Thursday, 3 March 2016

ਕਨ੍ਹੱਈਆ ਦੀ ਗ੍ਰਿਫਤਾਰੀ ਵਿਰੁੱਧ ਰੋਸ

ਜੇ.ਐਨ.ਯੂ. ਮਾਮਲਾ:
ਵਿਗਿਆਨੀਆਂ ਅਤੇ ਅਕਾਦਮਿਕ ਵਿਦਵਾਨਾਂ ਵੱਲੋਂ

ਕਨ੍ਹੱਈਆ ਦੀ ਗ੍ਰਿਫਤਾਰੀ ਵਿਰੁੱਧ ਰੋਸ
ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਇੰਡੀਅਨ ਇੰਸਟੀਚਿਊਟ ਆਫ ਟੈਕਨੌਲੋਜੀ ਸਮੇਤ ਵੱਖ ਵੱਖ ਸੰਸਥਾਵਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਅਕਾਦਮਿਕ ਵਿਦਵਾਨਾਂ ਵੱਲੋਂ ਇੱਕ ਪਟੀਸ਼ਨ 'ਤੇ ਦਸਤਖਤ ਕਰਦਿਆਂ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਦੀ ਗ੍ਰਿਫਤਾਰੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਪਹਿਲਕਦਮੀ ਦੀ ਘਾਟ ਦੀ ਨਿਖੇਧੀ ਕੀਤੀ ਗਈ ਹੈ। ਇਹਨਾਂ ਵਿਦਵਾਨਾਂ ਵੱਲੋਂ ਆਪਣੇ ਵਿਦਿਆਰਥੀਆਂ ਦੀ ਅਜਿਹੇ ਹਮਲਿਆਂ ਅਤੇ ਦੋਸ਼ਾਂ ਸਨਮੁੱਖ ਰਾਖੀ ਕਰਨ ਵਿੱਚ ਰਹੀ ਨਾਕਾਮੀ ਲਈ ਜੁੰਮੇਵਾਰ ਠਹਿਰਾਉਂਦਿਆਂ, ਜੇ.ਐਨ.ਯੂ. ਨੂੰ ''ਦਰੁਸਤੀਕਰਨ ਕਦਮ'' ਉਠਾਉਣ ਲਈ ਆਖਿਆ ਗਿਆ ਹੈ।
ਜੇ.ਐਨ.ਯੂ. ਦੇ ਵਾਇਸ-ਚਾਂਸਲਰ ਜਗਦੇਸ਼ ਕੁਮਾਰ ਨੂੰ ਸੰਬੋਧਿਤ ਪਟੀਸ਼ਨ ਵਿੱਚ ਕਿਹਾ ਗਿਆ ਹੈ, ''ਇਹ ਵਿਅੰਗਾਤਮਿਕ ਗੱਲ ਹੈ ਕਿ ਮੁਲਕ ਦੀਆਂ ਨਾਮੀ ਯੂਨੀਵਰਸਿਟੀਆਂ ਵਿੱਚ ਗਿਣੀ ਜਾਂਦੀ ਯੂਨੀਵਰਸਿਟੀ ਵਿੱਚ ਵੱਖਰੇ ਵਿਚਾਰਾਂ ਨੂੰ ਦਬਾਉਣ ਦਾ ਇਹ ਕਾਰਾ ਵਾਪਰਿਆ ਹੈ.... ਹਕੂਮਤ ਦੇ ਸੀਨੀਅਰ ਮੈਂਬਰਾਂ ਵੱਲੋਂ ਤੁਹਾਡੇ ਵਿਦਿਆਰਥੀਆਂ ਨੂੰ ਆਪਣੇ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹਨਾਂ ਹਮਲਿਆਂ ਅਤੇ ਦੋਸ਼ਾਂ ਤੋਂ ਆਪਣੇ ਵਿਦਿਆਰਥੀਆਂ ਦੀ ਰਾਖੀ ਕਰਨੀ ਚਾਹੀਦੀ ਸੀ। ਇਹਨਾਂ ਹਮਲਿਆਂ ਅਤੇ ਦੋਸ਼ਾਂ ਨੇ ਪੁਲਸ ਪੜਤਾਲ ਨੂੰ ਵੀ ਭਿੱਟ ਸੁੱਟਿਆ ਹੈ। ਇਹ ਜਿੰਮੇਵਾਰੀ ਨਿਭਾਉਣ ਪੱਖੋਂ ਸਾਹਮਣੇ ਆਈ ਤੁਹਾਡੀ ਨਾਕਾਮੀ ਨੇ ਸਾਨੂੰ ਬਹੁਤ ਹੀ ਨਿਰਾਸ਼ ਕੀਤਾ ਹੈ।''
ਯੂਨੀਵਰਸਿਟੀ ਅਧਿਕਾਰੀਆਂ ਨੂੰ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਜ਼ੋਰ ਪਾਉਂਦਿਆਂ, ਬਿਆਨ ਵਿੱਚ ਕਿਹਾ ਗਿਆ ਹੈ, ''ਸਾਨੂੰ ਉਮੀਦ ਹੈ ਕਿ ਤੁਸੀਂ ਇਹ ਯਕੀਨੀ ਬਣਾਉਣ ਲਈ ਤੁਰੰਤ ਕਦਮ ਉਠਾਓਗੇ, ਕਿ ਪੁਲਸ ਗ੍ਰਿਫਤਾਰ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ 'ਤੇ ਮੜ੍ਹੇ ਨਿਰ-ਆਧਾਰ ਕੇਸ ਵਾਪਸ ਲਵੇ। ਸਾਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਭਵਿੱਖ ਵਿੱਚ ਵੀ ਜੇ.ਐਨ.ਯੂ. ਕੈਂਪਸ ਅੰਦਰ ਬੋਲਣ ਦੀ ਆਜ਼ਾਦੀ ਦੀ ਰਾਖੀ ਲਈ ਕਦਮ ਉਠਾਓਗੇ।''
ਇਸ ਪਟੀਸ਼ਨ 'ਤੇ ਰਾਂਚੀ ਯੂਨੀਵਰਸਿਟੀ ਦੇ ਜੀਨ ਡਰੇਜ਼, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੇ ਸਪੇਤਾ ਵਾਡੀਆ ਅਤੇ ਸ਼ਿਰਾਜ ਮੀਂਵਾਲਾ, ਇੰਡੀਅਨ ਇਸੰਟੀਚਿਊਟ ਆਫ ਸਾਇੰਸ ਦੇ ਡੇਬਾਸਿਸ ਸੇਨਗੁਪਤਾ ਅਤੇ ਯੇਲ ਯੂਨੀਵਰਸਿਟੀ ਦੇ ਮਧੂ ਸੂਧਨ ਵੈਂਕਟੇਸ਼ਨ ਸਮੇਤ 379 ਸੀਨੀਅਰ ਅਕਾਦਮਿਕ ਵਿਦਵਾਨਾਂ ਅਤੇ ਵਿਗਿਆਨੀਆਂ ਵੱਲੋਂ ਦਸਤਖਤ ਕੀਤੇ ਗਏ ਹਨ।
(ਦਾ ਹਿੰਦੂ, ..)
ਜਾਣੇ-ਪਛਾਣੇ ਚਿੰਤਕ ਅਤੇ ਅਕਾਦਮਿਕ ਵਿਦਵਾਨ ਨੋਏਮ ਚੌਮਸਕੀ, ਨੋਬਲ ਪੁਰਸਕਾਰ ਵਿਜੇਤਾ ਔਰਗਨ ਪਾਮੁਕ ਅਤੇ 86 ਹੋਰਨਾਂ ਵਿਦਿਵਾਨ ਸਖਸ਼ੀਅਤਾਂ ਵੱਲੋਂ ''ਭਾਰਤ ਅੰਦਰ ਸਰਕਾਰ ਵੱਲੋਂ ਪੈਦਾ ਕੀਤਾ ਜਾ ਰਹੇ ਤਾਨਾਸ਼ਾਹੀ ਡਰ-ਭੈਅ ਦੇ ਮਾਹੌਲ'' ਦੀ ਨਿਖੇਧੀ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਸੱਤਾ 'ਤੇ ਕਾਬਜ਼ ਹਾਕਮਾਂ ਵੱਲੋਂ ਬਸਤੀਵਾਦੀ ਅਤੇ ਐਮਰਜੈਂਸੀ ਵਰਗੇ ਕਾਲੇ ਦੌਰਾਂ ਨੂੰ ਮੁੜ-ਸੁਰਜੀਤ ਕੀਤਾ ਜਾ ਰਿਹਾ ਹੈ। ਨੋਏਮ ਚੌਮਸਕੀ ਵੱਲੋਂ ਜੇ.ਐਨ.ਯੂ. ਦੇ ਵਾਈਸ ਚਾਂਸਲਰ ਜਗਦੇਸ਼ ਕੁਮਾਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ''ਸਾਡੇ 'ਚੋਂ ਬਹੁਤ ਸਾਰਿਆਂ ਨੂੰ ਜੇ.ਐਨ.ਯੂ. ਵਿੱਚ ਪੈਦਾ ਹੋਏ ਸੰਕਟ 'ਤੇ ਡਾਢੀ ਫਿਕਰਮੰਦੀ ਹੈ। ਇਹ ਸੰਕਟ ਲੱਗਦਾ ਹੈ ਕਿ ਹਕੂਮਤ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਭੜਕਾਇਆ ਗਿਆ ਹੈ। ਯੂਨੀਵਰਸਿਟੀ ਵਿੱਚ ਦੇਸ਼ਧਰੋਹੀ ਕਾਰਵਾਈ ਦਾ ਕੋਈ ਭਰੋਸੇਯੋਗ ਸਬੂਤ ਨਹੀਂ ਹੈ। ਤੁਹਾਡੇ ਵੱਲੋਂ ਬਿਨਾ ਕਿਸੇ ਕਾਨੂੰਨੀ ਵਾਜਬੀਅਤ ਦੇ ਪੁਲਸ ਨੂੰ ਕੈਂਪਸ ਵਿੱਚ ਕਿਉਂ ਬੁਲਾਇਆ ਗਿਆ?''
(ਦਾ ਹਿੰਦੂ, 22 ਫਰਵਰੀ 2016)

No comments:

Post a Comment