Wednesday, 2 March 2016

ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਧਰਨਾ

ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਧਰਨਾ
ਪਟਿਆਲਾ, 4 ਜਨਵਰੀ- ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ, ਪੰਜਾਬ ਦੇ ਸੱਦੇ 'ਤੇ ਰਾਜ ਭਰ 'ਚੋਂ ਪੁੱਜੇ ਹਜ਼ਾਰਾਂ ਬੇਰੁਜ਼ਗਾਰ ਲਾਈਨਮੈਨਾਂ ਨੇ ਪਰਿਵਾਰਾਂ ਸਮੇਤ ਧਰਨਾ ਦਿੱਤਾ। ਅਕਾਲੀ ਭਾਜਪਾ ਸਰਕਾਰ 'ਤੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਕਈ ਸਾਲ ਤੋਂ ਖੱਜਲ-ਖੁਆਰ ਕਰਨ ਦੇ ਦੋਸ਼ ਲਾਉਂਦਿਆਂ ਇਸ ਸੂਬਾ ਪੱਧਰੀ ਰੋਸ ਧਰਨੇ ਨੂੰ ਭੁੱਖ ਹੜਤਾਲ ਵਜੋਂ ਪੱਕੇ ਮੋਰਚੇ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਗਿਆ। ਲਾਈਨਮੈਨਾਂ ਨੇ ਚੇਤਾਵਨੀ ਦਿੱਤੀ ਕਿ ਜੇ ਵਾਅਦਿਆਂ ਮੁਤਾਬਕ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ 7 ਜਨਵਰੀ ਨੂੰ ਮੇਜ਼ਬਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ।
ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਧਰਨਾਕਾਰੀ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਪੁੱਜੇ ਅਤੇ ਥੋੜੇ ਚਿਰ ਵਿੱਚ ਹੀ ਧਰਨਾਕਾਰੀਆਂ ਨੇ ਜਿੱਥੇ ਮਾਲ ਰੋਡ ਜਾਮ ਕਰ ਦਿੱਤੀ ਉਥੇ ਦਫ਼ਤਰ ਦੇ ਮੁੱਖ ਦਰਵਾਜ਼ੇ ਨੂੰ ਵੀ ਘੇਰ ਲਿਆ। ਜਥੇਬੰਦੀ ਨੇ ਬਾਦਲ ਸਰਕਾਰ 'ਤੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਖੱਜਲ-ਖੁਆਰ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨੌਜਵਾਨ ਹਿਤੈਸ਼ੀ ਹੋਣ ਦੇ ਦਾਅਵੇ ਆਏ ਦਿਨ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਬਾਦਲ ਨੇ 27 ਅਗਸਤ 2010 ਨੂੰ 5 ਹਜ਼ਾਰ ਲਾਈਨਮੈਨ 10 ਦਿਨਾਂ ਵਿੱਚ ਭਰਤੀ ਕਰਨ ਦਾ ਐਲਾਨ ਕੀਤਾ ਸੀ ਪਰ ਹਾਲੇ ਤੱਕ ਅਮਲੀ ਰੂਪ ਵਿੱਚ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਰਤੀ ਲਟਕਣ ਕਾਰਨ ਕਈ ਬੇਰੁਜ਼ਗਾਰ ਲਾਈਨਮੈਨ ਉਮਰ ਹੱਦ ਵੀ ਪਾਰ ਕਰ ਗਏ ਹਨ। ਅਜਿਹੇ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਆਪਣਾ ਵਾਅਦਾ ਪੂਰਾ ਕਰਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਪਾਵਰਕੌਮ ਵਿੱਚ 39,821 ਅਸਾਮੀਆਂ ਭਰਨ ਦੇ ਇਸ਼ਤਿਹਾਰ ਦੇ ਰਹੀ ਹੈ ਤੇ ਦੂਜੇ ਪਾਸੇ ਪਹਿਲਾਂ ਸ਼ੁਰੂ ਕੀਤੀ ਭਰਤੀ  ਹਾਲੇ ਤੱਕ ਪੂਰੀ ਨਹੀਂ ਹੋਈ। ਇਸ ਮੌਕੇ ਪ੍ਰਧਾਨ ਪਿਰਮਲ ਸਿੰਘ, ਰਾਜਿੰਦਰ ਸਿੰਘ,  ਨਿਰਮਲ ਸਿੰਘ ਮਾਹਲਾ ਤੇ ਸੋਮਾ ਸਿੰਘ ਨੇ ਸੰਬੋਧਨ ਕੀਤਾ। ਰੋਸ ਧਰਨੇ ਮਗਰੋਂ ਬੇਰੁਜ਼ਗਾਰ ਲਾਈਨਮੈਨ ਜਥੇਬੰਦੀ ਦੇ ਕਾਰਕੁਨਾਂ ਨੇ ਭੁੱਖ ਹੜਤਾਲ ਵਜੋਂ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ੦-੦

No comments:

Post a Comment