Monday, 3 September 2018

ਰਾਮਪੁਰਾ ਮੰਡੀ ਵਿੱਚ ਸਾਢੇ ਚਾਰ ਸਾਲ ਦੇ ਸਕੂਲ ਬੱਚੇ ਨਾਲ ਬਦਫੈਲੀ ਵਿਰੁੱਧ ਸੰਘਰਸ਼

ਸਾਢੇ ਚਾਰ ਸਾਲ ਦੇ ਸਕੂਲ ਬੱਚੇ ਨਾਲ ਬਦਫੈਲੀ ਵਿਰੁੱਧ ਸੰਘਰਸ਼
ਸਰਵਹਿਤਕਾਰੀ ਹਾਇਰ ਸਕੈਂਡਰ ਸਕੂਲ ਰਾਮਪੁਰਾ ਮੰਡੀ ਵਿੱਚ 16 ਜੁਲਾਈ ਨੂੰ ਐਲ.ਕੇ.ਜੀ. ਕਲਾਸ ਦੇ ਇੱਕ ਬੱਚੇ ਨਾਲ ਵਾਪਰੀ ਬਦਫੈਲੀ ਦੀ ਨਿੰਦਣਯੋਗ ਘਟਨਾ ਵਿਰੁੱਧ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿੱਚ, ਦੋਸ਼ੀ ਸਮੇਤ ਦੋਸ਼ੀ ਨੂੰ ਬਚਾਉਣ ਵਾਲੀ ਸਕੂਲ ਮੈਨੇਜਮੈਂਟ ਵਿਰੁੱਧ ਇੱਕ ਤਿੱਖਾ ਸੰਘਰਸ਼ ਲੜਿਆ ਗਿਆ।
ਉਕਤ ਵਰਨਣ ਸਕੂਲ ਦਾ ਐਲ.ਕੇ.ਜੀ. ਕਲਾਸ ਦਾ ਇੱਕ ਬੱਚਾ ਜਦ ਘਰ ਪਹੁੰਚਿਆ ਤਾਂ ਉਹ ਡਰਿਆ ਅਤੇ ਸਹਿਮਿਆ ਹੋਇਆ ਸੀ ਅਤੇ ਕੁੱਝ ਵੀ ਖਾ ਪੀ ਨਹੀਂ ਰਿਹਾ ਸੀ ਅਤੇ ਨਾ ਹੀ ਕੁੱਝ ਬੋਲ ਰਿਹਾ ਸੀ। ਕਾਫੀ ਯਤਨ ਤੋਂ ਬਾਅਦ ਬੱਚੇ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਅੱਜ ਸਕੂਲ ਦੇ ਮਾਲੀ ਨੇ ਮੈਨੂੰ ਲੇਜ਼ ਦੇ ਕੇ ਕਮਰਿਆਂ ਦੇ ਪਿਛਲੇ ਪਾਸੇ ਲਿਜਾ ਕੇ ਮੈਨੂੰ ਘੋੜਾ ਬਣਾ ਕੇ, ਮੇਰੇ ਮਗਰਲੇ ਪਾਸੇ ਟੀਕਾ ਲਗਾਇਆ ਤੇ ਮੇਰਾ ਢਿੱਡ ਦੁਖਣ ਲੱਗ ਗਿਆ। ਬੱਚੇ ਦੀ ਮਾਤਾ ਤੁਰੰਤ ਸਾਰਾ ਮਾਮਲਾ ਸਮਝ ਗਈ ਅਤੇ ਬੱਚੇ ਨੂੰ 16 ਜੁਲਾਈ ਤੋਂ 20 ਜੁਲਾਈ ਤੱਕ ਰਾਮਪੁਰਾ ਮੰਡੀ ਅਤੇ ਆਦੇਸ਼ ਹਸਪਤਾਲ ਭੁੱਚੋਂ ਮੰਡੀ ਵਿਖੇ ਬੱਚੇ ਦਾ ਇਲਾਜ ਕਰਵਾਉਂਦੀ ਰਹੀ ਅਤੇ ਲੋੜੀਂਦੇ ਟੈਸਟ ਅਤੇ ਇਲਾਜ ਕਰਨ ਨੂੰ ਕਹਿੰਦੀ ਰਹੀ। ਇਲਾਜ ਅਤੇ ਟੈਸਟਾਂ ਉਪਰੰਤ ਸਕੂਲ ਜਾ ਕੇ, ਸਾਰਾ ਮਾਮਲਾ ਦੱਸ ਕੇ ਸਕੂਲ ਦੇ ਪ੍ਰਿੰਸੀਪਲ ਅਤੇ ਵਾਇਸ ਪ੍ਰਿੰਸੀਪਲ ਪਾਸ ਸ਼ਿਕਾਇਤ ਕੀਤੀ। ਸਕੂਲ ਵਾਲਿਆਂ ਪੜਤਾਲ ਕਰਕੇ ਕਾਰਵਾਈ ਕਰਨ ਦਾ ਵਿਸ਼ਵਾਸ਼ ਦੁਆ ਕੇ ਉਸ ਨੂੰ ਮੋੜ ਦਿੱਤਾ, ਪਰ 24 ਜੁਲਾਈ ਤੱਕ ਉਹਨਾਂ ਕੋਈ ਕਾਰਵਾਈ ਨਾ ਕੀਤੀ ਅਤੇ ਨਾ ਡਾਕਟਰਾਂ ਨੇ ਕੋਈ ਰਿਪੋਰਟ ਤਿਆਰ ਕਰਕੇ ਥਾਣੇ ਇਤਲਾਹ ਦਿੱਤੀ। ਅਖੀਰ ਖੁਦ ਬੱਚੇ ਦੀ ਮਾਤਾ ਨੇ ਥਾਣਾ ਸਿਟੀ ਰਾਮਪੁਰਾ ਜਾ ਕੇ 24 ਜੁਲਾਈ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਥਾਣੇ ਵਾਲਿਆਂ ਨੇ ਵੀ ਪੜਤਾਲ ਕਰਕੇ ਕਾਰਵਾਈ ਕਰਨ ਲਈ ਕਹਿ ਦਿੱਤਾ ਅਤੇ ਮੁੜ ਆਦੇਸ਼ ਹਸਪਤਾਲ ਭੇਜ ਦਿੱਤਾ ਕਿ ਨਵੇਂ ਸਿਰਿਉਂ ਟੈਸਟ ਕਰਵਾ ਕੇ ਰਿਪੋਰਟ ਤਿਆਰ ਕਰਵਾ ਕੇ ਲਿਆਓ। 26 ਜੁਲਾਈ ਨੂੰ ਵੀ ਆਦੇਸ਼ ਹਸਪਤਾਲ ਦੇ ਡਾਕਟਰਾਂ ਨੇ ਬੱਚੇ ਦਾ ਕੋਈ ਲੋੜੀਂਦਾ ਟੈਸਟ ਕਰਕੇ ਰਿਪੋਰਟ ਦੇਣ ਦੀ ਥਾਂ ਓ.ਪੀ.ਡੀ. ਵਾਲੀ ਪਰਚੀ ਉਪਰ ਹੀ ਆਪਣਾ ਮੱਤ ਲਿਖ ਕੇ ਵਾਪਸ ਥਾਣਾ ਸਿਟੀ ਭੇਜ ਦਿੱਤਾ।
ਅਖੀਰ 27 ਜੁਲਾਈ ਨੂੰ ਬੱਚੇ ਦੇ ਪਰਿਵਾਰ ਵਾਲੇ ਇਹ ਮਸਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਕੋਲ ਲੈ ਕੇ ਆਏ, ਜਿਹਨਾਂ ਨੇ ਪਰਿਵਾਰ ਤੋਂ ਐਫੀਡੈਵਿਟ ਲੈ ਕੇ ਕੇਸ ਦੀ ਅਗਵਾਈ ਆਪਣੇ ਹੱਥ ਵਿੱਚ ਲੈ ਲਈ। ਜਥੇਬੰਦੀ ਦੇ ਸੂਬਾਈ ਆੂਗ ਸੁਰਜੀਤ ਸਿੰਘ ਫੂਲ, ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਦੰਦੀਵਾਲ ਪਰਿਵਾਰ ਨੂੰ ਨਾਲ ਲੈ ਕੇ ਸਕੂਲ ਪਹੁੰਚੇ, ਬੱਚੇ ਰਾਹੀਂ ਘਟਨਾ ਵਾਲੇ ਸਥਾਨ ਦੀ ਪੜਤਾਲ ਕੀਤੀ ਅਤੇ ਸਕੂਲ ਪ੍ਰਿੰਸੀਪਲ ਨੂੰ ਮਿਲੇ। ਸਕੂਲ ਵਿਚਲੇ ਸਾਰੇ ਸੇਵਾਦਾਰਾਂ ਨੂੰ ਜਦ ਪ੍ਰਿੰਸੀਪਲ ਦੇ ਦਫਤਰ ਵਿੱਚ ਇਕੱਠੇ ਕੀਤਾ ਗਿਆ ਤਾਂ ਬੱਚੇ ਨੇ ਸਪੱਸ਼ਟ ਤੌਰ 'ਤੇ ਰਾਮ ਲਖਨ ਨਾਂ ਦੇ ਦੋਸ਼ੀ ਸੇਵਾਦਾਰ ਨੂੰ ਸਾਰਿਆਂ ਵਿੱਚੋਂ ਪਹਿਚਾਣ ਲਿਆ। ਉਸੇ ਦਿਨ ਹੀ ਆਗੂਆਂ ਨੇ ਸਕੂਲ ਪ੍ਰਬੰਧਕਾਂ ਅਤੇ ਥਾਣਾ ਸਿਟੀ ਰਾਮਪੁਰਾ ਦੀ ਇੰਚਾਰਜ ਅਤੇ ਡੀ.ਐਸ.ਪੀ. ਫੂਲ ਨੂੰ ਮਿਲ ਕੇ ਅਲਟੀਮੇਟਮ ਦਿੱਤਾ ਕਿ ਜੇਕਰ 2 ਦਿਨਾਂ ਵਿੱਚ ਦੋਸ਼ੀ ਖਿਲਾਫ ਪਰਚਾ ਕੱਟ ਕੇ ਗਿਰਫਤਾਰ ਨਾ ਕੀਤਾ ਤਾਂ ਥਾਣੇ ਦਾ ਘੇਰਾਓ ਕੀਤਾ ਜਾਵੇਗਾ। ਕੋਈ ਕਾਰਵਾਈ ਨਾ ਹੋਣ ਉਪਰੰਤ 30 ਜੁਲਾਈ ਨੂੰ ਥਾਣਾ ਸਿਟੀ ਰਾਮਪੁਰਾ ਦਾ ਬੀ.ਕੇ.ਯੂ. ਕਰਾਂਤੀਕਾਰੀ ਦੀ ਅਗਵਾਈ ਵਿੱਚ ਪਿੰਡ ਫੂਲ ਦੇ ਲੋਕਾਂ ਵੱਲੋਂ ਕੁੱਝ ਸਮੇਂ ਲਈ ਸੰਕੇਤਕ ਘੇਰਾਓ ਕੀਤਾ ਗਿਆ ਅਤੇ ਸੰਘਰਸ਼ ਤੇਜ ਕਰਨ ਦੀ ਚੇਤਾਵਨੀ ਦਿੱਤੀ ਗਈ। 4 ਅਗਸਤ ਨੂੰ ਸਿਵਲ ਹਸਪਤਾਲ ਬਠਿੰਡਾ ਵਿੱਚ ਪੁਲਸ ਵਾਲਿਆਂ ਅਤੇ ਯੂਨੀਅਨ ਆਗੂਆਂ ਦੀ ਹਾਜ਼ਰੀ ਵਿੱਚ ਪਹਿਲੀ ਵਾਰ ਮੈਡੀਕਲ ਟੈਸਟ ਕਰਵਾਇਆ ਗਿਆ ਅਤੇ ਸੈਂਪਲ ਖਰੜ ਵਿਖੇ ਟੈਸਟ ਲਈ ਭੇਜੇ ਗਏ ਅਤੇ ਰਿਪੋਰਟ ਤਿਆਰ ਕਰਵਾਈ ਗਈ। ਪਰ ਦੋਸ਼ੀ ਖਿਲਾਫ ਫਿਰ ਵੀ ਕੋਈ ਕਾਰਵਾਈ ਪੁਲਸ ਨੇ ਨਾ ਕੀਤੀ।
6 ਅਗਸਤ ਨੂੰ ਕਿਸਾਨ ਯੂਨੀਅਨ ਦੇ ਆਗੂਆਂ ਨਾਲ, ਪੰਜਾਬੀ ਮਾਂ-ਬੋਲੀ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਲੱਖਾ ਸਿੰਘ ਸਿਧਾਣਾ, ਹਰਦੀਪ ਸਿੰਘ ਗੁਰੂਸਰ ਮਹਿਰਾਜ ਅਤੇ 50-60 ਦੇ ਕਰੀਬ ਸਕੂਲੀ ਬੱਚਿਆਂ ਦੇ ਮਾਪੇ ਪੀੜਤ ਬੱਚੇ ਨੂੰ ਨਾਲ ਲੈ ਕੇ ਸਕੂਲ ਵਿੱਚ ਪਹੁੰਚੇ। ਇਸ ਦਿਨ ਵੀ ਪੀੜਤ ਬੱਚੇ ਨੇ ਸਾਰਿਆਂ ਦੀ ਹਾਜ਼ਰੀ ਵਿੱਚ ਕਮਰਿਆਂ ਦੇ ਮਗਰਲੇ ਪਾਸੇ ਘਟਨਾ ਵਾਲੀ ਥਾਂ ਦੀ ਸਪੱਸ਼ਟ ਨਿਸ਼ਾਨਦੇਹੀ ਕੀਤੀ। ਜਦ ਸਕੂਲ ਪ੍ਰਿੰਸੀਪਲ ਨੂੰ ਕਿਹਾ ਕਿ ਸਾਰੇ ਸੇਵਾਦਾਰਾਂ ਨੂੰ ਇੱਕ ਥਾਂ ਇਕੱਠੇ ਕਰੋ ਤਾਂ ਕਿ ਬੱਚੇ ਤੋਂ ਦੋਸ਼ੀ ਦੀ ਦੁਬਾਰਾ ਪਛਾਣ ਕਰਵਾਈ ਜਾ ਸਕੇ ਤਾਂ ਪ੍ਰਿੰਸੀਪਲ ਨੇ ਦੋਸ਼ੀ ਸੇਵਾਦਾਰ ਨੂੰ ਸਕੂਲ ਵਿੱਚੋਂ ਭਜਾ ਦਿੱਤਾ। ਇਸ ਕਾਰਵਾਈ ਦਾ ਐਨਾ ਜਬਰਦਸਤ ਪ੍ਰਤੀਕਰਮ ਹੋਇਆ ਕਿ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਛੁੱਟੀ ਤੋਂ ਪਹਿਲਾਂ ਹੀ ਸਕੂਲ ਬੰਦ ਕਰਕੇ ਗੇਟ ਨੂੰ ਜਿੰਦਰਾ ਜੜ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਦੋਸ਼ੀ ਉੱਤੇ ਪਰਚਾ ਦਰਜ ਕਰਨ ਤੱਕ ਸਕੂਲ ਬੰਦ ਰੱਖਿਆ ਜਾਵੇਗਾ। ਰੋਜ਼ਾਨਾ ਸਵੇਰ ਤੋਂ ਸ਼ਾਮ 2 ਵਜੇ ਤੱਕ ਧਰਨਾ ਦਿੱਤਾ ਜਾਇਆ ਕਰੇਗਾ। ਅਗਲੇ ਦਿਨ 7 ਅਗਸਤ ਨੂੰ ਫਿਰ 2 ਵਜੇ ਤੱਕ ਜਦ ਧਰਨਾ ਚੱਲਿਆ ਤਾਂ ਪੁਲਸ ਨੇ ਮਜਬੂਰੀ ਵਿੱਚ ਧਾਰਾ 377 ਅਤੇ ਪੋਕਸੋ ਐਕਟ 2012 ਤਹਿਤ ਪਰਚਾ ਕਰਕੇ ਆਫ.ਆਈ.ਆਰ. ਦੀ ਨਕਲ ਧਰਨਾਕਾਰੀਆਂ ਦੇ ਹੱਥਾਂ ਵਿੱਚ ਦਿੱਤੀ ਅਤੇ ਸਕੂਲ ਵਾਲਿਆਂ ਨੇ ਦੋਸ਼ੀ ਨੂੰ ਸਸਪੈਂਡ ਕਰ ਦਿੱਤਾ, ਪਰ ਗ੍ਰਿਫਤਾਰੀ ਫਿਰ ਵੀ ਨਾ ਕੀਤੀ। ਇਸ ਕਰਕੇ ਆਗੂਆਂ ਨੇ 7 ਅਗਸਤ ਨੂੰ ਥਾਣਾ ਸਿਟੀ ਰਾਮਪੁਰਾ ਫੂਲ ਨੂੰ ਇਹ ਅਲਟੀਮੇਟਮ ਦਿੱਤਾ ਕਿ ਜੇ ਐਤਵਾਰ ਤੱਕ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸਕੂਲ ਪੱਕੇ ਤੌਰ 'ਤੇ ਬੰਦ ਕੀਤਾ ਜਾਵੇਗਾ। ਅਖੀਰ ਦਿੱਤੇ ਅਲਟੀਮੇਟਮ ਤੋਂ ਪਹਿਲਾਂ ਹੀ ਤਿੱਖੇ ਸੰਘਰਸ਼ ਦੇ ਦਬਾਅ ਤਹਿਤ, ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸੀਖਾਂ ਪਿੱਛੇ ਦੇਣਾ ਪਿਆ।
ਉਪਰੋਕਤ ਘਟਨਾਕਰਮ 'ਚੋਂ ਉੱਭਰਦੇ ਕੁੱਝ ਅਹਿਮ ਸਵਾਲ:
1. ਮਸੂਮ ਸਕੂਲ ਬੱਚੇ ਨਾਲ ਬਦਫੈਲੀ ਸਬੰਧੀ ਐਨਾ ਗੰਭੀਰ ਜੁਰਮ ਹੋਣ ਕਰਕੇ ਵੀ ਐਨੀ ਦੇਰ ਕਾਰਵਾਈ ਕਿਉਂ ਨਹੀਂ ਕੀਤੀ?
2. ਸਕੂਲ ਪ੍ਰਸ਼ਾਸਾਨ ਨੇ ਇਸ ਹੱਦ ਤੱਕ ਜਾ ਕੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕੀਤੀ? ਅਤੇ ਸਕੂਲ ਦੇ ਸੀ.ਸੀ.ਟੀ.ਵੀ. ਕੈਮਰੇ, 2 ਮਹੀਨਿਆਂ ਤੋਂ ਬੰਦ ਕਿਉਂ ਕੀਤੇ ਹਨ? ਅਤੇ ਕੈਮਰਿਆਂ ਸਬੰਧੀ ਵੱਖ ਵੱਖ ਬਿਆਨ ਕਿਉਂ ਬਦਲੇ?
3. ਰਾਮਪੁਰੇ ਬੱਚਿਆਂ ਦੇ ਡਾਕਟਰ ਬਾਂਸਲ ਅਤੇ ਆਦੇਸ਼ ਹਸਪਤਾਲ ਭੁੱਚੋ ਦੇ ਡਾਕਤਰਾਂ ਨੇ ਬੱਚੇ ਦ ਲੋੜੀਂਦੇ ਟੈਸਟ ਕਰਵਾ ਕੇ ਮੈਡੀਕਲ ਰਿਪੋਰਟ ਬਣਾ ਕੇ ਪੁਲਸ ਨੂੰ ਇਤਲਾਹ ਕਿਉਂ ਨਹੀਂ ਦਿੱਤੀ। ਅਤੇ ਮੈਡੀਕਲ ਟੈਸਟ ਨੂੰ 4 ਅਗਸਤ ਤੱਕ 19 ਦਿਨ ਲੇਟ ਕਿਉਂ ਹੋਣ ਦਿੱਤਾ।
4. ਦੋਸ਼ੀ ਰੋਜ਼ਾਨਾ ਸਕੂਲ ਵਿੱਚ ਆਉਂਦਾ ਹੋਣ ਦੇ ਬਾਵਜੂਦ ਪੁਲਸ ਦੇ ਅਧਿਕਾਰੀਆਂ ਨੇ ਸਕੂਲ ਆ ਕੇ ਬੱਚੇ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ਦੀ ਨਿਸ਼ਾਨਦੇਹੀ ਅਤੇ ਦੋਸ਼ੀ ਦੀ ਸ਼ਨਾਖਤ ਬੱਚੇ ਦੇ ਬਿਆਨਾਂ ਅਨੁਸਾਰ ਕਿਉਂ ਨਹੀਂ ਕੀਤੀ?
5. ਐਫ.ਆਈ.ਆਰ. ਵਿੱਚ ਐਨੀਆਂ ਚੋਰ ਮੋਰੀਆਂ ਕਿਉਂ ਛੱਡੀਆਂ ਗਈਆਂ, ਤੇ ਐਫ.ਆਈ.ਆਰ. ਦੇ ਕਈ ਖਾਨੇ ਖਾਲੀ ਕਿਉਂ ਛੱਡੇ ਗਏ? ਮਿਸਾਲ ਵਜੋਂ ਦੋਸ਼ੀ ਦੇ ਕਿੱਤੇ ਵਾਲ ਖਾਨਾ ਅਤੇ ਦੋਸ਼ੀ ਦੀ ਰਿਹਾਇਸ਼ ਅਤੇ ਐਡਰੈਂਸ ਵਾਲਾ ਖਾਨਾ ਆਦਿ।
ਇਹ ਗੱਲ ਬਿਲਕੁੱਲ ਵਿਵਾਦ-ਰਹਿਤ ਹੈ ਕਿ ਕੇਸ ਵਿਚਲੇ ਸਾਰੇ ਸਰਵ-ਹਿੱਤਕਾਰੀ ਵਿਦਿਆ ਮੰਦਰ (ਸਕੂਲ) ਆਰ.ਐਸ.ਐਸ. ਦੀ ਰਹਿਨੁਮਈ ਹੇਠ ਚੱਲ ਰਹੇ ਹਨ। ਇਸ ਸਕੂਲ ਦੀ ਮੈਨੇਜਮੈਂਟ ਦੁਆਰਾ ਪਿਛਲੇ ਦਿਨੀਂ ਖੁਦ ਮੰਨਿਆ ਹੈ ਕਿ ਦੇਸ਼ ਵਿੱਚ ਇੱਕੋ ਸੰਸਥਾ ਦੀ ਰਹਿਨੁਮਾਈ ਅਤੇ ਇੱਕੋ ਉਦੇਸ਼ ਤਹਿਤ ਚੱਲ ਰਹੇ ਸਕੂਲਾਂ ਦੀ ਕੁੱਲ ਗਿਣਤੀ 25000 ਤੋਂ ਉੱਪਰ ਹੈ। 7 ਅਗਸਤ 2018 ਨੂੰ, ਸਕੂਲ ਨੂੰ ਜਿੰਦਰਾ ਲਾ ਕੇ ਲਗਾਏ ਗਏ ਧਰਨੇ ਨੂੰ ਖਦੇੜਨ ਖਾਤਰ, ਸਕੂਲ ਮੈਨੇਜਮੈਂਟ ਵੱਲੋਂ ਚੰਗੀਗੜ੍ਹੋਂ ਆਰ.ਐਸ.ਐਸ. ਦੇ ਸਪੈਸ਼ਲ ਦਸਤੇ ਮੰਗਵਾਏ ਗਏ। ਅਗਲੇ ਦਿਨੀਂ 10 ਅਗਸਤ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਪੁਲਸ ਅਤੇ ਉੱਚ ਸਕਿਊਰਿਟੀ ਤਹਿਤ ਸਕੂਲ ਮੈਨੇਜਮੈਂਟ ਅਤੇ ਬਾਹਰੋਂ ਆਏ ਆਰ.ਐਸ.ਐਸ. ਦੇ ਆਗੂਆਂ ਦੀ ਗੁਪਤ ਕਨਵੈਨਸ਼ਨ ਹੋਈ, ਜਿਸ ਦੀ ਮਾੜੀ ਮੋਟੀ ਭਾਫ ਵੀ ਬਾਹਰ ਨਹੀਂ ਨਿਕਲਣ ਦਿੱਤੀ ਅਤੇ ਇਸ ਦਿਨ ਕਿਸੇ ਵੀ ਬੱਚੇ ਦੇ ਮਾਪੇ ਜਾਂ ਮੀਡੀਆ ਵਾਲੇ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ।
ਸਕੂਲ ਦੇ ਸਾਰੇ ਪ੍ਰਬੰਧਕ, ਸ਼ੁਰੂ ਤੋਂ ਹੀ ਇਸ ਘਟਨਾ ਨੂੰ ਸਕੂਲ ਦੇ ਵਕਾਰ ਨੂੰ ਹੋਣ ਵਾਲੇ ਨੁਕਸਾਨ ਦੇ ਤੌਰ 'ਤੇ ਲੈਂਦੇ ਰਹੇ ਅਤੇ ਪ੍ਰਬੰਧਕਾਂ ਦੀਆਂ ਸਾਰੀਆਂ ਕਾਰਵਾਈਆਂ (ਖਾਸ ਕਰਕੇ ਕਰਕੇ 16 ਜੁਲਾਈ ਤੋਂ ਪਹਿਲਾਂ ਦੇ ਦੋ ਮਹੀਨਿਆਂ ਦੀ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਨੂੰ ਮਿਟਾਉਣਾ ਨੁਕਸਾਨ ਘਟਾਊ (ਡੈਮੇਜ ਕੰਟਰੋਲ) ਕਾਰਵਾਈਆਂ ਲੱਗਦੀਆਂ ਹਨ।
ਆਰ.ਐਸ.ਐਸ. ਦੀ ਸ਼ਾਖਾ ਵਾਲਾ ਸਕੂਲ ਹੋਣ ਕਰਕੇ ਉਸ ਸਕੂਲ ਦੀ ਪਹੁੰਚ ਦਿੱਲੀ ਤੱਕ ਮੰਨੀ ਜਾਂਦੀ ਹੈ। ਇਸ ਤੋਂ ਵੀ ਅੱਗੇ ਦੋਸ਼ੀ ਦਾ ਪਿਛੋਕੜ ਯੂ.ਪੀ. ਦਾ ਹੋਣ ਕਰਕੇ ਉਹ ਖੁਦ ਵੀ ਇਸ ਫਿਰਕੂ ਫਾਸ਼ਿਸ਼ਟ ਜਥੇਬੰਦੀ ਦਾ ਅੰਗ ਹੋ ਸਕਦਾ ਹੈ ਅਤੇ ਪਿਛਲੇ ਸਮੇਂ ਸਾਹਮਣੇ ਆਈ, ਇਸ ਜਥੇਬੰਦੀ ਦੀ 37 ਨੁਕਤਿਆਂ ਵਾਲੀ ਇਸਦੇ ਕਾਰਕੁੰਨਾਂ ਖਾਤਰ ਗੁਪਤ ਹਦਾਇਤਾਂ ਵਾਲੀ ਚਿੱਠੀ ਦੀ ਵੀ ਇਸ ਘਟਨਾ ਨਾਲ ਤੰਦ ਜੁੜਦੀ ਲੱਗਦੀ ਹੈ। ਕਿਉਂਕਿ ਪੀੜਤ ਬੱਚਾ ਜਿੱਥੇ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਸਬੰਧਤ ਹੈ, ਉਥੇ ਦਲਿਤ ਪਰਿਵਾਰਾਂ ਨਾਲ ਵੀ ਸਬੰਧ ਰੱਖਦਾ ਹੈ, ਦੋਸ਼ੀ ਨੂੰ ਹਰ ਹੀਲੇ ਬਚਾਉਣ ਪਿੱਛੇ ਸਕੂਲ ਪ੍ਰਬੰਧਕਾਂ ਦੀਆਂ ਸਿਰਤੋੜ ਕੋਸ਼ਿਸ਼ਾਂ ਨੂੰ ਦੇਖਦਿਆਂ ਇਸ ਸੰਭਾਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਬਦਫੈਲੀ ਦੇ ਦੋਸ਼ ਤੋਂ ਇਲਾਵਾ, ਹੋਰ ਸਾਜਿਸ਼ਾਂ ਨੰਗੀਆਂ ਹੋਣ ਦਾ ਡਰ ਵੀ ਮੈਨੇਜਮੈਂਟ ਨੂੰ ਭੈਭੀਤ ਕਰ ਰਿਹਾ ਹੋਵੇ।
ਸਿਲਾਈ-ਸੈਂਟਰ ਫੂਲ ਟਾਊਨ ਦੇ ਮਾਲਕਾਂ ਦੀ ਵਾਅਦਾ-ਖਿਲਾਫੀ ਵਿਰੁੱਧ ਸੰਘਰਸ਼
ਪ੍ਰਧਾਨ ਮੰਤਰੀ ਕੌਂਸਲ ਵਿਕਾਸ ਯੋਜਨਾ ਅਧੀਨ ਫੂਲ ਕਸਬੇ ਵਿੱਚ ਪੁਨੀਤ ਜੈਨ ਐਂਡ ਕੰਪਨੀ ਵੱਲੋਂ ਦਸੰਬਰ 2017 ਵਿੱਚ ਤਿੰਨ ਮਹੀਨਿਆਂ ਲਈ ਇੱਕ ਸਿਲਾਈ ਸੈਂਟਰ ਖੋਲ੍ਹਿਆ ਸੀ। ਇਸ ਸੈਂਟਰ ਨੇ ਲੜਕੀਆਂ ਨੂੰ ਮੁਫਤ ਸਿਖਲਾਈ ਦੇਣੀ ਸੀ ਅਤੇ ਸੈਂਟਰ ਮਾਲਕ ਨੂੰ ਪ੍ਰਤੀ ਲੜਕੀ ਸਰਕਾਰ ਤੋਂ ਫੰਡ ਹਾਸਲ ਹੋਣੇ ਸਨ। ਸੈਂਟਰ ਵਿੱਚ 120 ਲੜਕੀਆਂ ਦਾਖਲ ਸਨ।
ਦੇਸ਼ ਵਿੱਚ ਪੜ੍ਹੇ-ਲਿਖੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ  ਕੋਈ ਨਾ ਕੋਈ ਹੁਨਰ ਸਿਖਾ ਕੇ ਹੁਨਰਮੰਦ ਬਣਾਉਣ ਦੇ ਨਾਂ ਹੇਠ ਚੱਲ ਰਹੀਆਂ ਕਈ ਯੋਜਨਾਵਾਂ ਵਾਂਗ ਇਹ ਯੋਜਨਾ ਵੀ ਦਿਖਾਉਣ ਨੂੰ ਕੁੱਝ ਹੋਰ ਅਤੇ ਅਸਲ ਵਿੱਚ ਕੁੱਝ ਹੋਰ ਹੀ ਸੀ। ਅਸਲ ਵਿੱਚ ਇਹਨਾਂ ਯੋਜਨਾਵਾਂ ਲਈ ਸਰਕਾਰ ਵੱਲੋਂ ਜੁਟਾਏ ਗਏ ਅਰਬਾਂ-ਖਰਬਾਂ ਦੇ ਫੰਡ ਉੱਚ-ਅਧਿਕਾਰੀਆਂ-ਸਿਆਸਤਦਾਨਾਂ ਅਤੇ ਉਹਨਾਂ ਦੇ ਚਹੇਤਿਆਂ ਲਈ ਕਾਲੀ ਕਮਾਈ ਦਾ ਜ਼ਰੀਆ ਬਣੇ ਹੋਏ ਸਨ। ਕਰੜੀਆਂ ਸ਼ਰਤਾਂ ਪਾਸ ਕਰਵਾ ਕੇ ਸੈਂਟਰ ਨੂੰ ਮਾਨਤਾ ਦਿਵਾਉਣ ਅਤੇ ਤਿੰਨ ਮਹੀਨਿਆਂ ਬਾਅਦ ਸਿੱਖਿਆਰਥਣਾਂ ਨੂੰ ਹੁਨਰਮੰਦੀ ਦੇ ਸਰਟੀਫਿਕੇਟ ਜਾਰੀ ਕਰਵਾਉਣ ਤੱਕ ਸਾਰਾ ਕਾਰੋਬਾਰ ਭ੍ਰਿਸ਼ਟਾਚਾਰ ਨਾਲ ਲੱਥ-ਪੱਥ ਹੈ। ਇਮਾਨਦਾਰੀ ਅਤੇ ਯੋਗਤਾ ਨਾਲ ਸਾਰੀਆਂ ਸ਼ਰਤਾਂ ਪਾਸ ਕਰਕੇ, ਸੈਂਟਰ ਪ੍ਰਾਪਤ ਕਰਨ ਵਾਲੇ ਮਿਹਨਤੀ ਅਧਿਆਪਕਾਂ ਦੇ ਦਿਵਾਲੇ ਨਿੱਕਲ ਜਾਂਦੇ ਹਨ, ਜਾਇਦਾਦਾਂ ਵਿਕ ਜਾਂਦੀਆਂ ਹਨ। ਕਿਉਂਕਿ ਮਾਨਤਾ ਲੈਣ ਤੱਕ ਪਹਿਲਾਂ ਸਾਰਾ ਖਰਚਾ ਸੈਂਟਰ ਮਾਲਕ ਨੂੰ ਪੱਲਿਉਂ ਕਰਨਾ ਪੈਂਦਾ ਹੈ ਅਤੇ ਬਾਅਦ ਵਿੱਚ ਉਸ ਨੂੰ ਕਿਸ਼ਤ ਵਿੱਚ ਸਰਕਾਰ ਵੱਲੋਂ ਅਦਾਇਗੀ ਕੀਤੀ ਜਾਂਦੀ ਹੈ। ਇਹ ਅਦਾਇਗੀ ਪ੍ਰਤੀ ਲੜਕੀ 8000 ਰੁਪਏ ਜਾਂ ਇਸ ਤੋਂ ਵੱਧ ਹੁੰਦੀ ਹੈ। 120 ਕੁੜੀਆਂ ਵਾਲੇ ਸੈਂਟਰ ਨੂੰ 9-10 ਲੱਖ ਰੁਪਏ ਪ੍ਰਾਪਤ ਹੁੰਦੇ ਹਨ। ਇਸ ਲਈ ਜੋ ਸੈਂਟਰ ਮਾਲਕ, ਉੱਚ ਅਧਿਕਾਰੀਆਂ ਦੇ ਵਫਾਦਾਰ ਅਤੇ ਕਮਾਊ ਪੁੱਤ ਬਣ ਕੇ ਕੰਮ ਕਰਦੇ ਹਨ, ਉਹ ਖੱਟ ਜਾਂਦੇ ਹਨ, ਦੂਸਰੇ ਡੁੱਬ ਜਾਂਦੇ ਹਨ। ਅਸਲ ਵਿੱਚ ਕਿਸੇ ਵਿਸ਼ੇਸ ਹੁਨਰ ਦੀ ਸਿਖਲਾਈ ਦੇਣ ਲਈ ਸੈਂਟਰ ਮਾਲਕ (ਫਰੈਂਚਾਇਜੀ) ਨੂੰ ਇੱਕ ਤਰ੍ਹਾਂ ਦਾ ਠੇਕਾ ਦਿੱਤਾ ਜਾਂਦਾ ਹੈ ਅਤੇ ਫਿਰ ਸੈਂਟਰ ਮਾਲਕ ਠੇਕੇਦਾਰ ਬਣ ਕੇ ਠੇਕੇਦਾਰਾਂ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਭਾਵ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਮਾਊ ਪੁੱਤ ਬਣ ਕੇ, ਸਰਕਾਰੀ ਫੰਡਾਂ ਨੂੰ ਰਲ ਕੇ ਚੂਨਾ ਲਾਉਂਦੇ ਹਨ ਅਤੇ ਲੋਕਾਂ ਨਾਲ ਹੈਂਕੜ ਭਰਿਆ ਤਾਨਾਸ਼ਾਹਾਂ ਵਾਲਾ ਰਵੱਈਆ ਰੱਖਦੇ ਹਨ।
ਇਹੀ ਕੁੱਝ ਫੂਲ ਕਸਬੇ ਵਾਲੇ ਸਿਲਾਈ ਸੈਂਟਰ ਦੇ ਮਾਲਕਾਂ ਦੇ ਅਮਲ ਵਿੱਚੋਂ ਸਾਹਮਣੇ ਆਇਆ। ਸਿਲਾਈ ਸੈਂਟਰ ਦੇ ਮਾਲਕ ਪੁਨੀਤ ਜੈਨ ਐਂਡ ਕੰਪਨੀ ਪਹਿਲਾਂ ਵੱਧ ਤੋਂ ਵੱਧ ਕੁੜੀਆਂ ਨੂੰ ਆਪਣੇ ਬਿਜਨਿਸ ਵਿੱਚ ਫਿੱਟ ਕਰਨ ਭਾਵ ਦਾਖਲ ਕਰਵਾਉਣ ਲਈ ਸਹੂਲਤਾਂ ਅਤੇ ਜ਼ਿੰਦਗੀ ਵਿੱਚ ਮਿਲਣ ਵਾਲੇ ਫਾਇਦਿਆਂ ਦੇ ਬੜੇ ਬੜੇ ਸਬਜ਼ਬਾਗ ਦਿਖਾਏ। ਵਧੀਆ ਟਰੇਂਡ ਅਧਿਆਪਕ, ਵਧੀਆ ਮਸ਼ੀਨਾਂ ਅਤੇ 4500 ਰੁਪਏ ਵਜ਼ੀਫੇ ਆਦਿ ਦੀ ਲੋਕਾਂ ਵਿੱਚ ਮੁਨਿਆਦੀ ਕਰਵਾ ਕੇ ਵਾਅਦੇ ਕੀਤੇ ਗਏ। ਜਨਤਾ ਨੂੰ ਭਰਮਾਉਣ ਦੇ ਮਨੋਰਥ ਨਾਲ ਸੈਂਟਰ ਦਾ ਉਦਘਾਟਨ ਵੀ ਇੱਕ ਸਾਬਕਾ ਮੰਤਰੀ ਤੋਂ ਕਰਵਾ ਕੇ ਸੈਂਟਰ ਦੀ ਮੰਤਰੀ ਰਾਹੀਂ ਮਹਿਮਾ ਕਰਵਾਈ ਗਈ।
ਜਿਵੇਂ ਲੋਕ ਕਹਾਵਤ ਹੈ ਕਿ ਚੋਰ ਦੇ ਪੈਰ ਨਹੀਂ ਹੁੰਦੇ'' ਉਸੇ ਤਰ੍ਹਾਂ ਇਸ  ਸੈਂਟਰ ਮਾਲਕ ਦੇ ਮਨ ਵਿੱਚ ਡਰ ਸੀ ਕਿ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਜਾਣ ਉੱਤੇ ਕਿਤੇ ਕੁੜੀਆਂ ਅੱਧ ਵਿਚਕਾਰੋਂ ਹੀ ਨਾ ਛੱਡ ਜਾਣ। ਇਸ ਡਰ ਦਾ ਇਲਾਜ ਕਰਨ ਲਈ ਉਸਨੇ ਸਾਰੀਆਂ ਕੁੜੀਆਂ ਦੇ ਸਕੂਲੀ ਸਰਟੀਫਿਕੇਟ ਤਿੰਨ ਮਹੀਨਿਆਂ ਲਈ ਆਪਣੇ ਕੋਲ ਜਬਤ ਕਰ ਲਏ। ਹਲਫੀਆ ਬਿਆਨ ਲੈ ਕੇ ਕੁੜੀਆਂ ਉੱਤੇ ਸ਼ਰਤਾਂ ਮੜ੍ਹੀਆਂ ਕਿ ਜੇ ਕੋਈ ਕੁੜੀ ਕਿਸੇ ਵੀ ਕਾਰਨ ਅੱਧ ਵਿਚਕਾਰੋਂ ਹਟੇਗੀ ਤਾਂ ਉਸ ਨੂੰ 8000 ਰੁਪਏ ਬਤੌਰ ਜੁਰਮਾਨਾ ਸੈਂਟਰ ਮਾਲਕ ਨੂੰ ਦੇਣੇ ਪੈਣਗੇ, ਫਿਰ ਉਸਦੇ ਸਕੂਲ ਸਰਟੀਫਿਕੇਟ ਵਾਪਸ ਕੀਤੇ ਜਾਣਗੇ।
ਅਪਰੈਲ ਵਿੱਚ ਜਦ ਕੁੜੀਆਂ ਦੇ ਇਮਤਿਹਾਨ ਹੋ ਗਏ ਤਾਂ ਸੈਂਟਰ ਮਾਲਕ ਦੀ ਅਸਲੀ ਬੈਂਗਣੀ ਉੱਘੜਨਵੀ ਸ਼ੁਰੂ ਹੋ ਗਈ. ਇਮਤਿਹਾਨ ਉਪਰੰਤ ਮੁਫਤ ਮਸ਼ੀਨਾਂ ਅਤੇ 4500 ਰੁਪਏ ਵਜ਼ੀਫਾ ਦੇਣ ਤੋਂ ਸਾਫ ਮੁੱਕਰ ਗਿਆ। ਸਰਟੀਫਿਕੇਟ ਦੇਣ ਵਿੱਚ ਵੀ ਆਨਾਕਾਨੀ ਕੀਤੀ ਗਈ। ਜੁਲਾਈ ਵਿੱਚ ਜਾ ਕੇ ਜੋ ਸਰਟੀਫਿਕੇਟ ਦਿੱਤੇ, ਉਹਨਾਂ ਦੀ ਵੁੱਕਤ ਇੱਕ ਮਿਥੇ ਸਮੇਂ ਤੱਕ ਹੀ ਸੀ। ਮਿਥਿਆ ਸਮਾਂ ਖਤਮ ਹੋਣ ਤੋਂ ਬਾਅਦ ਹੁਨਰਮੰਦੀ ਦੇ ਜਾਰੀ ਕੀਤੇ ਸਰਟੀਫਿਕੇਟ ਦੀ ਕੋਈ ਵੀ ਵੁੱਕਤ ਖਤਮ ਹੋ ਜਾਂਦੀ ਸੀ, ਭਾਵ ਸਿਖਾਈ ਵਿੱਚ ਹੁਨਰਮੰਦਗ ਕੁੜੀ ਗੈਰ-ਹੁਨਰਮੰਦ ਬਣ ਜਾਂਦੀ ਸੀ। ਇਸ ਗੱਲ ਨੇ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮਨਾਂ ਵਿੱਚ ਸਭ ਤੋਂ ਵੱਧ ਗੁੱਸਾ ਪੈਦਾ ਕੀਤਾ। ਸਭ ਨੂੰ ਲੱਗਿਆ ਕਿ ਸਾਰੀਆਂ ਕੁੜੀਆਂ ਦੇ ਤਿੰਨ-ਚਾਰ ਮਹੀਨੇ ਬਰਬਾਦ ਕਰਕੇ, ਇਸ ਸੈਂਟਰ ਆਸਰੇ, 9-10 ਲੱਖ ਰੁਪਏ ਮਾਂਜ ਕੇ ਪੁਨੀਤ ਜੈਨ ਕੰਪਨੀ 420 ਕਰ ਗਈ ਹੈ।
ਅੱਗੇ ਚੱਲ ਕੇ ਇੱਕ ਹੋਰ ਭੇਦ ਤੋਂ ਪਰਦਾ ਉੱਠਿਆ ਅਤੇ ਪਤਾ ਲੱਗਿਆ ਕਿ ਸਬੰਧਤ ਸਿਲਾਈ ਸੈਂਟਰ ਦੀ ਵੈਲਡਿਟੀ 16 ਜਨਵਰੀ 2018 ਤੱਕ ਹੀ ਸੀ, ਜਦ ਕਿ ਇਮਤਿਹਾਨ ਅਪਰੈਲ 2018 ਵਿੱਚ ਦਿਵਾਏ ਜਾ ਰਹੇ ਹਨ। ਸੋ ਇਹ ਵੀ ਇੱਕ ਵੱਡੀ ਘਾਟ ਸੀ ਤੇ ਦੋ ਨੰਬਰ ਦੇ ਭ੍ਰਿਸ਼ਟਾਚਾਰੀ ਢੰਗ ਤਰੀਕਿਆਂ ਰਾਹੀਂ ਇਸ ਕਮੀ ਨੂੰ ਦੂਰ ਕਰਵਾਇਆ ਸੀ। ਇਹਨਾਂ ਸਾਰੇ ਭੇਦਾਂ ਤੋਂ ਪਰਦਾ ਉੱਠਣ ਅਤੇ ਸੈਂਟਰ ਸ਼ੁਰੂ ਕਰਨ ਮੌਕੇ ਕੀਤੇ ਵਾਅਦਿਆਂ ਤੋਂ ਮੁਕਰਨ ਕਰਕੇ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮਨਾਂ ਵਿੱਚ ਗੁੱਸੇ ਦਾ ਉਤਪਨ ਹੋਣਾ ਕੁਦਰਤੀ ਸੀ।
ਧੋਖੇ ਦਾ ਸ਼ਿਕਾਰ ਹੋਈਆਂ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਪਹਿਲਾਂ ਸਥਾਨਕ ਸਿਵਲ ਅਧਿਕਾਰੀਆਂ ਅਤੇ ਹਲਕੇ ਦੇ ਮੰਤਰੀ ਕੋਲ ਆਪਣੀ ਫਰਿਆਦ ਕਰਕੇ ਇਨਸਾਫ ਦੀ ਮੰਗ ਕੀਤੀ। ਮੰਤਰੀ ਨੇ ਉਹਨਾਂ ਨੂੰ ਡੀ.ਸੀ. ਬਠਿੰਡਾ ਕੋਲ ਭੇਜ ਦਿੱਤਾ ਤੇ ਡੀ.ਸੀ. ਨੇ ਮੁੜ ਫਿਰ ਐਸ.ਡੀ.ਐਮ. ਰਾਮਪੁਰਾ ਫੂਲ ਕੋਲ ਕਾਰਵਾਈ ਕਰਨ ਲਈ ਕੇਸ ਭੇਜ ਦਿੱਤਾ।
ਅਖੀਰ ਕੇਸ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਆਗੂਆਂ ਕੋਲ ਆਇਆ। ਆਗੂਆਂ ਨੇ ਗਾਈਡ ਕੀਤਾ ਕਿ ਸਾਰੀਆਂ ਪੀੜਤ ਕੁੜੀਆਂ ਤੇ ਉਹਨਾਂ ਦੇ ਮਾਪੇ ਸਿਲਾਈ ਸੈਂਟਰ ਵਿਰੁੱਧ ਸੰਘਰਸ਼ ਕਮੇਟੀ ਬਣਾ ਕੇ, ਘੋਲ ਸ਼ੁਰੂ ਕਰਨ, ਕਿਸਾਨ ਜਥੇਬੰਦੀ ਉਹਨਾਂ ਦੇ ਨਾਲ ਡਟ ਕੇ ਖੜ੍ਹੇਗੀ।
4 ਜੁਲਾਈ ਨੂੰ ਪਹਿਲੀ ਵਾਰ ਪਿੰਡ ਵਿੱਚ ਰੋਸ ਮਾਰਚ ਕਰਕੇ ਐਸ.ਡੀ.ਐਮ. ਦੀ ਕਚਹਿਰੀ ਅੱਗੇ ਰੋਸ ਧਰਨਾ ਦਿੱਤਾ ਅਤੇ ਧਰਨੇ ਉਪਰੰਤ ਇਸ ਠੱਗੀ ਵਾਲੇ ਮਸਲੇ ਦੀ ਜਾਂਚ, ਐਸ.ਡੀ.ਐਮ. ਫੂਲ ਤੋਂ ਵਾਪਸ ਲੈ ਕੇ ਏ.ਡੀ.ਸੀ. (ਵਿਕਾਸ) ਬਠਿੰਡਾ ਨੇ ਖੁਦ ਆਪਣੇ ਹੱਥਾਂ ਵਿੱਚ ਲੈ ਲਈ। ਅਜੇ ਇਹ ਜਾਂਚ ਹੋਣੀ ਬਾਕੀ ਹੈ ਅਤੇ ਸੰਘਰਸ਼ ਜਾਰੀ ਹੈ।
ਪਿੰਡ ਰਾਮਪੁਰਾ ਦੀਆਂ ਜਥੇਬੰਦੀਆਂ ਦਾ ਸਾਂਝਾ ਸੰਘਰਸ਼
ਪਿਛਲੇ ਸਮੇਂ ਵਿੱਚ ਪਿੰਡ ਰਾਮਪੁਰਾ ਵਿਖੇ ਲੋਕ ਸੰਗਰਾਮ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਕ੍ਰਾਂਤੀਕਾਰੀ ਪੇਂਡੁ ਮਜ਼ਦੂਰ ਯੂਨੀਅਨ ਨੇ ਕਈ ਮਹੀਨਿਆਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਿਆ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਪਿਛਲੇ ਸਮਿਆਂ ਵਿੱਚ ਕਣਕ-ਦਾਲ ਸਕੀਮ ਚਲਾਈ ਸੀ ਉਸ ਸਕੀਮ ਤਹਿਤ ਜਾਂ ਤਾਂ ਕਣਕ-ਦਾਲ ਕਈ ਕਈ ਮਹੀਨੇ ਰਾਸ਼ਨ ਡਿਪੂਆਂ 'ਤੇ ਆਉਂਦੀ ਨਹੀਂ, ਜੇਕਰ ਆਉਂਦੀ ਤਾਂ ਕਦੇ ਕਦਾਈ ਹੀ। ਇਸ ਦੌਰਾਨ ਪਿੰਡ ਰਾਮਪੁਰਾ ਦੇ ਕੁੱਲ 1670 ਰਾਸ਼ਨ ਕਾਰਡਾਂ ਵਿੱਚੋਂ 760 ਕਾਰਡ ਕੱਟ ਦਿੱਤੇ ਗਏ। ਜਥੇਬੰਦੀਆਂ ਨੇ ਲੋਕਾਂ ਨੂੰ ਨਾਲ ਲੈ ਕੇ ਐਸ.ਡੀ.ਐਮ. ਫੁਲ ਦੇ ਦਫਤਰ ਵਿਖੇ ਧਰਨਾ ਦਿੱਤਾ। ਉਸਨੇ ਵਿਸ਼ਵਾਸ਼ ਦੁਆਇਆ ਕਿ ਕੱਟੇ ਕਾਰਡ ਚਾਲੂ ਕਰ ਦਿੱਤੇ ਜਾਣਗੇ। ਪਰ ਇਹ ਕੰਮ ਫੂਡ ਸਪਲਾਈ ਮਹਿਕਮੇ ਦਾ ਹੈ, ਉਸ ਤੋਂ ਬਾਅਦ ਜਨਤਕ ਵਫਦ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ। ਉਹਨਾਂ ਵੱਲੋਂ ਦੁਬਾਰਾ ਸਰਵੇ ਕਰਵਾਉਣ ਦੀ ਗੱਲ ਆਖੀ ਗਈ। ਫਿਰ ਜਥੇਬੰਦੀਆਂ ਦੇ ਦਬਾਅ ਸਦਕਾ ਦੁਬਾਰਾ ਸਰਵੇ ਕਰਵਾਇਆ ਗਿਆ, ਜਿਸ ਵਿੱਚ ਜਥੇਬੰਦੀਆਂ ਦੇ ਆਗੂਆਂ ਨੇ ਪੂਰਾ ਪਹਿਰਾ ਦਿੱਤਾ। ਦੁਬਾਰਾ ਕਾਰਡ ਬਣਾਏ ਗਏ। ਅਧਿਕਾਰੀਆਂ 'ਤੇ ਲਗਾਤਾਰ ਦਬਾਅ ਪਾਉਣ ਨਾਲ ਕਾਰਡਾਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ। ਜਦੋਂ ਕੋਈ ਹੱਲ ਨਾ ਦਿਖ ਰਿਹਾ ਸੀ ਤਾਂ ਜਥੇਬੰਦੀਆਂ ਲੋਕ ਸੰਗਰਾਮ ਦੇ ਆਗੂ ਕੇਸ਼ੋਰਾਮ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਆਗੂ ਸੁਰਮੁਖ ਸੇਲਬਰਾਹ, ਮਜ਼ਦੂਰ ਆਗੂ ਜਸਪਾਲ ਸਿੰਘ ਦੀ ਅਗਵਾਈ ਵਿੱਚ ਪਿੰਡ ਦੇ ਲੋਕਾਂ ਦਾ ਵੱਡਾ ਇਕੱਠਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਵੱਡੀ ਗਿਣਤੀ ਵਿੱਚ ਟਰੱਕਾਂ ਟਰਾਲੀਆਂ ਰਾਹੀਂ ਲੋਕਾਂ ਨੂੰ ਲਿਜਾ ਕੇ ਧਰਨਾ ਦਿੱਤਾ ਗਿਆ ਤਾਂ ਅਧਿਕਾਰੀ ਮੰਗ ਪੱਤਰ ਲੈਣ ਲਈ ਆਏ, ਪਰ ਜਥੇਬੰਦੀ ਅਤੇ ਲੋਕਾਂ ਵੱਲੋਂ ਦਬਾਅ ਸਦਕਾ ਅਧਿਕਾਰੀ ਜਲਦ ਮੰਗ ਪੱਤਰ ਲੈਣ ਲਈ ਪੱਬਾਂ ਭਾਰ ਹੋਏ ਪਏ ਸਨ। ਉਸ ਉਪਰੰਤ ਡੀ.ਸੀ. ਬਠਿੰਡਾ ਨੂੰ ਮਿਲਾਇਆ ਗਿਆ। ਗੱਲਬਾਤ ਕੀਤੀ ਗਈ ਫਿਰ ਜ਼ਿਲ੍ਹਾ ਖੁਰਾਕ ਅਫਸਰ ਨੂੰ ਮਿਲਣ ਗਏ ਤਾਂ ਇਕੱਠ ਨੂੰ ਦੇਖ ਕੇ ਪਾਣੀ ਪਾਣੀ ਹੋ ਗਿਆ ਅਤੇ ਜਲਦ ਰਾਸ਼ਣ ਕਾਰਡਾਂ ਚਾਲੂ ਕਰਨ ਅਤੇ ਰਾਸ਼ਣ ਦੇਣ ਦਾ ਵਾਅਦਾ ਕੀਤਾ।
ਇਸ ਸਮੇਂ ਦੌਰਾਨ ਪਿੰਡ ਰਾਮਪੁਰਾ ਦੇ ਲੱਕੜ ਦੀ ਵਾਢੀ ਕਰਨ ਵਾਲੇ ਚਾਰ ਮਜ਼ਦੂਰਾਂ ਦੀ ਲੱਕੜ ਦੀ ਭਰੀ ਟਰਾਲੀ ਵਿੱਚ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ, ਜਿਸ ਵਿੱਚੋਂ ਇੱਕ ਮਜ਼ਦੂਰ ਅੰਗਰੇਜ਼ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਇੱਕ ਬਲਦੇਵ ਸਿੰਘ ਸਖਤ ਜਖ਼ਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਮੌਤ ਹੋ ਗਈ। ਦੋ ਹੋਰ ਜਖ਼ਮੀ ਹੋ ਗਏ। ਇਹਨਾਂ ਦੇ ਇਲਾਜ ਲਈ ਅਤੇ ਮ੍ਰਿਤਕਾਂ ਦੀ ਸਹਾਇਤਾ ਲਈ ਜਥੇਬੰਦੀਆਂ ਨੇ ਪਿੰਡ ਦੇ ਸਹਿਯੋਗ ਨਾਲ ਇੱਕ ਲੱਖ ਪੱਚੀ ਹਜ਼ਾਰ ਰਾਸ਼ੀ ਇਕੱਠੀ ਕਰਕੇ ਉਹਨਾਂ ਵਿੱਚ ਵੰਡੀ। ਪਿੰਡ ਵਾਸੀ ਅਤੇ ਜਥੇਬੰਦੀਆਂ ਮ੍ਰਿਤਕ ਬਲਦੇਵ ਸਿੰਘ ਅਤੇ ਅੰਗਰੇਜ਼ ਸਿੰਘ ਲਈ ਵਿੱਤੀ ਸਹਾਇਤਾ ਲਈ ਐਸ.ਡੀ.ਐਮ. ਫੁਲ ਨੂੰ ਵੱਡਾ ਵਫਦ ਲੈ ਕੇ ਵਾਰ ਵਾਰ ਮਿਲ ਰਹੇ ਹਨ, ਉਹਨਾਂ ਨੂੰ ਵਿੱਤੀ ਸਹਾਇਤਾ ਦੁਆਉਣ ਲਈ ਯਤਨ ਕਰ ਰਹੇ ਹਨ।
ਰਾਮਪੁਰਾ ਪਿੰਡ ਵਿੱਚ ਸਵੱਛ ਭਾਰਤ ਸਕੀਮ ਤਹਿਤ ਲੈਟਰੀਨਾਂ ਲਈ ਜੋ ਰਾਸ਼ੀ ਆਈ ਸੀ, ਥੋੜ੍ਹੀ ਰਾਸ਼ੀ ਦੇ ਬਾਅਦ ਵਿੱਚ ਨਹੀਂ ਆਈ। ਇਸ ਦੇ ਵਿਰੋਧ ਵਿੱਚ ਭਾਰੀ ਇਕੱਠ ਕਰਕੇ ਐਸ.ਡੀ.ਐਮ. ਦਫਤਰ ਅੱਗੇ ਜਾ ਕੇ ਮੋਦੀ ਸਰਕਾਰ ਦੀ ਸਕੀਮ ਦਾ ਪਿੱਟ-ਸਿਆਪਾ ਕੀਤਾ। ਉਕਤ ਸਾਰੇ ਸੰਘਰਸ਼ ਦੌਰਾਨ ਪਿੰਡ ਦੇ ਲੋਕਾਂ ਦੀ ਇੱਕ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਜਥੇਬੰਦੀਆਂ ਦੇ ਪਿੰਡ ਦੇ ਆਗੂ ਬੀ.ਕੇ.ਯੂ. ਦੇ ਗੁਰਜੰਟ ਸਿੰਘ, ਸੁਖਮੰਦਰ ਸਿੰਘ ਮਹਿੰਦਰਪਾਲ ਕੌਰ ਸਿੰਘ ਅਤੇ ਲੋਕਾਂ ਵੱਲੋਂ ਹਰਦੇਵ ਸਿੰਘ, ਮੇਹਰ ਸਿੰਘ, ਹਰਨੇਕ ਸਿੰਘ ਸਾਬਕ ਸਰਪੰਚ, ਜਸਪਾਲ ਸਿੰਘ ਆਦਿ ਸਨ, ਲੋਕ ਸੰਗਰਾਮ ਮੰਚ ਦੇ ਆਗੂ ਸੂਬਾ ਕਮੇਟੀ ਮੈਂਬਰ ਲੋਕ ਰਾਜ ਮਹਿਰਾਜ ਇਲਾਕਾ ਆਗੂ ਕੇਸ਼ੋ ਰਾਮ, ਇਕਾਈ ਦੇ ਮਾਸਟਰ ਅਵਤਾਰ ਸਿੰਘ, ਮਾਸਟਰ ਕੌਰ ਸਿੰਘ ਧਰਮਪਾਲ, ਹਰਜਿੰਦਰ ਸਿੰਘ ਬੱਬੀ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੁਰਮੁਖ ਸਿੰਘ ਸੇਲਬਰਾਹ, ਸੁਖਵਿੰਦਰ ਕੌਰ, ਲੋਕ ਸੰਗਰਾਮ ਮੰਚ ਦੇ ਪੰਜਾਬ ਦੇ ਪ੍ਰਧਾਨ ਸ਼ਾਮਲ ਹੋਏ।
ਪਿੰਡ ਰਾਮਪੁਰਾ ਵਿਖੇ ਲਾਇਬਰੇਰੀ ਚਲਾਉਣ ਸਬੰਧੀ ਉਪਰਾਲਾ
ਪਿੰਡ ਰਾਮਪੁਰਾ ਵਿੱਚ ਰਵੀਦਾਸ ਪੱਤੀ ਵਿੱਚ ਇੱਕ ਲਾਇਬਰੇਰੀ ਦੀ ਬਿਲਡਿੰਗ ਪਹਿਲਾਂ ਹੀ ਮੌਜੂਦ ਸੀ, ਪਰ ਕਿਤਾਬਾਂ ਨਹੀਂ ਸਨ ਅਤੇ ਨਾ ਹੀ ਫਰਨੀਚਰ ਸੀ। ਲੋਕ ਸੰਗਰਾਮ ਮੰਚ ਅਤੇ ਬੀ.ਕੇ.ਯੂ. ਕ੍ਰਾਂਤੀਕਾਰੀ ਨੇ ਲੋਕਾਂ ਨੂੰ ਇਕੱਠੇ ਕਰਕੇ ਉਪਰਾਲਾ ਕੀਤਾ। ਲੋਕ ਸੰਗਰਾਮ ਮੰਚ ਦੀ ਸੂਬਾ ਆਗੂ ਸੁਖਵਿੰਦਰ ਕੌਰ ਅਤੇ ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਆਗੂ ਸੁਰਮੁਖ ਸਿੰਘ ਨੇ ਅਗਵਾਈ ਕੀਤੀ। ਪਿੰਡ ਦੀ ਲਾਇਰਬੇਰੀ ਲਈ ਸਭਜੀਤ ਕੌਰ ਨੇ ਸਭ ਤੋਂ ਪਹਿਲਾਂ 6100 ਰੁਪਏ ਦਾਨ ਕੀਤੇ। ਫਿਰ ਲੋਕਾਂ ਨੇ ਪੈਸੇ ਇਕੱਠੇ ਕੀਤੇ ਲੋੜੀਂਦਾ ਫਰਨੀਚਰ ਅਲਮਾਰੀ, ਕੁਰਸੀਆਂ, ਮੇਜ ਵੀ ਲਿਆਂਦੇ ਅਤੇ ਕੁੱਝ ਕਿਤਾਬਾਂ ਵੀ ਲੋਕਾਂ ਨੇ ਦਾਨ ਕੀਤੀਆਂ, ਜਿਵੇਂ ਪ੍ਰੋ ਜਸਵਿੰਦਰ ਸਿੰਘ ਸ਼ਰਮਾਂ ਨੇ 11 ਕਿਤਾਬਾਂ ਦਿੱਤੀਆਂ, ਲਾਇਬਰੇਰੀ ਵਿੱਚ ਅਖਬਾਰਾਂ ਦਾ ਪ੍ਰਬੰਧ ਦਾਨੀਆਂ ਵੱਲੋਂ ਕੀਤਾ ਗਿਆ। ਇੱਕ ਅਖਬਾਰ ਕੇਸ਼ੋ ਰਾਮ ਵੱਲੋਂ, ਇੱਕ ਅਖਬਾਰ ਮਾਸਟਰ ਸੂਬਾ ਸਿੰਘ ਵੱਲੋਂ, ਇੱਕ ਅਖਬਾਰ ਗੋਪੀ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਮਾਸਿਕ ਅਖਬਾਰ ਲਾਏ ਗਏ ਅਤੇ ਪਿੰਡ ਵਾਸੀਆਂ ਵੱਲੋਂ ਲਾਇਬਰੇਰੀ ਕਮੇਟੀ ਬਣਾਈ ਗਈ ਜਿਸਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਸਹਾਇਕ ਅਤੇ ਕੈਸ਼ੀਅਰ ਮਾਸਟਰ ਕੌਰ ਸਿੰਘ ਬਣਾਏ ਗਏ ਅਤੇ ਕੰਮ ਦੀ ਵੰਡ ਕੀਤੀ ਗਈ। ਆਉਂਦੇ ਦਿਨਾਂ ਵਿੱਚ ਗਰੀਬ ਵਰਗਾਂ ਦੇ ਵਿਦਿਆਰਥੀਆਂ ਲਈ ਕਿਤਾਬਾਂ ਦਾ ਮੁਫਤ ਪ੍ਰਬੰਧ ਕੀਤਾ ਜਾਵੇਗਾ।

ਸਾਂਝਾ ਅਧਿਆਪਕ ਮੋਰਚੇ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਦਾ ਬਿਗਲ

ਸਾਂਝਾ ਅਧਿਆਪਕ ਮੋਰਚੇ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਦਾ ਬਿਗਲ
ਸਾਂਝਾ ਅਧਿਆਪਕ ਮੋਰਚਾ, ਪੰਜਾਬ ਅਧਿਆਪਕਾਂ ਦੇ ਮੰਗਾਂ-ਮਸਲੇ ਹੱਲ ਕਰਾਉਣ ਲਈ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹੈ। ਕੈਪਟਨ  ਸਰਕਾਰ ਦੇ ਬਣਨ ਤੋਂ ਲੈ ਕੇ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਦੀਨਾ ਨਗਰ ਤੋਂ ਲੈ ਕੇ ਲੁਧਿਆਣਾ, ਪਟਿਆਲ਼ਾ ਅਤੇ ਮੋਹਾਲੀ ਤੱਕ ਪ੍ਰਭਾਵਸ਼ਾਲੀ ਇਕੱਠ ਕੀਤੇ ਜਾ ਚੁੱਕੇ ਹਨ। ਕੈਪਟਨ ਸਰਕਾਰ ਅਤੇ ਸਿੱਖਿਆ ਮਹਿਕਮੇ ਦੇ ਉੱਚ ਅਧਿਕਾਰੀਆਂ ਨੇ ਏਸ ਕਦਰ ਬੇਸ਼ਰਮ ਚੁੱਪ ਧਾਰੀ ਹੋਈ ਹੈ ਕਿ ਅਨੇਕਾਂ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਹਾਲੇ ਤੀਕ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਅਧਿਆਪਕਾਂ ਅੰਦਰ ਸਰਕਾਰੀ ਬੇਰੁਖੀ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ। ਓਮ ਪ੍ਰਕਾਸ਼ ਸੋਨੀ ਵੱਲੋਂ ਸਿੱਖਿਆ ਮੰਤਰੀ ਦੀ ਕੁਰਸੀ ਮੱਲ ਲੈਣ ਤੋਂ ਬਾਦ ਹੁਣ ਸਾਂਝਾ ਮੋਰਚਾ ਸੋਨੀ ਦੇ ਹਲਕੇ ਵੱਲ ਵਹੀਰਾਂ ਘੱਤਣ ਦੀ ਵੀ ਸੋਚ ਰਿਹਾ ਹੈ। ਉੱਧਰ ਸਿੱਖਿਆ ਮਹਿਕਮੇ ਦੇ ਸ਼ੇਖ ਚਿੱਲੀ ਵਜੋਂ ਜਾਣੇ ਜਾਂਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਿੱਤ ਫੁਰਮਾਨ 'ਤੇ ਫੁਰਮਾਨ ਚਾੜ੍ਹ ਕੇ ਸਿੱਖਿਆ ਖੇਤਰ ਨਾਲ਼ ਖਿਲਵਾੜ ਕਰਨਾ ਜਾਰੀ ਰੱਖ ਰਿਹਾ ਹੈ। ਮਹਿਕਮੇ ਦੇ ਸਾਰੇ ਅਧਿਕਾਰ ਆਪਣੀ ਮੁੱਠੀ ਵਿੱਚ ਕਰੀ ਫਿਰਦੇ ਕ੍ਰਿਸ਼ਨ ਕੁਮਾਰ ਨੇ ਅਧਿਆਪਨ ਤੋਂ ਲੈ ਕੇ ਦਫਤਰੀ ਕੰਮਾਂ ਤੱਕ ਸਾਰਾ ਕੁੱਝ ਬੁਰੀ ਤਰ੍ਹਾਂ ਉਲ਼ਝਾ ਦਿੱਤਾ ਹੋਇਆ ਹੈ। ਅਧਿਆਪਕ ਬੱਚਿਆਂ ਨੂੰ ਸਮਾਂ ਦੇਣ ਅਤੇ ਖੁਲ੍ਹੇ ਮਨ ਨਾਲ਼ ਪੜ੍ਹਾਉਣ ਦੀ ਬਜਾਏ ਆਨ-ਲਾਈਨ ਕੰਮਾਂ ਦੇ ਗਧੀਗੇੜ ਵਿੱਚ ਹੀ ਫਸੇ ਰਹਿੰਦੇ ਹਨ। ਡਿਜੀਟਲਾਈਜ਼ੇਸ਼ਨ ਦੀ ਆੜ ਹੇਠ ਕੁੱਲ ਕੰਮਾਂ ਨੂੰ ਬੋਝਲ਼ ਤੇ ਉਕਤਾਊ ਬਣਾਇਆ ਜਾ ਰਿਹਾ ਹੈ। ਇਸ ਦਮਘੋਟੂ ਮਹੌਲ ਵਿੱਚ ਵਿਚਰਦੇ ਅਧਿਆਪਕ ਚਿਰਾਂ ਤੋਂ ਲਟਕਦੀਆਂ ਆਂ ਰਹੀਆਂ ਮੰਗਾਂ ਜਿਵੇਂ ਕਿ ਅਨੇਕਾਂ ਵਰਗਾਂ ਵਿੱਚ ਵੰਡੇ ਸਾਰੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਅਤੇ ਸਹੂਲਤਾਂ ਸਮੇਤ ਸਿੱਖਿਆ ਮਹਿਕਮੇ ਵਿੱਚ ਪੱਕੇ ਕਰਨਾ, ਠੇਕਾ ਪ੍ਰਣਾਲ਼ੀ ਬੰਦ ਕਰਨੀ, ਜੀ ਪੀ ਐੱਫ ਸਮੇਤ ਹੋਰ ਅਦਾਇਗੀਆਂ ਉੱਪਰ ਲਾਈ ਅਣਐਲਾਨੀ ਪਾਬੰਦੀ ਖਤਮ ਕਰਨੀ, ਤਨਖਾਹਾਂ ਸਮੇਂ ਸਿਰ ਦੇਣੀਆਂ, ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨੀ, ਕੰਪਿਊਟਰੀਕਰਨ ਅਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੀ ਆੜ ਹੇਠ ਵਿੱਦਿਅਕ ਤੇ ਦਫਤਰੀ ਕੰਮਾਂ ਨੂੰ ਬੋਝਲ਼ ਤੇ ਗੁੰਝਲ਼ਦਾਰ ਬਣਾਉਣ ਦੀਆਂ ਨੀਤੀਆਂ ਬੰਦ ਕਰਨੀਆਂ, ਸਾਰੀਆਂ ਖਾਲ਼ੀ ਅਸਾਮੀਆਂ ਪੁਰ ਕਰਨੀਆਂ, ਹਰ ਪੱਧਰ ਦੀਆਂ ਤਰੱਕੀਆਂ ਕਰਨੀਆਂ, ਬਦਲੀਆਂ ਦਾ ਸਿਆਸੀਕਰਣ ਤੇ ਭਰਿਸ਼ਟੀਕਰਣ ਬੰਦ ਕਰਨਾ, ਤਰਕਹੀਣ ਰੈਸ਼ਨੇਲਾਈਜ਼ੇਸ਼ਨ ਪਾਲਸੀ ਬੰਦ ਕਰਨੀ, ਸਭ ਨੂੰ ਇੱਕੋ (ਪੁਰਾਣੀ) ਪੈਨਸ਼ਨ ਸਕੀਮ ਦੇ ਘੇਰੇ 'ਚ ਲੈਣਾ ਆਦਿ ਨਾਲ਼ ਦੋ-ਚਾਰ ਹੋ ਰਹੇ ਹਨ। “ਸਾਂਝੇ ਮੋਰਚੇ'' ਵੱਲੋਂ ਲੁਧਿਆਣਾ ਵਿਖੇ ਮਈ ਮਹੀਨੇ ਵਿੱਚ ਮਿਸਾਲੀ ਇਕੱਠ ਕਰਨ ਉਪਰੰਤ ਮਿਲੀ ਮੀਟਿੰਗ ਤੋਂ ਭੱਜੀ ਕੈਪਟਨ ਸਰਕਾਰ ਨੂੰ ਚਿਤਾਵਨੀ ਦੇਣ ਲਈ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ ਸੀ। ਇਸ ਐਕਸ਼ਨ ਤੋਂ ਬਾਦ ਵੀ ਮੀਟਿੰਗ ਤੋਂ ਫਿਰ ਭੱਜੀ ਸਰਕਾਰ ਨੂੰ ਹੋਰ ਸਖਤ ਚਿਤਾਵਨੀ ਦੇਣ ਲਈ 28 ਜੁਲਾਈ ਨੂੰ ਫਿਰ ਪਟਿਆਲ਼ਾ ਸ਼ਹਿਰ ਵਿੱਚ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਅਤੇ ਅਧਿਆਪਕਾਂ ਦੇ ਕਾਫ਼ਲੇ ਜਿਉਂ ਹੀ ਪਟਿਆਲ਼ਾ ਸ਼ਹਿਰ ਵਿੱਚ ਪ੍ਰਵੇਸ਼ ਕਰਨੇ ਸ਼ੁਰੂ ਕੀਤੇ, ਅਧਿਕਾਰੀਆਂ ਨੇ ਝੱਟ, ਮੁੱਖ ਮੰਤਰੀ ਨਾਲ਼ 13 ਅਗਸਤ ਦੀ ਮੀਟਿੰਗ ਦਾ ਲਿਖਤੀ ਪੱਤਰ “ਸਾਂਝੇ ਮੋਰਚੇ” ਦੇ ਆਗੂਆਂ ਨੂੰ ਸੌਂਪ ਦਿੱਤਾ ਪਰੰਤੂ ਇਸ ਵਾਰ ਵੀ ਕੈਪਟਨ ਨੇ ਓਹੀ ਪੁਰਾਣੇ ਗੁੱਲ ਖਿਲਾਏ ਭਾਵ ਮੀਟਿੰਗ ਫਿਰ ਠੁੱਸ। ਮੀਟਿੰਗ ਨਿਸ਼ਚਤ ਕਰਨੀ ਤੇ ਭਜ ਜਾਣਾ, ਫਿਰ ਨਿਸ਼ਚਤ ਕਰਨੀ ਫਿਰ ਮੁੱਕਰ ਜਾਣਾ ਇਸ ਨਿਰੰਤਰ ਸਿਲਸਲੇ ਦੇ ਨਾਲ਼ ਨਾਲ਼ ਸਰਕਾਰ ਅਤੇ ਮਹਿਕਮਾ ਜ਼ਾਬਰ ਰੁਖ ਵੀ ਦਿਖਾ ਰਿਹਾ ਹੈ। ਸਰਕਾਰ ਵਿਰੁੱਧ ਧਰਨੇ ਦੇਣ ਬਦਲੇ ਜਰਮਨਜੀਤ ਸਿੰਘ ਤੇ ਅਸ਼ਵਨੀ ਅਵਸਥੀ ਸਮੇਤ ਅੰਮ੍ਰਿਤਸਰ ਦੇ ਪੰਜ ਆਗੂਆਂ ਨੂੰ ਮੁਅੱਤਲ ਕਰ ਦੇਣ ਦੀ ਕਰਤੂਤ ਦਰਸਾਉਂਦੀ ਹੈ ਕਿ ਮੁਅੱਤਲੀਆਂ ਤੇ ਪਰਚਿਆਂ ਦੀ ਘੁਰਕੀ ਦਾ ਹਥਿਆਰ ਵਰਤ ਕੇ ਸਰਕਾਰ ਤੇ ਮਹਿਕਮੇ ਵੱਲੋਂ ਹੱਕ-ਸੱਚ ਦੀ ਆਵਾਜ ਨੂੰ ਦਬਾਉਣ ਦੇ ਭਰਮ ਪਾਲ਼ੇ ਜਾ ਰਹੇ ਹਨ। ਇਸ ਸਥਿਤੀ ਦੇ ਚਲਦਿਆਂ 28 ਅਗਸਤ ਨੂੰ ਇੱਕ ਵਾਰ ਫਿਰ ਮੁੱਖ ਮੰਤਰੀ ਨੇ “ਸਾਂਝੇ ਮੋਰਚੇ” ਨਾਲ਼ ਮੀਟਿੰਗ ਨਿਸ਼ਚਤ ਕੀਤੀ ਹੈ ਭਾਵੇਂ ਕਿ ਅਧਿਆਪਕਾਂ ਅੰਦਰ ਇਹ ਗੱਲ ਵੀ ਵੱਡੇ ਪੱਧਰ 'ਤੇ ਘਰ ਕਰਦੀ ਜਾਪਦੀ ਹੈ ਕਿ ਵਾਰ ਵਾਰ ਮੀਟਿੰਗਾਂ ਤੋਂ ਭੱਜਣ ਵਾਲ਼ੀ ਕੈਪਟਨ ਸਰਕਾਰ ਨੇ ਪੋਲੇ ਪੈਰੀਂ ਕੁੱਝ ਨਹੀਂ ਦੇਣਾ ਸਗੋਂ ਹੋਰ ਹੋਰ ਸਖਤ ਤੇ ਆਰ-ਪਾਰ ਦੀ ਲੜਾਈ ਦੀ ਸ਼ਕਲ ਦਾ ਸੰਘਰਸ਼ ਅਖਤਿਆਰ ਕਰਨਾ ਪੈਣਾ ਹ

ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਨਕਸਲਬਾੜੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਨਕਸਲਬਾੜੀ ਲਹਿਰ ਦੇ ਮੋਢੀ ਆਗੂਆਂ ਕਾਮਰੇਡ ਚਾਰੂ ਮਾਜ਼ੂਮਦਾਰ, ਬਾਬਾ ਬੂਝਾ ਸਿੰਘ ਅਤੇ ਸਮੂਹ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ 28 ਜੁਲਾਈ ਦੀ ਸ਼ਾਮ ਨੂੰ ਪਿੰਡ ਚੱਕ ਮਾਈਦਾਸ (ਨੇੜੇ ਨਵਾਂਸ਼ਹਿਰ) ਵਿਖੇ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖਣ ਤੋਂ ਬਾਅਦ ਲੋਕ ਕਾਫ਼ਲਾ ਦੇ ਸੰਪਾਦਕ ਬੂਟਾ ਸਿੰਘ, ਸੁਰਖ਼ ਰੇਖਾ ਦੇ ਐਕਟਿੰਗ ਨਾਜ਼ਰ ਸਿੰਘ ਬੋਪਾਰਾਏ, ਹਰਪਾਲ ਸਿੰਘ ਤੇ ਹੋਰਨਾਂ ਵੱਲੋਂ ਸ਼ਹੀਦੀ ਲਾਟ 'ਤੇ ਫੁੱਲ ਅਰਪਤ ਕਰਕੇ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਪਿੰਡ ਚੱਕ ਮਾਈਦਾਸ ਅਤੇ ਇਲਾਕੇ ਭਰ 'ਚੋਂ ਪਹੁੰਚੇ ਹੋਏ ਸਾਥੀਆਂ ਨੂੰ ਉਪਰੋਕਤ ਆਗੂਆਂ ਨੇ ਸ਼ਹੀਦ ਸਾਥੀਆਂ ਦੀ ਕੀਤੀ ਹੋਈ ਘਾਲਣਾ ਨੂੰ ਲੋਕਾਂ ਨਾਲ ਸਾਂਝਾ ਕਰਦਿਆਂ ਅੱਜ ਦੇ ਸਮੇਂ ਵਿੱਚ ਨਕਸਲਬਾੜੀ ਲਹਿਰ ਦੇ ਹਥਿਆਰਬੰਦ ਰਾਹ ਨੂੰ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹੋ ਹੀ ਇੱਕੋ ਇੱਕ ਰਾਹ ਹੈ ਜੋ ਸੋਧਵਾਦੀਆਂ ਅਤੇ ਨਵ-ਸੋਧਵਾਦੀਆਂ ਵਿੱਚ ਬੁਨਿਆਦੀ ਨਿਖੇੜੇ ਦੀ ਲਕੀਰ ਖਿੱਚਦਾ ਹੈ ਅਤੇ ਜਿਸ ਨੇ ਅੱਜ ਵੀ ਸਮੇਂ ਦੀ ਹਕੂਮਤ ਨਾਲ ਮੱਥਾ ਲਾਇਆ ਹੋਇਆ ਹੈ ਤੇ ਭਾਰਤ ਵਿੱਚ ਲੋਕਾਂ ਲਈ ਇਹ ਰਾਹ ਦਰਸਾਵਾ ਬਣਨ ਵੱਲ ਵਧ ਰਿਹਾ ਹੈ।
ਕਾਮਰੇਡ ਦਰਸ਼ਨ ਦੁਸਾਂਝ ਦੀ ਬਰਸੀ ਮੌਕੇ ਸ਼ਰਧਾਂਜਲੀਆਂ
ਨਕਸਲਬਾੜੀ ਲਹਿਰ ਦੇ ਉੱਘੇ ਆਗੂ ਕਾਮਰੇਡ ਦਰਸ਼ਨ ਸਿੰਘ ਦੁਸਾਂਝ ਦੀ 18ਵੀਂ ਬਰਸੀ 'ਤੇ ਸ਼ਹੀਦੀ ਯਾਦਗਾਰ ਕਮੇਟੀ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਜਲੰਧਰ ਵੱਲੋਂ ਉਹਨਾਂ ਦੇ ਪਿੰਡ ਦੁਸਾਂਝ ਕਲਾਂ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਦੀ ਤਿਆਰੀ ਵਜੋਂ ਕਮੇਟੀ ਨੇ ਪਿੰਡ ਦੇ ਵਿਅਕਤੀਆਂ ਨਾਲ ਮਿਲ ਕੇ ਪ੍ਰੋਗਰਾਮ ਨੂੰ ਸਫਲ ਕਰਨ ਲਈ ਤਿਆਰੀ ਕਮੇਟੀ ਬਣਾਈ, ਜਿਸ ਵੱਲੋਂ ਦੁਸਾਂਝ ਦੀ ਜ਼ਿੰਦਗੀ ਦੇ ਸਫਰ ਦੀ ਸੰਖੇਪ ਜਾਣਕਾਰੀ ਦਿੰਦਾ ਹੱਥ-ਪਰਚਾ ਘਰ ਘਰ ਪਹੁੰਚਾਇਆ। ਪਿੰਡ ਵਿੱਚ ਅਤੇ ਪਿੰਡ ਦੇ ਅੱਡੇ ਤੋਂ ਇਲਾਵਾ ਫਲੈਕਸਾਂ ਰਾਹੀਂ ਜਾਣਕਾਰੀ ਦਿੰਦੇ ਪੋਸਟਰ ਵੀ ਲਗਾਏ ਗਏ।
ਸ਼ਰਧਾਂਜਲੀ ਸਮਾਗਮ ਮੌਕੇ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਯਾਦ ਵਿੱਚ ਕਾਮਰੇਡ ਦਰਸ਼ਨ ਦੁਸਾਂਝ ਦੀ ਭੈਣ ਜੀ, ਸ੍ਰੀਮਤੀ ਮਹਿੰਦਰ ਕੌਰ, ਹਰਪਾਲ ਸਿੰਘ, ਗੁਰਦੇਵ ਸਿੰਘ ਦੁਸਾਂਝ ਕਲਾਂ, ਸੁਰਖ਼ ਰੇਖਾ ਦੇ ਐਕਟਿੰਗ ਸੰਪਾਦਕ ਨਾਜ਼ਰ ਸਿੰਘ ਬੋਪਾਰਾਏ ਅਤੇ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਵੱਲੋਂ ਸਾਂਝੇ ਤੌਰ 'ਤੇ ਝੰਡਾ ਲਹਿਰਾਇਆ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਕਾਮਰੇਡ ਦੁਸਾਂਝ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀਮਤੀ ਮਹਿੰਦਰ ਕੌਰ, ਹਰਪਾਲ ਸਿੰਘ, ਨਾਜ਼ਰ ਸਿੰਘ ਬੋਪਾਰਾਏ ਅਤੇ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਨੇ ਕਮਿਊਨਿਸਟ ਇਨਕਾਬੀ ਨਕਸਲਬਾੜੀ ਲਹਿਰ ਵਿੱਚ ਕਾਮਰੇਡ ਦਰਸ਼ਨ ਦੁਸਾਂਝ ਦੇ ਅਮਿੱਟ ਯੋਗਦਾਨ, ਉਹਨਾਂ ਦੀ ਮਿਸਾਲੀ, ਸਿਰੜੀ ਇਨਕਲਾਬੀ ਜ਼ਿੰਦਗੀ ਅਤੇ ਕੁਰਬਾਨੀ ਨੂੰ ਚੇਤੇ ਕੀਤਾ ਨਕਸਲਬਾੜੀ ਤੋਂ ਪ੍ਰੇਰਤ ਹੋ ਕੇ ਨਵ-ਜਮਹੂਰੀ ਇਨਕਲਾਬ ਅਤੇ ਲਮਕਵੇਂ ਲੋਕ-ਯੁੱਧ ਦੀ ਲੀਹ ਨੂੰ ਬੁਲੰਦ ਕੀਤਾ। ਆਖਰੀ ਸਾਹ ਤੱਕ ਏਸੇ 'ਤੇ ਹੀ ਡਟ ਕੇ ਪਹਿਰਾ ਦਿੱਤਾ। ਇਸ ਮੌਕੇ ਆਜ਼ਾਦ ਰੰਗ-ਮੰਚ ਵੱਲੋਂ ''ਸੜਕ 'ਤੇ ਰੋੜੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ'' ਗੀਤ ਉੱਪਰ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਪਰਮਜੀਤ ਚੱਕਦੇਸ ਰਾਜ ਨੇ ''ਲਾਲ ਝੰਡਿਆ ਉੱਚਾ ਰੱਖੀਂ ਤੂੰ ਫਰਾਰ, ਹਵਾ ਦੇਣਗੇ ਜੁਝਾਰੂ ਤੈਨੂੰ ਸਮੇਂ ਸਮੇਂ ਨਾਲ'' ਰਾਹੀਂ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਬਾਲੀ ਰਾਮ, ਡਾ. ਸੁਖਦੇਵ ਗੁਰੂ ਹੋਰਾਂ ਵੱਲੋਂ ਗੀਤ ਪੇਸ਼ ਕੀਤੇ ਗਏ, ਪਿੰਡ ਦੁਸਾਂਝ ਕਲਾਂ ਤੋਂ ਮਾ. ਸ਼ਿੰਗਾਰਾ ਸਿੰਘ, ਕਾਮਰੇਡ ਗੁਰਦੇਵ ਸਿੰਘ ਹੋਰਾਂ ਨੇ ਕਾਮਰੇਡ ਦੁਸਾਂਝ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। ਦੁਸਾਂਝ ਕਲਾਂ ਪਿੰਡ ਤੋਂ ਆਰ.ਐਮ.ਪੀ.ਆਈ. ਦੇ ਸਾਥੀ ਤੇ ਜਸਵੀਰ ਸਿੰਘ ਅਤੇ ਮਹਿੰਦਰ ਸਿੰਘ ਖੈਰੜ ਦੀ ਅਗਵਾਈ ਵਿੱਚ ਸੀ.ਪੀ.ਆਈ.(ਐਮ.ਐਲ.) ਨਿਊ-ਡੈਮੋਕਰੇਸੀ ਦੇ ਸਾਥੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
----------------------------
ਸ਼ੋਕ ਸਮਾਚਾਰ
-ਨਕਸਲਬਾੜੀ ਲਹਿਰ ਦੇ ਸ਼ਹੀਦ ਸਾਥੀ ਤਰਸੇਮ ਬਾਵਾ ਦੇ ਮਾਤਾ ਜੀ 27 ਜੁਲਾਈ ਨੂੰ ਸੰਖੇਪ ਜਿਹੀ ਬਿਮਾਰੀ ਉਪਰੰਤ ਵਿੱਛੜ ਗਏ। 28 ਜੁਲਾਈ ਨੂੰ ਉਹਨਾਂ ਦਾ ਅੰਤਿਮ ਸਸਕਾਰ ਹੋਇਆ ਅਤੇ 5 ਅਗਸਤ ਨੂੰ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲੈ ਕੇ ਸ਼ਰਧਾ ਦੇ ਫੁੱਲ ਅਰਪਤ ਕੀਤੇ।
-ਸਾਥੀ ਪਿਆਰਾ ਦੀਨ (ਪਟਿਆਲਾ) ਦੀ ਜੀਵਨ ਸਾਥਣ ਸ੍ਰੀਮਤੀ ਕੁਲਦੀਪ ਕਾਫੀ ਲੰਮੀ ਬਿਮਾਰੀ ਉਪਰੰਤ ਇਨਕਲਾਬੀ ਲਹਿਰ ਦੇ ਕਾਫ਼ਲੇ ਵਿੱਚੋਂ ਵਿਛੜ ਗਏ। ਉਹਨਾਂ ਇਨਕਲਾਬੀ ਜਮਹੂਰੀ ਲਹਿਰ ਅਤੇ ਟਰੇਡ ਯੂਨੀਅਨ ਲਹਿਰ ਵਿੱਚ ਸਰਗਰਮ ਸਾਥੀ ਪਿਆਰਾ ਦੀਨ ਦੀਆਂ ਸਰਗਰਮੀਆਂ ਦੌਰਾਨ ਉਹਨਾਂ ਦਾ ਨਾ ਸਿਰਫ ਹਮਾਇਤੀ ਸਾਥ ਨਿਭਾਇਆ, ਸਗੋਂ ਵਾਹ ਲੱਗਦੀ ਖੁਦ ਵੀ ਸਰਗਰਮੀਆਂ ਵਿੱਚ ਸ਼ਮੂਲੀਅਤ ਵੀ ਕਰਦੇ ਰਹੇ।
-ਇਨਕਲਾਬੀ ਲਹਿਰ ਦੇ ਸਿਰਕੱਢ ਕਾਰਕੁੰਨ ਸਾਥੀ ਬਲਵੰਤ ਮੱਖੂ ਦੀ ਮਾਤਾ ਜੀ ਦੀ ਮੌਤ ਹੋ ਗਈ। ਉਹਨਾਂ ਦੀ ਯਾਦ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਦੂਰੋਂ-ਨੇੜਿਉਂ ਅਨੇਕਾਂ ਸਾਥੀਆਂ ਨੇ ਹਿੱਸਾ ਲਿਆ।
-ਸਾਥੀ ਕਿਸ਼ੋਰੀ ਲਾਲ ਪਟਿਆਲਾ, ਪਿਛਲੇ ਦਿਨੀਂ ਇਨਕਲਾਬੀ ਲਹਿਰ ਦੇ ਕਾਫ਼ਲੇ ਵਿੱਚੋਂ ਸਦਾ ਲਈ ਵਿੱਛੜ ਗਏ। ਇਹ ਸਾਥੀ ਭਾਵੇਂ ਇਸ ਦੁਨੀਆਂ ਨੂੰ ਦੇਖ ਨਹੀਂ ਸਨ ਸਕਦੇ ਪਰ ਜਿਵੇਂ ਉਸ ਨੇ ਦੁਨੀਆਂ ਨੂੰ ਸੁਣ ਕੇ ਸਮਝਿਆ ਉਸ ਵਿਚੋਂ ਉਸ ਨੂੰ ਜਾਪਦਾ ਸੀ ਕਿ ਇਹ ਦੁਨੀਆਂ ਬਦਲ ਕੇ ਨਵੀਂ ਸਿਰਜਣੀ ਪੈਣੀ ਹੈ, ਇਸ ਵਿੱਚ ਇਹ ਸਾਥੀ ਖੁਦ ਆਪ, ਇਕੱਲੇ ਤੌਰ 'ਤੇ ਵੀ ਕਾਫੀ ਹਿੱਸਾਪਾਈ ਕਰਦਾ ਰਿਹਾ। ਦੁਨੀਆਂ ਨੂੰ ਨਾ ਦੇਖ ਸਕਣ ਦੇ ਬਾਵਜੂਦ ਵੀ ਅਨੇਕਾਂ ਹੀ ਕੰਮ ਕਰ ਜਾਣੇ ਅਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਨਾ ਇਹ ਕੁੱਝ ਸਾਥੀ ਕਿਸ਼ੋਰੀ ਲਾਲ ਦੇ ਹਿੱਸੇ ਆਇਆ ਹੈ।
-ਸ਼ਹੀਦ ਇਕਬਾਲ ਸਿੰਘ ਮੰਗੂਵਾਲ ਦੇ ਸਪੁੱਤਰ ਸ੍ਰੀ ਬਹਾਦਰ ਸਿੰਘ ਦੀ ਸੰਖੇਪ ਜਿਹੀ ਬਿਮਾਰੀ ਉਪਰੰਤ ਮੌਤ ਹੋ ਗਈ। ਬਹਾਦਰ ਸਿੰਘ 31 ਦਸੰਬਰ 1970 ਨੂੰ ਪੈਦਾ ਹੋਇਆ ਸੀ, ਜਦੋਂ ਕਿ ਉਸਦਾ ਪਿਤਾ ਇਕਬਾਲ ਸਿੰਘ 1 ਜਨਵਰੀ 1971 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ।
-ਨਰਿੰਦਰ ਸਿੰਘ ਕੋਟਲਾ ਬਾਮਾ ਗੁਰਦਾਸਪੁਰ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ, ਦੀ ਪਤਨੀ ਸ੍ਰੀਮਤੀ ਬਲਵਿੰਦਰ ਕੌਰ ਲੰਮੇ ਸਮੇਂ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ, 3 ਅਗਸਤ ਨੂੰ ਮੌਤ ਹੋ ਗਈ।
-ਅਜੀਤ ਸਿੰਘ ਲੀਲ ਕਲਾਂ (ਕਾਦੀਆਂ) ਦੀ ਪਤਨੀ ਸ੍ਰੀਮਤੀ ਗੁਰਬਚਨ ਕੌਰ ਦੀ ਅਚਨਚੇਤੀ ਮੌਤ ਹੋ ਗਈ ਹੈ।
(ਅਦਾਰਾ ਸੁਰਖ਼ ਰੇਖਾ ਇਹਨਾਂ ਵਿਛੜੇ ਸਾਥੀਆਂ ਦੇ ਪਰਿਵਾਰਾਂ, ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਦੇ ਦੁੱਖਾਂ ਵਿੱਚ ਸ਼ਰੀਕ ਹੁੰਦਾ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ।)

ਦਿੱਲੀ 'ਚ ਬੁੱਧੀਜੀਵੀਆਂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਧਰਨਾ

ਦਿੱਲੀ 'ਚ ਬੁੱਧੀਜੀਵੀਆਂ ਅਤੇ ਜਮਹੂਰੀ ਜਥੇਬੰਦੀਆਂ ਵੱਲੋਂ ਧਰਨਾ
ਇੱਕ ਪਾਸੇ ਦੇਸ਼ ਦੀ ਹਕੂਮਤ ਲੋਕਾਂ ਦੇ ਪੱਖ ਵਿੱਚ ਗੱਲ ਕਰਨ ਵਾਲੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਵਕੀਲਾਂ, ਡਾਕਟਰਾਂ ਅਤੇ ਜਮਹੂਰੀ ਹੱਕਾਂ ਦੇ ਝੰਡਾਬਰਦਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਡੱਕਣ ਰਾਹੀਂ ਇਹ ਭਰਮ ਪਾਲ ਰਹੀ ਹੈ ਕਿ ਸ਼ਾਇਦ ਅਜਿਹਾ ਕਰਨ ਨਾਲ ਲੋਕ ਇਹਨਾਂ ਦੇ ਜਬਰ ਨੂੰ ਦੇਖਦੇ ਹੋਏ ਹੱਕ-ਸੱਚ, ਨਿਆਂ-ਇਨਸਾਫ ਦੀ ਗੱਲ ਕਰਨ ਤੋਂ ਤੋਬਾ ਕਰ ਜਾਣਗੇ, ਪਰ ਦੂਜੇ ਪਾਸੇ ਦਿੱਲੀ ਦੀ ਪਾਰਲੀਮੈਂਟ ਸਟਰੀਟ ਦੇ ਵਿੱਚ 3 ਅਗਸਤ ਨੂੰ ਦੇਸ਼ ਭਰ ਤੋਂ ਆਏ ਬੁੱਧੀਜੀਵੀਆਂ, ਪੱਤਰਕਾਰਾਂ, ਪ੍ਰੋਫੈਸਰਾਂ, ਵਕੀਲਾਂ, ਸਾਬਕਾ ਜੱਜਾਂ, ਜਮਹੂਰੀ ਹੱਕਾਂ ਦੇ ਝੰਡਾਬਰਦਾਰਾਂ ਅਤੇ ਦਰਜ਼ਨਾਂ ਹੀ ਲੋਕ-ਜਥੇਬੰਦੀਆਂ ਦੇ ਕਾਰਕੁੰਨਾਂ ਨੇ ਆਪਣੀ ਰੋਹਲੀ ਅਤੇ ਗਰਜ਼ਵੀਂ ਬੁਲੰਦ ਆਵਾਜ਼ ਵਿੱਚ ਮੋਦੀ ਮਾਰਕਾ ਭਾਜਪਾ ਦੀ ਫਿਰਕੂ-ਫਾਸ਼ੀ ਹਕੂਮਤ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਿੰਨਾ ਮਰਜੀ ਤਾਣ ਲਾ ਲਵੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਗੱਲ ਕਰਨ ਵਾਲਿਆਂ ਨੂੰ ਆਪਣੀ ਗੱਲ ਕਹਿਣ ਤੋਂ ਨਹੀਂ ਰੋਕਿਆ ਜਾ ਸਕਦਾ। ਇੱਥੇ ਸ਼ਾਮਲ ਹੋਏ ਬੁਲਾਰਿਆਂ ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਨੇ ਆਖਿਆ ਕਿ ਕੋਰੇਗਾਉਂ ਦੇ ਜਿਹਨਾਂ ਕੇਸਾਂ ਵਿੱਚ ਦੇਸ਼ ਦੇ ਵੱਖ ਵੱਖ ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਖੁਦ ਅਰੁੰਧਤੀ ਨਾਲੋਂ ਸ਼ਾਇਦ ਹੀ ਕੁੱਝ ਵੱਧ ਲਿਖਿਆ ਜਾਂ ਬੋਲਿਆ ਹੋਵੇ, ਜੇਕਰ ਉਹਨਾਂ ਨੂੰ ਫੜ ਕੇ ਬੰਦ ਕੀਤਾ ਜਾ ਰਿਹਾ ਹੈ ਤਾਂ ਕੱਲ੍ਹ ਨੂੰ ਅਰੁੰਧਤੀ ਸਮੇਤ ਕਿਸੇ ਨੂੰ ਵੀ ਫੜ ਕੇ ਜੇਲ੍ਹ ਦੀ ਸਲਾਖਾਂ ਵਿੱਚ ਪਿੱਛੇ ਡੱਕਿਆ ਜਾ ਸਕਦਾ ਹੈ। ਜੇਕਰ ਲੋਕ ਅੱਗੇ ਆ ਕੇ ਅਜਿਹਾ ਕਰਨ ਤੋਂ ਰੋਕ ਲੈਣਗੇ ਤਾਂ ਰੋਕਥਾਮ ਹੋ ਸਕਦੀ ਹੈ ਨਹੀਂ ਤਾਂ ਇਹ ਫਿਰਕੂ-ਫਾਸ਼ੀ ਟੋਲੇ ਲੋਕਾਂ ਦਾ ਘਾਣ ਕਰਨ ਲਈ ਪੂਰਾ ਤਾਣ ਲਾਉਣਗੇ। ਮਹਾਂਰਾਸ਼ਟਰ ਤੋਂ ਸਾਬਕਾ ਜੱਜ ਪਾਟਿਲ ਨੇ ਆਖਿਆ ਕਿ ਮੋਦੀ ਹਕੂਮਤ ਤਾਂ ਦੇਸ਼ ਦੇ ਸੰਵਿਧਾਨ ਨੂੰ ਹੀ ਬਦਲਣ ਦੇ ਰਾਹ ਪਈ ਹੋਈ ਹੈ, ਇਹ ਆਪਣੇ ਖਿਲਾਫ ਕਿਸੇ ਵੀ ਆਵਾਜ਼ ਨੂੰ ਸੁਣਨਾ ਤੱਕ ਨਹੀਂ ਚਾਹੁੰਦੀ। ਇਹਨਾਂ ਨੇ ਹਾਲਤ ਇਹ ਬਣਾ ਰੱਖੀ ਹੈ ਕਿ ਜਾਂ ਤਾਂ ਆਪਾਂ ਘਰਾਂ ਵਿੱਚ ਸੜੀਏ ਜਾਂ ਫੇਰ ਮੈਦਾਨ ਵਿੱਚ ਆ ਕੇ ਲੜੀਏ। ਘਰਾਂ ਵਿੱਚ ਸੜਨ ਨਾਲੋਂ ਮੈਦਾਨ ਵਿੱਚ ਆ ਕੇ ਲੜਨਾ ਕਿਤੇ ਬੇਹਤਰ ਹੈ। ਬੇਸ਼ੱਕ ਪਹਿਲਾਂ ਹਕੂਮਤ ਨੇ ਪ੍ਰੋ. ਸਾਈਬਾਬਾ ਅਤੇ ਕੋਬਾਦ ਗਾਂਧੀ ਵਰਗਿਆਂ ਨੂੰ ਬਿਨਾ ਦੋਸ਼ਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਹੋਰਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧਮਕਾਉਣਾ ਚਾਹੁੰਦੀ ਹੈ ਪਰ ਦਿੱਲੀ 'ਚ ਪਾਰਲੀਮੈਂਟ ਦੇ ਸਾਹਮਣੇ ਸੈਂਕੜੇ ਲੋਕਾਂ ਨੇ ਮੋਦੀ ਦੀ ਹਕੂਮਤ ਨੂੰ ਲਲਕਾਰਿਆ ਹੈ ਕਿ ਜੇਕਰ ਫੜਨਾ ਹੀ ਹੈ ਤਾਂ ਉਹਨਾਂ ਨੂੰ ਫੜਿਆ ਜਾਵੇ ਕਿਉਂਕਿ ਜਿਹਨਾਂ ਕੇਸਾਂ ਵਿੱਚ ਪਹਿਲਾਂ ਹੋਰਨਾਂ ਨੂੰ ਫਸਾਇਆ ਗਿਆ ਹੈ, ਉਹੋ ਜਿਹਾ ਕੁੱਝ ਤਾਂ ਅਸੀਂ ਸਾਰੇ ਹੀ ਆਖਦੇ ਹਾਂ। ਸ਼ਰੇਆਮ ਆਖਦੇ ਹਾਂ।
ਗੜ੍ਹਚਿਰੋਲੀ ਖੇਤਰ ਵਿੱਚੋਂ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਆਪਣੇ ਗਲਾਂ ਵਿੱਚ ਉੱਥੇ ਝੂਠੇ ਮੁਕਾਬਲੇ ਵਿੱਚ ਮਾਰੇ ਗਏ 42 ਸਾਥੀਆਂ ਦੀਆਂ ਤਸਵੀਰਾਂ ਅਤੇ ਹੱਥਾਂ ਵਿੱਚ ਤਖਤੀਆਂ ਲੈ ਕੇ ਉਹਨਾਂ ਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਸਨ। ਵੱਖ ਵੱਖ ਥਾਵਾਂ ਤੋਂ ਇਨਕਲਾਬੀ ਪ੍ਰਚਾਰ ਸਮੱਗਰੀ ਲੈ ਕੇ ਸਟਾਲਾਂ ਵਾਲੇ ਵੀ ਪਹੁੰਚ ਹੋਏ ਸਨ।
''ਜਨ ਅਧਿਕਾਰ ਕਾਰਜਕਰਤਾਓਂ ਪਰ ਰਾਜਕੀਆ ਦਮਨ ਦੇ ਵਿਰੁੱਧ ਅਭਿਆਨ'' ਨਾਂ ਦੇ ਤਹਿਤ ਕੇਰਲਾ, ਕਲਕੱਤਾ, ਤੁਤੀਕੋਰਨ,  ਦਿੱਲੀ, ਮੁੰਬਈ, ਰਾਂਚੀ ਅਤੇ ਪੰਜਾਬ ਸਮੇਤ ਵੱਖ ਵੱਖ ਹਿੱਸਿਆਂ ਤੋਂ ਇਕੱਠੀਆਂ ਹੋਈਆਂ ਜਥੇਬੰਦੀਆਂ ਅਤੇ ਸਖਸ਼ੀਅਤਾਂ ਵੱਲੋਂ ਮਤੇ ਪਾਸ ਕਰਕੇ ਆਵਾਜ਼ ਉਠਾਈ ਗਈ ਕਿ—
-ਸੁਰਿੰਦਰ ਗਾਡਲਿੰਗ, ਸੋਮਾ ਸੇਨ, ਸੁਧੀਰ ਧਾਵਲੇ, ਰੋਨਾ ਵਿਲਸਨ ਤੇ ਮਹੇਸ਼ ਰਾਵਤ ਨੂੰ ਤੁਰੰਤ ਤੇ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।
-ਭੀਮਾ-ਕੋਰੇਗਾਉਂ ਸੌਰਵ ਦਿਨ ਪ੍ਰੇਰਨਾ ਅਭਿਆਨ ਦੀ ਹਿੰਸਾ ਦੇ ਦੋਸ਼ੀ 'ਸੰਭਾਜੀ ਭਿੜੇ' ਅਤੇ ਮਿਲਿੰਦ ਏਕਬੋਟੇ' ਨੂੰ ਤੁਰੰਤ ਗ੍ਰਿਫਤਾਰ ਕਰੋ।
-ਚੰਦਰ ਸ਼ੇਖਰ ਆਜ਼ਾਦ ਉਰਫ ਰਾਵਣ ਅਤੇ ਭੀਮ ਆਰਮੀ ਦੇ ਬਾਕੀ ਸਾਰੇ ਕਾਰਕੁੰਨਾਂ ਨੂੰ ਤੁਰੰਤ ਅਤੇ ਬਿਨਾ ਸ਼ਰਤ ਰਿਹਾ ਕਰੋ।
-ਅਲਿਕ ਚੱਕਰਵਰਤੀ, ਕੁਸ਼ਲ ਦੇਵਨਾਥ, ਸ਼ਰਮਿੰਟਾ ਚੌਧਰੀ, ਰਾਤੁਲ ਬੈਨਰਜੀ, ਪਰਦੀਪ ਠਾਕੁਰ ਅਤੇ ਬਾਂਗਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਤੁਰੰਤ ਰਿਹਾਅ ਕਰੋ।
-ਹੈਦਰਾਬਾਦ ਯੂਨੀਵਰਸਿਟੀ ਦੇ ਵੀ.ਸੀ. ਅੱਪਾਰਾਓ ਦੀ 'ਹੱਤਿਆ ਦੀ ਸਾਜਿਸ਼' ਕਰਨ ਦੇ ਝੂਠੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਪ੍ਰਿਥਵੀ ਰਾਜ ਤੇ ਚੰਦਨ ਮਿਸ਼ਰਾ ਨੂੰ ਤੁਰੰਤ ਰਿਹਾਅ ਕਰੋ।
-2 ਅਪ੍ਰੈਲ 2018 ਦੇ ਭਾਰਤ ਬੰਦ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਮੈਂਬਰਾਂ ਨੂੰ ਰਿਹਾਅ ਕਰੋ ਅਤੇ ਦੋਸ਼ੀ ਪੁਲਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੋ।
-ਤੁਤੀਕੋਰਨ ਦੇ ਸਾਰੇ ਵਾਸੀਆਂ ਨੂੰ ਤੁਰੰਤ ਰਿਹਾਅ ਕਰੋ ਅਤੇ ਤੁਤੀਕੋਰਨ ਦੇ 13 ਲੋਕਾਂ ਦੀ ਹੱਤਿਆ ਦੇ ਜੁਰਮ ਵਿੱਚ ਤਾਮਿਲਨਾਡੂ ਪੁਲਸ 'ਤੇ ਕਾਰਵਾਈ ਕੀਤੀ ਜਾਵੇ।
-ਪ੍ਰੋ. ਸਾਈਬਾਬਾ, ਹੇਮ ਮਿਸ਼ਰਾ, ਪ੍ਰਸ਼ਾਂਤ ਰਾਹੀ, ਵਿਜੇ ਟਿਰਕੀ ਤੇ ਪਾਂਡੂ ਨਰੋਟੇ ਨੂੰ ਤੁਰੰਤ ਤੇ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ।
-ਤਜ਼ਵੀਜਤ ਚੇਨੱਈ ਸਲੇਮ ਐਕਸਪ੍ਰੈਸ ਵੇ ਦਾ ਵਿਰੋਧ ਕਰਨ ਵਾਲੇ ਸਾਰੇ ਵਿਖਾਵਾਕਾਰੀਆਂ ਨੂੰ ਰਿਹਾਅ ਕਰੋ।
-ਤਿਲੰਗਾਨਾ ਵਿੱਚ ਪੋਡੂ ਜ਼ਮੀਨ ਦੇ ਲਈ ਸੰਘਰਸ਼ਸ਼ੀਲ ਕਾਮਰੇਡ ਮਧੂ, ਅਤੇ ਬਾਕੀ ਸਾਰੇ ਆਦਿਵਾਸੀਆਂ ਅਤੇ ਕਾਰਕੁੰਨਾਂ ਨੂੰ ਰਿਹਾ ਕੀਤਾ ਜਾਵੇ।
-ਭੀਮਾ-ਕੋਰੇਗਾਉਂ ਕੇਸ 2018 ਵਿੱਚ ਫਸਾਏ ਗਏ ਰਿਲਾਇੰਸ ਕੇਬਲ ਵਰਕਰਜ਼ ਯੂਨੀਅਨ ਦੇ 8 ਯੂਨੀਅਨ ਕਾਰਕੁੰਨਾਂ ਨੂੰ ਰਿਹਾਅ ਕਰੋ।
-ਮਜ਼ਦੂਰ ਸੰਗਠਨ ਸਮਿਤੀ (ਐਮ.ਐਸ.ਐਸ.) ਦੇ  ਆਗੂ ਬੱਚਾ ਸਿੰਘ ਨੂੰ ਤੁਰੰਤ ਰਿਹਾਅ ਕਰੋ ਅਤੇ ਮਜ਼ਦੂਰ ਸੰਗਠਨ ਸਮਿਤੀ ਐਮ.ਐਸ.ਐਸ. ਝਾਰਖੰਡ ਪਾਪੂਲਰ ਫਰੰਟ ਆਫ ਇੰਡੀਆ (ਪੀ.ਐਫ.ਆਈ.) ਝਾਰਖੰਡ 'ਤੇ ਲਾਈ ਪਾਬੰਦੀ ਨੂੰ ਤੁਰੰਤ ਖਤਮ ਕੀਤਾ ਜਾਵੇ।
-ਬੁੱਧੀਜੀਵੀਆਂ ਦੀ ਹੱਤਿਆ ਦੀ ਸਾਜਿਸ਼ ਰਚਣ ਵਾਲੇ ਹਿੰਦੂਤਵੀ ਕਾਰਕੁੰਨਾਂ (ਠੇਕੇਦਾਰਾਂ) ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਮਜ਼ਦੂਰ-ਕਿਸਾਨ ਸੰਘਰਸ਼ ਕਮੇਟੀ ਦੀਆਂ ਸਰਗਰਮੀਆਂ


ਮਜ਼ਦੂਰ-ਕਿਸਾਨ ਸੰਘਰਸ਼ ਕਮੇਟੀ ਦੀਆਂ ਸਰਗਰਮੀਆਂ
ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਕੋਰ ਕਮੇਟੀ ਤੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਮੰਗਾ ਨੂੰ ਉਭਾਰਨ ਤੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਵਿਸ਼ਵ ਵਪਾਰ ਸੰਸਥਾਂ ਦੇ ਦਬਾਅ ਹੇਠ ਆਰਥਿਕ ਹਮਲੇ ਨੂੰ ਤੇਜ਼ ਕੀਤਾ Àਹਨਾਂ ਵੱਲੋਂ ਹਮਲੇ ਨੂੰ ਲੋਕਾਂ 'ਚ ਪ੍ਰਚਾਰਨ ਤੇ ਰੋਕਣ ਲਈ ਤਿੰਨ ਦਿਨਾਂ ਮੋਰਚਾ -21, 22, 23 ਅਗਸਤ 2018 ਨੂੰ ਪੰਜਾਬ ਪੱਧਰਾ ਡੀ.ਸੀ ਦਫਤਰਾਂ ਅੱਗੇ ਲਾਇਆ ਜਾਵੇ।
ਮੰਗਾਂ- ਸਮੁੱਚਾ ਕਰਜ਼ਾ ਮਾਫੀ, ਕਰਜੇ ਕਾਰਨ ਕਿਸਾਨਾਂ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦਾ ਪ੍ਰਤੀ ਵਿਅਕਤੀ 10 ਲੱਖ ਰੁਪਏ ਮੁਆਵਜਾਂ, ਇਕ ਜੀਅ ਨੂੰ ਨੌਕਰੀ, ਪਰਵਾਰ ਦਾ ਕਰਜਾ ਖਤਮ ਕਰਨਾ, ਕਿਸਾਨਾਂ-ਮਜ਼ਦੂਰਾਂ ਪੱਖੀ ਕਰਜਾਂ ਕਾਨੂੰਨ ਲਿਆਉਣਾ, (2) ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ ਤੇ ਉਸਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਲੈਣਾ (3) ਪੂਰਨ ਰੂਪ 'ਚ ਨਸ਼ਾਬੰਦੀ, ਬੇਰੋਜ਼ਗਾਰ ਜਵਾਨੀ ਨੂੰ ਰੋਜ਼ਗਾਰ ਲੈ ਕੇ ਦੇਣਾ, ਜਿੰਨਾ ਚਿਰ ਰੋਜ਼ਗਾਰ ਨਹੀਂ ਉਦੋਂ ਤੱਕ 2500 ਰੁਪਏ ਬੇ-ਰੁਜ਼ਗਾਰੀ ਭੱਤਾ ਲੈਣਾ, (4) ਦੁੱਧ ਦੇ ਰੇਟਾਂ 'ਚ ਮਾਰਕਫੈਡ ਵਲੋਂ 10 ਰੁਪਏ ਘਟਾਉਣਾ ਉਸ ਦੀ ਭਰਭਾਈ ਲਈ ਇਸ ਅਦਾਰੇ ਨੂੰ ਸਰਕਾਰ ਸਬਸਿਡੀ ਦੇ ਕੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਵਾਜਬ ਰੇਟ ਦਿਵਾਉਣਾ ਨਕਲੀ ਦੁੱਧ ਤੇ ਦੁੱਧ ਤੋਂ ਬਣੀਆਂ ਨਕਲੀ ਵਸਤਾਂ (ਪਨੀਰ, ਦਹੀ, ਖੋਇਆ, ਕਰੀਮ ਆਦਿ) 'ਤੇ ਪਾਬੰਦੀ ਲਾਉਣਾ (5) ਹਰ ਕਿਸਮ ਦੇ ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣਾ, ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਜੋ 1/3 ਹਿੱਸਾ ਰਾਖਵਾਂ ਦਵਾਉਣਾ (6) ਨਰੇਗਾ 365 ਦਿਨ ਚੱਲੇ ਇਸ ਵਿੱਚ ਖੇਤੀਬਾੜੀ ਕਿੱਤਾ ਸ਼ਾਮਲ ਕੀਤਾ ਜਾਵੇ, ਦਿਹਾੜੀ ਦੁਗਣੀ ਹੋਵੇ, ਬੁਢਾਪਾ ਪੈਨਸ਼ਨ ਸਰਕਾਰੀ ਡੀਪੂ ਤੋਂ ਸਸਤਾ ਅਨਾਜ, ਸ਼ਗਨ ਸਕੀਮ, 10 ਮਰਲੇ ਦੇ ਪਲਾਟ ਆਦਿ ਮੰਗਾਂ ਨੂੰ ਸਰਕਾਰ ਕੋਲੋਂ ਅਮਲ 'ਚ ਲਾਗੂ ਕਰਵਾਉਣ ਅਤੇ ਪਹਿਲਾਂ ਸਰਕਾਰ ਵਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣਾ ਆਦਿ।
ਇਸ ਮੋਰਚੇ 'ਚ ਕਿਸਾਨ-ਮਜ਼ਦੂਰ ਜਨਤਾ ਦੀ ਭਰਵੀਂ ਸ਼ਮੂਲੀਅਤ ਹੋਈ। ਅੰਮ੍ਰਿਤਸਰ, ਤਰਨਤਾਰਨ, ਫਿਰੋਜਪੁਰ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ 'ਚ ਇਹ ਪੂਰੇ ਉਸ ਦਿੱਤੇ ਐਕਸ਼ਨ ਕੀਤੇ ਗਏ। ਇਸੇ ਤਰ੍ਹਾਂ ਮਾਨਸਾ, ਜਗਰਾਵਾਂ, ਬਠਿੰਡਾ, ਫਾਜ਼ਿਲਕਾ ਆਦਿ 'ਚ ਡੈਪੂਟੇਸ਼ਨਾਂ ਰਾਹੀਂ ਮੰਗ ਪੱਤਰ ਦਿੱਤੇ ਗਏ।
ਇਸ ਮੋਰਚੇ ਤੋਂ ਪਹਿਲਾਂ ਇਕ ਜਾਇਜਾ ਬਣਿਆ ਸੀ ਕਿ ਜਦੋਂ ਕਿਸਾਨ-ਮਜ਼ਦੂਰਾਂ ਦੇ ਮੁੱਦੇ ਮੀਡੀਆਂ ਦੇ ਅਜੰਡੇ ਤੇ ਨਹੀਂ ਹਨ ਸਿਵਾਏ ਨਸ਼ੇ ਤੋਂ ਦੇਸ਼ ਤੇ ਪੰਜਾਬ ਦਾ ਮੀਡੀਆ ਸਿੱਧੂ ਦੀ ਜੱਫੀ, ਵਾਜਪਾਈ ਦੀ ਮੌਤ ਦੇ ਵੈਣ, ਮੋਦੀ ਦੇ ਕੁਫ਼ਰ ਪ੍ਰਚਾਰ, ਅਖੌਤੀ ਆਜ਼ਾਦੀ ਦੇ ਜਸ਼ਨਾਂ 'ਚ ਰੁਝਿਆਂ ਸੀ।
ਉਸ ਵਕਤ ਖੇਤੀ ਮੋਟਰਾਂ ਤੇ ਮੀਟਰ ਲਾ ਕੇ ਬਿਲ ਲੈਣ, ਬਿਜਲੀ ਬੋਰਡ ਨੂੰ ਨਿੱਜੀ ਹੱਥਾਂ 'ਚ ਦੇਣਾ, ਪਿਛਲੇ ਸਾਲ 18 ਸਾਲਾਂ ਦੇ ਨਹਿਰੀ ਤੇ ਆਮ ਮਾਮਲੇ ਉਗਰਾਉਣਾ, ਮਜ਼ਦੂਰਾਂ ਦੀ 200 ਯੂਨਿਟ ਬਿਜਲੀ ਮਾਫ਼ੀ, ਇਕ ਕਿਲੋ ਵਾਟ ਆਦਿ ਖੋਹਣਾ, ਖੇਤੀ ਵਸਤਾਂ ਤੋਂ ਸਬਸਿਡੀ ਖੋਹਣਾ ਖੇਤੀ ਮੰਡੀ ਨਿੱਜੀ ਹੱਥਾਂ 'ਚ ਦੇਣ ਦੀ ਸੰਭਾਵਨਾ ਬਹੁਤ ਜਿਆਦਾ ਹੈ। ਇਹ ਗੱਲ ਧਿਆਨ 'ਚ ਰੱਖ ਕੇ ਵੀ ਮੋਰਚੇ ਦੀ ਲਾਮਬੰਦੀ ਲਈ ਵਿਸ਼ੇਸ਼ ਜੋਰ ਲਾਇਆ।
ਮੋਰਚੇ ਦੇ ਪਹਿਲੇ ਦਿਨ ਸਰਕਾਰ ਨੂੰ ਚਿਤਾਰ ਦਿੱਤਾ ਸੀ ਕਿ ਅਸੀਂ ਸੜਕਾਂ ਜਾਮ ਕਰਨ, ਘਿਰਾਓ ਕਰਨ, ਰੇਲਾਂ ਰੋਕਣਾ ਨਹੀਂ ਚਾਹੁੰਦੇ ਜੇਕਰ ਤਿੰਨ ਦਿਨਾਂ ਤੱਕ ਕਿਸੇ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 23 ਅਗਸਤ 2018 ਨੂੰ ਹੈਡਕਵਾਟਰਾਂ ਤੇ ਇਕੱਠੇ ਹੋਕੇ ਰੇਲਾਂ ਦਾ ਚੱਕਾ ਜਾਮ ਕਰਨ ਲਈ ਰੇਲ ਲਾਇਨਾਂ ਵੱਲ ਵੱਧਾਂਗੇ ਇਹ ਤਿੱਖੇ ਐਂਕਸ਼ਨ ਸਰਕਾਰੀ ਬੇਰੁਖੀ ਦੀ ਉਪਜ 'ਚੋਂ ਹੋਣਗੇ।
ਕੈਪਟਨ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਦਬਾਅ ਹੇਠ ਇਕ ਕਦਮ ਪਿੱਛੇ ਹਟੀ ਉਚ ਅਧਿਕਾਰੀਆਂ ਵੱਲੋਂ ਗੱਲਬਾਤ ਦੇ ਅਨੇਕਾਂ ਦੌਰ ਸ਼ੁਰੂ ਹੋਏ ਅੰਤ 29 ਅਗਸਤ 2018 ਨੂੰ ਸਰੇਸ਼ ਕੁਮਾਰ ਤੇ ਹੋਰ ਉਚ ਅਧਿਕਾਰੀਆ ਨਾਲ ਮੀਟਿੰਗ, 12 ਨੂੰ ਮੁੱਖ ਮੰਤਰੀ ਨਾਲ ਮੀਟਿੰਗ, ਲੋਕਲ ਹਜ਼ਾਰਾਂ ਮੰਗਾਂ ਅਸੀਂ ਹਰੇਕ ਡੀ.ਸੀ. ਕੋਲੋਂ ਮੌਕੇ 'ਤੇ ਹਲ ਕਰਵਾਈਆਂ।
ਸਰਕਾਰ ਨੇ ਟਕਰਾਅ ਵਾਲਾ ਰਸਤਾਂ ਨਹੀਂ ਚੁਣਿਆਂ। ਅਸੀਂ ਵੀ ਐਕਸ਼ਨ ਤਿੱਖਾ ਕਰਨ ਦਾ ਐਲਾਨ ਇਸ ਸੰਭਾਵਨਾ ਨੂੰ ਵੇਖ ਕੇ ਟਾਲ ਲਿਆ ਸੀ। ਸਰਕਾਰ ਦਾ ਪਿੱਛੇ ਹਟਣਾ ਇਸ ਗੱਲ ਦਾ ਸਾਡੇ ਲਈ ਸੰਕੇਤ ਹੈ ਕਿ ਆਰਥਿਕ ਹਮਲਾ ਵਕਤੀ ਤੌਰ 'ਤੇ ਟਲ ਗਿਆ ਪਰ ਅਸੀਂ ਅਵੇਸਲੇ ਨਹੀਂ ਹੋਏ ਇਹ ਮੋਰਚੇ ਦੀ ਪ੍ਰਾਪਤੀ ਹੈ ਆਮ ਜਨਤਾ ਤੇ ਮੀਡੀਆ ਸਰਕਾਰ ਦਾ ਧਿਆਨ ਅਸੀਂ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਵੱਲ ਖਿੱਚਣ 'ਚ ਕਾਮਯਾਬ ਹੋਏ ਹਾਂ।
29 ਦੀ ਮੀਟਿੰਗ ਵਿੱਚ ਕਿਸਾਨ-ਮਜ਼ਦੂਰ ਆਗੂਆਂ ਅਤੇ ਆਰ.ਪੀ.ਐਫ. ਸਮੇਤ ਸਾਰੇ ਪੁਲਸ ਕੇਸ ਵਾਪਸ ਲੈਣਾ, ਗੰਨਾ ਬਕਾਇਆ ਸਤੰਬਰ ਤੱਕ ਦੇਣਾ, ਸ਼ਹੀਦ ਪਰਿਵਾਰਾਂ ਨੂੰ ਨੌਕਰੀ, ਆਬਾਦਕਾਰਾਂ ਦੇ ਮਸਲੇ 'ਤੇ ਗੱਲ ਅੱਗ ਵਧੀ, ਕੀ ਸਰਕਾਰ ਇਸ ਲਈ ਕਨੂੰਨ ਵਿੱਚ ਸੋਧ ਕਰੇਗੀ। ਮਜ਼ਦੂਰਾਂ ਦੇ ਬਿਜਲੀ ਬਿੱਲ ਬਕਾਏ ਭਰੋਸਾ ਮਿਲਿਆ। 12 ਸਤੰਬਰ ਨੂੰ ਮੁੱਖ ਮੰਤਰੀ ਨਾਲ ਨੂੰ ਮੀਟਿੰਗ ਹੋਵੇਗੀ।
ਇਸ ਮੋਰਚੇ, ਗੁਰੂ ਗਰੰਥ ਸਾਹਿਬ ਦੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲਸ ਅਧਿਕਾਰੀਆਂ ਜਾਂ ਸਿਆਸੀ ਲੀਡਰਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ- ਦੇ ਮਤੇ ਪਾਸ ਕੀਤੇ।
ਮੋਰਚੇ ਦੇ ਕਿਸਾਨ ਆਗੂਆਂ ਵਿਰੁੱਧ ਸਰਕਾਰ ਪ੍ਰਚਾਰ ਦੀ ਅਕਾਲੀ ਦਲ ਦੇ ਅਜੰਡੇ ਹਨ, ਰਿਸ਼ਵਤ ਦੇ ਭੰਡੀ ਪ੍ਰਚਾਰ ਕਰਨਾ, ਕੈਪਟਨ ਸਰਕਾਰ ਪੰਜਾਬ ਸਰਵਣ ਸਿੰਘ ਪੰਧੇਰ ਨੂੰ ਨਿੱਜੀ ਕਿੜ ਕੱਢਣ ਹੇਠ ਝੂਠੇ ਕੇਸ ਵਿੱਚ ਫਸਾਉਣਾ ਆਦਿ ਦਾ ਜੁਆਬ ਵੀ ਸਰਕਾਰ ਨੂੰ ਦਿੱਤਾ।
ਪਿੰਡ ਲਾਹੁਕਾ ਖੁਰਦ ਫਿਰੋਜ਼ਪੁਰ ਦੇ
ਪਲਾਟਾਂ ਦਾ ਮਸਲਾ
ਇਸ ਪਿੰਡ ਦੇ ਮਜ਼ਦੂਰਾਂ ਨੂੰ 77 ਪਲਾਟ ਬਾਦਲ ਸਰਕਾਰ ਵੇਲੇ ਮਿਲੇ। ਸਰਕਾਰ ਬਦਲਦਿਆਂ ਹੀ ਮੌਕੇ ਦੇ ਹਾਕਮਾਂ ਨੇ ਨਾਂਹ ਕਰ ਦਿੱਤੀ। ਜਥੇਬੰਦੀ ਨੇ ਪਲਾਟਾਂ ਵਾਲੀ ਜ਼ਮੀਨ ਵਿੱਚ ਜਿਸ ਕਿਸਾਨ ਨੇ ਕਣਕ ਬੀਜੀ ਸੀ- ਮਜ਼ਦੂਰਾਂ ਦਾ ਸਮਝੌਤਾ ਕਰਵਾ ਕੇ, ਠੇਕੇ ਦੇ ਰੁਪਏ ਕਿਸਾਨ ਨੂੰ ਇਹਨਾਂ ਦੇ ਕੇ ਉਹਨਾਂ ਪਲਾਟਾਂ 'ਤੇ 20 ਪਰਿਵਾਰਾਂ ਨੂੰ ਕਬਜ਼ਾ ਦੁਆਇਆ। ਪੰਚਾਇਤ ਨੇ ਜਬਰੀ ਬੋਲੀ ਕਰਵਾ ਕੇ ਵਾਹੁਣ ਦੀ ਕੋਸ਼ਿਸ਼ ਕੀਤੀ, ਪਰ ਪੰਚਾਇਤ ਸਫਲਤਾ ਨਾ ਹੋ ਸਕੀ। ਮਜ਼ਦੂਰਾਂ ਨੂੰ ਅਦਾਲਤੀ ਸਟੇਅ ਮਿਲ ਗਿਆ। ਪ੍ਰਸ਼ਾਸਨ ਨੇ ਹਾਲਤਾਂ ਨੂੰ ਵੇਖਦਿਆਂ ਹੋਇਆਂ ਉੱਥੇ ਪੁਲਸ ਚੌਕੀ ਬਿਠਾ ਦਿੱਤੀ। ਕੁੱਝ ਸਮੇਂ ਬਾਅਦ ਇੰਦਰਜੀਤ ਸਿੰਘ ਜ਼ੀਰਾ ਦੇ ਸਮਰਥਕਾਂ ਨੇ ਤਕਰੀਬਨ 200 ਦੇ ਉੱਪਰ ਮਜ਼ਦੂਰਾਂ ਦੇ ਘਰਾਂ ਨੂੰ ਢਾਹ ਦਿੱਤਾ ਪੂਰੀ ਤਰ੍ਹਾਂ ਗੁੰਡਾਗਰਦੀ ਕੀਤੀ। ਮਜ਼ਦੂਰ ਮੌਕੇ 'ਤੇ ਘਰਾਂ ਵਿੱਚ ਨਹੀਂ ਸਨ। ਕੁੱਝ ਔਰਤਾਂ ਜਿਹਨਾਂ ਵਿਰੋਧ ਕੀਤਾ, ਉਹਨਾਂ 'ਤੇ ਤਸ਼ੱਦਦ ਕੀਤਾ ਗਿਆ। ਇਸ ਕੇਸ ਦੀ ਹੋਰ ਸਿਤਮਗਿਰੀ ਹੀ ਇਸ ਪਿੰਡ ਦੇ ਕਿਸਾਨ ਆਗੂਆਂ ਨੂੰ ਪਹਿਲਾਂ ਨਜਾਇਜ਼ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ।
ਜਥੇਬੰਦੀ ਨੇ ਇਸ ਕੇਸ ਨੂੰ ਮੁੱਖ ਰੱਖ ਕੇ ਤੇ ਹੋਰ ਕੇਸਾਂ ਨੂੰ ਨਾਲ ਲੈ ਕੇ 10 ਜੁਲਾਈ ਨੂੰ ਐਸ.ਐਸ.ਪੀ. ਫਿਰੋਜ਼ਪੁਰ ਅੱਗੇ ਧਰਨਾ ਦਿੱਤਾ। 12 ਜੁਲਾਈ ਨੂੰ ਰੇਲਾਂ ਜਾਮ ਕੀਤੀਆਂ। ਪ੍ਰਸ਼ਾਸਨ ਨਾਲ ਸਮਝੌਤਾ ਹੋਇਆ। ਪਰ ਮੁੱਕਰ ਗਏ। ਮੋਰਚਾ ਚੱਲਦਾ ਰਿਹਾ। 16 ਜੁਲਾਈ ਨੂੰ ਡੀ.ਸੀ. ਦਾ ਘੇਰਾਓ ਕੀਤਾ, 25 ਜੁਲਾਈ ਨੂੰ ਦੋਵਾਂ ਜ਼ਿਲ੍ਹਿਆਂ ਦਾ ਇਕੱਠ ਕਰਕੇ ਐਲਾਨ ਕਰਕੇ ਰੇਲਾਂ ਜਾਮ ਕੀਤੀਆਂ। ਰੇਲਾਂ ਤੇ ਜਾਣ ਲਈ ਪੁਲਸ ਨਾਲ ਧੱਕਾ-ਮੁੱਕੀ ਕਾਫੀ ਹੋਈ। ਉਪਰੰਤ ਦੋਸ਼ੀਆਂ ਖਿਲਾਫ ਬਾਈ-ਨੇਮ ਪਰਚੇ ਹੋਏ।
ਇਸ ਨਾਲ ਕੱਚਰਭੰਨ ਖੁਦਕੁਸ਼ੀ ਕਾਂਡ ਦੀ ਜਾਂਚ ਨੂੰ ਮੁਕੰਮਲ ਕਰਨ ਲਈ, ਥਾਣਾ ਮੱਲਾਂਵਾਲਾ ਵਿੱਚ, ਧਰਨਾ ਦੇ ਰਹੇ ਆਗੂਆਂ 'ਤੇ ਹਮਲੇ ਦੀ ਜਾਂਚ ਜਲਦੀ ਕਰਨ, ਸੰਦਾਂ ਦੀ ਭੰਨਤੋੜ, ਟੈਂਟ ਪਾੜਨ, ਜਖਮੀਆਂ ਦਾ ਮੁਆਵਜਾ ਸਮਾਂ-ਬੱਧ ਕੀਤਾ ਗਿਆ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਗਰੂਰ 'ਚ ਧਰਨਾ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਗਰੂਰ 'ਚ ਧਰਨਾ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਿੰਡ ਕਾਕੜਾ ਵਿਖੇ ਹੋਈ ਡੰਮੀ ਬੋਲੀ ਖਿਲਾਫ 6 ਜੁਲਾਈ ਨੂੰ ਡੀਸੀ ਦਫ਼ਤਰ ਸੰਗਰੂਰ ਮੂਹਰੇ ਧਰਨਾ ਲਗਾਇਆ ਗਿਆ। ਇਕ ਘੰਟੇ ਲਈ ਘਿਰਾਓ ਕੀਤਾ ਡੀਡੀਪੀਓ ਸੁਖਪਾਲ ਸਿੰਘ ਸਿੱਧੂ ਨੇ ਵਫ਼ਦ ਨੂੰ ਪੂਰਨ ਵਿਸ਼ਵਾਸ ਦੁਆਇਆ ਕਿ ਡੰਮੀ ਬੋਲੀ ਰੱਦ ਕੀਤੀ ਜਾਵੇਗੀ ਅਤੇ ਇਸ ਸਬੰਧੀ ਪੂਰਾ ਰਿਕਾਰਡ ਬੀ ਡੀ ਪੀ ਓ ਰਾਹੀਂ ਮੰਗਵਾਇਆ ਜਾਵੇਗਾ ਅਤੇ ਵੀਰਵਾਰ ਨੂੰ ਬੋਲੀ ਪਿੰਡ ਦੀ ਜਨਤਕ ਥਾਂ ਨਿਯਮਾਂ ਮੁਤਾਬਕ ਦਲਿਤ ਮਜ਼ਦੂਰ ਭਾਈਚਾਰੇ ਦੀ ਧਰਮਸ਼ਾਲਾ ਚ ਕਰਵਾਈ ਜਾਵੇਗੀ। ਪਿੰਡ ਕਾਕੜਾ ਵਿਖੇ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਦੀ ਬੋਲੀ ਘੱਟ ਰੇਟ ਤੇ ਅਤੇ ਸਾਂਝੇ ਤੌਰ ਤੇ ਲੈਣ ਲਈ ਲਗਾਤਾਰ ਚੱਲ ਰਹੇ ਤਿੱਖੇ ਸੰਘਰਸ਼ ਤਹਿਤ ਪਿਛਲੀ ਰਾਤ ਉਦੋਂ ਮਾਹੌਲ ਗਰਮਾ ਗਿਆ ਜਦੋਂ ਹੀ ਪੰਚਾਇਤੀ ਰਿਜ਼ਰਵ ਕੋਟੇ ਜ਼ਮੀਨ ਚ ਬਿਨਾਂ ਬੋਲੀ ਹੋਏ ਟਰੈਕਟਰ ਰਾਹੀ ਵਹਾਈ ਹੋਣੀ ਸ਼ੁਰੂ ਹੋਈ ਤਾਂ ਦਲਿਤ ਮਜ਼ਦੂਰ ਭਾਈਚਾਰੇ ਨੇ ਇਕੱਠੇ ਹੋ ਕੇ ਉਸ ਜ਼ਮੀਨ ਚੋਂ ਟਰੈਕਟਰ ਚਾਲਕ ਨੂੰ ਬਾਹਰ ਕੱਢਿਆ ਅਤੇ ਵਹਾਈ ਰੋਕੀ ।ਇਸ ਉਪਰੰਤ ਚੱਕਾ ਜਾਮ ਕੀਤਾ ਗਿਆ ਤਾਂ ਐੱਸ ਐੱਚ ਓ ਭਵਾਨੀਗੜ੍ਹ ਨੇ ਆ ਕੇ ਵਿਸ਼ਵਾਸ ਦੁਆਇਆ ਕਿ ਤੁਹਾਨੂੰ ਹਰ ਹਾਲਤ ਵਿੱਚ ਇਨਸਾਫ਼ ਮਿਲੇਗਾ ਉਨ੍ਹਾਂ ਵੱਲੋਂ ਵਿਸ਼ਵਾਸ ਦੁਆਏ ਜਾਣ ਤੋਂ ਬਾਅਦ ਚੱਕਾ ਜਾਮ ਉਠਾਇਆ ਗਿਆ । ਅੱਜ ਛੇ ਜੁਲਾਈ ਨੂੰ ਬੀਡੀਪੀਓ ਭਵਾਨੀਗੜ੍ਹ ਦਫਤਰ ਮੂਹਰੇ ਧਰਨਾ ਲਗਾਏ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਡੰਮੀ ਬੋਲੀ ਹੋਈ ਹੈ ਤਾਂ ਡੰਮੀ ਬੋਲੀ ਨੂੰ ਰੱਦ ਕਰਨ ਦਾ ਅਧਿਕਾਰ ਡੀ ਡੀ ਪੀ ਓ ਕੋਲ ਹੈ ਤੁਸੀਂ ਉਸ ਨੂੰ ਜਾ ਕੇ ਮਿਲੋ ਉਹ ਜੋ ਮੈਨੂੰ ਹਦਾਇਤ ਕਰਨਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ..................... ਜ਼ਿਕਰਯੋਗ ਹੈ ਕਿ ਅੱਜ ਸਵੇਰੇ ਭਵਾਨੀਗੜ੍ਹ ਵਿਖੇ ਅਤੇ ਸੰਗਰੂਰ ਵਿਖੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਕਰ ਰਹੇ ਪਿੰਡ ਆਗੂਆਂ ਉੱਪਰ ਘੜੰਮ ਚੌਧਰੀਆਂ ਦੇ ਇਸ਼ਾਰੇ ਤੇ ਇਕ ਔਰਤ ਸਮੇਤ ਤਿੰਨ ਜਣਿਆਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਜੋ ਪਟਿਆਲੇ ਰੈਫ਼ਰ ਕਰ ਦਿੱਤੇ ਹਨ ਜੋ ਗੰਭੀਰ ਜ਼ਖਮੀ ਹਨ............. ਹਮਲਾ ਕਰਨ ਪਿੱਛੇ ਸਾਜ਼ਿਸ਼ ਇਹ ਕੰਮ ਕਰਦੀ ਸੀ ਕਿ ਕਿਸੇ ਵੀ ਕੀਮਤ ਤੇ ਧਰਨਾ ਸਫਲ ਨਾ ਹੋ ਸਕੇ ।ਪਰ ਉਨ੍ਹਾਂ ਦੇ ਇਰਾਦੇ ਨਾਕਾਮ ਸਾਬਤ ਹੋਏ ਅਤੇ ਧਰਨਾ/ ਘਿਰਾਓ ਪੂਰੀ ਤਰ੍ਹਾਂ ਸਫਲ ਸਿੱਧ ਹੋਇਆ ।
ਪਿੰਡ ਖਡਿਆਲ ਛਾਜਲਾ ਅਤੇ ਉਪਲੀ ਵਿਖੇ ਤੀਜੇ ਹਿੱਸੇ ਦੀ ਜ਼ਮੀਨ ਦਲਿਤ ਮਜ਼ਦੂਰ ਭਾਈਚਾਰੇ ਨੂੰ ਘੱਟ ਰੇਟ ਤੇ ਮਿਲ ਜਾਣ ਤੋਂ ਬਾਅਦ ਕੀਤੀ ਜੇਤੂ ਰੈਲੀ
ਪਿੰਡ ਖਡਿਆਲ ਵਿਖੇ ਪੰਚਾਇਤੀ ਰਿਜ਼ਰਵ ਕੋਟੇ ਦੀ ਤੀਜੇ ਹਿੱਸੇ ਦੀ ਜ਼ਮੀਨ ਦਲਿਤ ਮਜ਼ਦੂਰ ਭਾਈਚਾਰੇ ਨੇ ਤਿੱਖੇ ਸੰਘਰਸ਼ ਚੋਂ ਲੰਘਦਿਆਂ ਘੜੰਮ ਚੌਧਰੀਆਂ ਦੇ ਭੇਜੇ ਹੋਏ ਮੋਹਰਿਆਂ ਦੇ ਮਨਸੂਬਿਆਂ ਨੂੰ ਫੇਲ ਕਰਦਿਆਂ ਆਖਿਰਕਾਰ ਏਕਤਾ ਤੇ ਸੰਘਰਸ਼ ਰਾਹੀਂ ਜ਼ਮੀਨ ਪ੍ਰਾਪਤ ਕਰ ਲਈ । ਜ਼ਮੀਨ ਪ੍ਰਾਪਤ ਕਰ ਲਏ ਜਾਣ ਤੋਂ ਬਾਅਦ ਕੀਤੀ ਜੇਤੂ ਰੈਲੀ। .....ਇਸੇ ਤਰ੍ਹਾਂ ਪਿੰਡ ਛਾਜਲਾ ਅਤੇ ਓਪਲੀ ਵਿਖੇ ਤਿੱਖੇ ਸੰਘਰਸ਼ ਦੀ ਬਦੌਲਤ ਦਲਿਤ ਮਜ਼ਦੂਰ ਭਾਈਚਾਰਾ ਘੱਟ ਰੇਟ ਤੇ ਅਤੇ ਸਾਂਝੇ ਤੌਰ ਤੇ ਜ਼ਮੀਨ ਲੈਣ ਚ ਕਾਮਯਾਬ ਹੋਇਆ।
ਰਿਹਾਇਸ਼ੀ ਪਲਾਟਾਂ ਤੇ ਪੰਚਾਇਤੀ ਜ਼ਮੀਨ ਚੋਂ ਦਲਿਤਾਂ ਦਾ ਬਣਦਾ ਹੱਕ ਲੈਣ ਲਈ ਪੰਚਾਇਤ ਜ਼ਮੀਨ ਚ ਝੰਡਾ ਗੱਡ ਕੇ ਫਰਜੀ ਬੋਲੀ ਦੇ ਵਿਰੋਧ ਵਿੱਚ ਪਿੰਡ ਹੱਸਨ ਮੁੰਡਾ ਬਲਾਕ ਜਲੰਧਰ ਪੱਛਮੀ ਵਿਖੇ ਚੱਲ ਰਹੇ ਸ਼ੰਘਰਸ ਦੀ ਅਗਵਾਈ ਕਰ ਰਹੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸਥਾਨਕ ਆਗੂ ਸੁਖਵਿੰਦਰ ਕੌਰ ਉੱਪਰ ਕਾਂਗਰਸੀ ਪੇਂਡੂ ਚੌਧਰੀਆਂ ਵਲੋਂ ਸ਼ਾਜ਼ਿਸ਼ ਤਹਿਤ ਜਾਨਲੇਵਾ ਕੀਤਾ ਗਿਆ ।ਬਚਾਅ ਲਈ ਅੱਗੇ ਆਏ ਕਿਰਤੀਆਂ ਤੇ ਉਸ ਨਾਬਾਲਿਗ ਧੀ ਦੇ ਵੀ ਸੱਟਾਂ ਮਾਰੀਆਂ ਗਈਆਂ । Zpsc ਦੋਸੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀ ਹ

''ਮੇਰਾ ਨਾਂ ਅਰੁੰਧਤੀ ਰਾਏ ਹੈ, ਮੈਂ ਵੀ ਸ਼ਹਿਰੀ ਨਕਸਲੀ ਹਾਂ''

''ਮੇਰਾ ਨਾਂ ਅਰੁੰਧਤੀ ਰਾਏ ਹੈ, ਮੈਂ ਵੀ ਸ਼ਹਿਰੀ ਨਕਸਲੀ ਹਾਂ''
''ਅੱਜ ਸਵੇਰ (30 ਅਗਸਤ 2018) ਦੇ ਅਖਬਾਰਾਂ ਨੇ ਉਹ ਚੀਜ਼ ਤੈਅ ਕਰ ਦਿੱਤੀ, ਜਿਸ ਨੂੰ ਲੈ ਕੇ ਅਸੀਂ ਕੁੱਝ ਸਮੇਂ ਤੋਂ ਬਹਿਸ ਕਰਦੇ ਆ ਰਹੇ ਹਾਂ। ਇੰਡੀਅਨ ਐਕਸਪ੍ਰੈਸ ਦੀ ਮੁੱਖ ਸਫੇ ਦੀ ਰਿਪੋਰਟ ਕਹਿੰਦੀ ਹੈ, ''ਪੁਲਸ ਅਦਾਲਤ ਨੂੰ ਸੰਬੋਧਤ ਹੋ ਕੇ: ਜਿਹਨਾਂ ਨੂੰ ਫੜਿਆ  ਗਿਆ ਹੈ, ਇਹ ਸਰਕਾਰ ਨੂੰ ਉਲਟਾਉਣ ਲਈ ਬਣਾਏ 'ਫਾਸ਼ੀਵਾਦ ਵਿਰੋਧੀ ਫਰੰਟ' ਦੀ ਸਾਜਿਸ਼ ਦਾ ਹਿੱਸਾ ਹਨ''। ਹੁਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਸਾਹਮਣਾ  ਇੱਕ ਐਸੇ ਨਿਜ਼ਾਮ ਨਾਲ ਹੈ, ਜਿਸ ਨੂੰ ਇਸਦੀ ਆਪਣੀ ਹੀ ਪੁਲਸ ਫਾਸ਼ੀਵਾਦੀ ਕਹਿ ਰਹੀ ਹੈ।.......''
''ਸਾਡੀਆਂ ਅੱਖਾਂ ਦੇ ਸਾਹਮਣੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਖੇਰੂੰ ਖੇਰੂੰ ਕੀਤੀ ਜਾ ਰਹੀ ਹੈ। ਵਿਦਿਆਰਥੀ ਅਤੇ ਅਧਿਆਪਕ ਲਗਾਤਾਰ ਹਮਲਿਆਂ ਦੀ ਮਾਰ ਹੇਠ ਹਨ। ਬਹੁਤ ਸਾਰੇ ਚੈਨਲ ਕੂੜ-ਪ੍ਰਚਾਰ ਅਤੇ ਜਾਲ੍ਹੀ ਵੀਡੀਓ ਫੈਲਾਉਣ ਵਿੱਚ ਸਰਗਰਮ ਹਿੱਸੇਦਾਰ ਹਨ, ਜਿਹਨਾਂ ਨੇ ਵਿਦਿਆਰਥੀਆਂ ਦੀ ਜ਼ਿੰਦਗੀ ਹੀ ਖਤਰੇ ਵਿੱਚ ਪਾ ਦਿੱਤੀ ਹੈ। ਨੌਜਵਾਨ ਸਕਾਲਰ ਉਮਰ ਖ਼ਾਲਿਦ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਬੇਕਿਰਕੀ ਨਾਲ ਬਦਨਾਮ ਕੀਤਾ ਗਿਆ ਅਤੇ ਉਸ ਦੇ ਬਾਰੇ ਝੂਠੇ ਫੈਲਾਏ ਗਏ।......''
''ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਂ— ਵਰਨੋਨ ਗੋਂਜ਼ਾਲਵੇਜ਼, ਅਰੁਣ ਫਰੇਰਾ, ਸੁਧਾ ਭਾਰਦਵਾਜ, ਵਾਰਵਰਾ ਰਾਓ ਅਤੇ ਗੌਤਮ ਨਵਲੱਖਾ- ਵਿੱਚੋਂ ਕੋਈ ਵੀ 31 ਦਸੰਬਰ 2017 ਦੀ ਐਲਗਾਰ ਪ੍ਰੀਸ਼ਦ ਰੈਲੀ ਜਾਂ ਇਸਤੋਂ ਅਗਲੇ ਦਿਨ ਹੋਈ ਰੈਲੀ ਵਿੱਚ ਮੌਜੂਦ ਨਹੀਂ ਸੀ, ਜਦੋਂ 3 ਲੱਖ ਦੇ ਕਰੀਬ ਲੋਕ, ਜ਼ਿਆਦਾਤਰ ਦਲਿਤ, ਭੀਮਾ-ਕੋਰੇਗਾਉਂ ਫਤਿਹ ਦੀ 200ਵੀਂ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਏ......।''
''ਐਲਗਾਰ ਪ੍ਰੀਸ਼ਦ ਦੋ ਉੱਘੇ ਸੇਵਾ ਮੁਕਤ ਜੱਜਾਂ, ਜਸਟਿਸ ਪੀ.ਸੀ. ਸਾਵੰਤ ਅਤੇ ਜਸਟਿਸ ਕੋਲਸੇ ਪਾਟਿਲ ਵੱਲੋਂ ਜਥੇਬੰਦ ਕੀਤੀ ਗਈ ਸੀ। ਅਗਲੇ ਦਿਨ ਹੋਈ ਰੈਲੀ ਉੱਪਰ ਹਿੰਦੂਤਵ ਜਨੂੰਨੀਆਂ ਨੇ ਹਮਲਾ ਕੀਤਾ, ਜਿਸ ਨਾਲ ਕਈ ਦਿਨਾਂ ਤੱਕ ਅਸ਼ਾਂਤੀ ਬਣੀ ਰਹੀ। ਇਸ ਦੇ ਦੋ ਮੁੱਖ ਦੋਸ਼ੀ ਮਿਲਿੰਦ ਏਕਬੋਟੇ ਅਤੇ ਸੰਭਾਜੀ ਭੀਡੇ ਹਨ। ਦੋਵੇਂ ਅਜੇ ਵੀ ਖੁੱਲ੍ਹੇ ਤੁਰੇ ਫਿਰਦੇ ਹਨ। ਇਹਨਾਂ ਦੇ ਇੱਕ ਹਮਾਇਤੀ ਵਜੋਂ ਦਰਜ਼ ਕਰਾਈ ਐਫ.ਆਈ.ਆਰ. ਤੋਂ ਬਾਅਦ, ਜੂਨ 2018 ਵਿੱਚ ਪੁਣੇ ਪੁਲਸ ਨੇ ਪੰਜ ਕਾਰਕੁੰਨਾਂ— ਰੋਨਾ ਵਿਲਸਨ, ਸੁਧੀਰ ਧਾਵੇਲ, ਸੋਮਾ ਸੇਨ, ਮਹੇਸ਼ ਰਾਵਤ ਅਤੇ ਵਕੀਲ ਸੁਰਿੰਦਰ ਗਾਡਲਿੰਗ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਉੱਪਰ ਰੈਲੀ ਵਿਖੇ ਹਿੰਸਾ ਦੀ ਸਾਜਿਸ਼ ਰਚਣ ਅਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ। ਉਹਨਾਂ ਨੂੰ ਕਾਲਾ ਕਾਨੂੰਨ, ਗੈਰ-ਕਾਨੂੰਨੀ ਕਾਰਵਾਈਆਂ ਰੋਕੂ ਐਕਟ ਲਗਾ ਕੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਚੰਗੇ ਭਾਗਾਂ ਨੂੰ ਉਹਨਾਂ ਨਾਲ ਇਸ਼ਰਤ ਜਹਾਂ, ਸੋਹਰਾਬੂਦੀਨ ਅਤੇ ਕੌਸਰ ਬਾਈ ਵਾਲੀ ਨਹੀਂ ਹੋਈ ਅਤੇ ਉਹ ਅਜੇ ਜਿਉਂਦੇ ਹਨ, ਜਿਹਨਾਂ ਉੱਪਰ ਬਹੁਤ ਸਾਲ ਪਹਿਲਾਂ ਇਸੇ ਜੁਰਮ ਦਾ ਇਲਜ਼ਾਮ ਲਗਾਇਆ ਗਿਆ ਸੀ, ਪਰ ਉਹ ਮੁਕੱਦਮਾ ਦੇਖਣ ਲਈ ਜਿਉਂਦੇ ਨਾ ਰਹੇ।.......
''ਦਸ ਲੋਕਾਂ— ਤਿੰਨ ਵਕੀਲਾਂ ਅਤੇ ਸੱਤ ਉੱਘੇ ਕਾਰਕੁੰਨਾਂ ਦੀ ਗ੍ਰਿਫਤਾਰੀ ਨਿਤਾਣੇ ਲੋਕਾਂ ਲਈ ਨਿਆਂ ਜਾਂ ਕਾਨੂੰਨੀ ਨੁਮਾਇੰਦਗੀ ਦੀ ਕਿਸੇ ਵੀ ਉਮੀਦ ਨੂੰ ਖਤਮ ਕਰਨ ਦਾ ਕੰਮ ਵੀ ਕਰਦੀ ਹੈ, ਕਿਉਂਕਿ ਇਹ ਉਹਨਾਂ ਦੇ ਨੁਮਾਇੰਦੇ ਸਨ। ਕਈ ਸਾਲ ਪਹਿਲਾਂ ਜਦੋਂ ਬਸਤਰ ਵਿੱਚ ਸਲਵਾ ਜੁਦਮ ਨਾਂ ਦੀ ਚੌਕਸੀ ਸੈਨਾ ਬਣਾਈ ਗਈ ਅਤੇ ਇਸ ਵੱਲੋਂ ਲੋਕਾਂ ਦੀਆਂ ਹੱਤਿਆਵਾਂ ਕਰਦਿਆਂ ਅਤੇ ਪੂਰੇ ਦੇ ਪੂਰੇ ਪਿੰਡ ਸਾੜ ਕੇ ਸੁਆਹ ਕਰਦਿਆਂ ਕਹਿਰ ਵਰਤਾਇਆ ਗਿਆ, ਉਦੋਂ ਪੀ.ਯੂ.ਸੀ.ਐਲ. (ਪੀਪਲਜ਼ ਯੂਨੀਅਨ ਫਾਰ ਸਿਵਿਲ ਲਿਬਰਟੀਜ਼) ਛੱਤੀਸਗੜ੍ਹ ਦੇ ਜਨਰਲ ਸਕੱਤਰ ਡਾ. ਬਿਨਾਇਕ ਸੇਨ ਨੇ ਪੀੜਤਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਜਦੋਂ ਬਿਨਾਇਕ ਸੇਨ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤਾਂ ਉਸਦੀ ਥਾਂ ਸੁਧਾ ਭਾਰਦਵਾਜ ਨੇ ਲੈ ਲਈ ਜੋ ਇੱਕ ਵਕੀਲ ਹੈ ਅਤੇ ਸਾਲਾਂ ਤੋਂ ਉਸ ਇਲਾਕੇ ਵਿੱਚ ਕੰਮ ਕਰ ਰਹੀ ਟਰੇਡ ਯੂਨੀਅਨ ਆਗੂ ਹੈ। ਪ੍ਰੋਫੈਸਰ ਸਾਈਬਾਬਾ, ਜਿਸ ਨੇ ਬਸਤਰ ਵਿੱਚ ਨੀਮ-ਫੌਜੀ ਕਾਰਵਾਈਆਂ ਵਿਰੁੱਧ ਬੇਧੜਕ ਹੋ ਕੇ ਮੁਹਿੰਮ ਚਲਾਈ, ਬਿਨਾਇਕ ਸੇਨ ਦੱ ਹੱਕ ਵਿੱਚ ਵੀ ਖੜ੍ਹੇ ਹੋਏ। ਜਦੋਂ ਉਹਨਾਂ ਨੇ ਸਾਈਬਾਬਾ ਨੂੰ ਗ੍ਰਿਫਤਾਰ ਕਰ ਲਿਆ, ਰੋਨਾ ਵਿਲਸਨ ਉਸਦੇ ਹੱਕ ਵਿੱਚ ਖੜ੍ਹੇ ਹੋਏ। ਸੁਰਿੰਦਰ ਗਾਡਲਿੰਗ ਸਾਈਬਾਬਾ ਦੇ ਵਕੀਲ ਸਨ। ਜਦੋਂ ਉਹਨਾਂ ਨੇ ਰੋਨਾ ਵਿਲਸਨ ਅਤੇ ਸੁਰਿੰਦਰ ਗਾਡਲਿੰਗ ਨੂੰ ਗ੍ਰਿਫਤਾਰ ਕਰ ਲਿਆ, ਸੁਧਾ ਭਾਰਦਵਾਜ, ਗੌਤਮ ਲਵਲੱਖਾ ਅਤੇ ਹੋਰ ਉਹਨਾਂ ਦੇ ਹੱਕ ਵਿੱਚ ਡਟੇ........ ਅਤੇ ਇੰਝ ਇਹ ਸਿਲਸਿਲਾ ਚੱਲ ਰਿਹਾ ਹੈ।.....''
(ਅੰਗਰੇਜ਼ੀ 'ਚ ਲਿਖੇ ਲੰਮੇ ਲੇਖ 'ਚੋਂ ਸੰਖੇਪ, ਅਨੁਵਾਦਕ ਬੂਟਾ ਸਿੰਘ)