Wednesday, 2 March 2016

ਜੇਐਨਯੂ ਮੁੱਦਾ: ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ

ਜੇਐਨਯੂ ਮੁੱਦਾ: ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਵੱਲੋਂ ਰੋਸ ਪ੍ਰਦਰਸ਼ਨ
ਪਟਿਆਲਾ, 21 ਫਰਵਰੀ- ਜੇਐਨਯੂ ਮਾਮਲੇ ਨੂੰ ਲੈ ਕੇ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਨੂੰ ਮੰਦਭਾਗੀਆਂ ਕਰਾਰ ਦਿੰਦਿਆਂ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਨੇ ਅਜਿਹੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਸੋਸੀਏਸ਼ਨ ਦੇ ਕੋ-ਕਨਵੀਨਰ ਐਡਵੋਕੇਟ ਰਾਜੀਵ ਲੋਹਟਬੱਧੀ ਅਤੇ ਸੂਬਾਈ ਆਗੂ ਐਡਵੋਕੇਟ ਬਲਜਿੰਦਰ ਸਿੰਘ ਥੇੜੀ ਸਮੇਤ ਜਥੇਬੰਦੀ ਦੇ ਹੋਰਨਾਂ ਆਗੂਆਂ ਵੱਲੋਂ  ਇਥੇ ਪਟਿਆਲਾ ਦੀਆਂ ਜ਼ਿਲ੍ਹਾ ਕਚਿਹਰੀਆਂ ਵਿੱਚ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਦੌਰਾਨ ਜਮਹੂਰੀਅਤ ਦਾ ਘਾਣ ਕਰਨ ਵਾਲੀ ਇਸ ਮੰਦਭਾਗੀ ਘਟਨਾ ਸਬੰਧੀ ਪੈਂਫਲੈੱਟ ਵੰਡੇ ਗਏ।
ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਦਿਨ ਪ੍ਰਤੀ ਦਿਨ ਫਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਸਰਵ ਉੱਚ ਆਦਲਤ ਵੱਲੋਂ ਭੇਜੀ ਗਈ ਸੀਨੀਅਰ ਵਕੀਲਾਂ ਦੀ ਟੀਮ ਨਾਲ ਕੁੱਟਮਾਰ ਅਤੇ ਬਦਸਲੂਕੀ ਕਰਨ ਦੀ ਘਟਨਾ ਜਮਹੂਰੀਅਤ ਅਤੇ ਨਿਆ ਪ੍ਰਕਿਰਿਆ ਦਾ ਘੋਰ ਅਪਮਾਨ ਹੈ। ਇਸ ਕਰਕੇ ਅਜਿਹਾ ਮੰਦਭਾਗਾ ਵਰਤਾਰਾ ਇਨਸਾਫ ਪਸੰਦ ਅਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਅਜਿਹੇ ਹੁੱਲੜਬਾਜ਼ਾਂ ਖ਼ਿਲਾਫ਼ ਤੁੰਰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਦੀ ਅਜਿਹਾ ਕਰਨ ਦੀ ਹਿੰਮਤ ਹੀ ਨਾ ਪੈ ਸਕੇ। ਆਗੂਆਂ ਦਾ ਕਹਿਣਾ ਸੀ ਕਿ ਅਜਿਹੀ ਕਥਿਤ ਗੁੰਡਾਗਰਦੀ ਕਰਨ ਵਾਲਿਆਂ ਨੂੰ ਜੇਕਰ ਨੱਥ ਨਾ ਪਾਈ ਗਈ, ਤਾਂ ਇਹ ਜਮਹੂਰੀਅਤ ਦਾ ਹੋਰ ਵਧੇਰੇ ਘਾਣ ਕਰਨ ਦੇ ਤੁੱਲ ਹੋਵੇਗਾ।

No comments:

Post a Comment