ਕਰੋਨਾ ਵਾਇਰਸ ਦੇ ਖਾਤੇ ਚਾੜ੍ਹੀ ਜਾ ਰਹੀ
ਸੰਸਾਰ ਸਾਮਰਾਜੀਆਂ ਦੀ ਡੁੱਬ ਰਹੀ ਆਰਥਿਕਤਾ
ਮਸਲਾ ਕੋਰੋਨਾ ਵਾਇਰਸ ਦਾ ਨਹੀਂ ਬਲਕਿ ਸੰਸਾਰ ਸਾਮਰਾਜੀਆਂ ਦੇ ਆਰਥਿਕ ਮੰਦਵਾੜੇ ਦਾ ਹੈ। ਕੋਰੋਨਾ ਵਾਇਰਸ ਨਾਲ ਤਾਂ ਸ਼ਾਇਦ ਦਹਿ ਹਜ਼ਾਰਾਂ ਜਾਂ ਲੱਖਾਂ ਲੋਕ ਹੀ ਮਰਨ ਪਰ ਇਸ ਮੰਦਵਾੜੇ ਨੇ ਕਰੋੜਾਂ ਲੋਕਾਂ ਨੂੰ ਅਣ-ਆਈ ਮੌਤੇ ਮਾਰ ਦੇਣਾ ਹੈ।
ਮਾਰਚ ਮਹੀਨੇ ਦੇ ਦੂਸਰੇ ਹਫਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਧੜੱਮ ਥੱਲੇ ਡਿਗ ਪਈਆਂ। ਰੂਸ ਅਤੇ ਸਾਊਦੀ ਅਰਬ ਨੇ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੀ ਸੰਸਥਾ (ਉਪੇਕ) ਵਿੱਚੋਂ ਬਾਹਰ ਨਿਕਲ ਕੇ ਤੇਲ ਦੀਆਂ ਕੀਮਤਾਂ ਵਿੱਚ ਵੱਡੀ ਭਾਰੀ ਕਟੌਤੀ ਕਰ ਦਿੱਤੀ। ਜਦੋਂ ਇਹਨਾਂ ਦੇਸ਼ਾਂ ਨੇ ਤੇਲ ਦੀਆਂ ਕੀਮਤਾਂ ਘਟਾ ਦਿੱਤੀਆਂ ਤਾਂ ਇਹਨਾਂ ਦਾ ਮੁਕਾਬਲਾ ਕਰਨ ਲਈ ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਨੂੰ ਵੀ ਆਪਣੀਆਂ ਕੀਮਤਾਂ ਘਟਾਉਣੀਆਂ ਹੀ ਪੈਣੀਆਂ ਸਨ। 2020 ਸਾਲ ਦੇ ਸ਼ੁਰੂ ਵਿੱਚ ਹੀ ਮੰਗ ਘਟ ਜਾਣ ਕਰਕੇ ਤੇਲ ਦੀਆਂ ਕੀਮਤਾਂ ਵਿੱਚ 30 ਫੀਸਦੀ ਦੀ ਕਮੀ ਆ ਗਈ ਸੀ। 8 ਮਾਰਚ ਤੋਂ ਸ਼ੁਰੂ ਹੋਈ 'ਤੇਲ-ਜੰਗ' ਵਿੱਚ ਅਮਰੀਕਾ ਨੂੰ ਤੇਲ ਦੀਆਂ ਕੀਮਤਾਂ ਵਿੱਚ 17 ਮਾਰਚ ਤੱਕ 34 ਫੀਸਦੀ ਕਟੌਤੀ ਕਰਨੀ ਪਈ ਹੈ। ਕੱਚੇ ਤੇਲ ਦੀ ਕੀਮਤ ਜਿਹੜੀ 2014 ਵਿੱਚ 114 ਡਾਲਰ ਪ੍ਰਤੀ ਬੈਰਲ ਸੀ, ਉਹ 26 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਗਈ। ਮਾਮਲਾ ਐਨਾ ਕੁ ਹੀ ਨਹੀਂ ਕਿ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ, ਬਲਕਿ ਇੱਕ ਮੁਕਾਬਲੇਬਾਜ਼ੀ ਹੋਰ ਤੇਲ ਦਾ ਉਤਪਾਦਨ ਵਧਾਉਣ ਵਿੱਚ ਵੀ ਚੱਲ ਰਹੀ ਹੈ। ਸਾਊਦੀ ਅਰਬ ਨੇ ਆਪਣੀ ਤੇਲ ਦੀ ਪੈਦਾਵਾਰ 1 ਕਰੋੜ 20 ਲੱਖ ਬੈਰਲ ਪ੍ਰਤੀ ਦਿਨ ਤੋਂ ਵਧਾ ਕੇ 1 ਕਰੋੜ 23 ਲੱਖ ਬੈਰਲ ਪ੍ਰਤੀ ਦਿਨ ਕਰ ਦਿੱਤੀ ਹੈ। ਅਗਲੇ ਦਿਨਾਂ ਵਿੱਚ ਸਾਊਦੀ ਅਰਬ ਨੇ ਆਪਣੀ ਤੇਲ ਉਤਪਾਦਨ ਸਮਰੱਥਾ 2 ਕਰੋੜ 30 ਲੱਖ ਬੈਰਲ ਪ੍ਰਤੀ ਦਿਨ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਸੰਯੁਕਤ ਅਰਬ ਅਮੀਰਾਤ ਦੀ ਔਸਤ ਤੇਲ ਉਤਪਦਾਨ ਕਰਨ ਵਾਲੀ ਇੱਕ ਕੰਪਨੀ ਦੀ ਔਸਤ ਸਮਰੱਥਾ 35 ਲੱਖ ਬੈਰਲ ਪ੍ਰਤੀ ਦਿਨ ਹੈ, ਜਦੋਂ ਕਿ ਇਸ ਨੇ ਅਪਰੈਲ ਵਿੱਚ 40 ਲੱਖ ਬੈਰਲ ਪ੍ਰਤੀ ਦਿਨ ਪੈਦਾ ਕਰਨ ਦਾ ਟੀਚਾ ਮਿਥਿਆ ਹੋਇਆ ਹੈ। ਤੇਲ ਦੀਆਂ ਕੀਮਤਾਂ ਘੱਟ ਕਰਨ ਦੀ ਮੁਕਾਬਲੇਬਾਜ਼ੀ ਵਿੱਚ ਇਹ ਵੀ ਹੋ ਸਕਦਾ ਹੈ ਕਿ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ ਹੋਰ ਵੀ ਘੱਟ ਹੋ ਜਾਵੇ। ਪਿਛਲੇ ਸਾਲ ਜਦੋਂ ਰੂਸੀ ਰਾਸ਼ਟਰਪਤੀ ਪੂਤਿਨ ਸਾਊਦੀ ਅਰਬ ਗਿਆ ਸੀ, ਉਸ ਨੇ ਸਾਊਦੀ ਅਰਬ ਨਾਲ ਸਮਝੌਤੇ ਕੀਤੇ ਸਨ, ਉਹਨਾਂ ਦੀ ਰੌਸ਼ਨੀ ਵਿੱਚ ਹੀ ਹੁਣ ਉਹਨਾਂ ਨੇ ਅਮਰੀਕੀ ਤੇਲ ਕੰਪਨੀਆਂ ਨੂੰ ਖੁੱਡੇ ਲਾਉਣ ਦੀ ਚਾਲ ਵਜੋਂ ਕੀਮਤਾਂ ਹੇਠਾਂ ਸੁੱਟੀਆਂ ਹਨ। ਰੂਸ ਨੇ ਆਪਣੇ ਤੇਲ ਉਤਪਾਦਨ ਦੀ ਸਮਰੱਥਾ 3 ਲੱਖ ਬੈਰਲ ਪ੍ਰਤੀ ਦਿਨ ਵਧਾਉਣ ਦਾ ਟੀਚਾ ਮਿਥਿਆ ਹੈ। ਇਸ ਸਮੇਂ ਅਮਰੀਕੀ ਤੇਲ ਉਤਪਾਦਨ ਦੀ ਸਮਰੱਥਾ 1 ਕਰੋੜ 32 ਲੱਖ ਬੈਰਲ ਪ੍ਰਤੀ ਦਿਨ ਦੀ ਹੈ। ਰੂਸ ਅਤੇ ਸਾਊਦੀ ਅਰਬ ਨੂੰ ਲੱਗਦਾ ਹੈ ਕਿ ਅਮਰੀਕੀ ਤੇਲ ਦਾ ਉਤਪਾਦਨ 2021 ਤੱਕ 1 ਕਰੋੜ 27 ਲੱਖ ਬੈਰਲ ਪ੍ਰਤੀ ਦਿਨ ਰਹਿ ਜਾਵਗਾ। ਯਾਨੀ ਅਮਰੀਕਾ ਦੇ ਤੇਲ ਮੁਨਾਫੇ ਘਟਣਗੇ, ਰੂਸ-ਸਾਊਦੀ ਅਰਬ ਆਦਿ ਦੇਸ਼ਾਂ ਦੇ ਵਧਣਗੇ।
ਅਮਰੀਕੀ ਸਾਮਰਾਜੀਆਂ ਨੇ 1985 ਵਿੱਚ ਤੇਲ ਦੀਆਂ ਕੀਮਤਾਂ ਹੇਠਾਂ ਸੁੱਟ ਕੇ ਜੋ ਲਾਹੇ ਹਾਸਲ ਕੀਤੇ ਸਨ, ਉਹ ਹੁਣ ਉਸ ਨੂੰ ਹਾਸਲ ਨਹੀਂ ਹੋ ਸਕਦੇ। ਇਹਨਾਂ ਦਾ ਇੱਕ ਕਾਰਨ ਤਾਂ ਇਹ ਹੀ ਹੈ ਕਿ ਉਸ ਸਮੇਂ ਇੱਕ ਸੰਸਾਰ ਮਹਾਂ-ਸ਼ਕਤੀ ਦੇ ਤੌਰ 'ਤੇ ਸੋਵੀਅਤ ਯੂਨੀਅਨ ਟੁੱਟ-ਫੁੱਟ ਦਾ ਸ਼ਿਕਾਰ ਹੋ ਰਿਹਾ ਸੀ, ਜੋ ਹੁਣ ਮੁੜ ਸੰਭਲਣ ਦੀਆਂ ਕੋਸ਼ਿਸ਼ਾਂ ਵਿੱਚ ਲੱਗਿਆ ਹੋਇਆ ਹੈ। ਫੌਜੀ ਅਤੇ ਪ੍ਰਮਾਣੂ ਸ਼ਕਤੀ ਦੇ ਤੌਰ 'ਤੇ ਉਸਦੀ ਸਮਰੱਥਾ ਅਜੇ ਵੀ ਅਮਰੀਕਾ ਤੋਂ ਬਾਅਦ ਵਿੱਚ ਦੂਸਰੇ ਨੰਬਰ ਦੀ ਬਣੀ ਹੋਈ ਹੈ। ਸੰਸਾਰ ਆਰਥਿਕਤਾ ਵਿੱਚ ਰੂਸ ਦੇ ਮਹਾਂ-ਸ਼ਕਤੀ ਵਜੋਂ ਢਹਿਢੇਰੀ ਹੋ ਜਾਣ 'ਤੇ ਅਮਰੀਕਾ ਦੇ ਮੁਕਾਬਲੇ ਵਿੱਚ ਹੋਰ ਕੋਈ ਆਰਥਿਕਤਾ ਨਹੀਂ ਸੀ, ਪਰ ਹੁਣ ਅਮਰੀਕਾ ਦੇ ਮੁਕਾਬਲੇ 'ਤੇ ਦੂਸਰੀ ਆਰਥਿਕਤਾ ਚੀਨ ਉੱਭਰ ਆਇਆ ਹੈ। 1985 ਵਿੱਚ ਰੂਸੀ ਸਮਾਜੀ ਸਾਮਰਾਜੀਏ ਅਫਗਾਨਿਸਤਾਨ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ ਤੇ ਹੁਣ ਅਮਰੀਕਾ ਨੂੰ ਅਫਗਾਨਿਸਤਾਨ ਤੇ ਇਰਾਕ ਵਿੱਚੋਂ ਡੇਢ-ਦੋ ਦਹਾਕੇ ਦੀ ਜੰਗ ਵਿੱਚ ਝੁਲਸਣਾ ਪਿਆ ਹੈ ਅਤੇ ਆਖਰਕਾਰ ਖਹਿੜਾ ਛੁਡਾ ਕੇ ਉੱਥੋਂ ਨਿਕਲ ਰਿਹਾ ਹੈ। ਅਮਰੀਕੀ ਸਾਮਰਾਜੀਆਂ ਨੂੰ ਇਸ ਸਮੇਂ ਦੂਹਰੀ ਮਾਰ ਪਈ ਹੋਈ ਹੈ- ਪਹਿਲੀ ਮਾਰ ਤਾਂ ਇਹੀ ਕਿ ਉਸਨੇ ਅਫਗਾਨਿਸਤਾਨ ਅਤੇ ਇਰਾਕ 'ਤੇ ਕਬਜ਼ੇ ਕਰਕੇ ਦੋ ਦਹਾਕੇ ਪਹਿਲਾਂ ਜੋ ਕੁੱਝ ਹਾਸਲ ਕਰਨ ਦੀ ਧਾਰੀ ਹੋਈ ਸੀ, ਉਹ ਮਨਸ਼ੇ ਉਸਦੇ ਪੂਰੇ ਨਹੀਂ ਹੋ ਸਕੇ, ਬਲਕਿ ਟਰੰਪ ਦੇ ਸ਼ਬਦਾਂ ਵਿੱਚ ''ਟ੍ਰਿਲੀਅਨ ਆਫ ਟ੍ਰਿਲੀਅਨਜ਼'' ਡਾਲਰ ਦੀ ਫਜੂਲ ਖਰਚੀ ਹੋਈ ਹੈ। ਖਰਬਾਂ ਡਾਲਰ ਖਰਚ ਕੇ ਅਮਰੀਕਾ ਜੁੰਮੇ ਵਿਸ਼ਵ ਬੈਂਕ ਦੇ ਕਰਜ਼ੇ ਵਧਦੇ ਗਏ ਹਨ। ਇਸ ਸਮੇਂ ਉਹ ਵਿਸ਼ਵ ਬੈਂਕ ਦਾ ਸਭ ਤੋਂ ਵੱਡਾ ਕਰਜ਼ਈ ਦੇਸ਼ ਹੈ। ਅਮਰੀਕੀ ਸਾਮਰਾਜੀਆਂ ਨੇ ਆਪਣੇ ਆਰਥਿਕ ਸੰਕਟ ਦਾ ਬੋਝ ਅਮਰੀਕਾ ਅਤੇ ਸੰਸਾਰ ਦੇ ਲੋਕਾਂ ਸਿਰ ਮੜ੍ਹ ਦਿੱਤਾ। ਅਮਰੀਕਾ ਵਿੱਚ ਖੁਦ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਦਰ ਸਿਖਰਾਂ ਛੋਹਣ ਲੱਗੀ। ਅਮਰੀਕਾ ਦੇ ਲੇਬਰ ਵਿਭਾਗ ਦੀ ਇੱਕ ਰਿਪੋਰਟ ਮੁਤਾਬਕ ਮਾਰਚ ਦੇ ਤੀਜੇ ਹਫਤੇ 2 ਲੱਖ 81 ਹਜ਼ਾਰ ਨਵੇਂ ਬੇਰੁਜ਼ਗਾਰਾਂ ਨੇ ਬੀਮਾ ਸੁਰੱਖਿਆ ਲਈ ਫਾਰਮ ਭਰੇ ਹਨ, ਜਿਹੜੇ ਇਸ ਤੋਂ ਪਹਿਲੇ ਹਫਤੇ ਭਰੇ ਗਏ ਫਾਰਮਾਂ ਨਾਲੋਂ 70000 ਵੱਧ ਹਨ। ਲੋਕਾਂ 'ਤੇ ਟੈਕਸਾਂ ਦੇ ਭਾਰ ਕਾਰਨ ਉਹਨਾਂ ਦੀ ਖਰੀਦ ਸ਼ਕਤੀ ਘਟਣ ਲੱਗੀ। ਲੋਕਾਂ ਤੋਂ ਪਹਿਲਾਂ ਲਏ ਹੋਏ ਕਰਜ਼ੇ ਵੀ ਮੋੜੇ ਨਹੀਂ ਸਨ ਜਾ ਰਹੇ। ਲੋਕਾਂ ਦੀ ਖਰੀਦ ਸ਼ਕਤੀ ਘਟਣ ਨਾਲ ਅਮਰੀਕੀ ਮਾਲ ਦੀ ਮੰਗ ਘਟ ਗਈ ਅਤੇ ਮੰਗ ਘਟਣ ਨਾਲ ਉਤਪਾਦਨ ਘਟਣ ਲੱਗਾ ਜਿਸ ਨੇ ਮੋੜਵੇਂ ਰੂਪ ਵਿੱਚ ਫੇਰ ਬੇਰੁਜ਼ਗਾਰੀ ਵਿੱਚ ਵਾਧਾ ਕਰ ਦਿੱਤਾ। ਸਰਕਾਰ ਨੇ ਆਪਣੇ ਘਾਟੇ ਪੂਰੇ ਕਰਨ ਲਈ ਹੋਰ ਟੈਕਸ ਲਾਏ। ਲੋਕਾਂ ਦੀ ਖਰੀਦ ਸ਼ਕਤੀ ਹੋਰ ਘਟੀ ਤੇ ਆਖਰਕਾਰ ਸਨਅੱਤਾਂ ਬੰਦ ਹੋਣ ਵੱਲ ਵਹਿ ਤੁਰੀਆਂ। ਦੂਸਰੇ ਪਾਸੇ ਚੀਨ ਨੇ ਸੰਸਾਰ ਆਰਥਿਕਤਾ ਵਿੱਚ ਦੂਸਰੇ ਸਥਾਨ 'ਤੇ ਪਹੁੰਚ ਕੇ ਖੁਦ ਅਮਰੀਕਾ ਨੂੰ ਉਸਦੇ ਘਰ ਵਿੱਚ ਹੀ ਘੁਸ ਕੇ ਉਸਦੀ ਆਰਥਿਕਤਾ ਨੂੰ ਢਾਹ ਲਾਈ। ਚੀਨੀ ਉਤਪਾਦ ਅਮਰੀਕੀ ਉਤਪਾਦਾਂ ਨਾਲੋਂ ਸਸਤੇ ਮਿਲਣ ਕਰਕੇ ਅਮਰੀਕੀ ਆਰਥਿਕਤਾ ਚਰਮਰਾਉਣ ਲੱਗੀ। ਅਮਰੀਕਾ ਨੇ ਚੀਨੀ ਮਾਲ 'ਤੇ ਪਾਬੰਦੀਆਂ ਲਾ ਕੇ ਉਸ ਨਾਲ ਚੱਲਦੇ ਆਪਣੇ ਸਭ ਤੋਂ ਵੱਡੇ ਵਪਾਰ 'ਤੇ ਕਟੌਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਰੋਨਾ ਵਾਇਰਸ ਦਾ ਰਾਮ-ਰੌਲਾ ਤਾਂ ਹੁਣ ਪਾਇਆ ਜਾ ਰਿਹਾ ਹੈ, ਜਦੋਂ ਕਿ ਅਮਰੀਕਾ ਨੇ ਚੀਨ 'ਤੇ ਪਾਬੰਦੀਆਂ ਤਾਂ ਡੇਢ ਸਾਲ ਪਹਿਲਾਂ ਹੀ ਲਾ ਦਿੱਤੀਆਂ ਸਨ। ਉਸ ਨੇ ਭਾਰਤ ਨਾਲ ਸਭ ਤੋਂ ਵੱਧ ਵਪਾਰ ਕਰਕੇ ਆਪਣਾ ਆਰਥਿਕ ਬੋਝ ਭਾਰਤੀ ਲੋਕਾਂ ਸਿਰ ਤਿਲ੍ਹਕਾਉਣ ਦੇ ਯਤਨ ਕੀਤੇ ਹਨ, ਪਰ ਜਿੱਡੀ ਵੱਡੀ ਆਰਥਿਕਤਾ ਅਮਰੀਕਾ ਦੀ ਹੈ, ਉਸ ਵਿੱਚ ਭਾਰਤੀ ਪੂੰਜੀ ਉਸ ਲਈ ਪਾਸਕੂ ਦਾ ਕੰਮ ਵੀ ਨਹੀਂ ਕਰ ਸਕਦੀ।
ਬੇਸ਼ੱਕ ਅਮਰੀਕੀ ਸਾਮਰਾਜੀਆਂ ਦੀ ਮਹਾਂਸ਼ਕਤੀ ਵਾਲੀ ਹਸਤੀ ਦਾ ਕਾਰਨ ਉਸਦੀ ਫੌਜੀ ਸ਼ਕਤੀ ਅਤੇ ਡਾਲਰ ਦੀ ਸਰਦਾਰੀ ਹੈ। ਪਰ ਖੁਦ ਇਸਦੀ ਫੌਜੀ ਤਾਕਤ ਦੇ ਖਰਚੇ ਹੀ ਇਸ ਨੂੰ ਹੋਰ ਤੋਂ ਹੋਰ ਵੱਧ ਆਰਥਿਕ ਸੰਕਟ ਵਿੱਚ ਸੁੱਟਦੇ ਜਾ ਰਹੇ ਹਨ। ਹੁਣ ਤੇਲ ਦੀਆਂ ਡਿਗੀਆਂ ਹੋਈਆਂ ਕੀਮਤਾਂ ਨੇ ਅਮਰੀਕੀ ਆਰਥਿਕਤਾ ਨੂੰ ਹੋਰ ਵੀ ਵਧੇਰੇ ਨਿਘਾਰ ਵੱਲ ਹੀ ਲਿਜਾਣਾ ਹੈ ਅਤੇ ਅਮਰੀਕੀ ਹਾਕਮਾਂ ਲਈ ਖੁਦ ਅਮਰੀਕਾ ਵਿੱਚੋਂ ਅਤੇ ਬਾਹਰੋਂ ਸੰਕਟਾਂ ਦੀ ਛੱਲ ਉੱਠਣੀ ਹੈ, ਜਿਸ ਦੇ ਥਪੇੜਿਆਂ ਨੇ ਇਸ ਨੂੰ ਹੋਰ ਵੱਧ ਝੰਬਣਾ ਹੈ। ਇਹ 'ਤੇਲ-ਜੰਗ' ਸ਼ੁਰੂ ਹੋਣ ਨੇ ਸੰਸਾਰ ਆਰਥਿਕਤਾ ਵਿੱਚ ਵੱਡਾ ਨਿਘਾਰ ਲਿਆਂਦਾ ਹੈ। 9 ਮਾਰਚ 2020 ਨੂੰ ਸੰਸਾਰ ਸ਼ੇਅਰ ਬਾਜ਼ਾਰ ਡਾਓ-ਜੋਨਜ਼ ਵਿੱਚ 7 ਫੀਸਦੀ ਦੀ ਗਿਰਾਵਟ ਨਾਲ ਜਿਹੜੇ 2000 ਅੰਕਾਂ ਦਾ ਘਾਟਾ ਪਿਆ ਹੈ, ਇਹ ਇਸਦੇ ਇਤਿਹਾਸ ਵਿੱਚ ਪਏ ਘਾਟਿਆਂ ਵਿੱਚ ਸੱਭ ਤੋਂ ਵੱਡਾ ਰਿਕਾਰਡ ਹੈ। ਇਸੇ ਦੀ ਵਜਾਹ ਕਰਕੇ ਅਮਰੀਕੀ ਹਾਕਮਾਂ ਨੇ ਬੈਂਕਾਂ, ਕਾਰੋਬਾਰਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਦੋ ਲੱਖ ਕਰੋੜ ਡਾਲਰ (2 ਟ੍ਰਿਲੀਅਨ ਡਾਲਰ) ਦਾ ਸਰਮਾਇਆ ਝੋਕਿਆ ਹੈ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੀਆਂ ਜੇਬ੍ਹਾਂ ਵਿੱਚ ਪੈਸਾ ਹੋਣ ਕਰਕੇ ਮੰਗ ਬਣੀ ਰਹੇ ਅਤੇ ਇਸ ਮੰਗ ਦੀ ਪੂਰਤੀ ਵਜੋਂ ਕੁੱਝ ਨਾ ਕੁੱਝ ਸਨਅੱਤ ਅਤੇ ਕਾਰੋਬਾਰ ਚੱਲਦਾ ਰਹਿ ਸਕੇ। ਅਮਰੀਕਾ ਦੇ ਖਜ਼ਾਨਾ ਮੰਤਰੀ ਮਨੁਚਿਨ ਦਾ ਕਹਿਣਾ ਹੈ ਕਿ ਅਗਲੇ 3 ਤੋਂ 4 ਮਹੀਨਿਆਂ ਵਿੱਚ ਬੈਂਕਾਂ ਵਿੱਚ ਲਗਾਤਾਰ ਪੈਸਾ ਝੋਕਿਆ ਜਾਂਦਾ ਰਹੇਗਾ। ਆਪਣੇ ਤੋਂ ਪਹਿਲਾਂ ਦੇ ਰਾਸ਼ਟਰਪਤੀਆਂ ਬਾਰਾਕ ਉਬਾਮਾ ਅਤੇ ਬੁਸ਼ ਦੀ ਮੌਜੂਦਾ ਰਾਸ਼ਟਰਪਤੀ ਟਰੰਪ ਇਹ ਕਹਿ ਕੇ ਆਲੋਚਨਾ ਕਰਦਾ ਰਿਹਾ ਕਿ ਉਹ ਅਰਬਾਂ ਡਾਲਰ ਦੀਆਂ ਟੈਕਸ ਛੋਟਾਂ ਕਿਉਂ ਦਿੰਦੇ ਹਨ, ਪਰ ਆਪ ਹੁਣ ਖਰਬਾਂ ਡਾਲਰ ਦੀਆਂ ਛੋਟਾਂ, ਰਿਆਇਤਾਂ ਤੇ ਮੁਫਤ ਸਹੂਲਤਾਂ ਦੇਣ ਲਈ ਫਸ ਗਿਆ ਹੈ। ਐਨਾ ਹੀ ਨਹੀਂ ਅਮਰੀਕਾ ਵਿੱਚ ਜਿਹੜੀ ਬੇਰੁਜ਼ਗਾਰੀ ਇਸ ਸਮੇਂ 22 ਲੱਖ ਦੇ ਕਰੀਬ ਹੈ, ਉਹ ਅਗਲੇ ਤਿੰਨ-ਚਾਰ ਮਹੀਨਿਆਂ ਵਿੱਚ ਵਧ ਕੇ 1 ਕਰੋੜ 65 ਲੱਖ ਤੱਕ ਜਾ ਉੱਪੜਨ ਦੇ ਅੰਦਾਜ਼ੇ ਸਾਹਮਣੇ ਆ ਰਹੇ ਹਨ। ਐਨੀ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਹੋਏ ਲੋਕਾਂ ਨੂੰ ਜਿਉਂਦੇ ਰੱਖਣ ਲਈ ਹੀ ਅਮਰੀਕੀ ਹਾਕਮਾਂ ਨੂੰ ਆਪਣੀ ਆਰਥਿਕਤਾ ਇੱਕ ਪਾਸੇ ਜਿੱਥੇ ਅਮਰੀਕਾ ਨੇ ਆਪਣੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਲਿਆਂਦੀ ਹੈ, ਉੱਥੇ ਦੂਸਰੇ ਪਾਸੇ ਉਸਨੇ ਆਪਣੇ ਡਾਲਰ ਦੀ ਕੀਮਤ ਉੱਚੀ ਕਰ ਲਈ ਹੈ। ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਡਾਲਰ ਦੀ ਕੀਮਤ 76 ਰੁਪਏ ਤੋਂ ਵੀ ਵਧੇਰੇ ਤੱਕ ਪਹੁੰਚ ਗਈ।
ਹੁਣ ਜਦੋਂ ਆਰਥਿਕ ਮੰਦਵਾੜੇ ਨੇ ਤੇਲ-ਜੰਗ ਦੇ ਜਿਸ ਜਿੰਨ ਨੂੰ ਬੋਤਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ, ਇਹ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਦੀ ਬਲੀ ਤਾਂ ਲਵੇਗਾ ਹੀ। ਇਸਦੀ ਮਾਰ ਇਕੱਲੇ ਅਮਰੀਕੀ ਸਾਮਰਾਜ ਤੱਕ ਹੀ ਮਹਿਦੂਦ ਨਹੀਂ ਰਹੀ ਬਲਕਿ ਹੋਰਨਾਂ ਪ੍ਰਮੁੱਖ ਸਾਮਰਾਜੀ ਦੇਸ਼ਾਂ ਵਿੱਚ ਵੀ ਇਸਦੀ ਮਾਰ ਹੋਈ ਹੈ। ਰੂਸ ਦੇ ਰੂਬਲ ਦੀ ਕੀਮਤ 4 ਸਾਲਾਂ ਵਿੱਚ 7 ਫੀਸਦੀ ਦੀ ਦਰ ਨਾਲ ਸਭ ਤੋਂ ਹੇਠਲੇ ਪੱਧਰ 'ਤੇ ਹੈ। ਚੀਨ 'ਤੇ ਲਾਈਆਂ ਬੰਦਿਸ਼ਾਂ ਨਾਲ ਚੀਨੀ ਆਰਥਿਕਤਾ ਵਿੱਚ ਵੀ ਗਿਰਾਵਟ ਆਈ ਹੈ। ਫਰਾਂਸ ਨੇ ਮੰਦਵਾੜੇ ਵਿੱਚੋਂ ਨਿਕਲਣ ਲਈ 50 ਅਰਬ ਡਾਲਰ ਸਿੱਧੇ ਰੂਪ ਵਿੱਚ ਅਤੇ 330 ਅਰਬ ਡਾਲਰ ਕਾਰੋਬਾਰਾਂ ਨੂੰ ਗਾਰੰਟੀ-ਉਧਾਰ ਵਜੋਂ ਕਾਰੋਬਾਰਾਂ ਵਿੱਚ ਝੋਕੇ ਹਨ। ਨਾਲ ਹੀ ਫਰਾਂਸ ਦੇ ਰਾਸ਼ਟਰਪਤੀ ਮੈਕਰੌਨ ਨੇ ਆਖਿਆ ਹੈ ਕਿ ਸਨਅੱਤਾਂ ਦੇ ਦਿਵਾਲੇ ਨਹੀਂ ਨਿਕਲਣ ਦਿੱਤੇ ਜਾਣਗੇ। ਜੇਕਰ ਸੰਕਟ ਜਾਰੀ ਰਿਹਾ ਤਾਂ ਕਾਰੋਬਾਰਾਂ ਦਾ ਕੌਮੀਕਰਨ ਵੀ ਕੀਤਾ ਜਾ ਸਕਦਾ ਹੈ। ਆਇਰਲੈਂਡ ਨੇ ਹਸਪਤਾਲਾਂ ਦਾ ਕੌਮੀਕਰਨ ਕਰ ਵੀ ਦਿੱਤਾ ਹੈ। ਯੂਰਪ ਵਿੱਚ ਸੱਭ ਤੋਂ ਵੱਧ ਆਰਥਿਕ ਮੰਦਵਾੜਾ ਇਟਲੀ ਵਿੱਚ ਛਾਇਆ ਹੈ, ਜਿੱਥੇ ਸਰਕਾਰ ਨੇ 28 ਅਰਬ ਡਾਲਰ ਦੀ ਪੂੰਜੀ ਮੰਡੀ ਵਿੱਚ ਸੁੱਟੀ ਹੈ। ਬਰਤਾਨੀਆ ਪਿਛਲੇ ਕੁੱਝ ਕੁ ਹਫਤਿਆਂ ਦੌਰਾਨ ਹੀ ਦੂਸਰੀ ਵਾਰ 300 ਅਰਬ ਪੌਂਡ ਕਾਰੋਬਾਰਾਂ ਵਿੱਚ ਝੋਕ ਕੇ ਡੁੱਬਦੇ ਬੇੜੇ ਨੂੰ ਤਾਰਨ ਲਈ ਤਿੰਘ ਰਿਹਾ ਹੈ। ਜਪਾਨ ਨੇ ਛੋਟੇ ਕਾਰੋਬਾਰਾਂ ਲਈ 15 ਅਰਬ ਡਾਲਰ ਝੋਕ ਦਿੱਤੇ ਹਨ। ਭਾਰਤ ਵਿੱਚ ਮਹਾਂਰਾਸ਼ਟਰ ਤੇ ਪੰਜਾਬ ਸਹਿਕਾਰੀ ਬੈਂਕ ਦੇ ਡੁੱਬਣ ਤੋਂ ਮਗਰੋਂ ਹੁਣ ਚੌਥੇ ਨੰਬਰ ਦੀ ਯੈਸ ਬੈਂਕ ਡੁੱਬਣ ਨਾਲ ਤੇ ਹੋਰਨਾਂ ਬੈਂਕਾਂ ਦੇ ਪੈਸੇ ਕਾਰਪੋਰੇਰਟਾਂ ਵੱਲੋਂ ਹੜੱਪ ਲਏ ਜਾਣ 'ਤੇ ਕੇਂਦਰੀ ਹਕੂਮਤ ਨੇ ਨਾ ਮੋੜੇ ਗਏ ਕਰਜ਼ਿਆਂ ਦੇ 1.76 ਲੱਖ ਕਰੋੜ ਰੁਪਏ ਵੱਟੇ ਖਾਤੇ ਪਾ ਕੇ ਖਾਨਾਪੂਰਤੀ ਕਰ ਦਿੱਤੀ ਹੈ। ਹੁਣੇ ਹੀ ਹੋਈ ਤੇਲ-ਜੰਗ ਵਿੱਚ ਭਾਰਤੀ ਆਰਥਿਕਤਾ ਵਿੱਚੋਂ 1 ਲੱਖ ਕਰੋੜ ਰੁਪਏ ਦੀ ਵਿਦੇਸ਼ੀ ਪੂੰਜੀ ਉਡਾਰੀ ਮਾਰ ਗਈ ਹੈ। ਵਿਦੇਸ਼ੀ ਮੁਦਰਾ ਭੰਡਾਰ ਜਿਹੜਾ 6 ਮਾਰਚ ਨੂੰ 487.23 ਅਰਬ ਡਾਲਰ ਦਾ ਸੀ, ਉਹ 1 ਹਫਤੇ ਦੇ ਵਿੱਚ ਵਿੱਚ 5.35 ਅਰਬ ਡਾਲਰ ਘਟ ਕੇ 481.89 ਅਰਬ ਡਾਲਰ ਰਹਿ ਗਿਆ ਹੈ। ਹੁਣ ਅਗਾਂਹ ਜਿੰਨਾ ਵੱਡਾ ਆਰਥਿਕ ਮੰਦਵਾੜਾ ਆ ਰਿਹਾ ਹੈ, ਇਸਦੇ ਸਨਮੁੱਖ ਭਾਰਤੀ ਹਾਕਮਾਂ ਨੇ ਅਜੇ ਕੋਈ ਯੋਜਨਾ ਬਣਾਈ ਹੀ ਨਹੀਂ, ਯਾਨੀ ਮਰਦਿਆਂ ਨੂੰ ਮਰਨ ਲਈ ਛੱਡ ਦਿੱਤਾ ਗਿਆ ਹੈ। ਐਚ.ਡੀ.ਐਫ.ਸੀ. ਬੈਂਕ ਦੇ ਮੈਨੇਜਿੰਗ ਡਾਇਰੈਕਟਰ ਆਦਿਤਿਆ ਪੁਰੀ ਦਾ ਇੰਡੀਅਨ ਐਕਸਪ੍ਰੈਸ ਨੂੰ 23 ਮਾਰਚ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਮੰਨਿਆ ਹੈ ਕਿ ''ਤਾਲਾਬੰਦੀ ਦੌਰਾਨ ਪੈਦਾਵਾਰ 'ਤੇ ਕੁੱਝ ਨਾ ਕੁੱਝ ਪ੍ਰਭਾਵ ਪੈ ਸਕਦਾ ਹੈ। ਇਹ ਪ੍ਰਭਾਵ 3 ਤੋਂ ਲੈ ਕੇ 9 ਮਹੀਨੇ ਤੱਕ ਕਾਇਮ ਰਹਿ ਸਕਦਾ ਹੈ।'' ਭਾਰਤੀ ਹਾਕਮਾਂ ਨੇ ਅਗਲੀ ਤਿਮਾਹੀ ਵਿੱਚ 3.75 ਲੱਖ ਕਰੋੜ ਰੁਪਏ ਹੋਰ ਬਾਜ਼ਾਰ ਵਿੱਚ ਝੋਕ ਕੇ ਆਪਣੇ ਆਪਣੇ ਢਾਂਚੇ ਨੂੰ ਕਾਇਮ ਰੱਖਣ ਦੇ ਹੀਲੇ ਕਰਨ ਦਾ ਐਲਾਨ ਕੀਤਾ ਹੈ।
ਅਮਰੀਕੀ ਸਾਮਰਾਜੀਆਂ ਨੇ ਇਰਾਕ ਅਤੇ ਲਿਬੀਆ 'ਤੇ ਹਮਲੇ ਕਰਕੇ ਇੱਥੋਂ ਦੇ ਤੇਲ ਭੰਡਾਰਾਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਯਤਨ ਕੀਤੇ, ਪਰ ਉੱਥੇ ਇਹਨਾਂ ਨੂੰ ਲੈਣੇ ਦੇ ਦੇਣੇ ਪੈ ਗਏ। ਫੇਰ ਅਮਰੀਕੀ ਹਾਕਮਾਂ ਨੇ ਯਮਨ-ਸੀਰੀਆ ਆਦਿ 'ਤੇ ਹਮਲੇ ਕਰਕੇ ਉੱਥੋਂ ਦੇ ਤੇਲ ਭੰਡਾਰਾਂ, ਆਰਥਿਕ ਸੋਮਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਨ ਦੇ ਯਤਨ ਕੀਤੇ ਪਰ ਇਸ ਮੌਕੇ ਰੂਸੀ ਹਾਕਮਾਂ ਨੇ ਅਮਰੀਕੀ ਅਤੇ ਇਸਦੇ ਪਿੱਠੂਆਂ ਦੀਆਂ ਫੌਜਾਂ 'ਤੇ ਹਵਾਈ ਹਮਲੇ ਕਰਕੇ ਇਹਨਾਂ ਦੇ ਮਨਸ਼ਿਆਂ ਨੂੰ ਨਾਕਾਮ ਕੀਤਾ। ਅਮਰੀਕੀ ਹਾਕਮਾਂ ਨੇ ਇਰਾਨ 'ਤੇ ਪਾਬੰਦੀਆਂ ਲਾ ਕੇ ਉਸ ਨੂੰ ਆਪਣੇ ਅੱਗੇ ਗੋਡਣੀਏ ਕਰਨਾ ਚਾਹਿਆ, ਪਰ ਉਹ ਵੀ ਇਸ ਅੱਗੇ ਅੜ ਗਿਆ- ਰੂਸ ਅਤੇ ਚੀਨ ਇਰਾਨ ਦੀ ਪਿੱਠ 'ਤੇ ਆਣ ਖੜ੍ਹੇ। ਹੁਣ ਅਮਰੀਕੀ ਹਾਕਮਾਂ ਨੇ ਸੋਚਿਆ ਸੀ ਕਿ ਖੁਦ ਅਮਰੀਕਾ ਵਿੱਚੋਂ ਅਤੇ ਇਸਦੇ ਪਿੱਠੂ ਅਰਬ ਮੁਲਕਾਂ ਵਿੱਚੋਂ ਆਪਣੀਆਂ ਤੇਲ ਕੰਪਨੀਆਂ ਰਾਹੀਂ ਹੀ ਬਹੁਤਾ ਤੇਲ ਪੈਦਾ ਕਰਕੇ ਉੱਚ-ਭਾਵਾਂ 'ਤੇ ਵੇਚ ਕੇ ਵੱਡੇ ਮੁਨਾਫੇ ਹਾਸਲ ਕੀਤੇ ਜਾਣ ਪਰ ਜਦੋਂ ਨੂੰ ਅਮਰੀਕੀ ਸਾਮਰਾਜੀਏ ਅਜਿਹਾ ਕੁੱਝ ਅਮਲ ਵਿੱਚ ਕਰਦੇ ਉਦੋਂ ਨੂੰ 'ਤੇਲ-ਯੁੱਧ' ਛੇੜ ਕੇ ਰੂਸ ਅਤੇ ਉਸਦੇ ਜੋਟੀਦਾਰਾਂ ਨੇ ਅਮਰੀਕੀ ਕਾਰਪੋਰੇਟਾਂ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਜੇਕਰ ਇਹ 'ਤੇਲ-ਯੁੱਧ' ਲੰਬੇ ਅਰਸੇ ਤੱਕ ਚੱਲ ਜਾਂਦਾ ਹੈ ਤਾਂ ਇਹ ਅਮਰੀਕਾ ਲਈ ਘਾਟੇਵੰਦੀ ਹਾਲਤ ਵਿੱਚ ਧੱਕੇ ਜਾਣਾ ਹੋਵੇਗਾ। ਇਸਦੇ ਕੁੱਝ ਕਾਰਨ ਹਨ। ਅਮਰੀਕੀ ਵਿੱਚ ਤੇਲ ਦਾ ਇੱਕ ਬੈਰਲ ਪੈਦਾ ਕਰਨ ਦਾ ਖਰਚਾ 60 ਡਾਲਰ ਹੈ ਜਦੋਂ ਕਿ ਰੂਸ ਦਾ ਖਰਚਾ 46 ਡਾਲਰ ਪ੍ਰਤੀ ਬੈਰਲ ਹੈ। ਸਾਊਦੀ ਅਰਬ ਵਿੱਚ ਕਈ ਥਾਵਾਂ 'ਤੇ ਇਹ 1 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਹੈ, ਜਦੋਂ ਕਿ ਔਸਤ ਵਿੱਚ ਇਹ ਅਮਰੀਕਾ ਤੇ ਰੂਸ ਨਾਲੋਂ ਕਿਤੇ ਘੱਟ (15 ਡਾਲਰ ਦੇ ਨਜ਼ਦੀਕ) ਹੈ। ਪਿਛਲੇ ਚਾਰ-ਪੰਜ ਸਾਲਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੋਣ ਕਰਕੇ ਸਾਊਦੀ ਅਰਬ ਕੋਲ ਵਿਦੇਸ਼ੀ ਮੁਦਰਾ ਦੇ ਕਾਫੀ ਭੰਡਾਰ ਹਨ ਤੇ ਉਹ ਰੂਸ, ਚੀਨ, ਪੂਰਬੀ-ਏਸ਼ੀਆ ਦੇ ਦੇਸ਼ਾਂ ਨੂੰ ਨਿਰਯਾਤ ਵਿੱਚ ਲਾਹੇ ਹੀ ਲਾਹੇ ਖੱਟੇਗਾ ਜਦੋਂ ਕਿ ਅਮਰੀਕਾ ਨੂੰ ਭਾਰੀ ਹਰਜ਼ੇ ਝੱਲਣੇ ਪੈਣਗੇ। ਇਸਦੇ ਨਾਲ ਹੀ ਇੱਕ ਹੋਰ ਪੱਖ ਇਹ ਸਾਹਮਣੇ ਆਇਆ ਹੈ ਕਿ ਹੁਣ ਸਾਊਦੀ ਅਰਬ ਵਿੱਚ ਤੇਲ ਦੇ ਹੋਰ ਭੰਡਾਰ ਮਿਲੇ ਹਨ।
ਅਮਰੀਕੀ ਫੌਜ ਦੀ ਅਫਗਾਨਿਸਤਾਨ ਅਤੇ ਇਰਾਕ ਵਿੱਚੋਂ ਵਾਪਸੀ ਮਹਿਜ਼ ਫੌਜਾਂ ਦੀ ਵਾਪਸੀ ਨਹੀਂ ਸੀ ਬਲਕਿ ਜਿੱਥੇ ਇਹ ਵਾਪਸੀ ਅਮਰੀਕੀ ਸਾਮਰਾਜੀਆਂ ਦੀ ਸਿਆਸੀ ਹਾਰ ਦੀ ਪ੍ਰਤੀਕ ਹੈ, ਉੱਥੇ ਇਹ ਕੁੱਝ ਉਸਦੀ ਆਰਥਿਕਤਾ ਦੇ ਸੁੰਗੇੜੇ ਦਾ ਵੀ ਪ੍ਰਤੀਕ ਬਣਦੀ ਹੈ। ਜਿਵੇਂ ਰੂਸ 1990ਵਿਆਂ ਤੋਂ ਬਾਅਦ ਆਪਣੀ ਮਹਾਂਸ਼ਕਤੀ ਦੀ ਹਸਤੀ ਗੁਆ ਬੈਠਿਆ ਸੀ, ਉਸੇ ਤਰ੍ਹਾਂ ਹੁਣ ਅਮਰੀਕੀ ਮਹਾਂਸ਼ਕਤੀ ਦੀ ਉਹ ਤਾਕਤ ਨਹੀਂ ਰਹੇਗੀ ਜਿਸਦੀਆਂ ਡੀਂਗਾਂ ਇਹ ਇਸ ਸਦੀ ਦੇ ਸ਼ੁਰੂ ਦੇ ਸਾਲਾਂ ਵਿੱਚ ''ਇਤਿਹਾਸ ਦਾ ਅੰਤ'' ਵਜੋਂ ਮਾਰਦੀ ਰਹੀ ਹੈ। ਮਹਾਂਸ਼ਕਤੀ ਦੇ ਤੌਰ 'ਤੇ ਭਾਵੇਂ ਅਮਰੀਕੀ ਸਾਮਰਾਜੀਆਂ ਦੀ ਹਸਤੀ ਕਾਫੀ ਲੰਬੇ ਸਮੇਂ ਤੱਕ ਬਣੀ ਰਹੇਗੀ ਪਰ ਇਹ ਖੁਰਦੀ ਖੁਰਦੀ ਸੰਸਾਰ ਵਿੱਚ ਲੰਮੇ ਸਮੇਂ ਦੀਆਂ ਘਰੇਲੂ ਜੰਗਾਂ ਦਾ ਸਿਲਸਿਲਾ ਛੱਡ ਜਾਵੇਗੀ। ਜਿਹੜਾ ਆਰਥਿਕ ਮੰਦਵਾੜਾ ਹੁਣ ਪਿਆ ਹੈ ਭਾਵੇਂ ਇਹ ਦੂਸਰੀ ਸੰਸਾਰ ਜੰਗ ਤੋਂ ਪਹਿਲਾਂ ਪਏ ਮੰਦਵਾੜੇ ਨਾਲੋਂ ਵੀ ਡੂੰਘਾ ਅਤੇ ਵਿਆਪਕ ਹੈ, ਪਰ ਇਹ ਅਜੇ ਜ਼ਰੂਰੀ ਨਹੀਂ ਕਿ ਸਾਮਰਾਜੀਆਂ ਦੀਆਂ ਆਪਸੀ ਜੰਗਾਂ ਵਿੱਚ, ਸੰਸਾਰ ਯੁੱਧ ਵਿੱਚ ਬਦਲ ਜਾਵੇ। ਪਰ ਇਹ ਸਾਮਰਾਜੀਏ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਆਪਣੇ ਕਬਜ਼ੇ ਬਣਾਈ ਰੱਖਣ ਅਤੇ ਮੁੜ-ਵੰਡ ਦੀ ਖਾਤਰ ਘਰੇਲੂ ਜੰਗਾਂ ਨੂੰ ਤਿੱਖਾ ਕਰਨਗੇ। ਦੁਨੀਆਂ ਦੇ ਵੱਖ ਹਿੱਸਿਆਂ ਵਿੱਚ ਤਿੱਖੀਆਂ ਹੋਈਆਂ ਘਰੇਲੂ ਜੰਗਾਂ ਜਾਂ ਤਾਂ ਇਨਕਲਾਬ ਲਈ ਵਿਆਪਕ ਆਧਾਰ ਸਿਰਜ ਦੇਣਗੀਆਂ ਜਾਂ ਫੇਰ ਇਨਕਲਾਬੀ ਲਹਿਰਾਂ ਹੀ ਤਿੱਖ ਅਖਤਿਆਰ ਕਰਦੀਆਂ ਹੋਈਆਂ ਘਰੇਲੂ ਜੰਗ ਨੂੰ ਹੂੰਝ ਕੇ ਰੱਖ ਦੇਣਗੀਆਂ। ਸਾਮਰਾਜੀਏ ਅਤੇ ਉਹਨਾਂ ਦੇ ਪਿੱਠੂ ਜਿੱਥੇ ਘਰੇਲੂ ਜੰਗਾਂ ਨੂੰ ਭਰਾ-ਮਾਰ ਪਿਛਾਖੜੀ ਜੰਗਾਂ ਵਿੱਚ ਬਦਲਣ ਲਈ ਤਹੂ ਰਹਿਣਗੇ, ਉੱਥੇ ਕਮਿਊਨਿਸਟ-ਇਨਕਲਾਬੀ, ਲੋਕ-ਪੱਖੀ ਅਤੇ ਅਗਾਂਹਵਧੂ ਸ਼ਕਤੀਆਂ ਨੂੰ ਚਾਹੀਦਾ ਹੈ ਕਿ ਉਹ ਘਰੇਲੂ ਜੰਗਾਂ ਨੂੰ ਇਨਕਲਾਬੀ ਜੰਗਾਂ ਵਿੱਚ ਢਾਲ ਕੇ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ-ਪਿੱਠੂਆਂ ਦੇ ਬਸਤੀਵਾਦੀ, ਨਵ-ਬਸਤੀਵਾਦੀ ਅਤੇ ਅਰਧ-ਜਾਗੀਰੂ ਰਾਜ-ਪ੍ਰਬੰਧਾਂ ਦੇ ਫਸਤੇ ਵੱਢ ਕੇ ਲੋਕ-ਜਮਹੂਰੀ ਰਾਜਾਂ ਦੀ ਸਿਰਜਣਾ ਕਰਨ ਦੇ ਰਾਹ ਆਪ ਤੁਰਨ ਅਤੇ ਲੋਕਾਂ ਨੂੰ ਇਸ ਰਾਹ ਤੋਰਨ।
0-0
ਚੀਨੀ ਸਾਮਰਾਜੀਆਂ ਨੇ ਭਾਰਤੀ ਹਾਕਮ ਭੰਨ ਕੇ ਚਰਨੀਂ ਸੁੱਟੇ
16 ਜੂਨ ਨੂੰ ਚੀਨ ਦੀ ਲੋਕ ਮੁਕਤੀ ਫੌਜ ਨੇ 20 ਭਾਰਤੀ ਫੌਜੀਆਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ। 6 ਅਫਸਰਾਂ ਅਤੇ 4 ਫੌਜੀਆਂ ਨੂੰ ਬੰਦੀ ਬਣਾ ਲਿਆ। ਭਾਰਤੀ ਫੌਜ ਅਤੇ ਇੱਥੋਂ ਦੇ ਹਾਕਮਾਂ ਨੇ ਫੜੇ ਗਏ ਇਹਨਾਂ ਫੌਜੀਆਂ ਅਤੇ ਅਫਸਰਾਂ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। 18 ਤਾਰੀਖ ਨੂੰ ਚੀਨ ਦੇ ਫੌਜੀ ਕਮਾਂਡਰਾਂ ਨਾਲ ਜਿਹੜੀ ਵਾਰਤਾਲਾਪ ਹੋਈ ਉਸ ਵਿੱਚ ਉਹਨਾਂ ਨੇ ਇਹਨਾਂ ਨੂੰ ਵਾਪਸ ਕੀਤਾ। ਕਮਾਲ ਦੀ ਗੱਲ ਹੈ ਕਿ 10 ਅਫਸਰ ਅਤੇ ਫੌਜੀ ਬੰਦੀ ਬਣਾਏ ਗਏ ਹੋਣ, ਭਾਰਤੀ ਹਾਕਮ ਉਹਨਾਂ ਦੇ ਲਾਪਤਾ ਹੋਣ ਦੀ ਗੱਲ ਵੀ ਨਹੀਂ ਸੀ ਕਰ ਰਹੇ। ਜਿਹੜੇ 20 ਮਾਰੇ ਗਏ ਉਹਨਾਂ ਸਬੰਧੀ ਜਿਹੜੇ ਬਿਆਨ ਭਾਰਤੀ ਪ੍ਰਧਾਨ ਮੰਤਰੀ ਨੇ ਦਿੱਤੇ ਹਨ, ਉਹ ਆਪਾ ਵਿਰੋਧੀ ਹਨ। ਉਹਨਾਂ ਤੱਤ ਇਹ ਹੈ ਕਿ ਭਾਰਤੀ ਹਾਕਮ ਇੱਕ ਤਰ੍ਹਾਂ ਨਾਲ ਚੀਨੀ ਹਾਕਮਾਂ ਕੋਲੋਂ ਖਿਮਾ ਜਾਚਨਾ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਦਫਤਰ ਨੇ ਜਿਹੜਾ ਬਿਆਨ ਦਿੱਤਾ ਉਹ ਇਹ ਸੀ, ''ਨਾ ਹਮਾਰੀ ਸੀਮਾ ਮੇਂ ਕੋਈ ਘੁਸ ਆਇਆ ਹੈ, ਔਰ ਨਾ ਹੀ ਕੋਈ ਘੁਸਾ ਹੂਆ ਹੈ, ਨਾ ਹੀ ਹਮਾਰੀ ਕੋਈ ਪੋਸਟ ਕਿਸੀ ਕੇ ਕਬਜ਼ੇ ਮੇਂ ਹੈ।'' ਜੇਕਰ ਕੋਈ ਭਾਰਤੀ ਖੇਤਰ ਵਿੱਚ ਆਇਆ ਹੀ ਨਹੀਂ, ਨਾ ਹੁਣ ਉੱਥੇ ਕਾਬਜ਼ ਹੈ ਨਾ ਹੀ ਕੋਈ ਭਾਰਤੀ ਚੌਕੀ ਕਿਸੇ ਦੇ ਕਬਜ਼ੇ ਵਿੱਚ ਹੈ ਤਾਂ ਫੇਰ ਜਿਹੜੇ 20 ਭਾਰਤੀ ਫੌਜੀ ਮਾਰੇ ਗਏ, ਉਹ ਕਿਵੇਂ ਮਰ ਗਏ? ਕੀ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ? ਜਾਂ ਆਪਸ ਵਿਚੀਂ ਲੜ ਕੇ ਹੀ ਮਰ ਗਏ? ਜਾਂ ਜਿਹੜੇ 10 ਚੀਨੀ ਲੋਕ ਮੁਕਤੀ ਫੌਜ ਦੇ ਕਬਜ਼ੇ ਵਿੱਚ ਚਲੇ ਗਏ, ਉਹਨਾਂ ਨੇ ਮਾਰੇ ਸਨ? ਭਾਰਤੀ ਹਾਕਮਾਂ ਕੋਲ ਅਜਿਹੇ ਸਵਾਲਾਂ ਦਾ ਕੋਈ ਜਵਾਬ ਨਹੀਂ। ਉਂਝ ਇਹ ਫੋਕੀਆਂ ਬੜਕਾਂ ਬਾਅਦ ਵਿੱਚ ਵੀ ਬਥੇਰੀਆਂ ਮਾਰਦੇ ਰਹੇ ਹਨ- ''ਭਾਰਤੀ ਫੌਜੀ ਚੀਨੀ ਫੌਜੀਆਂ ਨੂੰ ਰੋਕਦੇ, ਟੋਕਦੇ ਹਨ'', ''ਭਾਰਤੀ ਫੌਜੀ ਮਾਰਤੇ ਮਾਰਤੇ ਮਰੇ ਹੈਂ।'' ''ਕੋਈ ਤਾਕਤ ਭਾਰਤੀ ਜ਼ਮੀਨ ਦਾ ਇੱਕ ਇੰਚ ਹਿੱਸਾ ਵੀ ਨਹੀਂ ਦੱਬ ਸਕਦੀ।'' ਆਦਿ ਆਦਿ।
ਚੀਨ ਦੀ ਲੋਕ ਮੁਕਤੀ ਫੌਜ ਨੇ ਜਿਹੜੇ 20 ਭਾਰਤੀ ਫੌਜੀ ਮਾਰੇ ਹਨ, ਇਹ ਕੁੱਝ ਇੱਕ ਲੜੀ ਦਾ ਹਿੱਸਾ ਹੈ ਜਿਹੜੀ ਪਿਛਲੇ ਤਕਰੀਬਨ ਡੇਢ ਸਾਲ ਤੋਂ ਚੱਲਦੀ ਆ ਰਹੀ ਹੈ। 6 ਮਈ ਨੂੰ ਚੀਨੀ ਲੋਕ ਮੁਕਤੀ ਫੌਜ ਦੇ ਗੁਰੀਲਿਆਂ ਨੇ ਉਸ ਇਲਾਕੇ ਵਿੱਚ ਕਾਬਜ਼ ਹੋਣ ਗਈ ਭਾਰਤੀ ਫੌਜ ਦੀ ਇੱਕ ਟੁਕੜੀ ਨੂੰ ਅਸਲ ਕੰਟਰੋਲ ਰੇਖਾ ਤੋਂ ਚੀਨ ਵਿੱਚ ਦਾਖਲ ਹੋਣ 'ਤੇ ਚੁੱਕ ਕੇ ਬਾਹਰ ਮਾਰਿਆ ਸੀ। ਚੀਨ ਅਤੇ ਭਾਰਤੀ ਹਾਕਮਾਂ ਦਰਮਿਆਨ ਪਿਛਲੇ ਅਰਸੇ ਵਿੱਚ ਇੱਕ ਸੰਧੀ ਹੋਈ ਹੋਈ ਸੀ ਜਿਸ ਵਿੱਚ ਇਹ ਤਹਿ ਹੋਇਆ ਸੀ ਕਿ ਸਰਹੱਦ 'ਤੇ ਤਾਇਨਾਤ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਪਣੇ ਕੋਲ ਕੋਈ ਬਾਰੂਦੀ ਹਥਿਆਰ ਨਹੀਂ ਰੱਖਣਗੀਆਂ। ਇਸਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਐਵੇਂ ਕਿਸੇ ਵੀ ਗਲਤਫਹਿਮੀ ਵਿੱਚੋਂ ਹੋਏ ਝਗੜੇ ਦੌਰਾਨ ਕਿਤੇ ਜ਼ਿਆਦਾ ਨੁਕਸਾਨ ਨਾ ਹੋ ਜਾਵੇ।
ਪਿਛਲੇ 6 ਸਾਲਾਂ ਦੇ ਅਰਸੇ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ 18 ਵਾਰ ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ ਨੂੰ ਮਿਲਿਆ ਹੈ। ਇਹ ਮਿਲਣੀਆਂ ਨਾ ਕੋਈ ਮੌਕਾ-ਮੇਲ ਸਨ ਅਤੇ ਹੀ ਕੋਈ ਸ਼ੁਗਲ-ਮੇਲਾ। ਇਹ ਕੁੱਝ ਉਸ ਬਾਹਰਮੁਖੀ ਹਾਲਤ ਦੀ ਲੋੜ ਵਿੱਚੋਂ ਉਪਜੀ ਲੋੜ ਸੀ, ਜਿਹੜੀ ਭਾਰਤੀ ਹਾਕਮਾਂ ਨੂੰ ਦੋ-ਚਿਤੀ ਵਿੱਚ ਪਾ ਰਹੀ ਸੀ। ਚੀਨ ਆਰਥਿਕ ਖੇਤਰ ਵਿੱਚ ਜਿਵੇਂ ਵਧਦਾ ਜਾ ਰਿਹਾ ਸੀ, ਉਸ ਵਿੱਚੋਂ ਅਮਰੀਕੀ ਹਾਕਮਾਂ ਨੂੰ ਆਪਣੀ ਸੰਸਾਰ ''ਮਹਾਂਸ਼ਕਤੀ'' ਵਾਲੀ ਹੈਸੀਅਤ ਖੁਰਦੀ ਨਜ਼ਰ ਆ ਰਹੀ ਸੀ। ਪਿਛਲੇ ਦਹਾਕਿਆਂ ਵਿੱਚ ਭਾਰਤੀ ਹਾਕਮਾਂ ਦੀ ਬਹੁਤੀ ਨਿਰਭਰਤਾ ਅਮਰੀਕੀ ਸਾਮਰਾਜੀਆਂ ਦੀ ਮਿਹਰ 'ਤੇ ਨਿਰਭਰ ਕਰਦੀ ਸੀ। ਅਮਰੀਕੀ ਸਾਮਰਾਜੀਆਂ ਨੇ ਪਿਛਲੇ ਡੇਢ-ਦੋ ਸਾਲਾਂ ਤੋਂ ਚੀਨ ਨਾਲ 'ਆਰਥਿਕ ਯੁੱਧ' ਛੇੜਿਆ ਹੋਇਆ ਸੀ। ਪਰ ਜਿਵੇਂ ਅਮਰੀਕੀ ਆਰਥਿਕਤਾ ਲਗਾਤਾਰ ਡੁੱਬਦੀ ਜਾ ਰਹੀ ਹੈ, ਇਸ ਵਿੱਚੋਂ ਭਾਰਤੀ ਹਾਕਮਾਂ ਨੂੰ ਸੰਸੇ ਪਏ ਹੋਏ ਸਨ, ਹੁਣ ਕੀਤਾ ਕੀ ਜਾਵੇ? ਕੀ ਸਿਰਫ ਡੁੱਬਦੇ ਬੇੜੇ ਦੇ ਸਵਾਰ ਬਣ ਕੇ ਰਿਹਾ ਜਾਵੇ ਜਾਂ ਛਾਲ ਮਾਰ ਕੇ ਕਿਸੇ ਹੋਰ ਵਿੱਚ ਸਵਾਰ ਹੋਇਆ ਜਾਵੇ? ਚੀਨੀ ਹਾਕਮਾਂ ਨਾਲ ਭਾਰਤੀ ਹਾਕਮਾਂ ਨੇ ਵਾਅਦੇ ਕੀਤੇ ਸਨ ਕਿ ਇਹ ਕਿਸੇ ਵੀ ਫੌਜੀ ਗੁੱਟ ਵਿੱਚ ਸ਼ਾਮਲ ਨਹੀਂ ਹੋਣਗੇ, ਇਹ ਗੁੱਟਨਿਰਲੇਪਤਾ ਵਿੱਚ ਬਣੇ ਰਹਿਣਗੇ।
ਪਰ ਅਮਰੀਕੀ ਸਾਮਰਾਜੀਆਂ ਦੀ ਫੁੱਟੀ ਅੱਖ ਨੂੰ ਭਾਰਤ-ਚੀਨ ਦੇ ਹਾਕਮਾਂ ਦਾ ਸਹਿਯੋਗ ਉੱਕਾ ਹੀ ਨਹੀਂ ਸੀ ਭਾਉਂਦਾ। ਹੁਣ ਜਦੋਂ ਰੂਸ ਅਤੇ ਸਾਊਦੀ ਅਰਬ ਨੇ ਅਮਰੀਕੀ ਸਾਮਰਾਜੀਆਂ ਦੇ ਖਿਲਾਫ ਮਾਰਚ ਦੇ ਦੂਸਰੇ ਹਫਤੇ 'ਤੇਲ ਜੰਗ' ਛੇੜ ਦਿੱਤੀ ਤਾਂ ਅਮਰੀਕੀ ਕਾਰਪੋਰੇਟ ਖੇਤਰ ਧੜਾਧੜ ਨਿਵਾਂਣਾਂ ਵਿੱਚ ਧੱਕਿਆ ਗਿਆ। ਇਹਨਾਂ ਨੇ ਆਪਣੇ ਆਰਥਿਕ ਸੰਕਟ ਦਾ ਭਾਰ ਭਾਰਤ ਸਮੇਤ ਦੁਨੀਆਂ ਦੇ ਦੱਬੇ-ਕੁਚਲੇ ਦੇਸ਼ਾਂ ਦੇ ਲੋਕਾਂ 'ਤੇ ਹੋਰ ਵਧੇਰੇ ਸੁੱਟਣਾ ਸ਼ੁਰੂ ਕਰ ਦਿੱਤਾ ਅਤੇ ਅਮਰੀਕੀ ਹਾਕਮਾਂ ਨੇ ਭਾਰਤੀ ਹਾਕਮਾਂ 'ਤੇ ਇਹ ਦਬਾਅ ਵਧਾਇਆ ਕਿ ਇਹ ਚੀਨ ਦੇ ਖਿਲਾਫ ਅਮਰੀਕੀ ਯੁੱਧਨੀਤੀ ਦਾ ਹਿੱਸਾ ਬਣ ਕੇ ਚੀਨ ਦੇ ਵਧਦੇ ਪਸਾਰ ਨੂੰ ਰੋਕਣ ਲਈ ਅਮਰੀਕੀ ਸਾਮਰਾਜੀਆਂ ਦਾ ਹੱਥਠੋਕਾ ਬਣੇ। ਇਸ ਸਬੰਧ ਵਿੱਚ ਮੋਦੀ ਹਕੂਮਤ ਨੇ ਅਮਰੀਕੀ ਹਾਕਮਾਂ ਦੀ ਤਾਬੇਦਾਰੀ ਵਧਾ ਦਿੱਤੀ। ਇਸ ਨੇ ਨਾ ਸਿਰਫ ਜੰਮੂ-ਕਸ਼ਮੀਰ ਦੇ ਟੋਟੇ ਕਰਕੇ ਉਸ ਨੂੰ ਆਪਣੇ ਸਿੱਧੇ ਫੌਜੀ ਕਬਜ਼ੇ ਵਿੱਚ ਲਿਆ ਬਲਕਿ ਇਸ ਨੇ ਅਮਰੀਕੀ ਗੁੱਟ ਨਾਲ ਮਿਲ ਕੇ ਆਸਟਰੇਲੀਆ ਨਾਲ ਮਿਲ ਕੇ ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਅਤੇ ਕਾਰੋਬਾਰ ਦੀ ਰਾਖੀ ਕਰਨ ਦਾ ਠੇਕਾ ਵੀ ਲੈ ਲਿਆ। ਚੀਨ 'ਤੇ ਦਬਾਅ ਬਣਾਉਣ ਦੀ ਖਾਤਰ ਪਹਾੜੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਦੋ ਬਟਾਲੀਅਨਾਂ ਕਾਇਮ ਕੀਤੀਆਂ ਜਿਹਨਾਂ ਦੀ ਫੌਜੀ ਨਫਰੀ 30 ਹਜ਼ਾਰ ਬਣਦੀ ਹੈ। ਚੀਨੀ ਸਾਮਰਾਜੀਆਂ ਦੇ ਪੱਖ ਵਿੱਚ ਖੜ੍ਹਨ ਕਰਕੇ ਪਾਕਿਸਤਾਨ 'ਤੇ ਧੌਂਸਬਾਜ਼ 'ਸਰਜੀਕਲ ਸਟਰਾਈਕ' ਵਰਗੇ ਹਮਲੇ ਕਰਕੇ ਅਤੇ ਨਿਪਾਲ ਦੀ ਸੀਮਾ ਵਿੱਚ ਤੋੜ-ਮਰੋੜ ਕਰਨੀ ਸ਼ੁਰੂ ਕੀਤੀ। ਦੱਖਣੀ ਚੀਨ ਸਮੁੰਦਰੀ ਖੇਤਰ ਦੇ ਮਾਮਲਿਆਂ ਵਿੱਚ ਭਾਰਤੀ ਹਾਕਮਾਂ ਨੇ ਅਮਰੀਕੀ ਹਾਕਮਾਂ ਦੀ ਬੋਲੀ ਬੋਲਣੀ ਸ਼ੁਰੂ ਕੀਤੀ।
ਭਾਰਤੀ ਹਾਕਮਾਂ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਕੀਤੀ ਜਾ ਰਹੀ ਵਧੇਰੇ ਚਾਕਰੀ ਨੂੰ ਠੱਲ੍ਹ ਪਾਉਣ ਲਈ ਚੀਨੀ ਹਾਕਮਾਂ ਨੇ ਆਪਣੀਆਂ ਫੌਜੀ ਤਿਆਰੀਆਂ ਨੂੰ ਤਿੱਖਾ ਕੀਤਾ। ਉਹਨਾਂ ਨੇ ਚੀਨ ਦੇ ਦੱਖਣ-ਪੱਛਮੀ ਖੇਤਰਾਂ ਵਿੱਚ ਭਾਰੀ ਫੌਜੀ ਜਮਾਵੜਾ ਖੜ੍ਹਾ ਕੀਤਾ। ਉਹਨਾਂ ਨੂੰ ਖਦਸ਼ਾ ਸੀ ਕਿ ਭਾਰਤੀ ਹਾਕਮ ਅਮਰੀਕੀ ਸਾਮਰਾਜੀਆਂ ਦੇ ਇਸ਼ਾਰਿਆਂ 'ਤੇ ਚੀਨ ਨਾਲ ਕੋਈ ਨਾ ਕੋਈ ਇੱਟ-ਖੜਿੱਕਾ ਲੈ ਸਕਦੇ ਹਨ ਤੇ ਹੋਇਆ ਵੀ ਇਸੇ ਹੀ ਤਰ੍ਹਾਂ। ਭਾਰਤੀ ਹਾਕਮਾਂ ਨੇ ਜਿੱਥੇ ਪਾਕਿਸਤਾਨ ਅਤੇ ਨਿਪਾਲ ਦੇ ਖਿਲਾਫ ਆਪਣੀਆਂ ਫੌਜੀ ਮਸ਼ਕਾਂ ਦੀ ਰਫਤਾਰ ਵਧਾਈ, ਉੱਥੇ ਇਹਨਾਂ ਨੇ ਚੀਨ ਦੇ ਖਿਲਾਫ 4 ਥਾਵਾਂ 'ਤੇ ਫੌਜੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਚੀਨੀ ਫੌਜ ਨੇ ਉੱਥੇ ਦੇ ਸਾਮਰਾਜੀ ਮਾਲਕਾਂ ਦੇ ਇਸ਼ਾਰਿਆਂ 'ਤੇ ਪੂਰੀ ਮੁਸ਼ਤੈਦੀ ਨਾਲ ਭਾਰਤੀ ਹਾਕਮਾਂ ਨੂੰ ਸਬਕ ਸਿਖਾਉਣ ਦੀ ਠਾਣ ਰੱਖੀ ਸੀ। ਪਹਿਲਾਂ ਪਹਿਲਾਂ ਉਹਨਾਂ ਨੇ ਗੱਲਬਾਤ ਨਾਲ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ। 6 ਮਈ ਨੂੰ ਭਾਰਤੀ ਫੌਜੀਆਂ ਨੂੰ ਚੁੱਕ ਕੇ ਚੀਨੀ ਕਬਜ਼ੇ ਵਾਲੇ ਖੇਤਰ ਵਿੱਚੋਂ ਚੁੱਕ ਕੇ ਬਾਹਰ ਕੱਢ ਮਾਰਿਆ ਸੀ ਤੇ ਆਖਰ ਫੌਜੀ ਕਮਾਂਡਰਾਂ ਦੇ ਪੱਧਰ 'ਤੇ ਚੱਲਦੀ ਗੱਲਬਾਤ ਦੌਰਾਨ ਹੀ ਚੀਨ ਵਿੱਚ ਦਖਲਅੰਦਾਜੀ ਕਰਨ ਦੀ ਹਿਮਾਕਤ ਕਰਨ ਦੇ ਯਤਨ ਕੀਤੇ। ਚੀਨੀ ਲਾਲ ਫੌਜ ਨੂੰ ਪਤਾ ਸੀ ਕਿ ਭਾਰਤੀ ਫੌਜ ਇਸ ਸਮੇਂ ਕੋਈ ਕਾਰਸ਼ਤਾਨੀ ਕਰ ਸਕਦੀ ਹੈ। ਇਸ ਕਰਕੇ ਉਹਨਾਂ ਨੇ ਪੂਰੀ ਗੁਰੀਲਾ ਯੁੱਧਨੀਤੀ ਅਖਤਿਆਰ ਕੀਤੀ। ਉਹਨਾਂ ਨੇ 14-15 ਜੂਨ ਨੂੰ ਆਪਣੀਆਂ ਫੌਜਾਂ ਪਿੱਛੇ ਉੱਚੇ ਪਹਾੜਾਂ, ਗੁਫਾਵਾਂ ਅਤੇ ਕੂਹਣੀ ਮੋੜਾਂ 'ਤੇ ਤਾਇਨਾਤ ਕੀਤਾ। ਭਾਰਤੀ ਫੌਜ ਨੂੰ ਇਉਂ ਲੱਗਿਆ ਕਿ ਮੈਦਾਨ ਖਾਲੀ ਪਿਆ ਹੈ, ਕਿਉਂ ਨਾ ਗਲਵਾਨ ਵਾਦੀ ਵਿੱਚ ਹੁਣੇ ਹੀ ਘੁਸ ਕੇ ਆਪਣਾ ਕਬਜ਼ਾ ਪੱਕਾ ਕਰ ਲਿਆ ਜਾਵੇ। ਜਿਵੇਂ ਹੀ ਭਾਰਤੀ ਫੌਜ ਚੀਨੀ ਲੋਕ ਮੁਕਤੀ ਦੀ ਮਾਰ ਵਿੱਚ ਆ ਗਈ ਤਾਂ ਉਹਨਾਂ ਨੇ ਉੱਚੇ ਪਹਾੜਾਂ ਤੋਂ ਪੱਥਰ ਸੁੱਟ ਸੁੱਟ ਕੇ ਅਤੇ ਬਾਅਦ ਵਿੱਚ ਡਾਂਗਾਂ-ਸੋਟਿਆਂ ਨਾਲ ਕੁੱਟ ਕੁੱਟ ਕੇ ਭਾਰਤੀ ਫੌਜ ਨੂੰ ਮਾਰ ਸੁੱਟਣ ਦੀ ਯੁੱਧਨੀਤੀ ਅਖਤਿਆਰ ਕੀਤੀ। ਅਨੇਕਾਂ ਭਾਰਤੀ ਫੌਜੀ ਪੱਥਰਬਾਜ਼ੀ ਅਤੇ ਕੁੱਟਮਾਰ ਨਾਲ ਮਾਰੇ ਗਏ ਅਤੇ ਕਿੰਨੇ ਹੀ ਗਲਵਾਨ ਦਰਿਆ ਵਿੱਚ ਡੁੱਬ ਕੇ ਮਰ ਗਏ। ਚੀਨੀ ਫੌਜੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਨਸ਼ਰ ਨਹੀਂ ਹੋਈਆਂ, ਪਰ ਬਾਅਦ ਵਿੱਚ ਚੀਨੀ ਸਫਾਰਤਖਾਨੇ ਨੇ ਕੁੱਝ ਮੌਤਾਂ ਹੋ ਸਕਣ ਦੀ ਸੰਭਾਵਨਾ ਪਰਗਟ ਕੀਤੀ ਸੀ।
ਅਮਰੀਕੀ ਸਾਮਰਾਜੀਆਂ ਨੇ ਚੀਨ-ਭਾਰਤ ਸਰਹੱਦੀ ਝਗੜੇ ਨੂੰ ਤੂਲ ਦੇਣ ਲਈ ਪੂਰਾ ਟਿੱਲ ਲਾਇਆ। 6 ਮਈ ਦੀਆਂ ਘਟਨਾਵਾਂ ਮਗਰੋਂ ਉਸ ਨੇ ਹਾਲਾਤ ਨੂੰ ਸਿਰੇ ਦੇ ਖੌਫਨਾਕ ਬਣਾ ਕੇ ਪੇਸ਼ ਕੀਤਾ ਅਤੇ ਬਿਨ ਬੁਲਾਏ ਹੀ ਟਰੰਪ ਪਰਸ਼ਾਸਨ ਵੱਲੋਂ ਵਿਚੋਲਗਿਰੀ ਦੀ ਪੇਸ਼ਕਸ਼ ਕਰ ਦਿੱਤੀ ਗਈ। ਜਦੋਂ ਅਮਰੀਕੀ ਹਾਕਮਾਂ ਨੂੰ ਲੱਗਿਆ ਕਿ ਭਾਰਤੀ ਹਾਕਮ ਚੀਨ ਵੱਲੋਂ ਘੇਰੇ ਜਾ ਸਕਦੇ ਹਨ ਤਾਂ ਉਸ ਨੇ ਹਿੰਦ-ਚੀਨ ਸਰਹੱਦੀ ਝਗੜੇ ਨੂੰ ਆਧਾਰ ਬਣਾ ਕੇ ਹਿੰਦਮਹਾਂਸਾਗਰ ਵਿੱਚ ਆਪਣੀਆਂ ਸਮੁੰਦਰੀ ਫੌਜਾਂ ਦੀ ਗਿਣਤੀ ਵਧੇਰੇ ਕਰਕੇ ਭਾਰਤੀ ਹਾਕਮਾਂ ਨੂੰ ਚੀਨ ਖਿਲਾਫ ਡਟੇ ਰਹਿਣ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਨੇ ਬਿਨਾ ਕਿਸੇ ਵੀ ਤਰ੍ਹਾਂ ਦੀ ਜਾਂਚ ਪੜਤਾਲ ਤੋਂ ਕੌਮਾਂਤਰੀ ਮੰਚਾਂ 'ਤੇ ਭਾਰਤੀ ਹਾਕਮਾਂ ਦਾ ਪੱਖ ਪੂਰਨਾ ਸ਼ੁਰੂ ਕੀਤਾ। ਭਾਰਤੀ ਹਾਕਮਾਂ ਨੇ ਆਪਣੀਆਂ ਜਲ, ਥਲ ਅਤੇ ਹਵਾਈ ਸੈਨਾਵਾਂ ਦੀਆਂ ਗਸ਼ਤਾਂ ਵਧਾ ਕੇ ਚੀਨ ਨਾਲ ਹਰ ਹਾਲ ਟੱਕਰਨ ਦੇ ਦਮਗਜ਼ੇ ਮਾਰੇ। ਪਰ ਇਹਨਾਂ ਦੇ ਦਮਗਜ਼ੇ ਫੋਕੀਆਂ ਟਾਹਰਾਂ ਹੀ ਸਨ।
ਭਾਰਤੀ ਹਾਕਮ ਚੀਨ ਨਾਲ ਕਈ ਫਰੰਟਾਂ 'ਤੇ ਯੁੱਧ ਦੇ ਮੋਰਚੇ ਨਹੀਂ ਖੋਲ੍ਹਣੇ ਚਾਹੁੰਦੇ। ਇਸਦਾ ਕਾਰਨ ਇਹ ਹੈ ਕਿ ਉੱਤਰ-ਪੂਰਬ ਵਿੱਚ ਜਿੱਥੇ ਭਾਰਤੀ ਹਾਕਮਾਂ ਨੂੰ ਨਾਗਾਲੈਂਡ ਵਿਚਲੇ ਬਾਗੀ ਧੜਿਆਂ ਨਾਲ ਯੁੱਧਬੰਦੀ ਵਰਗੇ ਸਮਝੌਤੇ ਕਰਨੇ ਪਏ ਹਨ, ਉੱਥੇ ਹੁਣ ਜੰਮੂ-ਕਸ਼ਮੀਰ ਦੀ ਸਥਿਤੀ ਵਿਸਫੋਟਕ ਬਣੀ ਹੋਈ ਹੈ। ਇਸ ਕਰਕੇ ਭਾਰਤੀ ਹਾਕਮ ਹਾਲ ਦੀ ਘੜੀ ਚੀਨੀ ਸਾਮਰਾਜੀਆਂ ਦੇ ਚਰਨੀਂ ਢਹਿਣ ਨੂੰ ਪਹਿਲ ਦੇ ਸਕਦੇ ਹਨ। ਜੇਕਰ ਹਿੰਦ-ਚੀਨ ਜੰਗ ਚੱਲ ਪੈਂਦੀ ਹੈ ਤਾਂ ਚੀਨ ਨੂੰ ਤਾਂ ਭਾਰਤ ਵਿੱਚ ਆਪਣੀਆਂ ਫੌਜਾਂ ਭੇਜਣ ਦੀ ਲੋੜ ਸ਼ਾਇਦ ਨਾ ਪਵੇ ਜਦੋਂ ਕਿ ਜੰਮੂ-ਕਸ਼ਮੀਰ ਦੇ ਬਾਗੀਆਂ ਦੀ ਆਰਥਿਕ ਅਤੇ ਫੌਜੀ ਮੱਦਦ ਹੀ ਭਾਰਤੀ ਹਾਕਮਾਂ ਨੂੰ ਮਹਿੰਗੀ ਪੈ ਸਕਦੀ ਹੈ। ਭਾਰਤੀ ਹਾਕਮ ਇਸ ਸਮੇਂ ਚੀਨ ਨਾਲ ਕਿਸੇ ਵੀ ਤਰ੍ਹਾਂ ਦੀ ਲੰਮੀ ਜੰਗ ਕਰ ਸਕਣ ਦੀ ਹਾਲਤ ਵਿੱਚ ਨਹੀਂ ਹਨ। ਇਸ ਸਮੇਂ ਫੌਜੀ ਸ਼ਕਤੀ ਦੇ ਪੱਖੋਂ ਭਾਵੇਂ ਅਮਰੀਕੀ ਸਾਮਰਾਜੀਏ ਵੱਡੀ ਤਾਕਤ ਹਨ, ਉਹਨਾਂ ਦਾ ਫੌਜੀ ਬੱਜਟ 732 ਅਰਬ ਡਾਲਰ ਸਾਲਾਨਾ ਦਾ ਹੈ। ਦੂਸਰੇ ਨੰਬਰ ਦੀ ਫੌਜੀ ਤਾਕਤ ਚੀਨ ਹੈ ਉਸਦਾ ਫੌਜੀ ਬੱਜਟ 261 ਅਰਬ ਡਾਲਰ ਦਾ ਹੈ। ਚੀਨ ਦੇ ਮੁਕਾਬਲੇ ਭਾਰਤ ਦਾ ਫੌਜੀ ਬੱਜਟ ਸਿਰਫ 71 ਅਰਬ ਡਾਲਰ ਦਾ ਹੈ। ਚੀਨ ਦੀ ਫੌਜੀ ਨਫਰੀ ਭਾਰਤ ਤੋਂ ਕਿਤੇ ਵਧੇਰੇ ਹੈ। ਭਾਰਤ ਨੇ 2017 ਵਿੱਚ ਡੋਕਲਾਮ ਵਿੱਚ ਫੌਜੀ ਦਖਲਅੰਦਾਜ਼ੀ ਕਰਕੇ ਚੀਨ ਨਾਲ ਆਢਾ ਲਾਉਣ ਦੀ ਹਿਮਾਕਤ ਕੀਤੀ ਸੀ, ਪਰ ਚੀਨ ਨੇ ਉੋਦੰ ਵੀ ਭਾਰਤ ਦਮਗਜ਼ਿਆਂ ਦੀ ਫੂਕ ਕੱਢ ਦਿੱਤੀ ਸੀ।
ਭਾਵੇਂ ਭਾਰਤੀ ਹਾਕਮਾਂ ਦਾ ਭਾਰੂ ਧੜਾ ਅਜੇ ਵੀ ਅਮਰੀਕਾ ਪੱਖੀ ਗੁੱਟ ਨਾਲ ਰਲ ਕੇ ਚੱਲਣ ਦੀ ਨੀਤੀ 'ਤੇ ਚੱਲ ਰਿਹਾ ਹੈ ਪਰ ਭਾਰਤੀ ਹਾਕਮ ਜਮਾਤਾਂ ਵਿੱਚ ਇਹ ਖਦਸ਼ੇ ਖੜ੍ਹੇ ਹੀ ਰਹਿ ਰਹੇ ਹਨ ਕਿ ਕੀ ਅਮਰੀਕਾ ਆਪਣੇ ਆਰਥਿਕ ਸੰਕਟ ਵਿੱਚੋਂ ਨਿਕਲ ਕੇ ਭਾਰਤ ਦੀ ਡੁੱਬ ਰਹੀ ਆਰਥਿਕਤਾ ਨੂੰ ਕੋਈ ਠੁੰਮਣਾ ਦੇ ਵੀ ਸਕੇਗਾ ਕਿ ਨਹੀਂ। ਜਦੋਂ ਮੋਦੀ ਨੇ ਟਰੰਪ ਦੇ ਆਖੇ ਤੋਂ ਭਾਰਤ ਵਿੱਚੋਂ ਮਲੇਰੀਏ ਦੀ ਕਲੋਰੋਕੁਇਨ ਦਵਾਈ ਅਮਰੀਕਾ ਲਈ ਬੰਦ ਕਰ ਦਿੱਤੀ ਸੀ ਤਾਂ ਇਸ ਦੇ ਪਿੱਛੇ ਵੀ ਮੋਦੀ ਹਕੂਮਤ ਦੇ ਖਦਸ਼ੇ ਕੰਮ ਕਰਦੇ ਸਨ ਕਿ ਕੀ ਸਿਰਫ ਅਮਰੀਕੀ ਗੁੱਟ ਨਾਲ ਜੁੜ ਕੇ ਹੀ ਚੱਲਿਆ ਜਾਵੇ ਜਾਂ ਕੋਈ ਹੋਰ ਰਸਤਾ ਅਖਤਿਆਰ ਕੀਤਾ ਜਾਵੇ। ਪਰ ਜਦੋਂ ਟਰੰਪ ਪਰਸ਼ਾਸਨ ਨੇ ਮੋਦੀ ਹਕੂਮਤ ਦੀ ਬਾਂਹ ਨੂੰ ਮਰੋੜਾ ਦਿੱਤਾ ਤਾਂ ਇਹ ਉਸ ਅੱਗੇ ਝੁਕ ਗਈ। ਬਾਅਦ ਵਿੱਚ ਭਾਰਤੀ ਹਾਕਮਾਂ ਨੇ ਚੀਨ ਨਾਲ ਵਪਾਰ ਦੇ ਚੱਲ ਰਹੇ ਸਮਝੌਤਿਆਂ ਨੂੰ ਤੋੜ ਕੇ ਅਮਰੀਕੀ ਕੰਪਨੀਆਂ ਨੂੰ ਤਰਜੀਹ ਦੇਣ ਦੇ ਐਲਾਨ ਕੀਤੇ ਹਨ। ਹੁਣ ਵੀ ਭਾਵੇਂ ਟਰੰਪ ਪਰਸ਼ਾਸਨ ਮੋਦੀ ਹਕੂਮਤ ਦੀ ਪੂਰੀ ਤਰ੍ਹਾਂ ਪਿੱਠ ਥਾਪੜਨ ਦੇ ਐਲਾਨ ਕਰ ਰਿਹਾ ਹੈ, ਪਰ ਭਾਰਤੀ ਹਾਕਮਾਂ ਵਿੱਚ ਇਹ ਧੁੜਕੂ ਹੈ ਕਿ ਕੀ ਅਮਰੀਕੀ ਸਾਮਰਾਜੀਏ ਇਸਦੀ ਬੇੜੀ ਨੂੰ ਬੰਨੇ ਲਾ ਵੀ ਦੇਣਗੇ ਕਿ ਨਹੀਂ। ਇਹੀ ਵਜਾਹ ਹੈ ਕਿ ਆਪਣੇ 20 ਫੌਜੀ ਮਰਵਾ ਕੇ ਵੀ ਭਾਰਤੀ ਹਾਕਮ ਚੀਨੀ ਸਾਮਰਾਜੀਆਂ ਦੀ ਚਾਕਰੀ ਕਰਨ ਵਿੱਚ ਲੱਗੇ ਹੋਏ ਹਨ। ਅਮਰੀਕੀ ਸਾਮਰਾਜੀਆਂ ਨੇ ਭਾਰਤੀ ਹਾਕਮਾਂ ਨੂੰ ਇੱਕ ਹੋਰ ਪੱਖੋਂ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਚੀਨ ਨੂੰ ਬਾਹਰ ਰੱਖ ਕੇ ਰੂਸ ਅਤੇ ਅਮਰੀਕਾ ਸਮੇਤ ਕਾਇਮ ਕੀਤੇ ਜਾਣ ਵਾਲੇ 12 ਦੇਸ਼ਾਂ ਦੇ ਗਰੁੱਪ ਵਿੱਚ ਸ਼ਾਮਲ ਕਰ ਲਵੇਗਾ। ਪਰ ਅਮਰੀਕੀ ਸਾਮਰਾਜੀਆਂ ਦੀ ਇਹ ਚਾਲ ਰੂਸੀ ਸਾਮਰਾਜੀਆਂ ਹੀ ਇਹ ਕਹਿ ਕੇ ਨਾਕਾਮ ਕਰ ਦਿੱਤੀ ਕਿ ਉਹ ਚੀਨ ਤੋਂ ਬਿਨਾ ਕਿਸੇ ਵੀ ਕਿਸਮ ਦੇ ਆਰਥਿਕ ਗਰੁੱਪ ਦੀ ਹੋਂਦ ਨੂੰ ਕਿਆਸ ਵੀ ਨਹੀਂ ਕਰ ਸਕਦੇ। ਇਸ ਸਮੇਂ ਅਮਰੀਕੀ ਸਾਮਰਾਜੀਆਂ ਨੇ ਆਪਣੀ ਯੁੱਧਨੀਤੀ ''ਅੱਤਵਾਦ ਵਿਰੋਧੀ ਜੰਗ'' ਤੋਂ ਬਦਲ ਕੇ ''ਮਹਾਂਸ਼ਕਤੀਆਂ 'ਚ ਮੁਕਾਬਲੇਬਾਜ਼ੀ'' ਵਿੱਚ ਤਬਦੀਲ ਕੀਤੀ ਹੈ।
ਅਮਰੀਕਾ ਦੇ ਮੁਕਾਬਲੇ ਭਾਰਤੀ ਹਾਕਮਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਚੀਨੀ ਸਾਮਰਾਜੀਏ ਵੀ ਲਗਾਤਾਰ ਯਤਨਸ਼ੀਲ ਰਹਿੰਦੇ ਹਨ। ਜਦੋਂ ਭਾਰਤੀ ਹਾਕਮਾਂ ਨੇ 6 ਮਈ ਨੂੰ ਆਪਣੀਆਂ ਫੌਜਾਂ ਚੀਨੀ ਬਾਰਡਰ ਤੋਂ ਪਿੱਛੇ ਹਟਾਉਣੀਆਂ ਮੰਨ ਲਈਆਂ ਸਨ ਤਾਂ ਚੀਨ ਨੇ ਭਾਰਤ ਦੀ ਸੰਯੁਕਤ ਰਾਸ਼ਟਰ ਸੰਘ ਦੀ ਮੈਂਬਰ ਦਾ ਕੋਈ ਵਿਰੋਧ ਨਹੀਂ ਸੀ ਕੀਤਾ। ਚੀਨ ਜੇ ਚਾਹੁੰਦਾ ਤਾਂ ਉਹ ਵੀਟੋ ਤਾਕਤ ਰੱਖਣ ਦਾ ਅਧਿਕਾਰੀ ਹੋਣ ਕਰਕੇ ਭਾਰਤ ਦੀ ਯੂ.ਐਨ. ਵਿਚਲੀ ਇਸ ਮੈਂਬਰੀ ਨੂੰ ਰੋਕ ਵੀ ਸਕਦਾ ਸੀ। ਭਾਰਤੀ ਹਾਕਮਾਂ ਅਮਰੀਕੀ ਅਤੇ ਚੀਨ ਸਾਮਰਾਜੀਆਂ ਦੇ ਜਕੜਪੰਜੇ ਵਿੱਚ ਫਸੇ ਕਦੇ ਇਧਰ ਅਤੇ ਕਦੇ ਉੱਧਰ ਖਿੱਚੇ ਧੂਹੇ ਜਾ ਰਹੇ ਹਨ।
— 27 May
ਅਮਰੀਕੀ ਹਾਕਮਾਂ ਨੇ ਚੀਨੀ ਹਾਕਮਾਂ ਕੋਲੋਂ ਨਾਲੇ ਸੌ ਛਿੱਤਰ ਖਾਧੇ ਤੇ ਨਾਲੇ ਸੌ ਗੰਢੇ
(ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹਾਲੇ ਪਿਛਲੇ ਹਫਤੇ ਹੀ ਚੀਨ ਨੂੰ ਸਬਕ ਸਿਖਾਉਣ ਦੇ ਦਮਗਜ਼ੇ ਮਾਰੇ ਸਨ ਕਿ ਚੀਨ ਕੋਰੋਨਾਵਾਇਰਸ ਬਾਰੇ ਜਾਣਕਾਰੀ ਲੁਕੋਣ ਦਾ ਦੋਸ਼ੀ ਹੈ, ਇਸ ਕਰਕੇ ਉਸਨੇ ਦੁਨੀਆਂ ਸਮੇਤ ਅਮਰੀਕਾ ਦਾ ਜਿੰਨਾ ਨੁਕਸਾਨ ਕੀਤਾ ਹੈ, ਉਸ ਸਬੰਧੀ ਚੀਨ ਨੂੰ ਡੰਨ ਲਾਇਆ ਜਾਵੇਗਾ। ਉਸ ਨੂੰ ਮੁਆਫ ਨਹੀਂ ਕੀਤਾ ਜਾਵੇਗਾ ਆਦਿ। ਪਰ ਆਰਥਿਕ ਮੰਦਵਾੜੇ ਅਮਰੀਕੀ ਹਾਕਮਾਂ ਦੀ ਜਿਹੜੀ ਭੂਤਨੀ ਭੁਲਾਈ ਹੈ, ਉਸ ਵਿੱਚੋਂ ਹੁਣ ਟਰੰਪ ਪ੍ਰਸਾਸ਼ਨ ਨੂੰ ਚੀਨ ਬਾਰੇ ਦਿੱਤੇ ਬਿਆਨਾਂ ਨੂੰ ਥੁੱਕ ਕੇ ਚੱਟਣਾ ਪੈ ਰਿਹਾ ਹੈ। ਚੀਨ 'ਤੇ ਆਰਥਿਕ ਪਾਬੰਦੀਆਂ ਲਾਉਣ ਦੀਆਂ ਡੀਘਾਂ ਮਾਰਨ ਵਾਲਿਆਂ ਨੂੰ ਝੁਕ ਕੇ ਖੁਦ ਚੀਨ ਨਾਲ ਵਪਾਰਕ ਸਰਗਰਮੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਦਾ ਹਿੰਦੂ, 9 ਮਈ 2020 ਵਿੱਚ ਛਪੀ ਖਬਰ ਆਪਣੇ ਵੱਲੋਂ ਸਿਰਲੇਖ ਸਮੇਤ ਛਾਪਿਆ ਜਾ ਰਿਹਾ ਹੈ।)
ਬੀਜਿੰਗ, 8 ਮਈ: ਅਧਿਕਾਰੀਆਂ ਨੇ ਆਖਿਆ ਹੈ ਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦੇ ਆਪਸੀ ਤਣਾਅ ਦੇ ਦੌਰਾਨ ਚੀਨੀ ਅਤੇ ਅਮਰੀਕੀ ਵਪਾਰਕ ਨੁਮਾਇੰਦਿਆਂ ਨੇ ਅੱਜ ਸ਼ੁੱਕਰਵਾਰ ਨੂੰ ਜਨਵਰੀ ਵਿੱਚ ਤਹਿ ਕੀਤੇ ਸਮਝੌਤੇ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ ਲਈ ''ਸੁਖਾਵਾਂ ਮਾਹੌਲ ਬਣਾਉਣ'' ਵਾਸਤੇ ਸਹਿਮਤੀ ਪ੍ਰਗਟਾਈ ਹੈ।
ਚੀਨ ਦੀ ਤਰਫੋਂ ਉੱਪ ਪ੍ਰਧਾਨ ਮੰਤਰੀ ਲਿਊ ਹੀ ਨੇ ਫੋਨ 'ਤੇ ਹੋਈ ਇਸ ਗੱਲਬਾਤ ਵਿੱਚ ਹਿੱਸਾ ਲਿਆ ਜਦੋਂ ਕਿ ਅਮਰੀਕਾ ਵੱਲੋਂ ਵਪਾਰਕ ਨੁਮਾਇੰਦੇ ਰੌਬਰਟ ਲਾਈਟਹਾਈਜ਼ਰ ਅਤੇ ਖਜ਼ਾਨਾ ਸਕੱਤਰ ਸਟੀਵਨ ਮਨੁਚਿਨ ਸਨ।
ਚੀਨ ਦੇ ਵਪਾਰਕ ਮੰਤਰਾਲੇ ਨੇ ਇੱਕ ਨੋਟਿਸ ਵਿੱਚ ਦੱਸਿਆ ਕਿ ''ਦੋਵਾਂ ਧਿਰਾਂ ਨੇ ਆਖਿਆ ਹੈ ਕਿ ਉਹਨਾਂ ਨੂੰ ਵੱਡੇ ਆਰਥਿਕ ਅਤੇ ਜਨਤਕ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਕਰਨਾ ਚਾਹੀਦਾ ਹੈ। ਇਸ ਦੇ ਪਹਿਲੇ ਪੜਾਅ ਦੀ ਖਾਤਰ ਸੁਖਾਵਾਂ ਮਾਹੌਲ ਸਿਰਜਣਾ ਚਾਹੀਦਾ ਹੈ ਜਿਸ ਤਹਿਤ ਅਮਰੀਕੀ-ਚੀਨੀ ਆਰਥਿਕ ਅਤੇ ਵਪਾਰਕ ਸਹਿਮਤੀਆਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਹਾਂ ਪੱਖੀ ਨਤੀਜਿਆਂ ਨੂੰ ਹੁਲਾਰਾ ਦੇਣਾ ਚਾਹੀਦਾ ਹੈ।''
ਦੋਹਾਂ ਪਾਸਿਆਂ ਦਰਮਿਆਨ ਚੱਲੀ ਗੱਲਬਾਤ ਨੂੰ ਅਮਰੀਕੀ ਅਧਿਕਾਰੀਆਂ ਨੇ ''ਚੰਗੀ ਪ੍ਰਾਪਤੀ'' ਦੱਸਦਿਆਂ ਆਖਿਆ ਹੈ ਕਿ ਦੋਵੇਂ ਪਾਸਿਆਂ ਦੀਆਂ ਸਰਕਾਰਾਂ ਨੂੰ ਇਸ ਨੂੰ ਲਾਗੂ ਕਰਨ ਲਈ ਬਣਤ ਬਣਾਉਣੀ ਚਾਹੀਦੀ ਹੈ। ਅਮਰੀਕਾ ਦੇ ਵਪਾਰਕ ਨੁਮਾਇੰਦੇ ਅਤੇ ਖਜ਼ਾਨਾ ਮੰਤਰੀ ਦੇ ਦਫਤਰਾਂ ਨੇ ਆਖਿਆ ਹੈ ਕਿ ''ਮੌਜੂਦਾ ਸੰਸਾਰਕ ਸਿਹਤ ਸੰਕਟਕਾਲੀ ਹਾਲਤ ਦੇ ਬਾਵਜੂਦ ਦੋਵਾਂ ਧਿਰਾਂ ਨੇ ਇਹ ਸਹਿਮਤੀ ਪ੍ਰਗਟ ਕੀਤੀ ਹੈ ਅਤੇ ਇਹ ਆਸ ਜਤਾਈ ਹੈ ਕਿ ਇਸ ਨੂੰ ਲਾਗੂ ਕਰਨ ਲਈ ਸਮਾਂਬੱਧ ਯਤਨ ਕੀਤੇ ਜਾਣਗੇ।''
ਦੋਵਾਂ ਧਿਰਾਂ ਨੇ ਆਪਸੀ ਤਾਲਮੇਲ ਅਤੇ ਸਹਿਯੋਗ ਜਾਰੀ ਰੱਖਣ ਲਈ ਸਹਿਮਤੀ ਪ੍ਰਗਟਾਈ।
ਇਹ ਗੱਲਬਾਤ ਉਸ ਤੋਂ ਬਾਅਦ ਦਾ ਪਹਿਲਾ ਯਤਨ ਹੈ ਜਦੋਂ ਜਨਵਰੀ ਵਿੱਚ ਇਸ ਸਮਝੌਤੇ 'ਤੇ ਦਸਤਖਤ ਕੀਤੇ ਸਨ ਪਰ ਬਾਅਦ ਵਿੱਚ ਭਿਆਨਕ ਵਾਇਰਸ ਦੇ ਮਾਮਲੇ ਵਿੱਚ ਦੋਵੇਂ ਧਿਰਾਂ ਆਹਮੋ-ਸਾਹਮਣੇ ਵੀ ਹੋ ਜਾਂਦੀਆਂ ਰਹੀਆਂ। ਪਿਛਲੇ ਹਫਤੇ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੋਵਿਡ-19 ਮਾਮਲੇ ਵਿੱਚ ਚੀਨ 'ਤੇ ਹੋਰ ਆਰਥਿਕ ਪਾਬੰਦੀਆਂ ਮੜ੍ਹਨ ਦੇ ਬਿਆਨ ਦਾਗੇ ਸਨ ਕਿ ਚੀਨ ਨੇ ਇਹ ਵਾਇਰਸ ਵੁਹਾਨ ਦੀ ਪ੍ਰਯੋਗਸ਼ਾਲਾ ਵਿੱਚ ਪਿਛਲੇ ਸਾਲ ਤਿਆਰ ਕੀਤਾ ਹੈ। ਚੀਨ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ।
ਰੂਸੀ-ਚੀਨੀ ਸਾਮਰਾਜੀਆਂ ਦੇ ਆਰਥਿਕ ਹਮਲੇ ਤੋਂ ਬਚਣ ਲਈ
ਅਮਰੀਕੀ ਸਾਮਰਾਜੀਆਂ ਨੇ ਕੋਰੋਨਾਵਾਇਰਸ ਨੂੰ ਢਾਲ ਬਣਾਇਆ
ਕੋਰੋਨਾਵਾਇਰਸ ਕੋਵਿਡ-19 ਨਾਲ ਨਜਿੱਠਣ ਦੇ ਨਾਂ ਹੇਠ ਦੁਨੀਆਂ ਭਰ ਵਿੱਚ ਪਿਛਲੇ 3-4 ਸੌ ਸਾਲਾਂ ਦੀ ਸਭ ਤੋਂ ਵੱਡੀ ਉੱਥਲ-ਪੁਥਲ ਮੱਚੀ ਹੋਈ ਹੈ। ਅਮਰੀਕੀ ਸਾਮਰਾਜਵਾਦ, ਉਸਦੇ ਯੂਰਪੀਨ ਜੋਟੀਦਾਰ ਅਤੇ ਇਹਨਾਂ ਦੀ ਤਾਬੇਦਾਰੀ ਵਿੱਚ ਭੁਗਤਦੇ ਇਹਨਾਂ ਦੇ ਦਲਾਲ- ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਦੇ ਹਾਕਮ- ਸਭ ਇੱਕੋ ਤਰ੍ਹਾਂ ਦੀ ਬੋਲੀ ਬੋਲਦੇ ਹੋਏ ਹਨ। ਆਰਥਿਕ ਸੰਕਟ ਦਾ ਜ਼ਿਕਰ ਤਾਂ ਰੂਸ, ਚੀਨ ਸਮੇਤ ਅਨੇਕਾਂ ਦੇਸ਼ਾਂ ਦੇ ਹਾਕਮ ਵੀ ਕਰ ਰਹੇ ਹਨ ਪਰ ਉਹ ਆਰਥਿਕ ਸੰਕਟ ਦੀ ਕੁੱਲ ਵਜਾਹ ਕੋਰੋਨਾ ਵਾਇਰਸ ਨੂੰ ਨਹੀਂ ਦੱਸ ਰਹੇ ਬਲਕਿ ਅਮਰੀਕੀ ਸਾਮਰਾਜੀਆਂ ਅਤੇ ਉਹਨਾਂ ਦੇ ਜੋਟੀਦਾਰਾਂ ਦੀਆਂ ਨੀਤੀਆਂ ਨੂੰ ਬਣਾ ਰਹੇ ਹਨ। ਕੋਰੋਨਾਵਾਇਰਸ ਦੀ ਪਛਾਣ ਭਾਵੇਂ ਦਸੰਬਰ ਦੇ ਆਖਰ ਵਿੱਚ ਹੋ ਗਈ ਸੀ ਪਰ ਅਮਰੀਕੀ ਸਾਮਰਾਜੀਏ, ਉਸਦੇ ਜੋਟੀਦਾਰ ਅਤੇ ਹੋਰਨਾਂ ਦੇਸ਼ਾਂ ਦੇ ਇਹਨਾਂ ਪੱਖੀ ਦਲਾਲ ਹਾਕਮ ਚੀਨ ਵਿੱਚ ਲੱਗੀ ਅੱਗ ਨੂੰ ਬਸੰਤਰ ਮੰਨ ਕੇ ਭਾਰਤ ਵਰਗੇ ਦੇਸ਼ਾਂ ਵਿੱਚ ਜਸ਼ਨ ਮਨਾ ਰਹੇ ਹਨ। ਅਮਰੀਕੀ ਸਾਮਰਾਜੀਏ ਅਰਬ ਦੇਸ਼ਾਂ ਵਿੱਚੋਂ ਪਿੱਛੇ ਹਟ ਕੇ, ਖੁਦ ਅਮਰੀਕਾ ਵਿੱਚ ਤੇਲ ਦਾ ਵਧੇਰੇ ਉਤਪਾਦਨ ਕਰਕੇ ਇਸ ਨੂੰ ਮਹਿੰਗੇ ਭਾਅ 'ਤੇ ਵੇਚ ਕੇ ਉੱਚੇ ਮੁਨਾਫੇ ਹਾਸਲ ਕਰ ਰਹੇ ਸਨ ਤੇ ਭਾਰਤ ਦੇ ਹਾਕਮ ਉਹਨਾਂ ਦੇ ਹੁਕਮਾਂ ਦੀ ਤਾਬਿਆ ਲਈ ਅਰਬਾਂ-ਖਰਬਾਂ ਦੇ ਸੌਦੇ ਕਰਕੇ ਉਹਨਾਂ ਦੇ ਮੁਨਾਫਿਆਂ ਨੂੰ ਹੋਰ ਵਧਾ ਰਹੇ ਸਨ।
ਪਰ ਇਸੇ ਹੀ ਦੌਰ ਵਿੱਚ ਮਾਰਚ ਦੇ ਦੂਸਰੇ ਹਫਤੇ ਰੂਸੀ ਸਾਮਰਾਜੀਆਂ ਨੇ ਸਾਊਦੀ ਅਰਬ ਸਮੇਤ ਹੋਰਨਾਂ ਤੇਲ ਉਤਪਾਦਕ ਦੇਸ਼ਾਂ ਨਾਲ ਮਿਲ ਕੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਸੁੱਟਣ ਦੀ ਅਜਿਹੀ ਜੰਗ ਸ਼ੁਰੂ ਕੀਤੀ ਕਿ ਅਮਰੀਕੀ ਸਾਮਰਾਜੀਆਂ ਦੇ ਕਾਰੋਬਾਰ ਇੱਕ ਇੱਕ ਕਰਕੇ ਧੜੱਮ ਡਿਗਣੇ ਸ਼ੁਰੂ ਹੋ ਗਏ। ਸਾਲ ਡੇਢ ਸਾਲ ਪਹਿਲਾਂ ਅਮਰੀਕੀ ਹਾਕਮਾਂ ਨੇ ਚੀਨ 'ਤੇ ਵਪਾਰ ਪਾਬੰਦੀਆਂ ਲਾ ਕੇ ਉਸਦੀਆਂ ਖਰਬਾਂ ਡਾਲਰ ਦੀਆਂ ਬਰਾਮਦਾਂ ਨੂੰ ਅਮਰੀਕਾ ਵਿੱਚ ਦਾਖਲ ਹੋਣੋਂ ਰੋਕ ਦਿੱਤਾ ਸੀ। ਚੀਨ ਦੇ ਵਪਾਰ ਨਾਲ ਜੁੜਵੇਂ ਕਾਰੋਬਾਰ ਤਾਂ ਪਹਿਲਾਂ ਹੀ ਬੰਦ ਹੋਣੇ ਸ਼ੁਰੂ ਹੋ ਚੁੱਕੇ ਸਨ, ਹੁਣ ਜਦੋਂ ਰੂਸ ਅਤੇ ਸਾਊਦੀ ਅਰਬ ਨੇ ਤੇਲ ਦੀਆਂ ਕੀਮਤਾਂ ਹੇਠਾਂ ਤੋਂ ਹੇਠਾਂ ਸੁੱਟੀਆਂ ਤਾਂ ਅਮਰੀਕੀ ਤੇਲ-ਕੰਪਨੀਆਂ ਉਹਨਾਂ ਦਾ ਮੁਕਾਬਲਾ ਨਾ ਕਰ ਸਕੀਆਂ ਤੇ ਦਿਵਾਲੇ ਪਿੱਟਣ ਲੱਗੀਆਂ। ਅਮਰੀਕਾ ਵਿੱਚ ਤੇਲ ਸਨਅੱਤ ਉੱਚ-ਮੁਨਾਫੇ ਕਮਾਉਣ ਵਾਲੇ ਅਦਾਰਿਆਂ ਵਿੱਚੋਂ ਇੱਕ ਅਦਾਰਾ ਸੀ, ਜਦੋਂ ਇਸਦੇ ਸ਼ੇਅਰ ਇੱਕ ਇੱਕ ਕਰਕੇ ਛਪਾਲ ਡਿਗਣੇ ਸ਼ੁਰੂ ਹੋਏ ਤਾਂ ਅਮਰੀਕੀ ਹਕੂਮਤ ਦੇ ਉਸੇ ਹੀ ਮੁਖੀਏ ਟਰੰਪ ਨੂੰ ਇਹਨਾਂ ਦੀ ਪਿੱਠ 'ਤੇ ਖੜ੍ਹਨਾ ਪਿਆ, ਜਿਹੜਾ ਅਜਿਹੇ ਅਦਾਰਿਆਂ ਦੀ ਮੱਦਦ ਕਰਨ ਕਰਕੇ ਪਹਿਲੇ ਰਾਸ਼ਟਰਪਤੀਆਂ ਦੀ ਸਖਤ ਆਲੋਚਨਾ ਕਰਦਾ ਹੁੰਦਾ ਸੀ। ਉਸ ਨੇ ਕਾਰਪੋਰੇਟਾਂ ਦੇ ਡੁੱਬਦੇ ਕਾਰੋਬਾਰਾਂ ਨੂੰ ਬਚਾਉਣ ਲਈ ਕੁੱਲ ਮਿਲਾ ਕੇ 5 ਟ੍ਰਿਲੀਅਨ (5 ਲੱਖ ਕਰੋੜ) ਡਾਲਰ ਦੀ ਰਾਸ਼ੀ ਝੋਕ ਦਿੱਤੀ। (ਇਹ ਰਾਸ਼ੀ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਬਣਦੀ ਹੈ।) ਡਿਗਦੇ ਸ਼ੇਅਰਾਂ ਵਿੱਚ ਜਦੋਂ ਹਿੱਸੇਦਾਰ ਆਪੋ ਆਪਣੇ ਹਿੱਸੇ ਕਢਵਾਉਣ ਲੱਗੇ ਤਾਂ ਡਿਗਦੀ ਆਰਥਿਕਤਾ ਦੇ ਪਿੱਛੇ ਪੂਰੀ ਦੀ ਪੂਰੀ ਅਮਰੀਕੀ ਰਾਜਨੀਤੀ ਆ ਖੜ੍ਹੀ ਹੋਈ। ਅਮਰੀਕੀ ਹਾਕਮਾਂ ਨੇ ਆਪਣੀ ਡਿਗ ਰਹੀ ਆਰਥਿਕਤਾ ਦੀ ਸ਼ਾਖ ਬਚਾਉਣ ਲਈ ਸਾਰੇ ਸੰਕਟ ਦਾ ਠੁਣਾ ਕੋਰੋਨਾ ਵਾਇਰਸ ਦੇ ਖਾਤੇ ਚਾੜ੍ਹਨਾ ਸ਼ੁਰੂ ਕਰ ਦਿੱਤਾ। ਢਾਈ ਮਹੀਨੇ ਪਹਿਲਾਂ ਤੋਂ ਜਿਸ ਕੋਰੋਨਾ ਵਾਇਰਸ ਦੀਆਂ ਖਿੱਲੀਆਂ ਟਰੰਪ ਉਡਾਉਂਦਾ ਰਿਹਾ, ਹੁਣ ਉਸੇ ਹੀ ਵਾਇਰਸ ਦੇ ਖਾਤੇ ਸਾਰੀ ਡਿਗ ਰਹੀ ਆਰਥਿਕਤਾ ਨੂੰ ਚਾੜ੍ਹ ਕੇ ਦੁਨੀਆਂ ਵਿੱਚ ਆਪਣੀ ਸੰਸਾਰ ਮਹਾਂਸ਼ਕਤੀ ਦੀ ਹਸਤੀ ਨੂੰ ਬਚਾਉਣ ਲਈ ਅੱਗੇ ਆਇਆ। ਜਿਸ ਹੱਦ ਤੱਕ ਆਰਥਿਕਤਾ ਪੱਖੋਂ ਚੀਨ ਅੱਗੇ ਵਧ ਰਿਹਾ ਸੀ ਅਤੇ ਰੂਸੀ ਸਾਮਰਾਜੀਏ ਅਤੇ ਉਸਦੇ ਜੋਟੀਦਾਰ ਸਾਊਦੀ ਅਰਬ, ਇਰਾਨ ਆਦਿ ਦੇਸ਼ ਮੁੜ ਇਕੱਠੇ ਹੋ ਰਹੇ ਸਨ ਤਾਂ ਅਮਰੀਕੀ ਹਾਕਮ ਆਪਣੇ ਪਹਿਲਾਂ ਦੇ ਬਣੇ-ਬਣਾਏ ਜੁਗਾੜ ਤਹਿਤ ਹੀ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਸਨ ਰਹੇ। ਉਹਨਾਂ ਦੀ ਹਾਲਤ ਇਹ ਬਣ ਗਈ ਕਿ ਜੇਕਰ ਇਸ ਸਮੇਂ ਅਮਰੀਕੀ ਆਰਥਿਕਤਾ ਵਿੱਚੋਂ ਚੀਨੀ ਦਖਲ ਬੰਦ ਨਹੀਂ ਕੀਤਾ ਜਾਂਦਾ ਤਾਂ ਉਹ ਫੌਰੀ ਤੌਰ 'ਤੇ ਘਾਟੇਵੰਦੀ ਹਾਲਤ ਵਿੱਚ ਚਲੇ ਜਾਣੇ ਸਨ। ਸੰਸਾਰ ਦੀ ਤੇਲ ਮੰਡੀ ਵਿੱਚੋਂ ਜੇਕਰ ਰੂਸ ਅਤੇ ਉਸਦੇ ਜੋਟੀਦਾਰ ਹੋਰਨਾਂ ਤੇਲ ਉਤਪਾਦਕ ਦੇਸ਼ਾਂ ਵਿੱਚੋਂ ਉਹਨਾਂ ਦਾ ਦਿਵਾਲਾ ਨਹੀਂ ਕੱਢ ਦਿੱਤਾ ਜਾਂਦਾ ਤਾਂ ਲੰਮੇ ਦਾਅ ਤੋਂ ਅਮਰੀਕਾ ਸੰਸਾਰ ਆਰਥਿਕਤਾ ਦੀ ਵੱਡੀ ਹਸਤੀ ਨਹੀਂ ਸੀ ਰਹਿ ਸਕਦਾ। ਇਸਦੇ ਡਾਲਰ ਦੀ ਸਰਦਾਰੀ ਨਹੀਂ ਸੀ ਰਹਿ ਸਕਦੀ। ਇਸਦੇ ਮੁਨਾਫਿਆਂ ਦੀ ਗਾਰੰਟੀ ਨਹੀਂ ਸੀ ਹੋਣੀ। ਸਥਿਤੀ ਨੂੰ ਆਪਣੇ ਪੱਖ ਵਿੱਚ ਕਰਨ ਲਈ ਟਰੰਪ ਦੀ ਅਗਵਾਈ ਵਿੱਚ ਅਮਰੀਕੀ ਸਾਮਰਾਜੀਆਂ ਦੇ ਭਾਰੂ ਧੜੇ ਨੇ ਸਾਰਾ ਹੀ ਤਾਣ ਲਾ ਦਿੱਤਾ। ਇਹ ਕੁੱਝ ਅਮਰੀਕੀ ਸਾਮਰਾਜੀਆਂ ਦੇ ਭਾਰੂ ਧੜੇ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣ ਗਿਆ ਹੈ। 15 ਅਪ੍ਰੈਲ ਤੱਕ ਅਮਰੀਕੀ ਸਾਮਰਾਜੀਆਂ ਨੂੰ ਇਹ ਉਮੀਦ ਸੀ ਕਿ ਰੂਸ ਅਤੇ ਉਸਦੇ ਜੋਟੀਦਾਰ ਤੇਲ ਉਤਪਾਦਕ ਦੇਸ਼ ਗੋਡੇ ਟੇਕ ਜਾਣਗੇ ਪਰ ਉਹ ਆਪਣੀਆਂ ਪੁਜੀਸ਼ਨਾਂ 'ਤੇ ਡਟੇ ਰਹੇ। ਫੇਰ ਅਮਰੀਕੀ ਹਾਕਮਾਂ ਨੇ ਜਿੱਥੇ ਸ਼ੁਰੂ ਵਿੱਚ, ਮਾਰਚ ਦੇ ਆਖਰੀ ਹਫਤੇ 2 ਟ੍ਰਿਲੀਅਨ ਡਾਲਰ ਦੀ ਰਾਸ਼ੀ ਮੰਡੀ ਵਿੱਚ ਝੋਕੀ ਸੀ, ਉੱਥੇ ਮਈ ਦੇ ਅੱਧ ਵਿੱਚ 3 ਟ੍ਰਿਲੀਅਨ ਡਾਲਰ ਰਾਸ਼ੀ ਹੋਰ ਝੋਕ ਦਿੱਤੀ। ਇਸ ਰਾਸ਼ੀ ਤੋਂ ਬਿਨਾ ਹੋਰ ਅਨੇਕਾਂ ਦੇ ਕਰਜ਼ਿਆਂ ਅਤੇ ਟੈਕਸ ਛੋਟਾਂ ਦੇ ਰੂਪ ਵਿੱਚ ਕਈ ਟ੍ਰਿਲੀਅਨ ਡਾਲਰਾਂ ਦੀ ਰਾਸ਼ੀ ਬਾਜ਼ਾਰ ਵਿੱਚ ਝੋਕੀ ਤਾਂ ਕਿ ਬਾਜ਼ਾਰ ਵਿੱਚ ਮੰਗ ਬਣੀ ਰਹੇ ਅਤੇ ਦਿਵਾਲੀਆਂ ਹੋਣ ਕਿਨਾਰੇ ਪਹੁੰਚੀਆਂ ਇਕਾਈਆਂ ਨੂੰ ਠੁੰਮਣਾ ਦਿੱਤਾ ਜਾ ਸਕੇ। ਪਰ ਰੂਸ ਤੇ ਉਸਦੇ ਜੋਟੀਦਾਰ ਦਮ ਰੱਖ ਕੇ ਚੱਲ ਰਹੇ ਸਨ। ਨਾਲੇ ਇਹਨਾਂ ਕੋਲ ਤਾਂ ਅਜੇ ਤੇਲ ਦੀ ਮੰਡੀ ਵਿੱਚ ਚੀਨ ਵਰਗੇ ਵੱਡੇ ਗਾਹਕ ਹਨ, ਜਿਹਨਾਂ ਨੇ ਆਪਣੀ ਆਰਥਿਕਤਾ ਮੁੜ ਚਾਲੇ ਪਾ ਲਈ ਹੈ, ਜਦੋਂ ਕਿ ਅਮਰੀਕੀ ਤੇਲ ਕੰਪਨੀਆਂ ਤੇਲ ਦੀ ਕੀਮਤ ਪ੍ਰਤੀ ਬੈਰਲ 0 (ਸਿਫਰ) ਡਾਲਰ ਤੋਂ ਹੇਠ ਸੁੱਟ ਕੇ ਪੱਲਿਉਂ ਪੈਸੇ ਦੇ ਕੇ ਸੰਸਾਰ ਮੰਡੀ ਵਿੱਚ ਸੁੱਟਣ ਲਈ ਅਹੁਲ ਰਹੀਆਂ ਸਨ, ਪਰ ਉਹਨਾਂ ਨੂੰ ਗਾਹਕ ਨਹੀਂ ਲੱਭ ਰਹੇ ਸਨ। ਉਸ ਦੇ ਤੇਲ ਭੰਡਾਰ, ਸਮੁੰਦਰੀ ਜਹਾਜ਼, ਤੇਲ-ਗੁਫਾਵਾਂ, ਵਿਦੇਸ਼ੀ ਮੰਡੀਆਂ ਕੱਚੇ ਤੇਲ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ। ਅਮਰੀਕਾ ਲਈ ਤੇਲ ਨੂੰ ਸਾਂਭਣ ਦੀ ਨੌਬਤ ਆ ਖੜ੍ਹੀ ਹੋਈ।
ਅਮਰੀਕੀ ਤੇਲ ਕੰਪਨੀਆਂ ਦੇ ਤੇਲ ਨੂੰ ਹੁਣ ਅਮਰੀਕੀ ਸਰਕਾਰ ਖਰੀਦ ਰਹੀ ਹੈ। ਜਦੋਂ ਕਿ ਪਹਿਲਾਂ ਕਾਰਪੋਰੇਟਾਂ ਦੇ ਮੁਨਾਫੇ ਵਧਾਉਣ ਲਈ ਇਹ ਕਹਿੰਦੇ ਸਨ ਕਿ ਮੰਡੀ ਵਿੱਚ ਆਜ਼ਾਦ ਮੁਕਾਬਲਾ ਹੋਣਾ ਚਾਹੀਦੀ ਹੈ, ਨਿੱਜੀ ਅਦਾਰੇ ਜੇਕਰ ਆਪਣੇ ਤੌਰ 'ਤੇ ਅੱਗੇ ਵਧ ਸਕਦੇ ਹਨ ਤਾਂ ਕਿਉਂ ਨਾ ਵਧਣ? ਪਰ ਜਦੋਂ ਉਹਨਾਂ ਨੂੰ ਘਾਟਾ ਪਿਆ ਤਾਂ ਸਰਕਾਰ ਉਹਨਾਂ ਦੇ ਪਿੱਛੇ ਜਾ ਖੜ੍ਹੀ। ਲੋਕਾਂ ਦੇ ਟੈਕਸਾਂ ਦਾ ਪੈਸਾ ਉਹਨਾਂ ਦੀ ਝੋਲੀ ਪਾ ਦਿੱਤਾ। ਹੁਣ ਜੇਕਰ ਇੱਕ ਵਾਰ ਤੇਲ ਉਤਪਾਦਨ ਬੰਦ ਹੋ ਗਿਆ ਤਾਂ ਇਸ ਨੂੰ ਮੁੜ ਚਾਲੂ ਕਰਨ ਦੇ ਖਰਚੇ ਵੱਡੇ ਹੀ ਪੈਣੇ ਸਨ। ਇਸ ਕਰਕੇ ਇਹ ਤੇਲ ਦਾ ਵਾਧੂ ਉਤਪਾਦਨ ਕਰੀਂ ਜਾ ਰਹੇ ਹਨ ਪਰ ਇਹੀ ਵਾਧੂ ਉਤਪਾਦਨ ਇਹਨਾਂ ਦੇ ਬੋਝ ਨੂੰ ਵਧਾਉਂਦਾ ਹੋਇਆ ਆਰਥਿਕ ਕਰਜ਼ੇ ਦੀ ਦਲਦਲ ਵਿੱਚ ਇਸ ਨੂੰ ਹੋਰ ਡੂੰਘਾ ਖਿੱਚਦਾ ਜਾ ਰਿਹਾ ਹੈ।
ਭਾਰਤ ਵਰਗੇ ਦੇਸ਼ ਦੀ ਆਰਥਿਕਤਾ ਜਿਹੜੀ ਇਹਨਾਂ ਨੇ ਖੁਦ ਹੀ ਬੁਰੀ ਤਰ੍ਹਾਂ ਉਖਾੜ ਦਿੱਤੀ ਹੈ, ਉਹ ਅਜੇ ਅਜਿਹੀ ਹਾਲਤ ਵਿੱਚ ਹੈ ਹੀ ਨਹੀਂ ਕਿ ਉਹ ਅਮਰੀਕੀ ਕਾਰਪੋਰੇਟਾਂ ਲਈ ਫੌਰੀ ਤੌਰ 'ਤੇ ਕੋਈ ਚਾਰਾ ਬਣ ਸਕੇ। ਤੇਲ ਉਤਪਾਦਕ ਦੇਸ਼ਾਂ ਨੇ ਲੰਮੇ ਸਮੇਂ ਦੀ ਯੁੱਧਨੀਤੀ ਧਾਰਨ ਕੀਤੀ ਹੋਈ ਹੈ। ਪਹਿਲੇ ਦਾਅ ਮੁਤਾਬਕ ਉਹਨਾਂ ਨੇ ਅੱਧ ਅਪ੍ਰੈਲ ਤੱਕ ਦੇਖਣਾ ਸੀ ਕਿ ਅਮਰੀਕੀ ਸ਼ਰੀਕ ਕੁੱਝ ਢੈਲੇ ਪੈਂਦੇ ਹਨ ਜਾਂ ਨਹੀਂ ਉਹਨਾਂ ਨੇ ਵੈਬੀਨਾਰ (ਫੋਨ-ਵਾਰਤਾ) ਰਾਹੀਂ ਸਥਿਤੀ ਜੋਹ ਕੇ ਵੇਖੀ ਹੈ। ਜਦੋਂ ਟਰੰਪ ਪ੍ਰਸ਼ਾਸਨ ਨੇ ਤੇਲ-ਕੀਮਤਾਂ ਦੀ ਮੁਕਾਬਲੇਬਾਜ਼ੀ ਨੂੰ ਜਾਰੀ ਰੱਖਦੇ ਹੋਏ 3 ਟ੍ਰਿਲੀਅਨ ਡਾਲਰ ਦੀ ਹੋਰ ਰਾਸ਼ੀ ਬਾਜ਼ਾਰ ਵਿੱਚ ਝੋਕੀ ਤਾਂ ਉਹਨਾਂ ਨੇ ਚੂੜੀ ਕਸਦੇ ਹੋਏ ਮਾਮਲੇ ਨੂੰ ਹੋਰ ਲਮਕਾਅ ਲਿਆ ਹੈ। ਟਰੰਪ-ਪ੍ਰਸਾਸ਼ਨ ਨੇ ਜੋ ਰੱਦੋਬਦਲ ਅਮਰੀਕਾ ਵਿੱਚ ਕਰਨੀ ਸੀ, ਉਹ ਕਰ ਲਈ ਗਈ ਅਤੇ ਜੋ ਰੱਦੋਬਦਲ ਭਾਰਤ ਵਰਗੇ ਦੇਸ਼ਾਂ ਦੇ ਦਲਾਲ ਹਾਕਮਾਂ ਕੋਲੋਂ ਕਰਵਾਉਣੀ ਸੀ, ਉਹ ਕਰਵਾ ਲਈ ਤੇ ਰਹਿੰਦੀ ਕਸਰ ਕੱਢਣ ਵਿੱਚ ਲੱਗੇ ਹੋਏ ਹਨ। ਅਣਮਿਥੇ ਸਮੇਂ ਤੱਕ ਆਰਥਿਕਤਾ ਨੂੰ ਜਾਮ ਨਹੀਂ ਸੀ ਕੀਤਾ ਜਾ ਸਕਦਾ ਤਾਂ ਉਹਨਾਂ ਨੇ ਕੋਰੋਨਾ ਵਾਇਰਸ ਨਾਲ ''ਗੰਢ-ਚਿਤਰਾਵਾ'' ਕਰ ਲਿਆ ਕਿ ਹੁਣ ਅਗਾਂਹ ਦੀ ਜ਼ਿੰਦਗੀ ਵਾਇਰਸ ਦੇ ਨਾਲ ਹੀ ਗੁਜਾਰਨੀ ਪਵੇਗੀ। ਜਾਂ ਕਦੇ ਕਦੇ ਕੋਈ ਵੈਕਸੀਨ ਲੱਭ ਲਏ ਜਾਣ ਦੇ ਢੰਡੋਰੇ ਪਿੱਟੇ ਜਾ ਰਹੇ ਹਨ।
ਤੇਲ ਜੰਗ ਸ਼ੁਰੂ ਹੋਈ ਤਾਂ ਡੇਢ ਕੁ ਮਹੀਨੇ ਬਾਅਦ ਅਮਰੀਕੀ ਤੇਲ ਕੰਪਨੀਆਂ ਨੇ ਕੱਚੇ ਤੇਲ ਦਾ ਉਤਪਾਦਨ ਕੁੱਝ ਘਟਾਉਣਾ ਸ਼ੁਰੂ ਕਰ ਦਿੱਤਾ ਤਾਂ ਰੂਸ-ਸਾਊਦੀ ਅਰਬ ਵੀ ਘਟਾ ਰਹੇ ਹਨ। ਜਦੋਂ ਤੱਕ ਕੱਚੇ ਤੇਲ ਦੀਆਂ ਕੀਮਤਾਂ 60-65 ਡਾਲਰ ਪ੍ਰਤੀ ਬੈਰਲ ਤੋਂ ਘੱਟ ਹਨ, ਉਦੋਂ ਤੱਕ ਅਮਰੀਕੀ ਕਾਰਪੋਰੇਟਾਂ ਨੂੰ ਘਾਟੇ ਹੀ ਘਾਟੇ ਪੈਣੇ ਹਨ ਪਰ ਹੁਣ ਜਦੋਂ ਕੱਚੇ ਤੇਲ ਦੀ ਕੀਮਤ 35-36 ਡਾਲਰ ਪ੍ਰਤੀ ਬੈਰਲ ਤੱਕ ਜਾ ਪਹੁੰਚੀ ਹੈ ਤਾਂ ਉਹਨਾਂ ਨੂੰ ਕੁੱਝ ਧਰਵਾਸ ਹੋਵੇਗਾ ਕਿ ਸ਼ਾਇਦ ਇਹ 60-65 ਡਾਲਰ ਤੱਕ ਪਹੁੰਚ ਹੀ ਜਾਵੇਗੀ। ਪਰ ਇਹ ਆਸ ਅਜੇ ਤੱਕ ਕਿਆਸ ਹੀ ਹੈ ਕਿਉਂਕਿ ਮੁਕਾਬਲੇਬਾਜ਼ੀ ਘਟੀ ਨਹੀਂ ਤੇ ਚੀਨੀ ਸਾਮਰਾਜੀਏ ਆਪਣੇ ਜਿਹੜੇ ਆਰਥਿਕ ਅਤੇ ਫੌਜੀ ਮਿਸ਼ਨ-2035 ਨੂੰ ਲੈ ਕੇ ਚੱਲ ਰਹੇ ਹਨ, ਉਹ ਦਰਸਾਉਂਦਾ ਹੈ ਕਿ ਜਦੋਂ ਤਕਨੀਕ ਪੱਖੋਂ ਚੀਨ ਅਮਰੀਕਾ ਨਾਲੋਂ ਅੱਗੇ ਹੈ ਤਾਂ ਉਸਦੇ ਆਰਥਿਕਤਾ ਦੇ ਖੇਤਰ ਦੇ ਨਾਲ ਨਾਲ ਸਿਆਸੀ ਅਤੇ ਫੌਜੀ ਖੇਤਰਾਂ ਵਿੱਚ ਵੀ ਇਹ ਮਹਾਂ ਸ਼ਕਤੀ ਬਣਨ ਵੱਲ ਵਧੇਗਾ। ਅਮਰੀਕਾ ਵੱਲੋਂ ਉਸਦੇ ਰਾਹ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ। ਪਰ ਚੀਨ ਜਿਵੇਂ ਰੂਸ ਦੇ ਨਾਲ ਨਾਲ ਸਾਊਦੀ ਅਰਬ, ਇਰਾਨ ਆਦਿ ਦੇਸ਼ਾਂ ਨਾਲ ਮਿਲ ਕੇ ਸੜਕੀ, ਰੇਲਵੇ ਅਤੇ ਸਮੁੰਦਰੀ ਰਾਹਾਂ ਥਾਣੀਂ ਆਪਣੀ ਪਕੜ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟਿਆ ਹੋਇਆ ਹੈ, ਇਸ ਤਰ੍ਹਾਂ ਦੇ ਅਮਲ ਨਾਲ ਉਸਦੇ ਆਖਰਕਾਰ ਭਾਰੂ ਹੋ ਨਿੱਬੜਨ ਦੀਆਂ ਗੁੰਜਾਇਸ਼ਾਂ ਵਧੇਰੇ ਪ੍ਰਬਲ ਨਜ਼ਰ ਆ ਰਹੀਆਂ ਹਨ।
ਜਿਵੇਂ ਤੇਲ ਜੰਗ ਪਿੱਛੋਂ ਅਮਰੀਕੀ ਆਰਥਿਕਤਾ ਡਿਗੀ ਤਾਂ ਅਮਰੀਕੀ ਹਾਕਮਾਂ ਤੋਂ ਇਹ ਸੱਚ ਨਹੀਂ ਸੀ ਸਹਾਰਿਆ ਜਾ ਰਿਹਾ ਕਿ ਉਸਦੀਆਂ ਅੰਦਰੂਨੀ ਅਤੇ ਬਾਹਰੀ ਕਮਜ਼ੋਰੀਆਂ ਕਰਕੇ ਉਸਦੀ ਆਰਥਿਕਤਾ ਡੁੱਬ ਰਹੀ ਹੈ ਤਾਂ ਉਸਨੇ ਆਪਣੀ ਆਰਥਿਕਤਾ ਦੇ ਡੁੱਬਣ ਦਾ ਕਾਰਨ ਕੋਰੋਨਾ ਵਾਇਰਸ ਦੇ ਖਾਤੇ ਚਾੜ੍ਹਨਾ ਸ਼ੁਰੂ ਕਰ ਦਿੱਤਾ। ਤੇ ਚੀਨ ਨੂੰ ਇਸਦਾ ਮੁੱਖ ਦੋਸ਼ੀ ਗਰਦਾਨ ਕੇ ਅਮਰੀਕੀ ਆਰਥਿਕਤਾ ਦੀ ਮੁੜ ਢਾਂਚਾ-ਢਲਾਈ ਕਰਨੀ ਸ਼ੁਰੂ ਕਰ ਦਿੱਤੀ। ਅਮਰੀਕੀ ਪ੍ਰਚਾਰਤੰਤਰ ਨੇ ਕੋਰੋਨਾ-ਕੋਰੋਨਾ ਦੀ ਐਨੀ ਡੌਂਡੀ ਪਿੱਟੀ ਜਿਵੇਂ ਕਿਤੇ ਲੋਕਾਂ ਨੂੰ ਇਹ ਸੱਚ ਜਾਪਣ ਲੱਗ ਜਾਵੇ ਕਿ ਸ਼ਾਇਦ ਉਹਨਾਂ ਦੇ ਸੰਕਟ ਦਾ ਮੁੱਖ ਕਾਰਨ ਕੋਰੋਨਾ ਹੀ ਹੈ।
ਜਿਉਂ ਜਿਉਂ ਅਮਰੀਕੀ ਆਰਥਿਕਤਾ ਦਾ ਘੋਰੜੂ ਵੱਜਦਾ ਰਿਹਾ, ਉਵੇਂ ਉਵੇਂ ਹੀ ਕੋਰੋਨਾ ਵਾਇਰਸ ਦੇ ਖਤਰੇ ਦੀ ਸੁਰ ਉੱਚੀ ਹੁੰਦੀ ਚਲੇ ਗਈ। ਇੱਕ ਵਾਰੀ ਤਾਂ ਟਰੰਪ ਨੇ ਕੋਰੋਨਾ ਦੀ ਵਜਾਹ ਕਰਕੇ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਤੋਂ ਵਧਾ ਕੇ 2 ਲੱਖ ਤੱਕ ਪਹੁੰਚਾ ਦਿੱਤੀ ਸੀ ਤੇ ਉਹ ਕਦੇ ਮਲੇਰੀਏ ਦੀ ਦਵਾਈ ਖਾਣ ਦੀ ਬੇਥਵੀ ਵਕਾਲਤ ਕਰਦਾ ਰਿਹਾ ਤੇ ਕਦੇ ਲਾਗ ਹਟਾਉਣ ਦੀਆਂ ਜ਼ਹਿਰਾਂ ਪੀਣ ਅਤੇ ਟੀਕੇ ਲਗਵਾਉਣ ਦੀਆਂ ਜਭਲੀਆਂ ਮਾਰਨ ਤੱਕ ਗਿਆ। ਫੇਰ ਇਹ ਚੀਨ ਵੱਲੋਂ ਕੋਰੋਨਾ ਵਾਇਰਸ ਦੇ ਮਾਮਲੇ ਨੂੰ ਛੁਪਾਉਣ ਦੇ ਦੋਸ਼ ਵਿੱਚ ਵਿਸ਼ਵ ਸਿਹਤ ਸੰਸਥਾ ਡਬਲਿਊ.ਐਚ.ਓ. ਨੂੰ ਦੋਸ਼ੀ ਗਰਦਾਨ ਕੇ ਆਪ ਸੁਰਖਰੂ ਹੋਣ ਦੀਆਂ ਗੱਲਾਂ ਕਰਨ ਲੱਗਾ। ਕਦੇ ਉਸ ਨੂੰ ਸਬਕ ਸਿਖਾਉਣ ਦੀਆਂ ਗੱਲ ਕਰਨ ਲੱਗਦਾ ਕਦੇ ਚੀਨ ਨੂੰ ਡੰਨ ਲਾਉਣ ਦੇ ਦਮਗਜ਼ੇ ਮਾਰਦਾ ਰਿਹਾ। ਪਰ ਹੁਣ ਉਸੇ ਹੀ ਵਿਸ਼ਵ ਸਿਹਤ ਸੰਸਥਾ ਦੇ ਬੋਲਾਂ ਨੂੰ ਵਰਤ ਰਿਹਾ ਹੈ ਕਿ ਅਗਾਂਹ ਜ਼ਿੰਦਗੀ ਕੋਰੋਨਾ ਨਾਲ ਹੀ ਗੁਜਾਰਨੀ ਪਵੇਗੀ। ਪਹਿਲਾਂ ਵੀ ਟਰੰਪ ਨੇ ਕੋਰੋਨਾ ਨੂੰ ਵੱਡਾ ਖਤਰਾ ਨਹੀਂ ਸੀ ਮੰਨਿਆ ਤੇ ਹੁਣ ਬਾਅਦ ਵਿੱਚ ਪਹਿਲਾਂ ਨਾਲੋਂ ਵਧੇਰੇ ਬੰਦੇ ਰੋਗੀ ਹੋ ਰਹੇ ਹਨ ਅਤੇ ਮਰ ਰਹੇ ਹਨ ਤਾਂ ਵੀ ਵੱਡਾ ਖਤਰਾ ਨਹੀਂ ਮੰਨ ਰਿਹਾ। ਉਸਨੇ ਕੋਰੋਨਾ ਦੇ ਖਾਤੇ ਚਾੜ੍ਹ ਕੇ ਆਪਣਾ ਉੱਲੂ ਸਿੱਧਾ ਕਰਨਾ ਸੀ, ਉਸ ਪਾਸੇ ਨੂੰ ਚਲਾ ਗਿਆ, ਹੁਣ ਜਦੋਂ ਅਮਰੀਕਾ ਵਿਚਲੇ ਅਤੇ ਆਪਣੇ ਪੱਖੀ ਦੇਸ਼ਾਂ ਦੀ ਮੁੜ ਢਾਂਚਾ-ਢਲਾਈ ਕਰਕੇ ਚਲਾਉਣ ਦਾ ਮਾਮਲਾ ਆ ਰਿਹਾ ਹੈ ਤਾਂ ਉਸਨੇ ਕੋਰੋਨਾ ਦਾ ਖਤਰਾ ਘਟਾਉਂਦੇ ਘਟਾਉਂਦੇ ਉਂਝ ਹੀ ਛੂਈ-ਮੂਈ ਕਰਨ ਤੱਕ ਚਲੇ ਜਾਣਾ ਹੈ। ਜਦੋਂ ਭਾਰਤ ਭਾਰਤੀ ਹਾਕਮਾਂ ਨੇ ਦੇਸ ਵਿਚ ਤਾਲਾਬੰਦੀ ਕੀਤੀ ਸੀ ਉਦੋਂ ਇੱਥੇ ਕਰੋਨਾ ਦੀ ਬਿਮਾਰੀ ਦੇ ਸੈਂਕੜੇ ਮਰੀਜ ਸਨ ਹੁਣ ਜਦੋਂ ਤਾਲਾਬੰਦੀ ਖਤਮ ਵਾਗ ਕਰ ਦਿੱਤੀ ਤਾ ਇੱਥੇ ਲੱਖਾਂ ਕਰੋਨਾ ਮਰੀਜ ਹਨ ਇਸ ਲਈ ਭਾਰਤੀ ਹਾਕਮਾਂ ਦੀ ਮਨਸ਼ਾ ਤੇ ਸੁਆਲ ਖੜੇ ਹੋਣੇ ਜਾਇਜ ਹਨ ਕਰੋਨਾ ਵਾਇਰਸ ਦਾ ਹੋ ਹੱਲਾ ਖੜੇ ਕਰਨਾ ਸਾਮਰਾਜੀ ਮੁਲਕਾਂ ਦੀ ਚਾਲ ਹੈ।
੦-੦
ਕੋਰੋਨਾ ਦੌਰ 'ਚ ਆਰਥਿਕ ਮੰਦਵਾੜੇ ਦੀ ਮਾਰ ਹੇਠ ਆਏ ਅਮਰੀਕੀ ਹਾਕਮਾਂ ਨੇ
ਅਫਗਾਨ ਮਸਲਾ ਆਪਣੇ ਪਿੱਠੂ ਭਾਰਤੀ ਹਾਕਮਾਂ ਹਵਾਲੇ ਕੀਤਾ
ਰੂਸ ਅਤੇ ਸਾਊਦੀ ਅਰਬ ਵੱਲੋਂ ਅਮਰੀਕੀ ਸਾਮਰਾਜੀਆਂ ਦੇ ਖਿਲਾਫ ਵਿੱਢੀ ਤੇਲ ਜੰਗ ਤੋਂ ਪਹਿਲਾਂ ਅਮਰੀਕੀ ਹਾਕਮ ਅਫਗਾਨਿਸਤਾਨ ਵਿੱਚ ਤਾਲਿਬਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਸਨ। ਪਰ ਹੁਣ ਅਮਰੀਕੀ ਸਾਮਰਾਜੀਆਂ ਦੀ ਇਹ ਹਾਲਤ ਬਣ ਗਈ ਹੈ ਕਿ ਉਹ ਤਾਲਿਬਾਨਾਂ ਨਾਲ ਕੀਤੇ ਸਮਝੌਤੇ ਨੂੰ ਅਫਗਾਨਿਸਤਾਨ ਵਿੱਚ ਲਾਗੂ ਕਰਵਾਉਣ ਦੀ ਉਸ ਹਾਲਤ ਵਿੱਚ ਨਹੀਂ ਜਿਹੋ ਜਿਹੀ ਹਾਲਤ ਵਿੱਚ ਉਹ ਪਹਿਲਾਂ ਸਨ। ਅਮਰੀਕੀ ਹਾਕਮਾਂ ਨੇ ਤਾਲਿਬਾਨਾਂ ਨੂੰ ਇਹ ਵਿਸ਼ਵਾਸ਼ ਦੁਆਇਆ ਸੀ ਕਿ ਅਫਗਾਨਿਸਤਾਨ ਵਿੱਚ ਗ੍ਰਿਫਤਾਰ ਕੀਤੇ ਸਾਰੇ ਤਾਲਿਬਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਕੇ ਉਥੋਂ ਦੀ ਹਕੂਮਤ ਵਿੱਚ ਭਾਈਵਾਲੀ ਲਈ ਤਾਲਿਬਾਨਾਂ ਨੂੰ ਬਣਦਾ ਮੌਕਾ ਦਿੱਤਾ ਜਾਵੇਗਾ। ਪਰ ਜਦੋਂ ਨੂੰ ਇਸ ਸਮਝੌਤੇ ਬਾਰੇ ਅਫਗਾਨ ਹਕੂਮਤ ਨਾਲ ਕੋਈ ਗੱਲ ਚੱਲਦੀ ਉਦੋਂ ਤੱਕ ਪਹਿਲਾਂ ਕਰਵਾਈਆਂ ਨੂੰ ਸਹੀ ਮੰਨਦੇ ਹੋਏ ਉੱਥੋਂ ਦੇ ਰਾਸ਼ਟਰਪਤੀ ਗਨੀ ਨੇ ਆਪਣੇ ਨੂੰ ਅਗਲੇ ਅਰਸੇ ਲਈ ਰਾਸ਼ਟਰਪਤੀ ਐਲਾਨ ਦਿੱਤਾ ਅਤੇ ਉਸਦੇ ਮੁਕਾਬਲੇ 'ਤੇ ਉਮੀਦਵਾਰ ਡਾ. ਅਬਦੁੱਲਾ ਨੇ ਇਸ ਮੌਕੇ ਹੋਈਆਂ ਚੋਣਾਂ ਵਿੱਚ ਹੋਈਆਂ ਧਾਂਦਲੀਆਂ ਕਰਕੇ ਇਹਨਾਂ ਨੂੰ ਰੱਦ ਕਰਕੇ ਆਪਣੇ ਆਪ ਨੂੰ ਅਫਗਾਨਿਸਤਾਨ ਦਾ ਰਾਸ਼ਟਰਪਤੀ ਐਲਾਨ ਦਿੱਤਾ। ਅਫਗਾਨ ਹਕੂਮਤ 'ਚ ਕਾਬਜ਼ ਗਨੀ ਨੇ ਅਮਰੀਕਾ ਵੱਲੋਂ ਤਾਲਿਬਾਨਾਂ ਨਾਲ ਕੀਤੇ ਸਮਝੌਤੇ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਗ੍ਰਿਫਤਾਰ ਤਾਲਿਬਾਨ ਰਿਹਾਅ ਨਾ ਕੀਤੇ। ਤਾਲਿਬਾਨਾਂ ਨੇ ਸਿਲਸਿਲੇਵਾਰ ਹਮਲੇ ਕਰਕੇ ਗਨੀ ਹਕੂਮਤ ਦੇ ਨੱਕ ਵਿੱਚ ਦਮ ਲਿਆ ਦਿੱਤਾ। ਅਮਰੀਕਾ ਨੇ ਦਖਲਅੰਦਾਜ਼ੀ ਕਰਕੇ ਇਸ ਮਸਲੇ ਨੂੰ 'ਸ਼ਾਂਤਮਈ' ਢੰਗ ਨਾਲ ਹੱਲ ਕਰਨ ਲਈ ਆਖਿਆ। ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ। ਅਫਗਾਨਿਸਤਾਨ ਵਿੱਚ ਤਾਲਿਬਾਨਾਂ ਦੇ ਹਕੂਮਤੀ ਬਲਾਂ 'ਤੇ ਹਮਲੇ ਲਗਾਤਾਰ ਜਾਰੀ ਰਹੇ। ਇਹ ਸਾਰਾ ਅਮਲ ਅਮਰੀਕੀ ਹਾਕਮਾਂ ਦੀ ਵਧੇਰੇ ਨਿਗਾਹਦਾਰੀ ਭਾਲਦਾ ਸੀ। ਪਰ ਜਿੰਨੇ ਵੱਡੇ ਮੰਦਵਾੜੇ ਵਿੱਚ ਅਮਰੀਕੀ ਹਾਕਮ ਫਸੇ ਹੋਏ ਹਨ, ਉਸ ਵਿੱਚੋਂ ਉਹਨਾਂ ਲਈ ਇਸ ਸਮੇਂ ਇਹ ਸੰਭਵ ਹੀ ਨਹੀਂ ਸੀ ਕਿ ਉਹ ਅਫਗਾਨਿਸਤਾਨ ਵੱਲ ਬਣਦਾ ਧਿਆਨ ਦੇ ਸਕਣ। ਉਂਝ ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਨਵੰਬਰ ਵਿੱਚ ਹੋਣੀਆਂ ਹਨ। ਉੱਤੋਂ ਦੇ ਰਾਸ਼ਟਰਪਤੀ ਟਰੰਪ ਅਤੇ ਉਸਦੇ ਪ੍ਰਸਾਸ਼ਨ ਦਾ ਧਿਆਨ ਵੀ ਉਸ ਪਾਸੇ ਲੱਗਾ ਹੋਇਆ ਹੈ। ਇਸ ਕਰਕੇ ਅਮਰੀਕਾ ਨੂੰ ਅਫਗਾਨਿਸਤਾਨ ਵਿੱਚੋਂ ਕੁੱਝ ਹਾਸਲ ਹੋਵੇ ਜਾਂ ਨਾ ਹੋਵੇ ਅਮਰੀਕੀ ਹਾਕਮਾਂ ਨੇ ਆਪਣੀਆਂ ਸਮੱਸਿਆਵਾਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕੀਤਾ ਹੈ, ਅਫਗਾਨ ਮਸਲਾ ਉਹਨਾਂ ਨੇ ਆਪਣੀ ਪਰਖੀ ਹੋਈ ਦਲਾਲ ਮੋਦੀ ਜੁੰਡਲੀ ਦੇ ਹਵਾਲੇ ਕਰ ਦਿੱਤਾ ਹੈ।
ਹੁਣ ਤੱਕ ਮੋਦੀ ਹਕੂਮਤ ਅਮਰੀਕੀ ਹਾਕਮਾਂ ਦੀ ਬੋਲੀ ਬੋਲਦੀ ਹੋਈ ਤਾਲਿਬਾਨਾਂ ਨੂੰ ਕਾਤਲੀ ਗਰੋਹ, ਹਿੰਸਕ, ਖੂਨੀ ਅਤੇ ਦਹਿਸ਼ਤਗਰਦ ਗਰਦਾਨਦੀ ਰਹੀ ਹੈ। ਤਾਲਿਬਾਨਾਂ ਨੇ ਵੀ ਭਾਰਤੀ ਹਾਕਮਾਂ ਤੋਂ ਕਦੇ ਕੋਈ ਝਾਕ ਨਹੀਂ ਸੀ ਰੱਖੀ। ਉਹਨਾਂ ਨੇ ਪਿਛੇ ਹੋਏ ਦੋਹਾ ਸਮਝੌਤੇ ਮੌਕੇ ਵੀ ਭਾਰਤੀ ਹਾਕਮਾਂ ਨੂੰ ਮੂੰਹ ਨਹੀਂ ਸੀ ਲਾਇਆ। ਬਲਕਿ ਉਹਨਾਂ” ਨੇ ਆਪਣੇ ਸਮਝੌਤੇ ਵਿੱਚ ਪਾਕਿਸਤਾਨ ਅਤੇ ਈਰਾਨ ਦਾ ਖਾਸ ਕਰਕੇ ਧੰਨਵਾਦ ਕੀਤਾ ਸੀ। ਭਾਰਤੀ ਹਾਕਮ ਇਸ ਸਮਝੌਤੇ ਮੌਕੇ ਸਿਰਫ ਮੂਕ ਦਰਸ਼ਕ ਬਣਾ ਕੇ ਬਿਠਾਏ ਹੋਏ ਸਨ। ਇਹ ਤਾਲਿਬਾਨਾਂ” ਨੂੰ ਤਸੱਲੀ ਦੇਣ ਲਈ ਸੀ ਕਿ ਸਿਰਫ ਅਮਰੀਕੀ ਹਾਕਮ ਹੀ ਉਹਨਾਂ ਨੂੰ ਮਾਨਤਾ ਨਹੀਂ ਦੇ ਰਹੇ ਬਲਕਿ ਅਗਾਂਹ ਤੋਂ ਭਾਰਤ ਸਮੇਤ ਅਮਰੀਕਾ ਪੱਖੀ ਸਾਰੀਆਂ” ਹੀ ਸ਼ਕਤੀਆਂ ਉਹਨਾਂ ਨੂੰ ਮਾਨਤਾ ਦੇਣਗੀਆਂ।
ਹੁਣ ਜਦੋਂ ਅਮਰੀਕਾ ਵੱਲੋਂ ਕੀਤਾ ਤਾਲਿਬਾਨਾਂ ਨਾਲ ਸਮਝੌਤਾ ਇੱਕ ਖੜੋਤ ਵਿੱਚ ਫਸਿਆ ਖੜ੍ਹਾ ਹੈ ਤਾਂ ਇਸ ਨੂੰ ਅੱਗੇ ਤੋਰਨ ਲਈ ਅਮਰੀਕੀ ਹਾਕਮਾਂ ਨੂੰ ਹੀ ਕੋਈ ਪਹਿਲ ਕਰਨੀ ਪੈਣੀ ਸੀ। ਪਰ ਉਹ ਇਸ ਸਮੇਂ ਐਨਾ ਧਿਆਨ ਦੇ ਹੀ ਨਹੀਂ ਸਕਦੇ, ਜਿੰਨਾ ਧਿਆਨ ਇਹ ਮਸਲਾ ਮੰਗਦਾ ਹੈ। ਇਸ ਕਰਕੇ ਅਮਰੀਕੀ ਹਾਕਮਾਂ ਨੇ ਇੱਕ ਵਿਸ਼ੇਸ਼ ਨੁਮਾਇੰਦਾ ਜ਼ਲਮੇਅ ਖਾਲਿਜਜ਼ਾਦ ਭਾਰਤ ਭੇਜਿਆ ਹੈ ਕਿ ਉਹ ਭਾਰਤੀ ਹਾਕਮਾਂ ਨੂੰ ਅਫਗਾਨ ਸਮਝੌਤੇ ਨੂੰ ਲਾਗੂ ਕਰਵਾਉਣ ਲਈ ਅਧਿਕਾਰਤ ਕਰਕੇ ਆਵੇ। 8 ਮਈ 2020 ਨੂੰ ਅਮਰੀਕੀ ਵਿਸ਼ੇਸ਼ ਨੁਮਾਇੰਦਾ ਥੋੜ੍ਹੇ ਅਰਸੇ ਲਈ ਦਿੱਲੀ ਆਇਆ। ਇੱਥੇ ਆ ਕੇ ਉਸਨੇ ਭਾਰਤ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਐਸ. ਜੈਸ਼ੰਕਰ ਅਤੇ ਕੌਮੀ ਸੁਰੱਖਿਆ ਸਹਾਲਕਾਰ ਅਜੀਤ ਦੋਬਾਲ ਨਾਲ ਗੱਲਬਾਤ ਕੀਤੀ ਹੈ। ਅਮਰੀਕੀ ਹਾਕਮਾਂ ਨੂੰ ਇਹ ਆਸ ਹੈ ਕਿ ਭਾਰਤੀ ਹਾਕਮ ਅਫਗਾਨਿਸਤਾਨ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਆਪਣਾ ਰੋਲ ਨਿਭਾ ਸਕਦੇ ਹਨ। ਇਸ ਦੇ ਪਿੱਛੇ ਇੱਕ ਲਗਾਤਾਰਤਾ ਪਈ ਹੈ, ਜਿਹੜੀ ਇਸ ਮਸਲੇ 'ਤੇ ਕੰਮ ਕਰ ਸਕਦੀ ਹੈ। ਉਹ ਲਗਾਤਾਰਤਾ ਇਹ ਹੈ ਕਿ ਅਫਗਾਨ ਹਾਕਮ ਹੁਣ ਤੱਕ ਭਾਰਤ ਨੂੰ ''ਅੱਤਵਾਦ ਦੇ ਵਿਰੁੱਧ'' ਆਪਣਾ ਇੱਕ ਸੰਗੀ ਸਮਝਦੇ ਆ ਰਹੇ ਹਨ ਅਤੇ ਭਾਰਤੀ ਹਕੂਮਤ ਅਫਗਾਨ ਹਕੂਮਤ ਨੂੰ ਤਾਲਿਬਾਨਾਂ ਦੇ ਖਿਲਾਫ ਹਰ ਤਰ੍ਹਾਂ ਸਹਾਇਤਾ ਦਿੰਦੀ ਆਈ ਹੈ। ਅਫਗਾਨਿਸਤਾਨ ਦੇ ਹਕੂਮਤੀ ਗਲਿਆਰਿਆਂ ਵਿੱਚ ਕਾਬਜ ਭਾਵੇਂ ਗਨੀ ਰਿਹਾ ਹੋਵੇ ਜਾਂ ਕੋਈ ਹੋਰ ਦਾਅਵੇਦਾਰ ਹੋਣ ਪਰ ਜੇਕਰ ਉਹਨਾਂ ਲਈ ਢੋਈ ਅਮਰੀਕੀ ਹਾਕਮ ਜਾਂ ਉਹਨਾਂ ਦੇ ਪੈਰੋਕਾਰ ਭਾਰਤੀ ਹਾਕਮ ਨਹੀਂ ਬਣਦੇ ਤਾਂ ਉਹਨਾਂ ਦੀਆਂ ਹਕੂਮਤਾਂ ਧੜੱਮ ਡਿਗਣ ਲਈ ਬੱਝੀਆਂ ਹੋਈਆਂ ਹਨ।
ਤਾਲਿਬਾਨਾਂ ਦਾ ਪਸਾਰਾ ਅਫਗਾਨਿਸਤਾਨ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਹਾਕਮਾਂ ਲਈ ਹਾਲਤ ਅਜਿਹੀ ਬਣੀ ਹੋਈ ਹੈ ਕਿ ''ਸਾਰਾ ਜਾਂਦਾ ਦੇਖੀਏ ਤਾਂ ਅੱਧਾ ਦੇਈਏ ਵੰਡ''। ਪਰ ਅਫਗਾਨ ਤਾਲਿਬਾਨ ਐਨੇ ਨਾਲ ਸਬਰ ਕਰਨ ਜੋਗੇ ਨਹੀਂ। ਉਹ ਸਾਰੇ ਦਾ ਸਾਰਾ ਅਫਗਾਨਿਸਤਾਨ ਆਪਣਾ ਸਮਝਦੇ ਹਨ ਤੇ ਸਾਰਾ ਹੀ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦੇ ਹਨ ਅਤੇ ਜਿਸ ਤਰ੍ਹਾਂ ਨਾਲ ਉਹ ਲੋਕਾਂ ਦਾ ਸਹਿਯੋਗ ਲੈ ਕੇ ਚੱਲ ਰਹੇ ਹਨ, ਉਹ ਸਾਰਾ ਲੈ ਕੇ ਰਹਿਣਗੇ ਵੀ। ਅਮਰੀਕੀ ਹਾਕਮਾਂ ਲਈ ਕਸੂਤੀ ਹਾਲਤ ਇਹ ਬਣੀ ਹੋਈ ਹੈ ਕਿ ਅਫਗਾਨਿਸਤਾਨ ਤਾਂ ਕੀ ਹੁਣ ਸਾਰੇ ਹੀ ਅਰਬ ਦੇਸ਼ਾਂ ਵਿੱਚੋਂ ਉਹਨਾਂ ਦਾ ਬੋਰੀਆ ਬਿਸਤਰਾ ਗੋਲ ਹੋਣ ਦੀ ਨੌਬਤ ਆ ਚੁੱਕੀ ਹੈ। ਇਸ ਕਰਕੇ ਉਹਨਾਂ ਦੀ ਅਫਗਾਨਿਸਤਾਨ ਵਿੱਚ ਇਹ ਕੋਸ਼ਿਸ਼ ਹੈ ਕਿ ਜੇਕਰ ਉਹ ਉੱਥੋਂ ਦੇ ਰਾਸ਼ਟਰਪਤੀ ਗਨੀ ਸਮੇਤ ਹੋਰਨਾਂ ਪਿਆਦਿਆਂ ਵਿੱਚੋਂ ਕਿਸੇ ਨੂੰ ਕਿੰਨਾ ਕੁ ਵੀ ਸੱਤਾ ਵਿੱਚ ਹਿੱਸੇਦਾਰ ਬਣਾ ਕੇ ਰੱਖ ਜਾਣ ਤਾਂ ਇਹ ਉਹਨਾਂ ਲਈ ਨਿਆਮਤ ਹੋਵੇਗੀ। ਪਰ ਤਾਲਿਬਾਨ ਇਹਨਾਂ ਦੀਆਂ ਬੁੱਚੀਆਂ ਪੁਆਉਣ ਲੱਗੇ ਹੋਏ ਹਨ। ਉਹਨਾਂ ਨੇ ਇਹਨਾਂ ਨੂੰ ਰੱਦ ਕਰਕੇ ਆਪ ਸੱਤਾ 'ਤੇ ਕਾਬਜ ਹੋਣ ਦੀ ਧਾਰੀ ਹੋਈ ਹੈ। ਇਸ ਮੌਕੇ ਅਮਰੀਕੀ ਹਾਕਮਾਂ ਵੱਲੋਂ ਤਾਲਿਬਾਨਾਂ ਨੂੰ ਵਰਚਾਅ ਕੇ ਆਪਣੇ ਪੱਖ ਵਿੱਚ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਕਿ ਜੇਕਰ ਉਹ ਅਲ-ਕਾਇਦਾ ਵਰਗੇ ਅਮਰੀਕਾ ਵਿਰੋਧੀ ਕਿਸੇ ''ਦਹਿਸ਼ਤਗਰਦ'' ਗਰੁੱਪ ਦੀ ਮੱਦਦ ਨਾ ਕਰਨ ਤਾਂ ਉਹਨਾਂ ਨੂੰ ਸੱਤਾ ਸੰਭਾਲੀ ਜਾ ਸਕਦੀ ਹੈ। ਦਾਅਪੇਚਕ ਤੌਰ 'ਤੇ ਤਾਲਿਬਾਨ ਅਜਿਹੀ ਕਿਸੇ ਵੀ ਪੇਸ਼ਕਸ਼ ਨੂੰ ਹਾਲ ਦੀ ਘੜੀ ਸਵਿਕਾਰ ਵੀ ਕਰ ਸਕਦੇ ਹਨ ਕਿ ਉਹ ਆਪਣੇ ਦੇਸ਼ ਦੀ ਧਰਤੀ ਕਿਸੇ ਹੋਰ ਮੁਲਕ ਵਿੱਚ ਦਖਲਅੰਦਾਜ਼ੀ ਲਈ ਨਹੀਂ ਵਰਤਣ ਦੇਣਗੇ।
ਆਰਥਿਕ ਮੰਦਵਾੜੇ ਦੇ ਇਸ ਭਿਆਨਕ ਦੌਰ ਵਿੱਚ ਭਾਰਤੀ ਹਾਕਮਾਂ ਨੇ ਆਪਣੀ ਹੋਣੀ ਅਮਰੀਕੀ ਹਾਕਮਾਂ ਨਾਲ ਨੱਥੀ ਕਰ ਲਈ ਹੈ ਅਤੇ ਇਹ ਉਹਨਾਂ ਦੇ ਇਸ਼ਾਰਿਆਂ 'ਤੇ ਨੱਚਦੇ ਹੋਏ ਉਹ ਸਭ ਕੁੱਝ ਕਰਨ ਨੂੰ ਤਿਆਰ ਹਨ, ਜਿਹੋ ਜਿਹਾ ਕੁੱਝ ਅਮਰੀਕੀ ਸਾਮਰਾਜੀਏ ਅਤੇ ਉਹਨਾਂ ਦੇ ਜੋਟੀਦਾਰ ਕਰਵਾਉਣਾ ਚਾਹੁੰਦੇ ਹਨ। ਇਹਨਾਂ ਨੂੰ ਅਮਰੀਕੀ ਹਾਕਮਾਂ ਵਾਂਗ ਹੀ ਇਸ ਸਮੇਂ ਰੂਸ-ਚੀਨ ਸਭ ਤੋਂ ਵੱਡੇ ਖਤਰਨਾਕ ਦੁਸ਼ਮਣ ਵਿਖਾਈ ਦਿੰਦੇ ਹਨ। ਜਦੋਂ ਭਾਰਤੀ ਹਾਕਮਾਂ ਨੇ ਆਪਣੀ ਹੋਣੀ ਅਮਰੀਕੀ ਸਾਮਰਾਜੀਆਂ ਨਾਲ ਨੱਥੀ ਕਰ ਲਈ ਹੈ ਤਾਂ ਅਮਰੀਕੀ ਹਾਕਮਾਂ ਨੂੰ ਇਹ ਭਰੋਸਾ ਵੀ ਹੈ ਕਿ ਜੇਕਰ ਕੋਈ ਵੀ ਵਾਧਾ-ਘਾਟਾ ਭਾਰਤੀ ਹਾਕਮ ਕਰ ਜਾਣ ਤਾਂ ਇਹ ਝੱਲਣਯੋਗ ਹੀ ਹੋਣਾ ਹੈ, ਇਸ ਕਰਕੇ ਉਸ ਨੂੰ ਝੱਲ ਲਿਆ ਜਾਵੇ। ਪਹਿਲਾਂ ਅਮਰੀਕੀ ਹਾਕਮ ਭਾਰਤ ਨੂੰ ਭਾਰਤੀ ਉੱਪ-ਮਹਾਂਦੀਪ ਵਿੱਚ ਆਪਣਾ ਚੌਕੀਦਾਰ ਜਾਂ ਥਾਣੇਦਾਰ ਸਮਝਦੇ ਆ ਰਹੇ ਸਨ ਜਿਹੜਾ ਉਹਨਾਂ ਦੇ ਵਪਾਰ ਅਤੇ ਆਰਥਿਕ ਹਿੱਤਾਂ ਦੀ ਰਾਖੀ ਕਰਦਾ ਹੋਵੇ, ਹੁਣ ਉਹਨਾਂ ਨੇ ਭਾਰਤੀ ਹਾਕਮਾਂ ਨੂੰ ਕਿਸੇ ਨਾ ਕਿਸੇ ਹੱਦ ਆਪਣਾ ਸਲਾਹਕਾਰ ਤੇ ਵਧੇਰੇ ਵਿਸ਼ਵਾਸ਼ਪਾਤਰ ਵੀ ਮੰਨ ਲਿਆ ਹੈ। ਜਦੋਂ ਹੁਣ ਸੰਸਾਰ ਦੀ ਨਵੀਂ ਸਫਬੰਦੀ ਹੋਣ ਜਾ ਰਹੀ ਹੈ ਤਾਂ ਭਾਰਤੀ ਹਾਕਮਾਂ ਵੱਲੋਂ ਅਮਰੀਕੀ ਸਾਮਰਾਜੀਆਂ ਦੇ ਨੇੜੇ ਹੋਣ ਨੇ ਇਹਨਾਂ ਨੂੰ ਹੋਰ ਵਧੇਰੇ ਮਹੱਤਵਪੂਰਨ ਬਣਾ ਦਿੱਤਾ ਹੈ।
ਅਫਗਾਨਿਸਤਾਨ ਵਿੱਚ ਹੁਣ ਭਾਰਤੀ ਹਾਕਮ ਤਾਲਿਬਾਨਾਂ ਦਾ ਬਹੁਤਾ ਕੁੱਝ ਵਿਗਾੜ ਨਹੀਂ ਸਕਦੇ, ਇਸ ਕਰਕੇ ਇਹ ਉੱਥੋਂ ਦੀ ਹਕੂਮਤ ਵਿੱਚ ਕਾਬਜ਼ ਗਨੀ ਵਰਗੇ ਦਲਾਲਾਂ ਨੂੰ ਇਸ ਗੱਲ 'ਤੇ ਲਿਆਉਣਗੇ ਕਿ ਉਹ ਲਾਂਭੇ ਹੋ ਕੇ ਤਾਲਿਬਾਨਾਂ ਨੂੰ ਸੱਤਾ ਸੰਭਾਲ ਦੇਣ। ਅਫਗਾਨਿਸਤਾਨ ਵਿੱਚ ਜੇਕਰ ਉਹ ਆਪਣੀ ਜਾਨ ਹੀ ਬਚਾ ਲੈਣ ਤਾਂ ਇਹ ਵੀ ਭਲੀ-ਗਨੀਮਤ ਹੀ ਹੋਵੇਗੀ ਨਹੀਂ ਤਾਂ ਉਹਨਾਂ ਦੀ ਜਾਨ ਜਾਂਦੀ ਵੀ ਹੋ ਸਕਦੀ ਹੈ।
੦-੦
ਅਮਰੀਕੀ ਹਾਕਮਾਂ ਖਿਲਾਫ ਅਮਰੀਕੀ ਲੋਕਾਂ ਨੇ ਗੁੱਸੇ ਦੇ ਭਾਂਬੜ ਬਾਲ਼ੇ
25 ਮਈ ਨੂੰ ਅਮਰੀਕਾ ਦੇ ਸ਼ਹਿਰ ਮੇਨੀਆਪੋਲਿਸ ਵਿੱਚ ਜਾਰਜ਼ ਫਲੋਆਇਡ ਦਾ 20 ਡਾਲਰ ਦੇ ਲੈਣ-ਦੇਣ 'ਤੇ ਇੱਕ ਦੁਕਾਨਦਾਰ ਨਾਲ ਮਾਮੂਲੀ ਝਗੜਾ ਹੋ ਗਿਆ। ਦੁਕਾਨਦਾਰਾਂ ਨੇ ਫਲੋਆਇਡ ਦੇ ਚਲੇ ਜਾਣ ਤੋਂ ਬਾਅਦ ਪੁਲਸ ਨੂੰ ਫੋਨ ਕਰ ਦਿੱਤਾ। ਪੁਲਸੀਆਂ ਨੇ ਆਉਂਦੀ ਸਾਰ ਹੀ ਫਲੋਆਇਡ ਨੂੰ ਢਾਹ ਲਿਆ ਅਤੇ ਉਸਦੇ ਹੱਥ ਪਿੱਛੇ ਬੰਨ੍ਹ ਕੇ ਇੱਕ ਪੁਲਸ ਅਫਸਰ ਨੇ ਉਸਦੇ ਮੂਧੇ ਪਏ ਦੀ ਧੌਣ 'ਤੇ ਗੋਡਾ ਰੱਖ ਕੇ ਓਨੀ ਦੇਰ ਤੱਕ ਦਬਾਈ ਰੱਖਿਆ ਜਦੋਂ ਤੱਕ ਫਲੋਆਇਡ ਦੀ ਜਾਨ ਨਾ ਚਲੀ ਗਈ। ਫਲੋਆਇਡ 4-5 ਮਿੰਟ ਤੱਕ ਇਹ ਦੁਹਾਈ ਦਿੰਦਾ ਰਿਹਾ ਕਿ ''ਮੈਂ ਸਾਹ ਨਹੀਂ ਲੈ ਸਕਦਾ।'' ਪਰ ਉਸ ਪੁਲਸ ਅਫਸਰ ਨੇ ਉਸਦੀ ਕੋਈ ਨਾ ਸੁਣੀ। ਪੁਲਸ ਅਫਸਰ ਨੇ ਉਸ ਨੂੰ ਮਾਰਨਾ ਸੀ, ਮਾਰ ਦਿੱਤਾ। ਫਲੋਆਇਡ ਦਾ ਕਸੂਰ ਸਿਰਫ ਇਹ ਸੀ ਕਿ ਉਹ ਕਾਲੇ ਰੰਗ ਦਾ ਅਮਰੀਕੀ ਜੰਮਪਲ ਸੀ। ਯਾਨੀ ਅਮਰੀਕਾ ਵਿੱਚ ਉਸਦਾ ਰੰਗ ਕਾਲਾ ਹੋਣਾ ਹੀ ਉਸਦੀ ਮੌਤ ਦਾ ਕਾਰਨ ਬਣ ਗਿਆ।
ਫਲੋਆਇਡ ਨੂੰ ਕਿਉਂ ਮਾਰਿਆ ਗਿਆ?
ਫਲੋਆਇਡ ਨੂੰ ਕਿਉਂ ਮਾਰਿਆ ਗਿਆ? ਇਹ ਸਿਰਫ ਇਸ ਕਰਕੇ ਹੀ ਨਹੀਂ ਸੀ ਕਿ ਉਹ ਕਾਲੇ ਰੰਗ ਦਾ ਅਮਰੀਕੀ ਨੌਜਵਾਨ ਸੀ। ਬਲਕਿ ਉਸਦੀ ਮੌਤ ਦਾ ਕਾਰਨ ਇਸ ਸਮੇਂ ਦੇ ਅਮਰੀਕੀ ਹਾਕਮਾਂ ਵੱਲੋਂ ਧਾਰਨ ਕੀਤੀ ਨੀਤੀ ਹੈ। ਇਸ ਸਮੇਂ ਟਰੰਪ ਜਿਸ ਨੀਤੀ 'ਤੇ ਚੱਲ ਰਿਹਾ ਹੈ, ਉਸਦਾ ਆਧਾਰ ਹੈ ਹੀ ਇਹੀ ਕਿ ਉਸਨੇ ਪਿਛਲੀ ਚੋਣ ਵਾਂਗ ਇਸ ਵਾਰ ਵੀ ਸਿਰਫ ਗੋਰੇ ਰੰਗ ਵਾਲੇ ਅਮਰੀਕੀਆਂ ਨੂੰ ਆਪਣੇ ਪੱਖ ਵਿੱਚ ਕਰਕੇ ਨਵੰਬਰ ਵਿੱਚ ਆ ਰਹੀਆਂ ਚੋਣਾਂ ਜਿੱਤਣ ਦੀ ਠਾਣੀ ਹੋਈ ਹੈ। ਉਸ ਨੇ ਬਹੁਗਿਣਤੀ ਗੋਰੇ ਰੰਗ ਵਾਲੇ ਅਮਰੀਕੀਆਂ ਨੂੰ ਇਹ ਜਚਾਉਣ ਦੀ ਨੀਤੀ ਅਖਤਿਆਰ ਕੀਤੀ ਹੋਈ ਹੈ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਮੂਲ ਕਾਰਨ ਅਮਰੀਕਾ ਵਿੱਚ ਬਾਹਰੋਂ ਆ ਕੇ ਵਸੇ ਕਾਲੇ ਹਨ। ਇਹਨਾਂ ਦੀ ਵਜਾਹ ਕਰਕੇ ਹੀ ਮਹਿੰਗਾਈ ਹੈ, ਇਹਨਾਂ ਦੀ ਵਜਾਹ ਕਰਕੇ ਹੀ ਬੇਰੁਜ਼ਗਾਰੀ ਹੈ, ਇਹਨਾਂ ਦੀ ਵਜਾਹ ਕਰਕੇ ਹੀ ਬਿਮਾਰੀਆਂ ਹਨ। ਯਾਨੀ ਦੇਸ਼ ਦੀਆਂ ਕੁੱਲ ਸਮੱਸਿਆਵਾਂ ਦੀ ਜੜ ਕਾਲੇ ਰੰਗ ਦੇ ਲੋਕਾਂ ਨੂੰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਟਰੰਪ ਪਰਸ਼ਾਸਨ ਇਸ ਨੀਤੀ 'ਤੇ ਚੱਲ ਰਿਹਾ ਹੈ ਕਿ ਲੋਕਾਂ ਵਿੱਚ ਰੰਗ-ਨਸਲ ਦੇ ਨਾਂ 'ਤੇ ਅਜਿਹੀ ਕੜਵਾਹਟ ਪੈਦਾ ਕੀਤੀ ਜਾਵੇ ਕਿ ਲੋਕਾਂ ਨੂੰ ਉਹਨਾਂ ਦੀਆਂ ਅਸਲ ਸਮੱਸਿਆਵਾਂ ਦੇ ਕਾਰਨਾਂ ਦਾ ਪਤਾ ਨਾ ਲੱਗ ਸਕੇ।
ਅਮਰੀਕੀ ਲੋਕਾਂ ਨੇ ਅਮਰੀਕੀ ਹਾਕਮਾਂ ਨੂੰ ਆਪਣੇ ਅਸਲੀ ਰੰਗ ਵਿਖਾ ਦਿੱਤੇ
ਅਮਰੀਕੀ ਹਾਕਮਾਂ ਨੇ ਅਮਰੀਕੀ ਲੋਕਾਂ ਵਿੱਚ ਗੋਰੇ-ਕਾਲੇ ਰੰਗ ਦੇ ਆਧਾਰ 'ਤੇ ਭਿੰਨ-ਭੇਦ ਖੜ੍ਹੇ ਕਰਨ ਦੀ ਚਾਲ ਚੱਲੀ ਸੀ, ਪਰ ਕੋਰੋਨਾਵਾਇਰਸ ਕੋਵਿਡ-19 ਦੇ ਨਾਂ 'ਤੇ ਕੀਤੀ ਗਈ ਤਾਲਾਬੰਦੀ ਦੇ ਖਿਲਾਫ ਅਮਰੀਕੀ ਲੋਕਾਂ ਨੇ ਗੋਰੇ-ਕਾਲੇ ਦਾ ਭੇਦ-ਭਾਵ ਮਿਟਾ ਕੇ ਆਪਣੀ ਜਮਾਤੀ ਏਕਤਾ ਦਾ ਮੁਜਾਹਰਾ ਕੀਤਾ ਸੀ। ਹੁਣ ਜਦੋਂ ਫਲੋਆਇਡ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਤਾਂ ਨਾ ਸਿਰਫ ਅਮਰੀਕਾ ਦੇ ਕਾਲੇ ਮੂਲ ਦੇ ਲੋਕਾਂ ਨੇ ਹੀ ਸੰਘਰਸ਼ ਦੇ ਮੈਦਾਨ ਵਿੱਚ ਆਪਣੇ ਜ਼ੌਹਰ ਵਿਖਾਏ ਬਲਕਿ ਇਨਸਾਨੀ ਕਦਰਾਂ-ਕੀਮਤਾਂ 'ਤੇ ਪਹਿਰਾ ਦੇਣ ਵਾਲੇ ਸਮੁੱਚੇ ਅਮਰੀਕੀਆਂ ਨੇ ਅਮਰੀਕੀ ਹਾਕਮਾਂ ਖਿਲਾਫ ਆਪਣੇ ਹਕੀਕੀ ਗੁੱਸੇ ਅਤੇ ਰੋਹ ਦਾ ਇਜ਼ਹਾਰ ਕੀਤਾ। ਟਰੰਪ ਪਰਸ਼ਾਸਨ ਨੇ ਬਲਦੀ 'ਤੇ ਤੇਲ ਪਾਉਣ ਲਈ ਆਪਣੀ ਜ਼ਹਿਰ ਗਲੱਛਣੀ ਸ਼ੁਰੂ ਕੀਤੀ। ਉਸਨੇ ਪਰਦਰਸ਼ਨਕਾਰੀਆਂ ਨੂੰ ''ਠੱਗਾਂ'' ਦੇ ਟੋਲੇ ਗਰਦਾਨਿਆ। ਉਸ ਨੇ 1967 ਵੇਲੇ ਦੇ ਅਮਰੀਕੀ ਹਾਕਮਾਂ ਦੀ ਬੋਲੀ ਬੋਲਦੇ ਹੋਏ ਆਖਿਆ ਕਿ ''ਜਦੋਂ ਲੁੱਟ ਹੋਣੀ ਸ਼ੁਰੂ ਹੁੰਦੀ ਹੈ ਤਾਂ ਗੋਲੀ ਚੱਲਣੀ ਸ਼ੁਰੂ ਹੁੰਦੀ ਹੈ।'' (ਵੈਨ ਲੂਟਿੰਗ ਸਟਾਰਟਜ਼, ਦਾ ਸ਼ੂਟਿੰਗ ਸਟਾਰਟਜ਼) ਇਸੇ ਹੀ ਤਰ੍ਹਾਂ ਉਸ ਨੇ ਮੁਜਾਹਰਾਕਾਰਿਆਂ ਦੇ ਪਿੱਛੇ ''ਖ਼ੂੰਖਾਰ ਕੁੱਤੇ'' ਲਾਉਣ ਦੀ ਬਕਵਾਸ ਕੀਤੀ ਅਤੇ ਪੁਲਸ ਦੇ ਪਿੱਛੇ ਆਪਣੀ ਫੌਜ ਤਾਇਨਾਤ ਕਰਕੇ ਹਰ ਤਰ੍ਹਾਂ ਦੇ ਵਿਰੋਧ ਨੂੰ ਕੁਚਲਣ ਦੀ ਫੁਰਮਾਨ ਜਾਰੀ ਕੀਤੇ।
ਟਰੰਪ ਪਰਸ਼ਾਸਨ ਦੇ ਤਾਨਾਸ਼ਾਹ ਫੁਰਮਾਨਾਂ ਦੇ ਖਿਲਾਫ ਅਮਰੀਕੀ ਲੋਕਾਂ ਦਾ ਗੁੱਸਾ ਹੋਰ ਤੋਂ ਹੋਰ ਭੜਕਦਾ ਗਿਆ। ਅਮਰੀਕਾ ਦੇ ਸਾਰੇ ਹੀ ਵੱਡੇ ਛੋਟੇ ਸ਼ਹਿਰਾਂ ਵਿੱਚ ਆਮ ਲੋਕ ਸੜਕਾਂ 'ਤੇ ਨਿਕਲ ਆਏ। ਵੱਡੇ ਵੱਡੇ ਮਾਲ, ਸਰਕਾਰੀ ਵਾਹਨ, ਸਰਕਾਰੀ ਇਮਾਰਤਾਂ ਲੋਕਾਂ ਦੇ ਗੁੱਸੇ ਨਾਲ ਅੱਗ ਦੀਆਂ ਲਪਟਾਂ ਵਿੱਚ ਬਦਲਣ ਲੱਗੀਆਂ। ਲੋਕਾਂ ਦਾ ਗੁੱਸਾ ਹੋਰ ਤਾਂ ਕੀ ਵਾਇਟ ਹਾਊਸ ਦੀਆਂ ਬਰੂਹਾਂ ਤੱਕ ਵੀ ਆਪਣੇ ਜ਼ੌਹਰ ਵਿਖਾਉਣ ਲੱਗਿਆ। ਲੋਕਾਂ ਦੇ ਰੋਹ ਤੋਂ ਕੰਬਦੇ ਹੋਏ ਟਰੰਪ ਨੂੰ ਵਾਈਟ ਹਾਊਸ ਦੀ ਹੇਠਲੀ ਪੰਜਵੀਂ ਮੰਜ਼ਿਲ 'ਤੇ ਬਣਾਏ ਬੰਕਰਾਂ ਵਿੱਚ ਲੁਕਣਾ ਪਿਆ। ਅਮਰੀਕੀ ਹਾਕਮਾਂ ਨੇ ਥਾਂ ਥਾਂ ਗੋਲੀਆਂ ਚਲਾ ਕੇ ਅਤੇ ਲਾਠੀਚਾਰਜ ਕਰਕੇ 16 ਵਿਅਕਤੀਆਂ ਦੀ ਬਲੀ ਲਈ ਅਤੇ ਹਜ਼ਾਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ। ਲੋਕਾਂ ਦੇ ਵਧਦੇ ਗੁੱਸੇ ਅਤੇ ਰੋਹ ਅੱਗੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਫਾਈਆਂ ਦੇਣੀਆਂ ਪਈਆਂ ਕਿ ਉਸਦੇ ਕਹਿਣ ਦਾ ਭਾਵ ਇਹ ਨਹੀਂ, ਉਹ ਸੀ ਆਦਿ ਆਦਿ।
ਜਾਰਜ ਫਲੋਆਇਡ ਦੀ ਮੌਤ ਉਪਰੰਤ ਜੋ ਕੁੱਝ ਅਮਰੀਕਾ ਵਿੱਚ ਹੋਇਆ। ਇਹ ਕੁੱਝ ਮਹਿਜ਼ ਗੋਰੇ ਕਾਲੇ ਰੰਗ ਦਾ ਮਾਮਲਾ ਨਹੀਂ ਸੀ ਬਲਕਿ ਇਹ ਕੁੱਝ ਅਮਰੀਕੀ ਹਾਕਮਾਂ ਦੇ ਉਹਨਾਂ ਕੁਕਰਮਾਂ ਦੇ ਖਿਲਾਫ ਫੁੱਟਿਆ ਰੋਹ ਸੀ ਜਿਹੜੇ ਉਹਨਾਂ ਨੇ ਕੋਰੋਨਾ ਦੌਰ ਦੌਰਾਨ ਜਾਂ ਇਹਨਾਂ ਤੋਂ ਪਹਿਲਾਂ ਕੀਤੇ ਸਨ। ਅਸਲ ਗੱਲ ਤਾਂ ਇਹ ਹੈ ਕਿ ਇਸ ਸਮੇਂ ਅਮਰੀਕੀ ਸਾਮਰਾਜੀਏ ਆਪਣੇ ਕਿਸੇ ਵੀ ਸਮੇਂ ਦੇ ਸਭ ਤੋਂ ਵੱਡੇ ਆਰਥਿਕ ਮੰਦਵਾੜੇ ਵਿੱਚ ਫਸੇ ਹੋਏ ਹਨ। ਉਹਨਾਂ ਆਪਣੀਆਂ ਸਮੱਸਿਆਵਾਂ ਦਾ ਸਾਰਾ ਭਾਰ ਜਿੱਥੇ ਮੁੱਖ ਤੌਰ 'ਤੇ ਸੰਸਾਰ ਦੇ ਦੱਬੇ-ਕੁਚਲੇ ਦੇਸ਼ਾਂ ਦੇ ਲੋਕਾਂ 'ਤੇ ਸੁੱਟਣ ਦੀ ਠਾਣੀ ਹੋਈ ਹੈ, ਉੱਥੇ ਆਪਣੇ ਸੰਕਟਾਂ ਦਾ ਭਾਰ ਆਪਣੇ ਦੇਸ਼ ਦੇ ਕਿਰਤੀ ਲੋਕਾਂ ਸਿਰ ਵੀ ਸੁੱਟਿਆ ਜਾ ਰਿਹਾ ਹੈ। ਇਸ ਸਮੇਂ ਅਮਰੀਕਾ ਵਿੱਚ ਕਾਲੇ ਰੰਗ ਦੇ ਲੋਕ ਵਧੇਰੇ ਕਰਕੇ ਗਰੀਬੀ, ਭੁੱਖਨੰਗ, ਬੇਰੁਜ਼ਗਾਰੀ ਅਤੇ ਬਿਮਾਰੀਆਂ ਦੀ ਮਾਰ ਹੇਠ ਆਏ ਹੋਏ ਹਨ। ਕੋਰੋਨਾ ਦੇ ਖਾਤੇ ਚਾੜ ਕੇ ਮਰੇ ਵਿਖਾਏ ਲੋਕਾਂ ਵਿੱਚ ਵੀ ਬਹੁਗਿਣਤੀ ਕਾਲੇ ਲੋਕਾਂ ਦੀ ਹੈ। ਉਹਨਾਂ ਦੀਆਂ ਮੌਤਾਂ ਭਾਵੇਂ ਕੋਰੋਨਾ ਦੇ ਖਾਤੇ ਚਾੜ੍ਹੀਆਂ ਜਾ ਰਹੀਆਂ ਹਨ, ਪਰ ਉਹਨਾਂ ਦੀਆਂ ਵਧੇਰੇ ਮੌਤਾਂ ਇਲਾਜ-ਯੋਗ ਬਿਮਾਰੀਆਂ ਦੇ ਇਲਾਜ ਨਾ ਹੋ ਸਕਣ ਅਤੇ ਭੁੱਖਮਰੀ ਅਤੇ ਮਾੜੀਆਂ ਰਹਿਣ ਹਾਲਤਾਂ ਵਿੱਚੋਂ ਹੋ ਰਹੀਆਂ ਹਨ। ਅਮਰੀਕੀ ਹਾਕਮਾਂ ਨੇ ਅਮਰੀਕਾ ਵਿੱਚ ਸਾਰੇ ਹੀ ਸਿਹਤ ਮਹਿਕਮੇ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਹੋਇਆ ਹੈ। ਗਰੀਬ ਲੋਕਾਂ ਕੋਲ ਐਨੀ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਉਹ ਐਨੇ ਮਹਿੰਗੇ ਇਲਾਜ ਦੀਆਂ ਫੀਸਾਂ ਤਾਰ ਸਕਣ। ਇਸੇ ਹੀ ਤਰ੍ਹਾਂ ਬੇਰੁਜ਼ਗਾਰੀ ਦੀ ਮਾਰ ਹੇਠ ਵੀ ਗਰੀਬ ਹੀ ਵਧੇਰੇ ਆਉਂਦੇ ਹਨ। ਉਹਨਾਂ ਦੀਆਂ ਕੋਈ ਪੱਕੀਆਂ ਨੌਕਰੀਆਂ ਨਾ ਹੋਣ ਕਰਕੇ ਉਹਨਾਂ ਨੂੰ ਬਣਦਾ ਬੇਰੁਜਗਾਰੀ ਭੱਤਾ ਤੱਕ ਵੀ ਨਹੀਂ ਮਿਲਦਾ। ਉਹ ਭੁੱਖਮਰੀ ਦੇ ਸਤਾਏ ਆਪਣੇ ਗੁੱਸੇ ਦਾ ਇਜ਼ਹਾਰ ਕਿਸੇ ਨਾ ਕਿਸੇ ਬਹਾਨੇ ਕਰਨਾ ਚਾਹੁੰਦੇ ਸਨ ਜਾਰਜ ਫਲੋਆਇਡ ਦੀ ਮੌਤ 'ਤੇ ਲੋਕਾਂ ਦਾ ਉਹ ਗੁੱਸਾ ਭਾਂਬੜ ਬਣ ਫੁੱਟਿਆ।
੦-੦
----------------------------------------------------------------
.........ਇਨ੍ਹਾਂ ਮੁਜਾਹਰਿਆਂ ਵਿਚ ਗੋਰੇ ਤੇ ਹੋਰ ਨਸਲਾਂ ਨਾਲ ਸਬੰਧਤ ਅਮਰੀਕਣਾਂ ਵੀ ਹਿੱਸਾ ਲਿਆ ਅਤੇ ਮੇਰੇ ਨਿਜੀ ਤੇ ਕਾਰੋਬਾਰੀ ਤਜਰਬੇ ਤੋਂ ਇਲਾਵਾ ਅਮਰੀਕਾ 'ਚ ਇਕੱਤਰ ਕੀਤਾ ਗਿਆ ਪੋਲਿੰਗ ਡੈਟਾ ਇਸ ਦੀ ਪੁਸ਼ਟੀ ਕਰਦੇ ਹਨ।
ਪਿਊ ਰਿਸਰਚ ਵਲੋਂ ਕਰਵਾਏ ਸਰਵੇਖਣ ਅਨੁਸਾਰ ਅਮਰੀਕਾ ਵਿਚ ਬਾਲਗ ਚਿੱਟੇ ਲੋਕਾਂ ਦੀ ਬਹੁਗਿਣਤੀ (56%) ਮੰਨਦੀ ਹੈ ਕਿ ਚਿੱਟੇ
ਹੋਣਾ ਇਸ ਸਿਸਟਮ ਵਿਚ ਅੱਗੇ ਵਧਣ ਲਈ ਸਹਾਈ ਹੁੰਦਾ ਹੈ। ਬਹੁਗਿਣਤੀ (66%) ਚਿੱਟੇ ਬਾਲਗ ਇਹ ਵੀ ਮੰਨਦੇ ਨੇ ਉਨ੍ਹਾਂ ਦੇ ਮੁਕਾਬਲੇ ਕਾਲੇ ਲੋਕਾਂ ਨਾਲ ਪੁਲਿਸ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਘੱਟ ਨਿਆਂਪੂਰਨ ਸਲੂਕ ਕਰਦੀ ਹੈ। ਮੋਨਮਾਊਥ ਯੂਨੀਵਰਸਿਟੀ ਵਲੋਂ ਕਰਵਾਈ ਜਨਤਕ ਪੋਲਿੰਗ ਅਨੁਸਾਰ ਹੁਣ 76% ਅਮਰੀਕੀ ਮੰਨਦੇ ਹਨ ਕਿ ਅਮਰੀਕਾ ਵਿਚ ਨਸਲੀ ਵਿਤਕਰਾ ਵੱਡੀ ਸਮੱਸਿਆ ਹੈ। ਇਸੇ ਪੋਲ ਅਨੁਸਾਰ ਬਹੁਗਿਣਤੀ ਅਮਰੀਕੀ ਜਨਤਾ (57%) ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਪ੍ਰਗਟਾਏ ਗੁੱਸੇ ਨੂੰ ਪੂਰੀ ਤਰ੍ਹਾਂ ਜਾਇਜ਼ ਸਮਝਦੀ ਹੈ ਅਤੇ ਚਿੱਟੇ ਅਮਰੀਕੀਆਂ ਦੀ ਬਹੁਗਿਣਤੀ (55%) ਵੀ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦੀ ਹੈ।
ਸੋ, ਸਾਰੇ ਜਾਂ ਬਹੁਗਿਣਤੀ ਅਮਰੀਕੀ ਗੋਰੇ ਲੋਕ ਨਾ ਤਾਂ ਅਮਰੀਕੀ ਕਾਲੇ ਲੋਕਾਂ ਨੂੰ ਆਪਣੇ ਤੋਂ ਹੀਣੇ ਸਮਝਦੇ ਨੇ, ਨਾ ਹੀ ਇਸ ਗੱਲੋਂ ਇਨਕਾਰੀ ਨੇ ਕਿ ਸਿਸਟਮ ਕਾਲੇ ਲੋਕਾਂ ਨਾਲ ਵਿਤਕਰਾ (4iscrimination) ਕਰਦਾ ਹੈ ਅਤੇ ਨਾ ਹੀ ਇਸ ਦਾ ਪੱਖ ਹੀ ਪੂਰਦੇ ਨੇ।.......
(-ਡਾ. ਸੁਖਪਾਲ ਸੰਘੇੜਾ ਵੱਲੋਂ ਲਿਖੇ 'ਪੰਜਾਬ ਟਾਈਮਜ਼' ਸਾਲ 21, ਅੰਕ 28, 11 ਜੁਲਾਈ 2020 (ਸਫਾ-16) 'ਤੇ ਪਰਕਾਸ਼ਤ ਲੰਮੇ ਲੇਖ 'ਚੋਂ)
-----------------------------
ਪੂਰਨਬੰਦੀ ਦੇ ਨਾਲ਼-ਨਾਲ਼ ਜ਼ੁਬਾਨਬੰਦੀ ਵੀ...
ਇਸ ਪੂਰਨਬੰਦੀ ਦੇ ਸਮੇਂ ਵਿੱਚ 24 ਪੱਤਰਕਾਰ ਅਜਿਹੇ ਹਨ ਜਿਹਨਾਂ ਨੂੰ ਨੋਟਿਸ ਕੱਢੇ ਗਏ, ਨਜ਼ਰਬੰਦ ਕੀਤਾ ਗਿਆ, ਕੇਸ ਪਾਏ ਗਏ, ਗ੍ਰਿਫ਼ਤਾਰ ਕੀਤੇ ਗਏ ਜਾਂ ਫੇਰ ਜਿਹਨਾਂ ਉੱਪਰ ਹਮਲਾ ਕੀਤਾ ਗਿਆ। ਇਹਨਾਂ ਦਾ ਦੋਸ਼ ਹੈ ਕਿ ਇਹ ਸਰਕਾਰ ਨੂੰ ਹਜ਼ਮ ਨਾ ਆਉਣ ਵਾਲ਼ੀਆਂ ਖ਼ਬਰਾਂ ਛਾਪਦੇ ਹਨ।
ਉੱਤਰ ਪ੍ਰਦੇਸ਼ ਦੇ ਯੋਗੀ ਰਾਜ ਵਿੱਚ ਸਭ ਤੋਂ ਵੱਧ 8 ਪੱਤਰਕਾਰ ਜ਼ੁਬਾਨਬੰਦੀ ਦਾ ਸ਼ਿਕਾਰ ਹੋਏ ਹਨ। ਇਸ ਤੋਂ ਬਿਨਾਂ ਹਿਮਾਚਲ ਪ੍ਰਦੇਸ਼, ਤਾਮਿਲਨਾਢੂ, ਛੱਤੀਸਗੜ੍ਹ, ਅੰਡੇਮਾਨ ਤੇ ਨਿਕੋਬਾਰ, ਬਿਹਾਰ, ਮਹਾਂਰਾਸ਼ਟਰ ਤੇ ਕਸ਼ਮੀਰ ਦੇ ਪੱਤਰਕਾਰ ਜ਼ੁਬਾਨਬੰਦੀ ਦਾ ਸ਼ਿਕਾਰ ਹੋਏ ਹਨ। ਕਸ਼ਮੀਰ ਦੇ ਤਾਂ ਦੋ ਪੱਤਰਕਾਰਾਂ ਮਸਰਤ ਜ਼ਾਹਰਾ ਤੇ ਗੌਹਰ ਗਿਲਾਨੀ ਨੂੰ ਕਰਫਿਊ ਝੱਲ ਰਹੇ ਕਸ਼ਮੀਰ ਦੀ ਹਕੀਕੀ ਤਸਵੀਰ ਪੇਸ਼ ਕਰਨ ਲਈ ਦਹਿਸ਼ਤਗਰਦ ਐਲ਼ਾਨ ਦਿੱਤਾ ਗਿਆ ਹੈ।
ਇਹਨਾਂ ਵਿੱਚੋਂ ਕੁੱਝ ਪੱਤਰਕਾਰਾਂ ਦੇ “ਜ਼ੁਰਮ'' ਦੇਖੋ ...
- ਤਾਮਿਲਨਾਡੂ ਦੇ ਤਿੰਨ ਪੱਤਰਕਾਰਾਂ ਐਂਡਰਿਊ ਸੈਮ ਰਾਜ, ਜੇਰਾਲਡ ਅਰੁਲਦਾਸ ਤੇ ਬਾਲਾਜੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਕਿਉਂਕਿ ਉਹਨਾਂ ਨੇ ਸਿਹਤ ਕਾਮਿਆਂ ਦੀਆਂ ਸਮੱਸਿਆਵਾਂ ਤੇ ਜਨਤਕ ਵੰਡ ਪ੍ਰਣਾਲ਼ੀ ਵਿੱਚ ਹੋ ਰਹੀ ਘਪਲੇਬਾਜ਼ੀ ਸਬੰਧੀ ਖ਼ਬਰਾਂ ਛਾਪੀਆਂ।
- 'ਜਨਦੇਸ਼ ਟਾਈਮਜ਼' ਦੇ ਸੁਭਾਸ਼ ਰਾਏ ਤੇ ਵਿਜੇ ਵਿਨੀਤ ਨੇ ਇੱਕ ਪਿੰਡ ਦੀ ਖ਼ਬਰ ਛਾਪੀ ਜਿੱਥੇ ਪੂਰਨਬੰਦੀ ਕਾਰਨ ਲੋਕ ਘਾਹ ਖਾ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ।
- ਉੱਤਰ ਪ੍ਰਦੇਸ਼ ਦੇ ਚਾਰ ਪੱਤਰਕਾਰਾਂ ਦਾ ਦੋਸ਼ ਹੈ ਕਿ ਉਹਨਾਂ ਨੇ ਉਸ ਔਰਤ ਦੀ ਖ਼ਬਰ ਛਾਪੀ ਜੋ ਪੂਰਨਬੰਦੀ ਕਾਰਨ ਭੁੱਖ ਹੱਥੋਂ ਮਜ਼ਬੂਰ ਹੋ ਕੇ ਆਪਣੇ 5 ਬੱਚਿਆਂ ਸਮੇਤ ਨਹਿਰ ਵਿੱਚ ਛਾਲ਼ ਮਾਰ ਗਈ।
- ਅਰਨਬ “ਗਊਸਵਾਮੀ'' ਸ਼ਾਇਦ ਇਕਲੌਤਾ ਪੱਤਰਕਾਰ ਹੈ ਜਿਸ ਖਿਲਾਫ਼ ਸੱਚੀਓਂ ਨਫ਼ਰਤ ਭੜਕਾਉਣ ਦੇ ਸੱਚੇ ਦੋਸ਼ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਸੀ, ਪਰ ਸਰਵਉੱਚ ਅਦਾਲਤ ਮੋਦੀ ਲਾਣੇ ਦੇ ਇਸ ਚਹੇਤੇ ਪੱਤਰਕਾਰ ਦੇ ਹੱਕ ਵਿੱਚ ਨਿੱਤਰ ਆਈ।
-ਅਵਤਾਰ ਅਰਸ਼ #ਲਲਕਾਰ ਪੰਦਰਵਾੜਾ ਅਖ਼ਬਾਰ ਦੇ ਫੇਸਬੁੱਕ ਸਫ਼ੇ ਤੋਂ
ਚੀਨ ਨੇ ਕੋਰੋਨਾ 'ਤੇ ਕਾਬੂ ਕਿਵੇਂ ਪਾਇਆ?
ਨਿਗਰਾਨ-ਤੰਤਰ ਰਾਹੀਂ ਗੁੱਝੀ ਗੁਲਾਮੀ ਦਾ ਜ਼ਾਹਰਾ ਨਮੂਨਾ
ਆਪਣੀ ਡੁੱਬ ਰਹੀ ਆਰਥਿਕਤਾ ਨੂੰ ਬਚਾਉਣ ਲਈ ਸਾਮਰਾਜੀਆਂ ਨੇ ਇਸ ਸਮੇਂ ਸਾਰੀ ਦੁਨੀਆਂ ਵਿੱਚ ਕੋਰੋਨਾ-ਕੋਰੋਨਾ ਦਾ ਹੋ-ਹੱਲਾ ਮਚਾ ਕੇ ਆਪਣੀਆਂ ਕਰਤੂਤਾਂ ਨੂੰ ਢਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਉਹਨਾਂ ਨੇ ਆਪਣੀ ਲੁੱਟ ਅਤੇ ਖੋਹ ਨੂੰ ਹੋਰ ਤਿੱਖਾ ਕਰਨ ਲਈ ਕੋਰੋਨਾ ਦੇ ਭੂਤ ਦਾ ਓਹਲਾ ਕਰਕੇ ਆਪਣੀਆਂ ਨੀਤੀਆਂ ਨੂੰ ਹੋਰ ਵਧੇਰੇ ਤਿੱਖੇ ਅਤੇ ਮਾਰੂ ਢੰਗ ਨਾਲ ਲਾਗੂ ਕਰਨ ਦੇ ਹਰਬੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਇਸ ਸਮੇਂ ਦੁਨੀਆਂ ਵਿੱਚ ਹੁਣ ਤੱਕ 36 ਲੱਖ ਲੋਕ ਇਸਦੀ ਲਪੇਟ ਵਿੱਚ ਆਏ ਹਨ। ਢਾਈ ਲੱਖ ਤੋਂ ਵਧੇਰੇ ਜਿਹੜੇ ਵਿਅਕਤੀਆਂ ਦੀ ਮੌਤ ਦਾ ਕਾਰਨ ਕੋਰੋਨਾ ਵਾਇਰਸ ਦੱਸਿਆ ਜਾ ਰਿਹਾ ਹੈ, ਉਹਨਾਂ ਵਿੱਚੋਂ ਪੌਣਾ ਲੱਖ ਦੇ ਕਰੀਬ ਇਕੱਲੇ ਅਮਰੀਕਾ ਵਿੱਚ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਦੂਸਰੇ ਸਭ ਤੋਂ ਵੱਧ ਇਟਲੀ, ਸਪੇਨ, ਫਰਾਂਸ, ਜਰਮਨੀ ਅਤੇ ਬਰਤਾਨੀਆ ਵਰਗੇ ਉਹ ਸਾਮਰਾਜੀ ਦੇਸ਼ਾਂ ਦੇ ਲੋਕ ਹਨ, ਜਿਹੜੇ ਪਿਛਲੇ ਦੋ ਦਹਾਕਿਆਂ ਵਿੱਚ ਅਰਬ ਦੇਸ਼ਾਂ ਸਮੇਤ ਦੁਨੀਆਂ ਦੇ ਹੋਰਨਾਂ ਤੇਲ ਉਤਪਾਦਕ ਖੇਤਰਾਂ ਅਤੇ ਯੁੱਧਨੀਤਕ ਥਾਵਾਂ 'ਤੇ ਅਮਰੀਕਾ ਨਾਲ ਭਾਈਵਾਲੀ ਬਣਾ ਕੇ ਚੱਲਦੇ ਆ ਰਹੇ ਹਨ।
ਅਮਰੀਕੀ ਹਾਕਮਾਂ ਵੱਲੋਂ ਕੋਰੋਨਾ ਵਾਇਰਸ ਬਾਰੇ ਆਖਿਆ ਗਿਆ ਕਿ ਇਸ ਨੂੰ ਚੀਨ ਦੀ ਵੂਹਾਨ ਵਿਖੇ ਸਥਿਤ ਇੱਕ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ। ਚੀਨ ਨੇ ਇਸ ਮਸਲੇ ਬਾਰੇ ਪਹਿਲਾਂ ਕਾਫੀ ਸਮੇਂ ਤੱਕ ਦੁਨੀਆਂ ਨੂੰ ਹਨੇਰੇ ਵਿੱਚ ਰੱਖਿਆ ਹੈ। ਪਰ ਬਾਅਦ ਵਿੱਚ ਅਮਰੀਕੀ ਵਿਗਿਆਨੀਆਂ ਸਮੇਤ ਅਨੇਕਾਂ ਦੇਸ਼ਾਂ ਦੇ ਡਾਕਟਰਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਵਾਇਰਸ ਕਿਸੇ ਪ੍ਰਯੋਗਸ਼ਾਲਾ ਵਿੱਚ ਤਿਆਰ ਨਹੀਂ ਕੀਤਾ ਗਿਆ, ਬਲਕਿ ਗੰਦੀਆਂ ਥਾਵਾਂ 'ਤੇ ਰਹਿਣ ਵਾਲੇ ਜਾਨਵਰਾਂ ਤੋਂ ਮਨੁੱਖਾਂ ਤੱਕ ਫੈਲਿਆ ਹੋ ਸਕਦਾ ਹੈ। ਸਵਾਲ ਇਹ ਨਹੀਂ ਪੈਦਾ ਹੁੰਦਾ ਕਿ ਇਸ ਨੂੰ ਕਿਸੇ ਨੇ ਪੈਦਾ ਕੀਤਾ ਹੈ ਜਾਂ ਇਹ ਆਪ ਪੈਦਾ ਹੋਇਆ ਹੈ, ਬਲਕਿ ਸਵਾਲ ਤਾਂ ਇਹ ਬਣਦਾ ਹੈ ਕਿ ਜਦੋਂ ਇਹ ਪੈਦਾ ਹੋ ਹੀ ਗਿਆ ਹੈ ਤਾਂ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ? ਜਾਂ ਫੇਰ ਚੀਨ ਦੇ ਜਿਹੜੇ ਖੇਤਰਾਂ ਵਿੱਚ ਇਹ ਪੈਦਾ ਹੋਇਆ ਜਾਂ ਫੈਲਿਆ ਉਹਨਾਂ ਖੇਤਰਾਂ ਵਿੱਚ ਦੁਨੀਆਂ ਦੇ ਮੁਕਾਬਲੇ ਇਸ ਦੀ ਲਪੇਟ ਵਿੱਚ ਇੱਕ ਲੱਖ ਤੋਂ ਵੀ ਘੱਟ ਲੋਕ ਹੀ ਕਿਉਂ ਆਏ? ਜਾਂ ਫੇਰ ਚੀਨ ਵਿੱਚ ਮਹਿਜ਼ 5-4 ਹਜ਼ਾਰ ਲੋਕਾਂ ਦੇ ਮਾਰੇ ਜਾਣ ਉਪਰੰਤ ਉਥੋਂ ਦੀ ਹਕੂਮਤ ਨੇ ਇਸ ਨੂੰ ਕਾਬੂ ਕਿਵੇਂ ਕਰ ਲਿਆ? ਇਸ ਵਾਇਰਸ ਬਾਰੇ ਹੁਣ ਤੱਕ ਇਹ ਆਖਿਆ ਜਾ ਰਿਹਾ ਹੈ ਕਿ ਇਸ ਦੀ ਅਜੇ ਤੱਕ ਕੋਈ ਦਵਾਈ ਤਿਆਰ ਹੋਈ ਹੀ ਨਹੀਂ। ਇਸ ਕਰਕੇ ਜਿਸ ਸਮੇਂ ਤੱਕ ਕੋਈ ਦਵਾਈ ਤਿਆਰ ਨਹੀਂ ਹੁੰਦੀ ਤਾਂ ਇਸ ਦੀ ਵਜਾਹ ਕਰਕੇ ਮੌਤਾਂ ਹੁੰਦੀਆਂ ਹੀ ਰਹਿਣਗੀਆਂ।
ਉਂਝ ਤਾਂ ਕਿਸੇ ਬੇਭੇਤੀ ਨਮੂਨੀਏ ਵਰਗੀ ਬਿਮਾਰੀ ਨਾਲ ਮੌਤਾਂ ਹੋਣ ਦੀਆਂ ਖਬਰਾਂ ਪਹਿਲਾਂ ਨਵੰਬਰ ਵਿੱਚ ਇਟਲੀ ਵਿੱਚ ਵੀ ਆਉਣ ਲੱਗ ਪਈਆਂ ਸਨ। ਦਸੰਬਰ ਦੇ ਅਖੀਰ ਵਿੱਚ ਚੀਨ ਦੇ ਡਾਕਟਰਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਜਿਸ ਵਜਾਹ ਕਰਕੇ ਇਹ ਮੌਤਾਂ ਹੋ ਰਹੀਆਂ ਹਨ, ਇਹ ਕੋਈ ਨਵਾਂ ਵਾਇਰਸ ਹੈ। ਉਹਨਾਂ ਨੇ ਦਸੰਬਰ ਦੇ ਅਖੀਰ ਵਿੱਚ ਦੁਨੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਅਤੇ ਚੀਨੀ ਹਕੂਮਤ ਨੇ ਇਸ ਦੀ ਰੋਕਥਾਮ ਲਈ ਆਪਣੇ ਤੌਰ 'ਤੇ ਹੰਗਾਮੀ ਕਦਮ ਉਠਾ ਲਏ ਸਨ।
ਕਿਸੇ ਵੀ ਬਿਮਾਰੀ ਵਿੱਚ ਜਿੱਥੇ ਇਲਾਜ ਦਾ ਆਪਣਾ ਮਹੱਤਵ ਹੁੰਦਾ ਹੈ, ਉੱਥੇ ਉਸ ਵਿੱਚ ਪਰਹੇਜ ਦਾ ਵੀ ਆਪਣਾ ਮਹੱਤਵ ਹੁੰਦਾ ਹੀ ਹੈ। ਬਿਨਾ ਪਰਹੇਜ ਤੋਂ ਕਿਸੇ ਵੀ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ। ਜਿਵੇਂ ਕਿਸੇ ਵੀ ਬਿਮਾਰੀ ਦਾ ਪਤਾ ਲੱਗ ਜਾਣ ਨਾਲ ਹੀ ਅੱਧਾ ਇਲਾਜ ਹੋ ਗਿਆ ਮੰਨ ਲਿਆ ਜਾਂਦਾ ਹੈ ਕਿ ਇਹ ਬਿਮਾਰੀ ਹੈ ਕੀ? ਤਾਂ ਇਸੇ ਹੀ ਤਰ੍ਹਾਂ ਬਿਮਾਰੀ ਸਬੰਧੀ ਪਰਹੇਜ ਦੀ ਪਾਲਣਾ ਕਰ ਜਾਣ ਨਾਲ ਵੀ ਤਕਰੀਬਨ ਅੱਧ ਇਲਾਜ ਹੋ ਗਿਆ ਮੰਨ ਲਿਆ ਜਾਂਦਾ ਹੈ।
ਚੀਨ ਵਿੱਚ ਵੀ ਕੋਰੋਨਾਵਾਇਰਸ ਬਾਰੇ ਇਹ ਪਤਾ ਲੱਗ ਗਿਆ ਸੀ ਕਿ ਇਹ ਹੈ ਤਾਂ ਵਾਇਰਸ ਹੀ। ਪਰ ਵਾਇਰਸ ਦਾ ਇਲਾਜ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਤਾਂ ਉਸ ਨਾਲ ਸਬੰਧਤ ਕੁੱਝ ਪਰਹੇਜ ਅਤੇ ਇਹਨਾਂ ਬਿਮਾਰੀਆਂ ਦੇ ਕਾਰਨਾਂ ਦੀ ਮੁਢਲੀ ਜਾਣਕਾਰੀ ਹੋਣੀ ਜ਼ਰੂਰੀ ਸੀ। ਇਲਾਜ ਵਿੱਚ ਵਿਅਕਤੀਆਂ ਦੀ ਵਿਕਸਤ ਚੇਤਨਾ ਦਾ ਪੱਧਰ ਆਦਿ ਹੋਣਾ ਨਿਹਾਇਤ ਜ਼ਰੂਰੀ ਹੁੰਦਾ ਹੈ। ਜੇਕਰ ਕਿਸੇ ਮਰੀਜ ਦੀ ਕੁੱਝ ਨਾ ਕੁੱਝ ਮੁਢਲੀ ਸਮਝਦਾਰੀ ਨਹੀਂ ਬਣੀ ਹੋਈ ਤਾਂ ਡਾਕਟਰ ਜਿੰਨਾ ਮਰਜੀ ਜ਼ੋਰ ਲਾ ਲੈਣ ਮੁਕੰਮਲ ਇਲਾਜ ਨਹੀਂ ਕਰ ਸਕਦੇ।
ਜਿਵੇਂ ਇਹ ਆਖਿਆ ਜਾਂਦਾ ਹੈ ਕਿ ਚਿੰਤਾ ਚਿਤਾ ਬਰਾਬਰ ਹੁੰਦੀ ਹੈ, ਇਸ ਦਾ ਮਤਲਬ ਹੀ ਇਹ ਹੈ ਕਿ ਬੰਦੇ ਨੂੰ ਆਪਣੀ ਜ਼ਿੰਦਗੀ ਪ੍ਰਤੀ ਖੜ੍ਹੇ ਹੋਏ ਕਿਸੇ ਖਤਰੇ ਦੇ ਤਣਾਅ ਤੋਂ ਮੁਕਤ ਕੀਤੇ ਤੋਂ ਬਗੈਰ ਉਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ। ਵਿਦਵਾਨਾਂ ਨੇ ਇਹ ਵੀ ਨੋਟ ਕੀਤਾ ਸੀ ਕਿ ਬੰਦੇ ਨੂੰ ਰੋਗ ਭੈਅ ਅਤੇ ਭਰਮ ਵਿੱਚੋਂ ਲੱਗਦੇ ਹਨ। ਖਾਸ ਕਰਕੇ ਜੇਕਰ ਕਿਸੇ ਨੂੰ ਹੰਕਾਰ ਹੋ ਜਾਵੇ ਤਾਂ ਉਹ ਬਿਮਾਰੀ ਦੀ ਛੇਤੀ ਮਾਰ ਹੇਠ ਆਉਂਦਾ ਹੈ। ਹਓਮੈਂ ਨੂੰ ਦੀਰਘ ਰੋਗ ਕਿਹਾ ਗਿਆ ਸੀ। ਹੋਮੋਪੈਥੀ ਵਿੱਚ ਮੰਨਿਆ ਜਾਂਦਾ ਹੈ ਕਿ ਰੋਗ ਬੰਦੇ ਦੇ ਮਨ ਵਿੱਚੋਂ ਫੁੱਟਦੇ ਹਨ ਜਦੋਂ ਕਿ ਸੱਟਾਂ ਬਾਹਰੋਂ ਲੱਗਦੀਆਂ ਹਨ। ਜਿਵੇਂ ਐਕਸੀਡੈਂਟ ਦਾ ਸ਼ਿਕਾਰ ਕੋਈ ਵਿਅਕਤੀ ਅਪੰਗ ਬੇਸ਼ੱਕ ਹੋ ਜਾਵੇ ਪਰ ਉਸ ਨੂੰ ਰੋਗੀ ਨਹੀਂ ਮੰਨਿਆ ਜਾਂਦਾ। ਇਸੇ ਹੀ ਤਰ੍ਹਾਂ ਮੱਖੀਆਂ-ਮੱਛਰਾਂ ਅਤੇ ਹੋਰਨਾਂ ਕੀਟ-ਪਤੰਗਿਆਂ ਵੱਲੋਂ ਫੈਲਾਏ ਜਰਾਸੀਮਾਂ ਨਾਲ ਵੀ ਬੰਦੇ ਨੂੰ ਰੋਗ ਲੱਗ ਸਕਦੇ ਹਨ। ਜੇਕਰ ਕਿਸੇ ਬੰਦੇ ਕੋਲ ਇਹਨਾਂ ਦੇ ਬਚਾਅ ਦੀ ਸੋਝੀ ਨਹੀਂ ਤਾਂ ਉਹ ਸੌਖਿਆਂ ਹੀ ਇਹਨਾਂ ਦੀ ਮਾਰ ਹੇਠ ਆ ਸਕਦਾ ਹੈ। ਅਰੋਗ ਮਨ ਨਾਲ ਹੀ ਅਰੋਗ ਤਨ ਰੱਖਿਆ ਜਾ ਸਕਦਾ ਹੈ, ਕਿਸੇ ਵੀ ਵਜਾਹ ਕਰਕੇ ਸਰੀਰ ਦੇ ਰੋਗੀ ਹੋ ਜਾਣ 'ਤੇ ਅਰੋਗ ਮਨ ਉਸ ਨੂੰ ਜਲਦੀ ਠੀਕ ਕਰ ਸਕਦਾ ਹੈ, ਜਦੋਂ ਕਿ ਇਲਾਜ ਅਤੇ ਪ੍ਰਹੇਜ ਇਸ ਤੋਂ ਬਾਅਦ ਦੇ ਮਹੱਤਵਪੂਰਨ ਪੱਖ ਹੁੰਦੇ ਹਨ। ਜਦੋਂ ਸੋਝੀ ਦੀ ਹੀ ਗੱਲ ਆਉਂਦੀ ਹੈ ਤਾਂ ਸੋਝੀ ਵਿੱਚੋਂ ਤਾਂ ਗੱਲ ਇਹ ਵੀ ਨਿਕਲਦੀ ਹੈ ਕਿ ਸੰਤੁਲਤ ਖੁਰਾਕ ਹੀ ਬੰਦੇ ਨੂੰ ਬਹੁਤੇ ਰੋਗਾਂ ਤੋਂ ਮੁਕਤ ਰੱਖ ਸਕਦੀ ਹੈ। ਇਸ ਦੇ ਨਾਲ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਉੱਥੋਂ ਦੀਆਂ ਸਥਾਨਕ ਜੜ੍ਹੀ-ਬੂਟੀਆਂ ਦੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਵਰਤੋਂ ਕਿਸੇ ਨਾ ਕਿਸੇ ਹੱਦ ਤੱਕ ਸਾਰਥਿਕ ਹੋ ਸਕਦੀ ਹੈ। ਸਿਹਤ ਵਿਗਿਆਨ ਦੇ ਵਿਦਵਾਨਾਂ ਨੇ ਆਖਿਆ ਸੀ ਕਿ ਵਧੀਆ ਖੁਰਾਕ ਹੀ ਸਭ ਤੋਂ ਵਧੀਆ ਦਵਾਈ ਹੈ। ਯਾਨੀ ਇਹ ਮੁਢਲੀ ਗੱਲ ਬਣਦੀ ਹੈ ਕਿ ਤੰਦਰੁਸਤੀ ਲਈ ਕਿਸੇ ਵੀ ਵਿਅਕਤੀ ਦਾ ਸਭ ਤੋਂ ਪਹਿਲਾਂ ਅਗਿਆਨਤਾ, ਅੰਧਵਿਸ਼ਵਾਸ਼, ਕਰਮ-ਕਾਂਡ, ਵਹਿਮਾਂ-ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨਕ ਸਮਝ ਦਾ ਧਾਰਨੀ ਹੋਣਾ ਨਿਹਾਇਤ ਜ਼ਰੂਰੀ ਹੈ। ਦੂਸਰੀ ਲੋੜ ਸੰਤੁਲਿਤ ਭੋਜਨ ਦੀ ਹੈ ਅਤੇ ਤੀਸਰੇ ਸਰੀਰ ਵਿੱਚ ਕੋਈ ਵੀ ਵਾਧ-ਘਾਟ ਹੋ ਜਾਣ 'ਤੇ ਕੀਤੇ ਜਾਣ ਵਾਲੇ ਇਲਾਜ-ਪਰਹੇਜ ਦਾ ਰੱਖਿਆ ਜਾਣਾ ਅਤਿ ਜ਼ਰੂਰੀ ਹੈ।
ਕਿਊਬਾ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਚੀਨ ਨਾਲੋਂ ਵੀ ਬੇਹਤਰ ਸਿਹਤ-ਸਹੂਲਤਾਂ ਮਿਲਦੀਆਂ ਹੋ ਸਕਦੀਆਂ ਹਨ, ਪਰ ਜਦੋਂ ਚੀਨ ਦਾ ਉਹਨਾਂ ਸਾਮਰਾਜੀ ਦੇਸ਼ਾਂ ਨਾਲ ਮੁਕਾਬਲਾ ਕਰੀਏ ਜਿੱਥੇ ਕੋਰੋਨਾ ਵਾਇਰਸ ਦੀ ਵਧੇਰੇ ਮਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ, ਤਾਂ ਇੱਥੇ ਇੱਕ ਗੱਲ ਪਹਿਲਾਂ ਹੀ ਸਾਫ ਹੋ ਜਾਂਦੀ ਹੈ ਕਿ ਉਹਨਾਂ ਦੇਸ਼ਾਂ ਦੇ ਮੁਕਾਬਲੇ ਚੀਨ ਵਿੱਚ ਨਾ ਸਿਰਫ ਸਿਹਤ ਸਹੂਲਤਾਂ ਹੀ ਵਧੇਰੇ ਹਨ ਬਲਕਿ ਉਸ ਨੇ ਜਿਹੜੀ ਤਕਨੀਕ ਹੁਣ ਤੱਕ ਵਿਕਸਤ ਕਰ ਲਈ ਹੈ, ਉਹ ਅਨੇਕਾਂ ਹੀ ਸਾਮਰਾਜੀ ਮੁਲਕਾਂ ਨੂੰ ਮਾਤ ਪਾਉਂਦੀ ਹੈ। ਅਮਰੀਕਾ ਵਰਗੀ ਸੰਸਾਰ ਮਹਾਂਸ਼ਕਤੀ ਨੇ ਪ੍ਰਮਾਣੂੰ ਬੰਬ ਚੀਨ ਨਾਲੋਂ ਵਧੇਰੇ ਬਣਾਏ ਹੋਏ ਹਨ, ਪਰ ਉਹ ਸਿਹਤ ਸਹੂਲਤਾਂ ਦੀ ਤਕਨੀਕ ਵਿੱਚ ਚੀਨ ਦੇ ਮੁਕਾਬਲੇ ਕਿਤੇ ਪਿੱਛੇ ਹੈ।
ਜਿੱਥੋਂ ਤੱਕ ਚੀਨ ਵਿਚਲੇ ਸਿਹਤ-ਪ੍ਰਬੰਧਾਂ ਦੀ ਗੱਲ ਕਰੀਏ ਤਾਂ ਚੀਨ ਵਿਚਲੇ ਸਿਹਤ ਪ੍ਰਬੰਧਾਂ ਨੂੰ ਦੋ ਪੱਖਾਂ ਤੋਂ ਵੇਖਣਾ ਜ਼ਰੂਰੀ ਬਣਦਾ ਹੈ। ਪਹਿਲਾ ਪੱਖ ਇਹ ਕਿ ਚੀਨ 1949 ਤੋਂ ਬਾਅਦ 1976 ਤੱਕ ਕਾਮਰੇਡ ਮਾਓ-ਜ਼ੇ-ਤੁੰਗ ਦੀ ਅਗਵਾਈ ਵਿੱਚ ਇੱਕ ਸਮਾਜਵਾਦੀ ਮੁਲਕ ਰਿਹਾ ਹੈ। ਦੂਸਰਾ ਪੱਖ ਉਸ ਤੋਂ ਬਾਅਦ ਦਾ ਜਦੋਂ ਉੱਥੇ ਸੱਤਾ ਵਿੱਚ ਸਰਮਾਏਦਾਰੀ ਬਿਰਾਜਮਾਨ ਹੋ ਗਈ ਤਾਂ ਉਸਨੇ ਵਿਕਸਤ ਤਕਨੀਕ ਦੇ ਜ਼ੋਰ ਦੁਨੀਆਂ ਦੇ ਅਰਥਚਾਰੇ ਵਿੱਚ ਹੁਣ ਤੱਕ ਦੂਸਰੀ ਥਾਂ ਹਾਸਲ ਕੀਤੀ ਹੈ। ਚੀਨ ਵਿਚਲੇ ਸਿਹਤ ਪ੍ਰਬੰਧਾਂ ਦੇ ਮਾਮਲੇ ਵਿੱਚ ਦੋਹਾਂ ਹੀ ਤਰ੍ਹਾਂ ਦੀਆਂ ਗੱਲਾਂ ਨੇ ਆਪਣਾ ਆਪਣਾ ਹਿੱਸਾ ਪਾਇਆ ਹੈ।
ਚੀਨ ਜਦੋਂ ਸਮਾਜਵਾਦੀ ਦੇਸ਼ ਸੀ, ਤਾਂ ਇਸ ਵਿੱਚ ਮੁਢਲਾ ਅਸੂਲ ਇਹ ਸੀ ਕਿ ਲੋਕਾਂ ਲਈ ਰੋਟੀ, ਕੱਪੜਾ, ਮਕਾਨ, ਪੜ੍ਹਾਈ, ਰੁਜ਼ਗਾਰ ਦੀ ਗਾਰੰਟੀ ਜਿਵੇਂ ਸਰਕਾਰ ਦੀ ਬਣਦੀ ਸੀ ਉਸੇ ਹੀ ਤਰ੍ਹਾਂ ਸਿਹਤ ਸਹੂਲਤਾਂ ਮੁਹੱਈਆ ਕਰਨੀਆਂ ਸਰਕਾਰ ਦੀ ਜੁੰਮੇਵਾਰੀ ਬਣਦੀ ਸੀ ਤੇ ਉਸ ਵੇਲੇ ਦੀ ਸਰਕਾਰ ਨੇ ਇਹ ਜੁੰਮੇਵਾਰੀ ਪੂਰੀ ਕਰ ਵੀ ਲਈ ਸੀ। ਚੀਨ ਵਿੱਚ 'ਨੰਗੇ ਪੈਰਾਂ ਵਾਲੇ ਡਾਕਟਰ' ਇੱਕ ਮਾਣਮੱਤਾ ਵਰਤਾਰਾ ਬਣ ਗਿਆ ਸੀ ਜਿਸ ਵਿੱਚ ਮੁਢਲਾ ਅਸੂਲ ਇਹ ਮੰਨਿਆ ਗਿਆ ਸੀ ਕਿ ਮਰੀਜ ਨੂੰ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ ਬਲਕਿ ਡਾਕਟਰ ਨੂੰ ਮਰੀਜ ਕੋਲ ਜਾਣਾ ਚਾਹੀਦਾ ਹੈ। ਜਿੱਥੇ ਵਿਦਿਆ ਅਤੇ ਸਭਿਆਚਾਰ ਰਾਹੀਂ ਲੋਕਾਂ ਦੀ ਵਿਗਿਆਨਕ ਸਮਝ ਬਣਾਈ ਗਈ ਸੀ, ਉੱਥੇ ਲੋੜਵੰਦ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ, ਉਸਦੇ ਮੁਢਲੇ ਲੱਛਣਾਂ ਨੂੰ ਦੇਖਦੇ ਸਾਰ ਹੀ ਸੰਭਾਲ ਲਿਆ ਜਾਂਦਾ ਸੀ। ਜਿਹੋ ਜਿਹੀ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਅਮਲ ਨਾਲ ਜੁੜਵੀਂ ਸਿੱਖਿਆ-ਸਿਖਲਾਈ ਮੁਹੱਈਆ ਕਰਵਾ ਦਿੱਤੀ ਗਈ ਉਸ ਵਿੱਚੋਂ ਉਹਨਾਂ ਦਾ ਵੱਡਾ ਹਿੱਸਾ ਵਹਿਮਾਂ-ਭਰਮਾਂ, ਅੰਧਵਿਸ਼ਵਾਸ਼ੀ ਅਤੇ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਆ ਗਿਆ ਸੀ।
ਸੱਤਾ ਵਿੱਚ ਕਾਬਜ ਹੋਈ ਕਮਿਊਨਿਸਟ ਪਾਰਟੀ ਵੱਲੋਂ ਲੋਕਾਂ ਵਿੱਚ ਅਮਲਾਂ ਰਾਹੀਂ ਇਹ ਕਰਕੇ ਵਿਖਾਇਆ ਗਿਆ ਸੀ ਕਿ ਕਿਸੇ ਵੀ ਮਾਮਲੇ ਵਿੱਚ ਕਿਸੇ ਵੀ ਵਿਅਕਤੀ ਦਾ ਜਾਤੀ ਪੱਖ ਦੋਮ ਦਰਜ਼ੇ ਦਾ ਹੁੰਦਾ ਹੈ ਜਦੋਂ ਕਿ ਟੀਮ ਅਤੇ ਸੰਸਥਾ-ਸਮੂਹ ਦਾ ਪੱਖ ਵੱਡਾ ਹੁੰਦਾ ਹੈ। ਜਾਬਤੇ ਨੂੰ ਚੇਤਨਾ ਦੀ ਪੱਧਰ 'ਤੇ ਜਾ ਕੇ ਲਾਗੂ ਕਰਨ ਦਾ ਸੁਤੇਸਿਧ ਪੈਦਾ ਹੋਇਆ ਵਰਤਾਰਾ, ਸਮੂਹਿਕਤਾ ਦੇ ਉੱਦਮਾਂ ਨੂੰ ਕਿਤੇ ਦਾ ਕਿਤੇ ਲਿਜਾ ਖੜ੍ਹਾ ਕਰਦਾ ਹੈ। ਯਾਨੀ ਜਬਤਬੱਧ ਜੀਵਨ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਿਆ। ਲੋਕਤਾ ਦੇ ਕਾਜ ਨੂੰ ਪ੍ਰਣਾਈ ਸਮਝ ਵਿੱਚ ਲੋਕਾਂ ਵਿੱਚ ਆਪਾਧਾਪੀ ਦੀ ਥਾਂ, ਮੈਂ ਦਾ ਵਿਅਕਤੀਵਾਦੀ ਵਰਤਾਰਾ ਅਸੀਂ ਨੂੰ, ਆਪਾਂ ਨੂੰ ਅੱਗੇ ਲਿਆਉਂਦਾ ਹੈ। ਟੀਮ ਵਰਕ ਦੀ ਭਾਵਨਾ ਪ੍ਰਫੁੱਲਤ ਹੁੰਦੀ ਹੈ। ਹੋਰਨਾਂ ਦੇ ਵਿਕਾਸ ਨਾਲ ਆਪਣਾ ਵਿਕਾਸ ਚਿਤਵਿਆ ਜਾਂਦਾ ਹੈ ਅਤੇ ਇਸੇ ਸੋਚ ਅਨੁਸਾਰ ਕੰਮ ਕੀਤਾ ਜਾਂਦਾ ਹੈ।
ਸਮਾਜਵਾਦੀ ਚੀਨ ਵਿੱਚ ਪੈਦਾਵਾਰ ਵਧਾਉਣ ਲਈ ਭਾਵੇਂ ਤਕਨੀਕ ਨੂੰ ਹੋਰ ਵੱਧ ਵਰਤਣ ਦੇ ਯਤਨ ਕੀਤੇ ਗਏ ਪਰ ਉੱਥੇ ਇਸ ਗੱਲ ਨੂੰ ਵੱਧ ਤਰਜੀਹ ਦਿੱਤੀ ਗਈ ਕਿ ਪੈਦਾਵਾਰ ਵਧਾਉਣ ਲਈ ਲੋਕਾਂ ਦੀ ਸਿਆਸੀ ਚੇਤਨਾ ਉੱਚੀ ਕਰੋ, ਨਾ ਕਿ ਸਿਰਫ ਤਕਨੀਕ ਵਿਕਸਤ ਕਰਨ ਰਾਹੀਂ ਮਸ਼ੀਨੀ ਢੰਗ ਅਪਣਾਏ ਜਾਣ। ਉਦੋਂ ਚੀਨ ਵਿੱਚ ਰੈੱਡ ਅਤੇ ਐਕਸਪਰਟ ਹੋਣ ਦੀ ਗੱਲ ਕੀਤੀ ਜਾਂਦੀ ਸੀ। ਯਾਨੀ ਮਾਹਰ ਤਾਂ ਹੋਣਾ ਹੀ ਹੈ ਪਰ ਲੋਕਤਾ ਦੇ ਕਾਜ ਨੂੰ ਪ੍ਰਣਾਈ (ਲਾਲ) ਸਮਝ ਨੂੰ ਪ੍ਰਮੁੱਖਤਾ ਦਿੱਤੀ ਜਾਵੇ।
ਜਦੋਂ ਕਾਮਰੇਡ ਮਾਓ ਦੀ ਮੌਤ ਉਪਰੰਤ ਚੀਨ ਵਿੱਚ ਸੋਧਵਾਦੀ ਤਿੰਗ ਜੁੰਡਲੀ ਭਾਰੂ ਹੋ ਗਈ ਤਾਂ ਉਸ ਨੇ ਮਜ਼ਦੂਰ ਜਮਾਤ ਦੇ ਹਿੱਤਾਂ ਦੀ ਥਾਂ ਬੁਰਜੂਆਜੀ ਦੇ ਹਿੱਤਾਂ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ। ਇੱਥੋਂ ਦੀ ਸਰਮਾਏਦਾਰੀ ਭਾਵੇਂ ਹੋਰ ਸਾਮਰਾਜੀ ਮੁਲਕਾਂ ਵਰਗੀ ਨਹੀਂ ਸੀ ਜਿਹੜੀ ਕੁੱਝ ਕੁ ਵਿਅਕਤੀਆਂ ਦੇ ਹਿੱਤਾਂ ਨੂੰ ਬਹੁਤੀ ਪਹਿਲ ਦੇਵੇ, ਬਲਕਿ ਇੱਥੇ ਮਜ਼ਦੂਰ ਜਮਾਤ ਦੀ ਲੁੱਟ ਦਾ ਹਿੱਸਾ ਸਰਮਾਏਦਾਰੀ ਜਮਾਤ ਵਿੱਚ ਇੱਕ ਜਮਾਤ ਦੇ ਤੌਰ 'ਤੇ ਵਧੇਰੇ ਵੰਡਿਆ ਜਾਂਦਾ ਸੀ। ਇਹਨਾਂ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਂ ਹੇਠ ਪੈਦਾਵਾਰ ਵਧਾਉਣ ਦੇ ਅਜਿਹੇ ਹੀ ਨਾਹਰੇ ਲਾਗੂ ਕੀਤੇ ਕਿ ਬਿੱਲੀ ਚਿੱਟੀ ਹੋਵੇ ਭਾਵੇਂ ਲਾਲ, ਜਦੋਂ ਤੱਕ ਚੂਹੇ ਫੜਦੀ ਹੈ, ਠੀਕ ਹੈ। ਯਾਨੀ ਇੱਥੇ ਮਜ਼ਦੂਰ ਜਮਾਤ ਦੀ ਚੇਤਨਾ ਵਾਲੀ ਸਮਝ ਨੂੰ ਨਕਾਰ ਦਿੱਤਾ ਗਿਆ। ਸਿਰਫ ਤਕਨੀਕ 'ਤੇ ਜ਼ੋਰ ਦੇ ਕੇ ਪੈਦਾਵਾਰ ਵਧਾਈ ਗਈ ਅਤੇ ਹੋਰਨਾਂ ਦੇਸ਼ਾਂ ਵਿੱਚ ਮੁਕਾਬਲਤਨ ਸਸਤਾ ਮਾਲ ਭੇਜ ਕੇ ਇੱਕ ਜਮਾਤ ਦੇ ਤੌਰ 'ਤੇ ਚੀਨ ਦੀ ਸਰਮਾਏਦਾਰੀ ਨੇ ਮੋਟੇ ਮੁਨਾਫੇ ਕਮਾਏ। ਬਾਅਦ ਵਿੱਚ ਇੱਥੋਂ ਦੀ ਸਰਮਾਏਦਾਰੀ ਸਾਮਰਾਜੀ ਖਾਸਾ ਅਖਤਿਆਰ ਕਰਦੀ ਹੋਈ ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਨਾਲ ਗੱਠਜੋੜ ਕਰਕੇ ਉਹਨਾਂ ਨੂੰ ਵੀ ਚੀਨੀ ਕਿਰਤ ਸ਼ਕਤੀ ਦੀ ਲੁੱਟ ਕਰਵਾਉਣ ਲੱਗੀਆਂ।
ਚੀਨ ਅੱਜ ਭਾਵੇਂ ਸਾਮਰਾਜੀ ਖਾਸਾ ਅਖਤਿਆਰ ਕਰ ਗਿਆ। ਪਰ ਚੀਨ ਵਿੱਚ ਅਜੇ ਵੀ ਪੜ੍ਹਾਈ, ਸਿਹਤ ਸਹੂਲਤਾਂ, ਖੇਡਾਂ ਆਦਿ ਦੇ ਖੇਤਰਾਂ ਵਿੱਚ ਬੱਚਿਆਂ ਨੂੰ ਸ਼ੁਰੂਆਤ ਵਿੱਚ ਹੀ ਸਮਾਜਵਾਦੀ ਪ੍ਰਬੰਧ ਵਾਂਗ ਮਾਹਰ ਬਣਾਇਆ ਜਾਂਦਾ ਹੈ। ਹੁਣ ਚੀਨ ਵਿੱਚ ਭਾਵੇਂ ਲਾਲ ਚੇਤਨਾ ਨਹੀਂ ਦਿੱਤੀ ਜਾਂਦੀ ਪਰ ਤਕਨੀਕ ਨੂੰ ਵਿਕਸਤ ਕਰਕੇ ਇਹਨਾਂ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਆਪਣੀ ਪਕੜ ਮਜਬੂਤ ਕੀਤੀ ਹੈ।
ਹੁਣ ਜਦੋਂ ਚੀਨ ਵਿੱਚ ਕੋਰੋਨਾ ਵਾਇਰਸ ਦੀ ਮਾਰ ਹੋਣੀ ਸ਼ੁਰੂ ਹੋਈ ਤਾਂ ਚੀਨ ਨੇ ਆਪਣੀ ਵਿਕਸਤ ਮਸ਼ੀਨਰੀ ਅਤੇ ਤਕਨੀਕ ਇਸ ਦੀ ਰੋਕਥਾਮ ਵਾਸਤੇ ਝੋਕ ਦਿੱਤੀ। ਹਫਤੇ ਕੁ ਦੇ ਵਿੱਚ ਵਿੱਚ 1000-1500 ਬੈੱਡਾਂ ਵਾਲੇ ਹਸਪਤਾਲਾਂ ਦੀ ਉਸਾਰੀ ਕਰਵਾ ਦਿੱਤੀ। ਖੇਡ ਸਟੇਡੀਅਮ ਅਤੇ ਵੱਡੇ ਹਾਲਾਂ ਨੂੰ ਤਾਂ ਕੁੱਝ ਕੁ ਘੰਟਿਆਂ ਦੇ ਵਕਫੇ ਦੇ ਵਿੱਚ ਵਿੱਚ ਹੀ ਹਸਪਤਾਲਾਂ ਦਾ ਰੂਪ ਦੇ ਦਿੱਤਾ। ਚੀਨੀ ਸਰਕਾਰ ਨੂੰ ਜਿਸ ਵੇਲੇ ਕੋਰੋਨਾ ਦੇ ਲਾ-ਇਲਾਜ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਵੂਹਾਨ ਸਮੇਤ ਸਾਰੇ ਹੂਬੇ ਸੂਬੇ ਵਿੱਚ ਹੀ ਐਮਰਜੈਂਸੀ ਲਗਾ ਦਿੱਤੀ। ਜਿਹੜਾ ਵੀ ਵਿਅਕਤੀ ਕੋਰੋਨਾ ਦਾ ਸੰਭਾਵੀ ਮਰੀਜ ਲੱਗਦਾ ਉਸ ਨੂੰ ਫੌਰੀ ਤੌਰ 'ਤੇ ਇਕਾਂਤਵਾਸ ਕੀਤਾ ਜਾਂਦਾ। ਸਰਕਾਰ ਨੇ ਸਾਰੇ ਹੀ ਮਜ਼ਦੂਰਾਂ-ਮੁਲਾਜ਼ਮਾਂ ਦੀਆਂ 90 ਫੀਸਦੀ ਤਨਖਾਹਾਂ ਉਹਨਾਂ ਦੇ ਖਾਤਿਆਂ ਵਿੱਚ ਚਾੜ੍ਹ ਦਿੱਤੀਆਂ। ਲੋਕਾਂ ਵਿੱਚ ਇਕਾਂਤਵਾਸ ਦੀ ਮਹੱਤਤਾ ਹੋਣ ਕਰਕੇ ਉਹ ਆਪਣੇ ਆਪ ਵੀ ਇਸ ਵਿੱਚ ਆਉਂਦੇ ਗਏ।
ਸਰਕਾਰ ਨੇ ਕੋਰੋਨਾ ਦੇ ਸੰਭਾਵੀ ਮਰੀਜਾਂ ਦੀ ਪੁਣਛਾਣ ਕਰਨ ਲਈ ਹਰ ਸੜਕ, ਹਰ ਗਲੀ ਦੇ ਮੋੜ 'ਤੇ ਸੀ.ਸੀ.ਟੀ.ਵੀ. ਅਤੇ ਹੋਰ ਕੋਰੋਨਾ ਕੰਟਰੋਲ ਵਾਲੇ ਯੰਤਰ ਫਿਟ ਕਰ ਦਿੱਤੇ। ਇਨਫਰਾਰੈੱਡ ਕਿਰਨਾਂ ਵਾਲੇ ਯੰਤਰਾਂ ਰਾਹੀਂ ਕਿਸੇ ਵੀ ਵਿਅਕਤੀ ਦਾ ਦੂਰੋਂ ਹੀ ਤਾਪਮਾਨ ਪਤਾ ਲੱਗਦਾ ਰਹਿੰਦਾ। ਅਲੀਬਾਬਾ, ਬੈਦੂ ਅਤੇ ਆਂਟਸ ਵਰਗੀਆਂ ਵੱਡੀਆਂ ਸੂਚਨਾ ਕੰਪਨੀਆਂ ਵੱਲੋਂ ਸੈਟੇਲਾਈਟਾਂ ਰਾਹੀਂ 200 ਵੱਡੇ ਸ਼ਹਿਰਾਂ ਵਿੱਚ ਆਵਾਜਾਈ ਦੀ ਨਿਗਰਾਨੀ ਕੀਤੀ ਜਾਂਦੀ ਰਹੀ। ਗਲੀਆਂ ਅਤੇ ਸੜਕਾਂ ਵਿੱਚ ਇੱਕ ਖਾਸ ਉਚਾਈ 'ਤੇ ਲਟਕਦੇ ਹੋਏ ਯੰਤਰ ਫਿੱਟ ਕੀਤੇ ਗਏ। ਯਾਨੀ ਇੱਕ ਇਲਾਕੇ ਦੇ ਇੰਚ ਇੰਚ ਦੀ ਖਬਰ ਸਰਕਾਰ ਦੇ ਧਿਆਨ ਵਿੱਚ ਸੀ। ਗਲੀਆਂ ਸੜਕਾਂ ਵਿੱਚ ਛੋਟੇ ਡਰੋਨ ਚੱਕਰ 'ਤੇ ਚੱਕਰ ਕੱਟ ਕੇ ਸਭ ਤਰ੍ਹਾਂ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦੇ ਰਹੇ ਸਨ। ਜਿਹਨਾਂ ਨੇ ਮਾਸਕ ਵਗੈਰਾ ਨਹੀਂ ਸਨ ਪਹਿਨੇ ਹੋਏ ਉਹਨਾਂ ਨੂੰ ਫੌਰੀ ਤੌਰ 'ਤੇ ਚੇਤਾਵਨੀਆਂ ਦਿੱਤੀਆਂ ਜਾਂਦੀਆਂ। ਜਿਹੜੇ ਵੀ ਬਗੈਰ ਮਾਸਕ ਤੋਂ ਜਾਂ ਮਾਸਕ ਪਹਿਨ ਕੇ ਵੀ ਸਰਕਾਰੀ ਹੁਕਮਾਂ ਦਾ ਉਲੰਘਣ ਕਰਦੇ, ਡਰੋਨ ਉਹਨਾਂ ਦੇ ਚੇਹਰਿਆਂ ਦੀ ਪਛਾਣ ਕਰਕੇ ਦੱਸ ਰਹੇ ਸਨ ਕਿ ਕਿਹੜੇ ਕਿਹੜੇ ਵਿਅਕਤੀ ਕਿੱਥੇ ਕਿੱਥੇ ਹੁਕਮਾਂ ਦਾ ਉਲੰਘਣ ਕਰ ਰਹੇ ਹਨ। ਡਰੋਨ ਆਪ ਵੀ ਉਲੰਘਣਾ ਕਰਨ ਵਾਲੇ ਵਿਅਕਤੀ ਕੋਲ ਜਾ ਕੇ ਉਸ ਉਲੰਘਣਾ ਕਰਨ ਤੋਂ ਵਰਜਦੇ। 76 ਕਰੋੜ ਲੋਕਾਂ ਨੂੰ ਮਸ਼ੀਨੀ ਤਕਨੀਕ ਦੀ ਨਿਗਰਾਨੀ ਵਿੱਚ ਰੱਖਿਆ ਗਿਆ। ਸਭਨਾਂ ਮਰੀਜਾਂ ਨੂੰ ਬੈਠਿਆਂ ਬੈਠਿਆਂ ਹੀ ਲੋੜੀਂਦੀਆਂ ਸਹੂਲਤਾਂ ਹਾਸਲ ਹੋ ਰਹੀਆਂ ਸਨ। ਜਿਸ ਕਿਸੇ ਨੇ ਵੀ ਘਰ ਤੋਂ ਬਾਹਰ ਨਿਕਲਣਾ ਹੁੰਦਾ, ਉਸਦੇ ਪੂਰੇ ਵੇਰਵੇ ਪਲ ਪਲ ਕੰਪਿਊਟਰਾਂ ਵਿੱਚ ਨੋਟ ਹੁੰਦੇ ਰਹਿੰਦੇ। ਥਾਂ ਥਾਂ 'ਤੇ ਚੈਕਿੰਗ ਅਤੇ ਨਿਰੀਖਣ ਹੁੰਦੇ। ਰਿਹਾਇਸ਼ੀ ਇਲਾਕਿਆਂ ਵਿੱਚ ਹਰ 500 ਮੀਟਰ ਦੇ ਅੰਦਰ ਅੰਦਰ ਤਿੰਨ ਤਿੰਨ ਥਾਵਾਂ 'ਤੇ ਨਿਰੀਖਣ ਹੁੰਦੇ। ਕੋਰੋਨਾ ਦੀ ਮਾਰ ਹੇਠ ਆਏ ਇਲਾਕੇ ਦੇ 6 ਕਰੋੜ ਵਾਹਨਾਂ 'ਤੇ ਕੋਰੋਨਾ ਚੈੱਕ ਕਰਨ ਵਾਲੇ ਯੰਤਰ ਫਿੱਟ ਕੀਤੇ ਹੋਏ ਸਨ। ਜਿਹੜੇ ਉਸ ਵਾਹਨ ਦੇ ਸਥਾਨ ਦੀ ਪਛਾਣ ਦੇ ਨਾਲ ਨਾਲ ਵਾਤਾਵਰਣ, ਮੌਸਮ, ਪ੍ਰਦੂਸ਼ਣ, ਕੋਰੋਨਾ ਦੀ ਸੰਭਾਵਨਾ ਬਾਰੇ ਲਗਾਤਾਰ ਜਾਣਕਾਰੀ ਮੁਹੱਈਆ ਕਰਵਾ ਰਹੇ ਸਨ। ਘਰਾਂ ਤੋਂ ਬਾਹਰ ਨਿਕਲਣ ਵਾਲੇ ਹਰ ਵਿਅਕਤੀ ਦੇ ਫੋਨ ਵਿੱਚ ਅਜਿਹੀ ਐਪ ਡਾਊਨ ਲੋਡ ਕਰਨੀ ਜ਼ਰੂਰੀ ਸੀ, ਜਿਹੜੀ ਉਸ ਵਿਅਕਤੀ ਦੇ ਤਾਪਮਾਨ ਤਾਂ ਕੀ- ਉਸ ਵਿਚਲੇ ਕੋਰੋਨਾ ਵਾਇਰਸਾਂ ਦੀ ਪੁਜੀਸ਼ਨ ਹਰੀ, ਪੀਲੀ ਅਤੇ ਲਾਲ ਹੋਣ ਬਾਰੇ ਦੂਰੋਂ ਹੀ ਦੱਸ ਦਿੰਦੇ ਸਨ। ਕੋਰੋਨਾ ਟੈਸਟ ਦਾ ਇੱਕ ਯੰਤਰ ਇੱਕ ਮਿੰਟ ਵਿੱਚ 200 ਵਿਅਕਤੀਆਂ ਦੀ ਸਕੈਨ ਕਰ ਦਿੰਦਾ, ਜਦੋਂ ਕਿ ਹੋਰਨਾਂ ਦੇਸ਼ਾਂ ਵਿੱਚ ਅਜਿਹੀ ਪੁਣਛਾਣ ਇੱਕ ਵਿਅਕਤੀ ਦੀ ਇੱਕ ਤੋਂ ਦੋ ਘੰਟੇ ਵਿੱਚ ਹੁੰਦੀ ਹੈ। ਜਿੰਨੇ ਯੰਤਰ ਚੀਨ ਵਿੱਚ ਹਕੂਮਤ ਵੱਲੋਂ ਤਾਇਨਾਤ ਕੀਤੇ ਗਏ ਸਨ, ਉਹ ਇੱਕ ਦਿਹਾੜੀ ਵਿੱਚ ਦਹਿ-ਲੱਖ ਲੋਕਾਂ ਦੀ ਸਿਹਤ ਦੇ ਵੇਰਵੇ ਮੁਹੱਈਆ ਕਰਦੇ ਰਹਿੰਦੇ। ਇਕੱਤਰ ਹੋਏ ਵੇਰਵਿਆਂ ਦਾ ਯੂਨੀਵਰਸਿਟੀਆਂ ਵਿੱਚ ਮਹਾਂ-ਕੰਪਿਊਟਰਾਂ ਦੀ ਵਰਤੋਂ ਰਾਹੀਂ ਸਕਿੰਟਾਂ ਵਿੱਚ ਵਿਸ਼ਲੇਸ਼ਣ ਹੁੰਦੇ ਰਹਿੰਦੇ। ਖਤਰੇ ਵਾਲੇ ਹਰ ਵਿਅਕਤੀ ਅਤੇ ਥਾਂ ਨੂੰ ਮਿੰਟਾਂ ਵਿੱਚ ਹੀ ਚਿੰਨਤ ਕਰਕੇ ਰੋਕਥਾਮ ਕੀਤੀ ਜਾਂਦੀ।
ਸਭ ਤੋਂ ਵੱਧ ਮਾਰ ਹੇਠ ਆਏ ਹਸਪਤਾਲਾਂ ਅਤੇ ਇਲਾਕਿਆਂ ਵਿੱਚ ਸਵੈ-ਚਾਲਤ ਰੋਬਟਾਂ ਅਤੇ ਸਵੈ-ਚਾਲਕ ਵੈਨਾਂ ਦੀ ਵਰਤੋਂ ਕੀਤੀ ਗਈ। ਰੋਗੀ ਮਨੁੱਖ ਦਾ ਕਿਸੇ ਹੋਰ ਮਨੁੱਖ ਨਾਲ ਸਰੀਰਕ ਸੰਪਰਕ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਸਫਾਈ ਅਤੇ ਸੈਨੀਟਾਈਜ਼ਰਾਂ ਦਾ ਪੂਰਾ ਖਿਆਲ ਰੱਖਿਆ ਗਿਆ।
ਕੋਰੋਨਾ ਦੀ ਬਿਮਾਰੀ ਦਾ ਇਸ ਵੇਲੇ ਦਾ ਇਲਾਜ ਇੱਕੋ ਇੱਕ ਇਹ ਬਣਦਾ ਸੀ ਕਿ ਸਬੰਧਤ ਵਿਅਕਤੀ ਨੂੰ ਚੰਗੀ ਖੁਰਾਕ, ਆਰਾਮ, ਮਨਪਰਚਾਵਾ, ਉਸਾਰੂ ਆਸ਼ਾਵਾਦੀ ਮਾਹੌਲ ਮੁਹੱਈਆ ਕਰਵਾਇਆ ਜਾਵੇ। ਵਿਅਕਤੀ ਨੂੰ ਸਮਝਾ ਦਿੱਤਾ ਜਾਂਦਾ ਸੀ ਕਿ ਇਸੇ ਦੇ ਵਿੱਚ ਹੀ ਉਸਦਾ ਆਪਣਾ, ਉਸਦੇ ਪਰਿਵਾਰ, ਸੰਗੀਆਂ-ਸਾਥੀਆਂ ਅਤੇ ਹਮਸਫਰਾਂ ਦਾ ਭਲਾ ਹੈ। ਕੋਰੋਨਾ ਦਾ ਟਾਕਰਾ ਕਰਕੇ ਹੀ ਕਿਸੇ ਵੀ ਵਿਅਕਤੀ ਵਿੱਚ ਟਾਕਰਾ ਸ਼ਕਤੀ (ਐਮਿਊਨਿਟੀ) ਪੈਦਾ ਹੋਣੀ ਸੀ, ਉਹ 2-4 ਹਫਤਿਆਂ ਦੇ ਵਿੱਚ ਹੁੰਦੀ ਰਹੀ। ਜਿੱਥੋਂ ਤੱਕ ਉਸ ਕੋਲੋਂ ਕਿਸੇ ਹੋਰ ਵਿਅਕਤੀ ਤੱਕ ਫੈਲਣ ਦੀ ਗੁੰਜਾਇਸ਼ ਸੀ ਉਹ ਮੁਕੰਮਲ ਤੌਰ 'ਤੇ ਰੋਕ ਦਿੱਤੀ ਗਈ। ਤਿੰਨ ਮਹੀਨੇ ਦੀ ਜੱਦੋਜਹਿਦ ਵਿੱਚ ਚੀਨ ਵਿੱਚ ਇਸ ਬਿਮਾਰੀ 'ਤੇ ਇੱਕ ਵਾਰ ਮੁਕੰਮਲ ਵਰਗਾ ਕੰਟਰੋਲ ਕਰ ਲਿਆ ਗਿਆ। ਕੋਰੋਨਾ ਦੇ ਮਰੀਜਾਂ ਦਾ 90 ਫੀਸਦੀ ਇਲਾਜ ਚੀਨ ਦੀਆਂ ਸਥਾਨਕ ਵਿਧੀਆਂ ਨਾਲ ਕੀਤਾ ਗਿਆ। ਜਿਹੜੇ ਵੀ ਵਿਅਕਤੀ ਬਾਹਰੋਂ ਆ ਰਹੇ ਹਨ, ਜਾਂ ਜਿਹਨਾਂ ਵਿੱਚ ਕਿਸੇ ਵੀ ਵਾਧ-ਘਾਟ ਕਰਕੇ ਇਸ ਬਿਮਾਰੀ ਦੇ ਮੁੜ ਫੁੱਟਣ ਦੇ ਆਸਾਰ ਹਨ, ਉਹਨਾਂ ਦੀ ਲਗਾਤਾਰ ਨਿਗਰਾਨੀ ਰੱਖ ਕੇ ਮੁੜ ਠੀਕ ਕੀਤਾ ਜਾਂਦਾ ਹੈ। ਤਿੰਨ-ਚਾਰ ਮਹੀਨਿਆਂ ਦੀ ਤਾਲਾਬੰਦੀ ਵਰਗੀ ਹਾਲਤ ਵਿੱਚੋਂ ਨਿਕਲ ਕੇ ਚੀਨ ਵਿੱਚ ਆਰਥਿਕਤਾ ਮੁੜ ਚਾਲੂ ਹੋ ਗਈ ਹੈ। ਜਦੋਂ ਕਿ ਬਾਕੀ ਦਾ ਸਾਮਰਾਜੀ ਪ੍ਰਬੰਧ ਅਜੇ ਲੜਖੜਾ ਰਿਹਾ ਹੈ।
ਇਸ ਵੇਲੇ ਚੀਨੀ ਹਕੂਮਤ ਨੇ ਜਿੰਨੇ ਲੋਕਾਂ ਨੂੰ ਆਪਣੀ ਸਿੱਧੀ ਨਿਗਰਾਨੀ ਵਿੱਚ ਰੱਖਿਆ ਹੈ, ਇਹ ਕੁੱਝ ਕੀਤਾ ਗਿਆ ਹੈ ਕੋਰੋਨਾਵਾਇਰਸ ਨੂੰ ਰੋਕਣ ਦੇ ਨਾਂ ਹੇਠ। ਉਂਝ ਜਿਹੜੇ ਯੰਤਰ ਉਹਨਾਂ ਨੇ ਵਿਅਕਤੀ ਨੂੰ ਆਪਣੇ ਕੋਲ ਰੱਖਣੇ ਲਾਜ਼ਮੀ ਕੀਤੇ ਹੋਏ ਹਨ, ਇਹ ਨਾ ਸਿਰਫ ਕਿਸੇ ਵਿਅਕਤੀ ਦੀ ਨਬਜ਼, ਸ਼ੂਗਰ, ਬੀ.ਪੀ., ਬੁਖਾਰ, ਖੰਘ, ਨਜ਼ਲਾ, ਜੁਕਾਮ, ਟੀ.ਬੀ. ਆਦਿ ਬਿਮਾਰੀਆਂ ਦੀ ਪਲ ਪਲ ਦੀ ਜਾਣਕਾਰੀ ਰੱਖਣਗੇ ਬਲਕਿ ਕਿਸੇ ਵੀ ਵਿਅਕਤੀ ਦੀ ਨਿੱਜੀ ਜ਼ਿੰਦਗੀ ਵੀ ਉਹਨਾਂ ਦੀ ਨਿਗਾਹ ਵਿੱਚ ਕੈਦ ਹੋਵੇਗੀ। ਜਿਸ ਕਿਸੇ ਨੇ ਵੀ ਅਜਿਹੇ ਯੰਤਰ ਆਪਣੇ ਸਰੀਰ ਕੋਲੋਂ ਦੂਰ ਕੀਤੇ ਉਹਨਾਂ ਨੂੰ ਦੋਸ਼ੀ ਮੰਨ ਕੇ ਜੇਲ੍ਹਾਂ ਅਤੇ ਤਸੀਹੇ ਘਰਾਂ ਵਿੱਚ ਸੜਨ ਲਈ ਸੁੱਟ ਦਿੱਤਾ ਜਾਇਆ ਕਰੇਗਾ। ਇਹ ਯੰਤਰ ਬੰਦੇ ਦੇ ਹਾਸੇ, ਰੋਣੇ, ਉਦਾਸੀ, ਖੁਸ਼ੀ, ਚਾਅ, ਜੋਸ਼-ਉਤਸ਼ਾਹ ਵਰਗੀ ਹਰ ਸਰਗਰਮੀ ਨੂੰ ਨੋਟ ਕਰਕੇ ਨਾ ਸਿਰਫ ਕਿਸੇ ਵੀ ਬਗਾਵਤ ਨੂੰ ਰੋਕਣ ਲਈ ਯਤਨ ਕੀਤੇ ਜਾਣੇ ਹਨ, ਬਲਕਿ ਵਿਅਕਤੀਆਂ ਦੀਆਂ ਲੋੜਾਂ ਅਤੇ ਚਾਹਤਾਂ ਕਿਹੋ ਜਿਹੀਆਂ ਹੋ ਸਕਦੀਆਂ ਹਨ, ਇਹਨਾਂ ਦੇ ਅਨੁਸਾਰ ਹੀ ਵਪਾਰ, ਕਾਰੋਬਾਰ, ਪੈਦਾਵਾਰ, ਪੈਦਾਵਾਰ ਦੀ ਵੰਡ ਦੇ ਢੰਗ ਤਰੀਕੇ ਵਿਕਸਤ ਕੀਤੇ ਜਾਣੇ ਹਨ। ਮੁੱਠੀ ਵਿੱਚ ਕੀਤੇ ਸੰਸਾਰ ਵਿੱਚ ਨਵੀਂ ਆਰਥਿਕਤਾ ਦੀ ਸਿਰਜਣਾ ਹੋਣੀ ਹੈ। ਆਰਥਿਕਤਾ ਲਈ ਖਤਰਾ ਬਣਦੇ ਕਿਸੇ ਵੀ ਵਰਤਾਰੇ ਨੂੰ ਰੋਕਣ ਲਈ ਅਗਾਊਂ ਯਤਨ ਕੀਤੇ ਜਾਣੇ ਹਨ। ਅਜਿਹਾ ਅਮਲ ਚੀਨ ਵਿੱਚ ਤਾਂ ਵੱਡੇ ਪੱਧਰ 'ਤੇ ਲਾਗੂ ਹੋ ਹੀ ਰਿਹਾ ਹੈ। ਇਹ ਕੁੱਝ ਅਮਰੀਕਾ, ਸਿੰਘਾਪੁਰ, ਪੋਲੈਂਡ, ਇਜ਼ਰਾਈਲ, ਦੱਖਣੀ ਕੋਰੀਆ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਬਰਤਾਨੀਆ ਅਤੇ ਫਰਾਂਸ ਵਰਗੇ ਦੇਸ਼ ਇਸ ਨੂੰ ਲਾਗੂ ਕਰਨ ਦੀਆਂ ਤਰਕੀਬਾਂ ਸੋਚ ਰਹੇ ਹਨ। ਇਹ ਦੇਸ਼ ਫੇਸਬੁੱਕ, ਵਾਟਸਅੱਪ, ਯੂ-ਟਿਊਬ ਆਦਿ ਇੰਟਰਨੈੱਟ ਮਾਧਿਅਮਾਂ ਰਾਹੀਂ ਆਪਣੀ ਪਕੜ ਮਜਬੂਤ ਕਰਨ ਦੇ ਯਤਨ ਕਰਨਗੇ। ਭਾਰਤ ਸਰਕਾਰ ਵੱਲੋਂ ਇਸ ਸਕੀਮ ਨੂੰ ਕੋਰੋਨਾ ਕਾਬੂ ਕਰਨ ਦੇ ਨਾਂ ਹੇਠ ਨਾ ਸਿਰਫ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਲਈ ਅਜਿਹੀਆਂ ਵਿਧੀਆਂ ਅਖਤਿਆਰ ਕਰਨੀਆਂ ਲਾਜ਼ਮੀ ਬਣਾ ਦਿੱਤੀਆਂ ਹਨ, ਬਲਕਿ ਆਮ ਮੋਬਾਈਲ ਧਾਰਕਾਂ ਲਈ ਵੀ ਅਜਿਹੀਆਂ ਵਿਧੀਆਂ ਅਪਣਾਉਣੀਆਂ ਲਾਜ਼ਮੀ ਬਣਾ ਕੇ ਲੋਕਾਂ ਦੀ ਨਿੱਜੀ ਜਿੰਦਗੀ ਵਿੱਚ ਦਖਲ ਦੇ ਕੇ ਆਪਣੇ ਅਤੇ ਸਾਮਰਾਜੀਆਂ ਦੇ ਮਾਲ ਦੀ ਵਿੱਕਰੀ ਵਧਾਉਣ ਦੇ ਸੰਦ ਬਣਾਉਣ ਵੱਲ ਵਧਿਆ ਜਾ ਰਿਹਾ ਹੈ। 'ਅਰੋਗਿਆ ਐਪ'' ਨਾਂ ਦਾ ਸਾਫਟਵੇਅਰ ਫੋਨਾਂ ਵਿੱਚ ਲਾਗੂ ਕਰਨ ਨਾਲ ਭਾਰਤ ਵਿੱਚ ਗੁੱਝੀ ਗੁਲਾਮੀ ਦਾ ਸਿਲਸਿਲਾ ਆਧਾਰ ਕਾਰਡ ਸਮੇਤ ਹੋਰਨਾਂ ਸਰਕਾਰੀ ਕਾਗਜਾਂ ਨਾਲੋਂ ਵੀ ਤੇਜ ਕੀਤਾ ਜਾਣਾ ਹੈ। ਸਰਕਾਰੀ ਹੁਕਮ ਲਾਗੂ ਹੋਣ ਦੇ ਨਾਲ ਹੀ ਸਾਢੇ ਸੱਤ ਕਰੋੜ ਲੋਕ ਇਸ ਦੀ ਮਾਰ ਹੇਠ ਆ ਵੀ ਚੁੱਕੇ ਹਨ।
No comments:
Post a Comment