Wednesday, 2 March 2016

ਪੀਐਸਯੂ ਤੇ ਨੌਜਵਾਨ ਭਾਰਤ ਸਭਾ ਵੱਲੋਂ ਰੋਸ ਪ੍ਰਦਰਸ਼ਨ

ਪੀਐਸਯੂ ਤੇ ਨੌਜਵਾਨ ਭਾਰਤ ਸਭਾ ਵੱਲੋਂ ਰੋਸ ਪ੍ਰਦਰਸ਼ਨ
ਚੰਡੀਗੜ੍ਹ, 11 ਜਨਵਰੀ- ਫ਼ਰੀਦਕੋਟ ਵਿੱਚ ਵਿਦਿਆਰਥੀ ਆਗੂਆਂ ਉੱਪਰ ਹੋ ਰਹੇ ਹਮਲਿਆਂ ਦੇ ਰੋਸ ਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਅਤੇ ਨੌਜਵਾਨ ਭਾਰਤ ਸਭਾ (ਐਨਬੀਐਸ) ਵੱਲੋਂ ਅੱਜ ਫ਼ਰੀਦਕੋਟ, ਮੋਗਾ, ਸੰਗਰੂਰ, ਪਟਿਆਲਾ, ਨੰਗਲ (ਰੋਪੜ), ਜਲੰਧਰ, ਕਪੂਰਥਲਾ ਅਤੇ ਅੰਮ੍ਰਿਤਸਰ ਜ਼ਿਲ੍ਹਾ ਕੇਂਦਰਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ। ਪੀਐਸਯੂ ਦੇ ਸੂਬਾਈ ਪ੍ਰਧਾਨ ਰਜਿੰਦਰ ਸਿੰਘ ਅਤੇ ਐਨਬੀਐਸ ਦੇ ਸੂਬਾਈ ਪ੍ਰਧਾਨ ਰਮਿੰਦਰ ਪਟਿਆਲਾ ਨੇ ਦੋਸ਼ ਲਾਇਆ ਕਿ ਪੀਐਸਯੂ ਤੇ ਐਨਬੀਐਸ ਦੇ ਲੋਕ ਪੱਖੀ ਸੰਘਰਸ਼ਾਂ ਕਾਰਨ ਕਥਿਤ ਸਿਆਸੀ ਸ਼ਹਿ 'ਤੇ ਪੁਲੀਸ ਤੇ ਗੁੰਡਿਆਂ ਵੱਲੋਂ ਜਥੇਬੰਦੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਅਤੇ ਪੁਲੀਸ ਦਾ ਡੀਐਸਪੀ ਕਥਿਤ ਤੌਰ 'ਤੇ ਗੁੰਡਿਆਂ ਦੀ ਮਦਦ ਕਰ ਰਹੇ ਹਨ। ਇਸੇ ਕਾਰਨ ਕਾਲਾ ਮੁਹੰਮਦ 'ਤੇ ਹਮਲੇ ਦੇ ਦੋ ਮਹੀਨਿਆਂ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਹਮਲੇ ਦੇ ਮੁੱਖ ਸਾਜ਼ਿਸ਼ਕਾਰ ਇਕ ਪ੍ਰੋਫੈਸਰ ਤੇ ਉਸ ਦੇ ਸਾਥੀਆਂ ਖ਼ਿਲਾਫ਼ 307 ਦਾ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ।
ਆਗੂਆਂ ਨੇ ਕਿਹਾ ਕਿ ਜਿਸ ਕੇਸ ਵਿੱਚ ਪੀਐਸਯੂ ਆਗੂਆਂ ਨੂੰ ਭਗੌੜਾ ਕਰਾਰ ਦਿੱਤਾ ਜਾ ਰਿਹਾ ਹੈ ਉਸ ਕੇਸ ਵਿੱਚ ਪੀਆਰਟੀਸੀ ਦੇ ਕੰਡਕਟਰ ਅਤੇ ਉਸ ਦੇ ਸਾਥੀਆਂ ਉਤੇ ਲੜਕੀਆਂ ਦੀਆਂ ਚੁੰਨੀਆਂ ਖਿੱਚਣ ਤੇ ਅਗਵਾ ਕਰਨ ਦੇ ਦੋਸ਼ ਤਹਿਤ ਪਰਚਾ ਦਰਜ ਹੈ ਪਰ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਚੰਨੂ ਅਤੇ ਮੱਖੂ ਵਿਖੇ 'ਨਿਊ ਦੀਪ' ਕੰਪਨੀ ਦੀਆਂ ਬੱਸਾਂ ਵੱਲੋਂ ਲੜਕੀਆਂ ਨੂੰ ਕੁਚਲਿਆ ਗਿਆ ਹੈ, ਜਿਨ੍ਹਾਂ ਦੇ ਕਤਲ ਦਾ ਪਰਚਾ 'ਨਿਊ ਦੀਪ' ਕੰਪਨੀ ਦੇ ਮਾਲਕ ਡਿੰਪੀ ਢਿੱਲੋਂ ਖ਼ਿਲਾਫ਼ ਹੋਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤਕ ਸੰਘਰਸ਼ ਜਾਰੀ ਰਹੇਗਾ।

No comments:

Post a Comment