Monday, 20 July 2020

ਕਰੋਨਾ ਵਾਇਰਸ ਦੇ ਰਾਮ-ਰੌਲੇ ਵਿੱਚ ਮੋਦੀ ਹਕੂਮਤ ਨੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਇਆ


ਕਰੋਨਾ ਵਾਇਰਸ ਦੇ ਰਾਮ-ਰੌਲੇ ਵਿੱਚ ਮੋਦੀ ਹਕੂਮਤ ਨੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਇਆ ਦੇਸ਼-ਵਿਦੇਸ਼ ਵਿੱਚ ਜਦੋਂ ਸਭ ਥਾਈਂ ਕਰੋਨਾ ਵਾਇਰਸ ਦਾ ਹੋ-ਹੱਲਾ ਮਚਾਇਆ ਹੋਇਆ ਹੈ ਤਾਂ ਉਸ ਸਮੇਂ ਭਾਰਤ ਵਿੱਚ ਹਕੂਮਤੀ ਗੱਦੀ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਸ ਦੇ ਪਰਦੇ ਹੇਠ ਆਪਣੇ ਹਿੰਦੂਤਵੀ ਏਜੰਡੇ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਉਣ ਲਈ ਪੂਰਾ ਤਾਣ ਲਗਾ ਦਿੱਤਾ ਹੈ। ਉਂਝ ਤਾਂ ਭਾਵੇਂ ਇਹ ਪਹਿਲਾਂ ਵੀ ਤੀਹਰੇ ਤਲਾਕ, ਕਸ਼ਮੀਰ ਵਿੱਚ ਲਾਗੂ ਧਾਰਾਵਾਂ 370 ਅਤੇ ਧਾਰਾ 35-ਏ ਨੂੰ ਖਤਮ ਕਰਕੇ, ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਦੇ ਪੱਖ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਕਰਵਾਉਣ ਅਤੇ ਅਗਾਂਹ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਕੇ ਇਹ ਆਪਣੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾ ਹੀ ਰਹੀ ਸੀ। ਇਸ ਦੇ ਨਾਲ ਹੀ ਇਸਨੇ ਕੌਮੀ ਨਾਗਰਿਕ ਰਜਿਸਟਰ ਅਤੇ ਕੌਮੀ ਆਬਾਦੀ ਰਜਿਸਟਰ ਆਦਿ ਨਵੇਂ ਕਾਨੂੰਨ ਬਣਾਉਣ ਲਈ ਮੁਹਿੰਮ ਆਪਣੇ ਹੱਥ ਲਈ ਹੋਈ ਸੀ। ਦੇਸ਼ ਵਿੱਚ ਨਵੇਂ ਬਣਾਏ ਜਾ ਰਹੇ ਕਾਨੂੰਨਾਂ ਦੇ ਖਿਲਾਫ ਲੋਕਾਂ ਵਿੱਚ ਵਿਆਪਕ ਵਿਰੋਧ ਪੈਦਾ ਹੋਣ ਕਰਕੇ ਇਸ ਨੂੰ ਇਹਨਾਂ ਵਿੱਚੋਂ ਕੁੱਝ ਕਦਮ ਧੀਮੇ ਕਰਨੇ ਪਏ। ਪਰ ਹੁਣ ਜਦੋਂ ਕਰੋਨਾ ਵਾਇਰਸ ਦੇ ਹਊਏ ਤਹਿਤ ਇਹਨਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਘਰਾਂ ਵਿੱਚ ਵਾੜ ਦਿੱਤਾ ਹੈ ਤਾਂ ਇਹਨਾਂ ਨੇ ਆਪਣੇ ਲਈ ਮੈਦਾਨ ਮੋਕਲਾ ਜਾਣ ਕੇ ਆਪਣੇ ਹਿੰਦੂਤਵੀ ਏਜੰਡੇ ਨੂੰ ਫੇਰ ਤੋਂ ਲਾਗੂ ਕਰਕੇ ਸਿਰੇ ਚਾੜ੍ਹਨ ਦੇ ਹਰਬੇ ਵਰਤੇ ਹਨ। ਦੇਸ਼ ਵਾਸੀਆਂ ਦੇ ਨਾਂ ਆਪਣੇ ਪਹਿਲੇ ਸੰਬੋਧਨ ਵਿੱਚ 20 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਰਕਾਰ ਦੀ ਤਰਫੋਂ ਕਰੋਨਾ ਵਾਇਰਸ ਦੀ ਰੋਕਥਾਮ ਲਈ ਕੋਈ ਵੀ ਪਾਏਦਾਰ ਕਦਮ ਚੁੱਕਣ ਤੋਂ ਟਾਲਾ ਵੱਟਦਿਆਂ ਇਸ ਵਾਇਰਸ ਦੀ ਮਾਰ ਦੀ ਸਾਰੀ ਜੁੰਮੇਵਾਰੀ ਲੋਕਾਂ ਸਿਰ ਤਿਲ੍ਹਕਾਅ ਦਿੱਤੀ ਕਿ ''ਇਹ ਜਨਤਾ ਦਾ ਕਰਫਿਊ ਹੈ ਅਤੇ ਲੋਕ ਖੁਦ ਹੀ ਇਸਦੀ ਪਾਲਣਾ ਕਰਨਗੇ।'' ''ਅਜਿਹੇ ਹਾਲਤ ਅੰਦਰ ਸਿਰਫ ਇੱਕੋ ਹੀ ਮੰਤਰ ਕੰਮ ਕਰਦਾ ਹੈ, ਜੇਕਰ ਅਸੀਂ ਤੰਦਰੁਸਤ ਹਾਂ ਤਾਂ ਸਾਰੀ ਦੁਨੀਆਂ ਤੰਦਰੁਸਤ ਹੈ।'' ਨਾਲ ਹੀ ਉਸ ਨੇ ਕਰੋਨਾ ਵਾਇਰਸ ਦਾ ਸਾਹਮਣਾ ਕਰ ਰਹੇ ਡਾਕਟਰੀ ਅਮਲੇ ਅਤੇ ਹੋਰਨਾਂ ਖੇਤਰਾਂ ਦੇ ਕਰਮਚਾਰੀਆਂ ਦੀ ਹੌਸਲਾ-ਅਫਜ਼ਾਈ ਕਰਨ ਦੇ ਨਾਂ ਹੇਠ ਲੋਕਾਂ ਨੂੰ ਤਾੜੀਆਂ ਵਜਾ ਕੇ, ਥਾਲੀਆਂ ਖੜਕਾ ਕੇ, ਘੰਟੀਆਂ ਅਤੇ ਸੰਖ ਆਦਿ ਵਜਾਉਣ ਦੇ ਫੁਰਮਾਨ ਜਾਰੀ ਕੀਤੇ ਹਨ। ਜਿੱਥੇ ਇੱਕ ਪਾਸੇ ਤਾਂ ਇਹ ਖੁਦ ਆਖਦੇ ਹਨ ਕਿ ਕਿਤੇ ਵੀ ਚਾਰ ਤੋਂ ਵਧੇਰੇ ਲੋਕਾਂ ਨੂੰ ਇਕੱਤਰ ਨਹੀਂ ਹੋਣਾ ਚਾਹੀਦਾ ਉੱਥੇ ਉਹਨਾਂ ਨੇ ਸੰਖ ਵਜਾਉਣ ਅਤੇ ਟੱਲੀਆਂ ਵਜਾਉਣ ਦੇ ਹਿੰਦੂਤਵੀ ਨਾਹਰੇ ਨੂੰ ਸਿਰੇ ਲਾਉਣ ਦੀ ਖਾਤਰ ਵੱਡੀਆਂ ਵੱਡੀਆਂ ਭੀੜਾਂ ਜੁਟਾਈਆਂ ਅਤੇ ਨੱਚ ਗਾ ਕੇ ਇਸ ਨੂੰ ਲਾਗੂ ਕਰਨ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਹਿੰਦੂਤਵੀ ਜਨੂੰਨ ਉਭਾਰਨ ਲਈ ਜਿੱਥੇ ਇੱਕ ਪਾਸੇ ਯੂ.ਪੀ. ਦਾ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਖੁਦ ਟੱਲੀਆਂ ਵਜਾ ਰਿਹਾ ਸੀ ਉੱਥੇ ਮੋਦੀ ਨੇ ਇਹ ਕੰਮ ਆਪਣੀ ਬਜ਼ੁਰਗ ਮਾਂ ਕੋਲੋਂ ਵੀ ਕਰਵਾਇਆ ਹੈ। ਆਪਣੇ ਦੂਸਰੇ ਭਾਸ਼ਣ ਵਿੱਚ ਮੋਦੀ ਨੇ ਜਿੱਥੇ ਦੇਸ਼ ਭਰ ਵਿੱਚ ''ਜਨਤਕ-ਕਰਫਿਊ'' ਦੇ ਨਾਂ ਹੇਠ ਕੀਤੀ ਜਬਰੀ ਤਾਲਾਬੰਦੀ ਨੂੰ ਉਚਿਆਇਆ ਉੱਥੇ ਅਜਿਹੀ ਤਾਲਾਬੰਦੀ ਨੂੰ ਲੰਮੇ ਸਮੇਂ ਲਾਗੂ ਕਰਦੇ ਰਹਿਣ ਲਈ ਵੀ ਆਖਿਆ, ਜਿਹੜੀ ਲੋਕਾਂ ਨੂੰ ਝੱਲਣੀ ਪਵੇਗੀ। ਪਰ ਉਸ ਨੇ ਅਜਿਹੀ ਤਾਲਾਬੰਦੀ ਨੂੰ ਅੱਗੇ ਹਿੰਦੂ ਧਰਮ ਨਾਲ ਜੋੜਦੇ ਹੋਏ ਆਪਣੇ ਘਰ ਨੂੰ ''ਲਛਮਣ ਰੇਖਾ'' ਮੰਨ ਕੇ ਇਸ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ। ਯਾਨੀ ਇਸ ਲਛਮਣ ਰੇਖਾ ਦਾ ਮਤਲਬ ਸੀ ਕਿ ਜਿਹੜੇ ਵੀ ਮੁਸਲਮਾਨ ਜਾਂ ਕਿਸੇ ਹੋਰ ਧਾਰਮਿਕ ਘੱਟ ਗਿਣਤੀ ਵਾਲੇ ਨੇ ਇਸ ''ਲਛਮਣ ਰੇਖਾ'' ਦੀ ਉਲੰਘਣਾ ਕੀਤੀ ਤਾਂ ਉਹਨਾਂ ਨੂੰ ਕਰੜਾ ਸਬਕ ਸਿਖਾਇਆ ਜਾਵੇਗਾ। ਜਿੱਥੇ ਯੂ.ਪੀ. ਦਾ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਅਯੁੱਧਿਆ ਵਿੱਚ ਰਾਮ ਲੱਲਾ ਦੀਆਂ ਮੂਰਤੀਆਂ ਸਜਾਉਣ ਵਿੱਚ ਲੋਕਾਂ ਦੀਆਂ ਭੀੜਾਂ ਇਕੱਠੀਆਂ ਕਰ ਰਿਹਾ ਹੈ ਉੱਥੇ ਮੋਦੀ ਨੇ ਵਾਰਾਨਸੀ ਵਿੱਚ ਕੀਤੀਆਂ ਜਾ ਰਹੀਆਂ ਧਾਰਮਿਕ ਰਸਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਕੇ ਹਿੰਦੂਤਵੀ ਜਨੂੰਨ ਨੂੰ ਉਭਾਰਨ ਦੇ ਯਤਨ ਜਾਰੀ ਰੱਖੇ। ਇਸੇ ਹੀ ਤਰ੍ਹਾਂ ਇਹਨਾਂ ਨੇ ਹਿੰਦੂ ਤੀਰਥ ਅਸਥਾਨਾਂ 'ਤੇ ਪਹਿਲਾਂ ਮਿਥੇ ਪ੍ਰੋਗਰਾਮਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਵੀਡੀਓ ਰਾਹੀਂ ''ਦਰਸ਼ਨ'' ਕਰਵਾਉਣ ਦੇ ਯਤਨ ਕੀਤੇ। ਤਿੰਨ ਦਹਾਕੇ ਪਹਿਲਾਂ ਚਲਾਏ ਟੀ.ਵੀ. ਸੀਰੀਅਲ 'ਰਮਾਇਣ' ਨੂੰ ਫੇਰ ਤੋਂ ਸਰਕਾਰੀ ਚੈਨਲ ਤੋਂ ਦਿਖਾ ਕੇ ਹਿੰਦੂਤਵ ਨੂੰ ਪੱਠੇ ਪਾਏ ਜਾ ਰਹੇ ਹਨ। ਮੁਸਲਿਮ ਭਾਈਚਾਰੇ ਨੂੰ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਉਂਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਆਗੂ ਸਾਧਵੀ ਪਰਾਚੀ ਨੇ ਆਖਿਆ ਹੈ ਕਿ ''ਕੋਰੋਨਾ ਦੀ ਰੋਕਥਾਮ ਲਈ ਮਸਜ਼ਿਦ ਅਤੇ ਮਦਰੱਸੇ ਬੰਦ ਹੋਣੇ ਚਾਹੀਦੇ ਹਨ। ਨਾਲ ਹੀ ਪੰਜ ਸਮੇਂ ਦੀ ਨਮਾਜ਼ 'ਤੇ ਵੀ ਪਾਬੰਦੀ ਲਾਗੂ ਹੋਣੀ ਚਾਹੀਦੀ ਹੈ।'' ਦਿੱਲੀ ਵਿੱਚ ਪੁਲਸ ਦਾ ਕੰਟਰੋਲ ਕੇਂਦਰੀ ਸਰਕਾਰ ਕੋਲ ਹੋਣ ਦੀ ਵਜਾਹ ਕਰਕੇ ਮੋਦੀ ਹਕੂਮਤ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ, ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਸੀਲਮਪੁਰ ਵਿੱਚ ਲੱਗੇ ਮੋਰਚਿਆਂ ਨੂੰ ਬਹੁਤ ਪਹਿਲਾਂ ਉਖੇੜਨ ਦੀ ਠਾਣੀ ਹੋਈ ਸੀ, ਪਰ ਲੋਕਾਂ ਦੇ ਤਿੱਖੇ ਰੋਹ ਅੱਗੇ ਇਹਨਾਂ ਦੀ ਕੋਈ ਵਾਹ-ਪੇਸ਼ ਨਹੀਂ ਸੀ ਜਾ ਰਹੀ ਹੁਣ ਇਹਨਾਂ ਨੇ ਕਰੋਨਾ ਵਾਇਰਸ ਦੀ ਆੜ ਹੇਠ ਨਾ ਸਿਰਫ ਇਹਨਾਂ ਥਾਵਾਂ ਤੋਂ ਔਰਤਾਂ ਨੂੰ ਜਬਰਦਸਤੀ ਕੁੱਟਮਾਰ ਕਰਕੇ ਲੱਗੇ ਮੋਰਚਿਆਂ ਨੂੰ ਚੁਕਵਾਇਆ ਬਲਕਿ ਲੋਕਾਂ ਨੇ ਜਿਹੜੀਆਂ ਕਲਾ-ਕ੍ਰਿਤੀਆਂ ਤਿਆਰ ਕੀਤੀਆਂ ਸਨ ਉਹਨਾਂ ਦੀ ਵੀ ਤੋੜ-ਭੰਨ ਕਰ ਦਿੱਤੀ। ਐਨਾ ਹੀ ਨਹੀਂ ਲੋਕਾਂ ਵੱਲੋਂ ਕੰਧਾਂ 'ਤੇ ਲਿਖੇ ''ਇਨਕਲਾਬ-ਜ਼ਿੰਦਾਬਾਦ'' ਦੇ ਨਾਹਰੇ ਵੀ ਮਿਟਾ ਦਿੱਤੇ ਗਏ। ਇਹਨਾਂ ਕੋਈ ਪੁੱਛੇ ਕਿ ਜਦੋਂ ਸ਼ਾਹੀਨ ਬਾਗ ਵਿੱਚ ਧਰਨੇ 'ਤੇ ਬੈਠੀਆਂ ਔਰਤਾਂ ਉਹਨਾਂ ਸਾਰੀਆਂ ਹੀ ਸਾਵਧਾਨੀਆਂ ਨੂੰ ਅਮਲ ਵਿੱਚ ਲਾਗੂ ਕਰ ਰਹੀਆਂ ਸਨ ਜੋ ਕਰੋਨਾ ਵਾਇਰਸ ਦੌਰਾਨ ਚਾਹੀਦੀਆਂ ਹਨ, ਤਾਂ ਫੇਰ ਉਹਨਾਂ ਨੂੰ ਕਿਉਂ ਉਠਾਇਆ ਗਿਆ? ਕੀ ਇਸ ਵੇਲੇ ਦਿੱਲੀ ਦੀਆਂ ਸੜਕਾਂ 'ਤੇ ਕੋਈ ਬਹੁਤ ਹੀ ਜ਼ਿਆਦਾ ਭੀੜ ਸੀ ਜਿਸ ਵਿੱਚ ਲੋਕਾਂ ਨੂੰ ਕੋਈ ਤਕਲੀਫ ਹੁੰਦੀ ਹੋਵੇ? ਅਜਿਹਾ ਕੁੱਝ ਵੀ ਨਹੀਂ ਸੀ, ਇਹਨਾਂ ਨੇ ਧਰਨਿਆਂ ਨੂੰ ਚੁਕਾਉਣਾ ਸੀ, ਉਹ ਚੁਕਵਾ ਦਿੱਤੇ- ਦਿੱਲੀ ਕੇਜਰੀਵਾਲ ਦੀ ਅਗਵਾਈ ਵਾਲੀ ਹਕੂਮਤ ਇਸ ਮਾਮਲੇ ਆਰ.ਐਸ.ਐਸ. ਦੀ ਸੰਚਾਲਕ ਬਣੀ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਆਗੂ ਉਮਰ ਖਾਲਿਦ ਨੂੰ ਯੂ.ਪੀ. ਵਿੱਚੋਂ ਅਤੇ ਦਿਲੀ ਵਿੱਚੋਂ ਇੱਕ ਕਿਸਾਨ ਆਗੂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। ਮੋਦੀ ਨੇ ਆਪਣੇ ਭਾਸ਼ਣਾਂ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਸਬੰਧੀ ਤਾਂ ਕੋਈ ਠੋਸ ਵਿਉਂਤ ਐਲਾਨੀ ਨਹੀਂ, ਐਨਾ ਜ਼ਰੂਰ ਆਖ ਦਿੱਤਾ ਕਿ ''ਮਹਾਂਭਾਰਤ ਦਾ ਯੁੱਧ 18 ਦਿਨਾਂ ਵਿੱਚ ਜਿੱਤਿਆ ਗਿਆ ਸੀ, ਕਰੋਨਾ ਵਾਇਰਸ 'ਤੇ ਫਤਿਹ 21 ਦਿਨਾਂ ਵਿੱਚ ਪਾ ਲਈ ਜਾਵੇਗੀ।'' ਇਹ ਸਿਰਫ ਇੱਕ ਵਾਕ ਹੀ ਨਹੀਂ ਹੈ ਨਾ ਹੀ ''ਮਹਾਂਭਾਰਤ'' ਇੱਕ ਸ਼ਬਦ ਹੈ ਬਲਕਿ ਕੌਰਵਾਂ ਅਤੇ ਪਾਂਡਵਾਂ ਵਿਚਲੀ ਜਿਹੜੀ ਲਕੀਰ ਖਿੱਚੀ ਹੈ, ਉਹ ਅਸਲ ਵਿੱਚ ਦੁਸ਼ਮਣ ਮੁਸਲਿਮ ਭਾਈਚਾਰੇ ਨੂੰ ਮੰਨ ਕੇ ਉਹਨਾਂ ਨੂੰ ਨੁਕਰੇ ਲਾਉਣ ਦਾ ਐਲਾਨ ਹੈ। ਜਦੋਂ ਕੋਈ ਵਾਇਰਸ ਕਿਸੇ ਦੀ ਜਾਤ, ਧਰਮ, ਨਸਲ ਜਾਂ ਅਮੀਰੀ-ਗਰੀਬੀ ਨੂੰ ਨਹੀਂ ਵੇਖਦਾ ਤਾਂ ਫੇਰ ਮੋਦੀ ਨੇ ਕੌਰਵਾਂ-ਪਾਂਡਵਾਂ ਦਾ ਵਖਰੇਵਾਂ ਕਿਉਂ ਕੀਤਾ ਹੈ? ਇਹ ਵਖਰੇਵਾਂ ਐਵੇ ਹੀ ਕੋਈ ਤਸਬੀਹ ਨਹੀਂ ਦਿੱਤੀ ਗਈ, ਬਲਕਿ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਇਹਨਾਂ ਨੇ ਮੁਸਲਿਮ ਭਾਈਚਾਰੇ ਸਮੇਤ ਘੱਟ ਗਿਣਤੀਆਂ, ਕਸ਼ਮੀਰ ਵਾਦੀ ਸਮੇਤ ਉੱਤਰ-ਪੂਰਬ ਦੀਆਂ ਕੌਮੀਅਤਾਂ ਦੇ ਲੋਕਾਂ ਨੂੰ ਮਰਨ ਲਈ ਛੱਡਣਾ ਹੈ ਆਪਣੇ ਹਿੰਦੂਤਵੀਆਂ ਨੂੰ ਬਚਾਉਣ ਲਈ ਟਿੱਲ ਲਾਉਣੀ ਹੈ। ਮੋਦੀ ਦਾ ਭਾਸ਼ਣ ਸੰਦੇਸ਼ ਨਹੀਂ ਬਲਕਿ ਮਨੁੱਖਾਂ ਵਿੱਚ ਪਾਟਕ ਪਾਉਣ ਵਾਲੀ ਮੁਜਰਿਮਾਨਾ ਕਾਰਵਾਈ ਹੈ। ਕੋਰੋਨਾ ਦੌਰ ਦੀ ਸ਼ੁਰੂਆਤ 'ਚ ਭਾਰਤੀ ਦਲਾਲਾਂ ਨੇ ਵਿਛ ਵਿਛ ਕੇ ਕੀਤੀ ਅਮਰੀਕੀ ਸਾਮਰਾਜੀਆਂ ਦੀ ਖੁਸ਼ਾਮਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਮਹੀਨੇ ਦੇ ਆਖਰੀ ਹਫਤੇ ਭਾਰਤ ਦਾ ਦੌਰਾ ਕੀਤਾ। ਇਸ ਦੌਰੇ ਮੌਕੇ ਟਰੰਪ ਨੇ ਅਹਿਮਦਾਬਾਦ, ਆਗਰੇ ਅਤੇ ਦਿੱਲੀ ਵਿੱਚ ਡੇਰੇ ਲਾਏ। ਭਾਜਪਾ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਟਰੰਪ ਦੇ ਸਵਾਗਤ ਲਈ ਵਿਛ ਵਿਛ ਗਈ ਹੈ। ਜਦੋਂ ਟਰੰਪ ਅਹਿਮਦਾਬਾਦ ਪਹੁੰਚਿਆ ਤਾਂ ਮੋਦੀ ਨੇ ਉਸ ਨੂੰ ਗੁਜਰਾਤ ਦੇ ਸਵਾਗਤ ਵਿਖਾਏ ਕਿ ਉਹ ਦੇਖੇ ਕਿ ਲੋਕਾਂ ਦੀਆਂ ਵੱਡੀਆਂ ਭੀੜਾਂ ਨੂੰ ਇਕੱਠੇ ਕਿਵੇਂ ਕਰੀਦਾ ਹੈ। ਹਵਾਈ ਅੱਡੇ ਤੋਂ ਲੈ ਕੇ ਸਟੇਡੀਅਮ ਤੱਕ ਜਿੱਥੇ ਉਸ ਦੇ ਸਵਾਗਤ ਵਿੱਚ ਸਵਾ ਲੱਖ ਲੋਕਾਂ ਨੂੰ ਲਿਆਂਦਾ ਗਿਆ ਸੀ, ਟਰੰਪ ਦੇ 'ਦਰਸ਼ਨਾਂ' ਲਈ ਲੱਖਾਂ ਲੋਕਾਂ ਨੂੰ ਸੜਕਾਂ 'ਤੇ ਇਕੱਠੇ ਕਰਨ ਦਾ ਦਾਅਵਾ ਵੀ ਕੀਤਾ ਗਿਆ। ਟਰੰਪ ਲਈ ਅਮਰੀਕਾ ਤੋਂ ਬਾਹਰ ਕਿਸੇ ਵੀ ਥਾਂ 'ਤੇ ਇਹ ਇਕੱਠ ਸਭ ਤੋਂ ਵੱਡਾ ਇਕੱਠ ਸੀ। ਪਿਛਲੇ ਸਤੰਬਰ ਵਿੱਚ ਭਾਰਤੀ ਹਾਕਮਾਂ ਨੇ ਆਪਣਾ ਪੂਰਾ ਤਾਣ ਲਾ ਕੇ 40 ਹਜ਼ਾਰ ਤੋਂ ਵਧੇਰੇ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਹਾਊਸਟਨ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਕਰਕੇ ਇਹ ਸਾਬਤ ਕੀਤਾ ਸੀ ਕਿ ਖੁਦ ਟਰੰਪ ਦੀ ਹਕੂਮਤ ਉਸਦੀ ਉਹ ਤਾਬੇਦਾਰੀ ਨਹੀਂ ਕਰ ਸਕਦੀ ਜਿੰਨੀ ਭਾਰਤੀ ਹਾਕਮ ਕਰ ਸਕਦੇ ਹਨ। ਹਾਊਸਟਨ ਵਿਖੇ ਟਰੰਪ-ਮੋਦੀ ਦੇ ਸਵਾਗਤ ਵਿੱਚ ਜਿਹੜਾ ਇਕੱਠ ਕੀਤਾ ਗਿਆ ਸੀ ਉਹ ਅਮਰੀਕਾ ਵਿੱਚ ਟਰੰਪ ਦੀਆਂ ਹੋਈਆਂ ਸਾਰੀਆਂ ਰੈਲੀਆਂ ਦੇ ਇਕੱਠ ਨਾਲੋਂ ਵੱਡਾ ਸੀ। ਅਹਿਮਦਾਬਾਦ ਦੇ ਇਕੱਠ ਸਬੰਧੀ ਟਰੰਪ ਨੇ ਆਖਿਆ, ''ਇਹ ਅਸਲੀ ਪਿਆਰ ਦਾ ਇਜ਼ਹਾਰ ਹੋਇਆ ਹੈ। ਹਰ ਕਿਸੇ ਨੇ ਇਹ ਵੇਖਿਆ ਅਤੇ ਇਸਦਾ ਗਵਾਹ ਹੈ।'' ''ਇਹ ਕਿਸੇ ਵੀ ਦੇਸ਼ ਦੇ ਮੁਖੀ ਲਈ ਉਸਦੇ ਦੇਸ਼ ਤੋਂ ਬਾਹਰ ਕੀਤਾ ਗਿਆ ਸਭ ਤੋਂ ਵੱਡਾ ਸਵਾਗਤ ਹੈ।'' ਭਾਰਤੀ ਹਾਕਮ ਸਾਮਰਾਜੀਆਂ ਦੀ ਤਾਬੇਦਾਰੀ ਵਿੱਚ ਵਿਛ ਵਿਛ ਕਿਉਂ ਪੈਂਦੇ ਹਨ? ਇਸਦਾ ਕਾਰਨ ਇਹ ਹੈ ਕਿ ਇਹ ਸਾਮਰਾਜੀਆਂ ਦੇ ਦਲਾਲ ਹਨ, ਇਹਨਾਂ ਦੇ ਆਪਣੇ ਖੁਦ ਦੇ ਹਿੱਤ ਉਹਨਾਂ ਦੇ ਹਿੱਤਾਂ ਨਾਲ ਜੁੜੇ ਹੋਏ ਹਨ। ਜੇਕਰ ਅਜਿਹਾ ਨਾ ਹੋਵੇ ਤਾਂ ਜਿਹੋ ਜਿਹਾ ਦੇਸ਼ ਨਾਲ ਗ਼ਦਾਰੀ ਭਰਿਆ ਕਿਰਦਾਰ ਇਹ ਨਿਭਾਅ ਰਹੇ ਹਨ, ਭਾਰਤੀ ਲੋਕ ਇਹਨਾਂ ਨੂੰ ਸੰਘੀਉਂ ਫੜ ਫੜ ਹੀ ਸਮੁੰਦਰਾਂ ਵਿੱਚ ਡੁਬੋ ਕੇ ਮਾਰ ਸੁੱਟਣ। ਭਾਰਤ ਦੇ ਦਲਾਲ ਹਾਕਮਾਂ ਦੀ ਹੋਂਦ ਸਾਮਰਾਜੀਆਂ ਦੀ ਹੋਂਦ ਨਾਲ ਜੁੜੀ ਹੋਈ ਹੈ। ਇਸ ਕਰਕੇ ਇਹ ਧੁਰ ਅੰਦਰਲੇ ਮਨੋਂ ਚਾਹੁੰਦੇ ਹਨ ਕਿ ਸਾਮਰਾਜਵਾਦ ਸਦਾ ਸਲਾਮਤ ਰਹੇ। ਟਰੰਪ ਦੀ ਫੇਰੀ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਚੌਥੀ ਯਾਤਰਾ ਹੈ। ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਪਿਛਲੇ 8 ਮਹੀਨਿਆਂ ਵਿੱਚ ਟਰੰਪ ਨੂੰ 5 ਵਾਰ ਮਿਲ ਚੁੱਕਾ ਹੈ। ਅਮਰੀਕੀ ਹਾਕਮਾਂ ਦੀ ਭਾਰਤ ਵੱਲ ਫੇਰੀ ਐਵੇਂ ਹੀ ਦੁਨੀਆਂ ਦਾ ਸੱਤਵਾਂ ਅਜੂਬਾ ਤਾਜ ਮਹੱਲ ਵੇਖਣ ਵਾਲੀ ਯਾਤਰਾ ਨਹੀਂ ਹੁੰਦੀ। 20ਵੀਂ ਸਦੀ ਵਿੱਚ 1978 ਵਿੱਚ ਸਿਰਫ ਇੱਕੋ ਹੀ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਭਾਰਤ ਆਇਆ ਸੀ। ਅਮਰੀਕੀ ਰਾਸ਼ਟਰਪਤੀਆਂ ਦੀ ਭਾਰਤ ਆਮਦ ਉਹਨਾਂ ਦੇ ਭਾਰਤ ਨਾਲ ਜੁੜੇ ਹਿੱਤਾਂ ਨਾਲ ਬੱਝੀ ਹੋਈ ਹੈ। ਪਿਛਲੀ ਸਦੀ ਵਿੱਚ ਠੰਡੀ ਜੰਗ ਮੌਕੇ ਅਮਰੀਕੀ ਹਾਕਮਾਂ ਨੂੰ ਲੱਗਦਾ ਸੀ ਜਦੋਂ ਰੂਸੀ ਸਾਮਰਾਜੀਏ ਕਮਜ਼ੋਰ ਪੈ ਗਏ ਤਾਂ ਉਹਨਾਂ ਨੂੰ ਇੱਥੇ ਕੁੱਝ ਨਾ ਕੁੱਝ ਲਾਹੇ ਹਾਸਲ ਹੋ ਸਕਣਗੇ। ਸਿਰਫ ਉਦੋਂ ਹੀ ਜਿੰਮੀ ਕਾਰਟਰ ਨੇ ਫੇਰੀ ਪਾਈ ਸੀ। ਬਾਅਦ ਵਿੱਚ ਜਦੋਂ ਰੂਸ ਇੱਕ ਸਮਾਜਿਕ ਸਾਮਰਾਜੀ ਮਹਾਂਸ਼ਕਤੀ ਵਜੋਂ ਖਿੰਡ ਗਿਆ ਤਾਂ ਅਮਰੀਕੀ ਹਾਕਮਾਂ ਨੂੰ ਲੱਗਦਾ ਹੈ ਭਾਰਤੀ ਦਲਾਲਾਂ ਨੂੰ ਉਹਨਾਂ ਹਿੱਤਾਂ ਵਿੱਚ ਭੁਗਤਾਇਆ ਜਾ ਸਕਦਾ ਹੈ। ਤੇ ਹੁਣ ਉਹ ਇਹਨਾਂ ਤੋਂ ਸੰਸਾਰ ਮੰਡੀ ਵਿੱਚ ਕਿਤੇ ਚੌਕੀਦਾਰਾ ਕਰਵਾ ਰਹੇ ਹਨ ਅਤੇ ਕਿਤੇ ਥਾਣੇਦਾਰੀ। ਪਿਛਲੇ ਸਾਲ ਤੱਕ ਚੀਨ ਨਾਲ ਅਮਰੀਕਾ ਦਾ ਸਭ ਤੋਂ ਵੱਧ ਲੈਣ-ਦੇਣ ਚੱਲਦਾ ਸੀ। ਭਾਰਤ ਦੂਸਰੇ ਨੰਬਰ 'ਤੇ ਸੀ। ਹੁਣ ਭਾਰਤ ਦਾ ਅਮਰੀਕਾ ਨਾਲ ਵਪਾਰਕ ਲੈਣ-ਦੇਣ 87.95 ਅਰਬ ਡਾਲਰ ਦਾ ਹੈ, ਜਦੋਂ ਕਿ ਚੀਨ ਦਾ ਅਮਰੀਕਾ ਨਾਲ ਲੈਣ-ਦੇਣ 87.07 ਅਰਬ ਡਾਲਰ ਦਾ ਰਿਹਾ। ਪਿਛਲੇ ਸਾਲ ਦਸੰਬਰ ਤੋਂ ਟਰੰਪ ਨੇ ਭਾਰਤ ਨਾਲ ਜਿਹੜੇ ਸਮਝੌਤੇ ਕੀਤੇ ਹਨ, ਉਹਨਾਂ ਨਾਲ ਹੁਣ ਭਾਰਤ ਅਮਰੀਕਾ ਨਾਲ ਲੈਣ-ਦੇਣ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਕਹਿਣ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਲੈਣ-ਦੇਣ ਬਰਾਬਰਤਾ ਵਾਲਾ ਹੈ, ਪਰ ਅਮਲ ਵਿੱਚ ਇਹ ਇੱਕਪਾਸੜ ਹੈ ਤੇ ਉਹ ਵੀ ਅਮਰੀਕਾ ਪੱਖੀ ਹੈ। ਅਮਰੀਕਾ ਭਾਰਤ ਵਿੱਚ ਜਿਹੜੇ ਵੀ ਖੇਤਰ ਵਿੱਚ ਜਦੋਂ ਮਰਜੀ ਦਾਖਲ ਹੋ ਸਕਦਾ ਹੈ ਜਦੋਂ ਕਿ ਭਾਰਤ ਇਸ ਤਰ੍ਹਾਂ ਨਹੀਂ ਕਰ ਸਕਦਾ। ਅਮਰੀਕਾ ਵਿੱਚ ਭਾਰਤੀ ਦਾਖਲਿਆਂ 'ਤੇ ਬੰਦਿਸ਼ਾਂ ਲਾਈਆਂ ਹੋਈਆਂ ਹਨ। ਭਾਰਤ ਨੇ ਅਮਰੀਕਾ ਨੂੰ ''ਸੁਭਾਵਿਕ ਸੰਗੀ'' ਦਾ ਨਾਂ ਦੇ ਕੇ ਉਸ ਲਈ ਸਭ ਤਰ੍ਹਾਂ ਦੇ ਹਵਾਈ ਅੱਡੇ ਖੋਲ੍ਹੇ ਹੋਏ ਹਨ, ਸਮੁੰਦਰੀ ਲਾਂਘੇ ਛੱਡੇ ਹੋਏ ਹਨ, ਇੱਕ-ਦੂਜੇ ਤੋਂ ਟਰੇਨਿੰਗ ਲੈਣ ਦੇ ਬਹਾਨੇ ਉਸਦੇ ਫੌਜੀਆਂ ਨੂੰ ਜੰਗਲੀ-ਪਹਾੜੀ ਖੇਤਰਾਂ ਵਿੱਚ ਗੁਰੀਲਾ ਯੁੱਧ ਦਾ ਟਾਕਰਾ ਕਰਨ ਦੀ ਮੁਹਾਰਤ ਕਰਵਾਈ ਜਾ ਰਹੀ ਹੈ। ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਦੀ ਸੁਰੱਖਿਆ ਦਾ ਜੁੰਮਾ ਭਾਰਤੀ ਹਾਕਮ ਚੁੱਕੀਂ ਫਿਰਦੇ ਹਨ। ਚੀਨ ਨੂੰ ਘੇਰਨ ਸਬੰਧੀ ਭਾਰਤ ਦੀ ਬੋਲੀ ਅਮਰੀਕਾ ਦਾ ਧੂਤੂ ਬਣਨ ਵਾਲੀ ਹੈ। ਇੱਕ ਅਮਰੀਕੀ ਨੀਤੀ-ਘਾੜੇ ਥਿੰਕ-ਟੈਂਕ ਦੇ ਮੁਤਾਬਕ ''ਮਹਾਂਸ਼ਕਤੀ ਦੇ ਮੁਕਾਬਲੇ ਵਾਲੀ ਹਾਲਤ ਮੁੜ ਬਣ ਗਈ ਹੈ, ਜਿਹੜੀ ਅਮਰੀਕਾ ਦਾ ਧਿਆਨ ਭਾਰਤ ਵੱਲ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਖਿੱਚ ਰਹੀ ਹੈ।'' ਅਫਗਾਨਿਸਤਾਨ-ਇਰਾਕ ਆਦਿ ਦੇਸ਼ਾਂ ਵਿੱਚ ਧਾੜਿਆਂ ਮੌਕੇ ਭਾਰਤੀ ਹਾਕਮ ਅਮਰੀਕੀ ਫੌਜੀਆਂ ਰਸੋਈਏ, ਰਾਜ-ਮਜ਼ਦੂਰ, ਚੌਕੀਦਾਰਾ ਕਰਨ ਵਾਲੇ ਬਣੇ ਹੋਏ ਹਨ। ਇਹਨਾਂ ਦੇਸ਼ਾਂ ਦੀ ਬਰਬਾਦੀ-ਤਬਾਹੀ ਨਾਲ ਪੈਦਾ ਹੋਏ ਮਲਬੇ ਅਤੇ ਕਬਾੜ ਨੂੰ ਚੁੱਕਣ ਵਾਲੇ ਕਬਾੜੀਆਂ ਦਾ ਕੰਮ ਕਰ ਰਹੇ ਹਨ। ਇੱਥੇ ਸੁੱਟੇ ਗਏ ਬੰਬਾਂ ਦੇ ਰਸਾਇਣੀ ਬੰਬਾਂ ਦੇ ਗੰਦ ਨੂੰ ਸਾਂਭਣ ਲਈ ਭਾਰਤੀ ਹਾਕਮ ਹੱਥ ਅੱਡੀਂ ਖੜ੍ਹਦੇ ਰਹੇ। ਹੁਣ ਜਦੋਂ ਅਮਰੀਕੀ ਹਾਕਮਾਂ ਨੂੰ ਅਫਗਾਨਿਸਤਾਨ ਵਿੱਚੋਂ ਨਿਕਲਣਾ ਪੈ ਰਿਹਾ ਹੈ ਤਾਂ ਉਹਨਾਂ ਨੂੰ ਉਮੀਦ ਹੈ ਕਿ ਹੁਣ ਉਹਨਾਂ ਦੇ ਭਾਰਤੀ ਦਲਾਲ ਉਹਨਾਂ ਦੇ ਹਿੱਤਾਂ ਲਈ ਮੋਹਰੇ ਬਣ ਕੇ ਵਿਚਰਨਗੇ। ਅਮਰੀਕਾ ਇਸ ਸਮੇਂ ਭਾਰਤ ਤੋਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਵਾਲਾ ਸਮਾਨ ਦਰਾਮਦ ਕਰਵਾ ਰਿਹਾ ਹੈ। ਜਦੋਂ ਕਿ ਉਹ ਭਾਰਤ ਨੂੰ ਫੌਜੀ ਸਾਜੋ-ਸਮਾਨ ਅਤੇ ਪ੍ਰਮਾਣੂੰ ਊਰਜਾ ਦੇ ਸਾਧਨ ਮੁਹੱਈਆ ਕਰਵਾ ਰਿਹਾ ਹੈ। ਇਸ ਸਮੇਂ ਭਾਰਤ ਅਤੇ ਅਮਰੀਕਾ ਵਿੱਚ 92.8 ਅਰਬ ਡਾਲਰ ਦਾ ਵਪਾਰ ਚੱਲਦਾ ਹੈ। ਭਾਰਤ ਵੱਲੋਂ ਅਮਰੀਕਾ ਨਾਲ ਬਰਾਮਦ 57.67 ਅਰਬ ਡਾਲਰ ਦੀ ਹੈ ਜਦੋਂ ਕਿ ਦਰਾਮਦ 34.41 ਅਰਬ ਡਾਲਰ ਦੀ ਸਾਲਾਨਾ ਹੈ। ਇਸ ਤਰ੍ਹਾਂ ਅਮਰੀਕਾ ਨੂੰ ਵਪਾਰ ਵਿੱਚ 23.26 ਅਰਬ ਡਾਲਰ ਦਾ ਸਾਲਾਨਾ ਘਾਟਾ ਪੈ ਰਿਹਾ ਸੀ। ਉਂਝ ਤਾਂ ਭਾਵੇਂ ਅਮਰੀਕੀ ਹਾਕਮ ਕਦੇ ਤੇਲ-ਗੈਸ ਦੀਆਂ ਕੀਮਤਾਂ ਵਧਾ ਕੇ ਅਤੇ ਕਦੇ ਡਾਲਰ ਦੀਆਂ ਕੀਮਤਾਂ ਵਧਾ ਕੇ ਆਪਣੇ ਖਰਚਿਆਂ ਦਾ ਭਾਰ ਭਾਰਤ ਵਰਗੇ ਦੇਸ਼ਾਂ 'ਤੇ ਲੱਦਦੇ ਰਹਿੰਦੇ ਹਨ। ਪਰ ਹੁਣ ਜਦੋਂ ਟਰੰਪ ਭਾਰਤ ਆਇਆ ਹੈ ਤਾਂ ਇਸ ਨੇ 4 ਅਰਬ ਡਾਲਰ ਯਾਨੀ 25000 ਕਰੋੜ ਰੁਪਏ ਤੋਂ ਉੱਪਰ ਦੇ ਸਮਝੌਤੇ ਕੀਤੇ ਹਨ। ਜਿਹਨਾਂ ਵਿੱਚ 18000 ਕਰੋੜ ਰੁਪਏ ਦੇ ਤਾਂ ਅਪਾਚੀ ਹੈਲੀਕਾਪਟਰ ਹੀ ਖਰੀਦਣੇ ਹਨ। ਇਸ ਤੋਂ ਬਿਨਾ ਹੋਰ ਛੋਟੀ ਰੇਂਜ ਦੇ ਹੋਰ ਹਥਿਆਰਾਂ ਦੀ ਖਰੀਦ ਕਰਨੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ 6 ਪ੍ਰਮਾਣੂੰ ਪਲਾਂਟ ਲਾਏ ਜਾਣੇ ਹਨ। ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦਾ ਸਮੁੰਦਰੀ ਫੌਜ ਦਾ ਸਾਜੋ-ਸਮਾਨ ਮੁਹੱਈਆ ਕਰਨਾ ਹੈ। ਪੁਲਾੜ ਵਿੱਚ ਭਾਰਤ ਦੀ ਸਾਂਝ ਵਧਾਉਣੀ ਹੈ। ਪੈਟਰੋਲੀਅਮ ਪਦਾਰਥ ਦੀ ਸਪਲਾਈ ਵਧਾਉਣੀ ਹੈ। ਯਾਨੀ ਅਮਰੀਕਾ ਦੀਆਂ ਬੰਦ ਪਈਆਂ ਪ੍ਰਮਾਣੂੰ ਅਤੇ ਹਥਿਆਰਾਂ ਦੀਆਂ ਸਨਅੱਤਾਂ ਨੂੰ ਚੱਲਦਾ ਰੱਖ ਕੇ ਇਹਨਾਂ ਦਾ ਬੋਝ ਭਾਰਤੀ ਲੋਕਾਂ 'ਤੇ ਪਾਉਣਾ ਹੈ। ਅਮਰੀਕੀ ਹਾਕਮ ਚਾਹੁੰਦੇ ਤਾਂ ਇਹ ਸਨ ਕਿ ਉਹਨਾਂ ਦੇ ਭਾਰਤੀ ਦਲਾਲ ਭਾਰਤੀ ਮੰਡੀ ਨੂੰ ਅਮਰੀਕਾ ਦੀ ਦੁੱਧ ਸਨਅੱਤ ਵਾਸਤੇ ਖੋਲ੍ਹ ਦੇਣ। ਪਰ ਭਾਰਤੀ ਦਲਾਲਾਂ ਨੂੰ ਇਹ ਲੱਗ ਰਿਹਾ ਸੀ ਕਿ ਪਹਿਲਾਂ ਕਰਜ਼ਿਆਂ ਅਤੇ ਕੰਗਾਲੀ ਦੀ ਝੰਬੀ ਕਿਸਾਨੀ ਕੋਲੋਂ ਜੇਕਰ ਦੁੱਧ ਦਾ ਮਾੜਾ ਮੋਟਾ ਵੀ ਕਾਰੋਬਾਰ ਖੋਹ ਲਿਆ ਗਿਆ ਤਾਂ ਉਹਨਾਂ ਕੋਲ ਬਾਗੀ ਹੋ ਨਿੱਬੜਣ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀਂ। ਇਸ ਕਰਕੇ ਇਹ ਇਸ ਮਾਮਲੇ ਵਿੱਚ ਬੋਚ ਬੋਚ ਕੇ ਕਦਮ ਚੁੱਕਣ ਦੀ ਸਲਾਹ ਦੇ ਰਹੇ ਹਨ। ਅਮਰੀਕਾ ਨੇ ਭਾਰਤ ਨਾਲ ਜੋ ਸਮਝੌਤੇ ਕੀਤੇ ਹਨ, ਉਹਨਾਂ ਤਹਿਤ ਅਮਰੀਕਾ ਨੇ ਭਾਰਤ ਦੀਆਂ ਤੇਲ-ਗੈਸ ਆਦਿ ਦੀ ਊਰਜਾ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੈ। ਅਮਰੀਕਾ ਨੇ ਭਾਰਤ 'ਤੇ ਇਹ ਪਾਬੰਦੀ ਮੜ੍ਹੀ ਹੋਈ ਹੈ ਕਿ ਇਹ ਈਰਾਨ ਕੋਲੋਂ ਸਸਤਾ ਤੇਲ ਹਾਸਲ ਨਾ ਕਰੇ ਬਲਕਿ ਅਮਰੀਕਾ ਕੋਲੋਂ ਮਹਿੰਗੇ ਭਾਅ 'ਤੇ ਤੇਲ ਤੇ ਗੈਸ ਹਾਸਲ ਕਰੇ। ਇਸ ਤੋਂ ਬਿਨਾ ਭਾਰਤ ਲਈ ਛੋਟੇ ਹਥਿਆਰਾਂ ਦੀ ਜਿਹੜੀ ਸਪਲਾਈ ਕੀਤੀ ਜਾ ਰਹੀ ਹੈ, ਉਸ ਦਾ ਮਨੋਰਥ ਖਾਨਾਜੰਗੀ ਅਤੇ ਸਥਾਨਕ ਲੜਾਈਆਂ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਪੂਰਤੀ ਕੀਤੀ ਜਾਣੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਹਾਕਮ ਜਿੱਥੇ ਆਪਣੇ ਆਪ ਨੂੰ ਕਸ਼ਮੀਰ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ, ਉੱਥੇ ਉਹ ਮੱਧ ਭਾਰਤ ਵਿੱਚ ਮਾਓਵਾਦੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਅਤੇ ਮੁਸਲਿਮ ਭਾਈਚਾਰੇ ਦੀ ਬਹੁਲਤਾ ਵਾਲੇ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰਦੇ ਹਨ। ਇਸ ਕਰਕੇ ਉਹਨਾਂ ਲਈ ਜਿੱਥੇ ਹੁਣ ਸੜਕੀ ਆਵਾਜਾਈ ਕਰਨੀ ਮੁਹਾਲ ਬਣਨੀ ਹੈ, ਉੱਥੇ ਇਸ ਦੇ ਬਦਲ ਵਜੋਂ ਉਹ ਅਪਾਚੀ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਆਪਣੀਆਂ ਫੌਜਾਂ ਨੂੰ ਸਬੰਧਤ ਥਾਵਾਂ 'ਤੇ ਢੋਣਗੇ ਅਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਮੁਖੀਆਂ ਦੀ ਮਿਜ਼ਾਈਲ ਵਿਰੋਧੀ ਪ੍ਰਣਾਲੀ ਤੋਂ ਸੁਰੱਖਿਆ ਯਕੀਨੀ ਬਣਾਉਣਗੇ। 0-0 ਕੋਰੋਨਾ ਦੌਰ ਦੀ ਸ਼ੁਰੂਆਤ 'ਚ ਦਿੱਲੀ ਵਿੱਚ ਮੁਸਲਿਮ ਭਾਈਚਾਰੇ ਦਾ ਕਤਲੇਆਮ ਅਤੇ ਲੁੱਟ-ਮਾਰ ਕਰਕੇ ਮੋਦੀ ਜੁੰਡਲੀ ਨੇ ਟਰੰਪ ਨੂੰ ਟਰੇਲਰ ਵਿਖਾਏ 24 ਅਤੇ 25 ਫਰਵਰੀ ਨੂੰ ਮੋਦੀ ਨੇ ਦਿੱਲੀ ਵਿੱਚ ਮੁਸਲਿਮ ਭਾਈਚਾਰੇ ਦੀਆਂ ਜਾਇਦਾਦਾਂ, ਦੁਕਾਨਾਂ, ਘਰ ਅਤੇ ਜਿਉਂਦਿਆਂ ਨੂੰ ਸਾੜ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਟਰੇਲਰ ਵਿਖਾਏ ਕਿ ਹਿੰਦੂਤਵੀ ਫਾਸ਼ੀਵਾਦੀਏ ਮੁਸਲਿਮ ਭਾਈਚਾਰੇ 'ਤੇ ਟਰੰਪ ਨਾਲੋਂ ਵੀ ਕਿਵੇਂ ਤੇ ਕਿੰਨੀ ਵਧੇਰੇ ਮਾਰ ਕਰ ਸਕਦੇ ਹਨ। ਜਿਉਂ ਹੀ ਟਰੰਪ ਨੇ ਗੁਜਰਾਤ ਵਿੱਚ ਉਤਾਰਾ ਕੀਤਾ ਉਦੋਂ ਤੋਂ ਹੀ ਦਿੱਲੀ ਵਿੱਚ ਮਾਰ-ਕੁੱਟ ਅਤੇ ਸਾੜ-ਫੂਕ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ। ਜਿਵੇਂ ਜਿਵੇਂ ਟਰੰਪ ਦੀ ਦਿੱਲੀ ਵੱਲ ਨੂੰ ਆਮਦ ਵਧਦੀ ਗਈ ਉਸੇ ਹੀ ਤਰ੍ਹਾਂ ਸਾੜ-ਫੂਕ ਤੇ ਕਤਲੋਗਾਰਤ ਦਾ ਸਿਲਸਿਲਾ ਤਿੱਖਾ ਕੀਤਾ ਗਿਆ। ਜਦੋਂ ਹੀ ਟਰੰਪ ਚਲਾ ਗਿਆ ਤਾਂ ਇਹ ਟਰੇਲਰ ਵੀ ਖਤਮ ਹੋ ਗਿਆ। ਜਿਸ ਵੇਲੇ ਦੁਪਹਿਰੇ ਗੁਜਰਾਤ ਦੇ ਮੋਤੇਰਾ ਸਟੇਡੀਅ ਵਿੱਚ ਟਰੰਪ ਤਕਰੀਰ ਕਰ ਰਿਹਾ ਸੀ ਕਿ ''ਇਸ ਧਰਤੀ ਦੀ ਦੁਨੀਆਂ ਵਿੱਚ ਤਾਰੀਫ ਕੀਤੀ ਜਾਂਦੀ ਹੈ ਕਿ ਇਹ ਉਹ ਥਾਂ ਹੈ ਜਿੱਥੇ ਕਰੋੜਾਂ ਹੀ ਹਿੰਦੂ, ਮੁਸਲਮਾਨ, ਸਿੱਖ, ਜੈਨੀ, ਬੋਧੀ, ਇਸਾਈ ਅਤੇ ਯਹੂਦੀ ਨਾਲੋਂ ਨਾਲ ਆਪੋ ਆਪਣੀ ਪਾਠਪੂਜਾ ਸਹਿਜਤਾ ਨਾਲ ਕਰ ਸਕਦੇ ਹਨ... ਦੁਨੀਆਂ ਤੁਹਾਡੀ ਏਕਤਾ ਤੋਂ ਪ੍ਰੇਰਨਾ ਲੈਂਦੀ ਹੈ।'' ਉਸੇ ਹੀ ਵੇਲੇ ਭਾਰਤੀ ਪ੍ਰਚਾਰ-ਪ੍ਰਸਾਰ ਮਾਧਿਅਮਾਂ ਰਾਹੀਂ ਦਿੱਲੀ ਵਿਚਲੇ ਹਿੰਦੂਤਵੀ ਫਾਸ਼ੀਵਾਦੀਏ ਉਸ ਨੂੰ ਪਾਠਪੂਜਾ, ਸਹਿਜਤਾ ਅਤੇ ਏਕਤਾ ਦੇ ਅਰਥਾਂ ਨੂੰ ਅਮਲਾਂ ਵਿੱਚ ਦਰਸਾ ਰਹੇ ਸਨ ਕਿ ਹਿੰਦੂ ਭੀੜਾਂ ਕਿਵੇਂ ਜੁਟਾਈਆਂ ਜਾਂਦੀਆਂ ਹਨ। ਮੁਸਲਿਮ ਭਾਈਚਾਰੇ ਨੂੰ ਚੋਣਵੇ ਜਬਰ ਦਾ ਨਿਸ਼ਾਨਾ ਕਿਵੇਂ ਬਣਾਇਆ ਜਾਂਦਾ ਹੈ। ਉਹਨਾਂ ਦੀਆਂ ਦੁਕਾਨਾਂ, ਘਰ-ਬਾਰ ਅਤੇ ਪਰਿਵਾਰ ਸਾੜੇ-ਫੂਕੇ ਜਾ ਰਹੇ ਸਨ। ਪੁਲਸੀ ਲਾਮ-ਲਸ਼ਕਰ ਕਿਵੇਂ ਮੂਕ ਦਰਸ਼ਕ ਬਣੇ ਉਹਨਾਂ ਦੀ ਵਹਿਸ਼ਤ ਦਾ ਤਾਂਡਵ ਵੇਖ ਰਹੇ ਸਨ। ਸ਼ਾਮੀਂ ਸਾਢੇ ਪੰਜ ਵਜੇ ਟਰੰਪ ਆਗਰੇ ਵਿੱਚ ਤਾਜ ਮਹਿਲ ਦੀ ਫੇਰੀ ਮੌਕੇ ਉਥੇ ਰੱਖੇ ਰਜਿਸਟਰ ਵਿੱਚ ਆਪਣੇ ਅਨੁਭਵ ਦਰਜ਼ ਕਰ ਰਿਹਾ ਸੀ ਕਿ ''ਇਹ ਅਨੰਤ ਕਾਲ ਤੱਕ ਭਾਰਤੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਅਨੇਕਤਾ ਦਾ ਖੂਬਸੁਰਤ ਨਮੂਨਾ ਹੈ।'' ਉਸ ਸਮੇਂ ਦਿੱਲੀ ਵਿੱਚ ਮੁਸਲਿਮ ਪਰਿਵਾਰ ਆਪਣੇ ਘਰਬਾਰ, ਬਲ਼ਦੀਆਂ-ਸੜਦੀਆਂ ਦੁਕਾਨਾਂ ਅਤੇ ਮਸਜਿਦਾਂ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਜਿਧਰ ਨੂੰ ਮੂੰਹ ਹੋਇਆ ਉੱਧਰ ਨੂੰ ਹੀ ਭੱਜੇ ਜਾ ਰਹੇ ਸਨ। ਜਿਸ ਸਮੇਂ ਰਾਤ ਨੂੰ ਟਰੰਪ ਦਿੱਲੀ ਵਿੱਚ ਆਇਆ ਤਾਂ ਰਾਤ ਨੂੰ ਮੁਸਲਿਮ ਭਾਈਚਾਰੇ ਦੀਆਂ ਦੁਕਾਨਾਂ-ਮਕਾਨਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਹੋਰ ਵਧੇਰੇ ਗਿਣਤੀ ਵਿੱਚ ਸਾੜਨ ਲਈ ਉੱਤਰ ਪ੍ਰਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਸਕ ਭੀੜਾਂ ਨੂੰ ਉੱਤਰ-ਪੂਰਬੀ ਦਿੱਲੀ ਦੇ ਮੁਸਲਿਮ ਬਹੁਲਤਾ ਵਾਲੇ ਖੇਤਰਾਂ ਵਿੱਚ ਵੱਡੇ ਧਾਵੇ ਅਤੇ ਹਿੰਸਕ ਹਮਲੇ ਕਰਨ ਲਈ ਯੋਗੀ ਹਕੂਮਤ ਵੱਲੋਂ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਸਨ। ਜਿੱਥੇ ਸਾੜ-ਫੂਕ ਦੇ ਸਿਲਸਿਲੇ ਤਾਂ ਚੱਲ ਹੀ ਰਹੇ ਸਨ, ਹਿੰਦੂਤਵੀ ਫਾਸ਼ੀਵਾਦੀਏ ਮੁਸਲਿਮ ਭਾਈਚਾਰੇ ਨੂੰ ਹੋਰ ਤੋਂ ਹੋਰ ਵਧੇਰੇ ਜਿੱਚ ਕਰਨ ਲਈ ਉਹਨਾਂ ਦੀਆਂ ਧੀਆਂ, ਭੈਣਾਂ ਅਤੇ ਔਰਤਾਂ ਸਾਹਮਣੇ ਨੰਗਾ-ਨਾਚ ਕਰਦੇ ਹੋਏ ਬਾਘੀਆਂ ਪਾ ਰਹੇ ਸਨ। 24 ਅਤੇ 25 ਫਰਵਰੀ ਨੂੰ ਜੋ ਕੁੱਝ ਹਿੰਦੂਤਵੀ ਫਾਸ਼ੀਵਾਦੀਆਂ ਨੇ ਦਿੱਲੀ ਵਿੱਚ ਕੀਤਾ ਇਹ ਕੁੱਝ ਇਹਨਾਂ ਦਾ ਬਹੁਤ ਹੀ ਸੋਚਿਆ-ਸਮਝਿਆ ਅਤੇ ਪਹਿਲਾਂ ਤੋਂ ਹੀ ਐਲਾਨਿਆ ਕਾਰਾ ਸੀ। 23 ਫਰਵਰੀ ਦੀ ਸ਼ਾਮ ਨੂੰ ਭਾਜਪਾ ਦੇ ਸਥਾਨਕ ਆਗੂ ਕਪਿਲ ਮਿਸ਼ਰਾ ਨੇ ਐਲਾਨ ਕੀਤਾ ਸੀ ਕਿ ''ਅਸੀਂ ਉਦੋਂ ਤੱਕ ਹੀ ਸ਼ਾਂਤ ਹਾਂ ਜਦੋਂ ਤੱਕ ਟਰੰਪ ਇੱਥੋਂ ਚਲਿਆ ਨਹੀਂ ਜਾਂਦਾ, ਉਸ ਤੋਂ ਬਾਅਦ ਵਿੱਚ, ਜੇਕਰ ਸੜਕਾਂ ਖਾਲੀ ਨਾ ਕੀਤੀਆਂ ਗਈਆਂ ਤਾਂ ਅਸੀਂ ਪੁਲਸ ਦੀ ਕੋਈ ਨਹੀਂ ਸੁਣਨੀ ਅਸੀਂ ਸੜਕਾਂ ਖਾਲੀ ਕਰਵਾਵਾਂਗੇ।'' ਕਪਿਲ ਮਿਸ਼ਰਾ ਨੇ ਜਿਹੜਾ ਕਿਹਾ ਸੀ ਕਿ ਟਰੰਪ ਤੋਂ ਪਿੱਛੋਂ ਸੜਕਾਂ ਖਾਲੀ ਕਰਵਾਵਾਂਗੇ ਉਸ ਦਾ ਅਸਲ ਭਾਵ ਇਹ ਹੀ ਸੀ ਕਿ ਅਸੀਂ ਟਰੰਪ ਨੂੰ ਵਿਖਾਵਾਂਗੇ ਕਿ ਇਜ਼ਰਾਈਲੀਆਂ ਵਾਂਗ ਅਸੀਂ ਵੀ ਮੁਸਲਮਾਨਾਂ ਨੂੰ ਕਿਵੇਂ ਰੋਲ ਕੇ ਰੱਖ ਦਿਆਂਗੇ। ਉਸ ਨੇ ਆਪਣੇ ਭਾਸ਼ਣ ਵਿੱਚ ਅੱਗੇ ਆਖਿਆ ਸੀ ਕਿ ''ਯਹੀ ਸਹੀ ਮੌਕਾ ਹੈ। ਇਸੇ ਭੁਨਾ ਲੋ, ਅਬ ਚੂਕ ਗਏ ਤੋ ਦੁਬਾਰਾ ਮੌਕਾ ਨਹੀਂ ਮਿਲੇਗਾ।'' ਇਸ ਮੌਕੇ ਦਾ ਲਾਹਾ ਲੈਣ ਲਈ ਉਸ ਵਰਗੇ ਹੋਰਨਾਂ ਨੇ ਵੀ ਲਾਂਬੂ ਲਾਉਣੇ ਸ਼ੁਰੂ ਕੀਤੇ। ਆਰ.ਐਸ.ਐਸ. ਦੇ ਚੇਲੇ-ਬਾਲਕਿਆਂ ਨੇ ਜੋ ਕੁੱਝ ਟਰੰਪ ਦੇ ਆਏ ਤੋਂ ਦਿੱਲੀ ਵਿੱਚ ਕੀਤਾ ਹੈ, ਇਹ ਕੁੱਝ ਬਿਲਕੁਲ ਹੀ ਨਵਾਂ ਨਹੀਂਂ ਹੈ ਬਲਕਿ ਇਹਨਾਂ ਵੱਲੋਂ ਜੋ ਕੁੱਝ ਕਰਨ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਵਿੱਢੀਆਂ ਹੋਈਆਂ ਸਨ, ਇਹ ਉਹਨਾਂ ਦਾ ਜਾਰੀ ਰੂਪ ਹੈ। ਇਹ ਕੁੱਝ ਉਹ ਕਰਨਾ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਫੌਰੀ ਬਾਅਦ ਹੀ ਚਾਹੁੰਦੇ ਸਨ, ਪਰ ਦਿੱਲੀ ਵਿੱਚ ਇਹਨਾਂ ਦੀ ਹੋਈ ਹਾਰ ਨੇ ਇਹਨਾਂ ਨੂੰ ਕੁੱਝ ਨਾ ਕੁੱਝ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਸੀ। ਉਸ ਉਪਰੰਤ ਇਹ ਮੁੜ ਉਸੇ ਹੀ ਨਤੀਜੇ 'ਤੇ ਪਹੁੰਚੇ ਸਨ ਕਿ ਜੋ ਕੁੱਝ ਦਿੱਲੀ ਚੋਣਾਂ ਤੋਂ ਬਾਅਦ ਕਰਨਾ ਚਾਹੀਦਾ ਸੀ, ਉਸ ਨੂੰ ਨਾ ਸਿਰਫ ਜਾਰੀ ਰੱਖਿਆ ਜਾਵੇ ਬਲਕਿ ਇਸ ਵਿੱਚ ਤੇਜੀ ਅਤੇ ਤਿੱਖ ਲਿਆਂਦੀ ਜਾਵੇ। ਸੋ ਇਹਨਾਂ ਨੇ ਉਹ ਕੁੱਝ ਲਾਗੂ ਕਰਨਾ ਸ਼ੁਰੂ ਕੀਤਾ ਜੋ ਕੁੱਝ ਇਹਨਾਂ ਨੇ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਸ਼ਰੇਆਮ ਆਖਿਆ ਸੀ। ਦਿਲੀ ਦੇ ਸ਼ਾਹੀਨ ਬਾਗ ਵਿੱਚ ਲੱਗਿਆ ਮੋਰਚਾ ਮੋਦੀ ਨੂੰ ਹਿੱਕ ਵਿੱਚ ਖੁਭੀ ਹੋਈ ਬਰਛੀ ਪ੍ਰਤੀਤ ਹੁੰਦਾ ਸੀ ਤਾਂ ਕਰਕੇ ਹੀ ਉਸਨੇ ਇਸ ਤਰ੍ਹਾਂ ਆਖਿਆ ਸੀ ਕਿ ਇਹ ''ਸੰਜੋਗ ਨਹੀਂ ਪ੍ਰਯੋਗ ਹੈ।'' ਦਿੱਲੀ ਵਿਧਾਨ ਸਭਾਈ ਚੋਣ ਰੈਲੀਆਂ ਵਿੱਚ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਨੇ ਮੁਸਲਿਮ ਭਾਈਚਾਰੇ ਨੂੰ ਸ਼ਰੇਆਮ ਧਮਕੀ ਭਰੇ ਅੰਦਾਜ਼ ਵਿੱਚ ਆਖਿਆ ਸੀ ਕਿ ''ਬੋਲੀ ਸੇ ਨਹੀਂ ਤੋ ਗੋਲੀ ਸੇ ਤੋ ਸਮਝੇਂਗੇ ਹੀ।'' ਇਹਨਾਂ ਨੇ ਫਿਰਕੂ-ਫਾਸ਼ੀ ਰੁਝਾਨ ਨੂੰ ਵਧਾਉਂਦੇ ਹੋਏ ਨਾਹਰਾ ਦਿੱਤਾ ਸੀ, ''ਦੇਸ਼ ਕੇ ਗ਼ਦਾਰੋਂ ਕੋ, ਗੋਲੀ ਮਾਰੋ ਸਾਲੋਂ ਕੋ।'' ਲਖਨਊ ਵਿਖੇ ਇੱਕ ਫੌਜੀ ਨੁਮਾਇਸ਼ ਵਿੱਚੋਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਆਟੋਮੈਟਿਕ ਬੰਦੂਕ ਹੱਥਾਂ ਵਿੱਚ ਲਹਿਰਾ ਕੇ ਇਸ ਦੀ ਵਰਤੋਂ ਕਰਨ ਨੂੰ ਇਸ਼ਾਰਾ ਵੀ ਕਰ ਦਿੱਤਾ ਸੀ। ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠੀਆਂ ਔਰਤਾਂ ਵੱਲ ਇਸ਼ਾਰਾ ਕਰਕੇ ਦਿੱਲੀ ਦੇ ਨਾਗਰਿਕਾਂ ਨੂੰ ਭੜਕਾਅ ਰਿਹਾ ਸੀ ਕਿ ਉਹ ਵੋਟਿੰਗ ਮਸ਼ੀਨ ਦੇ ਕਮਲ ਦੇ ਫੁੱਲ ਵਾਲੇ ਨਿਸ਼ਾਨ 'ਤੇ ਉਂਗਲ ਰੱਖ ਕੇ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਬੈਠਿਆਂ ਨੂੰ 'ਕਰੰਟ' ਲਾ ਦੇਣ। ਯੋਗੀ ਦੀ ਹਕੂਮਤ ਵਿੱਚ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ 22 ਫਰਵਰੀ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਸੀ ਕਿ ''ਜਿਸ ਦਿਨ ਇੱਕ ਵੀ ਹਿੰਦੂ ਆਪਣੀ ਆਈ 'ਤੇ ਆ ਗਿਆ, ਉਸ ਦਿਨ 15 ਕਰੋੜ ਮੁਸਲਮਾਨ ਹਿੰਦ ਮਹਾਂਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਨਜ਼ਰ ਆਉਣਗੇ।'' ਇਸੇ ਹੀ ਤਰ੍ਹਾਂ ਜਿਹੜੇ ਵੀ ਕੌਮੀ ਨਾਗਰਿਕਤਾ ਸੂਚੀ ਅਤੇ ਕੌਮੀ ਆਬਾਦੀ ਰਜਿਸਟਰ ਦੇ ਕਾਗਜ਼ਾਤ ਵਗੈਰਾ ਨਹੀਂ ਵਿਖਾਉਣਗੇ ਉਹਨਾਂ ਬਾਰੇ ਉਸ ਨੇ ਆਖਿਆ ਸੀ, ''ਦਸਤਾਵੇਜ਼ ਕਬਰ ਵਿੱਚੋਂ ਕੱਢ ਕੇ ਵਿਖਾਉਣੇ ਪੈਣਗੇ। ਜਿਹੜੇ ਨਹੀਂ ਵਿਖਾਉਣਗੇ, ਉਹਨਾਂ ਨੂੰ ਭਾਰਤ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ।'' ਇਸੇ ਹੀ ਤਰ੍ਹਾਂ ਸ਼ਾਹੀਨ ਬਾਗ ਸਬੰਧੀ ਭਾਜਪਾ ਦਾ ਆਗੂ ਸ਼ਾਹੀਨ ਬਾਗ ਦੀਆਂ ਮੁਜਾਹਰਾਕਾਰੀ ਔਰਤਾਂ ਅਤੇ ਉਹਨਾਂ ਦੇ ਸਹਾਇਕਾਂ ਨੂੰ ਬਲਾਤਕਾਰੀਆਂ ਵਾਂਗ ਪੇਸ਼ ਕਰਕੇ ਆਖ ਰਿਹਾ ਸੀ ਕਿ ਜੇਕਰ ਇਹਨਾਂ ਨੂੰ ਨਾ ਰੋਕਿਆ ਗਿਆ ਤਾਂ ਤੁਹਾਡੇ ਘਰਾਂ ਵਿੱਚ ਦਾਖਲ ਹੋ ਕੇ ਤੁਹਾਡੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨਗੇ। ਇਸੇ ਹੀ ਤਰ੍ਹਾਂ ਭਾਜਪਾ ਦੇ ਆਗੂਆਂ ਨੇ ਦਿੱਲੀ ਦੀਅÎਾਂ ਚੋਣਾਂ ਜਿੱਤਣ-ਹਾਰਨ ਨੂੰ ਭਾਰਤ-ਪਾਕਿ ਯੁੱਧ ਵਜੋਂ ਪੇਸ਼ ਕੀਤਾ ਤੇ ਭਾਜਪਾ ਨੂੰ ਜਿੱਤ ਦਿਵਾ ਕੇ ਪਾਕਿਸਤਾਨ ਨੂੰ ਹਰਾਉਣ ਵਾਂਗ ਪੇਸ਼ ਕੀਤਾ ਗਿਆ ਸੀ। ਸ਼ਾਹੀਨ ਬਾਗ ਸਬੰਧੀ ਭਾਜਪਾ ਦੇ ਇੱਕ ਬੁਲਾਰੇ ਸੰਬਿਤ ਪਾਤਰਾ ਨੇ ਹਿੰਦੂਆਂ ਨੂੰ ਆਖਿਆ ਸੀ ਕਿ ''ਹਿੰਦੂਓ ਜਾਗੋ, ਯਹ ਮੁਸਲਮਾਨੋਂ ਕੋ ਯੂਨਾਈਟ ਕਰ ਰਹੇ ਹੈਂ।'' ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਅਤੇ ਗਿਰੀਰਾਜ ਸਿੰਘ ਵਰਗੇ 'ਆਜ ਤੱਕ' ਚੈਨਲ 'ਤੇ ਬਹਿਸ ਵਿੱਚ ਸ਼ਾਹੀਨ ਬਾਗ ਦੇ ਮੁਜਾਹਰਾਕਾਰੀਆਂ ਲਈ ''ਟੁਕੜੇ ਟੁਕੜੇ ਗੈਂਗ'' ਦਾ ਨਾਂ ਦੇ ਰਹੇ ਸਨ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਹੋਣ। ਇਹਨਾਂ ਦੇ ਗੁੰਡਿਆਂ ਨੇ ਦਿੱਲੀ ਦੀਆਂ ਚੋਣਾਂ ਦੌਰਾਨ ਹੀ ਜਾਮੀਆ ਮਿਲੀਆ ਅਤੇ ਸ਼ਾਹੀਨ ਬਾਗ ਵਿੱਚ ਪੁਲਸ ਦੀ ਹਾਜ਼ਰੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਸ਼ਰੇਆਮ ਗੋਲੀਆਂ ਵੀ ਚਲਾਈਆਂ ਸਨ। ਭਾਜਪਾ ਦੇ ਬੰਗਾਲ ਦੇ ਆਗੂ ਦਲੀਪ ਘੋਸ ਨੇ ਜਾਦਵਪੁਰ ਯੂਨੀਵਰਸਿਟੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ''ਸ਼ੈਤਾਨਾਂ'' ਅਤੇ ''ਜੋਕਾਂ'' ਦਾ ਨਾਂ ਦੇ ਕੇ ਇਹਨਾਂ ਨੂੰ ''ਕੁੱਤਿਆਂ ਵਾਂਗ ਗੋਲੀ ਮਾਰਨ'' ਦੀ ਗੱਲ ਕਰਦੇ ਆਖਿਆ ਸੀ, ਹਿੰਦੋਸਤਾਨੀ ਮੁਸਲਮਾਨਾਂ ਨੂੰ ''ਉਹਨਾਂ ਦੇ ਦੇਸ਼ ਵਾਪਸ ਭੇਜ ਦੇਣਾ ਚਾਹੀਦਾ ਹੈ।'' ਯੂ.ਪੀ. ਵਿੱਚ ਭਾਜਪਾ ਦੀ ਹਕੂਮਤ ਹੋਣ ਕਰਕੇ ਇਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਦੇਸ਼ ਭਰ ਵਿੱਚ ਸਭ ਤੋਂ ਵਧੇਰੇ ਜਬਰ ਕੀਤਾ। ਨਾ ਸਿਰਫ ਦਹਿ-ਹਜ਼ਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਤੁੰਨਿਆ ਬਲਕਿ ਸੈਂਕੜਿਆਂ ਨੂੰ ਜਖਮੀ ਕਰਕੇ ਦਰਜ਼ਨਾਂ ਨੂੰ ਕਤਲ ਵੀ ਕੀਤਾ ਸੀ। ਭਾਜਪਾ ਵਾਲਿਆਂ ਦੀ ਬੁਖਲਾਹਟ ਇਸ ਗੱਲ ਵਿੱਚ ਸੀ ਕਿ ਇਹ ਦਿੱਲੀ ਦੀਆਂ ਵਿਧਾਨ ਸਭਾਈ ਚੋਣਾਂ ਦੌਰਾਨ ਭਾਵੇਂ ਕਿੰਨਾ ਹੀ ਜ਼ਹਿਰ ਗਲੱਛਦੇ ਰਹੇ ਪਰ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਲੋਕਾਂ ਵਿੱਚ ਇਹਨਾਂ ਦੀ ਦਹਿਸ਼ਤ ਨਹੀਂ ਸੀ ਪਈ। ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦੇ ਜਾ ਰਹੇ ਸਨ। ਦਿੱਲੀ ਵਿੱਚ ਇਹਨਾਂ ਦੀ ਹੋਈ ਹਾਰ ਵਿੱਚ ਇਹਨਾਂ ਦੇ ਜ਼ਹਿਰੀਲੇ ਪ੍ਰਚਾਰ ਦੀ ਇਹਨਾਂ ਨੂੰ ਖੁਦ ਪਈ ਮਾਰ ਨੂੰ ਅਮਿਤ ਸ਼ਾਹ ਵੱਲੋਂ ਸਵਿਕਾਰਨਾ ਪਿਆ ਕਿ ''ਗੋਲੀ ਮਾਰੋ'' ਅਤੇ ''ਭਾਰਤ-ਪਾਕਿ ਜੰਗ'' ਵਰਗੇ ਵਰਤੇ ਗਏ ਲਕਬਾਂ ਨੇ ਇਹਨਾਂ ਨੂੰ ਹਰਾਇਆ ਹੈ। ਹੁਣ ਵੀ ਦਿੱਲੀ ਵਿੱਚ ਲੋਕਾਂ ਦਾ ਗੁੱਸਾ ਅਤੇ ਰੋਹ ਲਗਾਤਾਰ ਵਧਦਾ ਜਾ ਰਿਹਾ ਸੀ, ਜਿਸ ਦਾ ਇੱਕ ਸਬੂਤ ਇਸੇ ਹੀ ਗੱਲ ਵਿੱਚ ਪਿਆ ਹੈ ਕਿ ਦਿੱਲੀ ਦੇ ਮੌਜਪੁਰ, ਜਾਫਰਾਬਾਦ, ਗੋਕਲਪੁਰੀ ਅਤੇ ਚਾਂਦ ਬਾਗ ਇਲਾਕੇ ਵਿੱਚ ਪੁਲਸ ਦੀ ਮਿਲੀਭੁਗਤ ਨਾਲ ਹੋਏ ਹਮਲਿਆਂ ਵਿੱਚ ਲੋਕ ਟਕਰਾਉਂਦੇ ਆ ਰਹੇ ਸਨ ਅਤੇ ਉਹਨਾਂ 'ਤੇ ਹੋ ਰਹੇ ਹਮਲਿਆਂ ਦੇ ਖਿਲਾਫ ਨਾ ਸਿਰਫ ਧਰਨੇ ਦੇਣ ਤੱਕ ਮਹਿਦੂਦ ਰਹਿ ਰਹੇ ਸਨ ਬਲਕਿ ਉਹ ਹੋਰ ਸੜਕਾਂ ਜਾਮ ਕਰਨ ਵੱਲ ਵਧ ਰਹੇ ਸਨ। ਦਿੱਲੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਉਹਨਾਂ ਕੁੜੀਆਂ ਨੇ ਅਜਿਹੀ ਕਾਰਵਾਈ ਦੀ ਅਗਵਾਈ ਕੀਤੀ ਜਿਹਨਾਂ ਕਿਸੇ ਵੇਲੇ ਯੂਨੀਵਰਸਿਟੀਆਂ ਵਿੱਚ ''ਪਿੰਜਰਾ ਤੋੜ'' ਲਹਿਰ ਚਲਾਈ ਗਈ ਸੀ। ਇਹਨਾਂ ਔਰਤਾਂ ਨੇ 24 ਦਸੰਬਰ ਤੋਂ 12 ਜਨਵਰੀ ਤੱਕ ਵੱਖ ਵੱਖ ਇਲਾਕਿਆਂ ਵਿੱਚ ਮਸ਼ਾਲ ਮਾਰਚ ਕੀਤੇ। 12 ਜਨਵਰੀ ਤੋਂ ਦਿੱਲੀ ਵਿੱਚ ਸ਼ਾਹੀਨ ਬਾਗ ਦੀ ਤਰਜ਼ 'ਤੇ ਇਹਨਾਂ ਔਰਤਾਂ ਨੇ ਸੀਲਮਪੁਰ ਵਿੱਖੇ ਧਰਨਾ ਲਾ ਦਿੱਤਾ। ਇੱਥੇ ਸ਼ੁਰੂ ਹੋਏ ਮੁਜਾਹਰੇ ਉੱਤਰ-ਪੂਰਬੀ ਦਿੱਲੀ ਦੇ ਕਦਮਪੁਰੀ ਅਤੇ ਚਾਂਦ ਬਾਗ ਤੱਕ ਫੈਲਣ ਲੱਗੇ। ਸੀਲਮਪੁਰ ਅਤੇ ਹੋਰਨਾਂ ਥਾਵਾਂ 'ਤੇ ਹੋਏ ਮੁਜਾਹਰਿਆਂ ਉਪਰੰਤ ਵੀ ਜਦੋਂ ਭਾਜਪਾ ਹਕੂਮਤ 'ਤੇ ਕੋਈ ਅਸਰ ਨਾ ਹੋਇਆ ਤਾਂ ਮੁਜਾਹਰਾਕਾਰੀਆਂ ਨੇ 22 ਫਰਵਰੀ ਤੋਂ ਜਾਫਰਾਬਾਦ ਵਿੱਚ 22 ਫਰਵਰੀ ਤੋਂ ਸੜਕਾਂ 'ਤੇ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ। ਮੌਕਾ-ਮੇਲ ਇਹ ਵੀ ਹੋਇਆ ਕਿ ਇਸੇ ਹੀ ਦਿਨ ਭੀਮ ਆਰਮੀ ਵੱਲੋਂ ਦੇਸ਼ ਪੱਧਰੇ ਧਰਨਿਆਂ ਦਾ ਸੱਦਾ ਦਿੱਤਾ ਹੋਇਆ ਸੀ। ਭਾਜਪਾ ਦਾ ਸਥਾਨਕ ਆਗੂ ਕਪਿਲ ਮਿਸ਼ਰਾ 23 ਤਾਰੀਖ...... ........ਨੂੰ ਮੌਜਪੁਰ ਵਿੱਚ ਆਪਣੇ ਗੁੰਡਿਆਂ ਨੂੰ ਇਕੱਠੇ ਕਰਕੇ ਲਿਆਇਆ ਅਤੇ ਉਸਨੇ ਜਬਰਦਸਤੀ ਸੜਕਾਂ ਖਾਲੀ ਕਰਵਾਉਣ ਲਈ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਹਮਲਿਆਂ ਵਿੱਚ ਹਿੰਦੂਤਵੀਆਂ ਨੂੰ ਸ਼ਹਿ ਦੇਣ ਲਈ ਕਿਤੇ ਪੁਲਸ ਮੂਕ ਦਰਸ਼ਕ ਬਣ ਕੇ ਉਹਨਾਂ ਦੇ ਪੱਖ ਵਿੱਚ ਭੁਗਤਦੀ ਰਹੀ ਅਤੇ ਅਨੇਕਾਂ ਹੀ ਥਾਵਾਂ 'ਤੇ ਉਹਨਾਂ ਦੇ ਨਾਲ ਮਿਲ ਕੇ ਮੁਸਲਿਮ ਭਾਈਚਾਰੇ 'ਤੇ ਪਥਰਾਅ ਅਤੇ ਸਾੜਫੂਕ ਕਰਦੀ ਰਹੀ। ਉੱਤਰ-ਪੂਰਬੀ ਦਿੱਲੀ ਵਿੱਚ ਮੁਸਲਮਾਨ ਭਾਈਚਾਰੇ ਦੇ ਕਤਲੇਆਮ ਅਤੇ ਉਜਾੜੇ ਤੋਂ ਬਾਅਦ ਕੇਂਦਰੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਨੇ ਆਖਿਆ ਕਿ ''ਜੋ ਹੋਣਾ ਸੀ, ਹੋ ਗਿਆ। ਹੁਣ ਇੱਥੇ ਪੂਰੀ ਸ਼ਾਂਤੀ ਕਾਇਮ ਰਹੇਗੀ।'' ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਤਲੇਆਮ ਮੌਕੇ ਕਿਸੇ ਵੀ ਥਾਂ ਜਾ ਕੇ ਨਹੀਂ ਖੜ੍ਹਿਆ। ਬਾਅਦ ਵਿੱਚ ਮੁਸਲਿਮ ਭਾਈਚਾਰੇ ਨੂੰ ਦੋਸ਼ੀ ਮੰਨ ਕੇ ਪਾਰਲੀਮੈਂਟ ਵਿੱਚ ਬੜੀ ਢੀਠਤਾਈ ਨਾਲ ਐਲਾਨ ਕਰਦਾ ਹੈ ਕਿ ''ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।'' ਲੋਕਾਂ ਨੂੰ ਗੋਲੀ ਚਲਾਉਣ ਵਾਲੇ ਗੁੰਡੇ ਨੂੰ ਦੋਸ਼ੀ ਗਰਦਾਨਣ ਦੀ ਥਾਂ ਉਸ ਨੂੰ ਬਚਾਉਣ ਦੇ ਪੱਖ ਤੋਂ ਅਮਿਤ ਸ਼ਾਹ ਨੇ ਆਖਿਆ ਕਿ, ''ਸਾਰੇ ਮਾਮਲੇ ਨੂੰ ਸਮੁੱਚਤਾ ਵਿੱਚ ਰੱਖ ਕੇ ਵਿਚਾਰਿਆ ਜਾਵੇਗਾ।'' ਯਾਨੀ ਉਸ ਦੀ ਨਜ਼ਰ ਵਿੱਚ ਦੋਸ਼ੀ ਉਹ ਬਣਦੇ ਹਨ ਜਿਹੜੇ ਅਜਿਹੇ ਗੁੰਡੇ ਨੂੰ ਇਹਨਾਂ 'ਤੇ ਗੋਲੀ ਚਲਾਉਣ ਲਈ ਉਕਸਾਉਂਦੇ ਸਨ। ਮੁਸਲਿਮ ਭਾਈਚਾਰੇ ਦੇ ਜਿਹਨਾਂ ਹਿੱਸਿਆਂ ਨੇ ਆਪਣੀ ਰਾਖੀ ਦੀ ਖਾਤਰ ਰਵਾਇਤੀ ਜਾਂ ਲਾਇਸੰਸੀ ਹਥਿਆਰਾਂ ਨਾਲ ਆਪਣੀ ਰਾਖੀ ਆਪ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਹਿੰਸਕ ਅਤੇ ਕਾਤਲੀ ਗਰੋਹ ਬਣਾ ਕੇ ਪੇਸ਼ ਕਰਨ ਲਈ ਭਾਜਪਾਈ ਹਕੂਮਤ ਨੇ ਝੂਠੇ ਕੇਸ ਮੜ੍ਹਨੇ ਸ਼ੁਰੂ ਕਰ ਦਿੱਤੇ। ਕਾਤਲੀ ਹਿੰਦੂਤਵੀ ਗਰੋਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਬਲਕਿ ਜਿਹੜੇ ਵੀ ਮੁਸਲਿਮ ਨੌਜਵਾਨਾਂ ਨੇ ਆਪਣੀ ਰਾਖੀ ਆਪ ਕਰਨ ਦੇ ਯਤਨ ਕੀਤੇ ਉਹਨਾਂ ਦੀ ਤਲਾਸ਼ ਵਿੱਚ ਦੂਰ-ਨੇੜੇ ਛਾਪੇਮਾਰੀ ਕੀਤੀ ਗਈ ਅਤੇ ਇਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ। ਆਪਣੀ ਕਿਸੇ ਗਲਤੀ ਨੂੰ ਸਵਿਕਾਰਨ ਜਾਂ ਵਾਧ-ਘਾਟ ਨੂੰ ਕਬੂਲ ਕਰਨ ਦੀ ਥਾਂ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਇਹਨਾਂ 'ਤੇ ਸਵਾਲ ਕਰਨ ਵਾਲੇ ਕਾਂਗਰਸੀ ਆਗੂਆਂ 'ਤੇ ਪੁੱਠੇ ਸਵਾਲ ਕਰਦੇ ਹੋਏ ਆਖਿਆ ਕਿ ''ਸਿੱਖਾਂ ਦੇ ਕਤਲੇਆਮ ਦੇ ਜੁੰਮੇਵਾਰ, ਹਿੰਸਾ ਰੋਕਣ 'ਚ ਸਾਡੀ ਕਾਮਯਾਬੀ ਜਾਂ ਨਾਕਾਮੀ ਦੀ ਗੱਲ ਹੀ ਕਿਵੇਂ ਕਰ ਸਕਦੇ ਨੇ।'' ਸੀਲਮਪੁਰ ਦੇ ਇੱਕ ਵਿਅਕਤੀ ਨੇ ਆਖਿਆ, ''ਹਕੂਮਤ ਇਸ ਨੂੰ ਭਾਵੇਂ ਕੋਈ ਵੀ ਰੰਗਤ ਦੇਈ ਜਾਵੇ, ਸਾਨੂੰ ਅਜੇ ਵੀ ਇਹ ਵਿਸ਼ਵਾਸ਼ ਹੈ ਕਿ ਮੁਸਲਮਾਨਾਂ 'ਤੇ ਹਮਲੇ ਕਰਨ ਵਾਲੇ ਹਿੰਦੂ ਨਹੀਂ ਸਨ ਬਲਕਿ ਗੁੰਡੇ ਸਨ, ਜਿਹੜੇ ਨਾਗਰਿਕਤਾ ਕਾਨੂੰਨ ਵਿਰੋਧੀ ਮੁਜਾਹਰਾਕਾਰੀਆਂ 'ਤੇ ਹਮਲਾ ਕਰਨ ਲਈ ਲਿਆਂਦੇ ਗਏ ਸਨ।''

No comments:

Post a Comment