Monday, 20 July 2020

ਕੋਰੋਨਾ ਦੀ ਤਾਲਾਬੰਦੀ ਦੌਰਾਨ ਸਰਦਾਰਾ ਸਿੰਘ ਮਾਹਿਲ ਨਾਲ ਚੱਲੀ ਬਹਿਸ


ਸਰਦਾਰਾ ਸਿੰਘ ਮਾਹਿਲ ਨਾਲ ਚੱਲੀ ਬਹਿਸ ''ਭਗਵੀਂ ਲਕੀਰ ਦੇ ਲਾਲ ਫਕੀਰ'' ਲੋਕਾਂ ਦੇ ਮਨਾਂ ਤੋਂ ਲਹਿ ਗਏ ਕੋਰੋਨਾ ਵਾਇਰਸ ਦਾ ਖੌਫ਼ ਵਿਖਾ ਕੇ ਜਿਹੋ ਜਿਹਾ ਕੁੱਝ ਟਰੰਪ ਪ੍ਰਸਾਸ਼ਨ ਅਮਰੀਕਾ ਵਿੱਚ ਕਰਨਾ ਚਾਹੁੰਦਾ ਸੀ, ਉਸੇ ਦੀ ਰੌਸ਼ਨੀ ਵਿੱਚ ਭਾਰਤੀ ਹਾਕਮਾਂ ਨੇ ਭਾਜਪਾ ਦੀ ਮੋਦੀ ਜੁੰਡਲੀ ਕੋਰੋਨਾ ਦੀ ਕਾਵਾਂਰੌਲੀ ਪਾਉਣ ਲੱਗੀ। ਇਹਨਾਂ ਨੇ ਕੋਰੋਨਾ ਨੂੰ ਰੋਕਣ ਦੇ ਨਾਂ ਹੇਠ ਤਾਲਾਬੰਦੀ ਹੀ ਨਹੀਂ ਕੀਤੀ ਬਲਕਿ ਕਰਫਿਊ ਲਾ ਕੇ ਲੋਕਾਂ ਨੂੰ ਅੰਦਰੀਂ ਵਾੜ ਕੇ ਬਾਹਰ ਲੁੱਟ-ਮਚਾਉਣ ਦੇ ਕਾਰੇ ਕੀਤੇ। ਭਾਰਤ ਦੀ ਮਜ਼ਦੂਰ-ਕਿਸਾਨ ਜਨਤਾ ਨੂੰ ਵੈਸੇ ਹੀ ਲੀਹੋਂ ਲਾਹ ਦਿੱਤਾ। ਭਾਰਤੀ ਲੋਕਾਂ ਕੋਲ ਜਿਹੋ ਜਿਹੀ ਵੀ ਉਪਜੀਵਕਾ ਸੀ, ਉਹਨਾਂ ਨੂੰ ਉਸ ਤੋਂ ਵੀ ਹੱਥਲ ਕਰ ਦਿੱਤਾ। ਪਰਵਾਸੀ ਮਜ਼ਦੂਰਾਂ ਨੂੰ ਉਜਾੜ ਦਿੱਤਾ। ਅਮਰੀਕਾ ਪੱਖੀ ਦਲਾਲ ਸਰਮਾਏਦਾਰਾਂ ਅਤੇ ਕਾਰਪੋਰੇਟ ਅਦਾਰਿਆਂ ਨਾਲ ਜੁੜਵੀਆਂ ਸਨਅੱਤਾਂ ਨੂੰ ਛੱਡ ਕੇ ਹੋਰਨਾਂ ਵਿਰੋਧੀਆਂ ਸਮੇਤ ਬਾਕੀ ਦੀਆਂ ਕੌਮੀ ਸਰਮਾਏਦਾਰੀ ਦੀਆਂ ਸਨਅੱਤਾਂ, ਕਾਰੋਬਾਰ, ਦੁਕਾਨਾਂ, ਵਪਾਰ ਤੇ ਆਵਾਜਾਈ ਆਦਿ ਦੇ ਸਾਧਨਾਂ-ਸੋਮਿਆਂ ਨੂੰ ਖੋਹ ਲਿਆ ਗਿਆ ਤਾਂ ਕਿ ਆਪਣੇ ਦਲਾਲ, ਸਰਮਾਏਦਾਰ-ਜਾਗੀਰਦਾਰ ਅਤੇ ਕਾਰਪੋਰੇਟਾਂ ਨੂੰ ਦਿੱਤੇ ਜਾਣ। ਪਿੰਡਾਂ ਵਿੱਚੋਂ ਦਰਮਿਆਨੇ ਤੇ ਧਨੀ ਕਿਸਾਨਾਂ 'ਤੇ ਨਿੱਜੀਕਰਨ ਦਾ ਸ਼ਿੰਕਜਾ ਕਸ ਕੇ ਉਹਨਾਂ ਦੀਆਂ ਜ਼ਮੀਨਾਂ-ਜਾਇਦਾਦਾਂ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਕੇ ਉਹਨਾਂ ਦੀਆਂ ਗੋਗੜਾਂ ਭਰੀਆਂ ਜਾਣੀਆਂ ਹਨ। ਹੁਣ ਜਦੋਂ ਮੋਦੀ ਹਕੂਮਤ ਨੇ ਕਿਰਤ-ਕਾਨੂੰਨਾਂ ਦਾ ਭੋਗ ਪਾ ਕੇ, ਆਖੇ ਜਾਂਦੇ ਮਨੁੱਖੀ ਅਧਿਕਾਰਾਂ ਦਾ ਖਾਤਮਾ ਕਰਕੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀਆਂ ਮੜ੍ਹ ਦਿੱਤੀਆਂ ਹਨ ਤਾਂ ਹੌਲੀ ਹੌਲੀ ਇਹ ਟਰੰਪ ਪ੍ਰਸ਼ਾਸਨ ਵਾਂਗ ਆਪਣੀ ਸੁਰ ਬਦਲਦਾ ਹੋਇਆ ਕਰੋੜਾਂ ਲੋਕਾਂ ਦਾ ਉਜਾੜਾ ਕਰਕੇ ਕੋਰੋਨਾ ਵਾਰਿਸ ਦੇ ਨਾਲ ਹੀ ਜ਼ਿੰਦਗੀ ਗੁਜਾਰਨ ਦੇ ਬਿਆਨ ਦਾਗਣ ਲੱਗਾ ਹੈ। ਦਰਅਸਲ ਹਕੀਕਤ ਇਹ ਹੈ ਕਿ ਸਾਰੇ ਹੀ ਸੋਧਵਾਦੀ-ਸੁਧਾਰਵਾਦੀ ਹਕੂਮਤ ਪ੍ਰਚਾਰਤੰਤਰ ਦੀ ਬੋਲੀ ਇਸ ਕਰਕੇ ਹੀ ਬੋਲਣ ਲੱਗੇ ਕਿ ਇਹ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਦੀ ਕੋਰੋਨਾ ਵਾਲੀ ਜ਼ਿੰਦਗੀ ਦਹਿਸ਼ਤ ਫੈਲਾਈ ਗਈ ਸੀ, ਉਸ ਤੋਂ ਤ੍ਰਿਬਕ ਗਏ ਸਨ। ਧੁਰ ਅੰਦਰੋਂ ਕੰਬ ਉੱਠੇ ਸਨ ਤੇ ਸੱਪਾਂ, ਛਿਪਕਲੀਆਂ ਵਾਂਗ ਬੁਰੇ ਮੌਸਮ ਤੋਂ ਡਰ ਕੇ ਹਾਈਬਰਨੇਸ਼ਨ ਤਹਿਤ ਡੂੰਘੀਆਂ ਖੁੱਡਾਂ ਵਿੱਚ ਉੱਤਰ ਗਏ ਸਨ। ਇਹਨਾਂ ਲਈ ਕੋਰੋਨਾ ਹਊਆ ਬਣਿਆ ਜਦੋਂ ਕਿ ਭੁੱਖੀ ਮਰਦੀ ਲੋਕਾਈ ਸੜਕਾਂ 'ਤੇ ਨਿੱਤਰੀ ਤੇ ਹਕੂਮਤੀ ਬੰਦਸ਼ਾਂ ਦੀਆਂ ਧੱਜੀਆਂ ਉਡਾਉਂਦੀ ਰਹੀ। ਇਹ ਤਾਂ ਕੋਰੋਨਾ ਦੇ ਪ੍ਰਚਾਰ ਤੋਂ ਹੀ ਡਰ ਕੇ ਤਰਾਹ ਤਰਾਹ ਕਰਨ ਲੱਗੇ ਜਦੋਂ ਕਿ ਸਾਮਰਾਜੀਆਂ ਵੱਲੋਂ ਪ੍ਰਮਾਣੂੰ ਬੰਬ ਬਣਾ ਲਏ ਜਾਣ 'ਤੇ ਕਾਮਰੇਡ ਮਾਓ-ਜ਼ੇ-ਤੁੰਗ ਨੇ ਉਹਨਾਂ ਨੂੰ ਕਾਗਜ਼ੀ ਸ਼ੇਰ ਕਿਹਾ ਸੀ। ਉਹਨਾਂ ਦੇ ਪ੍ਰਮਾਣੂ ਬੰਬਾਂ ਨੂੰ ਹਊਆ ਹੀ ਦੱਸਿਆ ਸੀ ਤੇ ਕਿਸੇ ਵੇਲੇ ਤੀਸਰੀ ਸੰਸਾਰ ਲਾਏ ਜਾਣ ਦੀ ਚਰਚਾ ਵਿੱਚ ਉਸ ਨੇ ਆਖਿਆ ਸੀ ਕਿ ਜਾਂ ਤਾਂ ਇਨਕਲਾਬ ਤੀਸਰੀ ਸੰਸਾਰ ਜੰਗ ਨੂੰ ਖਤਮ ਕਰ ਦੇਣਗੇ ਜਾਂ ਫੇਰ ਤੀਸਰੀ ਸੰਸਾਰ ਜੰਗ ਇਨਕਲਾਬਾਂ ਨੂੰ ਤੇਜ਼ ਕਰੇਗੀ। ਕੋਰੋਨਾ ਵਾਇਰਸ ਦੇ ਨਾਂ ਹੇਠ ਇਸ ਸਮੇਂ ਸਾਮਰਾਜੀਆਂ ਨੇ ਪਿਛਲੀਆਂ ਸੰਸਾਰ ਜੰਗਾਂ ਨਾਲੋਂ ਵੀ ਵੱਡੀ ਉੱਥਲ-ਪੁਥਲ ਮਚਾ ਦਿੱਤੀ ਹੈ ਪਰ ਇਹਨਾਂ ਹੀ ਦੌਰਾਂ ਵਿੱਚ ਕਿਰਤੀ ਲੋਕਾਂ ਦੇ ਜਾਇਆਂ ਨੇ ਦੁਨੀਆਂ ਨੂੰ ਨਵੇਂ ਨਵੇਂ ਕ੍ਰਿਸ਼ਮੇ ਵੀ ਦਿਖਾ ਦਿੱਤੇ ਹਨ ਕਿ ਜ਼ਿੰਦਗੀ ਵੱਡੇ ਵੱਡੇ ਸੰਕਟਾਂ ਵਿੱਚੋਂ ਵੀ ਆਪਣੇ ਰਾਹ ਖੋਜ-ਤਲਾਸ਼ ਲੈਂਦੀ ਹੈ। ਜਿਹੜੇ ਲੋਕਾਂ ਨੇ ਆਪਣੇ ਸਕੇ-ਸਬੰਧੀਆਂ ਦੇ ਵਿਛੋੜੇ ਦੇ ਸੱਲ ਆਪਣੇ ਸੀਨਿਆਂ 'ਤੇ ਝੱਲੇ ਹਨ, ਭੁੱਖ ਦੀ ਤੜਪ ਹੱਡੀਂ ਹੰਢਾਈ ਹੈ, ਡਾਂਗਾ ਦਾ ਸੇਕ ਝੱਲਿਆ ਹੈ, ਹਜ਼ਾਰਾਂ ਮੀਲਾਂ ਦੇ ਪੈਂਡੇ ਪੈਦਲ ਤਹਿ ਕਰਕੇ ਔਖੇ ਤਜਰਬੇ ਹਾਸਲ ਕੀਤੇ ਹਨ- ਇਹਨਾਂ ਨੇ ਉਹਨਾਂ ਖੇਤਰਾਂ ਵਿੱਚ ਜਾ ਕੇ ਹੋਰ ਵੱਡੀ, ਉੱਚੀ ਵਿਦਰੋਹੀ ਛੱਲ ਉਠਾਉਣੀ ਹੈ, ਜਿੱਥੋਂ ਉਹ ਆਏ ਸਨ। ਉਸ ਸੁਨਾਮੀ ਦੀ ਮਾਰ ਹਾਕਮਾਂ ਨੂੰ ਮਹਿਲਾਂ ਵਿੱਚੋਂ ਹੂੰਝ ਕੇ ਖਾਰੇ ਸਮੁੰਦਰਾਂ ਵਿੱਚ ਵਗਾਹ ਮਾਰੇਗੀ। ਟਰੰਪ ਪ੍ਰਸ਼ਾਸਨ ਨੇ ਜੋ ਅਮਰੀਕਾ ਅਤੇ ਸੰਸਾਰ ਵਿੱਚ ਕਰਨਾ ਸੀ, ਉਸਨੇ ਕਰ/ਕਰਵਾ ਦਿੱਤਾ ਜਾਂ ਅਜੇ ਵੀ ਸਿਰੇ ਚਾੜ੍ਹਨ ਲਈ ਤਿੰਘ ਰਿਹਾ ਹੈ। ਭਾਰਤ ਵਿੱਚ ਇੱਥੋਂ ਦੇ ਹਾਕਮਾਂ ਨੇ ਕੋਰੋਨਾ ਦੇ ਕੂੜ-ਪ੍ਰਚਾਰ ਦੀ ਹਨੇਰੀ ਉਠਾਲ ਕੇ ਇਸਦੀ ਗਰਦੋ-ਗੁਬਾਰ ਵਿੱਚ ਆਪਣੇ ਟੱਟੂ ਭਜਾ ਲਏ। ਪਰ ਸਵਾਲ ਉੱਠਦਾ ਹੈ ਕਿ ਜਿਹੜੇ ਆਪਣੇ ਆਪ ਨੂੰ ਕਮਿਊਨਿਸਟ, ਇਨਕਲਾਬੀ, ਨਕਸਲੀ, ਲੋਕਾਂ ਦੇ ਖਰੇ ਆਗੂ ਅਖਵਾਉਂਦੇ ਸਨ, ਉਹਨਾਂ ਨੇ ਪੰਜਾਬ ਜਾਂ ਦੇਸ਼ ਵਿੱਚ ਕੀ ਕੀਤਾ? ਜਦੋਂ ਬਾਹਰਮੁਖੀ ਹਕੀਕਤ 'ਤੇ ਝਾਤੀ ਮਾਰਦੇ ਹਾਂ ਤਾਂ ਇੱਕ ਗੱਲ ਉੱਘੜ ਕੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਦਾ ਵੱਡਾ ਹਿੱਸਾ ਹਾਕਮਾਂ ਦੇ ਕੂੜ-ਪ੍ਰਚਾਰ ਦਾ ਨਾ ਸਿਰਫ ਸ਼ਿਕਾਰ ਹੀ ਹੋਇਆ ਬਲਕਿ ਇਹ ਖੁਦ ਹਾਕਮਾਂ ਦੇ ਧੂਤੂ ਬਣ ਕੇ ਉਹਨਾਂ ਦੀ ਬੋਲੀ ਬੋਲ ਕੇ ਲੋਕਾਂ ਨੂੰ ਡਰਾਉਂਦੇ-ਥਿੜਕਾਉਂਦੇ ਹੋਏ, ਗਲੀਆਂ-ਸੜਕਾਂ 'ਤੇ ਆ ਕੇ ਹਕੂਮਤ ਵਿਰੁੱਧ ਨਿੱਤਰਨ ਦੀ ਥਾਂ ਅੰਦਰੀਂ ਵਾੜਦੇ ਰਹੇ ਤੇ ਕੋਠਿਆਂ 'ਤੇ ਚਾੜ੍ਹ ਕੇ ਤਾੜੀਆਂ ਵਜਾਉਣ, ਥਾਲੀਆਂ ਖੜਕਾਉਣ ਜਾਂ ਹਕੂਮਤ ਵਿਰੁੱਧ ਸੰਘਰਸ਼ ਕਰਨ ਦੀ ਥਾਂ ਫੋਕੇ ਨਾਅਰੇ ਮਾਰਦੇ ਰਹੇ। ਜਦੋਂ ਕਿ ਸਾਰੇ ਹੀ ਦੇਸ਼ ਦੀ ਕਿਰਤੀ ਜਨਤਾ ਕਿਤੇ ਆਪ ਮੁਹਾਰੇ ਤੇ ਕਿਤੇ ਜਥੇਬੰਦ ਰੂਪ ਵਿੱਚ ਹਕੂਮਤਾਂ ਦੇ ਕਾਨੂੰਨਾਂ ਦੀਆਂ, ਇਸਦੇ ਸੱਦਿਆਂ ਦੀਆਂ ਧੱਜੀਆਂ ਉਡਾਉਂਦੀ ਰਹੀ। ਥਾਂ ਥਾਂ 'ਤੇ ਟੱਕਰਾਂ ਹੁੰਦੀਆਂ ਰਹੀਆਂ। ਦਹਿ ਹਜ਼ਾਰਾਂ ਹੀ ਉਹ ਲੋਕ ਹਨ, ਜਿਹਨਾਂ ਨੂੰ ਹਕੂਮਤ ਨੇ ਫੜ ਕੇ ਜੇਲ੍ਹੀਂ ਸੁੱਟਿਆ ਵੀ। ਪੰਜ ਹਜ਼ਾਰ ਦੇ ਕਰੀਬ ਵਿਅਕਤੀਆਂ ਨੇ ਪੰਜਾਬ ਵਿੱਚ ਕਰਫਿਊ ਦਾ ਉਲੰਘਣ ਕੀਤਾ ਤੇ ਹਕੂਮਤ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਬੰਦ ਕੀਤਾ। ਪਰ ਲੋਕਾਂ ਦਾ ਭੇੜੂ ਰੁਖ, ਰੌਂਅ ਅਤੇ ਰਵੱਈਆ ਲਗਾਤਾਰ ਜਾਰੀ ਹੈ। ਲੋਕਾਂ ਦੇ ਅਖੌਤੀ ਆਗੂ ਆਪੋ ਆਪਣੇ ਘੁਰਨਿਆਂ ਵਿੱਚ ਦੜ ਵੱਟ ਗਏ ਸਨ ਤੇ ਹੁਣ ਹੌਲੀ ਹੌਲੀ ਮਕਾਰੀਆਂ ਅਤੇ ਖੇਖਣ ਕਰਦੇ ਹੋਏ ਸਿਰੀਆਂ ਬਾਹਰ ਕੱਢਣ ਲੱਗੇ ਹਨ। ਮੱਧ ਭਾਰਤ ਵਿੱਚ ਸੀ.ਪੀ.ਆਈ. (ਮਾਓਵਾਦੀ) ਨੇ ਲੋਕਾਂ ਨੂੰ ਲਾਮਬੰਦ ਕਰਕੇ ਭਾਰਤੀ ਹਾਕਮਾਂ ਦੇ ਦਾਖਲੇ ਨੂੰ ਰੋਕਿਆ। ਪੰਜਾਬ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡਾਂ ਅਤੇ ਮੰਡੀਆਂ ਵਿੱਚ ਰੈਲੀਆਂ-ਮੁਜਾਹਰੇ ਕਰਕੇ ਲੋਕਾਂ ਨੂੰ ਸੜਕਾਂ 'ਤੇ ਲਿਆਂਦਾ, ਉੱਥੇ ਪੰਜਾਬ ਵਿੱਚ ਅਨੇਕਾਂ ਹੀ ਥਾਵਾਂ ਤੋਂ ਲੋਕ ਆਪ ਮੁਹਾਰੇ ਟਕਰਾਅ ਲੈ ਕੇ ਅਤੇ ਹਕੂਮਤੀ ਫੁਰਮਾਨਾਂ ਦੀਆਂ ਧੱਜੀਆਂ ਉਡਾ ਕੇ ਵਿਖਾ ਦਿੱਤਾ ਕਿ ਲੋਕ ਤਾਂ ਕਿੰਨਾ ਹੀ ਕੁੱਝ ਕਰਨ ਲਈ ਤਿਆਰ ਹਨ, ਪਰ ਇੱਥੋਂ ਦੇ ਲੋਕਾਂ ਦੀਆਂ ਨੁਮਾਇੰਦਾ ਕਹਾਉਂਦੀਆਂ ਭਾਰੂ ਧਿਰਾਂ ਲੋਕਾਂ ਨੂੰ ਇਸ ਪਾਸੇ ਤੋਰਨ ਤੋਂ ਟਾਲਾ ਵੱਟਦੀਆਂ ਰਹੀਆਂ ਹਨ। ਇਹਨਾਂ ''ਲਾਲ ਫਕੀਰਾਂ'' ਨੇ ਨਾ ਸਿਰਫ ਹਾਕਮਾਂ ਦੀ ਬੋਲੀ ਹੀ ਬੋਲੀ ਹੈ, ਸਗੋਂ ਉਸਦੀਆਂ ਨੀਤੀਆਂ ਨੂੰ ਲਾਗੂ ਕਰਵਾਉਣ ਲਈ ਸਰਕਾਰਾਂ ਨਾਲੋਂ ਵੀ ਵੱਧ ਜ਼ੋਰ ਮਾਰਿਆ। ਇਹਨਾਂ ਧਿਰਾਂ ਨੇ ਕੀ ਕੁੱਝ ਕਿਵੇਂ ਹਾਕਮਾਂ ਦੇ ਪੱਖ ਵਿੱਚ ਕੀਤਾ? ਇਹ ਤਾਂ ਵੱਡੀ ਖੇਚਲ ਅਤੇ ਵਿਆਖਿਆ ਦੀ ਮੰਗ ਕਰਦਾ ਹੈ, ਪਰ ਨਮੂਨੇ ਵਜੋਂ ਇੱਕ ਧਿਰ ''ਇਨਕਲਾਬੀ ਸਾਡਾ ਰਾਹ'' ਦੀਆਂ ਸਿਆਸੀ-ਸਿਧਾਂਤਕ ਅਤੇ ਅਮਲੀ ਕਾਰਵਾਈਆਂ ਵਜੋਂ ਲਿਆ ਜਾ ਸਕਦਾ ਹੈ, ਜਦੋਂ ਕਿ ਬਾਕੀ ਦੀਆਂ ਭਾਰੂ ਧਿਰਾਂ ਵੀ ਅਜਿਹਾ ਹੀ ਕੁੱਝ ਵੱਧ-ਘੱਟ ਰੂਪ ਵਿੱਚ ਲਾਗੂ ਕਰਦੀਆਂ ਰਹੀਆਂ। ਅਮਰੀਕੀ ਹਾਕਮਾਂ 'ਚੋਂ ਟਰੰਪ ਵਾਲੀ ਬੋਲੀ ਹੀ ਭਾਰਤ ਵਿੱਚ ਮੋਦੀ ਸਮੇਤ ਇੱਥੋਂ ਦੀਆਂ ਸਾਰੀਆਂ ਹੀ ਹਾਕਮ ਜਮਾਤੀ ਪਾਰਟੀਆਂ ਨੇ ਬੋਲਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਇਹ ਨਹੀਂ ਦੱਸਿਆ ਕਿ ਸੰਸਾਰ ਵਿੱਚ ਪੈਦਾ ਹੋਈਆਂ ਮੌਜੂਦਾ ਸਮੱਸਿਆਵਾਂ ਦਾ ਜ਼ਾਹਰਾ ਕਾਰਨ ਪਿੱਛੇ ਤੋਂ ਚਲਿਆ ਆ ਰਿਹਾ ਆਰਥਿਕ ਮੰਦਵਾੜਾ ਹੈ, ਜਿਹੜਾ ਹੁਣ ਹੋਰ ਤੇਜ਼ੀ ਫੜਦਾ ਜਾ ਰਿਹਾ ਹੈ। ਇਹਨਾਂ ਪੱਖਾਂ ਨੂੰ ਲੁਕੋਂਦੇ ਹੋਏ ਭਾਰਤੀ ਹਾਕਮਾਂ ਨੇ ਕੋਰੋਨਾ-ਕੋਰੋਨਾ ਬੂ-ਦੁਹਾਈ ਪਾ ਦਿੱਤੀ। ਇਹਨਾਂ ਦੇ ਪ੍ਰਚਾਰ ਦੀ ਮਾਰ ਹੇਠ ਭਾਰਤ ਦੀਆਂ ਸਭੇ ਹੀ ਸੋਧਵਾਦੀ-ਸੁਧਾਰਵਾਦੀ ਸਿਆਸੀ ਪਾਰਟੀਆਂ ਨੇ ਇਹਨਾਂ ਦੀ ਬੋਲੀ ਬੋਲਦੇ ਹੋਏ ''ਕੋਰੋਨਾ-ਕੋਰੋਨਾ'' ਦੀ ਰੱਟ ਲਾਈ। 'ਇਨਕਲਾਬੀ ਸਾਡਾ ਰਾਹ' ਦੇ ਲੇਖਕਾਂ ਨੇ ਮਾਰਚ 2020 ਦੇ ਅੰਕ ਵਿੱਚ ਮਹਾਂਮÎੰਦੀ ਦੀ ਵਜਾਹ ਕੋਰੋਨਾ ਵਾਇਰਸ ਨੂੰ ਦੱਸਦੇ ਹੋਏ ਲਿਖਿਆ, ''ਕੋਰੋਨਾ ਵਾਇਰਸ ਸੰਕਟ ਸੰਸਾਰ ਆਰਥਿਕਤਾ ਨੂੰ ਮੰਦਵਾੜੇ ਵਿੱਚ ਲਿਜਾ ਰਿਹਾ ਹੈ।'' ਚੀਨ ਸਬੰਧੀ ਇਸੇ ਲੇਖ ਵਿੱਚ ਲਿਖਿਆ ਗਿਆ ਕਿ ''ਕੋਰੋਨਾ ਵਾਇਰਸ ਦੀ ਮਾਰ ਹੇਠ ਆਉਣ ਕਾਰਨ ਉਸਦੀ ਆਰਥਿਕਤਾ ਬੁਰੇ ਰੁਖ ਪ੍ਰਭਾਵਿਤ ਹੋਈ ਹੈ।'' ''ਇਸ ਵਾਇਰਸ ਕਾਰਨ ਸੰਸਾਰ ਆਰਥਿਕਤਾ 'ਤੇ ਪੈਣ ਵਾਲੇ ਬੁਰੇ ਪ੍ਰਭਾਵ ਮਾਰਚ ਦੇ ਅੱਧ ਤੋਂ ਮਗਰੋਂ ਹੋਰ ਉੱਭਰ ਕੇ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਹਨ।'' ਜਿਵੇਂ ਮੱਖੀਆਂ ਦੀ ਵਜਾਹ ਕਰਕੇ ਗੰਦਗੀ ਨਹੀਂ ਫੈਲਦੀ ਬਲਕਿ ਗੰਦਗੀ ਵਿੱਚੋਂ ਮੱਖੀਆਂ ਪੈਦਾ ਹੁੰਦੀਆਂ ਹਨ। ਖੜ੍ਹੇ ਪਾਣੀ ਵਿੱਚ ਮੱਛਰ ਪੈਦਾ ਹੋ ਸਕਦਾ ਹੈ ਨਾ ਕਿ ਮੱਛਰ ਕਰਕੇ ਪਾਣੀ ਖੜ੍ਹਦਾ ਹੈ। ਇਸੇ ਹੀ ਤਰ੍ਹਾਂ ਦੁਨੀਆਂ ਵਿੱਚ ਜਿੰਨੇ ਵੀ ਸਮਾਜੀ-ਸਿਆਸੀ-ਸਭਿਆਚਾਰਕ ਸੰਕਟ ਖੜ੍ਹੇ ਹੁੰਦੇ ਹਨ, ਉਹਨਾਂ ਦੀ ਵਜਾਹ ਆਰਥਿਕਤਾ ਹੁੰਦੀ ਹੈ, ਪਰ ਹਾਕਮਾਂ ਦੀ ਬੋਲੀ ਬੋਲਣ ਵਾਲੇ ਅਖੌਤੀ ਕਮਿਊਨਿਸਟ 'ਕਮਿਊਨਿਸਟ ਮੈਨੀਫੈਸਟੋ' ਦੀਆਂ ਮੁਢਲੀਆਂ ਸਿੱਖਿਆਵਾਂ ਨੂੰ ਸਮਝਣ ਤੋਂ ਅਸਮਰੱਥ ਨਿੱਬੜੇ ਹਨ। ਕੋਰੋਨਾਵਾਇਰਸ ਦੀ ਸਿਆਸੀ-ਆਰਥਿਕਤਾ ਨੂੰ ਨਾ ਸਮਝਣ ਕਰਕੇ ਅਖੌਤੀ ਕਮਿਊਨਿਸਟ ਕਿਸ ਤਰ੍ਹਾਂ ਦੀਆਂ ਬੇਥਵੀਆਂ ਮਾਰਦੇ ਹਨ ਉਸਦੇ ਕੁੱਝ ਝਲਕਾਰੇ 'ਇਨਕਲਾਬੀ ਸਾਡਾ ਰਾਹ' ਦੇ ਫੇਸਬੁੱਕ ਪੰਨਿਆਂ ਤੋਂ ਵੇਖਣ ਨੂੰ ਮਿਲ ਸਕਦੇ ਹਨ। 22 ਅਪਰੈਲ ਨੂੰ ਚਾੜ੍ਹੀ ਪੋਸਟ ''ਕਰੋਨਾ ਸੰਕਟ ਤੇ ਅਮਰੀਕਾ ਨੂੰ ਦਵਾਈਆਂ ਭੇਜਣ ਦੀ ਕਰੋਨੋਲੌਜੀ'' ਨਾਂ ਦੇ ਲੇਖ ਵਿੱਚ ਇਸਦੇ ਲੇਖਕ ਲਿਖਦੇ ਹਨ, ''ਦੁਨੀਆਂ ਵਿੱਚ ਕਰੋਨਾ ਕਰਕੇ ਹਾਹਾਕਾਰ ਹੈ। ...ਤਾਕਤਵਰ ਕਹਾਉਂਦੇ ਦੇਸ਼ ਗੋਡਿਆਂ ਪਰਨੇ ਹੋ ਰਹੇ ਨੇ।'' 23 ਅਪਰੈਲ ਨੂੰ ਚਾੜ੍ਹੀ ਇੱਕ ਪੋਸਟ ''ਕਰੋਨਾ ਵਾਇਰਸ, ਪੇਂਡੂ ਖੇਤਰ ਦਾ ਸੰਕਟ ਤੇ ਖੇਤੀ ਬਦਲ'' ਵਿੱਚ ਲਿਖਦੇ ਹਨ, ''ਕਰੋਨਾ ਵਾਇਰਸ ਕਰਕੇ ਦੁਨੀਆਂ ਥੰਮ ਗਈ, ਬਾਜ਼ਾਰ ਬੰਦ ਨੇ ਤੇ ਬਾਜ਼ਾਰ 'ਤੇ ਨਿਰਭਰ ਜ਼ਿੰਦਗੀ ਲੀਹੋਂ ਲੱਥ ਚੁੱਕੀ ਹੈ। ਪੇਂਡੂ ਖੇਤਰ ਵੀ ਸ਼ਹਿਰੀ ਖੇਤਰਾਂ ਦੀ ਤਰ੍ਹਾਂ ਕਰਾਹ ਰਿਹਾ ਹੈ।'' ''ਨਾਨੀ ਖਸਮ ਕਰੇ- ਦੋਹਤਾ ਚੱਟੀ ਭਰੇ'' ਲੇਖ ਵਿੱਚ ਸਰਦਾਰਾ ਸਿੰਘ ਮਾਹਲ ਲਿਖਦੇ ਹਨ, ''ਅੱਜ ਸਾਰੀ ਦੁਨੀਆਂ ਵਿੱਚ......ਕਰੋਨਾ ਵਾਇਰਸ ...ਦਾ ਪਰਕੋਪ ਫੈਲਿਆ ਹੋਇਆ ਹੈ ਤਾਂ ਸਾਡਾ ਦੇਸ਼ ਵੀ ਇਸਦੀ ਲਪੇਟ ਵਿੱਚ ਆਇਆ ਹੋਇਆ ਹੈ।'' 28 ਅਪਰੈਲ ਦੇ ਪੰਜਾਬੀ ਟ੍ਰਿਬਿਊਨ ਵਿੱਚ ਦਰਸ਼ਨ ਸਿੰਘ ਖਟਕੜ ਲਿਖਦੇ ਹਨ, ''ਕਰੋਨਾ ਆਇਆ ਹੈ, ਕੀਮਤ ਲੈ ਕੇ ਜਾਵੇਗਾ। ਪਰ ਮਹਾਂਮਾਰੀ ਨੇ ਕੁੱਲ ਜਹਾਨ ਦੀ ਵਿਵਸਥਾ ਨੂੰ ਬੇਪਰਦ ਕਰ ਦਿੱਤਾ ਹੈ।'' 5 ਮਈ ਦੇ ਇੱਕ ਲੇਖ ਵਿਚ ਸਰਦਾਰਾ ਸਿੰਘ ਮਾਹਿਲ ਨੇ ਲਿਖਿਆ, ''ਇਸ ਸਮੇਂ ਦੇਸ਼ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਕਰੋਨਾ ਵਾਇਰਸ ... ਨੂੰ ਲੈ ਕੇ ਹੜਕੰਪ ਮੱਚਿਆ ਹੋਇਆ ਹੈ।'' ਇਹਨਾਂ ਪੋਸਟਾਂ ਦਾ ਸਾਰ-ਤੱਤ ਇਹ ਹੈ ਕਿ 'ਇਨਕਲਾਬੀ ਸਾਡਾ ਰਾਹ' ਦੇ ਲੇਖਕਾਂ ਨੂੰ ਅੱਜ ਦੇ ਸਮੇਂ ਵਿੱਚ ਸਾਮਰਾਜੀਆਂ ਦੇ ਕੂੜ-ਪਰਚਾਰ ਵਿੱਚੋਂ ਜੋ ਕੁੱਝ ਵਿਖਾਈ ਦਿੱਤਾ, ਉਹੀ ਕੁੱਝ ਸੱਚ ਜਾਪਣ ਲੱਗ ਪਿਆ। ਇਹਨਾਂ ਦਾ ਨਜ਼ਰੀਆ ਵੀ ਤੱਤ ਵਿੱਚ ਓਹੀ ਬਣ ਨਿੱਬੜਿਆ ਜਿਹੜਾ ਅਮਰੀਕੀ ਸਾਮਰਾਜੀਆਂ ਦੇ ਮੁਖੀ ਟਰੰਪ ਦਾ ਸੀ। 'ਇਨਕਲਾਬੀ ਸਾਡਾ ਰਾਹ' ਦੇ ਲੇਖਕ ਜਿਵੇਂ ਸਾਮਰਾਜੀਆਂ ਅਤੇ ਉਹਨਾਂ ਦੇ ਭਾਰਤੀ ਦਲਾਲ ਹਾਕਮਾਂ ਦੇ ਪੱਖ ਵਿੱਚ ਭੁਗਤੇ ਇਸ ਸਬੰਧੀ ਸਾਡੇ ਵੱਲੋਂ ਸਰਦਾਰਾ ਸਿੰਘ ਮਾਹਲ ਨੂੰ ਮੁਖਾਤਿਬ ਇੱਕ ਟਿੱਪਣੀ ਚਾੜ੍ਹੀ ਗਈ ਸੀ, ਜਿਸ ਦਾ ਸਿਰਲੇਖ ਸੀ- ''ਬਾਹਰਮੁਖੀ ਸਚਾਈ ਇਹ ਹੈ ਕਿ ਤੁਸੀਂ ਲਾਕ-ਡਾਊਨ ਦਾ ਵਿਰੋਧ ਕਰਨ ਵਾਲਿਆਂ ਦੇ ਵਿਰੋਧੀ ਰਹੇ ਹੋ'' ਹੁਣ ਤੁਸੀਂ ਫੇਸਬੁੱਕ 'ਤੇ ਚਾੜ੍ਹੀ ਆਪਣੀ ਪੋਸਟ ਵਿੱਚ ਲਿਖਿਆ ਹੈ, ''ਜਿਸ ਤਰਾਂ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ ਉਸਤੋਂ ਸਪੱਸ਼ਟ ਹੈ ਕਿ ਸਿਰਫ ਲੌਕਡਾਊਨ ਨਾਲ ਨਹੀਂ ਲੜਿਆ ਜਾ ਸਕਦਾ, ਲੌਕਡਾਊਨ ਸਰਕਾਰ ਦੀ ਅਸਫਲਤਾ ਛੁਪਾਉਣ ਲਈ ਆ।'' ਪਹਿਲਾਂ 12 ਅਪ੍ਰੈਲ ਨੂੰ ਦਿਨੇ ਸਵਾ ਦੋ ਵਜੇ ਚਾੜ੍ਹੀ ਆਪਣੀ ਪੋਸਟ ਵਿੱਚ ਸਰਦਾਰਾ ਸਿੰਘ ਮਾਹਿਲ ਨੇ ਲਿਖਿਆ ਸੀ- ''ਸਰਕਾਰ ਦੀ ਨਾਲਾਇਕੀ ਕਾਰਨ ਲੌਕਡਾਊਨ ਦੀ ਲੋੜ ਬਣ ਗਈ ਸੀ। ਪਰ ਜੇਕਰ ਸਰਕਾਰ ਨੂੰ ਲੋਕਾਂ ਦੀ ਪ੍ਰਵਾਹ ਜਰਾ ਵੀ ਹੁੰਦੀ ਤਾਂ ਇਸਨੂੰ ਵੱਖਰੇ ਤੇ ਸਮਝਦਾਰੀ ਵਾਲੇ ਢੰਗ ਨਾਲ ਲਾਗੂ ਕੀਤਾ ਜਾਦਾਂ।'' ਇਸ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਸਰਕਾਰ ਵੱਲੋਂ ਲਾਗੂ ਕੀਤੇ ਜਾਣ ਵਾਲੇ ਢੰਗ 'ਤੇ ਇਤਰਾਜ਼ ਹਨ ਨਾ ਕਿ ਲਾਕ-ਡਾਊਨ 'ਤੇ। ਤੁਹਾਨੂੰ ਲਾਕ-ਡਾਊਨ ਕਰਨਾ ਸਰਕਾਰ ਦੀ ''ਨਾਲਾਇਕੀ'' ਹੀ ਜਾਪਦੀ ਹੈ, ਨਾ ਕਿ ਇਸ ਦਾ ਲੋਕ-ਵਿਰੋਧੀ ਖਾਸਾ। ਤੁਸੀਂ ਉਸ ਲਿਖਤ ਵਿੱਚ ਸਰਕਾਰ ਨੂੰ ਸੁਝਾਅ ਦੇਣ ਲੱਗ ਪਏ ਕਿ ਇਸ ਇਸ ਤਰ੍ਹਾਂ ਲਾਕ-ਡਾਊਨ ਕੀਤਾ ਜਾ ਸਕਦਾ ਹੈ। ਤੁਸੀਂ ਇਸੇ ਹੀ ਸਿਸਟਮ ਅੰਦਰ ਕੋਰੋਨਾ ਬਾਰੇ ਸਰਕਾਰ ਵੱਲੋਂ ਕੋਰੋਨਾ 'ਤੇ ਕਾਬੂ ਪਾ ਲਏ ਜਾਣ ਦੀ ਝਾਕ ਰੱਖਦੇ ਹੋ। ਪ੍ਰਬੰਧ ਦੇ ਵਿੱਚ ਵਿੱਚ ਹੀ ਕੋਰੋਨਾ ਵਰਗੀ ਮਹਾਂਮਾਰੀ ਦਾ ਖਾਤਮਾ ਕਰ ਸਕਣ ਦਾ ਭਰਮ ਸਿਰਜ ਲੈਣਾ ਕਿਸੇ ਸੁਧਾਰਵਾਦੀ ਸਮਝ ਵਾਲੇ ਵਿਅਕਤੀ ਦਾ ਮਾਮਲਾ ਤਾਂ ਹੋ ਸਕਦਾ ਹੈ। ਆਪਣੇ ਆਪ ਨੂੰ ਨਕਸਲੀ ਅਖਵਾਉਣ ਵਾਲੇ ਵਿਅਕਤੀ ਦਾ ਨਹੀਂ। ਕੋਰੋਨਾਵਾਇਰਸ ਦੀ ਮਹਾਂਮਾਰੀ ਸਬੰਧੀ ਡਾ. ਅਮਰ ਸਿੰਘ ਆਜ਼ਾਦ ਅਤੇ ਡਾ. ਵਿਸ਼ਵਰੂਪ ਰਾਏ ਚੌਧਰੀ ਹੋਰਾਂ ਨੇ ਆਪਣੇ ਆਪਣੇ ਢੰਗ ਨਾਲ ਕਾਰਪੋਰੇਟਾਂ ਅਤੇ ਉਹਨਾਂ ਦਲਾਲਾਂ ਦੀਆਂ ਨੀਤੀਆਂ ਦਾ ਵਿਰੋਧ ਕੀਤਾ, ਪਰ ਤੁਸੀਂ ਮੋਦੀ ਹਕੂਮਤ ਦੇ ਸਾਮਰਾਜੀ ਖਾਸੇ ਨੂੰ ਉਘਾੜਨ ਦੀ ਥਾਂ ਇਹਨਾਂ ਡਾਕਟਰ ਦੇ ਹੀ ਮਗਰ ਪੈ ਗਏ। ਬਾਹਰਮੁਖੀ ਤੌਰ 'ਤੇ ਤੁਸੀਂ ਲਾਕ-ਡਾਊਨ ਕਰਨ ਵਾਲੀ ਮੋਦੀ ਹਕੂਮਤ ਦੇ ਪੱਖ ਵਿੱਚ ਭੁਗਤੇ ਹੋ। ਇਹ ਕੁੱਝ ਤੁਹਾਡੀਆਂ ਪੋਸਟਾਂ ਤੋਂ ਖੁਦ ਹੀ ਸਾਬਤ ਹੋ ਰਿਹਾ ਹੈ। ਜਿੱਥੋਂ ਤੱਕ ਕੋਰੋਨਾ ਦੇ ਮਸਲੇ ਦਾ ਹੱਲ ਕੀ ਹੋ ਸਕਦਾ ਹੈ? ਇਸ ਸਬੰਧੀ ਤੁਹਾਡੇ 'ਤੇ ਸਵਾਲ ਕਰਨ ਵਾਲੇ ਕੁਮਾਰ ਅਲੀ ਸਿੰਘ ਜਾਂ ਅਮਨਦੀਪ ਹਾਂਸ ਵਰਗਿਆਂ ਦੀਆਂ ਲਿਖਤਾਂ ਨੂੰ ਤੁਸੀਂ ''ਕੂੜ-ਕਬਾੜ'' ਕਿਹਾ ਅਤੇ ਤੁਹਾਡੇ 'ਤੇ ਸਵਾਲ ਕਰਨ ਵਾਲਿਆਂ ਤੁਸੀਂ ''ਝੁੱਡੂ'' ਅਤੇ ''ਚਗਲ'' ਪਰਖਣ ਤੱਕ ਗਏ। ਕੀ ਸੀ ਤੁਹਾਡੀ ਇਹ ਸ਼ਬਦਾਵਲੀ? ਜੇ ਕਿਸੇ ਨੇ ਤੁਹਾਨੂੰ ਸਮਝਦਾਰ ਮੰਨ ਕੇ ਕੋਈ ਸਵਾਲ ਕਰ ਹੀ ਦਿੱਤੇ ਤਾਂ ਤੁਸੀਂ ਉਹਨਾਂ ਦੇ ਜੁਆਬ ਦੇਣ ਦੀ ਥਾਂ ਉਹਨਾਂ 'ਤੇ ਉਲਟੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਭਲਾ ਦੀ ਉਲਟੇ ਸਵਾਲ ਕੌਣ ਕਰਦਾ ਹੈ? ਕੀਹਦੇ 'ਤੇ ਕਰਦਾ ਹੈ? ਇਹ ਕੁੱਝ ਤੁਸੀਂ ਸਵਾਲ ਉਠਾਉਣ ਵਾਲਿਆਂ ਦੀ ਜੁਬਾਨਬੰਦੀ ਕਰਨ ਲਈ ਕੀਤਾ ਹੈ। ਤੁਹਾਡੀ ਗੱਲ ਦਾ ਸਾਰਤੱਤ ਮੋਦੀ ਭਗਤਾਂ ਵਾਲਾ ਬਣ ਜਾਂਦਾ ਕਿ ਜਿਹੜੇ ਮੋਦੀ ਦੀ ਸਿਫਤ ਕਰਨ ਉਹ ਦੇਸ਼ਭਗਤ ਬਾਕੀ ਸਭ ਗਦਾਰ। ਮਾਹਲ ਜੀ, ਜੇ ਤੁਹਾਡੇ ਕੋਲ ਕੋਈ ਜੁਆਬ ਨਹੀਂ ਸੀ ਤਾਂ ਤੁਸੀਂ ਘੱਟੋ ਘੱਟ ਸੁਖਦਰਸ਼ਨ ਨੱਤ ਵਰਗੀ ਈਮਾਨਦਾਰੀ ਤਾਂ ਵਿਖਾ ਜਾਂਦੇ ਕਿ ਇਸ ਸਮੇਂ ਉਹਨਾਂ ਕੋਲ ਅਜਿਹੇ ਸਵਾਲਾਂ ਦਾ ਕੋਈ ਜੁਆਬ ਨਹੀਂ। ਪਰ ਤੁਸੀਂ ਸਵਾਲ ਕਰਨ ਵਾਲਿਆਂ ਦੇ ਮਗਰ ਹੀ ਪੈ ਗਏ। ਕੀ ਇਹੋ ਹੀ ਬਹਿਸ-ਵਿਚਾਰ ਹੁੰਦੀ ਹੈ? ਅਸਲ ਗੱਲ ਇਹ ਹੈ ਕਿ ਤੁਹਾਡੀ ਉਹ ਸਮਝ ਅਤੇ ਅਮਲ ਹੈ ਹੀ ਨਹੀਂ ਜਿਹੋ ਜਿਹਾ ਨਕਸਲੀ ਲਹਿਰ ਦੇ ਝੰਡਾਬਰਦਾਰ ਕਹਾਉਣ ਵਾਲੇ ਮਾਓਵਾਦੀਆਂ ਦਾ ਹੈ। ਉਹਨਾਂ ਦੇ ਖੇਤਰਾਂ ਵਿੱਚ ਦਹਿ-ਲੱਖਾਂ ਦੀ ਗਿਣਤੀ ਵਾਲੇ ਖੇਤਰਾਂ ਵਿੱਚ ਮਹੀਨੇ ਬਾਅਦ ਤੱਕ ਵੀ ਕੋਰੋਨਾ ਦਾ ਕੋਈ ਇੱਕ ਵੀ ਮਰੀਜ ਕਿਉਂ ਸੀ ਮਿਲਿਆ। ਇਸ ਦਾ ਕਾਰਨ ਸਪੱਸ਼ਟ ਹੈ ਕਿ ਉਹਨਾਂ ਨੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਜਿਹੋ ਜਿਹੀ ਅਮਲਦਾਰੀ ਕੀਤੀ ਉਸ ਨੇ ਮਿਸਾਲਾਂ ਕਾਇਮ ਕੀਤੀਆਂ ਹਨ। ਉਹ ਤੁਹਾਡੇ ਵਾਂਗ ਅੰਦਰੀਂ ਵੜ ਕੇ ਜਾਂ ਗੇਟਾਂ ਨੂੰ ਤਾਲੇ ਲਾ ਨਹੀਂ ਸਨ ਬੈਠ ਗਏ। ਤੁਹਾਡੇ ਨਾਲੋਂ ਕਿੰਨੇ ਉਹ ਲੋਕ ਚੰਗੇ ਨਿੱਬੜੇ ਜਿਹੜੇ ਹਕੂਮਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਆਪਣੇ ਹੱਕਾਂ ਦੀ ਖਾਤਰ ਸੜਕਾਂ-ਚੌਰਾਹਿਆਂ ਵਿੱਚ ਆਣ ਗਰਜੇ। ਮਾਓਵਾਦੀਆਂ ਦੇ ਇਲਾਕਿਆਂ ਵਿੱਚ ਕੋਰੋਨਾ ਤੋਂ ਬਚਾਅ ਕਿਵੇਂ ਹੋਇਆ ਇਸ ਸਬੰਧੀ ਅੰਗਰੇਜ਼ੀ ਦੇ ਅਖਬਾਰਾਂ ਵਿੱਚ ਕਾਫੀ ਕੁੱਝ ਛਪਦਾ ਰਿਹਾ ਹੈ, ਜਿਹਨਾਂ ਦਾ ਕੁਝ ਕੁ ਅਨੁਵਾਦ ਮੇਰੇ ਵਾਲੀ ਫੇਸਬੁੱਕ ਨੂੰ ਫਰੋਲ ਕੇ ਦੇਖਿਆ ਵੀ ਜਾ ਸਕਦਾ ਹੈ। ਜਿਹੜੀ ਹਕੂਮਤ ਨੇ ਲੋਕ ਵਿਰੋਧੀ ਲਾਕ-ਡਾਊਨ ਲਾਗੂ ਕੀਤਾ ਸੀ, ਉਸ ਖਿਲਾਫ ਕੋਈ ਵੀ ਕਾਰਵਾਈ ਭਾਵੇਂ ਉਹ ਕਿੰਨੀ ਵੀ ਛੋਟੀ ਕਿਉਂ ਨਾ ਹੁੰਦੀ ਅਸਲ ਵਿੱਚ ਕਾਰਗਾਰ ਸਾਬਤ ਹੋਣੀ ਸੀ ਨਾ ਕਿ ਮੋਦੀ ਹਕੂਮਤ ਵੱਲੋਂ ਤਹਿ ਕੀਤੇ ਤਾੜੀਆਂ ਵਜਾਉਣ, ਥਾਲੀਆਂ ਖੜਕਾਉਣ ਜਾਂ ਮੋਮਬੱਤੀਆਂ ਵਰਗੇ ਸ਼ਾਂਤਮਈ ਪ੍ਰਦਰਸ਼ਨ ਤੱਕ ਮਹਿਦੂਦ ਰਿਹਾ ਜਾਂਦਾ। ਤਰਨਤਾਰਨ ਦੇ ਕਿਸਾਨ ਵੀ ਇਸ ਪੱਖੋਂ ਤਾਂ ਚੰਗੇ ਨਿੱਬੜੇ ਹਨ ਜਿਹੜੇ ਆਪਣੇ ਹੱਕਾਂ ਦੀ ਰਾਖੀ ਦੀ ਖਾਤਰ ਹਕੂਮਤ ਦੇ ਹੁਕਮਾਂ ਦੀ ਅਦੂਲੀ ਕਰਕੇ ਸੜਕਾਂ 'ਤੇ ਅਫਸਰਸ਼ਾਹੀ ਖਿੱਚ ਲਿਆਉਂਦੇ ਰਹੇ। ਬਾਅਦ ਵਿੱਚ ਕਰਫਿਊ ਲੱਗੇ ਨੂੰ ਜਦੋਂ ਇੱਕ ਮਹੀਨਾ ਬੀਤ ਗਿਆ ਤਾਂ ਉਦੋਂ ਤੱਕ ਵੀ ਸਰਦਾਰਾ ਸਿੰਘ ਮਾਹਲ ਹੋਰੀਂ ਤਾਲਾਬੰਦੀ ਦੇ ਪੱਖ ਵਿੱਚ ਭੁਗਤਦੇ ਹੋਏ ਲਿਖ ਰਹੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਰਫਿਊ ਦੇ ਬਾਵਜੂਦ ਕੋਰੋਨਾ ਦੇ ਵਧਣ ਦਾ ਸੰਕੇਤ ਦੇ ਦਿੱਤਾ ਸੀ, ਜਿਸ 'ਤੇ ਸਰਦਾਰਾ ਸਿੰਘ ਮਾਹਲ ਨੇ ਉਸ ਦੇ ਕਰਫਿਊ ਲਾਉਣ ਨੂੰ ਰੱਦ ਨਹੀਂ ਕੀਤਾ ਬਲਕਿ 10 ਅਪ੍ਰੈਲ ਨੂੰ ਸੁਝਾਅ ਵਾਲੇ ਲਹਿਜੇ ਵਿੱਚ ਸਵਾਲ ਕੀਤਾ ਕਿ ''ਮੁੱਖ ਮੰਤਰੀ ਸਾਬ, ਜੇ ਕਰਫ਼ਿਊ ਦੇ ਬਾਵਜੂਦ 87% ਪੰਜਾਬੀਆਂ ਨੇ ਕਰੋਨਾ ਤੋਂ ਪ੍ਰਭਾਵਿਤ ਹੋ ਜਾਣਾ ਫਿਰ ਕਰਫ਼ਿਊ ਕਾਹਤੋਂ ਲਾਇਆ? 13% ਲਈ ਸਾਰੇ ਪੰਜਾਬ ਨੂੰ ਬਲਦੀ ਦੇ ਬੁੱਥੇ ਕਾਹਤੋਂ ਦੇ ਛੱਡਿਆ ਹੈ।'' ਇਸੇ ਹੀ ਤਰ੍ਹਾਂ 15 ਅਪਰੈਲ ਦੀ ਇਸਦੀ ਫੇਸਬੁੱਕ ਤਾਲਾਬੰਦੀ ਦਾ ਕੋਈ ਵਿਰੋਧ ਨਹੀਂ ਕੀਤਾ ਗਿਆ ਬਲਕਿ ਸਰਕਾਰ ਨੂੰ ਲੋਕਾਂ ਲਈ ਰੋਟੀ-ਪਾਣੀ ਦਾ ਇੰਤਜ਼ਾਮ ਕਰਨ ਤੱਕ ਮਹਿਦੂਦ ਰਿਹਾ ਗਿਆ, ''ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਲੋਕਾਂ ਨੂੰ ਭੁੱਖੇ ਰੱਖ ਕੇ ਤਾਲਾਬੰਦੀ ਨਹੀਂ ਹੋ ਸਕਦੀ ਤੇ ਨਾ ਕਰੋਨਾ ਨਾਲ ਲੜਿਆ ਜਾ ਸਕਦਾ ਹੈ। ਦਿੱਲੀ, ਸੂਰਤ ਤੇ ਮੁੰਬਈ ਵਿਚ ਮਜਦੂਰ ਜਮਾਤ ਦਾ ਕਰਫ਼ਿਊ ਦੀਆਂ ਧੱਜੀਆਂ ਉਡਾ ਕੇ ਸੜਕਾਂ ਤੇ ਨਿਕਲ ਆਉਣਾ, ਸਪੱਸ਼ਟ ਸੰਕੇਤ ਹਨ।'' ਜਿਹੜੇ ਵੀ ਵਿਅਕਤੀ ਜਾਂ ਧਿਰਾਂ ਜਾਂ ਸੰਸਥਾਵਾਂ ਤਾਲਾਬੰਦੀ ਦਾ ਵਿਰੋਧ ਕਰ ਰਹੇ ਸਨ, ਸਰਦਾਰਾ ਸਿੰਘ ਮਾਹਿਲ ਨੂੰ ਉਹ 22 ਅਪਰੈਲ ਤੱਕ ਵੀ ਬਹੁਤ ਰੜਕਦੇ ਰਹੇ। ਉਹਨਾਂ ਨੂੰ ਬੂਝੜਪੁਣੇ ਦੇ ਖਿਤਾਬ ਬਖਸ਼ਦੇ ਹੋਏ ਸਰਦਾਰਾ ਸਿੰਘ ਮਾਹਿਲ ਨੇ ਫੇਸਬੁੱਕ 'ਤੇ ਚਾੜ੍ਹੀ ਇੱਕ ਪੋਸਟ ਵਿੱਚ ਆਪਣੀ ਭੜਾਸ ਇਉਂ ਕੱਢੀ, ''ਅੱਜਕੱਲ ਫੇਸਬੁੱਕ ਤੇ ਹਰ ਕੋਈ ਕਰੋਨਾ ਦਾ ਮਾਹਿਰ ਬਣਿਆ ਹੋਇਆ ਹੈ ਤੇ ਤਰਾਂ ਤਰਾਂ ਦੀ ਗਲਤ ਜਾਣਕਾਰੀ ਪ੍ਰਸਾਰਿਤ ਕਰ ਰਿਹਾ ਹੈ। ਇਨ੍ਹਾਂ ਨੂੰ ਆਪਣੀ ਹਉਮੈ ਲਈ ਲੋਕਾਂ ਦੀ ਜਾਨ ਦਾਅ ਤੇ ਨਹੀਂ ਲਾਉਣੀ ਚਾਹੀਦੀ ਹੈ, ਕਿਉਂਕਿ ਕੋਈ ਇਨ੍ਹਾਂ ਤੇ ਯਕੀਨ ਕਰਕੇ ਕੀ ਅਮਲ ਕਰ ਸਕਦਾ ਹੈ।ਇਕ ਅਜਿਹਾ ਬੰਦਾ, ਜਿਸਦਾ ਵਿਗਿਆਨ ਤੇ ਮੈਡੀਕਲ ਨਾਲ ਦੂਰ ਦੂਰ ਦਾ ਕੋਈ ਵਾਸਤਾ ਨਹੀਂ, ਕਹਿ ਰਿਹਾ ਸੀ ਕਿ ਕਰੋਨਾ ਇਕ ਆਮ ਜ਼ੁਕਾਮ ਹੈ ਜੋ ਕੁਝ ਸਾਵਧਾਨੀਆਂ ਨਾਲ ਠੀਕ ਹੋ ਸਕਦਾ। ਜਦਕਿ ਸਾਰਸ 2 ਜਾਂ ਕੋਵਿਡ 19 ਦੀ ਲਾਗ ਘੱਟੋ ਘੱਟ 2.5 ਹੈ ਜਦਕਿ ਇਸਤੋਂ ਪਹਿਲੇ ਵਿਸ਼ਾਣੂਆਂ ਦੀ ਲਾਗ 1 ਜਾਂ ਖਾਸ ਹਾਲਤ ਵਿੱਚ 1.4 ਸੀ। ਦੂਸਰੇ ਪਹਿਲੇ ਵਿਸ਼ਾਣੂਆਂ ਵਿਰੁੱਧ ਮਾਨਵ ਸਰੀਰ 'ਚ ਟਾਕਰਾ ਸ਼ਕਤੀ (immunity)ਵਿਕਸਿਤ ਹੋ ਚੁੱਕੀ ਹੈ, ਇਹ ਨਵਾਂ ਵਿਸ਼ਾਣੂ ਹੋਣ ਕਰਕੇ ਇਸਦੀ ਮਾਨਵ ਸਰੀਰ 'ਚ ਐਮਿਊਨਿਟੀ ਅਜੇ ਵਿਕਸਿਤ ਹੋਣੀ ਹੈ। ਤੀਸਰੇ ਪਹਿਲੇ ਵਿਸ਼ਾਣੂਆਂ ਲਈ ਵੈਕਸੀਨ ਬਣ ਚੁੱਕੀ ਆ ਤੇ ਇਸ ਲਈ ਅਜੇ ਬਣਨੀ ਆ। ਇਸ ਕਰਕੇ ਇਸਨੂੰ ਸਧਾਰਨ ਜ਼ੁਕਾਮ ਕਹਿਣਾ, ਆਪਣੇ ਬੂਝੜਪੁਣੇ ਦਾ ਵਿਖਾਵਾ ਕਰਨਾ ਹੈ।'' ਸਰਦਾਰਾ ਸਿੰਘ ਮਾਹਿਲ ਦੀ ਸਮਝ ਵਾਲੀਆਂ ਧਿਰਾਂ ਮੋਦੀ ਹਕੂਮਤ ਵੱਲੋਂ ਨਾਹਰਿਆਂ ਅਤੇ ਤਰੀਕਿਆਂ ਦੀ ਪੈਰਵਾਈ ਕਰਦੀਆਂ ਹੋਈਆਂ ਆਪਣੇ ਘਰਾਂ ਅਤੇ ਕੋਠਿਆਂ ਤੱਕ ਮਹਿਦੂਦ ਰਹਿ ਵਿਖਾਵਾ ਰੂਪੀ ਕਾਰਵਾਈਆਂ ਕਰਨ ਤੱਕ ਸਿਮਟੇ ਰਹੇ। ਜਦੋਂ ਕਿ ਕਿਰਤੀ ਲੋਕ ਵੱਡੀ ਗਿਣਤੀ ਵਿੱਚ ਪਰਵਾਸ ਕਰ ਰਹੇ ਸਨ, ਭੁੱਖਾਂ, ਦੁੱਖਾਂ ਵਿੱਚ ਕਰਾਹ ਰਹੇ ਸਨ। ਜਿਹੜੇ ਅਜਿਹੇ ਵਿਖਾਵਿਆਂ ਨੂੰ ਹਕੂਮਤ ਦੀ ਲਛਮਣ ਰੇਖਾ ਦੇ ਪੈਰੋਕਾਰ ਸਮਝਦੇ ਹੋਏ ਇਹਨਾਂ ਨੂੰ ''ਭਗਵੀਂ ਲਕੀਰ ਦੇ ਲਾਲ ਫਕੀਰ'' ਦੇ ਲਕਬਾਂ ਨਾਲ ਨਿਵਾਜਦੇ ਸਨ- ਉਹਨਾਂ ਦਾ ਵਿਰੋਧ ਅੱਠ ਅਪਰੈਲ ਨੂੰ ਸਰਦਾਰਾ ਸਿੰਘ ਫੇਸਬੁੱਕ 'ਤੇ ਚਾੜ੍ਹੀ ਆਪਣੀ ਪੋਸਟ ਵਿੱਚ ਇਹਨਾਂ ਸ਼ਬਦਾਂ ਵਿੱਚ ਕੀਤਾ ਸੀ, ''ਨੌਂ ਪਾਰਟੀਆਂ ਵਲੋਂ ਝੰਡੇ, ਨਾਅਰੇ ਲਗਾ ਕੇ, ਢੋਲ ਪੀਪੇ ਖੜਕਾ ਕੇ ਵਿਰੋਧ ਪਰਗਟਾਅ ਵਿਰੁੱਧ ਹਮਲਾਵਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪ੍ਰਚਾਰ ਦਾ ਅਧਾਰ ਹੈ ਕਿ ਇਹ ਮੋਦੀ ਦੇ ਥਾਲੀਆਂ ਖੜਕਾਉਣ ਦਾ ਪਿਛਲੱਗੂਪੁਣਾ ਹੈ। ਉਹਨਾਂ ਦੀ ਧਾਰਨਾ ਉਹਨਾਂ ਦੇ ਗਿਆਨ ਦੀ ਸੀਮਤਾਈ ਹੈ। ਵਿਰੋਧ ਦਾ ਇਹ ਰੂਪ ਅੱਜ ਦੇ ਤਿਲੰਗਾਨਾ, ਉਦੋਂ ਦੇ ਆਂਧਰਾ ਪ੍ਰਦੇਸ਼ 'ਚ ਸਾਹਮਣੇ ਆਇਆ ਸੀ।1978 ਵਿਚ ਉਥੇ ਕਰੀਮ ਨਗਰ ਜਿਲੇ ਦੀਆਂ ਸਿਰਸਿਲਾ ਅਤੇ ਜਗਤਿਆਲ ਤਹਿਸੀਲਾਂ ਵਿਚ ਇਕ ਵਿਸ਼ਾਲ ਜਗੀਰਦਾਰੀ ਵਿਰੁੱਧ ਲਹਿਰ ਉੱਠੀ। ਜਗਤਿਆਲ 'ਚ ਇਸਦੀ ਅਗਵਾਈ ਪੀਪਲਜ਼ ਵਾਰ ਗਰੁੱਪ ਅਤੇ ਸਿਰਸਿਲਾ ਵਿਚ ਕਾਮਰੇਡ ਚੰਦਰ ਪੂਲਾ ਰੈੱਡੀ ਦੀ ਅਗਵਾਈ ਵਾਲੀ ਸੀ ਪੀ ਆਈ ਐਮ ਐਲ ਕਰਦੀ ਸੀ। ਸਰਕਾਰ ਨੇ ਇਹਨਾਂ ਦੋਹਾਂ ਤਹਿਸੀਲਾਂ ਨੂੰ ਗੜਬੜ ਗ੍ਰਸਤ ਖੇਤਰ ਐਲਾਨ ਦਿਤਾ। ਪਿੰਡ ਪਿੰਡ 'ਚ ਪੁਲਿਸ ਤੇ ਨੀਮ ਫੌਜੀ ਟੁਕੜੀਆਂ ਲਗਾ ਦਿਤੀਆਂ ਗਈਆਂ । ਉਦੋਂ ਜਦੋਂ ਪ੍ਰਤੀਰੋਧ ਦਾ ਹੋਰ ਕੋਈ ਚਾਰਾ ਨਾ ਰਿਹਾ ਤਾਂ ਪਾਰਟੀ ਦੀ ਅਗਵਾਈ 'ਚ ਲੋਕਾਂ ਨੇ ਪ੍ਰਤੀਰੋਧ ਦਾ ਇਹ ਤਰੀਕਾ ਅਪਣਾਇਆ। ਅੱਜ ਜਦੋਂ ਕਰੋਨਾ ਤੇ ਇਸਦਾ ਭੈਅ ਫੈਲਿਆ ਹੋਇਆ ਅਤੇ ਕਰਫਿਊ ਲੱਗਿਆ ਹੋਇਆ ਤਾਂ ਵਿਰੋਧ ਦਾ ਇਹ ਉਪਯੁਕਤ ਢੰਗ ਹੈ। ਵੈਸੇ ਪੰਜਾਬ 'ਚ ਅਜੇਹਾ ਸੱਦਾ ਦੇਣ ਵਾਲੀਆਂ ਇਹ ਪਾਰਟੀਆਂ ਪਹਿਲੀਆਂ ਨਹੀ। ਸਭ ਤੋਂ ਪਹਿਲਾਂ ਇਹ ਸੱਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਪੇਂਡੂ ਮਜਦੂਰ ਯੂਨੀਅਨ ਵਲੋਂ ਦਿਤਾ ਗਿਆ, ਉਸਤੋਂ ਬਾਦ ਇਹ ਉਗਰਾਹਾਂ ਧੜੇ ਵਲੋਂ ਦਿਤਾ ਗਿਆ, ਨਵਾਂ ਸ਼ਹਿਰ 'ਚ ਇਫਟੂ ਦੇ ਸੱਦੇ ਤੇ ਪਰਵਾਸੀ ਮਜ਼ਦੂਰਾਂ ਨੇ ਥਾਲੀਆਂ ਪੀਪੇ ਖੜਕਾਏ ਸਨ।ਪਰ ਇਨ੍ਹਾਂ ਮਿੱਤਰਾਂ ਨੂੰ ਪਾਰਟੀਆਂ ਦੇ ਸੱਦੇ 'ਤੇ ਹੀ ਤਕਲੀਫ਼ ਕਿਉਂ ਹੋਈ? ਇਨ੍ਹਾਂ ਆਲੋਚਕਾਂ ਦੇ ਮਨਸ਼ੇ ਬਾਰੇ ਬਾਦ 'ਚ।'' ਸਰਦਾਰਾ ਸਿੰਘ ਮਾਹਿਲ ਨੇ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਥਾਲੀਆਂ ਖੜਕਾਉਣ ਨੂੰ ਜਾਇਜ਼ ਠਹਿਰਾਉਣ ਲਈ ਪੀਪਲਜ਼ ਵਾਰ ਗਰੁੱਪ ਦੀ ਕਿਸੇ ਕਾਰਵਾਈ ਦਾ ਬਿਨਾ ਕਿਸੇ ਹਵਾਲੇ ਤੋਂ ਚਲਵੇਂ ਰੂਪ ਵਿੱਚ ਜ਼ਿਕਰ ਕੀਤਾ ਹੈ। ਅਤੇ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਜਿਵੇਂ ਕਿ ਇਨਕਲਾਬੀ ਕਾਜ ਨੂੰ ਪਰਣਾਏ ਪੀਪਲਜ਼ ਵਾਰ ਗਰੁੱਪ ਅਤੇ ਸੋਧਵਾਦੀ ਲੀਹ 'ਤੇ ਜਾ ਚੜ੍ਹੇ ਚੰਦਰਪੂਲਾ ਰੈਡੀ ਗਰੁੱਪ ਦੀ ਅਮਲਦਾਰੀ ਇੱਕੋ ਜਿਹੀ ਹੀ ਹੋਵੇ। ਸਰਦਾਰਾ ਸਿੰਘ ਮਾਹਲ ਹੋਰਾਂ ਨੂੰ ਲੱਗਦਾ ਹੈ ਕਿ ਜਾਬਰ ਹਕੂਮਤ ਜਦੋਂ ਸਿਰੇ ਦਾ ਜਬਰ ਢਾਹੇ ਤਾਂ ''ਹੋਰ ਕੋਈ ਚਾਰਾ'' ਨਾ ਰਹਿਣ ਕਰਕੇ ਥਾਲੀਆਂ ਹੀ ਖੜਕਾਈਆਂ ਜਾ ਸਕਦੀਆਂ ਹਨ, ਹੋਰ ਕੁੱਝ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿੱਚ ਹੀ ਜਿਹੜੇ ਲੁਧਿਆਣੇ, ਜਲੰਧਰ ਦੇ ਮਜ਼ਦੂਰ, ਤਰਨਤਾਰਨ ਦੇ ਕਿਸਾਨ ਅਤੇ ਠੂਠਿਆਂਵਾਲੀ ਅਤੇ ਫਾਜ਼ਿਲਕਾ ਦੇ ਪਿੰਡਾਂ ਵਿੱਚ ਜਿਵੇਂ ਲੋਕ ਟਕਰਾਏ ਹਨ, ਉਹੋ ਜਿਹੇ ਰੂਪ ਵੀ ਹੋ ਹੀ ਨਹੀਂ ਸਕਦੇ। ਸਰਦਾਰਾ ਸਿੰਘ ਮਾਹਿਲ ਦੀ ਸਮਝ 'ਤੇ ਕੈਨੇਡਾ ਤੋਂ ਨਿਕਲਦੇ ਪੰਜਾਬੀ ਪੇਪਰ ਸੰਵਾਦ ਦੇ ਸੰਪਾਦਕ ਸੁਖਿੰਦਰ ਨੇ ਇੱਕ ਟਿੱਪਣੀ ਕੀਤੀ ਸੀ ਕਿ ''ਇਸ ਦਾ ਇਕ ਅਰਥ ਇਹ ਵੀ ਲਿਆ ਜਾ ਸਕਦਾ ਹੈ ਕਿ ਇਹ ਰਾਜਨੀਤਕ ਪਾਰਟੀਆਂ 1978 ਵਿੱਚ ਜਿੱਥੋਂ ਤੁਰੀਆਂ ਸਨ ਅੱਜ 2020 ਵਿਚ ਵੀ ਅਜੇ ਉਥੇ ਹੀ ਖੜੀਆਂ ਹਨ ਜਦੋਂ ਕਿ ਜ਼ਮਾਨਾ ਬਹੁਤ ਅੱਗੇ ਲੱਗੇ ਲੰਘ ਗਿਆ ਹੈ।'' ਸਰਦਾਰਾ ਸਿੰਘ ਮਾਹਿਲ ਨੇ ਸੁਖਿੰਦਰ ਦੀ ਇਸ ਟਿੱਪਣੀ ਦਾ ਕੋਈ ਜੁਆਬ ਹੀ ਨਹੀਂ ਦਿੱਤਾ। ਇਸੇ ਹੀ ਤਰ੍ਹਾਂ ਜਿਹੜਾ ਉਸ ਨੇ ਆਖਿਆ ਸੀ, ''ਇਨ੍ਹਾਂ ਆਲੋਚਕਾਂ ਦੇ ਮਨਸ਼ੇ ਬਾਰੇ ਬਾਦ ਚ।'' ਉਹ ਮਨਸ਼ੇ ਡੇਢ ਮਹੀਨਾ ਬੀਤ ਜਾਣ ਉਪਰੰਤ ਅਜੇ ਤੱਕ ਦੱਸੇ ਹੀ ਨਹੀਂ। ਸਰਦਾਰਾ ਸਿੰਘ ਮਾਹਿਲ ਨੂੰ ਮੋਦੀ ਹਕੂਮਤ ਵੱਲੋਂ ਕੀਤੀ ਗਈ ਤਾਲਾਬੰਦੀ ਮਹੀਨੇ ਬਾਅਦ ਵੀ ਜਾਇਜ਼ ਹੀ ਲੱਗੀ ਜਾਂਦੀ ਜੇਕਰ ਇਹ ਕੋਰੋਨਾਵਾਇਰਸ ਦੇ ਵਧਾਰੇ ਨੂੰ ਰੋਕਣ ਵਿੱਚ ਕਾਮਯਾਬ ਹੋ ਜਾਂਦੀ। ਯਾਨੀ ਇਸ ਦਾ ਸਰਕਾਰ ਦੀ ਸਮਝ ਨਾਲੋਂ ਕੋਈ ਫਰਕ ਨਹੀਂ ਸੀ ਬਲਕਿ ਫਰਕ ਸਿਰਫ ਇਸ ਨੂੰ ਲਾਗੂ ਕਰਨ ਦੇ ਢੰਗ-ਤਰੀਕਿਆਂ ਵਿੱਚ ਜਾਪਦਾ ਸੀ। ਹੁਣ ਜਦੋਂ ਲੋਕ ਤਾਲਾਬੰਦੀ ਨੂੰ ਤੋੜੀ ਹੀ ਜਾ ਰਹੇ ਸਨ ਤਾਂ 13 ਮਈ ਦੀ ਇੱਕ ਪੋਸਟ ਵਿੱਚ ਸਰਦਾਰਾ ਸਿੰਘ ਮਾਹਿਲ ਨੇ ਇਸੇ ਹੀ ਢਾਂਚੇ ਵਿੱਚ ਰਹਿ ਕੇ ਸਰਕਾਰਾਂ ਵੱਲੋਂ ਕੁੱਝ ਸੁਧਾਰ ਕਰ ਲੈਣ ਸਬੰਧੀ ਲਿਖਿਆ ਸੀ, ''ਲੌਕਡਾਊਨ ਦੇ ਬਾਵਜੂਦ ਕਰੋਨਾ ਫੈਲਦਾ ਜਾ ਰਿਹਾ ਫਿਰ ਇਸਦਾ ਕੀ ਤੁੱਕ ਹੈ। ...ਲੋਕਾਂ ਨੂੰ ਐਨ 90 ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰਜ ਮੁਫਤ ਮੁਹੱਈਆ ਕਰਵਾਏ ਜਾਣ, ਦੂਰੀ ਰਖ ਸਫਰ ਕਰਨਯੋਗ ਜਨਤਕ ਟਰਾਂਸਪੋਰਟ ਉਪਲੱਬਧ ਕਰਾਈ ਜਾਏ, ਕੱਚੇ ਸਿਹਤ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਤਨਖਾਹਾਂ ਵਧਾਈਆਂ ਜਾਣ, ਸਿਹਤ ਢਾਂਚਾ ਮਜਬੂਤ ਕੀਤਾ ਜਾਏ।'' ਕ੍ਰਿਸ਼ਨ ਸਮਾਣਾ ਵੱਲੋਂ ਜਦੋਂ ਲਾਕਡਾਊਨ ਖਤਮ ਕਰਨ/ਕਰਵਾਉਣ ਸਬੰਧੀ ਸਰਦਾਰਾ ਸਿੰਘ ਮਾਹਿਲ ਨੂੰ ਕਿਹਾ ਗਿਆ ਕਿ ''ਕਾਮਰੇਡ ਜੀ ਇਹ ਬਿਆਨ ਪਰੈਸ 'ਚ ਦਿਓ ਜੀ, ਪਾਰਟੀ ਵੱਲੋਂ ਇਹ ਫੇਸਬੁੱਕ ਤੇ ਪਾਉਣ ਦਾ ਕੋਈ ਫਾਇਦਾ ਨੀ।'' ਸਰਦਾਰਾ ਸਿੰਘ ਮਾਹਿਲ ਹੋਰਾਂ ਨੇ ਲੌਕਡਾਊਨ ਦੀ ਨਿਖੇਧੀ ਕਰਦਾ ਕੋਈ ਬਿਆਨ ਪਰੈਸ ਨੂੰ ਨਹੀਂ ਦਿੱਤਾ। ਨਾ ਹੀ ਦੋ ਮਹੀਨਿਆਂ ਵਿੱਚ ਤਾਲਾਬੰਦੀ ਦੇ ਖਿਲਾਫ ਲੋਕਾਂ ਨੂੰ ਕੋਈ ਸੱਦਾ ਦਿੱਤਾ ਕਿ ਲੋਕ ਇਸਦੇ ਵਿਰੋਧ ਵਿੱਚ ਸੜਕਾਂ-ਚੁਰਾਹਿਆਂ ਵਿੱਚ ਆ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨ। ਜਦੋਂ ਕਿ ਸੁਰਖ਼ ਰੇਖਾ ਵੱਲੋਂ ਅਜਿਹਾ ਸੱਦਾ ਮਹੀਨਾ ਪਹਿਲਾਂ ਦਿੱਤਾ ਜਾ ਚੁੱਕਾ ਸੀ। ਗੁਰਜਿੰਦਰ ਵਿਦਿਆਰਥੀ ਨੇ ਸਰਦਾਰਾ ਸਿੰਘ ਮਾਹਲ ਨੂੰ ਇਹ ਸਵਾਲ ਕੀਤਾ ਕਿ ਤੁਹਾਡੇ ''ਇਹ ਵਿਚਾਰ ਪਾਰਟੀ ਦੇ ਜਾਂ ਜਥੇਬੰਦੀ ਦੇ ਹਨ ਜਾਂ ਨਿੱਜੀ ???'' ਤਾਂ ਵੀ ਸਰਦਾਰਾ ਸਿੰਘ ਮਾਹਲ ਨੇ ਇਸਦਾ ਕੋਈ ਜੁਆਬ ਨਹੀਂ ਦਿੱਤਾ। ਜਦੋਂ ਦੁਨੀਆਂ ਭਰ ਵਿੱਚ ਹੀ ਤਾਲਾਬੰਦੀ ਕਰਨ ਦੇ ਬਾਵਜੂਦ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਕੋਈ ਕਮੀ ਨਜ਼ਰ ਨਾ ਆਈ, ਸਰਕਾਰਾਂ ਦੇ ਬਿਆਨਾਂ ਦਾ ਥੋਥ ਲੋਕਾਂ ਸਾਹਮਣੇ ਨੰਗਾ ਹੋਣ ਲੱਗਾ ਤੇ ਮੋੜਵੇਂ ਰੂਪ ਵਿੱਚ ਲੋਕਾਂ ਵੱਲੋਂ ਵਿਆਪਕ ਪੱਧਰ 'ਤੇ ਵਿਰੋਧ ਅਤੇ ਟਾਕਰੇ ਹੋਣੇ ਸ਼ੁਰੂ ਹੋਏ ਤਾਂ ਸਰਦਾਰਾ ਸਿੰਘ ਮਾਹਿਲ ਨੇ ਵੀ ਬਿਨਾ ਕੋਈ ਆਪਣੀ ਆਤਮ-ਆਲੋਚਨਾ ਕੀਤੇ ਤੋਂ ਆਪਣੀ ਸੁਰ ਬਦਲਣੀ ਸ਼ੁਰੂ ਕੀਤੀ। 27 ਅਪ੍ਰੈਲ ਦੀ ਆਪਣੀ ਇੱਕ ਪੋਸਟ ਵਿੱਚ ਉਸ ਨੇ ਲਿਖਿਆ, ''ਫਰਾਂਸ ਦੇ ਬਹੁਗਿਣਤੀ ਲੋਕ ਲੌਕਡਾਊਨ ਜਾਰੀ ਰੱਖਣ ਦੇ ਵਿਰੁੱਧ ਹਨ।'' 3 ਮਈ ਦੀ ਇੱਕ ਪੋਸਟ ਵਿੱਚ ਲਿਖਿਆ, ''ਜਿਸ ਤਰਾਂ ਕਰੋਨਾ ਮਰੀਜ਼ਾਂ ਦੀ ਗਿਣਤੀ ਵਧੀ ਹੈ ਉਸਤੋਂ ਸਪੱਸ਼ਟ ਹੈ ਕਿ ਸਿਰਫ ਲੌਕਡਾਊਨ ਨਾਲ ਨਹੀਂ ਲੜਿਆ ਜਾ ਸਕਦਾ, ਲੌਕਡਾਊਨ ਸਰਕਾਰ ਦੀ ਅਸਫਲਤਾ ਛੁਪਾਉਣ ਲਈ ਆ।'' 10 ਮਈ ਦੀ ਪੋਸਟ ਵਿੱਚ ਚਲੰਤ ਰੂਪ ਵਿੱਚ ਵਿਰੋਧ ਦੀ ਗੱਲ ਵੀ ਕੀਤੀ, ''ਕਰਫ਼ਿਊ, ਲੌਕਡਾਊਨ ਦੇ ਬਾਵਜੂਦ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ, ਇਸ ਕਰਕੇ ਇਸਨੂੰ ਵਧਾਉਣ ਦਾ ਕੋਈ ਅਰਥ ਨਹੀਂ, ਵਧਾਏ ਜਾਣ ਦਾ ਵਿਰੋਧ ਕਰੋ।'' 11 ਮਈ ਦੀ ਪੋਸਟ ਵਿੱਚ ਲਿਖਿਆ, ''ਕਰੋਨਾ ਖਤਰਨਾਕ ਬੀਮਾਰੀ ਹੈ ਪਰ ਇਸਤੋਂ ਵੀ ਖਤਰਨਾਕ ਹਾਕਮਾਂ ਵਲੋਂ ਫੈਲਾਇਆ ਇਸਦਾ ਹਊਆ ਹੈ।'' ਪਹਿਲਾਂ ਦੇ ਦੌਰ ਵਿੱਚ ਜਿਸ ਕੋਰੋਨਾ ਨੂੰ ਇਹ ਖੁਦ ਇੱਕ ਹਊਏ ਵਾਂਗ ਪੇਸ਼ ਕਰਦੇ ਰਹੇ, ਬਾਅਦ ਵਿੱਚ ਉਸੇ ਹੀ ਕੋਰੋਨਾ ਵਾਇਰਸ ਨੂੰ ''ਹਾਕਮਾਂ ਵੱਲੋਂ ਫੈਲਾਇਆ'' ''ਹਊਆ'' ਦੱਸਣ ਲੱਗ ਪਏ। ਜਿੱਥੇ ''ਮਾਓਵਾਦੀਆਂ ਵੱਲੋਂ ਕੋਰੋਨਾਵਾਇਰਸ ਸਬੰਧੀ ਮੋਦੀ ਹਕੂਮਤ ਦੀ ਨਿਖੇਧੀ'' ਕਰਦੇ ਹੋਏ ਇਸ ਦੇ ਟਾਕਰੇ ਲਈ ''ਢੁਕਵੇਂ ਕਦਮ ਲੈਣ ਦਾ ਸੱਦਾ'' ਦਿੱਤਾ ਜਾ ਰਿਹਾ ਸੀ, ਉੱਥੇ ਆਪਣੇ ਆਪ ਨੂੰ ਪੰਜਾਬ ਦੇ ਨਕਸਲੀ ਅਖਵਾਉਣ ਵਾਲੇ ਸਰਦਾਰਾ ਸਿੰਘ ਮਾਹਿਲ ਹੋਰੀਂ ਕੇਂਦਰ ਵਿੱਚ ਮੋਦੀ ਹਕੂਮਤ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅਮਰਿੰਦਰ ਸਿੰਘ ਹਕੂਮਤ ਦੀ ਤਾਬੇਦਾਰੀ ਵਿੱਚ ਲੱਗ ਉਸ ਨੂੰ ਸਲਾਹਾਂ-ਮਸ਼ਵਰੇ ਦੇਣ ਵਿੱਚ ਮਸ਼ਰੂਫ ਸਨ। 14 ਅਪਰੈਲ ਨੂੰ ਕੋਠਾਗੁਦੇਮ ਤੋਂ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਬੁਲਾਰੇ ਅਭੈ ਨੇ ਜ਼ੋਰ ਦੇ ਕੇ ਆਖਿਆ ਸੀ ਕਿ ''ਕੋਰੋਨਾ ਵਾਇਰਸ ਦਾ ਫੁਟਾਰਾ ਸਾਮਰਾਜੀ ਤਾਕਤਾਂ ਦੀ ਦੇਣ ਹੈ।'' ਉਸਨੇ ''ਕੋਰੋਨਾਵਾਇਰਸ ਵਰਗੇ ਜੀਵਾਣੂੰ-ਹਥਿਆਰ ਦੇ ਫੁਟਾਰੇ ਦੀ ਜੜ੍ਹ ਸਾਮਰਾਜੀ ਨੀਤੀਆਂ ਵਿੱਚ ਲੱਗੀ ਹੋਈ'' ਦੱਸ ਕੇ ਆਪਣੇ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਸੀ ਕਿ ''ਮੋਦੀ ਹਕੂਮਤ ਤਾਲਾਬੰਦੀ ਮੜ੍ਹ ਕੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਨਾਕਾਮ ਹੋਈ ਹੈ ਅਤੇ ਇਸਨੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ, ਜਨਤਕ ਆਵਾਜਾਈ ਬੰਦ ਕਰਕੇ, ਪੈਦਲ ਆਪਣੇ ਘਰਾਂ ਵੱਲ ਜਾਣ ਲਈ ਮਜਬੂਰ ਕੀਤਾ ਹੈ।..'' ਜਿੱਥੇ ਸੀ.ਪੀ.ਆਈ.(ਮਾਓਵਾਦੀ) ਕੋਰੋਨਾਵਾਇਰਸ ਨੂੰ ਸਾਮਰਾਜੀਆਂ ਦੀ ਦੇਣ ਦੱਸਦੇ ਹੋਏ ਆਪਣੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਲੋਕਾਂ ਦੀ ਰਾਖੀ ਲਈ ਢੁਕਵੇਂ ਕਦਮ ਲੈ ਰਹੀ ਸੀ, ਪੁਲਸ ਅਤੇ ਫੌਜੀ ਬਲਾਂ ਦਾ ਦਾਖਲਾ ਬੰਦ ਕਰ ਰਹੀ ਸੀ, ਉੱਥੇ ਸਰਦਾਰਾ ਸਿੰਘ ਮਾਹਿਲ ਵਰਗੇ ਲੇਖਕ ਪੰਜਾਬ ਸਰਕਾਰ ਨੂੰ ਨਸੀਹਤਾਂ ਦੇਣ ਵਿੱਚ ਲੱਗ ਕੇ ਸਲਾਹਾਂ ਦੇ ਰਹੇ ਸਨ ''ਰਾਸ਼ਣ ਵੰਡਣ'' ਦੇ ਫੈਸਲੇ ਦਾ ਜ਼ਿਕਰ ਕਰਕੇ ਉਸਦੀ ਖੂਬੀ ਦਰਸਾ ਰਹੇ ਸਨ। 'ਕਰੋਨਾ ਅਤੇ ਇਸਤੇ ਰਾਜਨੀਤੀ' ਦੇ ਨਾਂ 5 ਮਈ ਨੂੰ ਨੈੱਟ 'ਤੇ ਚਾੜ੍ਹੇ ਲੇਖ ਵਿੱਚ ਸਰਦਾਰਾ ਸਿੰਘ ਮਾਹਲ ਲਿਖਦੇ ਸਨ ''ਪੰਜਾਬ ਦੇ ਮੁੱਖ ਮੰਤਰੀ ਨੇ ਬੇਸਮਝੀ ਨਾਲ ਕਰਫਿਊ ਤਾਂ ਲਾਗੂ ਕਰ ਦਿੱਤਾ ਪਰ ਜਦੋਂ ਰੋਜ ਦਿਹਾੜੀ ਕਰਕੇ ਗੁਜਾਰਾ ਕਰਨ ਵਾਲਿਆਂ ਸਾਹਮਣੇ ਆ ਕੇ ਭੁੱਖਮਰੀ ਖੜ ਗਈ ਤੇ ਇਹ ਮੁੱਦਾ ਚਰਚਾ 'ਚ ਆਇਆ ਤਾਂ ਪੰਜਾਬ ਸਰਕਾਰ ਨੇ ਰਾਸ਼ਨ ਵੰਡਣ ਦਾ ਫੈਸਲਾ ਕੀਤਾ।'' ਦਰਸ਼ਨ ਖਟਕੜ 28 ਅਪ੍ਰੈਲ ਨੂੰ ਪੰਜਾਬੀ ਟ੍ਰਿਬਿਊਨ ਵਿੱਚ ਛਪੇ ਲੇਖ ਵਿੱਚ ਹਕੂਮਤ ਦੀ ਤਾਬਿਆ ਨੂੰ ਮੰਨਣ ਸਬੰਧੀ ਲਿਖਦੇ ਸਨ, ''ਕੋਈ ਸ਼ੱਕ ਨਹੀਂ ਕਿ ਸਭ ਨੂੰ ਲੋੜੀਂਦੀਆਂ ਹਿਦਾਇਤਾਂ ਮੰਨਣ ਦੀ ਲੋੜ ਹੈ, ਸਰੀਰਕ ਦੂਰੀ ਬਰਕਰਾਰ ਰੱਖਣ ਦੀ ਲੋੜ ਹੈ, ਕਿੱਟਾਂ, ਨਕਾਬਾਂ ਲਈ ਜਰੂਰੀ ਉਪਰਾਲੇ ਕਰਨ ਦੀ ਵੀ ਲੋੜ ਹੈ।'' 'ਸਰਕਾਰ ਦੀ ਇਕਪਾਸੜ ਨੀਤੀ ਅਤੇ ਕਰੋਨਾ ਮੌਤਾਂ' ਨਾਂ ਦੇ 24 ਅਪ੍ਰੈਲ ਨੂੰ ਨੈੱਟ 'ਤੇ ਚਾੜ੍ਹੇ ਲੇਖ ਵਿੱਚ ਤਾਲਾਬੰਦੀ ਦੇ ਅਰਸੇ ਵਿੱਚ ਕਰੋੜਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਦਾਰਾ ਸਿੰਘ ਮਾਹਲ ਹੋਰਾਂ ਨੇ ਕੁੱਝ ਕੁ ਦੀ ਗਿਣਤੀ ਤੱਕ ਪਿਚਕਾ ਕੇ ਇਉਂ ਪੇਸ਼ ਕੀਤਾ ਹੈ, ''ਕੁਝ ਲੋਕਾਂ ਨੂੰ ਫਾਕੇ ਕੱਟਣੇ ਪਏ ਅਤੇ ਕੁਝ ਨੂੰ ਕੱਟਣੇ ਪੈ ਰਹੇ ਹਨ। ਕਿਤੇ ਭੁੱਖ ਦੇ ਸਤਾਏ ਲੋਕਾਂ ਨੂੰ ਸੜਕਾਂ 'ਤੇ ਨਿਕਲ, ਹਾਕਮਾਂ ਦੀ 'ਸਮਾਜਿਕ ਦੂਰੀ' ਜੋ ਕਿ ਅਸਲ ਵਿੱਚ ਸਰੀਰਕ ਦੂਰੀ ਹੈ, ਦੀ ਉਲੰਘਣਾ ਕਰਨੀ ਪੈ ਰਹੀ ਹੈ। ਕਈਆਂ ਨੂੰ ਆਪਣੀਆਂ ਪਿੱਠਾਂ 'ਤੇ ਡਾਂਗਾਂ ਨਾਲ ਕਰੋਨਾ ਦੇ ਨਕਸ਼ੇ ਵੀ ਬਣਾਉਣੇ ਪਏ।'' ਜਦੋਂ ਕਿ ਇਸੇ ਹੀ ਲੇਖ ਵਿੱਚ ਪੰਜਾਬ ਦੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਸਰਕਾਰ ਦੀਆਂ ਸਿਫਤਾਂ ਦੇ ਗੋਗੇ ਵੀ ਇਉਂ ਗਾਏ ਹਨ, ''ਪਰ ਇਸ ਸਭ ਦੇ ਬਾਵਜੂਦ ਕੈਪਟਨ ਸਰਕਾਰ ਦੀ ਨੀਤੀ ਕਰੋਨਾ ਦੀ ਸੁਨਾਮੀ ਨੂੰ ਥੰਮਣ ਅਤੇ ਧੀਮਿਆਂ ਕਰਨ ਵਿੱਚ ਸਫ਼ਲ ਰਹੀ ਹੈ।'' 'ਨਾਨੀ ਖਸਮ ਕਰੇ- ਦੋਹਤਾ ਚੱਟੀ ਭਰੇ' ਨਾਮੀ ਲੇਖ ਵਿੱਚ ਸਰਦਾਰਾ ਸਿੰਘ ਮਾਹਿਲ ਲਿਖਦੇ ਹਨ, ''ਅੱਜ ਦੀ ਘੜੀ ਵਿੱਚ ਕੋਈ ਵੀ ਸ਼ਾਇਦ ਲਾਕਡਾਊਨ ਨੂੰ ਸਾਡੇ ਸਮੇਤ ਗਲਤ ਨਾ ਸਮਝਦਾ ਹੋਵੇ।'' ਅਗਾਂਹ ਸਰਕਾਰ ਦਾ ਵਧੀਆ ਵਕੀਲ ਬਣ ਕੇ ਸਰਦਾਰਾ ਸਿੰਘ ਮਾਹਿਲ ਸਰਕਾਰ ਨੂੰ ਨਸੀਹਤ ਦਿੰਦਾ ਸੀ ਕਿ ''ਸਰਕਾਰ ਨੂੰ ਚਾਹੀਦਾ ਸੀ ਕਿ ਫਰਵਰੀ ਵਿੱਚ ਹੀ ਹਫਤੇ-ਦਸ ਦਿਨਾਂ ਬਾਅਦ ਇੱਕ ਦੋ ਦਿਨ ਲਈ ਤਾਲਾਬੰਦੀ ਕਰਦੀ, ਜਿਸ ਨਾਲ ਲੋਕ ਮਾਨਸਿਕ ਤੌਰ 'ਤੇ ਤਿਆਰ ਹੋ ਜਾਂਦੇ।'' 13 ਅਪਰੈਲ ਨੂੰ 'ਇਨਕਲਾਬੀ ਸਾਡਾ ਰਾਹ' ਦੇ ਫੇਸਬੁੱਕ ਪੰਨੇ 'ਤੇ ਚਾੜ੍ਹੀ ਇੱਕ ਪੋਸਟ ਵਿੱਚ ਇਹ ਸਭ ਕੁੱਝ ਸਰਕਾਰ ਦੇ ਖਾਤੇ ਚਾੜ੍ਹ ਕੇ ਆਪਣੇ ਆਪ ਨੂੰ ਸੁਰਖਰੂ ਕਰਦੇ ਹੋਏ ਲਿਖਦੇ ਹਨ ਕਿ ''ਮਹਾਂਮਾਰੀ ਨੂੰ ਸਰਕਾਰਾਂ ਕਾਬੂ ਕਰਦੀਆਂ ਹਨ ਤੇ ਕਾਮਰੇਡ ਪੰਜਾਬ ਤੇ ਕੇਂਦਰ ਵਿਚ ਸਰਕਾਰ 'ਚ ਨਹੀਂ।'' ਇਹਦਾ ਮਤਲਬ ਸਾਫ ਹੈ ਕਿ ਜੇਕਰ ਕਮਿਊਨਿਸਟ ਸਰਕਾਰਾਂ ਵਿੱਚ ਕਾਬਜ਼ ਹਨ ਤਾਂ ਉਹ ਲੋਕਾਂ ਦੇ ਹਿੱਤ ਵਿੱਚ ਕੋਈ ਕਾਰਜ ਕਰ ਸਕਦੇ ਹਨ, ਜੇਕਰ ਉਹ ਸਰਕਾਰਾਂ ਵਿੱਚ ਕਾਬਜ਼ ਨਹੀਂ ਤਾਂ ਉਹ ਸਾਰਥਿਕ ਰੂਪ ਵਿੱਚ ਕੁੱਝ ਵੀ ਨਹੀਂ ਕਰ ਸਕਦੇ ਬਲਕਿ ਉਹ ਭੁੱਖੇ ਮਰਦੇ, ਖੱਜਲ-ਖੁਆਰ ਹੋਏ, ਅੱਕੇ-ਸਤੇ ਲੋਕਾਂ ਨੂੰ ਆਪਣੇ ਲੱਛੇਦਾਰ ਭਾਸ਼ਣਾਂ ਰਾਹੀਂ ''ਚੇਤਨ ਕਰ ਸਕਦੇ ਹਨ'' ਅਤੇ ਅਮੂਰਤ ਰੂਪ ਵਿੱਚ ਕਲਪਿਤ ਢੰਗਾਂ ਰਾਹੀਂ ''ਮੁਸੀਬਤ ਵਿੱਚ ਫਸੇ ਲੋਕਾਂ ਦੀ ਸੰਭਵ ਢੰਗਾਂ ਰਾਹੀਂ ਮੱਦਦ ਕਰ ਸਕਦੇ ਹਨ'' ਇਹ ਸੰਭਵ ਢੰਗਾਂ ਦਾ ਪਤਾ ਤਾਂ ਲੱਗਣਾ ਸੀ ਜੇਕਰ ਉਹਨਾਂ ਦੇ ਵਿੱਚ ਜਾਇਆ ਜਾਂਦਾ, ਪਰ ਇਹਨਾਂ ਨਾ ਉਹਨਾਂ ਵਿੱਚ ਜਾਣਾ ਸੀ ਅਤੇ ਨਾ ਹੀ ਗਏ। ਇਸ ਕਰਕੇ ਇਹਨਾਂ ਲਈ ਤਾਂ ''ਜਾਨ ਬਚੀ ਤਾਂ ਲਾਖੋਂ ਪਾਏ'' ਵਾਲੀ ਕਹਾਵਤ ਸੱਚੀ ਸਾਬਤ ਹੁੰਦੀ ਹੈ। 13 ਅਪਰੈਲ ਨੂੰ ਚਾੜ੍ਹੀ ਆਪਣੀ ਪੋਸਟ ਵਿੱਚ ਹੀ 'ਇਨਕਲਾਬੀ ਸਾਡਾ ਰਾਹ' ਦੇ ਲੇਖਕਾਂ ਨੂੰ ਇਹ ਸਰਕਾਰ ਸ਼ਾਇਦ ਆਪਣੀ ਲੱਗਦੀ ਹੈ ਜਿਸ ਸਬੰਧੀ ਇਹ ਨਰਮ ਸੁਰ ਵਿੱਚ ਲਿਖਦੇ ਹਨ, ''ਸਰਕਾਰ ਦੀ ਨਾਲਾਇਕੀ ਕਾਰਨ ਲੌਕਡਾਊਨ ਦੀ ਲੋੜ ਬਣ ਗਈ ਸੀ। ਪਰ ਜੇਕਰ ਸਰਕਾਰ ਨੂੰ ਲੋਕਾਂ ਦੀ ਪ੍ਰਵਾਹ ਜਰਾ ਵੀ ਹੁੰਦੀ ਤਾਂ ਇਸਨੂੰ ਵੱਖਰੇ ਤੇ ਸਮਝਦਾਰੀ ਵਾਲੇ ਢੰਗ ਨਾਲ ਲਾਗੂ ਕੀਤਾ ਜਾਦਾਂ।'' ਯਾਨੀ ਇਹਨਾਂ ਨੂੰ ਸਰਕਾਰ ਸਮਝਦਾਰ ਤਾਂ ਲੱਗਦੀ ਹੈ, ਪਰ ਉਹ ਸਮਝਦਾਰੀ ਤੋਂ ਕੰਮ ਨਹੀਂ ਲੈ ਰਹੀ। ਅਸੀਂ ਜਦੋਂ ਸਰਦਾਰਾ ਸਿੰਘ ਮਾਹਲ ਨਾਲ ਬਹਿਸ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਇਹ ਅਨੇਕਾਂ ਵਾਰੀ ਬੁਖਲਾਹਟ ਵਿੱਚ ਆਇਆ। ਕਦੇ ਵਾਹਿਗੁਰੂ ਤੋਂ ਸੁਮੱਤ ਬਖਸ਼ਣ ਦੀਆਂ ਗੱਲਾਂ ਕਰਦਾ, ਕਦੇ ਗੱਲਬਾਤ ਤੋਂ ਖਹਿੜਾ ਛੁਡਾਉਣ ਦੀਆਂ। ਕਦੇ ''ਫੂਕ ਕੱਢਣ'' ਦੀਆਂ ਗੱਲਾਂ ਕਰਦਾ ਤੇ ਕਦੇ ''ਪੋਤੜੇ'' ਫਰੋਲਣ ਦੀਆਂ ਧਮਕੀਆਂ ਦਿੰਦਾ। ਕਦੇ ਹੋਰ ਨਿੱਜੀ-ਜਾਤੀ ਕਿਸਮ ਦੀ ਦੂਸ਼ਣਬਾਜ਼ੀ ਕਰਨ 'ਤੇ ਉੱਤਰਦਾ। ਅਖੀਰ ਵਿੱਚ ਆ ਕੇ ਨਸਲਾਂ ਪਰਖਣ ਤੱਕ ਵੀ ਗਿਆ। ਜਦੋਂ ਅਸੀਂ ਹਾਲੇ ਬਹਿਸ ਨੂੰ ਜਾਰੀ ਰੱਖਣਾ ਚਾਹੁੰਦੇ ਸੀ, ਤਾਂ ਸਰਦਾਰਾ ਸਿੰਘ ਮਾਹਿਲ ਨੂੰ ਸਾਡੇ ਵੱਲੋਂ ਚਾੜ੍ਹੀਆਂ ਪੋਸਟਾਂ ਤੋਂ ਅਜਿਹੀ ਬੁਖਲਾਹਟ ਵਿੱਚ ਆ ਗਏ ਕਿ ਉਹਨਾਂ ਨੇ ਸਾਨੂੰ ਆਪਣੀ ਫੇਸਬੁੱਕ ਦੇ ਖਾਤੇ ਵਿੱਚੋਂ ਹੀ ਖਾਰਜ ਕਰਕੇ, ਆਪਣੇ ਆਪ ਨੂੰ ਸੁਰਖਰੂ ਹੋਣ ਦਾ ਭਰਮ ਪਾਲ ਲਿਆ। ਜਿਵੇਂ ਕਹਿੰਦੇ ਹਨ ਕਿ ਕਬੂਤਰ ਵੱਲੋਂ ਅੱਖਾਂ ਮੀਟ ਲਏ ਜਾਣ 'ਤੇ ਬਿੱਲੀ ਕਿਤੇ ਚਲੇ ਨਹੀਂ ਜਾਂਦੀ। ਇਹਨਾਂ ਦੀਆਂ ਦਲੀਲਾਂ ਜਾਂ ਜੁਆਬਾਂ ਦੇ ਮੁਕਾਬਲੇ 'ਤੇ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ ਤੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਸਵਾਲ ਕੀਤੇ ਜਾ ਰਹੇ ਸਨ। ਸਰਦਾਰਾ ਸਿੰਘ ਮਾਹਲ, ਭਾਵੇਂ ਸਾਡੀ ਕਿਸੇ ਲਿਖਤ ਦਾ ਕੋਈ ਜੁਆਬ ਨਾ ਦੇਣ ਪਰ ਇਹਨਾਂ ਦੇ ਘੇਰੇ ਵਿੱਚ ਜਿਹੜੇ ਪਾਠਕ ਹਨ, ਉਹ ਸਾਰੇ ਦੇ ਸਾਰੇ ਹੀ ਜ਼ਰਖਰੀਦ ਨਹੀਂ ਹਨ। ਉਹ ਆਪਣੇ ਤੌਰ 'ਤੇ ਆਪਣੇ ਹੀ ਢੰਗ ਨਾਲ ਸੋਚ ਕੇ ਕੋਈ ਵੱਖਰੇ ਸਵਾਲ ਵੀ ਕਰ ਸਕਦੇ ਹਨ। ਤੁਸੀਂ ਸਾਡੇ ਨਾਲੋਂ ਤਾਂ ਰਾਬਤਾ ਤੋੜ ਸਕਦੇ ਹੋ, ਪਰ ਆਪਣੀ ਪਾਰਟੀ ਦੇ ਕਾਰਕੁੰਨਾਂ ਨਾਲੋਂ ਤਾਂ ਨਾਤਾ ਨਹੀਂ ਤੋੜ ਸਕਦੇ। ਕੀ ਤੁਸੀਂ ਆਪਣੀ ਪਾਰਟੀ ਵਿੱਚ ਵੀ ਵੱਖਰੇ ਵਿਚਾਰ ਰੱਖਣ ਦੀ ਜੁਬਾਨਬੰਦੀ ਕਰਨ ਤੱਕ ਜਾਵੋਗੇ। ਕੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਜਿਹੜਾ ਬੁਨਿਆਦੀ ਅਸੂਲ ''ਜਮਹੂਰੀ-ਕੇਂਦਰੀਵਾਦ'' ਹੈ, ਉਸ ਤੋਂ ਕੋਈ ਆਪਣੇ ਆਪ ਨੂੰ ਕਮਿਊਨਿਸਟ ਅਖਵਾਉਣ ਵਾਲਾ ਮੁਨਕਰ ਹੋ ਸਕਦਾ ਹੈ। ਸਰਦਾਰਾ ਸਿੰਘ ਮਾਹਿਲ ਸਮੇਤ ਭਾਰਤ ਵਿੱਚ ਅਨੇਕਾਂ ''ਲਾਲ ਫਕੀਰਾਂ'' ਨੇ ''ਭਗਵੀਂ ਲਕੀਰ'' ਦੀ ਲਛਮਣ-ਰੇਖਾ ਤੱਕ ਮਹਿਦੂਦ ਰਹਿ ਕੇ ਇਥੋਂ ਦੇ ਕਰੋੜਾਂ ਲੋਕਾਂ ਦੇ ਉਜਾੜੇ ਵਿੱਚ ਆਪਣੀ ਭੂਮਿਕਾ ਨਿਭਾਈ ਹੈ। ਸਵੀਡਨ ਵਰਗੇ ਦੇਸ਼ ਨੇ ਤਾਲਾਬੰਦੀ ਨਹੀਂ ਕੀਤੀ ਨਾ ਹੀ ਕਰਫਿਊ ਲਾਇਆ, ਉੱਥੇ ਦੂਸਰੇ ਦੇਸ਼ਾਂ ਦੇ ਮੁਕਾਬਲੇ ਕਿੰਨੀ ਕੁ ਵੱਧ ਜਨਤਾ ਮਾਰੀ ਗਈ? ਜਿੰਨਾ ਕੁ ਵੀ ਫਰਕ ਸੀ, ਉਹ ਮਿਕਦਾਰੀ ਫਰਕ ਨਹੀਂ ਸੀ। ਬਲਕਿ ਜਿਹੜੀਆਂ ਮੁਸ਼ਕਲਾਂ ਤਾਲਾਬੰਦੀ ਅਤੇ ਕਰਫਿਊ ਵਾਲੇ ਮੁਲਕਾਂ ਨੇ ਝੱਲੀਆਂ ਹਨ, ਉਹਨਾਂ ਦੇ ਮੁਕਾਬਲੇ ਕੁੱਲ ਨੁਕਸਾਨ ਬਹੁਤ ਥੋੜ੍ਹਾ ਹੋਇਆ ਹੈ। ਜਦੋਂ ਕਿ ਤਾਲਾਬੰਦੀ ਵਾਲੇ ਦੇਸ਼ਾਂ ਵਿੱਚ ਇਸ ਤਾਲਾਬੰਦੀ ਦੇ ਮਾਰੂ ਅਸਰਾਂ ਦੇ ਸਿੱਟੇ ਬਾਅਦ ਵਿੱਚ ਪਰਗਟ ਹੋਣੇ ਹਨ, ਜਿਹਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਉਸ ਨਾਲੋਂ ਵੀ ਕਿਤੇ ਵਧੇਰੇ ਹੋਵੇਗੀ, ਜਿੰਨੀ ਕੁ ਹੁਣ ਹੋਈ ਦੱਸੀ ਜਾ ਰਹੀ ਹੈ। ਵੀਅਤਨਾਮ, ਉੱਤਰੀ ਕੋਰੀਆ, ਅਤੇ ਭਾਰਤ ਦੇ ਖਾਸੇ ਵਰਗੇ ਹੀ ਪਾਕਿਸਤਾਨ ਨੇ ਭਾਰਤ ਵਾਂਗ ਤਾਲਾਬੰਦੀ ਨੂੰ ਕਰਫਿਊ ਵਾਂਗ ਲਾਗੂ ਨਹੀਂ ਕੀਤਾ। ਪਰ ਉੱਥੇ ਕਿੰਨੀ ਕੁ ਵਧੇਰੇ ਜਨਤਾ ਇਸ ਦੀ ਮਾਰ ਹੇਠ ਆ ਗਈ? ਸਾਮਰਾਜੀਆਂ ਦੀਆਂ ਦਲਾਲ ਹਕੂਮਤਾਂ ਵੱਲੋਂ ਉਛਾਲੇ ਜਾ ਰਹੇ ਮਾਮਲੇ ਲੋਕਾਂ ਦੀ ਜਾਨ-ਮਾਲ ਨਾਲ ਸਬੰਧਤ ਤਾਂ ਉੱਕਾ ਹੀ ਨਹੀਂ ਸਨ। ਬਲਕਿ ਇਹਨਾਂ ਨੇ ਸਾਮਰਾਜੀਆਂ ਦੀ ਲੋੜਾਂ ਮੁਤਾਬਕ ਕੋਰੋਨਾ ਵਾਇਰਸ ਦੇ ਹੋ-ਹੱਲੇ ਤਹਿਤ ਜੋ ਢਾਂਚਾ-ਢਲਾਈ ਕਰਨੀ ਸੀ ਕਰ ਦਿੱਤੀ, ਰਹਿੰਦੀ ਕਸਰ ਕੱਢਣ ਵਿੱਚ ਲੱਗੇ ਹੋਏ ਹਨ। ਇਹਨਾਂ ਦਾ ਲੋਕਾਂ ਦੀਆਂ ਹਕੀਕੀ ਸਮੱਸਿਆਵਾਂ ਨਾਲ ਨਾ ਕੋਈ ਸਬੰਧ ਸੀ ਅਤੇ ਨਾ ਹੀ ਹੈ। ਇਹਨਾਂ ਨੇ ਲੋਕਾਂ ਨੂੰ ਉਜਾੜਨਾ ਸੀ, ਉਜਾੜ ਦਿੱਤਾ ਹੈ। ਮਾਰਨਾ ਸੀ, ਮਾਰ ਦਿੱਤਾ ਹੈ। ਪਰ ਲੋਕਾਈ ਨੇ ਹਾਕਮਾਂ ਦੀ ਈਨ ਨਾ ਮੰਨਣੀ ਸੀ ਅਤੇ ਨਾ ਹੀ ਮੰਨੀ। ਜਨਤਾ ਨੇ ਆਪਣੇ ਤੌਰ 'ਤੇ ਵਿਖਾ ਦਿੱਤਾ ਕਿ ਸਾਮਰਾਜੀਆਂ ਦੇ ਦੱਲੇ ਹਾਕਮ ਲੋਕਾਂ ਦੀ ਹਸਤੀ ਅਤੇ ਹੋਂਦ ਨੂੰ ਮਿਟਾਉਣ ਲਈ ਭਾਵੇਂ ਕਿੰਨਾ ਹੀ ਤਾਣ ਕਿਉਂ ਨਾ ਲਾ ਲੈਣ, ਲੋਕ ਕਦੇ ਵੀ ਦਬਾਏ, ਝੁਕਾਏ ਅਤੇ ਮਿਟਾਏ ਨਹੀਂ ਜਾ ਸਕਦੇ। ਨਾ ਹੀ ਹੁਣ ਮਿਟਾਏ ਜਾ ਸਕੇ ਹਨ। ਲੋਕਾਂ ਨੇ ਹਾਕਮਾਂ ਦੀਆਂ ਹਿੱਕਾਂ 'ਤੇ ਆਪਣੀ ਹਸਤੀ ਅਤੇ ਹੋਂਦ ਦੇ ਝੰਡੇ ਗੱਡੇ ਹਨ। ਅਗਾਂਹ ਵੀ ਇਹ ਅਜਿਹੇ ਝੰਡੇ ਗੱਡਦੇ ਰਹਿਣਗੇ। ਪਰ ਜਿਹੜੇ ਹਾਕਮਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਉਹਨਾਂ ਦੀ ਬੋਲੀ ਬੋਲਦੇ ਹੋਏ, ਉਹਨਾਂ ਦੇ ਵਕੀਲ ਬਣ ਕੇ ਲੋਕਾਂ ਨੂੰ ਧੋਖਾ ਦੇਣ ਵਿੱਚ ਲੱਗੇ ਹੋਏ ਸਨ, ਉਹ ਲੋਕਾਂ ਦੇ ਮਨਾਂ ਤੋਂ ਬੁਰੀ ਤਰ੍ਹਾਂ ਲਹਿ ਗਏ ਹਨ, ਅਤੇ ਅਗਾਂਹ ਵੀ ਅਜਿਹੀ ਬੋਲੀ ਬੋਲਣ ਵਾਲੇ ਲੋਕਾਂ ਵਿੱਚੋਂ ਛੇਕੇ ਜਾਂਦੇ ਰਹਿਣਗੇ। —— ਸਰਦਾਰਾ ਮਾਹਲ ਜੀ, ਹਰ ਕੋਈ ਜਨਤਾ ਲਈ ਜੁਆਬਦੇਹ ਹੈ ਸਰਦਾਰਾ ਮਾਹਲ ਵੱਲੋਂ ਫੇਸਬੁੱਕ 'ਤੇ ਕੀਤੀ ਇੱਕ ਟਿੱਪਣੀ- ''ਫੇਸਬੁੱਕ ਕੋਈ ਪ੍ਰੈੱਸ ਕਾਨਫਰੰਸ ਨਹੀ, ਹਰ ਕੋਈ ਆਪਣੀ ਗੱਲ ਕਹਿ ਸਕਦਾ ਪਰ ਕਿਸ ਨਾਲ ਸੰਵਾਦ ਕਰਨਾ ਹਰੇਕ ਦੀ ਆਪਣੀ ਚੋਣ ਹੈ ।ਕੌਣ ਸੰਵਾਦ ਯੋਗ ਹੈ ਕੌਣ ਨਹੀਂ ਇਹ ਫੈਸਲਾ ਹਰੇਕ ਦਾ ਹੈ।ਇੱਥੇ ਕੋਈ ਬੌਸ ਜਾਂ ਜੱਜ ਨਹੀਂ ਜਿਸਦਾ ਜੁਆਬ ਦੇਣਾ ਜਰੂਰੀ ਹੋਵੇ। ਫੇਸਬੁੱਕ ਤੇ ਅਜਿਹੇ ਅਨਸਰ ਆ ਜਾਂਦੇ ਹਨ ਜਿਹਨਾਂ ਲਈ ਫੇਸਬੁੱਕ ਨੇ ਬਲੌਕ ਦੀ ਔਪਸ਼ਨ ਰੱਖੀ । ਉਂਝ ਜੇ ਕਾਵਾਂ ਦੇ ਕਹੇ ਢੱਗੇ ਮਰਦੇ ਤਾਂ ਦੁਨੀਆਂ ਹੱਡਾ ਰੋੜੀ ਬਣੀ ਹੋਣੀ ਸੀ।'' ਬੜੀ ਹਕਾਰਤ ਬੋਲਦੀ ਹੈ ਸਰਦਾਰਾ ਮਾਹਲ ਜੀ ਤੁਹਾਡੇ ਇਹਨਾਂ ਬੋਲਾਂ ਵਿੱਚ ਕਿ ''ਫੇਸਬੁੱਕ ਕੋਈ ਪ੍ਰੈਸ ਕਾਨਫਰੰਸ ਨਹੀਂ ਹੁੰਦੀ''। ਤੁਸੀਂ ਫੇਸਬੁੱਕ 'ਤੇ ਲਿਖੀ ਕਿਸੇ ਗੱਲ ਨੂੰ ਮਹੱਤਵ ਨਹੀਂ ਦੇ ਰਹੇ। ਤੁਸੀਂ ਸੋਸ਼ਲ ਮੀਡੀਏ ਨੂੰ ਮੂਲੋਂ ਹੀ ਰੱਦ ਕਰ ਰਹੇ ਹੋ। ਤੁਸੀਂ ਲਿਖਦੇ ਹੋ ਕਿ ''ਕਿਸ ਨਾਲ ਸੰਵਾਦ ਕਰਨਾ ਹਰੇਕ ਦੀ ਆਪਣੀ ਚੋਣ ਹੈ ।'' ਜੇਕਰ ਤੁਸੀਂ ਕਿਸੇ ਨਾਲ ਜਾਤੀ ਤੌਰ 'ਤੇ ਹੀ ਸੰਵਾਦ ਕਰਨਾ ਹੈ ਤਾਂ ਤੁਸੀਂ ਉਸਦੇ ਮੈਸੈਂਜਰ 'ਤੇ ਜਾ ਕੇ ਨਿੱਜੀ ਰੂਪ ਵਿੱਚ ਕਰ ਸਕਦੇ ਹੋ, ਪਰ ਜਦੋਂ ਕੋਈ ਪੋਸਟ ਜਨਤਾ ਲਈ ਖੁੱਲ•ੇਆਮ ਚਾੜ•ਦੇ ਹੋ ਤਾਂ ਤੁਹਾਨੂੰ ਉਸ ਲਈ ਜਵਾਬਦੇਹ ਵੀ ਖੁੱਲ•ੇਆਮ ਹੋਣਾ ਪਵੇਗਾ। ਤੁਸੀਂ ਇਸ ਨੂੰ ਮਨਮਰਜੀ ਨਾਲ ਨਹੀਂ ਉਲੰਘ ਸਕਦੇ। ਜੇਕਰ ਤੁਸੀਂ ਸਿਰਫ ਕਹਿਣੀ ਹੀ ਹੈ, ਸੁਣਨੀ ਨਹੀਂ ਤਾਂ ਤੁਹਾਡੀ ਗੱਲ ''ਕਿਛ ਕਹੀਐ, ਕਿਛ ਸੁਣੀਐਂ'' ਦੀ ਭਾਵਨਾ ਤੋਂ ਉਲਟ ਜਾਂਦੀ ਹੈ। ਸਿਖਾਉਣ ਤੋਂ ਪਹਿਲਾਂ ਸਿੱਖਣਾ ਜ਼ਰੂਰੀ ਹੁੰਦਾ ਹੈ। ਪਰ ਤੁਹਾਡੀ ਭਾਵਨਾ ਸਿਰਫ ਸਿਖਾਉਣ ਵਾਲੀ ਹੈ, ਸਿੱਖਣ ਵਾਲੀ ਉੱਕਾ ਹੀ ਨਹੀਂ। ਜੇਕਰ ਕੋਈ ਸਿਰਫ ਆਪਣੇ ਆਪ ਨੂੰ ਸਰਬ ਕਲਾ ਸਮਰੱਥਾ ਮੰਨ ਲਵੇ ਤਾਂ ਸਮਾਂ ਅਤੇ ਅਮਲ ਉਸਦਾ ਕੀ ਹਸ਼ਰ ਕਰਦੇ ਹਨ, ਇਹ ਇਤਿਹਾਸ ਨੂੰ ਪੜੇ ਤੋਂ ਚੰਗੀ ਤਰ•ਾਂ ਪਤਾ ਲੱਗ ਜਾਂਦਾ ਹੈ। ਅੱਗੇ ਤੁਸੀਂ ਲਿਖਿਆ ਹੈ ''ਇੱਥੇ ਕੋਈ ਬੌਸ ਜਾਂ ਜੱਜ ਨਹੀਂ'' ਅਸਲ ਗੱਲ ਇਹ ਹੈ ਕਿ ਤੁਸੀਂ ਕਿਸੇ ਹੋਰ ਨੂੰ ਜੱਜ ਮੰਨੋ ਜਾਂ ਨਾ ਮੰਨੋ, ਪਰ ਲੱਗਦੈ ਤੁਸੀਂ ਜਨਤਾ ਨੂੰ ਤਾਂ ਜੱਜ ਉੱਕਾ ਹੀ ਨਹੀਂ ਮੰਨਦੇ। ਅੰਗਰੇਜ਼ੀ ਦੀ ਅਖਾਉਤ ਹੈ ਕਿ ''ਪੀਪਲ ਆਰ ਦਾ ਬੈਸਟ ਜੱਜ'', ਇਸ ਤਰ•ਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ ਥਾਂ ਤੁਸੀਂ ਆਪਣੇ ਆਪ ਨੂੰ ''ਬੌਸ'' ਸਮਝ ਕੇ ਆਪਣੀ ਇੱਕ ਪਾਸੜ ਸੋਚਣੀ ਥੋਪਣੀ ਚਾਹੁੰਦੇ ਹੋ ਜਿਵੇਂ ਟਰੰਪ ਜਾਂ ਮੋਦੀ ਚਾਹੁੰਦੇ ਹਨ। ਲੱਗਦਾ ਹੈ ਕਿ ਹੁਣ ਤੁਸੀਂ ''ਭਗਵੀਂ ਲਕੀਰ ਦੇ ਲਾਲ ਫਕੀਰ'' ਹੋਣ ਤੋਂ ਅੱਗੇ ਟਰੰਪ ਵਾਲੇ ਹੰਕਾਰ ਵਿੱਚ ਆਪਣੀ ਹਓਮੈਂ ਦਾ ਪ੍ਰਗਟਾਵਾ ਕਰਨ ਲੱਗੇ ਹੋ। ਕਮਿਊਨਿਸਟ ਪਾਰਟੀ ਵਿੱਚ ਜਮਹੂਰੀ-ਕੇਂਦਰਵਾਦ ਦਾ ਅਸੂਲ ਬੁਨਿਆਦੀ ਅਸੂਲ ਹੁੰਦਾ ਹੈ, ਜਿਸ ਦੇ ਸਹਾਰੇ ਪਾਰਟੀ ਚੱਲਦੀ ਹੈ। ਜੇਕਰ ਪਾਰਟੀ ਵਿੱਚ ਜਮਹੂਰੀਅਤ ਨੂੰ ਪੂਰੀ ਤਰ੍ਹਾਂ ਖਾਰਜ ਕਰਕੇ, ਸਿਰਫ ਕੇਂਦਰੀਵਾਦ 'ਤੇ ਜ਼ੋਰ ਦਿੱਤਾ ਜਾਵੇ ਤਾਂ ਕੋਈ ਵੀ ਕਮਿਊਨਿਸਟ ਪਾਰਟੀ ਆਪਣੀ ਹੋਂਦ ਕਾਇਮ ਨਹੀਂ ਰੱਖ ਸਕਦੀ। ਤੁਸੀਂ ਜਿਸ ਤਰਾਂ ਨਾਲ ਜਨਤਾ ਦੀ ਆਵਾਜ਼ ਨੂੰ ਅਣਗੌਲਿਆ ਕਰ ਰਹੇ ਹੋ, ਇਹ ਜਮਹੂਰੀਅਤ ਦਾ ਕਤਲ ਅਤੇ ਸਿਰਫ ਕੇਂਦਰੀਵਾਦ ਨੂੰ ਮੜੇ ਜਾਣ ਦਾ ਵਰਤਾਰਾ ਹੈ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਹੀ ਸਾਥੀਆਂ ਵਿੱਚ ਬੁਰੀ ਤਰ੍ਹਾਂ ਘਿਰੇ ਨਜ਼ਰ ਆਵੋਗੇ। ਤੁਹਾਡੇ 'ਤੇ ਸਵਾਲ ਕਰਨ ਵਾਲਿਆਂ ਨੂੰ ਤੁਸੀਂ ਕਦੇ ਕੂੜ-ਕਬਾੜ ਪਰਖਦੇ ਹੋ, ਕਦੇ ਝੁੱਡੂ। ਹੁਣ ਕਾਵਾਂ ਦੀ ਤਸਬੀਹ ਦੇਣ ਲੱਗੇ ਹੋ। ਇਹ ਕੁੱਝ ਤੁਹਾਡੀ ਜਾਗੀਰੂ ਮਾਨਸਿਕਤਾ ਦਾ ਮੂੰਹ-ਬੋਲਦਾ ਸਬੂਤ ਹਨ। ਇਹ ਤੁਹਾਡੇ ਗਰੂਰ ਦਾ ਸਬੂਤ ਹੀ ਨਹੀਂ ਬਲਕਿ ਤੁਹਾਨੂੰ ਆਪਣੀ ਕਮਜ਼ੋਰੀ ਦਾ ਅਹਿਸਾਸ ਹੋ ਰਿਹਾ ਹੈ, ਜਿਸ ਵਿੱਚੋਂ ਤੁਸੀਂ ਆਪਣੇ ਆਪ ਨੂੰ ''ਹੱਡਾ ਰੋੜੀ'' ਤੱਕ ਪਹੁੰਚ ਗਏ ਲੱਗਦੇ ਹੋ। ਤੁਹਾਡੀ ਬੁਖਲਾਹਟ ਤੁਹਾਡੇ ਆਖਰੀ ਦਿਨਾਂ ਦੇ ਦ੍ਰਿਸ਼ ਤੁਹਾਨੂੰ ਵਿਖਾ ਰਹੀ ਹੈ। ''ਦੁਨੀਆਂ ਹੱਡਾ ਰੋੜੀ ਬਣੀ'' ਤੁਹਾਨੂੰ ਕੰਬਣੀਆਂ ਛੇੜ ਰਹੀ ਹੈ। ਸੁਖਵਿੰਦਰ ਪੱਪੀ- 17 ਮਈ— ''ਲੱਗਦਾ ਹੈ ਕਰੋਨਾ ਦੀ ਖੇਡ ਖ਼ਤਮ ਹੋ ਗਈ ਹੈ।ਦੁਨੀਆਂ ਦੇ ਉਹ ਡਾਕਟਰ ਤੇ ਸਾਇੰਸਦਾਨ ਜਿਹਨਾਂ ਦੀ ਗਿਣਤੀ ਮਸਾਂ ਉਂਗਲਿਆਂ ਤੇ ਗਿਣਨਜੋਗੀ ਸੀ ਤੇ ਜ਼ੋ ਇਸ ਅੰਨੀ ਹਨੇਰੀ ਦੇ ਖਿਲਾਫ ਆਪਣੇ ਬੌਧਿਕ ਦਮ ਤੇ ਖੜੇ, ਵਧਾਈ ਦੇ ਹੱਕਦਾਰ ਹਨ। ਉਹਨਾਂ ਨੇ ਪਹਿਲੇ ਦਿਨ ਹੀ ਇਸ ਨੂੰ ਇੱਕ ਰੁਟੀਨ ਮੌਸਮੀ ਵਾਇਰਸ ਕਿਹਾ ਸੀ ।ਭਾਰਤ ਵਿੱਚ ਡਾ ਅਮਰ ਸਿੰਘ ਅਜਾਦ ਤੇ ਡਾ ਵਿਸਵਰੂਪ ਨੇ ਇਹ ਗੱਲ ਪੂਰੀ ਤਰਾਂ ਦਮ ਖ਼ਮ ਨਾਲ ਰੱਖੀ ਤੇ ਉਹ ਸੱਚੇ ਸਾਬਤ ਹੋਏ। ਕਾਰਪੋਰੇਟ ਦਾ ਝੋਲੀ ਚੁੱਕ ਮੀਡੀਆ, ਉਸ ਦੀਆਂ ਖਰੀਦੀਆਂ ਮੈਡੀਕਲ ਸੰਸਥਾਵਾਂ ਨੇ ਜ਼ੋ ਫਾਲਤੂ ਚੀਕ ਚਿਹਾੜਾ ਪਾਇਆ ਉਹ ਹੁਣ ਰੋਜ਼ ਬੇਪਰਦ ਹੋ ਰਿਹਾ ਹੈ । ਹੁਣ ਉਹ ਅਵਾਜ਼ਾ ਦੀ ਗਿਣਤੀ ਪੂਰੇ 'ਚ ਵਿਸ਼ਵ 'ਚ ਲਗਾਤਾਰ ਵਧ ਰਹੀ ਹੈ ਜ਼ੋ ਇਸ ਮਹਾਂ ਸਾਜ਼ਿਸ਼ ਨੂੰ ਬੇਪਰਦ ਕਰਨ ਲਈ ਦਲੇਰੀ ਨਾਲ ਅੱਗੇ ਆਈਆਂ। ਕਈ ਲੋਕ ਅਮਰੀਕਾ ਦੀ ਮੌਤ ਦਰ ਦੇ ਅੰਕਿੜਿਆ ਨੂੰ ਪੇਸ਼ ਕਰਕੇ ਆਪਣੀ ਸਿਧਾਂਤਕ ਕੋਤਾਹੀ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰ ਰਹੇ ਹਨ ।ਪਰ ਉਹ ਇਹ ਨਹੀਂ ਦੱਸ ਰਹੇ ਕੇ ਅਮਰੀਕਾ ਦੇ ਡਾਕਟਰਾਂ ਨੇ ਪ੍ਰੈਸ ਕਾਨਫਰੰਸਾਂ ਕਰ ਕੇ ਉਹ ਸਬੂਤ ਪੇਸ਼ ਕੀਤੇ ਕੇ ਕਿਵੇ ਉੱਥੋਂ ਦੇ ਹੁਕਮਰਾਨਾਂ ਵਲੋਂ ਕਾਜ ਆਫ ਡੈੱਥ ਦੇ ਕਾਲਮ ਰਾਹੀਂ ਹਰ ਮੌਤ ਚਾਹੇ ਉਹ ਕੈਂਸਰ, ਸ਼ੂਗਰ, ਹਾਈਪਰਟੈਨਸ਼ਨ, ਜਾਂ ਕਿਸੇ ਹੋਰ ਕ੍ਰੌਨਿਕ ਬਿਮਾਰੀ ਰਾਹੀਂ ਹੋਈ ਹੋਵੇ ਨੂੰ ਕਰੋਨਾ ਕਹਿ ਕੇ ਅੰਕੜਿਆਂ ਨੂੰ ਮੈਨੂਪਲੇਟ ਕੀਤਾ ਗਿਆ। ਕਈ ਅਗਾਂਹਵਧੂ ਰਾਜਨੀਤੀਵਾਨ ਇਸ ਵਾਰ ਫਿਰ ਕਾਰਪੋਰੇਟ ਦੇ ਏਜੰਡੇ 'ਚ ਹੀ ਉਲਝ ਕੇ ਰਹਿ ਗਏ।'' ------------------------- ਕੋਰੋਨਾ ਦੌਰ 'ਚ ਬਹਿਸ ਤੋਂ ਭੱਜ ਨਿੱਕਲੇ ਸਰਦਾਰਾ ਸਿੰਘ ਮਾਹਲ ਅੱਜ ਸਵੇਰੇ ਸਵੇਰੇ ਸਰਦਾਰਾ ਸਿੰਘ ਮਾਹਲ ਨੇ ਰਾਤ ਦੀ ਚੱਲਦੀ ਬਹਿਸ ਨੂੰ ਅੱਗੇ ਤੋਰਦੇ ਹੋਏ ਇੱਕ ਕੁਮੈਂਟ ਕੀਤਾ ਸੀ ਜਿਸ ਵਿੱਚ ਉਹ ਪੋਤੜੇ ਫਰੋਲਦਾ ਫਰੋਲਦਾ ਹੁਣ ਸਵੇਰੇ ਨਸਲਾਂ ਪਰਖਣ ਤੱਕ ਵੀ ਚਲਾ ਗਿਆ ਤੇ ਬਹਿਸ ਕਰਨ ਵਾਲਿਆਂ ਦੇ ਮੂੰਹਾਂ 'ਤੇ ਛਿੱਕਲੀਆਂ ਲਾਉਣ ਤੱਕ ਪਹੁੰਚ ਗਿਆ। ਬਾਅਦ ਵਿੱਚ ਸ਼ਾਇਦ ਉਸਨੇ ਪੋਸਟ ਵਾਪਸ ਲੈ ਲਈ ਹੈ, ਉਹ ਮੁੜ ਕੇ ਤਾਂ ਲੱਭੀ ਨਹੀਂ। ਪਰ ਲੱਗਦਾ ਹੈ ਕਿ ਸਾਡੇ ਵੱਲੋਂ ਰੱਖੀਆਂ ਖਰੀਆਂ ਖਰੀਆਂ ਗੱਲਾਂ ਉਸ ਨੂੰ ਚੁਭ ਗਈਆਂ ਹਨ। ਉਂਝ ਲੱਗਦਾ ਸੀ ਕਿ ਸ਼ਾਇਦ ਉਹ ਪੋਤੜੇ ਫਰੋਲਣ ਵਾਲੀ ਪਹੁੰਚ ਤੋਂ ਪਿੱਛੇ ਹਟੇਗਾ, ਪਰ ਜਦੋਂ ਉਹ ਨਸਲਾਂ ਪਰਖਣ ਤੱਕ ਚਲਾ ਗਿਆ ਤਾਂ ਇਸ ਵਿੱਚ ਉਸਦੀ ਮਾਨਸਿਕਤਾ ਝਲਕਦੀ ਹੈ, ਕਿ ਉਹ ਸਾਰੀ ਰਾਤ ਕਿਵੇਂ ਵਿਸ਼ ਘੋਲਦਾ ਰਿਹਾ ਹੋਵੇਗਾ। ਜਦੋਂ ਉਹ ਰਾਤ ਨੂੰ ਟਿਕ ਗਿਆ ਸੀ ਤਾਂ ਮੈਂ ਵੀ ਸੋਚਦਾ ਸੀ ਕਿ ਸ਼ਾਇਦ ਬਹਿਸ ਮੁੱਕ ਗਈ ਹੈ, ਪਰ ਜਦੋਂ ਉਹ ਨਸਲਾਂ ਪਰਖਣ ਤੱਕ ਪਹੁੰਚ ਗਿਆ ਤਾਂ ਉਸ ਨੂੰ ਮੇਰਾ ਸਵਾਲ ਹੈ ਕਿ ਜੇਕਰ ਉਸ ਨੇ ਅੱਜ ਸਵੇਰੇ (14-5-2020) ਪਾਈ ਆਪਣੀ ਪੋਸਟ ਵਾਪਸ ਲੈ ਲਈ ਹੈ ਤਾਂ ਉਹ ਹੋਰਨਾਂ ਪੋਸਟਾਂ ਵਿੱਚ ਜੋ ਹਲਕੀ ਪੱਧਰ ਦੇ ''ਝੁੱਡੂ'' ਵਰਗੇ ਲਫਜ਼ਾਂ ਦੀ ਵਰਤੋਂ ਕਰਦਾ ਰਿਹਾ ਹੈ, ਉਹਨਾਂ ਦੀ ਗਲਤੀ ਨੂੰ ਸਵੀਕਾਰਦੇ ਹੋਏ ਜਨਤਾ ਦੀ ਕਚਹਿਰੀ ਵਿੱਚ ਹਾਜ਼ਰ ਹੋ ਕੇ ਕੀਤੇ ਦੀ ਗਲਤੀ ਮੰਨੇ। ਜੇਕਰ ਉਸ ਨੇ ਆਪਣੀ ਕੋਈ ਗਲਤੀ ਨਹੀਂ ਮੰਨਣੀ ਅਤੇ ਪੋਤੜੇ ਫਰੋਲਣ ਵਰਗੀ ਆਪਣੀ ਮਾਨਸਿਕਤਾ ਦਾ ਮੁਜਾਹਰਾ ਕਰਨਾ ਹੈ, ਤਾਂ ਉਹ ਆ ਜਾਵੇ ਮੈਦਾਨ ਵਿੱਚ। ਪਰ ਇਸ ਨੂੰ ਇੱਕ ਅਪੀਲ ਹੈ ਕਿ ਜਦੋਂ ਉਹ ਮੇਰੇ ਪਿਛੋਕੜ ਨੂੰ ਫਰੋਲਣ ਤੱਕ ਜਾਣਾ ਚਾਹੁੰਦਾ ਹੈ, ਤਾਂ ਉਸ ਨੂੰ ਦਰਸ਼ਨ ਖਟਕੜ ਵੱਲੋਂ ਸੱਤਰਵਿਆਂ ਵਿੱਚ ਸਾਡੀ ਬੰਬੀ 'ਤੇ ਬਿਤਾਏ ਦਿਨਾਂ ਨੂੰ ਯਾਦ ਕਰਕੇ ਗੱਲ ਕਰਨੀ ਪਵੇਗੀ ਜਿਹਨਾਂ ਦਾ ਜ਼ਿਕਰ ਉਸ ਨੇ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਲਿਖੀ ਕਿਤਾਬ ਦੀ ਭੂਮਿਕਾ ਵਿੱਚ ਕੀਤਾ ਹੈ। ਉਸ ਵੇਲੇ ਅਸੀਂ ਬੰਬੀ 'ਤੇ ਨਕਸਲੀ ਕਾਮਰੇਡਾਂ ਲਈ ਰੋਟੀਆਂ ਢੋਂਹਦੇ ਛੋਟੇ ਛੋਟੇ ਜੁਆਕ ਹੁੰਦੇ ਸੀ। ਉਸ ਤੋਂ ਬਾਅਦ ਵਿੱਚ ਕਾਲਜ ਵਿੱਚ ਪੜ•ਦੇ ਸਮੇਂ ਬਿਤਾਏ ਦਿਨਾਂ ਵਿੱਚ ਜਦੋਂ ਐਮਰਜੈਂਸੀ ਦੀਆਂ ਯਾਦਾਂ ਪਿਛਲੇ ਸਾਲ ਪਟਿਆਲੇ ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਰਵਾਏ ਸੈਮੀਨਾਰ ਵਿੱਚ ਸਾਂਝੀਆਂ ਕੀਤੀਆਂ ਸਨ, ਤਾਂ ਉਸ ਮੌਕੇ ਵੱਜਦੀਆਂ ਤਾੜੀਆਂ ਦਾ ਜੁਆਬ ਵੀ ਦੇਣਾ ਪਵੇਗਾ। ਨਕਸਲਬਾੜੀ ਲਹਿਰ ਵਿੱਚ ਜਦੋਂ ਸਾਡਾ ਬਾਪੂ ਜੀ ਕੁਲਵਕਤੀ ਤੁਰਿਆ ਸੀ ਤਾਂ ਬਾਅਦ ਵਿੱਚ ਸਾਡਾ ਚਾਚਾ ਅਜੀਤ ਸਿੰਘ ਦਰਸ਼ਨ ਕੂਹਲੀ, ਤਰਸੇਮ ਬਾਵਾ, ਕਾਮਰੇਡ ਰੌਣਕ ਸਿੰਘ ਚੜੀ ਸਮੇਤ ਅਨੇਕਾਂ ਗੁਪਤਵਾਸ ਸਾਥੀਆਂ ਨੂੰ ਸਾਂਭਦਾ ਰਿਹਾ। ਉਸ ਨੇ ਆਪਣੇ ਤਜਰਬੇ ਵਿੱਚੋਂ ਕੁੱਝ ਬੋਲ ਮੇਰੇ ਨਾਲ ਸਾਂਝੇ ਹਨ। ''ਭੌਰਾ, ਭੂੰਡ ਇੱਕੋ ਜਿਹੇ, ਇੱਕੋ ਜਿਹੀ ਗੂੰਜ ਇੱਕ ਫੁੱਲਾਂ ਨੂੰ ਮਹਿਕਦਾ, ਦੂਜਾ ਗੋਹਾ ਹੂੰਝ'' ਯਾਨੀ ਬੰਦੇ ਦੀ ਅਸਲੀਅਤ ਦਾ ਨਿਤਾਰਾ ਉਸਦੇ ਕੀਤੇ ਕੰਮਾਂ ਵਿੱਚੋਂ ਹੁੰਦਾ ਹੈ। ਮੈਂ ਨਕਸਲਬਾੜੀ ਲਹਿਰ ਦਾ ਝੰਡਾਬਰਦਾਰ ਬਣ ਕੇ ਤੁਰਿਆ ਸੀ, ਤੁਰਿਆ ਹੋਇਆ ਹਾਂ ਅਤੇ ਅਗਾਂਹ ਵੀ ਇਸਦੇ ਝੰਡਾਬਰਦਾਰ ਹਾਂ। ਇਸ ਨਾਲ ਜੁੜ ਕੇ ਜਦੋਂ ਵੀ ਕਦੇ ਕੋਈ ਗੱਲ ਕਰਨੀ ਹੋਈ ਕਰ ਲੈਣੀ। ਸਾਡਾ ਬਾਪੂ ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੇ ਕਾਜ਼ ਨੂੰ ਅੱਗੇ ਲਿਜਾਂਦਾ ਲਿਜਾਂਦਾ ਆਪ ਸ਼ਹੀਦ ਹੋ ਗਿਆ। ਉਸ ਬਾਰੇ ਤਾਂ ਸਰਦਾਰਾ ਮਾਹਲ ਬੋਲੇਗਾ ਹੀ ਕੀ? ਜਿੱਥੋਂ ਤੱਕ ਮੇਰਾ ਸਵਾਲ ਹੈ, ਅਸੀਂ 40 ਸਾਲਾਂ ਤੋਂ ਸੁਰਖ਼ ਰੇਖਾ ਪੇਪਰ ਕੱਢਦੇ ਆ ਰਹੇ ਹਾਂ, ਇਹ ਮੇਰੀ ਕਰਨੀ ਦਾ ਇਜ਼ਹਾਰ ਹੈ, ਇਸ ਦੇ ਕਿਸੇ ਵੀ ਅੰਕ 'ਤੇ ਕਿਸੇ ਵੀ ਸਮੇਂ 'ਤੇ ਚਰਚਾ ਕਰਨੀ ਹੈ, ਜਦੋਂ ਮਰਜੀ ਖੁੱਲ• ਕੇ ਕੀਤੀ ਜਾ ਸਕਦੀ ਹੈ। ਬਾਕੀ ਰਹੀ ਗੱਲ ਨਬੇੜੇ ਹੋਣ ਗੱਲ। ਇਹ ਤਾਂ ਤੁਹਾਡੇ ਹੀ ਪਿੰਡ ਦੇ ਇੱਕ ਪੁਰਾਣੇ ਬਜ਼ੁਰਗ ਕਾਮਰੇਡ ਬਿੱਕਰ ਸਿੰਘ ਮਾਹਲ ਗਹਿਲਾਂ ਦੀ ਗੱਲ ਕਰ ਲੈਂਦੇ ਹਾਂ। ਉਸ ਨੇ ਲਾਲ ਪਾਰਟੀ ਦਾ ਹਵਾਲਾ ਦਿੰਦੇ ਹੋਏ ਆਖਿਆ ਸੀ ਕਿ ''ਪਾਰਟੀ ਦੀ ਲੀਹ ਫੈਸਲਾਕੁੰਨ ਰੋਲ ਅਦਾ ਕਰਦੀ ਹੈ। ਲਾਲ ਪਾਰਟੀ ਵੇਲੇ ਪਾਰਟੀ ਨੇ ਹਥਿਆਰਬੰਦ ਲੀਹ ਅਖਤਿਆਰ ਕੀਤੀ ਤਾਂ ਬੰਦੂਕਾਂ ਐਨੀਆਂ ਆ ਗਈਆਂ ਸਨ ਕਿ ਗੱਡਿਆਂ 'ਤੇ ਢੋਂਦੇ ਰਹੇ ਹਾਂ। ਪਰ ਜਦੋਂ ਪਾਰਟੀ ਨੇ ਇਹ ਲੀਹ ਛੱਡ ਦਿੱਤੀ ਤਾਂ ਪਤਾ ਵੀ ਨਹੀਂ ਸੀ ਲੱਗਿਆ ਕਿ ਉਹ ਗਈਆਂ ਕਿੱਥੇ।'' ਸਰਦਾਰਾ ਮਾਹਲ ਜੀ, ਆਪਣੀਆਂ ਲੀਹਾਂ ਵੱਖੋ ਵੱਖਰੀਆਂ ਹਨ। ਤੁਸੀਂ ਅਜਿਹੀ ਬਹਿਸ ਵਿੱਚ ਪੈਣ ਵਾਲੇ ਪਹਿਲੇ ਨਹੀਂ ਹੋਵੋਗੇ। ਆ ਜਾਇਓ, ਆਪਣੀਆਂ ਸਿਆਸੀ-ਸਿਧਾਂਤਕ ਪੁਜੀਸ਼ਨਾਂ ਨੂੰ ਲੈ ਕੇ। ਤੱਥਾਂ ਅਤੇ ਹਵਾਲਿਆਂ ਨਾਲ ਗੱਲ ਕਰ ਲਵਾਂਗੇ। ਆਪਣਾ ਵਿਰਸਾ ਸਭ ਤੇ ਸਾਹਮਣੇ ਪੇਸ਼ ਹੋਵੇਗਾ। ਲੋਕ ਜੱਜ ਬਣੇ ਹੀ ਹੋਣਗੇ। ---------------------- ਧੱਕੜਾਂ ਦੀ ਟੋਲੀ, ਇੱਕੋ ਹੀ ਬੋਲੀ ਟਰੰਪ ਭੜਕ ਪਏ ਤੇ ਕਿਹਾ ਕਿ ''ਇਹ ਸਵਾਲ ਮੈਨੂੰ ਨਾ ਪੁੱਛੋ''.. .''ਮੈਂ ਅਜਿਹੇ ਗੰਦੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ।'' ਰੋਜ਼ਾਨਾ ਅਜੀਤ, 13 ਮਈ 2020 । ਮੋਦੀ ਟੀ.ਵੀ. 'ਤੇ ਸਿਰਫ 'ਮਨ ਕੀ ਬਾਤ' ਹੀ ਕਹਿੰਦਾ ਹੈ, ਕਿਸੇ ਦੇ ਸਵਾਲ ਸੁਣਦਾ ਨਹੀਂ ਬਲਕਿ ਇੱਕਪਾਸੜ ਫੁਰਮਾਨ ਕਰਦਾ ਹੈ। ਸਰਦਾਰਾ ਮਾਹਲ : ਅਮਨਦੀਪ ਹਾਂਸ ਨੂੰ- ''ਬੀਬਾ ਜੀ ਆਪਣਾ ਫਤਵਾ ਆਪਣੇ ਕੋਲ ਰੱਖੋ ਤੇ ਬਲੌਕ ਦੀ ਨੌਬਤ ਨਾ ਲਿਆਓ'' ਸਰਦਾਰਾ ਮਾਹਲ : ਨਾਜ਼ਰ ਸਿੰਘ ਬੋਪਾਰਾਏ ਨੂੰ- ''ਮੈਂ ਤੁਹਾਡੇ ਜਿਹੇ ਬੰਦੇ ਨੂੰ ਗੱਲ ਕਰਨ ਦੇ ਯੋਗ ਨਹੀਂ ਸਮਝਦਾ, ਇਸ ਕਰਕੇ ਦੂਰ ਰਹੋ।'' ''ਮੈਂ ਤੁਹਾਨੂੰ ਜੁਆਬ ਦੇਣ ਦੀ ਲੋੜ ਨਹੀਂ ਸਮਝਦਾ'' ਅਮਨਦੀਪ ਹਾਂਸ- ''ਵਿਚਾਰਾਂ ਦੀ ਵਿਰੋਧਤਾ ਕਰਨ ਵਾਲੇ ਨੂੰ ਬਲੌਕ ਕਰਨਾ ਸੌਖਾ ਕੰਮ ਹੈ, ਉਹਦੇ ਅੰਦਰ ਪੱਸਰੀ ਨਿਰਾਸ਼ਾ ਨੂੰ ਦੂਰ ਕਰਨ ਨਾਲੋਂ। ਬਲੌਕ ਹੋ ਕੇ ਵੀ ਸਤਿਕਾਰ ਰਹੇਗਾ'' ਭਰਤ ਜੀਦਾ- ''ਜੋ ਸਵਾਲਾਂ ਤੋਂ ਭੱਜੇ ਨੇ ਕਾਮਰੇਡ ਤਾਂ ਨੀ ਹੋ ਸਕਦੇ ।'' -੦- ਸਰਦਾਰਾ ਸਿੰਘ ਮਾਹਲ ਸਾਰੇ ''ਲਾਲ ਫਕੀਰਾਂ'' ਦੇ ਧੂਤੂ ਬਣੇ ਸਰਦਾਰਾ ਸਿੰਘ ਮਾਹਲ ਨੇ ਪਰਮਿੰਦਰ ਪੁਰੂ ਦੀ ਫੇਸਬੁੱਕ 'ਤੇ ਇੱਕ ਟਿੱਪਣੀ ਕਰਕੇ ਆਪਣੇ ਆਪ ਨੂੰ ਦੇਸ਼ਭਗਤ ਯਾਦਗਾਰ ਹਾਲ ਕਮੇਟੀ ਅਤੇ ''ਭਗਵੀਂ ਲਕੀਰ'' ਦੇ ''ਲਾਲ ਫਕੀਰਾਂ'' ਦਾ ਧੂਤੂ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਹੇਠਾਂ ਸਰਦਾਰਾ ਸਿੰਘ ਮਾਹਲ ਵੱਲੋਂ ਪੇਸ਼ ਕੀਤੇ ਨੁਕਤਿਆਂ ਦੀ ਇੱਕ ਇੱਕ ਕਰਕੇ ਚੀਰ-ਫਾੜ ਕਰਕੇ ਉਸਦੇ ਗੁੱਝੇ ਮਨੋਰਥਾਂ ਨੂੰ ਨਸ਼ਰ ਕੀਤਾ ਗਿਆ ਹੈ। ਸਰਦਾਰਾ ਸਿੰਘ ਮਾਹਲ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ''ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਪ੍ਰਤੀ ਤੁਹਾਡੇ ਵੀ ਸਵਾਲ ਹਨ, ਪਰ ਮੈਂ ਉਸਨੂੰ ਦੁਸ਼ਮਣਾਂ ਦੀ ਕਤਾਰ ਵਿੱਚ ਨਹੀਂ ਰੱਖਦਾ ਬਲਕਿ ਦੋਸਤਾਂ ਦੀ ਕਤਾਰ ਵਿੱਚ ਰੱਖਦਾ ਹਾਂ।'' ਅਸੀਂ ਦੇਸ਼ਭਗਤ ਯਾਦਗਾਰ ਹਾਲ ਕਮੇਟੀ ਨੂੰ ਕਿਹੜੀ ਕਤਾਰ ਵਿੱਚ ਰੱਖਦੇ ਹਾਂ, ਇਸ ਮਸਲੇ ਨੂੰ ਹਾਲ ਦੀ ਘੜੀ ਪਾਸੇ ਰੱਖਦਿਆਂ, ਤੁਹਾਡੀ ਲਿਖਤ ਮੁਤਾਬਕ ਹੀ ਗੱਲ ਕਰਦੇ ਹਾਂ ਕਿ ਤੁਸੀਂ ਕਮੇਟੀ ਨੂੰ ''ਦੋਸਤਾਂ ਦੀ ਕਤਾਰ ਵਿੱਚ'' ਰੱਖਦੇ ਹੋ। ਇੱਥੇ ਤੁਹਾਡੀ ਦੇਸ਼ਭਗਤ ਯਾਦਗਾਰ ਹਾਲ ਕਮੇਟੀ ਨਾਲ ਹੋਰ ਕੋਈ ਸਾਂਝ ਹੋਵੇ ਭਾਵੇਂ ਨਾ ਪਰ ਕੋਰੋਨਾ ਦੇ ਮਸਲੇ ਨੂੰ ਦੇਖਣਾ ਅਤੇ ਲੈਣਾ ਕਿੰਝ ਚਾਹੀਦਾ ਸੀ, ਉਸ ਪ੍ਰਤੀ ਤੁਹਾਡੀ ਆਪਸੀ ਸਾਂਝ ਜ਼ਰੂਰ ਸਪੱਸ਼ਟ ਹੋ ਰਹੀ ਹੈ। ਜੀਵੇ ਪੰਜਾਬ ਟੀਮ ਦੇ ਮੈਂਬਰਾਂ ਨੇ ਕਮੇਟੀ 'ਤੇ ਸਵਾਲ ਰੱਖੇ ਸਨ, ਉਹ ਜ਼ਾਹਰਾ ਹਨ, ਤੁਹਾਡੇ ਸਵਾਲ ਕੀ ਹਨ? ਇਹ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਕਿ ਹਨ ਵੀ ਜਾਂ ਨਹੀਂ। ਬਾਕੀ ਜੋ ਕੁੱਝ ਅਮਲ ਵਿੱਚ ਸਾਹਮਣੇ ਆਇਆ ਹੈ, ਉਹ ਇਹ ਕਿ ਯਾਦਗਾਰ ਹਾਲ ਕਮੇਟੀ 'ਤੇ ਕੀਤੇ ਸਵਾਲਾਂ ਨੂੰ ਕਮੇਟੀ ਨੇ ਅਜੇ ਤੱਕ ਗੌਲਿਆ ਤੱਕ ਨਹੀਂ। ਇੱਥੋਂ ਤੱਕ ਕਿ ਜਦੋਂ ਜੀਵੇ ਪੰਜਾਬ ਦੀ ਟੀਮ ਦੇ ਮੈਂਬਰ ਹਾਲ ਵਿੱਚ ਤੁਰੇ ਫਿਰਦੇ ਹਨ, ਤਾਂ ਵੀ ਕੋਈ ਕਮੇਟੀ ਮੈਂਬਰ ਉਹਨਾਂ ਨੂੰ ਪੁੱਛਦਾ ਤੱਕ ਨਹੀਂ ਕਿ ਉਹਨਾਂ ਮੈਂਬਰਾਂ ਨੂੰ ਕਮੇਟੀ 'ਤੇ ਕੋਈ ਔਖ ਕੀ ਹੈ? ਔਖ ਕਿਉਂ ਹੈ? ਉਹਨਾਂ ਨੇ ਬੜੀ ਢੀਠਤਾਈ ਨਾਲ ਕਹੀਏ ਜਾਂ ਹਕਾਰਤ ਨਾਲ ਜੀਵੇ ਪੰਜਾਬ ਟੀਮ ਦੇ ਮੈਂਬਰਾਂ ਦੇ ਸਵਾਲਾਂ ਨੂੰ ਅਣਡਿੱਠ ਅਤੇ ਅਣਗੌਲਿਆਂ ਕਰਕੇ ਉਹਨਾਂ ਦੇ ਸਵਾਲਾਂ ਦੀ ਵਾਜਬੀਅਤ ਨੂੰ ਘੱਟੇ ਰੋਲਣ ਦੀ ਚਾਲ ਚੱਲੀ ਸੀ। ਉਹਨਾਂ ਨੂੰ ਆਸ ਸੀ ਕਿ ਸ਼ਾਇਦ ਇਹ ਇੱਕ-ਦੋ ਵਿਅਕਤੀਆਂ ਦੀ ਕੋਈ ਜਾਤੀ-ਜਥੇਬੰਦਕ ਔਖ ਹੈ, ਇਹ ਦੋ-ਚਾਰ ਦਿਨਾਂ ਵਿੱਚ ਹਾਰ-ਹੰਭ ਕੇ ਬੈਠ ਜਾਣਗੇ। ਇਹਨਾਂ ਨੂੰ ਨਜ਼ਰਅੰਦਾਜ਼ ਕਰਕੇ ਮੋਇਆਂ ਬਰਾਬਰ ਰੱਖਣ ਦਾ ਹਰਬਾ ਵਰਤਿਆ ਸੀ ਕਮੇਟੀ ਦੇ ਮੈਂਬਰ ਜਾਂ ਕਮੇਟੀ ਕੁੱਝ ਬੋਲੇ ਨਾ ਬੋਲੇ ਪਰ ਤੁਸੀਂ ਉਹਨਾਂ ਦੀ ਵਕਾਲਤ ਕਰਨ ਲਈ ਸਮੇਂ ਸਮੇਂ ਆਣ ਪ੍ਰਗਟ ਜ਼ਰੂਰ ਹੁੰਦੇ ਰਹੇ ਹੋ? ਇਹ ਐਵੇਂ ਹੀ ਹੈ ਕਿ ਤੁਹਾਡੇ ਵੀ ਕਮੇਟੀ 'ਤੇ ਕੋਈ ਸਵਾਲ ਸਨ? ਬਲਕਿ ਜੋ ਕੁੱਝ ਉੱਥੇ ਚੱਲ ਰਿਹਾ ਸੀ, ਉਹ ਕੁੱਝ ਤੁਹਾਡੇ ਅਨੁਸਾਰ ਹੀ ਚੱਲ ਰਿਹਾ ਸੀ। ਯਾਦਗਾਰ ਹਾਲ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਕੋਈ ਹੋਰ ਨਹੀਂ ਬਲਕਿ ਤੁਹਾਡੀ ਹੀ ਪਾਰਟੀ ਦਾ ਸੀਨੀਅਰ ਮੈਂਬਰ ਅਜਮੇਰ ਸਿੰਘ ਸਮਰਾ ਹੈ। ਤੁਹਾਡੀ ਹੀ ਪਾਰਟੀ ਦੀ ਕਲਗੀ ਸਮਝੇ ਜਾਂਦੇ ਦਰਸ਼ਨ ਖਟਕੜ ਜੀ ਉਸ ਟਰੱਸਟ ਦੇ ਮੈਂਬਰ ਹਨ, ਰਮਿੰਦਰ ਪਟਿਆਲਾ ਤੁਹਾਡੀ ਹੀ ਪਾਰਟੀ ਦਾ ਮੈਂਬਰ ਹੈ ਜਿਹੜੀ ਕਿ ਯਾਦਗਾਰ ਹਾਲ ਦੀ ਕਮੇਟੀ ਦੀ ਉੱਪਰਲੀ ਟਰੱਸਟ ਵਿੱਚ ਬਿਰਾਜਮਾਨ ਹੈ। ਹੁਣ ਵੀ ਤੁਸੀਂ ਐਵੇਂ ਨਹੀਂ ਆਣ ਬਿਰਾਜੇ ਬਲਕਿ ਤੁਸੀਂ ਨਾ ਸਿਰਫ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਬਲਕਿ ਕੋਰੋਨਾ ਦੌਰ ਵਿੱਚ ਮੋਦੀ ਮਾਰਕਾ ਭਗਵੀਂ ਲਕੀਰ ਦੇ ਸਾਰੇ ਹੀ ਲਾਲ ਫਕੀਰਾਂ ਦੇ ਧੂਤੂ ਬਣ ਕੇ ਆਏ ਹੋ। ਜਦੋਂ ਤੁਸੀਂ ਉਹਨਾਂ ਦੇ ਧੂਤੂ ਬਣ ਕੇ ਵਿਚਰ ਰਹੇ ਹੋ ਤਾਂ ਫੇਰ ਉਹਨਾਂ ਵਿੱਚੋਂ ਕਿਸੇ ਹੋਰ ਨੂੰ ਤੁਹਾਡੇ ਹੁੰਦੇ ਹੋਏ ਅੱਗੇ ਆਉਣ ਦੀ ਕੀ ਜ਼ਰੂਰਤ ਹੈ। ਇੱਕ ਪਾਸੇ ਤਾਂ ਤੁਸੀਂ ਸਾਰੇ ਮਾਮਲੇ ਪਤਲਾ-ਪੋਲਾ ਪਾਉਣ ਲਈ ਆਖਦੇ ਹੋ ਕਿ ''ਕਮੇਟੀ ਨੂੰ ਆਮ ਤੌਰ ਤੇ ਆਲੋਚਕਾਂ ਦੀ ਰਾਇ ਨੂੰ ਸੁਣਨਾ ਚਾਹੀਦਾ ਤੇ ਬਲੌਕ ਨਹੀ ਕਰਨਾ ਚਾਹੀਦਾ'' ਦੂਸਰੇ ਪਾਸੇ ਤੁਸੀਂ ਉਹਨਾਂ ਸਵਾਲ ਕਰਨ ਵਾਲਿਆਂ ਨੂੰ ''ਅਸਲੀ ਫਾਸ਼ੀਵਾਦੀਆਂ, ਸੰਘੀ ਫਾਸ਼ੀਵਾਦ ਦੇ ਹਿੱਤ ਵਿੱਚ ਭੁਗਤਣ ਵਾਲੀ ਗੱਲ'' ਆਖ ਕੇ ਚੁੱਪ ਕਰਵਾਉਣ ਦੇ ਯਤਨਾਂ ਵਿੱਚ ਹੋ ਜਿਹੜੇ ਇਹ ਸਵਾਲ ਉਠਾਉਂਦੇ ਹਨ ਕਿ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਨੇ ਬਾਬਾ ਸੋਹਣ ਸਿੰਘ ਭਕਨਾ ਦੇ ਕੁੱਬ ਵਿੱਚ ਭਗਵਾਂ ਝੰਡਾ ਕਿਉਂ ਗੱਡਣ ਦਿੱਤਾ। ਹੁਣ ਵੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਜਿਵੇਂ ਮੋਦੀ ਦੇ ਆਗਿਆਕਾਰ ਹੋਣ ਦੇ ਸਬੂਤ ਦਿੰਦੇ ਹੋਏ, ਹਕੂਮਤ ਦੀ ਤਾਲਾਬੰਦੀ ਨੂੰ ਜੀ ਆਇਆ ਕਹਿ ਕੇ ਲਾਗੂ ਕੀਤਾ ਹੈ। ਲੋਕ ਭੁੱਖੇ ਮਰ ਰਹੇ ਸਨ, ਉਜਾੜੇ ਜਾ ਰਹੇ ਸਨ, ਲੁੱਟੇ ਅਤੇ ਕੁੱਟੇ ਜਾ ਰਹੇ ਸਨ, ਦਹਿ ਹਜ਼ਾਰਾਂ ਮਜ਼ਦੂਰ ਹਾਲ ਦੇ ਅੱਗੇ ਦੀ ਲੰਘ ਕੇ ਸਟੇਸ਼ਨ ਵੱਲ ਗਏ, ਇਸ ਕਮੇਟੀ ਵਾਲਿਆਂ ਨੂੰ ਕੋਈ ਦਰਦ ਨਹੀਂ ਆਇਆ ਕਿ ਉਹ ਚੱਲਦੇ ਰਾਹੀਆਂ ਲਈ ਫੋਕੇ ਪਾਣੀ ਦੀ ਛਬੀਲ ਹੀ ਲਾ ਦਿੰਦੇ। ਤੁਸੀਂ ਆਖਿਆ ਹੈ ਕਿ ''ਕਮੇਟੀ ਨੂੰ ਫਾਸ਼ੀਵਾਦੀ ਗਰਦਾਨ ਦੇਣਾ ਧਰਤੀ ਅੰਬਰ ਦੇ ਕਲਾਵੇ ਮਿਲਾਉਣ ਵਾਲੀ ਗੱਲ ਹੈ।'' ਯਾਦਗਾਰ ਹਾਲ ਕਮੇਟੀ ਨੂੰ ''ਫਾਸ਼ੀਵਾਦ'' ਗਰਦਾਨ ਦੇਣਾ ਤੁਹਾਨੂੰ ਬੜਾ ਚੁਭਿਆ ਹੈ। ਦੇਸ਼ਭਗਤਾਂ, ਕਮਿਊਨਿਸਟ ਇਨਕਲਾਬੀਆਂ ਦੇ ਖ਼ੂਨ-ਪਸੀਨੇ ਦੀ ਕਮਾਈ ਅਤੇ ਉਹਨਾਂ ਦੇ ਅਕੀਦਿਆਂ ਨੂੰ ਪ੍ਰਣਾਈ ਹੋਣ ਦਾ ਦਮ ਭਰਨ ਵਾਲੀ ਕੋਈ ਕਮੇਟੀ ''ਫਾਸ਼ੀਵਾਦੀਆਂ'' ਦੇ ਚਰਨਾਂ ਵਿੱਚ ਲਿਟ ਲਿਟ ਕੇ ਚਰਨ-ਵੰਦਨਾ ਕਰਨ ਲੱਗੀ ਹੋਵੇ, ਉਹ ਸਭ ਠੀਕ ਹੈ? ਕਮੇਟੀ ਦੇ ਕਰਤੇ-ਧਰਤਿਆਂ ਨੂੰ ਕੀ ਆਪਣੇ ਵਿਰਸੇ ਦੀ ਜਾਣਕਾਰੀ ਨਹੀਂ ਸੀ। ਜਾਂ ਇਹਨਾਂ ਨੇ ਜੋ ਕੁੱਝ ਵੀ ਕੀਤਾ ਹੈ ਇਹ ''ਭਗਵੀਂ ਲਕੀਰ'' ਨੂੰ ਜਾਣਬੁੱਝ ਕੇ ਕੀਤਾ ਸਿਜਦਾ ਹੈ। ਕਮੇਟੀ ਕੋਈ ਫਤਵੇ ਦੇਵੇ ਜਾਂ ਨਾ ਦੇਵੇ ਪਰ ਤੁਸੀਂ ਇਹ ਫਤਵੇ ਦੇਣ ਤੱਕ ਜ਼ਰੂਰ ਪਹੁੰਚ ਗਏ ਹੋ ਕਿ ਇਸ ਕਮੇਟੀ 'ਤੇ ਸਵਾਲ ਕਰਨ ਵਾਲਿਆਂ ਦੀ ''ਦੁਸ਼ਮਣੀ ਕਮਿਊਨਿਸਟ ਲਹਿਰ'' ਨਾਲ ਜਾਪਦੀ ਹੈ। ਤੁਹਾਨੂੰ ਜਾਪਦਾ ਕੁੱਝ ਨਹੀਂ ਬਲਕਿ ਤੁਸੀਂ ਜੋ ਕੁੱਝ ਪਰਚਾਰਦੇ ਹੋਏ ਅਤੇ ਤੁਹਾਨੂੰ ਜਿਸ ਕਾਸੇ ਤੋਂ ਧੁਰ ਅੰਦਰੋਂ ਤਕਲੀਫ ਹੈ, ਉਸ ਵਿੱਚੋਂ ਤੁਹਾਨੂੰ ਦੁਸ਼ਮਣੀ ''ਕਮਿਊਨਿਸਟ ਲਹਿਰ'' ਨਾਲ ਹੀ ਜਾਪਣੀ ਹੈ, ਕਿਉਂ ਜੋ ਤੁਸੀਂ ਆਪਣੇ ਆਪ ਨੂੰ ਹੀ ਉਸ ਕਮਿਊਨਿਸਟ ਲਹਿਰ ਦੇ ਵਾਰਸ ਸਮਝਦੇ ਹੋ ਜਿਸ ਨਾਲ ਤੁਸੀਂ 1977 ਵਿੱਚ ਗ਼ਦਾਰੀ ਕਰਕੇ ਉਸਦਾ ਭਾਰੀ ਨੁਕਸਾਨ ਕਰਨ ਦੇ ਵਾਹਕ ਬਣੇ ਹੋ। ਅਸੀਂ ਤੁਹਾਡੇ 'ਤੇ ਸਵਾਲ ਕਰਦੇ ਕਿ ਕੀ ਤੁਸੀਂ ਕਮਿਊਨਿਸਟ ਲਹਿਰ ਦਾ ਠੇਕਾ ਲਿਆ ਹੋਇਆ, ਜਿਹੜੇ ਆਪਣੇ ਆਪ ਨੂੰ ਸਹੀ ਮੰਨਦੇ ਹੋ? ਦੁਸ਼ਮਣ ਤੁਹਾਨੂੰ ਉਸ ਤਰ•ਾਂ ਗੋਲੀਆਂ ਕਿਉਂ ਨਹੀਂ ਠੋਕਦਾ ਜਿਵੇਂ ਅੱਜ ਦੀ ਅਖਬਾਰ ਦੀਆਂ ਖਬਰਾਂ ਮੁਤਾਬਕ ਹੀ 4 ਨਕਸਲੀ ਕਾਮਰੇਡਾਂ ਨੂੰ ਮਾਰਿਆ ਗਿਆ? ਅਮਲ ਨੇ ਸਾਬਤ ਕੀਤਾ ਹੈ ਕਿ ਤੁਸੀਂ ਹਾਕਮਾਂ ਦੇ ਮਹਿਲਾਂ ਦੇ ਮਿਨਾਰਾਂ 'ਤੇ ਲਾਟਿਨਿੰਗ ਕੰਡਕਟਰ ਹੋ, ਜਿਹੜੇ ਸਾਡੇ ਕਿਰਤੀ ਲੋਕਾਂ ਨੂੰ ਕਮਿਊਨਿਸਟਾਂ ਦੀ ਬੋਲੀ ਬੋਲ ਕੇ ਹਾਕਮਾਂ ਦੀ ਸੇਵਾ ਕਰਦੇ ਆ ਰਹੇ ਹੋ? ਤੁਹਾਡੀ ਨਜ਼ਰ ਵਿੱਚ ਜੀਵੇ-ਪੰਜਾਬ ਟੀਮ ਦੀ ਅਮਨਦੀਪ ਹਾਂਸ ਵਰਗੀ ਹੋਣਹਾਰ ਕਾਰਕੁੰਨ ''ਕਮਿਊਨਿਸਟ ਲਹਿਰ'' ਦੀ ਦੁਸ਼ਮਣ ਹੈ, ਜਿਹਦਾ ਨਾਨਾ ਦੇਸ਼ਭਗਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ•ਦਾ ਹੋਇਆ ਜ਼ਿੰਦਗੀ ਦੇ ਹਰ ਤਰ•ਾਂ ਦੇ ਖਤਰੇ ਸਹੇੜਦਾ ਰਿਹਾ, ਜਿਸ ਦੀ ਮਾਂ ਨੇ ਸਾਰੀ ਉਮਰਾਂ ਕਮਿਊਨਿਸਟਾਂ ਨੂੰ ਸਾਂਭਿਆ ਅਤੇ ਅਨੇਕਾਂ ਤਰ•ਾਂ ਦੀਆਂ ਕੁਰਬਾਨੀਆਂ ਕੀਤੀਆਂ। ਤੁਸੀਂ ਉਸ ਅਮਨਦੀਪ ਨੂੰ ਕਮਿਊਨਿਸਟ ਵਿਰੋਧੀ ਗਰਦਾਨ ਰਹੇ ਹੋ, ਜਿਸ ਦਾ ਪਿਤਾ ਸਾਰੀ ਉਮਰ ਕਮਿਊਨਿਸਟ ਲਹਿਰ ਦਾ ਝੰਡਾ ਬੁਲੰਦ ਕਰਦਾ ਰਿਹਾ। ਉਹ ਸੀ.ਪੀ.ਆਈ., ਸੀ.ਪੀ.ਐਮ. ਤੋਂ ਹੁੰਦਾ ਹੋਇਆ ਨਕਸਲੀ ਲਹਿਰ ਤੱਕ ਅਮਲੀ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਰਿਹਾ। ਤੁਸੀਂ ਪਰਮਿੰਦਰ ਪੁਰੂ ਵਰਗੇ ਉਸ ਪੱਤਰਕਾਰ ਦੇ ਸਾਥੀਆਂ 'ਤੇ ਊਂਝਾਂ ਲਾਉਂਦੇ ਹੋ, ਜਿਸਦਾ ਦਾਦਾ ਦੇਸ਼ਭਗਤਾਂ ਵਿੱਚ ਰਹਿ ਕੇ ਆਜ਼ਾਦੀ ਘੁਲਾਟੀਏ ਵਜੋਂ ਵਿਚਰਦਾ ਰਿਹਾ। ਆਪਣੇ ਘਰ-ਬਾਰ ਦੀਆਂ ਕੁਰਕੀਆਂ ਤੱਕ ਕਰਵਾਉਂਦਾ ਰਿਹਾ। ਜਿਸਦਾ ਪਿਤਾ ਕਮਿਊਨਿਸਟ ਲਹਿਰ ਵਿੱਚ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਆਖਰੀ ਸਮਿਆਂ ਤੱਕ ਕਮਿਊਨਿਸਟ ਲਹਿਰ ਅਤੇ ਪੰਜਾਬ ਵਿੱਚ ਇਸਦੀ ਪਰਤੀਕ ਨਕਸਲਬਾੜੀ ਲਹਿਰ ਦਾ ਝੰਡਾਬਰਦਾਰ ਬਣਿਆ ਰਿਹਾ। ਪਰਮਿੰਦਰ ਆਪ ਦੇਸ਼ਭਗਤ ਯਾਦਗਾਰ ਹਾਲ ਨਾਲ ਜੁੜ ਕੇ ਪਿਛਲੇ 20 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ ਅਤੇ ਅੱਜ ਵੀ ਦੇਸ਼ਭਗਤਾਂ ਦੀ ਵਿਰਾਸਤ ਦੀ ਤੌਹੀਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤਾਂ ਹੀ ਉਹ ਦੇਸ਼ਭਗਤ ਯਾਦਗਾਰ ਹਾਲ ਕਮੇਟੀ 'ਤੇ ਸਵਾਲ ਉਠਾਉਂਦਾ ਹੈ। ਤੁਸੀਂ ਬਲਵਿੰਦਰ ਮੰਗੂਵਾਲ ਵਰਗੇ ਉਸ ਕਮਿਊਨਿਸਟ ਕਾਰਕੁੰਨ ਨੂੰ ਕਮਿਊਨਿਸਟ ਵਿਰੋਧੀ ਗਰਦਾਨਣ ਦੀ ਹਿਮਾਕਤ ਕਰਨ ਲੱਗੇ ਹੋ ਜਿਹੜਾ ਆਪਣੀ ਜ਼ਿੰਦਗੀ ਦੇ ਕੈਰੀਅਰ ਨੂੰ ਕਮਿਊਨਿਸਟ ਲਹਿਰ ਦੇ ਲੇਖੇ ਲਾਉਣ ਤੁਰਿਆ ਹੋਇਆ ਹੈ। ਇਸ ਦਾ ਪਰਵਾਰ ਕਮਿਊਨਿਸਟ ਲਹਿਰ ਦੇ ਰੂਪੋਸ਼ ਸਾਥੀਆਂ ਨੂੰ ਔਖੇ ਸਮਿਆਂ ਵਿੱਚ ਸਾਂਭਦਾ ਰਿਹਾ। ਸਰਦਾਰਾ ਮਾਹਲ ਵਰਗਿਆਂ ਕਿੰਨਿਆਂ ਨੂੰ ਪਤਾ ਹੋਵੇਗਾ ਪੰਜਾਬ ਦੀ ਨਕਸਲੀ ਲਹਿਰ ਦਾ ਸ਼ਹੀਦ ਬਖਸ਼ੀਸ਼ ਸਿੰਘ ਮੋਰਕਰੀਮਾ ਨਵਾਂ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਜਦੋਂ ਛੇ ਪੁਲਸੀਆਂ ਨੂੰ ਮਾਰ ਕੇ ਸ਼ਹੀਦ ਹੋਇਆ ਸੀ ਤਾਂ ਉਹ ਇਸੇ ਪਰਿਵਾਰ ਵਿੱਚੋਂ ਉੱਠ ਕੇ ਗਿਆ ਸੀ। ਸ਼ਹੀਦ ਰਾਮਕਿਸ਼ਨ ਕਿਸ਼ੂ ਦੇ ਪਰਿਵਾਰ ਨਾਲ ਇਸ ਪਰਿਵਾਰ ਦੀ ਸ਼ੁਰੂ ਤੋਂ ਹੀ ਸਾਂਝ ਰਹੀ ਸੀ। ਬਲਵਿੰਦਰ ਮੰਗੂਵਾਲ ਦੀ ਸ਼ਹੀਦ ਸੋਹਨ ਲਾਲ ਜੋਸ਼ੀ ਦੇ ਪਰਿਵਾਰ ਨਾਲ ਨੇੜਲੀ ਸਾਂਝ ਹੈ, ਜਦੋਂ ਕਿ ਇਸੇ ਹੀ ਪਿੰਡ ਦਾ ਕਾਮਰੇਡ ਦਰਸ਼ਨ ਖਟਕੜ ਪਿਛਲੇ 50 ਸਾਲਾਂ ਤੋਂ ਇਸ ਪਰਿਵਾਰ ਨਾਲ ਸ਼ਹੀਦ ਸੋਹਨ ਲਾਲ ਸਬੰਧੀ ਸ਼ਬਦਾਂ ਦੇ ਦੋ ਬੋਲ ਵੀ ਸਾਂਝੇ ਨਹੀਂ ਕਰ ਸਕਿਆ, ਭਾਵੇਂ ਕਿ ਉਹ ਪਿੰਡ ਦਾ ਸਰਪੰਚ ਵੀ ਰਿਹਾ। ਇਸੇ ਪਿੰਡ ਵਿੱਚ ਕਾਮਰੇਡ ਦਰਸ਼ਨ ਦੁਸਾਂਝ ਵਰਗੇ ਸਾਥੀਆਂ ਨੂੰ ਔਖੀ ਘੜੀ ਸਾਂਭਣ ਵਿੱਚ ਬਲਵਿੰਦਰ ਵੀ ਸਾਥ ਨਿਭਾਉਂਦਾ ਹੀ ਰਿਹਾ ਹੈ। ਪਿਛਲੇ 22-23 ਸਾਲ ਤੋਂ ਦੇਸ਼ ਭਗਤ ਯਾਦਗਾਰ ਹਾਲ ਨਾਲ ਜੁੜਕੇ ਸੇਵਾਵਾਂ ਦਿੰਦਾ ਆ ਰਿਹਾ ਹੈ। ਜੀਵੇ-ਪੰਜਾਬ ਟੀਮ ਦੇ ਸਵਾਲਾਂ ਨੂੰ ਨਾਜ਼ਰ ਸਿੰਘ ਬੋਪਾਰਾਏ ਨੇ ਵਾਜਬ ਠਹਿਰਾਉਂਦੇ ਹੋਏ ਉਹਨਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ। ਨਾਜ਼ਰ ਸਿੰਘ ਨੇ ਹੁਣ ਤੱਕ 45 ਸਾਲ ਲਹਿਰ ਦੇ ਲੇਖੇ ਲਾਏ, ਜਿਸਨੂੰ ਪਰਿਵਾਰਕ ਉਖੇੜੇ ਝੱਲਣੇ ਪਏ ਅਤੇ ਉਸਦੇ ਕੁੱਲਵਕਤੀ ਕਮਿਊਨਿਸਟ ਬਾਪ ਨੇ ਇਸ ਕਾਜ ਦੀ ਖਾਤਰ ਸ਼ਹਾਦਤ ਦਿੱਤੀ। ਤੁਸੀਂ ਗੁਰਜਿੰਦਰ ਵਿਦਿਆਰਥੀ ਨੂੰ ਵੀ ''ਚੌਕੜੀ'' ਵਿੱਚ ਸ਼ਾਮਲ ਕਰਦੇ ਹੋ, ਜਿਸ ਦੇ ਬਾਪ ਨੇ ਕਿਸਾਨਾਂ ਦੀ ਮੁਕਤੀ ਲਈ ਸਾਰੀ ਜ਼ਿੰਦਗੀ ਘੋਲ ਕੀਤੇ ਹਨ ਅਤੇ ਖੁਦ ਗੁਰਜਿੰਦਰ ਨੇ ਗੁੰਡਾਗਰਦੀ ਵਿਰੋਧੀ ਉਸ ਘੋਲ ਦੀ ਅਗਵਾਈ ਕੀਤੀ ਸੀ, ਜਿਸ ਵਿੱਚ ਜੈਤੋ ਦੇ ਡੀ.ਐਸ.ਪੀ. ਨੂੰ ਇਹਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਵਾ ਸਕਣ ਕਰਕੇ ਖੁਦਕੁਸ਼ੀ ਕਰਨੀ ਪਈ ਸੀ। ਗੁਰਜਿੰਦਰ ਨੇ ਪਹਿਲਾਂ ਵੀ ਖਤਰੇ ਸਹੇੜੇ ਸਨ ਅਤੇ ਕੋਰੋਨਾ ਦੌਰ ਵਿੱਚ ਤਬਲੀਗੀ ਤਬਕੇ ਦੇ ਮੁਸਲਿਮ ਭਾਈਚਾਰੇ ਸਮੇਤ ਅਨੇਕਾਂ ਪੀੜਤਾਂ ਦੀ ਸੇਵਾ ਲਈ ਲੋਕਾਂ ਵਿੱਚ ਰਹਿ ਕੇ ਉਹਨਾਂ ਦੇ ਦੁੱਖਾਂ-ਦਰਦਾਂ ਨੂੰ ਘਟਾਉਣ ਵਿੱਚ ਆਪਣੀ ਬਣਦੀ ਭੂਮਿਕਾ ਅਦਾ ਕੀਤੀ ਹੈ। ਸਰਦਾਰਾ ਮਾਹਲ ਜੀ, ਸਮਾਂ ਸਾਹਮਣੇ ਆਉਣਾ ਹੀ ਹੈ, ਪਿੱਛੇ ਵੀ ਲੰਘਿਆ ਹੈ, ਤੁਸੀਂ ਲੋਕ ਆਪਣੇ ਘਰਾਂ ਦੇ ਸੁੱਖ-ਆਰਾਮ ਹੰਢਾਉਂਦੇ ਹੋਏ ਕਮਿਊਨਿਸਟਾਂ ਦੇ ਨਾਂ 'ਤੇ ਜਾਗੀਰੂ ਸਮਾਜ ਦੀਆਂ ਚੌਧਰਾਂ ਹੰਢਾ ਰਹੇ ਹੋ? ਜਦੋਂ ਕਿ ਕਮਿਊਨਿਸਟ ਲਹਿਰ ਨੂੰ ਪ੍ਰਣਾਏ ਹੋਏ ਪਹਿਲਾਂ ਵੀ ਜੇਲ•ਾਂ ਕੱਟਦੇ ਰਹੇ ਹਨ ਅਤੇ ਗੁਪਤਵਾਸ ਹੁੰਦੇ ਰਹੇ ਹਨ ਅਤੇ ਅਗਾਂਹ ਵੀ ਵਿਚਰਦੇ ਰਹਿਣਗੇ। ਤੁਹਾਡੇ ਵਰਗੇ ਇਸ ਸਮਾਜ ਦੀ ਗੰਦਗੀ ਦੀ ਸੜਾਂਦ ਵਿੱਚ ਕੁਰਬਲ-ਕੁਰਬਲ ਕਰਦੇ ਦਮ ਤੋੜਦੇ ਰਹਿਣਗੇ। ਤੁਸੀਂ ਆਪਣੀ ਲਿਖਤ ਵਿੱਚ ਲਿਖਿਆ ਹੈ, ''ਧੁਰ ਖੱਬੇ ਤੋਂ ਧੁਰ ਸੱਜੇ ਤਕ'' ਸਭ ਕਿਸਮ ਦੀਆਂ ''ਪਾਰਟੀਆਂ'' ਤੁਹਾਡੇ ਨਾਲ ਹਨ। ਜੇਕਰ ਤੁਹਾਡੇ ਮੁਤਾਬਕ ਹੀ ਇਹੋ ਜਿਹੀਆਂ ਸਾਰੀਆਂ ਹੀ ਪਾਰਟੀਆਂ ਅਤੇ ਜਥੇਬੰਦੀਆਂ ਇੱਕੋ ਹੀ ਥੜ•ੇ 'ਤੇ ਇਕੱਠੀਆਂ ਵਿਚਰ ਰਹੀਆਂ ਹਨ ਤਾਂ ਉਹਨਾਂ ਵਿੱਚੋਂ ਜਾਂ ਤਾਂ ਕੋਈ ਸੱਜਾ ਹੈ ਹੀ ਨਹੀਂ ਜਾਂ ਫੇਰ ਉਹਨਾਂ ਵਿੱਚੋਂ ਕੋਈ ਖੱਬਾ ਨਹੀਂ। ਧੁਰ ਸਿਰੇ ਦੇ ਖੱਬੇ ਅਤੇ ਧੁਰ ਸਿਰੇ ਦੇ ਸੱਜੇ ਕਦੇ ਇਕੱਠੇ ਨਹੀਂ ਹੋ ਸਕਦੇ। ਤੱਤ ਰੂਪ ਵਿੱਚ ਜਿਹਨਾਂ ਦੀ ਸਮਝ ਅਨੁਸਾਰ ਕੋਰੋਨਾ ''ਭੈਭੀਤ'' ਕਰਨ ਵਾਲਾ ''ਭਿਅੰਕਰ'' ਵਾਇਰਸ ਹੈ, ਉਹਨਾਂ ਲਈ ਇਹ ''ਹਊਆ'' ਹੀ ਹੈ ਅਤੇ ਇਸ ਤੋਂ ਬਚਾਅ ਲਈ ਉਹਨਾਂ ਨੇ ਉਹ ਕੁੱਝ ਹੀ ਕੀਤਾ ਜਿਹੜਾ ਕੁੱਝ ਕਰਨ ਲਈ ਮੋਦੀ ਹਕੂਮਤ ਨੇ ਫੁਰਮਾਇਆ ਸੀ। ਮੋਦੀ ਦੇ ਹੁਕਮਾਂ ਦੇ ਆਗਿਆਕਾਰ ''ਭਗਵੀਂ ਲਕੀਰ ਦੇ ਲਾਲ ਫਕੀਰ'' ਹੋ ਸਕਦੇ ਹਨ। ਤੇ ਅਨੇਕਾਂ ਹੀ ਅਖੌਤੀ ਕਮਿਊਨਿਸਟਾਂ ਨੇ ਇਹ ਕੁੱਝ ਅਮਲ ਵਿੱਚ ਕੀਤਾ ਹੀ ਹੈ। ਤੁਹਾਡੀ ਲਿਖਤ ਵਿੱਚ ਇੱਕ ਥਾਂ ਗਲਤੀ ਨਾਲ ਲਿਖਿਆ ਗਿਆ ਹੈ ਕਿ ਇਸ ਫਰੰਟ ਵਿੱਚ ''ਸਭ ਕਮਿਊਨਿਸਟ ਵਿਰੋਧੀ ਬਣਤਰਾਂ ਇਸ ਵਿੱਚ ਸ਼ਾਮਲ ਹਨ।'' ਤੁਹਾਡੇ ਲਿਖੀ ਇਬਾਰਤ ਵਿੱਚ ਇਹ ਕੋਈ ਛੋਟੀ-ਮੋਟੀ ਉਕਾਈ ਦਾ ਮਾਮਲਾ ਹੋ ਸਕਦਾ ਹੈ, ਪਰ ਕੋਰੋਨਾ ਦੇ ਦੌਰ ਵਿੱਚ ਜੋ ਕੁੱਝ ਉੱਭਰਕੇ ਸਾਹਮਣੇ ਆ ਰਿਹਾ ਹੈ ਇਹ ਕੁੱਝ ਅਸਲੀ ''ਕਮਿਊਨਿਸਟ ਵਿਰੋਧੀ ਬਣਤਰਾਂ'' ਹੀ ਹਨ, ਜਿਹੜੀਆਂ ਕਮਿਊਨਿਸਟ ਅਸੂਲਾਂ, ਕਾਇਦੇ-ਕਾਨੂੰਨਾਂ ਦੀਆਂ ਧੱਜੀਆਂ ਉੱਡਾ ਕੇ ਹਾਕਮਾਂ ਦੀ ਨੰਗੀ-ਚਿੱਟੀ ਸੇਵਾ ਵਿੱਚ ਭੁਗਤ ਰਹੀਆਂ ਹਨ। ਤੁਹਾਡੇ 'ਤੇ ਸਵਾਲ ਕਰਨ ਵਾਲਿਆਂ ਨੂੰ ਤੁਸੀਂ ''ਕਮਿਊਨਿਸਟਾਂ ਵਿਰੁੱਧ ਫੇਸਬੁੱਕੀ ਪਰਚਾਰ'' ਕਰਨ ਵਾਲਿਆਂ ਤੋਂ ਇਲਾਵਾ ''ਕੁੱਝ ਨਹੀਂ'' ਸਮਝਦੇ। ਜਿਹਨਾਂ ਹੋਰਨਾਂ ਨੂੰ ਤੁਸੀਂ ਸਿਰਫ ''ਫੇਸਬੁੱਕੀ ਪਰਚਾਰ'' ਕਰਨ ਵਾਲੇ ਹੀ ਸਮਝਦੇ ਹੋ, ਇਹ ਦੱਸੋ ਤੁਸੀਂ ਖੁਦ ਕੋਰੋਨਾ ਦੇ ਦੋ ਮਹੀਨਿਆਂ ਦੌਰਾਨ ਕੀ ਕੁੱਝ ਕੀਤਾ ਹੈ? ਤੁਹਾਡੇ 'ਤੇ ਸਵਾਲ ਕਰਨ ਵਾਲਿਆਂ ਦਾ ਕੰਮ-ਖੇਤਰ ਪੱਤਰਕਾਰਿਤਾ ਹੈ। ਪੱਤਰਕਾਰਿਤਾ ਦੇ ਖੇਤਰ ਵਿੱਚ ਕੋਰੋਨਾ ਦੇ ਖਿਲਾਫ ਜਿੰਨਾ ਕੁੱਝ ਉਹਨਾਂ ਨੇ ਲਿਖਿਆ, ਉਸਦੇ ਮੁਕਾਬਲੇ ਆਪਣੇ ਆਪ ਨੂੰ ਕਮਿਊਨਿਸਟ ਅਖਵਾਉਣ ਵਾਲਿਆਂ ਦੇ ਸਿਆਸੀ ਪਰਚਿਆਂ ਨੇ ਪਾਸਕੂ ਜਿੰਨਾ ਵੀ ਕੰਮ ਨਹੀਂ ਕੀਤਾ, ਉਲਟੀ ਗੱਲ ਇਹ ਜ਼ਰੂਰ ਹੋਈ ਕਿ ਉਹ ਕੋਰੋਨਾ ਦਾ ਹਨੇਰ, ਹਊਆ, ਖੌਫ ਫੈਲਾਉਣ ਲਈ ਲੋਕਾਂ ਨੂੰ ਦਹਿਸ਼ਤਜ਼ਦਾ ਜ਼ਰੂਰ ਕਰਦੇ ਰਹੇ। ਤੁਹਾਡੇ 'ਤੇ ਸਵਾਲ ਕਰਨ ਵਾਲਿਆਂ ਸਬੰਧੀ ਤੁਸੀਂ ਪਰਚਾਰਦੇ ਹੋ ਕਿ ''ਇਹਨ•ਾਂ ਦੇ ਜਰੂਰ ਕੁੱਝ ਗੁੱਝੇ ਮਨਸੂਬੇ ਹਨ।'' ਤੁਹਾਡੇ 'ਤੇ ਸਵਾਲ ਕਰਨ ਵਾਲਿਆਂ ਦੇ ਕੋਈ ਗੁੱਝੇ ਮਨਸੂਬੇ ਨਹੀਂ ਹਨ, ਬਲਕਿ ਉਹ ਜੋ ਚਾਹੁੰਦੇ ਹਨ, ਉਹ ਪਿਛਲੇ ਚਾਰ ਮਹੀਨਿਆਂ ਤੋਂ ਲੋਕਾਂ ਵਿੱਚ ਸ਼ਰੇਆਮ ਕੂਕ-ਕੂਕ ਕੇ ਦੱਸਦੇ ਆ ਰਹੇ ਹਨ। ਉਹ ਚਾਹੁੰਦੇ ਸਨ ਕਿ ਦੇਸ਼ਭਗਤ ਯਾਦਗਾਰ ਕਮੇਟੀ ਅਤੇ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ ਅਖਵਾਉਣ ਵਾਲੀਆਂ ਸਾਰੀਆਂ ਹੀ ਸ਼ਕਤੀਆਂ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਉਹਨਾਂ ਦੇ ਹੱਕੀ ਮਸਲਿਆਂ 'ਤੇ ਸੰਘਰਸ਼ਾਂ ਦੇ ਮੈਦਾਨ ਵਿੱਚ ਖਿੱਚ ਲਿਆਉਂਦੀਆਂ, ਪਰ ਉਹ ਦੜ ਵੱਟ ਕੇ ਆਪਣੇ ਘੁਰਨਿਆਂ ਵਿੱਚੋਂ ਬਾਹਰ ਹੀ ਨਾ ਨਿੱਕਲੇ। ਉਹਨਾਂ ਵਿੱਚ ਸਵਾਰਥ ਐਨਾ ਭਾਰੂ ਹੋਇਆ ਪਿਆ ਹੈ ਕਿ ਉਹ ਕੋਰੋਨਾ ਕੋਲੋਂ ਆਪਣੀ ਸਲਾਮਤੀ ਭਾਲਦੇ ਹੋਏ ''ਜਾਨ ਬਚੀ ਤਾਂ ਲਾਖੋਂ ਪਾਏ'' ਸਮਝਦੇ ਰਹੇ ਹਨ। ਲਿਖਤ ਵਿੱਚ ਅੱਗੇ ਸਰਦਾਰਾ ਮਾਹਲ ਨੇ ਲਿਖਿਆ ਹੈ ਕਿ ਸਵਾਲ ਉਠਾਉਣ ਵਾਲਿਆਂ ਦਾ '' ਨਿੱਜੀ ਕਿਰਦਾਰ ਬੇਹੱਦ ਨਫਰਤ ਕਰਨਯੋਗ'' ਹੈ, ਜਿਸ ਕਰਕੇ ਉਹਨਾਂ ਨਾਲ ਰਲ ਕੇ ਉਹ ਆਪਣੇ ''ਕਿਰਦਾਰ ਨੂੰ ਦਾਗ਼ਦਾਰ'' ਨਹੀਂ ਕਰਨਾ ਚਾਹੁੰਦਾ। ਸਰਦਾਰਾ ਮਾਹਲ ਕਿਸੇ ਵਿਅਕਤੀ ਦਾ ਨਿੱਜੀ ਕਿਰਦਾਰ ਵੇਖਣ ਵੱਲ ਨੂੰ ਵੱਧ ਅਹੁਲ ਰਿਹਾ ਹੈ, ਜਦੋਂ ਕਿ ਮਾਰਕਸਵਾਦ ਕਿਸੇ ਵੀ ਵਿਅਕਤੀ ਵੱਲੋਂ ਨਿਭਾਏ ਜਾ ਰਹੇ ਬਾਹਰਮੁਖੀ ਸਮਾਜਿਕ ਅਤੇ ਸਿਆਸੀ ਰੋਲ ਨੂੰ ਪਹਿਲ ਦਿੰਦਾ ਹੈ। ਕੋਈ ਵਿਅਕਤੀ ਜਿਹੋ ਜਿਹੀ ਸਿਆਸਤ ਰੱਖਦਾ ਹੋਵੇ ਉਸੇ ਤਰ•ਾਂ ਦਾ ਉਸ ਦਾ ਕਿਰਦਾਰ ਹੁੰਦਾ ਹੈ। ਲੰਮੇ ਸਮੇਂ ਤੱਕ ਕੋਈ ਵੀ ਵਿਅਕਤੀ ਉਸਦੀ ਸਿਆਸਤ ਤੋਂ ਵੱਖਰਾ ਕੋਈ ਰੋਲ ਕਿਰਦਾਰ ਨਹੀਂ ਰੱਖ ਸਕਦਾ। ਜਿਹੜੇ ਵੀ ਵਿਅਕਤੀ ਗੰਦੇ ਗਲੇ ਸੜੇ ਸਮਾਜ ਵਿੱਚੋਂ ਆਉਂਦੇ ਹਨ ਜਾਂ ਗੰਦੀ ਗਲੀ ਸੜੀ ਸਿਆਸਤ ਵਿੱਚ ਰਹਿੰਦੇ ਹੋਣ ਉਸਦੇ ਪ੍ਰਭਾਵ ਸਬੰਧਤ ਵਿਅਕਤੀ 'ਤੇ ਪੈਣੇ ਹੀ ਹੁੰਦੇ ਹਨ। ਜਿਹੜੇ ਵਿਅਕਤੀ ਸਮਾਜ ਨੂੰ ਬਦਲਣ ਦੇ ਰਾਹ ਪੈ ਚੁੱਕੇ ਹੋਣ ਉਹਨਾਂ ਸਬੰਧੀ ਗੱਲ ਉਹਨਾਂ ਦੀ ਸਿਆਸਤ 'ਤੇ ਕਰਨੀ ਚਾਹੀਦੀ ਹੈ। ਇਸ ਕਰਕੇ ਕਿਸੇ ਵੀ ਵਿਅਕਤੀ ਦੇ ਜਾਤੀ ਰੋਲ ਨਾਲੋਂ ਉਸਦੇ ਸਿਆਸੀ ਰੋਲ ਨੂੰ ਹਮੇਸ਼ਾਂ ਅੱਗੇ ਰੱਖ ਕੇ ਗੱਲ ਕਰਨੀ ਚਾਹੀਦੀ ਹੈ। ਕਾਮਰੇਡ ਮਾਓ ਨੇ ਆਖਿਆ ਸੀ ਕਿ ਹਮੇਸ਼ਾਂ ਸਿਆਸਤ ਨੂੰ ਅੱਗੇ ਰੱਖੋ। ਕੀ ਸਰਦਾਰਾ ਸਿੰਘ ਮਾਹਲ ਹੋਰਾਂ ਨੇ ਕਿਸੇ ਵਿਅਕਤੀ ਦੀ ਸਿਆਸਤ ਨੂੰ ਅੱਗੇ ਰੱਖ ਕੇ ਚੱਲਣ ਦੀ ਥਾਂ ਉਸ ਦੀ ਨਿੱਜੀ ਜ਼ਿੰਦਗੀ ਦੇ ''ਪੋਤੜਿਆਂ'', ''ਮੋਕਾਂ'' ਅਤੇ ''ਮਾਂਹਵਾਰੀ ਪੈਡ'' ਆਦਿ ਨੂੰ ਸੁੰਘਦੇ ਰਹਿਣਾ ਹੈ। ਜੇਕਰ ਉਸ ਨੇ ਅਜਿਹਾ ਕਰਨਾ ਹੈ, ਇਹ ਕੁੱਝ ਉਸ ਨੂੰ ਮੁਬਾਰਕ। ਜੀਅ ਸਦਕੇ 'ਆਨੰਦ' ਮਾਣੇ ਅਜਿਹੇ ਅਮਲ ਵਿੱਚੋਂ। ਅਸਲ ਵਿੱਚ ਉਹ ਜਿਸ ਕਿਰਦਾਰ ਨੂੰ ਬੇਹੱਦ ''ਨਫਰਤਯੋਗ'' ਸਮਝਦਾ ਹੈ, ਉਹ ਹੈ ਕਿ ਉਸ ਵੱਲੋਂ ਦੋਸ਼ੀ ਕਰਾਰ ਦਿੱਤੇ ਵਿਅਕਤੀਆਂ ਦਾ ਕਿਰਦਾਰ ਜਮਾਤੀ ਘੋਲਾਂ, ਕਮਿਊਨਿਸਟ ਅਸੂਲਾਂ 'ਤੇ ਡਟੇ ਰਹਿਣਾ ਹੈ। ਇਹ ਆਪ ਕਮਿਊਨਿਸਟ ਅਸੂਲਾਂ ਨੂੰ 43 ਸਾਲ ਪਹਿਲਾਂ ਛੱਡ ਚੁੱਕੇ ਹਨ ਤਾਂ ਇਹ ਉਹਨਾਂ ਨੂੰ ਅਜੇ ਵੀ ਨਫਰਤ ਕਰ ਰਹੇ ਹਨ, ਜਿਹੜੇ ਅੱਜ ਵੀ ਉਹਨਾਂ ਅਸੂਲਾਂ 'ਤੇ ਖੜ• ਕੇ ਇਹਨਾਂ ਦੇ ਥੋਥ ਨੂੰ ਚੁਰਾਹਿਆਂ ਵਿੱਚ ਨੰਗਾ ਕਰ ਰਹੇ ਹਨ। ਸਰਦਾਰਾ ਸਿੰਘ ਮਾਹਲ ਦਾ ਕਹਿਣਾ ਹੈ ਕਿ ''ਕੁੱਝ ਮਿੱਤਰਾਂ ਦੇ ਗਿਲੇ ਕਿਸੇ ਵਿਅਕਤੀ/ਵਿਅਕਤੀਆਂ ਨਾਲ ਹਨ''। ਸਰਦਾਰਾ ਸਿੰਘ ਮਾਹਲ ਜੀ, ਇੱਥੇ ਕਿਸੇ ਨਾਲ ਗਿਲੇ-ਸ਼ਿਕਵੇਂ ਕਿਸੇ ਨਾਲ ਜ਼ਮੀਨ-ਜਾਇਦਾਦ ਵੰਡਣ ਦੇ ਜਾਂ ਕਿਸੇ ਨਾਲ ਕੋਈ ਸ਼ਰੀਕਾ-ਭੇੜ ਵਿੱਚੋਂ ਨਹੀਂ ਬਲਕਿ ਇਹ ਵਿਚਾਰਾਂ ਅਤੇ ਸਿਆਸਤਾਂ ਦੇ ਵਖਰੇਵੇਂ ਹਨ। ਇਹਨਾਂ ਵਖਰੇਵਿਆਂ ਨੂੰ ਕਿਸੇ ਦੇ ਜਾਤੀ ਮਾਮਲਿਆਂ ਨਾਲ ਰਲ਼ਗੱਡ ਨਹੀਂ ਕਰਨਾ ਚਾਹੀਦਾ। ਮੁੱਦਿਆਂ ਨੂੰ ਜਾਤੀ-ਜਥੇਬੰਦਕ ਆਦਿ ਆਖ ਕੇ ਪੇਤਲੇ ਨਾ ਪਾਓ। ਮੁੱਦੇ ਤਿਲ•ਕਾਓ ਨਾ। ਇਮਾਨਦਾਰੀ ਮੰਗ ਕਰਦੀ ਹੁੰਦੀ ਹੈ ਕਿ ਜਿਸ ਨੁਕਤੇ 'ਤੇ ਗੱਲ ਚੱਲ ਰਹੀ ਹੈ, ਉਸੇ 'ਤੇ ਹੀ ਕੇਂਦਰਤ ਰੱਖੋ। ਅਖੀਰ ਵਿੱਚ ਸਰਦਾਰਾ ਸਿੰਘ ਮਾਹਲ ਨੇ ਆਖਿਆ ਹੈ ਕਿ ''ਫਤਵਾ ਇਤਿਹਾਸ ਤੇ ਛੱਡ ਦੇਈਏ ਕਿ ਕੌਣ ਕੀਹਦੇ ਹਿੱਤ 'ਚ ਭੁਗਤਿਆ।'' ਇਹ ਕੋਰੋਨਾ ਦੌਰ ਦੀ ਖਾਸੀਅਤ ਰਹੇਗੀ ਕਿਹਨਾਂ ਨੇ ਉਸ ਨੂੰ ਹਊਆ ਮੰਨ ਕੇ ਖੌਫ਼ ਖਾਧਾ ਅਤੇ ਅੰਦਰੀਂ ਦੜ ਗਏ। ਕੋਰੋਨਾ ਦੌਰ ਦਾ ਜਦੋਂ ਵੀ ਵਿਸ਼ਲੇਸ਼ਣ ਹੋਵੇਗਾ ਉਦੋਂ ਹੀ ਇਹ ਸਵਾਲ ਉੱਠਦਾ ਰਹੇਗਾ ਕਿ ''ਉਦੋਂ ਤੁਸੀਂ ਕੀ ਕਰ ਰਹੇ ਸੀ, ਜਦੋਂ ਲੋਕੀਂ ਮਰ ਰਹੇ ਸੀ।'' ਕੋਰੋਨਾ ਇੱਕ ਕਲੰਕ ਬਣ ਕੇ ਉਹਨਾਂ ਦੇ ਮੱਥੇ 'ਤੇ ਸਦਾ ਚਮਕਦਾ ਰਹੇਗਾ ਜਿਹੜੇ ਇਸ ਦੌਰ ਵਿੱਚ ''ਭਗਵੀਂ ਲਕੀਰ ਦੇ ਲਾਲ ਫਕੀਰ'' ਬਣ ਕੇ ਵਿਚਰਦੇ ਰਹੇ। ''ਛਿੱਤਰਾਂ ਦੀ ਦਰਕਾਰ ਕਿਸਨੂੰ ਹੈ?'' -ਸੁਰਜੀਤ ਗੱਗ ਸੀਨੀਅਰ ਕਾਮਰੇਡ ਸਰਦਾਰਾ ਸਿੰਘ ਮਾਹਿਲ ਮੇਰੇ ਸਤਿਕਾਰਯੋਗ ਸਾਥੀ ਹਨ। ਏਨੇ ਹੀ ਸਤਿਕਾਰ ਯੋਗ ਜਿੰਨੇ ਕਾਮਰੇਡ ਨਾਜ਼ਰ ਸਿੰਘ ਬੋਪਾਰਾਏ, ਅਮੋਲਕ ਭਾਜੀ, ਗੁਰਸ਼ਰਨ ਭਾਅ ਜੀ, ਬੂਟਾ ਸਿੰਘ ਜੀ, ਪ੍ਰੋਫੈਸਰ ਜਗਮੋਹਨ ਸਿੰਘ ਜੀ ਅਤੇ ਇਸ ਕਤਾਰ ਦੇ ਹੋਰ ਆਗੂ ਹਨ। ਮੇਰਾ ਇਹਨਾਂ ਪ੍ਰਤੀ ਸਤਿਕਾਰ ਸਿਧਾਂਤਕ ਪਹਿਲਾਂ ਹੈ ਅਤੇ ਵਿਅਕਤੀਗਤ ਬਾਅਦ ਵਿੱਚ ਹੈ। 03/05/2020 ਨੂੰ ਮੈਂ ਸਰਦਾਰਾ ਸਿੰਘ ਮਾਹਿਲ ਅਤੇ ਨਾਜ਼ਰ ਸਿੰਘ ਬੋਪਾਰਾਏ ਹੁਰਾਂ ਦੀ ਬਹਿਸ ਨੂੰ ਲੈ ਕੇ ਮਜ਼ਾਹੀਆ ਪੋਸਟ ਪਾਈ ਸੀ ਕਿ ਬਹਿਸ ਜਿਸ ਹੱਦ ਤੱਕ ਪਹੁੰਚ ਗਈ ਹੈ, ਲਾਜ਼ਮੀ ਹੈ ਕਿ ਦੋਹਾਂ ਵਿੱਚੋਂ ਕਿਸੇ ਨਾ ਕਿਸੇ ਦਾ ਸਿਰ ਪਾੜਨ ਦੀ ਨੌਬਤ ਆਵੇਗੀ। ਇਹ ਸਿਰਫ਼ ਮਜ਼ਾਹੀਆ ਪੋਸਟ ਸੀ ਅਤੇ ਉਦੋਂ ਮੈਨੂੰ ਯਕੀਨ ਨਹੀਂ ਸੀ ਕਿ ਗੱਲ ਸੱਚਮੁੱਚ ਏਸ ਹੱਦ ਤੱਕ ਪਹੁੰਚ ਸਕਦੀ ਹੈ। ਹੁਣ ਵੀ ਮੈਨੂੰ ਯਕੀਨ ਹੈ ਕਿ ਸਿਰ ਤਾਂ ਕਿਸੇ ਦਾ ਨਹੀਂ ਪਾਟੇਗਾ, ਪਰ ਗਿੱਦੜ ਭਬਕੀਆਂ ਦਾ ਭਰੋਸਾ ਨਹੀਂ ਕਿ ਇਹ ਗਿੱਦੜ ਭਬਕੀਆਂ ਹੀ ਹਨ ਜਾਂ ਸੱਚਮੁੱਚ ਸਥਿਤੀ ਗੰਭੀਰ ਹੈ? ਵਿਚਾਰਧਾਰਕ ਵਖਰੇਵੇਂ ਹੋਣਾ ਵੱਡੀ ਗੱਲ ਨਹੀਂ, ਪਰ ਜਦੋਂ ਵਿਚਾਰਧਾਰਕ ਵਖਰੇਵਿਆਂ ਦੇ ਆਧਾਰ 'ਤੇ ਸ਼ਬਦਾਵਲੀ ਨੀਵੇਂ ਪੱਧਰ 'ਤੇ ਆ ਜਾਵੇ ਤਾਂ ਵੇਖਣਾ ਬਣਦਾ ਹੈ ਕਿ ਇਹ ਬੁਖ਼ਲਾਹਟ ਹੀ ਹੈ ਜਾਂ ਕਿਸੇ ਖ਼ਤਰੇ ਦੀ ਨਿਸ਼ਾਨੀ ਹੈ? ਇਸ ਨੂੰ ਖ਼ਤਰੇ ਦੀ ਨਿਸ਼ਾਨੀ ਇਸ ਕਰਕੇ ਆਖਿਆ ਜਾ ਰਿਹਾ ਹੈ ਕਿ ਕਿਸੇ ਵੀ ਨਿੱਕੀ ਤੋਂ ਨਿੱਕੀ ਅਤੇ ਵੱਡੀ ਤੋਂ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਲਈ ਮਾਹੌਲ ਤਿਆਰ ਕੀਤਾ ਜਾਂਦਾ ਹੈ ਅਤੇ ਮੈਨੂੰ ਉਸ ਮਾਹੌਲ ਦੀ ਭਿਣਕ ਮਹਿਸੂਸ ਹੋ ਰਹੀ ਹੈ। ਕਾਮਰੇਡਾਂ ਦਾ ਸਭ ਤੋਂ ਵੱਡਾ ਦੁਸ਼ਮਣ ਉਹੀ ਹੁੰਦਾ ਹੈ ਜੋ ਲੋਕਾਂ ਦਾ ਦੁਸ਼ਮਣ ਹੋਵੇ ਜਾਂ ਇਨਕਲਾਬ ਦਾ ਦੁਸ਼ਮਣ ਹੋਵੇ। ਕਾਮਰੇਡ ਨਾਜ਼ਰ ਸਿੰਘ ਬੋਪਾਰਾਏ ਨਾ ਤਾਂ ਲੋਕਾਂ ਦਾ ਦੁਸ਼ਮਣ ਹੈ ਅਤੇ ਨਾ ਹੀ ਇਨਕਲਾਬ ਦਾ ਦੁਸ਼ਮਣ ਹੈ। ਫਿਰ ਅਜਿਹੀ ਕੀ ਨੌਬਤ ਆ ਗਈ ਕਿ ਸਤਿਕਾਰਯੋਗ ਸਰਦਾਰਾ ਸਿੰਘ ਮਾਹਿਲ ਜੀ ਕਹਿ ਰਹੇ ਹਨ ਕਿ ਨਾਜ਼ਰ ਸਿੰਘ ਬੋਪਾਰਾਏ ਵਲੋਂ ਉਠਾਏ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਸ ਨੂੰ ਛਿੱਤਰਾਂ ਦੀ ਲੋੜ ਹੈ? ਸਰਦਾਰਾ ਸਿੰਘ ਮਾਹਿਲ ਦੇ ਕਹਿਣ ਅਨੁਸਾਰ ਉਹਨਾਂ ਨੇ ਨਾਜ਼ਰ ਸਿੰਘ ਬੋਪਾਰਾਏ ਨੂੰ ਫੇਸਬੁੱਕ 'ਤੇ ਬਲਾੱਕ ਕੀਤਾ ਹੋਇਆ ਹੈ। ਇਹ ਮੇਰੀ ਜਾਣਕਾਰੀ ਵਿੱਚ ਨਹੀਂ ਕਿ ਸਰਦਾਰਾ ਮਾਹਿਲ ਜੀ ਨੇ ਨਾਜ਼ਰ ਹੁਰਾਂ ਨੂੰ ਕਦੋਂ ਬਲਾੱਕ ਕੀਤਾ। ਜਦੋਂਕਿ ਮੈਂ ਅਕਸਰ ਇਹਨਾਂ ਦਰਮਿਆਨ ਹੁੰਦੀ ਸਿਧਾਂਤਕ ਬਹਿਸ ਪੜ੍ਹਦਾ ਰਿਹਾ ਹਾਂ ਅਤੇ ਇਸ ਬਹਿਸ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਿਆ ਹੈ। ਮੇਰੇ ਲਈ ਇਹ ਸਵਾਲ ਹਮੇਸ਼ਾ ਬਣਿਆ ਰਹੇਗਾ ਕਿ ਜਦੋਂ ਬਹਿਸ ਆਮ ਵਿਚਾਰਧਾਰਕ ਬਹਿਸ ਵਜੋਂ ਚੱਲਦੀ ਪਈ ਸੀ ਅਤੇ ਕੁੱਝ ਵੀ ਅਜਿਹਾ ਨਹੀਂ ਸੀ ਵਾਪਰਿਆ ਕਿ ਜਿਸ ਤੋਂ ਅੰਦਾਜ਼ਾ ਲੱਗ ਸਕਦਾ ਹੋਵੇ ਕਿ ਹੁਣ ਬਹਿਸ ਦੀ ਥਾਂ ਛਿੱਤਰ ਕੱਢ ਲਿਆ ਜਾਵੇ ਤਾਂ ਅਜਿਹੀ ਕੀ ਨੌਬਤ ਆ ਗਈ ਕਿ ਸਰਦਾਰਾ ਸਿੰਘ ਮਾਹਿਲ ਵਲੋਂ ਨਾਜ਼ਰ ਸਿੰਘ ਬੋਪਾਰਾਏ ਨੂੰ ਬਲਾੱਕ ਕੀਤਾ ਗਿਆ ਅਤੇ ਉਸ ਵਲੋਂ ਉਠਾਏ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਿਹਾ ਗਿਆ ਕਿ ਉਸਨੂੰ ਜਵਾਬ ਨਹੀਂ, ਛਿੱਤਰਾਂ ਦੀ ਦਰਕਾਰ ਹੈ? ਮੈਂ ਖ਼ੁਦ ਨਾਜ਼ਰ ਸਿੰਘ ਬੋਪਾਰਾਏ ਹੁਰਾਂ ਵਲੋਂ ਉਠਾਏ ਸਵਾਲਾਂ ਨਾਲ਼ ਇਤਫ਼ਾਕ ਰੱਖਦਾ ਹਾਂ। ਕਿਸੇ ਨੂੰ ਇਹ ਵਹਿਮ ਹੋ ਸਕਦਾ ਹੈ ਕਿ ਲਾੱਕਡਾਊਨ ਦੌਰਾਨ ਜਦੋਂ ਸਮੁੱਚੇ ਆਮ ਲੋਕਾਂ ਦੀ ਸੰਵੇਦਨਾ ਪ੍ਰਵਾਸੀ ਮਜ਼ਦੂਰਾਂ ਅਤੇ ਗ਼ਰੀਬਾਂ ਨਾਲ਼ ਸੀ, ਦੇਸ਼ਭਗਤ ਯਾਦਗਾਰ ਹਾਲ ਵਲੋਂ ਇਸ ਸੰਕਟਕਾਲੀਨ ਸਥਿਤੀ ਵਿੱਚ ਲੋਕਾਂ ਦਾ ਸਾਥ ਦੇਣ ਦੀ ਬਜਾਏ ਹਾਲ ਦੇ ਮੁੱਖ ਦਰਵਾਜ਼ੇ ਨੂੰ ਜਿੰਦਰਾ ਲਗਾ ਦਿੱਤਾ ਗਿਆ ਸੀ ਅਤੇ ਇਹ ਜਿੰਦਰਾ ਨਾਜ਼ਰ ਸਿੰਘ ਬੋਪਾਰਾਏ ਹੁਰਾਂ ਦੇ ਪੈਰਾਂ ਹੇਠ ਬਟੇਰੇ ਵਜੋਂ ਆ ਗਿਆ ਹੋਵੇ ਅਤੇ ਹੁਣ ਨਾਜ਼ਰ ਸਿੰਘ ਹੁਰੀਂ ਇਸ ਦੀ ਖੱਟੀ ਖਾਣਾ ਚਾਹੁੰਦੇ ਹੋਣ। ਪਰ ਨਹੀਂ, ਪੰਜਾਬੀ ਅਖਾਣਾਂ ਅਨੁਸਾਰ ਇੱਕ ਗ਼ਲਤੀ ਤਾਂ ਦੁਸ਼ਮਣ ਨੂੰ ਵੀ ਮੁਆਫ਼ ਕਰ ਦੇਈਦੀ ਹੈ। ਇਹ ਦੇਸ਼ ਭਗਤ ਯਾਦਗਾਰ ਹਾਲ ਨੂੰ ਮੜ੍ਹਿਆ ਜਿੰਦਰੇ ਵਾਲ਼ਾ ਮਾਮਲਾ ਪਹਿਲਾ ਮਾਮਲਾ ਨਹੀਂ ਕਿ ਕਿਸੇ ਦੇ ਪੈਰ ਹੇਠ੍ਹਾਂ ਬਟੇਰਾ ਆ ਗਿਆ ਹੋਵੇ। ਹਾਲ ਹੀ ਵਿੱਚ ਇਸ ਤੋਂ ਪਹਿਲਾਂ ਕਿਰਨਜੀਤ ਕੌਰ ਮਹਿਲਕਲਾਂ ਐਕਸ਼ਨ ਕਮੇਟੀ ਦੇ ਆਗੂ ਕਾਮਰੇਡ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਬਹੁਤੀਆਂ ਖੱਬੇ ਪੱਖੀ ਧਿਰਾਂ ਨੇ ਇਨਕਲਾਬੀ ਵਿਰਾਸਤ, ਜਜ਼ਬਿਆਂ ਦੀਆਂ ਧੱਜੀਆਂ ਉਡਾਕੇ ਮਨਜੀਤ ਸਿੰਘ ਧਨੇਰ ਨੂੰ ਨਿਰਦੋਸ਼ ਹੋਣ ਦੇ ਬਾਵਜੂਦ ਵਾਜੇ-ਗਾਜੇ ਨਾਲ਼ ਸਰਕਾਰਾਂ ਮੂਹਰੇ ਪੇਸ਼ ਕਰਕੇ ਆਪਣੀ ਪਿੱਠ ਆਪੇ ਥਾਪੜੀ ਗਈ ਸੀ, ਕਾਮਰੇਡ ਨਾਜ਼ਰ ਸਿੰਘ ਬੋਪਾਰਾਏ ਹੁਰਾਂ ਨੇ ਕਾਮਰੇਡਾਂ ਦੀ ਇਸ ਪਹੁੰਚ ਖ਼ਿਲਾਫ਼ ਵੀ ਸਖ਼ਤ ਪੈਂਤੜਾ ਲਿਆ ਸੀ ਤੇ ਅੱਜ ਤੱਕ ਉਸ 'ਤੇ ਕਾਇਮ ਹਨ। ਧਾਰਾ ਦੇ ਉਲਟ ਚੱਲਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ। ਅੱਜ ਵੇਖਿਆ ਜਾਵੇ ਤਾਂ ਪੰਜਾਬ ਦੀ ਸਮੁੱਚੀ ਖੱਬੀ ਲਹਿਰ (ਲੱਗਭੱਗ) ਖੜੋਤ ਦੀ ਸ਼ਿਕਾਰ ਹੈ। ਇਸ ਖੜੌਤ ਨੂੰ ਤੋੜਨ ਲਈ ਜੇ ਕੋਈ ਸਾਥੀ ਸਵਾਲ ਕਰਦਾ ਹੈ ਤਾਂ ਉਸ ਨੂੰ ਛਿੱਤਰਾਂ ਦੀ ਦਰਕਾਰ ਵੀ ਨਹੀਂ ਰੋਕ ਸਕਦੀ। ਕਿਉਂਕਿ ਇਹ ਸਵਾਲ ਇਕੱਲੇ ਨਾਜ਼ਰ ਸਿੰਘ ਬੋਪਾਰਾਏ ਹੁਰਾਂ ਦੇ ਨਹੀਂ, ਅਤੇ ਨਾ ਹੀ ਇਕੱਲੀ “ਜੀਵੇ ਪੰਜਾਬ'' ਟੀਮ ਦੇ ਹਨ। ਇਹ ਸਵਾਲ ਹਰ ਉਸ ਵਿਅਕਤੀ ਦੇ ਹਨ ਜੋ ਕਾਮਰੇਡਾਂ ਤੋਂ ਸਪੱਸ਼ਟਤਾ ਦੀ ਉਮੀਦ ਰੱਖਦਾ ਹੈ। ਸਰਦਾਰਾ ਸਿੰਘ ਮਾਹਿਲ ਜੀ, ਸਾਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਰੀਂ ਵਧਦੀਆਂ ਤੇਲ ਕੀਮਤਾਂ ਖ਼ਿਲਾਫ਼ ਧਰਨਾ ਲਾਉਣ ਜਾ ਰਹੇ ਹਨ। ਧਰਨੇ “ਅਸੀਂ'' ਵੀ ਲਾਉਂਦੇ ਹਾਂ। ਬਾਦਲਾਂ ਦੇ ਧਰਨੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਨਹੀਂ ਹਨ, ਇਹ ਸਾਨੂੰ ਸਭਨਾਂ ਨੂੰ ਪਤਾ ਹੈ। ਸਾਡੇ ਧਰਨਿਆਂ ਨੇ ਲੋਕਾਂ ਵਿੱਚ ਕਿੰਨੀ ਕੁ ਜਾਗਰੂਕਤਾ ਲਿਆਉਂਦੀ ਹੈ, ਇਹ ਪੜਚੋਲ ਕਰਨ ਦੀ ਲੋੜ ਹੈ ਅਤੇ ਜੇ ਕੋਈ ਨਾਜ਼ਰ ਸਿੰਘ ਵਰਗਾ ਵਿਅਕਤੀ ਪੜਚੋਲ ਕਰਨ ਲਈ ਸਵਾਲ ਪਾਉਂਦਾ ਹੈ ਤਾਂ ਸਾਨੂੰ ਇਹ ਵੇਖ ਲੈਣਾ ਚਾਹੀਦਾ ਹੈ ਕਿ ਛਿੱਤਰਾਂ ਦੀ ਦਰਕਾਰ ਕਿਸਨੂੰ ਹੈ? ੦-੦

No comments:

Post a Comment