਼ਗਾਰ ਨਹੀ ਹੈ। ਬੇਰੁਜ਼ਗਾਰੀ ਦੇ ਮਾਰੇ ਨੌਜਵਾਨ ਵਰਗ ਨੂੰ ਨਸ਼ਿਆ ਦੀ ਦਲਦਲ ਵਿੱਚ ਸੁਟਿਆ ਜਾ ਰਿਹਾ ਹੈ। ਗੁੰਡਾ ਗਰਦੀ ਵੱਲ ਧੱਕਿਆ ਜਾ ਰਿਹਾ ਹੈ। ਬਿਮਾਰ, ਨਰੀਸ, ਲੱਚਰ, ਕਾਮ ਉਕਸਾਊ  ਸਭਿਆਚਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।
ਬਰਤਾਨਵੀ ਸਾਮਰਾਜੀਆਂ ਦੀ ਤਰ੍ਹਾਂ ਅੱਜ ਵੀ ਦੇਸ਼ ਦੀ ਜਨਤਾ ਨੂੰ ਧਰਮ, ਜਾਤ, ਭਾਸ਼ਾ, ਇਲਾਕਿਆਂ ਦੇ ਨਾਂਅ 'ਤੇ ਵੰਡਣ ਲਈ ਹਾਕਮ ਪਾਰਟੀਆਂ ਤਹੂ ਹੋਈਆਂ ਹਨ। ਕੌਮੀ ਆਜ਼ਾਦੀ ਦੀ ਲੜਾਈ ਨਾਲ ਗਦਾਰੀ ਕਰਨ ਵਾਲੇ ਵੱਡੇ ਦੇਸ਼ ਭਗਤ ਹੋਣ ਦੇ ਢੰਡੋਰਚੀ ਬਣ ਰਹੇ ਹਨ। ਘੱਟ ਗਿਣਤੀ ਧਰਮਾਂ ਅਤੇ ਕੌਮਾਂ 'ਤੇ ਹਮਲੇ ਕਰ ਰਹੇ ਹਨ। ਧਰਮ ਤਬਦੀਲੀ ਲਈ ਜਬਰ ਕਰ ਰਹੇ ਹਨ ਲੋਕਾਂ ਦੇ ਖਾਣ-ਪੀਣ, ਪਹਿਨਣ-ਪਚਰਨ 'ਤੇ ਪਾਬੰਦੀ ਲਾਉਂਦੇ ਹੋਏ ਉਹਨਾਂ ਦੇ ਕਤਲ ਕਰ ਰਹੇ ਹਨ। ਦਾਦਰੀ ਕਾਂਡ ਰਚਾ ਕੇ, ਮੁਜੱਫਰ ਨਗਰ ਵਰਗੇ ਕਤਲਾਮ ਕਰਕੇ ਲੋਕਾਂ ਤੇ ਅੰਧ-ਵਿਸ਼ਵਾਸੀ, ਪਿਛਾਖੜੀ, ਕਰਮ-ਕਾਂਡੀ, ਮਿਥਕੀ ਸੋਚ ਨੂੰ ਲਾਗੂ ਕਰਕੇ ਲੋਕਾਂ ਦੇ ਮੁੱਢਲੇ ਬੁਨਿਆਦੀ ਹੱਕਾਂ 'ਤੇ ਝਪਟਣ ਲਈ ਹੱਲਾ ਤੇਜ ਕਰ ਰਹੇ ਹਨ।
ਮੌਜੂਦਾ ਹਾਕਮ ਸਾਮਰਾਜੀਆਂ ਦੇ ਨਾਲ ਵਫ਼ਾਦਾਰੀ ਪੁਗਾਉਣ ਲਈ ਹੁਣ ਸਾਮਰਾਜੀਆਂ ਦੀਆਂ ਵਿਸ਼ਵੀਕਰਨ, ਉਦਾਰੀਕਰਨ, ਨਿਜੀਕਰਨ ਦੀਆਂ ਨੀਤੀਆਂ ਤਹਿਤ ਲੋਕਾਂ ਦੇ ਜੰਗਲ, ਜ਼ਮੀਨਾਂ ਤੇ ਜਲ ਸਰੋਤਾ ਨੂੰ ਹੜੱਪਣ ਲਈ ਹੱਲਾ ਤੇਜ ਕਰ ਰਹੇ ਹਨ।
ਅੱਜ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆ ਦੀ ਆਜ਼ਾਦੀ ਤੇ ਜਮਹੂਰੀਅਤ ਦਾ ਕਾਰਜ ਅਧੂਰਾ ਹੈ। ਅਸਲੀ ਆਜ਼ਾਦੀ ਤੇ ਜਮਹੂਰੀਅਤ ਵਾਲਾ ਦੇਸ਼ ਸਿਰਜਣ ਵਾਸਤੇ ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ, ਦਸਤਕਾਰਾਂ, ਅਬਾਦੀ ਦਾ ਅੱਧ ਬਣਦੀਆਂ ਔਰਤਾਂ ਅਤੇ ਦੇਸ਼ ਦੇ ਹੋਰਨਾ ਦੱਬੇ ਕੁਚਲੇ ਹਿੱਸਿਆ ਨੂੰ ਸ਼ਹੀਦਾਂ ਦੇ ਦਰਸਾਏ ਰਾਹ 'ਤੇ ਚੱਲਣ ਲਈ ਪ੍ਰੇਰਦਿਆਂ, ਸਾਨੂੰ ਆਪਣੇ ਇਨਕਲਾਬੀ ਲੜਾਕੂ ਇਰਾਦਿਆਂ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ।

No comments:

Post a Comment