Thursday, 3 March 2016

ਤੀਰਥ-ਯਾਤਰਾਵਾਂ ਦਾ ਪੱਤਾ

ਤੀਰਥ-ਯਾਤਰਾਵਾਂ ਦਾ ਪੱਤਾ:
ਬਾਦਲ ਹਕੂਮਤ ਵਲੋਂ ਪੜਤ-ਬਹਾਲੀ ਦਾ ਯਤਨ
ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਵੱਲੋਂ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਮੁਫਤ ਤੀਰਥ ਯਾਤਰਾਵਾਂ ਕਰਵਾਉਣ ਦਾ ਪੱਤਾ ਖੇਡਿਆ ਗਿਆ ਹੈ। ਇਹ ਪੱਤਾ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਕੇ ਚੱਲਿਆ ਗਿਆ ਹੈ। ਇਸ ਤਹਿਤ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਪ੍ਰਸਿੱਧ ਤੀਰਥ ਅਸਥਾਨਾਂ ਲਈ ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਹਨ। ਤੀਰਥ ਯਾਤਰੀਆਂ ਦੇ ਕਿਰਾਏ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਕੁੱਲ ਖਰਚੇ ਦਾ ਭੁਗਤਾਨ ਹਕੂਮਤ ਵੱਲੋਂ ਕੀਤਾ ਜਾਣਾ ਹੈ। ਇਉਂ, ਪੰਜਾਬ ਸਰਕਾਰ ਵੱਲੋਂ ਖਜ਼ਾਨੇ 'ਚੋਂ ਅਰਬਾਂ ਰੁਪਏ ਇਹਨਾਂ ਤੀਰਥ ਯਾਤਰਾਵਾਂ 'ਤੇ ਖੁੱਲ੍ਹੇ ਦਿਲ ਨਾਲ ਰੋੜ੍ਹਨ ਦਾ ਕਦਮ ਲਿਆ ਗਿਆ ਹੈ।
ਇਸ ਗੈਰ-ਉਪਜਾਊ ਅਤੇ ਦੰਭੀ ਖੇਡ 'ਤੇ ਕਰੋੜਾਂ-ਅਰਬਾਂ ਰੋੜ੍ਹਨ ਦਾ ਕਦਮ ਉਦੋਂ ਲਿਆ ਜਾ ਰਿਹਾ ਹੈ, ਜਦੋਂ ਪੰਜਾਬ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵੱਲੋਂ ਚਿੱਟੀ ਮੱਖੀ ਅਤੇ ਨਕਲੀ ਕੀੜੇਮਾਰ ਦਵਾਈਆਂ ਨਾਲ ਤਬਾਹ ਹੋਈ ਨਰਮੇ ਦੀ ਫਸਲ ਦਾ ਵਾਜਬ ਮੁਆਵਜਾ ਲੈਣ, ਗੰਨੇ ਦੀ ਬਕਾਇਆ ਰਕਮ ਵਸੂਲਣ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 5 ਲੱਖ ਪ੍ਰਤੀ ਪਰਿਵਾਰ ਦੇਣ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਹੋਰ ਹੱਕੀ ਮੰਗਾਂ ਲਈ ਕਿੰਨੇ ਮਹੀਨਿਆਂ ਤੋਂ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਤਬਾਹ ਹੋਏ ਨਰਮੇ ਕਾਰਨ ਕਿਸਾਨਾਂ ਨੂੰ 36000 ਕਰੋੜ ਰੁਪਏ ਦਾ ਰਗੜਾ ਲੱਗਿਆ ਹੈ। ਲੰਮੇ ਤੇ ਵਿਸ਼ਾਲ ਸੰਘਰਸ਼ ਦੇ ਦਬਾਅ  ਦੇ ਬਾਵਜੂਦ ਬਾਦਲ ਹਕੂਮਤ ਵੱਲੋਂ ਕਿਸਾਨਾਂ ਨੂੰ ਹੱਥ ਘੁੱਟ ਕੇ 640 ਕਰੋੜ ਰੁਪਏ ਅਤੇ ਖੇਤ ਮਜ਼ਦੂਰਾਂ ਨੂੰ 64 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਨਿਗੂਣੀ ਰਕਮ ਦਾ ਵੀ ਹਾਲੀਂ ਤੱਕ ਭੁਗਤਾਨ ਨਹੀਂ ਕੀਤਾ ਗਿਆ। ਪਹਿਲਾਂ ਸਾਮਰਾਜੀ-ਨਿਰਦੇਸ਼ਤ ਨਵੇਂ ਆਰਥਿਕ ਹੱਲੇ ਦੇ ਝੰਬੇ ਅਤੇ ਉੱਤੋਂ ਫਸਲਾਂ ਦੀ ਤਬਾਹੀ ਕਾਰਨ ਹੋਰ ਵੀ ਆਰਥਿਕ ਮੰਦਹਾਲੀ ਦੇ ਜਬਾੜ੍ਹਿਆਂ ਵਿੱਚ ਧੱਕੇ ਜਾ ਰਹੇ ਕਿਸਾਨ ਅਤੇ ਖੇਤ-ਮਜ਼ਦੂਰ ਸੂਦਖੋਰੀ ਕਰਜ਼ੇ ਦੇ ਜਾਲ ਵਿੱਚ ਫਸ ਕੇ ਰਹਿ ਗਏ ਹਨ। ਇਸ ਕਰਜ਼ੇ ਦੇ ਜਾਲ 'ਚੋਂ ਨਿਕਲਣ ਲਈ ਛਟਪਟਾਉਂਦੇ ਹਨ ਅਤੇ ਇਸ ਤੋਂ ਛੁਟਕਾਰੇ ਦਾ ਕੋਈ ਰਾਹ ਨਾ ਦਿਖਾਈ ਦੇਣ 'ਤੇ ਖੁਦਕੁਸ਼ੀਆਂ ਦੇ ਦੁਖਦਾਈ ਅਤੇ ਤਬਾਹਕੁੰਨ ਰਾਹ ਦੀ ਚੋਣ ਕਰਦੇ ਹਨ।
ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਕਰਕੇ ਮਹਿੰਗੀ ਹੋ ਰਹੀ ਸਿੱਖਿਆ ਮਿਹਨਤਕਸ਼ ਹਿੱਸਿਆਂ ਦੇ ਬੱਚਿਆਂ ਲਈ ਤਰਸੇਵਾਂ ਬਣ ਕੇ ਰਹਿ ਗਈ ਹੈ। ਜਿਹੜੇ ਬੱਚੇ ਜਿਵੇਂ ਕਿਵੇਂ ਵੱਖ ਵੱਖ ਵਿਸ਼ਿਆਂ/ਪੇਸ਼ਿਆਂ ਵਿੱਚ ਲੱਖਾਂ ਰੁਪਏ ਰੋੜ੍ਹ ਕੇ ਡਿਗਰੀਆਂ ਹਾਸਲ ਕਰ ਲੈਂਦੇ ਹਨ, ਉਹ ਵੀ ਲੱਖਾਂ ਦੀ ਤਾਦਾਦ ਵਿੱਚ ਸੜਕਾਂ 'ਤੇ ਬੇਰੁਜ਼ਗਾਰੀ ਦੀ ਖਾਕ ਛਾਣ ਰਹੇ ਹਨ ਜਾਂ ਫਿਰ ਇਸ ਹਾਲਤ ਵਿੱਚੋਂ ਨਿਕਲਣ ਲਈ ਵਿਦੇਸ਼ੀ ਧਰਤੀਆਂ ਵੱਲ ਪ੍ਰਵਾਸ ਕਰਨ ਲਈ ਹੱਥ-ਪੱਲਾ ਮਾਰਨ ਲਈ ਮਜਬੂਰ ਹੋ ਰਹੇ ਹਨ। ਹਾਕਮਾਂ ਵੱਲੋਂ ਇਸ ਰੁਲ ਰਹੀ ਜਵਾਨੀ ਨੂੰ ਸੰਭਾਲਣ ਦਾ ਕੋਈ ਹੀਲਾ-ਵਸੀਲਾ ਤਾਂ ਕਰਨਾ ਸੀ, ਉਲਟਾ ਉਹਨਾਂ ਦੀ ਇਸ ਹਾਲਤ ਦਾ ਫਾਇਦਾ ਉਠਾਉਂਦਿਆਂ, ਉਹਨਾਂ ਨੂੰ ਨਸ਼ਾ-ਵਪਾਰ ਦੇ ਤਾਣੇ-ਪੇਟੇ ਦੇ ਸੰਦ ਬਣਾਇਆ ਜਾ ਰਿਹਾ ਹੈ। ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇੜੀ ਬਣਾਉਂਦਿਆਂ, ਆਪਣੀ ਨਸ਼ਾ-ਮੰਡੀ ਦਾ ਪਸਾਰਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰੀ ਖੇਤਰ ਵਿਚਲੇ ਸਿੱਖਿਆ ਪ੍ਰਬੰਧ, ਸਿਹਤ ਪ੍ਰਬੰਧ, ਟਰਾਂਸਪੋਰਟ ਖੇਤਰ ਅਤੇ ਬਿਜਲੀ ਖੇਤਰ ਵਗੈਰਾ ਨੂੰ ਤਹਿਸ਼-ਨਹਿਸ਼ ਕਰਦਿਆਂ, ਥੈਲੀਸ਼ਾਹਾਂ ਹਵਾਲੇ ਕੀਤਾ ਜਾ ਰਿਹਾ ਹੈ। ਸਰਕਾਰੀ ਖੇਤਰ ਅੰਦਰ ਰੋਟੀ-ਰੋਜ਼ੀ ਦੇ ਵਸੀਲਿਆਂ ਅਤੇ ਪੱਕੇ ਰੁਜ਼ਗਾਰ ਦਾ ਉਜਾੜਾ ਕੀਤਾ ਜਾ ਰਿਹਾ ਹੈ। ਰੁਜ਼ਗਾਰ ਮੰਗਦੇ ਨਵ-ਸਿੱਖਿਅਤ ਅਧਿਆਪਕਾਂ ਅਤੇ ਹੋਰ ਕਿੱਤਿਆਂ ਨਾਲ ਸਬੰਧਤ ਨੌਜਵਾਨਾਂ ਨੂੰ ਡੰਡਿਆਂ ਨਾਲ ਨਿਵਾਜਿਆ ਜਾ ਰਿਹਾ ਹੈ। ਮੁੱਕਦੀ ਗੱਲ— ਮਿਹਨਤਕਸ਼ ਲੋਕਾਂ ਨੂੰ ਅੰਨ੍ਹੇਵਾਹ ਲੁੱਟਣ ਅਤੇ ਕੁੱਟਣ ਦਾ ਸੰਦ ਬਣੀ ਅਕਾਲੀ ਭਾਜਪਾ ਹਕੂਮਤ ਬੁਰੀ ਤਰ੍ਹਾਂ ਲੋਕਾਂ ਦੇ ਨੱਕੋ-ਬੁੱਲ੍ਹੋਂ ਲਹਿ ਗਈ ਹੈ। ਇਸ ਹਕੂਮਤ ਦੀਆਂ ਲੋਕ-ਮਾਰੂ ਨੀਤੀਆਂ ਦੇ ਝੰਬੇ ਕਮਾਊ ਲੋਕ ਤਰਾਹ ਤਰਾਹ ਕਰ ਰਹੇ ਹਨ।
ਇਸਦੇ ਨਾਲ ਅਕਾਲੀ ਦਲ (ਬਾਦਲ) ਵੱਲੋਂ ਸਿੱਖ ਸੰਸਥਾਵਾਂ ਅਤੇ ਅਸਥਾਨਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਅਤੇ ਦੁਰਗਤੀ ਦੇ ਨਤੀਜੇ ਵਜੋਂ ਪਿਛਲੇ ਅਰਸੇ ਵਿੱਚ ਸਿੱਖ ਜਨਤਾ ਅੰਦਰ ਰੋਸ ਅਤੇ ਬੇਚੈਨੀ ਦਾ ਪਸਾਰਾ ਹੋਇਆ ਹੈ। ਮੋਦੀ ਹਕੂਮਤ ਅਤੇ ਸੰਘੀ ਲਾਣੇ ਦੀਆਂ ਧਾਰਮਿਕ ਘੱਟ-ਗਿਣਤੀਆਂ ਪ੍ਰਤੀ ਅਖਤਿਆਰ ਕੀਤੀ ਫਿਰਕੂ-ਫਾਸ਼ੀ ਹਿੰਦੂਤਵੀ ਪਹੁੰਚ ਨੇ ਹੋਰਨਾਂ ਧਾਰਮਿਕ ਘੱਟ-ਗਿਣਤੀਆਂ ਸਮੇਤ ਸਿੱਖਾਂ ਅੰਦਰ ਪ੍ਰਤੀਕਰਮ ਨੂੰ ਆਰ ਲਾਈ ਹੈ। ਇਸ ਸਾਰੇ ਕੁੱਝ ਦੇ ਸਿੱਟੇ ਵਜੋਂ ਸਿੱਖ ਜਨਤਾ ਅੰਦਰ ਭਾਜਪਾ ਨਾਲ ਬਗਲਗੀਰ ਬਾਦਲ ਟੋਲੇ ਦੇ ਚਿਹਰੇ 'ਤੇ ਚਾੜ੍ਹਿਆ 'ਪੰਥਕ' ਨਕਾਬ ਭਰਿਆੜ ਹੋਇਆ ਹੈ ਅਤੇ ਉਹਨਾਂ ਅੰਦਰ ਬਾਦਲ ਟੋਲੇ ਖਿਲਾਫ ਤਿੱਖੇ ਰੋਸ, ਬੇਚੈਨੀ ਅਤੇ ਗੁੱਸੇ ਦਾ ਪਸਾਰਾ ਹੋਇਆ ਹੈ।
ਕੁੱਲ ਮਿਲਾ ਕੇ ਕਹਿਣਾ ਹੋਵੇ ਤਾਂ ਇੱਕ ਪਾਸੇ ਅਕਾਲੀ-ਭਾਜਪਾ ਹਕੂਮਤ ਦੀਆਂ ਲੋਕ-ਦੁਸ਼ਮਣ ਨੀਤੀਆਂ ਕਰਕੇ ਪੰਜਾਬ ਦੇ ਮਿਹਨਤਕਸ਼ ਲੋਕਾਂ ਅੰਦਰ ਉਸਦੇ ਸਿਆਸੀ ਵਕਾਰ ਤੇ ਪੜਤ ਦਾ ਗਿਰਾਫ ਨਿਵਾਣਾਂ 'ਤੇ ਜਾ ਡਿਗਿਆ ਹੈ ਅਤੇ ਦੂਜੇ ਪਾਸੇ ਬਾਦਲ ਲਾਣੇ ਦੇ ਚਿਹਰੇ 'ਤੇ ਫੇਰੇ 'ਪੰਥਕ' ਮੁਲੰਮੇ ਦੀ ਨਕਲੀ ਚਮਕ-ਦਮਕ ਬਹੁਤ ਹੀ ਮੱਧਮ ਪੈ ਚੁੱਕੀ ਹੈ। ਇਹਨਾਂ ਦੋਵਾਂ ਪੱਖਾਂ ਕਰਕੇ ਅਕਾਲੀ-ਭਾਜਪਾ ਸਰਕਾਰ ਪੰਜਾਬ ਦੀ ਜਨਤਾ ਅੰਦਰ ਬੁਰੀ ਤਰ੍ਹਾਂ ਸਿਆਸੀ ਨਿਖੇੜੇ ਦੀ ਹਾਲਤ ਵਿੱਚ ਜਾ ਡਿਗੀ ਹੈ। 2017 ਵਿੱਚ ਆ ਰਹੀਆਂ ਵਿਧਾਨ ਸਭਾਈ ਚੋਣਾਂ ਵਿੱਚ ਹਾਰ ਦਾ ਧੁੜਕੂ ਅਕਾਲੀ-ਭਾਜਪਾ ਗੱਠਜੋੜ ਦੀ ਨੀਂਦ ਹਰਾਮ ਕਰ ਰਿਹਾ ਹੈ।
ਇਸ ਹਾਲਤ ਅੰਦਰ ਅਕਾਲੀ-ਭਾਜਪਾ ਗੱਠਜੋੜ ਵੱਲੋਂ ਮੁੜ-ਸੰਭਾਲੇ ਅਤੇ ਪੰਜਾਬ ਦੀ ਜਨਤਾ ਅੰਦਰ ਆਪਣੇ ਖੁਰੇ ਸਿਆਸੀ ਵਕਾਰ ਤੇ ਪੜਤ ਬਹਾਲੀ ਲਈ ਰੱਸੇ-ਪੈੜੇ ਵੱਟਣ ਦਾ ਅਮਲ ਵਿੱਢਿਆ ਜਾ ਰਿਹਾ ਹੈ। ਇੱਕ ਹੱਥ- ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਹਿੱਸਿਆਂ ਨੂੰ ਨੌਕਰੀਆਂ ਦੀਆਂ ਬੁਰਕੀਆਂ ਸਿੱਟਣ ਦੇ ਐਲਾਨ ਕਰਨ, ਕਿਸਾਨ-ਮਜ਼ਦੂਰ ਜਥੇਬੰਦੀਆਂ ਨਾਲ ਗੱਲਬਾਤ ਦਾ ਅਮਲ ਚਲਾਉਣ ਅਤੇ  ਮੁਲਾਜ਼ਮਾਂ ਨੂੰ ਪੇ-ਕਮਿਸ਼ਨ ਰਿਪੋਰਟ ਲਾਗੂ ਕਰਨ ਦਾ ਦਿਲਾਸਾ ਦੇਣ ਆਦਿ ਦੇ ਕਦਮ ਲਏ ਜਾ ਰਹੇ ਹਨ, ਦੂਜੇ ਹੱਥ— ਆਪਣੇ ਭਰਿਆੜ ਹੋਏ ਅਖੌਤੀ ਪੰਥਕ ਨਕਾਬ ਨੂੰ ਟਾਕੀਆਂ ਲਾਉਣ ਅਤੇ ਸਿੱਖਾਂ ਅੰਦਰ ਖੁਰੀ ਧਾਰਮਿਕ ਪੜਤ ਨੂੰ ਮੁੜ-ਬਹਾਲ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਇਸ ਤੀਰਥ ਯਾਤਰਾ ਸਕੀਮ ਤਹਿਤ ਚਾਹੇ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕਾਂ ਨੂੰ ਵੀ ਲਾਲਚ ਦੀ ਬੁਰਕੀ ਸੁੱਟੀ ਗਈ ਹੈ। ਜਿਸਦਾ  ਮਕਸਦ ਆਪਣੀ ਦੰਭੀ ਧਰਮ-ਨਿਰਪੱਖਤਾ ਦੀ ਦਿੱਖ ਨੂੰ ਉਭਾਰਨਾ ਹੈ। ਪਰ ਮੁੱਖ ਤੌਰ 'ਤੇ ਇਹ ਤੀਰਥ ਯਾਤਰਾ ਸਿੱਖ ਧਰਮ ਨਾਲ ਸਬੰਧਤ ਜਨਤਾ 'ਤੇ ਕੇਂਦਰਤ ਹੈ।
ਕੁੱਲ ਮਿਲਾ ਕੇ ਕਹਿਣਾ ਹੋਵੇ— ਮੁੱਖ ਮੰਤਰੀ ਤੀਰਥ ਯਾਤਰਾ ਦਾ ਪੱਤਾ ਖੇਡਣ ਦਾ ਇੱਕ ਮਕਸਦ ਸਿੱਖ ਜਨਤਾ ਅੰਦਰ ਬਾਦਲ ਟੋਲੇ ਦੀ ਖੁਰੀ ਪੜਤ ਨੂੰ ਮੁੜ ਬਹਾਲ ਕਰਨਾ (ਅਤੇ ਨਾਲ ਹੀ ਹਿੰਦੂ ਅਤੇ ਮੁਸਲਮਾਨ ਧਰਮ ਦੇ ਲੋਕਾਂ ਨੂੰ ਵਰਚਾਉਣਾ) ਅਤੇ ਦੂਜਾ ਮਕਸਦ— ਲੋਕਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਟੁੰਬਦਿਆਂ ਅਤੇ ਉਹਨਾਂ ਦੇ ਸੀਮਤ ਧਾਰਮਿਕ ਸਰੋਕਾਰਾਂ ਨੂੰ ਪੂਰਾ ਕਰਨ ਲਈ ਤੀਰਥ ਯਾਤਰਾਵਾਂ ਦੀ ਲੋਰੀ ਦਿੰਦਿਆਂ, ਉਹਨਾਂ ਦੀ ਸੁਰਤੀ ਨੂੰ ਉਹਨਾਂ ਦੀ ਜ਼ਿੰਦਗੀ ਨਾਲ ਖਿਲਾਵਾੜ ਕਰ ਰਹੇ ਆਰਥਿਕ-ਸਿਆਸੀ ਮਸਲਿਆਂ ਤੋਂ ਤਿਲ੍ਹਕਾਉਣਾ ਹੈ।

No comments:

Post a Comment