Monday, 20 July 2020

ਕੋਰੋਨਾ ਵਾਇਰਸ : ਭਾਰਤੀ ਹਾਕਮਾਂ ਨੂੰ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਓ


ਕੋਰੋਨਾ ਵਾਇਰਸ ਨੂੰ ਰੋਕਣ ਦੀ ਆੜ ਹੇਠ ਲੋਕਾਂ ਨੂੰ ਜਲੀਲ ਕਰ ਰਹੇ ਭਾਰਤੀ ਹਾਕਮਾਂ ਨੂੰ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਓ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਮਾਰਚ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੀ ਮਾਰ ਰੋਕਣ ਲਈ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਵਿੱਚ ਲੋਕਾਂ ਨੂੰ ''ਜਨਤਕ-ਕਰਫਿਊ'' ਲਾਉਣ ਦੀ ਨਸੀਹਤ ਦਿੱਤੀ ਹੈ, ਜਿੱਥੇ ਇੱਕ ਪਾਸੇ ਸਾਰੇ ਦੇਸ਼ ਦੀਆਂ ਰੇਲਾਂ, ਸੜਕੀ ਆਵਾਜਾਈ ਅਤੇ ਲੋਕਾਂ ਦੀ ਸਾਧਾਰਨ ਪੈਦਲ ਆਵਾਜਾਈ ਵੀ ਬੰਦ ਕੀਤੀ ਹੈ, ਦੂਜੇ ਪਾਸੇ ਅਮਲ ਵਿੱਚ ਜੋ ਕੁੱਝ ਸਾਹਮਣੇ ਆਇਆ ਉਹ ਇਹ ਸੀ ਕਿ ਪੁਲਸੀ ਬਲਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਉਹਨਾਂ ਤੋਂ ਮਿੰਨਤਾਂ-ਤਰਲੇ ਕਢਵਾਏ ਹਨ, ਉਹਨਾਂ ਨੂੰ ਜਨਤਕ ਸਜ਼ਾਵਾਂ ਦੇ ਕੇ ਜਲੀਲ ਕੀਤਾ ਹੈ, ਲੋਕਾਂ ਦੀਆਂ ਘੀਸੀਆਂ ਕਰਵਾ ਕੇ, ਨੱਕ ਨਾਲ ਲਕੀਰਾਂ ਕਢਵਾ ਕੇ, ਸਾਡੀਆਂ ਨੌਜਵਾਨ ਧੀਆਂ-ਭੈਣਾਂ ਤੋਂ ਚੌਕਾਂ ਵਿੱਚ ਬੈਠਕਾਂ ਕਢਵਾਕੇ ਆਪਣੀ ਸੱਤਾ ਦਾ ਗਰੂਰ ਵਿਖਾ ਕੇ ਇਸ ''ਜਨਤਕ-ਕਰਫਿਊ'' ਨੂੰ ਲਾਗੂ ਕੀਤਾ ਹੈ। ਬਹੁਤੇ ਥਾਵਾਂ 'ਤੇ ਖੁਦ ਪੁਲਸ ਨੇ ਅਤੇ ਅਨੇਕਾਂ ਥਾਵਾਂ 'ਤੇ ਪੁਲਸੀ ਵਰਦੀ ਵਿੱਚ ਆਰ.ਐਸ.ਐਸ. (ਰਾਸ਼ਟਰੀ ਸਵੈਮ-ਸੇਵਕ ਸੰਘ) ਦੇ ਗੁੰਡਿਆਂ ਨੇ ਪ੍ਰਵਾਸੀ ਕਾਮਿਆਂ, ਉਹਨਾਂ ਦੇ ਪਰਿਵਾਰਾਂ, ਮੁਸਲਿਮ ਭਾਈਚਾਰੇ ਅਤੇ ਦਲਿਤ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾ ਕੇ ਉਹਨਾਂ ਦੀ ਹਿਜ਼ਰਤ ਕਰਵਾਈ ਹੈ- ਉਹਨਾਂ ਨੂੰ ਉਜਾੜਿਆ ਹੈ, ਲਤਾੜਿਆ ਹੈ, ਉਹਨਾਂ ਦੇ ਘਰਬਾਰ, ਜ਼ਮੀਨਾਂ-ਜਾਇਦਾਦਾਂ ਨੂੰ ਲੁੱਟਿਆਂ ਹੈ। ਇਸ ਮੌਕੇ ਅਨੇਕਾਂ ਹੀ ਅਜਿਹੇ ਸੁਧਾਰਵਾਦੀ ਅਤੇ ਸੋਧਵਾਦੀ ਜਥੇਬੰਦੀਆਂ ਅਤੇ ਅਦਾਰੇ ਵੀ ਸਾਹਮਣੇ ਆਏ ਹਨ, ਜਿਹਨਾਂ ਨੇ ਨਾ ਸਿਰਫ ਭਾਰਤੀ ਹਕੂਮਤ ਦੇ ਫਾਸ਼ੀ ਹੁਕਮਾਂ ਨੂੰ ਹੂਬਹੂ ਲਾਗੂ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਹੈ ਬਲਕਿ ਅਮਲ ਵਿੱਚ ਹਕੂਮਤ ਵੱਲੋਂ ਲਏ ਫੈਸਲਿਆਂ ਨੂੰ ਲੋਕਾਂ ਵਿੱਚ ਮੜ੍ਹਨ ਲਈ ਵੀ ਹਕੂਮਤ ਦਾ ਸਿੱਧਾ ਸਹਿਯੋਗ ਦਿੱਤਾ ਹੈ। 'ਸੁਰਖ਼ ਲੀਹ' ਦੇ ਸੰਪਾਦਕ ਨੇ ਇਸ ਤੋਂ ਵੀ ਅੱਗੇ ਵਧ ਕੇ ਆਪਣੀ ਫੇਸਬੁੱਕ ਆਈ.ਡੀ. 'ਤੇ ਸੁਧਾਰਵਾਦੀ ਬਣਨ ਦਾ ਸਬੂਤ ਦਿੱਤਾ ਹੈ ਕਿ ''ਸਥਾਨਕ ਪੱਧਰ 'ਤੇ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਵਾਲੰਟੀਅਰਾਂ ਵਜੋਂ ਸੇਵਾਵਾਂ ਦੇ ਲਈ ਵੀ ਅੱਗੇ ਆਉਣਾ ਚਾਹੀਦਾ ਹੈ।'' ਇਹਨਾਂ ਦੀ ਬੋਲੀ ਆਰ.ਐਸ.ਐਸ. ਪੰਜਾਬ ਦੇ ਇੰਚਾਰਜ ਬ੍ਰਿਜਭੂਸ਼ਣ ਸਿੰਘ ਬੇਦੀ ਦੇ ਬੋਲਾਂ ਨਾਲ ਮਿਲਦੀ ਹੈ, ਇੱਕ ਬਿਆਨ ਵਿੱਚ ਉਸਨੇ 25 ਮਾਰਚ ਦੇ ਪੰਜਾਬੀ ਟ੍ਰਿਬਿਊਨ ਵਿੱਚ ''ਸੰਘ ਚਾਲਕਾਂ ਨੂੰ ਕਿਹਾ ਹੈ ਕਿ ਉਹ ਸ਼ਾਸਨ ਤੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦਿਆਂ ਲੋਕਾਂ ਦੀ ਸੇਵਾ ਕਰਨ।'' ਇਸ ਤੋਂ ਅੱਗੇ 'ਸੁਰਖ਼ ਲੀਹ' ਵਾਲਿਆਂ ਨੇ ਲਿਖਿਆ ਹੈ ਕਿ ''ਲੋਕਾਂ ਦੀ ਹਰ ਪੱਖੋਂ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ''। ਇਹਨਾਂ ਨੇ ''ਸੇਵਾ'' ਦੀ ਇੱਕਪਾਸੜ ਸਮਝ ਦਾ ਝਲਕਾਰਾ ਪੇਸ਼ ਕੀਤਾ ਹੈ, ਜਦੋਂ ਸੇਵਾ ਨਾਲੋਂ ਵਧਕੇ ਆਪਣੇ ਹੱਕਾਂ ਨੂੰ ਹਾਸਲ ਕਰਨ ਲਈ ਸੰਘਰਸ਼ਾਂ ਦੀ ਮਹੱਤਤਾ ਵਧੇਰੇ ਬਣਦੀ ਹੈ। ਹੁਣ ਜਦੋਂ ਅਸੀਂ ਅਮਲ ਵਿੱਚ ਦੇਖਦੇ ਹਾਂ ਕਿ ਅਨੇਕਾਂ ਹੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਅੱਕੇ-ਸਤੇ ਆਮ ਲੋਕ ਪੁਲਸੀ ਲਸ਼ਕਰਾਂ ਦਾ ਟਾਕਰਾ ਕਰਨ ਦੇ ਰਾਹ ਤੁਰ ਪਏ ਹਨ ਤਾਂ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਅਗਲੀਆਂ ਸਫਾਂ ਵਿੱਚ ਖੜੋ ਕੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਵਿੱਚੋਂ ਨਿਕਲਣ ਲਈ ਅਗਵਾਈ ਕਰਨ। ''ਇੱਕ ਪਾਸੇ ਜਿੱਥੇ ਆਪਾਂ ਦੇਖਦੇ ਸੁਣਦੇ ਹਾਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਭ ਤੋਂ ਪਹਿਲਾਂ ਆਪਣੇ ਗੁਰਦੁਆਰੇ ਦੇ ਹਸਪਤਾਲ ਨੂੰ ਕਰੋਨਾ ਮਰੀਜਾਂ ਲਈ ਅਰਪਤ ਕਰਨ ਦਾ ਐਲਾਨ ਕੀਤਾ ਤਾਂ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਹਸਪਤਾਲ ਅਤੇ ਸਰਾਵਾਂ ਪੀੜਤ ਲੋਕਾਂ ਲਈ ਖੋਲ੍ਹਣ ਦੇ ਐਲਾਨ ਕਰਨੇ ਪਏ ਤੇ ਹੁਣ ਡੇਰਾ ਬਿਆਸ ਅਤੇ ਨਿਰੰਕਾਰੀ ਮਿਸ਼ਨ ਵਾਲਿਆਂ ਨੇ ਆਪਣੇ ਸਤਿਸੰਗ ਘਰਾਂ ਨੂੰ ਕੋਰੋਨਾ ਮਰੀਜ਼ਾਂ ਵਾਸਤੇ ਖੋਲ੍ਹਣ ਦੇ ਐਲਾਨ ਕੀਤੇ ਹਨ। ਤਾਂ ਦੂਸਰੇ ਪਾਸੇ ਜਿਹਨਾਂ ਦੇਸ਼ਭਗਤ, ਇਨਕਲਾਬੀਆਂ ਨੇ ਲੋਕਾਂ ਦੇ ਕਾਜ ਲਈ ਜੇਲ੍ਹਾਂ ਕੱਟੀਆਂ, ਕੁਟਾਪੇ ਝੱਲੇ, ਫਾਂਸੀਆਂ 'ਤੇ ਝੂਲ ਗਏ, ਅੱਜ ਇਹਨਾਂ ਦੇ ਵਾਰਸ ਅਖਵਾਉਣ ਵਾਲੇ ਕਮਿਊਨਿਸਟਾਂ ਨੇ ਦੇਸ਼ ਭਗਤ ਯਾਦਗਾਰ ਦੇ ਬੂਹੇ ਆਮ ਲੋਕਾਂ ਅਤੇ ਪੀੜਤਾਂ ਲਈ ਬੰਦ ਕਰ ਦਿੱਤੇ ਹਨ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਸੰਸਥਾ ਦੇ ਪ੍ਰਬੰਧਕ ਤੇ ਟਰੱਸਟੀ ਸਭ ਤੋਂ ਪਹਿਲਾਂ ਲੋਕਾਂ ਦੇ ਹਿਤੂ ਬਣ ਕੇ ਪੇਸ਼ ਹੁੰਦੇ ਪਰ ਇਹ ਬਿਮਾਰੀ ਨੂੰ ਦੇਖ ਕੇ ਆਪੋ-ਆਪਣੇ ਘੁਰਨਿਆਂ ਵਿੱਚ ਦੜ੍ਹ ਗਏ ਹਨ। ਇਹਨਾਂ ਦੇ ਕੁੱਝ ਹਿੱਸੇ ਲੋਕਾਂ ਨੂੰ ਘਰਾਂ ਵਿੱਚ ਦੜ ਬੈਠਣ ਨੂੰ ਤਰਜੀਹ ਦੇ ਰਹੇ ਹਨ।'' ਘਰਾਂ ਵਿੱਚ ਆਰਾਮ ਫੁਰਮਾ ਰਹੀ ਅਫਸਰਸ਼ਾਹੀ ਨੂੰ ਘੜੀਸ ਕੇ ਲੋਕਾਂ ਵਿੱਚ ਲਿਆਉਣ ਦੀ ਥਾਂ ਇਹ ਲੋਕਾਂ ਦੀ ਕੋਈ ਲਾਮਬੰਦੀ ਨਹੀਂ ਕਰ ਰਹੇ। ਪੁਲਸ ਲੋਕਾਂ 'ਤੇ ਅੰਨ੍ਹੇਵਾਹ ਕੁਟਾਪੇ ਚਾੜ੍ਹ ਰਹੀ ਹੈ। ਪਰ ਲੋਕਾਂ ਦੇ ਆਗੂ ਅਖਵਾਉਣ ਵਾਲੇ ਤਮਾਸ਼ਬੀਨ ਬਣੇ ਸਭ ਕੁੱਝ ਬੜੀ ਸਹਿਜਤਾ ਨਾਲ ਵੇਖ ਰਹੇ ਹਨ। ਕੁੱਝ ਉਹ ਸਮਾਜ-ਸੁਧਾਰਕ ਕੰਮ ਖੁਦ ਕਰਨ ਲੱਗੇ ਹਨ, ਜਦੋਂ ਕਿ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਇਸ ਪ੍ਰਬੰਧ ਵਿਰੁੱਧ ਲੋਕਾਂ ਵਿੱਚ ਫੁੱਟਦੇ ਗੁੱਸੇ ਅਤੇ ਰੋਹ ਨੂੰ ਪ੍ਰਚੰਡ ਕਰਦੇ ਹੋਏ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਦੇ ਰਾਹ ਤੋਰਦੇ। ਲੱਖਾਂ ਦੇ ਇਕੱਠ ਕਰਨ ਵਾਲੇ ਕੁੱਝ ਕੁ ਸੈਂਕੜੇ ਲੋਕਾਂ ਦੀ ਵੀ ਹਕੂਮਤੀ ਜਬਰ ਵਿਰੁੱਧ ਲਾਮਬੰਦੀ ਨਹੀਂ ਕਰ ਰਹੇ। ਲੋਕ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਉਹ ਲੋਕਾਂ ਨੂੰ ਆਪਣੀ ਸੰਭਾਲ ਖੁਦ ਕਰਨ ਦੇ ਰਾਹ ਤੋਰਨ ਉੱਥੇ ਲੋਕਾਂ 'ਤੇ ਜਬਰ ਢਾਹ ਰਹੇ ਪੁਲਸੀ ਬਲਾਂ ਵਿਰੁੱਧ ਲਾਮਬੰਦੀ ਕਰਕੇ ਉਹਨਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਰਾਹ ਤੁਰਨ। ਇਥੇ--- ----ਇੱਕ ਪਾਸੇ ਮਾਝੇ ਦੀ ਅਜਿਹੀ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਵੀਡੀਓ ਘੁੰਮ ਰਹੀ ਹੈ, ਜਿਹੜੇ ਸ਼ਰੇਆਮ ਇਕੱਠ ਕਰਕੇ ਸਰਕਾਰੀ ਫੁਰਮਾਨਾਂ ਨੂੰ ਦਲੀਲਾਂ ਨਾਲ ਠੁਕਰਾਅ ਰਹੇ ਹਨ ਅਤੇ ਪੁਲਸੀ ਲਸ਼ਕਰਾਂ ਨੂੰ ਲਾ-ਜੁਆਬ ਕਰ ਰਹੇ ਹਨ। ਜਲੰਧਰ, ਫਾਜ਼ਿਲਕਾ ਅਤੇ ਰੋਪੜ ਆਦਿ ਅਨੇਕਾਂ ਖੇਤਰਾਂ ਵਿੱਚ ਲੋਕਾਂ ਨੇ ਪੁਲਸੀ ਦਰਿੰਦਿਆਂ ਨੂੰ ਕਰਾਰੇ ਹੱਥ ਵਿਖਾਵੇ ਵੀ ਹਨ। ਮਕਸੂਦਾਂ ਵਿੱਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੜਕੀ ਜਾਮ ਰਾਹੀਂ ਆਪਣੀਆਂ ਮੰਗਾਂ ਵੀ ਮੰਨਵਾਈਆਂ ਹਨ। ਦੂਸਰੇ ਪਾਸੇ ਕੁੱਝ ਕੁ ਅਜਿਹੇ ਕਿਸਾਨ ਆਗੂ ਵੀ ਹਨ, ਜਿਹੜੇ ਸਰਕਾਰ ਕੋਲੋਂ ਆਮ ਲੋਕਾਂ ਲਈ ਸਿਰਫ ਰਾਸ਼ਣ ਮੁਹੱਈਆ ਕਰਨ ਦੀ ਮੰਗ ਤੱਕ ਸੀਮਤ ਰਹਿ ਕੇ ਸਰਕਾਰ ਨੂੰ ਚੌਕੰਨੇ ਕਰ ਰਹੇ ਹਨ ਕਿ ਜੇਕਰ ਉਹਨਾਂ ਨੇ ਕੁੱਝ ਨਾ ਕੀਤਾ ਤਾਂ ਲੋਕ ਹੋਰ ਪਾਸੇ ਨੂੰ ਤੁਰ ਪੈਣਗੇ। ਅਨੇਕਾਂ ਹੀ ਅਜਿਹੇ ਹਨ, ਜਿਹੜੇ ਲੋਕਾਂ ਨੂੰ ਆਪਣੇ ਹੱਕ ਖੋਹਣ ਦੇ ਰਾਹ ਨਹੀਂ ਤੋਰ ਰਹੇ ਬਲਕਿ ਲੋਕਾਂ ਨੂੰ ਮੰਗਤੇ ਬਣਾ ਕੇ ਭੀਖ ਮੰਗਣ ਤੱਕ ਮਹਿਦੂਦ ਰੱਖ ਰਹੇ ਹਨ। ਕੁੱਝ ਸਿਰਫ ਵਕਤੀ ਤੌਰ 'ਤੇ ਲੋਕਾਂ ਵਿੱਚ ਰਾਸ਼ਣ ਆਦਿ ਵੰਡ ਕੇ ਲੋਕ ਪੱਖੀ ਹੋਣ ਦੇ ਖੇਖਣ ਕਰਨ ਤੱਕ ਸੀਮਤ ਰਹਿ ਕੇ ਸੁਧਾਰਵਾਦੀ ਬਣੇ ਹੋਏ ਹਨ। ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਖੁੱਲ੍ਹੇਆਮ ਜਥੇਬੰਦ ਅਤੇ ਲਾਮਬੰਦ ਕਰਨਾ ਭਾਵੇਂ ਸੌਖਾ ਕੰਮ ਨਹੀਂ, ਪਰ ਜਿਹੜੇ ਵੀ ਲੋਕ ਇੱਥੋਂ ਦੇ ਸਾਮਰਾਜੀ-ਜਾਗੀਰੂ ਪਰਬੰਧ ਨੂੰ ਬਦਲ ਕੇ ਇੱਥੇ ਲੋਕਾਂ ਦੀ ਖਰੀ ਜਮਹੂਰੀਅਤ ਵਾਲਾ ਨਵ-ਜਮਹੂਰੀ ਲੋਕ-ਰਾਜ ਕਾਇਮ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਅਜਿਹਾ ਕੁੱਝ ਕਰਨ ਲਈ ਲੋਕਾਂ ਵਿੱਚ ਜਾਣਾ ਹੀ ਪਵੇਗਾ ਅਤੇ ਜਾਣਾ ਵੀ ਚਾਹੀਦਾ ਹੈ। ਅਜਿਹਾ ਕੁੱਝ ਕਰਨ ਲਈ ਉਹਨਾਂ ਨੂੰ ਗੁਪਤ ਢੰਗ-ਤਰੀਕੇ ਅਖਤਿਆਰ ਕਰਨੇ ਪੈ ਸਕਦੇ ਹਨ। ਕਿਤੇ ਸਵੇਰੇ ਜਾਣਾ ਪੈ ਸਕਦਾ ਹੈ ਕਿਤੇ ਹਨੇਰੇ ਜਾਣਾ ਪੈ ਸਕਦਾ ਹੈ। ਔਖੇ ਸਮੇਂ ਲੋਕਾਂ ਵਿੱਚ ਜਾ ਕੇ ਉਹਨਾਂ ਵਰਗੇ ਬਣ ਕੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਿੱਚ, ਜਿਬਾਹ ਅਤੇ ਜਲੀਲ ਕਰ ਰਹੇ ਭਾਰਤੀ ਹਾਕਮਾਂ ਵਿਰੁੱਧ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਉਣਾ ਚਾਹੀਦਾ ਹੈ। ਲੋਕਾਂ ਦੀ ਅਜਿਹੀ ਟਾਕਰਾ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ ਕਿ ਲੋਕਾਂ 'ਤੇ ਫਾਸ਼ੀ ਫੁਰਮਾਨ ਮੜ੍ਹਨ ਵਾਲਿਆਂ ਦੀ ਇਹ ਹਿੰਮਤ ਨਾ ਪੈ ਸਕੇ ਕਿ ਉਹ ਲੋਕਾਂ ਵਿੱਚ ਜਾ ਕੇ ਉਹਨਾਂ ਨਾਲ ਕੋਈ ਵੀ ਧੱਕਾ ਕਰ ਸਕਣ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਦੌਰ ਵਿੱਚ- ਹਕੂਮਤੀ ਧੱਕੇ ਨੂੰ ਰੋਕਣ ਲਈ ਆਪਣੀ ਜਥੇਬੰਦਕ ਤਾਕਤ ਮਜਬੂਤ ਕਰੋ ਸਾਮਰਾਜੀਆਂ ਅਤੇ ਉਹਨਾਂ ਦੇ ਦਲਾਲਾਂ ਨੇ ਦੁਨੀਆਂ ਦੇ ਲੋਕਾਂ ਸਿਰ ਆਰਥਿਕ ਮੰਦਵਾੜੇ ਦੀ ਜੰਗ ਮੜ੍ਹ ਦਿੱਤੀ ਹੈ। ਕੋਰੋਨਾ ਵਾਇਰਸ ਦੇ ਨਾਂ ਹੇਠ ਦੁਨੀਆਂ ਵਿੱਚ ਆਏ ਦਿਨ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ। ਲੱਖਾਂ ਲੋਕ ਹਸਪਤਾਲਾਂ ਵਿੱਚ ਪਏ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਉਹਨਾਂ ਦੇ ਸਕੇ-ਸਬੰਧੀ ਦੁੱਖਾਂ, ਫਿਕਰਾਂ, ਗ਼ਮਾਂ ਵਿੱਚ ਡੁੱਬੇ ਅੰਦਰੋਂ-ਅੰਦਰ ਖੁਰਦੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਲੋਕਾਂ ਵਿੱਚ ਨਿਰਾਸ਼ਾ, ਉਦਾਸੀ, ਬੇਦਿਲੀ, ਬੇਚੈਨੀ, ਬੇਵਸੀ ਦਾ ਆਲਮ ਹੈ, ਉਥੇ ਨਾਲ ਦੀ ਨਾਲ ਇਹ ਔਖ, ਗੁੱਸਾ ਅਤੇ ਰੋਹ ਵੀ ਹੈ ਕਿ ਉਹਨਾਂ ਨਾਲ ਜੋ ਕੁੱਝ ਵੀ ਹੋ-ਬੀਤ ਰਿਹਾ ਹੈ, ਇਹ ਕੁੱਝ ਕਿਉਂ ਹੋ ਰਿਹਾ ਹੈ? ਭਾਰਤ ਵਰਗੇ ਦੇਸ਼ਾਂ ਵਿੱਚ ਹਾਕਮਾਂ ਵੱਲੋਂ ਤਾਲਾਬੰਦੀਆਂ ਕਰਕੇ ਲੋਕਾਂ ਨੂੰ ਵਾਇਰਸ ਨਾਲ ਹੀ ਨਹੀਂ ਬਲਕਿ ਭੁੱਖ, ਬਿਮਾਰੀ, ਖੱਜਲਖੁਆਰੀਆਂ ਨਾਲ ਮਰਨ ਲਈ ਛੱਡ ਦਿੱਤਾ ਗਿਆ ਹੈ। ਹਾਕਮਾਂ ਨੇ ਲੋਕਾਂ ਨਾਲ ਇਸ ਸਥਿਤੀ ਵਿੱਚੋਂ ਨਿਕਲਣ ਦਾ ਕੋਈ ਵਾਅਦਾ ਹੀ ਨਹੀਂ ਕੀਤਾ। ਫੇਰ ਜਦੋਂ ਵੱਡੀ ਪੱਧਰ 'ਤੇ ਪ੍ਰਵਾਸ ਹੋਣਾ ਸ਼ੁਰੂ ਹੋ ਗਿਆ ਤਾਂ ਉਹਨਾਂ ਨੇ ਐਲਾਨਾਂ-ਬਿਆਨਾਂ ਰਾਹੀਂ ਲੋਕਾਂ ਨੂੰ ਝੂਠੇ ਦਿਲਾਸੇ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਇੱਥੋਂ ਦੇ ਹਾਕਮਾਂ ਨੇ 22 ਮਾਰਚ ਤੋਂ 28 ਮਾਰਚ ਤੱਕ ਦੇ ਪਹਿਲੇ ਹਫਤੇ ਤੱਕ ਲੋਕਾਂ ਲਈ ਕੁੱਝ ਕੀਤਾ ਹੀ ਨਹੀਂ। ਇਹਨਾਂ ਨੇ ਕਰਨਾ ਵੀ ਨਹੀਂ। ਇਹ ਲੋਕਾਂ ਲਈ ਰਾਹਤ ਦੇ ਨਾਂ ਹੇਠ ਆਪਣੇ ਮਾਲਕ ਭਾਰਤ ਦੇ ਦਲਾਲ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੇ ਢਿੱਡ ਭਰਨ ਲਈ ਵੱਡੀਆਂ ਛੋਟਾਂ ਅਤੇ ਰਿਆਇਤਾਂ ਦੇ ਐਲਾਨ ਜ਼ਰੂਰ ਕਰਦੇ ਹਨ। ਇਹਨਾਂ ਦਾ ਅਸਲ ਮਕਸਦ ਲੋਕਾਂ ਦੀ ਸੇਵਾ ਕਰਨਾ ਨਹੀਂ ਹੈ, ਬਲਕਿ ਇਹਨਾਂ ਨੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨਾਲ ਉੱਸਰੇ ਅਦਾਰਿਆਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਰੱਸੇ-ਪੈਡੇ ਵੱਟਣੇ ਹਨ। ਲੋਕਾਂ ਵਿੱਚ ਹੁਣ ਜਿਹੜਾ ਵੀ ਹੋਰ ਵਧੇਰੇ ਗੁੱਸਾ ਅਤੇ ਰੋਹ ਉੱਠਣਾ ਹੈ, ਉਸ ਨੂੰ ਪੁਲਸੀ ਅਤੇ ਫੌਜੀ ਬਲਾਂ ਦੇ ਜਬਰ ਨਾਲ ਕੁਚਲਣ 'ਤੇ ਜ਼ੋਰ ਲਾਉਣਾ ਹੈ। ਜਦੋਂ ਕਿ ਭੁੱਖੇ ਮਰਦੇ ਲੋਕ ਟਕਰਾਓ ਦੇ ਰਾਹ ਪੈਣ ਲੱਗੇ ਹਨ। ਹਾਕਮਾਂ ਨੇ ਤਾਂ ਲੋਕਾਂ ਲਈ ਕੁੱਝ ਕੀਤਾ ਹੀ ਨਹੀਂ ਹੈ ਅਤੇ ਨਾ ਹੀ ਕਰਨਾ ਹੈ। ਇੱਥੇ ਸਵਾਲ ਪੈਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਵਿਅਕਤੀ ਆਪਣੇ ਆਪ ਨੂੰ ਲੋਕਾਂ ਦੇ ਪੱਖੀ, ਲੋਕ-ਹਿੱਤੂ, ਲੋਕਾਂ ਦੇ ਹਕੀਕੀ ਸੇਵਾਦਾਰ, ਰਾਖੇ, ਉਹਨਾਂ ਦੇ ਆਗੂ ਅਖਵਾਉਂਦੇ ਹਨ, ਉਹ ਅਸਲ ਵਿੱਚ ਅਜਿਹਾ ਕੀ ਕੁੱਝ ਕਰਨ ਜਿਹੜਾ ਸਹੀ ਅਰਥਾਂ ਵਿੱਚ ਲੋਕਾਂ ਦੀ ਸੇਵਾ ਬਣਦਾ ਹੋਵੇ। ਲੋਕਾਂ ਦੇ ਦੁੱਖਾਂ-ਦਰਦਾਂ ਦੀ ਵਾਰਤਾ ਸੁਣਾਈ ਜਾਣੀ ਅੱਜ ਦੀ ਘੜੀ ਲੋਕਾਂ ਲਈ ਬਹੁਤੀ ਮਹੱਤਤਾ ਨਹੀਂ ਰੱਖਦੀ ਕਿਉਂਕਿ ਜਿੰਨੇ ਦੁੱਖ ਉਹ ਖੁਦ ਝੱਲ ਰਹੇ ਹਨ, ਉਹਨਾਂ ਦੀ ਪੀੜਾ ਕੋਈ ਹੋਰ ਸ਼ਾਇਦ ਹੀ ਉਹਨਾਂ ਤੋਂ ਵੱਧ ਮਹਿਸੂਸ ਕਰਦਾ ਹੋ ਸਕਦਾ ਹੈ। ਇਸ ਕਰਕੇ ਸਵਾਲ ਹੁਣ ਦੁੱਖਾਂ ਦੇ ਰੋਣੇ ਰੋਣ ਦਾ ਨਹੀਂ ਬਲਕਿ ਉਹ ਹਾਲਤ ਪੈਦਾ ਕਰਨ ਦਾ ਹੈ, ਜਿਸ ਵਿੱਚ ਲੋਕਾਂ ਦੇ ਹੋ ਰਹੇ ਨੁਕਸਾਨ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਅਜਿਹੇ ਸਮਿਆਂ 'ਤੇ ਸਾਨੂੰ ਕਾਰਲ ਮਾਰਕਸ ਦੇ ਫਿਊਰਬਾਖ ਨੂੰ ਲਿਖੇ ਸ਼ਬਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਫਿਲਾਸਫਰਾਂ ਨੇ ਦੁਨੀਆਂ ਦੀ ਵਿਆਖਿਆ ਕੀਤੀ ਹੈ, ਜਦੋਂ ਅਸਲ ਨੁਕਤਾ ਇਸ ਨੂੰ ਬਦਲਣਾ ਹੈ। ਲੋਟੂਆਂ ਦੇ ਜ਼ਾਲਮ ਢਾਂਚੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਪਹਿਲਾਂ ਹੀ ਵਧਦੀਆਂ ਆਈਆਂ ਹਨ। ਹੁਣ ਤਾਂ ਮਹਾਂਮਾਰੀ ਅਤੇ ਮੰਦਵਾੜੇ ਨੇ ਇਤਿਹਾਸ ਦੀਆਂ ਸਿਖਰਾਂ ਹੀ ਛੋਹ ਦਿੱਤੀਆਂ ਹਨ। ਇਹਨਾਂ ਦੀ ਮਾਰ ਪਹਿਲੇ ਕਿਸੇ ਵੀ ਸਮੇਂ ਨਾਲੋਂ ਵਿਆਪਕ, ਤਿੱਖੀ ਅਤੇ ਡੂੰਘੀ ਹੈ। ਅਗਾਂਹ ਦਾ ਇਤਿਹਾਸ ਕੋਰੋਨਾਵਾਇਰਸ ਦੇ ਆਉਣ ਤੋਂ ਪਹਿਲੇ ਨਾਲੋਂ ਬਦਲ ਚੁੱਕਿਆ ਹੋਵੇਗਾ। ਹੁਣ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਵਿੱਚ ਜਿਹੜੀ ਤਬਦੀਲੀ ਹੋ ਰਹੀ ਹੈ, ਇਸ ਦਾ ਦੁਨੀਆਂ” 'ਤੇ ਪ੍ਰਭਾਵ ਸਿਰਫ ਮਿਕਦਾਰੀ ਤਬਦੀਲੀ ਵਾਲਾ ਨਹੀਂ ਬਲਕਿ ਸਿਫਤੀ ਵਰਗਾ ਪੈਣਾ ਹੈ। ਕੋਰੋਨਾਵਾਇਰਸ ਦੀ ਵਜਾਹ ਕਰਕੇ ਮਰਨ ਵਾਲਿਆਂ ਦੀ ਗਿਣਤੀ ਦਹਿ-ਹਜ਼ਾਰਾਂ ਵਿੱਚ ਹੋਵੇ ਜਾਂ ਦਹਿ-ਲੱਖਾਂ ਵਿੱਚ ਪਰ ਇਸ ਮੰਦਵਾੜੇ ਵਿੱਚ ਜਿੰਨੀ ਵੱਡੀ ਉਥਲ-ਪੁਥਲ ਹੋ ਗਈ ਹੈ, ਉਸ ਦੀ ਵਜਾਹ ਕਰਕੇ ਦਹਿ-ਕਰੋੜ ਲੋਕਾਂ ਨੇ ਆਉਣ ਵਾਲੇ ਕੁੱਝ ਕੁ ਸਾਲਾਂ ਵਿੱਚ ਅਣ-ਆਈ ਮੌਤੇ ਮਰਨਾ ਹੈ। ਲੁਟੇਰੀਆਂ ਜਮਾਤਾਂ ਨੇ ਲੋਕਾਂ ਲਈ ਸੰਕਟਾਂ ਨੂੰ ਹੀ ਹੋਰ ਨਹੀਂ ਵਧਾਉਣਾ ਬਲਕਿ ਅੰਨ੍ਹਾ ਅਤੇ ਘਿਨਾਉਣਾ ਜਬਰ ਹੋਰ ਵੀ ਵੱਧ ਕਰਨਾ ਹੈ। ਨਿਰਦੈਤਾ ਕੀ ਹੁੰਦੀ ਹੈ, ਇਹ ਕੁੱਝ ਲੋਕਾਂ ਨੂੰ ਕਿਸੇ ਇਤਿਹਾਸ ਵਿੱਚੋਂ ਦੇਖਣ ਸਮਝਣ ਦੀ ਲੋੜ ਨਹੀਂ ਰਹੇਗੀ ਬਲਕਿ ਖੁਦ ਉਹਨਾਂ ਦੀਆਂ ਅੱਖਾਂ ਨਾਲ ਵੇਖਿਆ ਜਾਣ ਵਾਲਾ ਵਰਤਾਰਾ ਬਣ ਜਾਣਾ ਹੈ, ਹੱਡੀਂ ਹੰਢਾਇਆ ਤਜਰਬਾ ਬਣ ਜਾਣਾ ਹੈ। ਹਿਜਰਤਾਂ, ਉਜਾੜੇ ਹੋਣੇ ਹਨ, ਇਹਨਾਂ ਨੇ ਵਿਆਪਕਤਾ ਹਾਸਲ ਕਰਨੀ ਹੈ। ਇਸ ਕਰਕੇ ਲੋਕਾਂ ਨੂੰ ਇਸ ਖਾਤਰ ਸਿੱਖਣ ਅਤੇ ਸਮਝਣ ਦੀ ਜ਼ਰੂਰਤ ਹੈ। ਅਜਿਹੇ ਮਾਮਲੇ ਕੋਈ ਨਵੇਂ ਤੇ ਬਿਲਕੁੱਲ ਹੀ ਓਪਰੇ ਨਹੀਂ, ਇਹਨਾਂ ਦੀ ਤਿੱਖ ਪਹਿਲਾਂ ਨਾਲੋਂ ਵੱਧ ਹੋ ਸਕਦੀ ਹੈ, ਮਾਰ ਪਹਿਲਾਂ ਨਾਲੋਂ ਵਿਆਪਕ ਹੋ ਸਕਦੀ ਹੈ, ਪਰ ਇਤਿਹਾਸ ਵਿੱਚ ਅਜਿਹਾ ਕੁੱਝ ਸਾਨੂੰ ਦੇਖਣ ਸਮਝਣ ਨੂੰ ਮਿਲਦਾ ਹੈ। ਕਿਸੇ ਵੇਲੇ ਭਾਰਤ ਦੀ ਧਰਤੀ 'ਤੇ ਆਰੀਆਂ ਨੇ ਆ ਕੇ ਇੱਥੋਂ ਦੇ ਮੂਲ ਵਾਸੀਆਂ, ਦਰਾਵੜਾਂ, ਆਦਿਵਾਸੀਆਂ ਨੂੰ ਉਜਾੜਿਆ ਤੇ ਮਾਰਿਆ ਸੀ। ਉਹਨਾਂ ਲਈ ਟਿਕਾਣੇ ਜੰਗਲਾਂ ਅਤੇ ਪਹਾੜਾਂ ਦੀਆਂ ਖੁੰਦਕਾਂ ਬਣੀਆਂ ਸਨ। ਹਿੰਦੂ ਸਮਰਾਟਾਂ ਨੇ ਭਾਰਤ ਵਿੱਚ ਬੋਧੀਆਂ ਦਾ ਬੀਜ-ਨਾਸ਼ ਕਰਨ ਲਈ ਪੂਰਾ ਜ਼ੋਰ ਲਾਇਆ ਸੀ। ਵਿਆਪਕ ਪੱਧਰ 'ਤੇ ਬੋਧੀਆਂ ਦਾ ਕਤਲੇਆਮ ਕੀਤਾ ਗਿਆ। ਜਿਹੜੇ ਬਚੇ ਉਹ ਜਾਂ ਤਾਂ ਦੂਰ-ਦਰਾਜ ਦੇ ਇਲਾਕਿਆਂ ਵਿੱਚ ਹਿਜਰਤ ਕਰ ਗਏ ਜਾਂ ਫੇਰ ਜੰਗਲਾਂ-ਪਹਾੜਾਂ ਦੀਆਂ ਅਪਹੁੰਚ ਗੁਫਾਵਾਂ ਵਿੱਚ ਜਾ ਛੁਪੇ ਸਨ। ਬਾਅਦ ਵਿੱਚ ਵੀ ਦੇਖੀਏ ਤਾਂ ਪੰਜਾਬ ਦੀ ਧਰਤੀ 'ਤੇ ਮੁਗਲ ਹਾਕਮਾਂ ਦੇ ਖਿਲਾਫ ਬਗਾਵਤਾਂ ਕਰਨ ਵਾਲੇ ਕਿਰਤੀ ਲੋਕਾਂ ਨੂੰ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਸੀ। ਮੁਗਲਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਫੌਜ ਬਣਾ ਕੇ ਲੜਾਈ ਕੀਤੀ, ਜਿਸ ਦਾ ਸਿਖਰ ਬੰਦਾ ਸਿੰਘ ਬਹਾਦਰ ਵੱਲੋਂ ਕਿਰਤੀ ਲੋਕਾਂ ਦੀ ਸਰਦਾਰੀ ਵਾਲਾ ਰਾਜ ਕਾਇਮ ਕਰਨ ਵਿੱਚ ਹੋਇਆ। ਕਾਹਨੂੰਵਾਨ ਅਤੇ ਕੁੱਪ ਰਹੀੜੇ ਦੀ ਧਰਤੀ 'ਤੇ ਦੋ ਘੱਲੂਘਾਰੇ ਰਚੇ ਗਏ ਸਨ। ਇਹ ਸਭ ਕੁੱਝ ਬੀਜ ਨਾਸ਼ ਕਰਨ ਦੀਆਂ ਕਾਰਵਾਈਆਂ ਸਨ। ਆਪਣੇ ਜਮਾਤੀ ਵਿਰੋਧੀਆਂ ਨੂੰ ਹਾਕਮਾਂ ਨੇ ਖਤਮ ਕਰਨ ਲਈ ਪੂਰਾ ਟਿੱਲ ਇਕੱਲੇ ਭਾਰਤ ਦੀ ਧਰਤੀ 'ਤੇ ਹੀ ਨਹੀਂ ਲਾਇਆ, ਦੁਨੀਆਂ ਦੇ ਹੋਰਨਾਂ ਖੇਤਰਾਂ ਵਿੱਚ ਅਜਿਹਾ ਕੁੱਝ ਹੁੰਦਾ ਆਇਆ ਹੈ। ਪਰ ਮਨੁੱਖਤਾ ਹੈਵਾਨੀਅਤ ਦੇ ਖਿਲਾਫ ਜੂਝਦੀ ਆਈ ਹੈ। ਸਾਨੂੰ ਇਤਿਹਾਸ ਵਿੱਚੋਂ ਉੱਥੋਂ ਅਜਿਹਾ ਕੁੱਝ ਸਿੱਖਣਾ ਚਾਹੀਦਾ ਹੈ ਕਿ ਜਦੋਂ ਬਿਪਤਾ ਦੀ ਘੜੀ ਆਉਂਦੀ ਹੈ ਤਾਂ ਲੋਕ ਕਿਵੇਂ ਕਿਵੇਂ ਟਾਕਰੇ ਕਰਦੇ ਹੋਏ ਆਪਣੀ ਹੋਣੀ ਨੂੰ ਟਾਲ ਕੇ ਆਪਣੀ ਹੋਂਦ ਨੂੰ ਬਚਾਉਂਦੇ ਰਹੇ। ਭਾਰਤ ਵਿੱਚ ਜੇਕਰ ਆਪਣੀ ਹੋਂਦ ਨੂੰ ਬਚਾਉਣ ਦੇ ਸਵਾਲ ਨੂੰ ਦੇਖਣਾ ਸਮਝਣਾ ਹੋਵੇ ਤਾਂ ਇਹ ਕੁੱਝ ਉਹਨਾਂ ਹਾਲਤਾਂ ਵਿੱਚੋਂ ਦੇਖਣਾ ਚਾਹੀਦਾ ਹੈ, ਜਦੋਂ ਬਗਾਵਤਾਂ ਰਾਹੀਂ ਸਲਤਨਤਾਂ ਢਹਿ ਢੇਰੀ ਹੁੰਦੀਆਂ ਰਹੀਆਂ ਤਾਂ ਉਹਨਾਂ ਤੋਂ ਪਹਿਲਾਂ ਇਨਕਲਾਬੀ ਲੋਕ ਲਹਿਰਾਂ ਕੀ ਕੁੱਝ ਝੱਲਦੀਆਂ ਹੋਈਆਂ, ਕੀ ਕੁੱਝ ਕਿਵੇਂ ਉਸਾਰਦੀਆਂ ਰਹੀਆਂ। ਵੱਡੇ ਘੱਲੂਘਾਰਿਆਂ ਦੇ ਇਤਿਹਾਸ ਤੋਂ ਜ਼ਾਹਰ ਹੁੰਦਾ ਹੈ ਕਿ ਆਪਣੀ ਹੋਂਦ ਯੁੱਧ ਲੜ ਕੇ ਹੀ ਬਚਾਈ ਜਾ ਸਕਦੀ ਹੈ। ਅੰਗਰੇਜ਼ਾਂ ਦੀ ਲੁੱਟ ਅਤੇ ਜਬਰ ਦੇ ਖਿਲਾਫ ਸਾਡੇ ਲੋਕਾਂ ਨੇ, ਖਾਸ ਕਰਕੇ ਆਦਿਵਾਸੀ ਕਬਾਇਲੀ ਇਲਾਕਿਆਂ ਵਿੱਚ ਲੰਮੇ ਸਮੇਂ ਦੀਆਂ ਹਥਿਆਰਬੰਦ ਜੱਦੋਜਹਿਦਾਂ ਲੜੀਆਂ। ਪੰਜਾਬ ਦੀ ਧਰਤੀ 'ਤੇ ਨਾਮਧਾਰੀ ਕੂਕਾ ਲਹਿਰ, ਗ਼ਦਰ ਲਹਿਰ, ਸ਼ਹੀਦ ਭਗਤ ਸਿੰਘ ਹੋਰਾਂ ਦੀ ਅਗਵਾਈ ਵਾਲੀ ਇਨਕਲਾਬੀ ਲਹਿਰ, ਮੁਜਾਰਾ ਲਹਿਰ ਅਤੇ ਨਕਸਲਬਾੜੀ ਲਹਿਰ ਦੇ ਤਜਰਬੇ ਸਾਡੇ ਸਾਹਮਣੇ ਪਏ ਹਨ। ਇਹਨਾਂ ਸਾਰੀਆਂ ਲਹਿਰਾਂ ਵਿੱਚ ਇਹਨਾਂ ਦੇ ਆਗੂਆਂ ਨੇ ਲੋਕਾਂ ਨੂੰ ਜਮਾਤੀ ਯੁੱਧ ਲੜਨ ਲਈ ਇੱਕ ਫੌਜ ਵਿੱਚ ਜਥੇਬੰਦ ਕੀਤਾ ਸੀ। ਜੇਕਰ ਅਸੀਂ ਕਿਰਤੀ ਲੋਕਾਂ ਦੀ ਹੋਂਦ ਨੂੰ ਬਚਾਉਣ ਦੇ ਪੱਖ ਤੋਂ ਲੜਾਈ ਲੜਨ ਅਤੇ ਜਿੱਤਣ ਦੇ ਵਰਤਾਰੇ ਨੂੰ ਸਮਝਣਾ ਹੋਵੇ ਤਾਂ ਦੁਨੀਆਂ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਮਾਮਲੇ ਸਾਹਮਣੇ ਪਏ ਹਨ। ਜਦੋਂ ਰੂਸ ਵਿੱਚ ਇਨਕਲਾਬ ਬਰੂਹਾਂ 'ਤੇ ਸੀ ਤਾਂ ਕਾਮਰੇਡ ਲੈਨਿਨ ਨੇ ਲੋਕਾਂ ਨੂੰ ਸੋਵੀਅਤਾਂ ਬਣਾਉਣ ਦਾ ਸੱਦਾ ਦਿੱਤਾ ਸੀ। ਜਿਸ ਦਾ ਮਤਲਬ ਸੀ ਕਿ ਸਾਰੀ ਸੱਤਾ ਸਥਾਨਕ ਲੋਕਾਂ ਦੇ ਹੱਥ ਦਿੱਤੀ ਜਾਵੇ। ਲੋਕ ਆਪਣੇ ਦੁਸ਼ਮਣਾਂ ਨੂੰ ਭਜਾ ਕੇ ਆਪਣੀ ਰਾਖੀ ਆਪ ਕਰਨ ਦੇ ਰਾਹ ਪੈਣ। ਪਹਿਲੇ ਢਾਂਚੇ ਨੂੰ ਮੂਲੋਂ-ਮੁੱਢੋਂ ਬਦਲ ਕੇ ਨਵੇਂ ਢਾਂਚੇ ਦੀ ਉਸਾਰੀ ਕਰਨ ਜਿਸ ਵਿੱਚ ਸੱਤਾ ਲੋਕਾਂ ਦੇ ਹੱਥ ਵਿੱਚ ਹੋਵੇ। ਲੋਕਾਂ ਦੇ ਹੱਥ ਵਿੱਚ ਸੱਤਾ ਤਾਂ ਹੀ ਆ ਸਕਦੀ ਸੀ ਜੇਕਰ ਉਹਨਾਂ ਕੋਲ ਆਪਣੀ ਫੌਜ ਹੁੰਦੀ। ਇਸ ਕਰਕੇ ਉਹਨਾਂ ਨੇ ਆਪਣੀ ਲਾਲ-ਫੌਜ ਬਣਾ ਕੇ ਜ਼ਾਰਸ਼ਾਹੀ ਨੂੰ ਤੋੜਿਆ ਅਤੇ ਸੱਤਾ ਲੋਕਾਂ ਦੇ ਹੱਥ ਸੌਂਪੀ ਸੀ। ਚੀਨ ਵਿੱਚ ਹਜ਼ਾਰਾਂ ਮੀਲ ਦਾ ਲੰਮਾ ਕੂਚ ਕਰਕੇ ਜਿੱਥੇ ਸ਼ੁਰੂ ਤੋਂ ਹੀ ਫੌਜ ਦੀ ਉਸਾਰੀ ਕਰਕੇ ਲੋਕਾਂ ਦੀ ਮੁਕਤੀ ਦੇ ਕਾਜ ਨੂੰ ਅੱਗੇ ਵਧਾਉਣ ਦਾ ਮਾਓ-ਜ਼ੇ-ਤੁੰਗ ਦਾ ਲਮਕਵੇਂ ਲੋਕ-ਯੁੱਧ ਦਾ ਸਿਧਾਂਤ ਅਮਲਾਂ ਵਿੱਚੋਂ ਉੱਘੜ ਕੇ ਸਾਹਮਣੇ ਆਇਆ ਤਾਂ ਉੱਥੇ ਵੀ ਇਹ ਕਾਰਜ ਮਿਥੇ ਕਿ ਜਿੱਥੇ ਜਿੱਥੇ ਵੀ ਆਧਾਰ ਇਲਾਕੇ ਸਿਰਜੇ ਗਏ ਸਨ ਕਿ ਸਾਰੀ ਸੱਤਾ ਕਿਸਾਨ ਕਮੇਟੀਆਂ ਦੇ ਹੱਥ ਦਿੱਤੀ ਜਾਵੇ। ਕਿਸਾਨ ਕਮੇਟੀਆਂ ਇੱਕ ਤਰ੍ਹਾਂ ਦੀਆਂ ਲੋਕਾਂ ਦੀਆਂ ਸੋਵੀਅਤਾਂ ਹੀ ਸਨ। ਕਿਉਂਕਿ ਪਿੰਡਾਂ ਵਿੱਚ ਵੱਡੀ ਬਹੁਗਿਣਤੀ ਕਿਸਾਨਾਂ ਦੀ ਹੀ ਸੀ ਇਸ ਕਰਕੇ ਮਾਓ-ਜ਼ੇ-ਤੁੰਗ ਨੇ ਨਾਹਰਾ ਦਿੱਤਾ ਸੀ ਸਾਰੀ ਸੱਤਾ ਕਿਸਾਨ ਕਮੇਟੀਆਂ ਦੇ ਹੱਥ ਸੌਂਪੀ ਜਾਣੀ ਚਾਹੀਦੀ ਹੈ। ਲੋਕਾਂ ਵੱਲੋਂ ਆਪਣੀ ਹੋਂਦ ਕਿਵੇਂ ਕਾਇਮ ਰੱਖੀ ਜਾ ਸਕਦੀ ਹੈ? ਇਹ ਕੁੱਝ ਵੀਅਤਨਾਮ ਦੇ ਯੁੱਧ ਤੋਂ ਵੀ ਸਿੱਖਿਆ ਜਾ ਸਕਦਾ ਹੈ ਅਤੇ ਫਲਸਤੀਨ ਦੇ ਲੋਕਾਂ ਤੋਂ ਵੀ। ਸਾਰੇ ਫਲਸਤੀਨ ਨੂੰ ਉਜਾੜ ਕੇ ਉੱਥੇ ਇਜ਼ਰਾਈਲ ਨਾਂ ਦਾ ਦੇਸ਼ ਵਸਾ ਦਿੱਤਾ ਗਿਆ। ਪਰ ਫਲਸਤੀਨੀ ਅਜੇ ਤੱਕ ਵੀ ਲੜਦੇ ਆ ਰਹੇ ਹਨ। ਸਾਮਰਾਜੀਆਂ ਦੀ ਤਬਾਹੀ ਅਫਗਾਨੀਆਂ ਨੇ ਵੀ ਝੱਲੀ ਅਤੇ ਇਰਾਕੀਆਂ ਨੇ ਵੀ। ਉਹਨਾਂ ਨੇ ਧਾੜਵੀ ਫੌਜਾਂ ਨੂੰ ਕਿਵੇਂ ਕੱਢਿਆ? ਇਹ ਉੱਥੋਂ ਦੀ ਜ਼ਮੀਨੀ ਹਕੀਕਤ ਨੂੰ ਸਮਝਣ ਦਾ ਮਾਮਲਾ ਹੈ। ਕਸ਼ਮੀਰ ਦੇ ਲੋਕਾਂ ਦਾ ਆਪਣੀ ਹੋਂਦ ਅਤੇ ਆਜ਼ਾਦੀ ਦਾ ਸੰਘਰਸ਼ ਵੀ ਦਹਾਕਿਆਂ ਲੰਮਾ ਹੈ। ਉਹਨਾਂ ਨੇ ਪਿਛਲੇ 7-8 ਮਹੀਨੇ ਲਗਾਤਾਰ ਲੱਗੇ ਕਰਫਿਊ ਵਿੱਚ ਕਿਵੇਂ ਕੱਟੇ ਹਨ। ਇਹ ਕੁੱਝ ਜ਼ਮੀਨੀ ਪੱਧਰ 'ਤੇ ਜਾ ਕੇ ਉਹਨਾਂ ਤੋਂ ਸਿੱਖਿਆ ਜਾ ਸਕਦਾ ਹੈ। ਹਿੰਦੋਸਤਾਨ ਵਿੱਚ ਇੱਥੋਂ ਦੇ ਹਾਕਮਾਂ ਨੇ ਮੱਧ ਭਾਰਤ ਦੇ ਖੇਤਰਾਂ ਵਿੱਚ ਆਪਣੇ ਹੀ ਲੋਕਾਂ ਉੱਪਰ ਫੌਜਾਂ ਚਾੜ੍ਹ ਕੇ ਇਸ ਖੇਤਰ ਦੇ ਮਾਲ-ਖਜ਼ਾਨਿਆਂ ਨੂੰ ਕਾਰਪੋਰੇਟਾਂ ਨੂੰ ਸੌਂਪਣ ਲਈ ਇੱਥੋਂ ਦੇ ਲੋਕਾਂ 'ਤੇ ਅੰਨ੍ਹੇ ਜ਼ੁਲਮਾਂ ਦੇ ਝੱਖੜ ਝੁਲਾਏ। ਕਦੇ ਸਲਵਾ ਜੁਦਮ ਦੇ ਨਾਂ 'ਤੇ ਉਜਾੜੇ ਹੋਏ ਅਤੇ ਕਦੇ ਅਪ੍ਰੇਸ਼ਨ ਗਰੀਨ ਹੰਟ ਦੇ ਨਾਂ 'ਤੇ। ਪਰ ਇੱਥੋਂ ਦੀਆਂ ਕਮਿਊਨਿਸਟ ਇਨਕਲਾਬੀ ਮਾਓਵਾਦੀ ਤਾਕਤਾਂ ਲੋਕਾਂ ਨੂੰ ਨਾਲ ਲੈ ਕੇ ਅਨੇਕਾਂ ਹੀ ਇਲਾਕਿਆਂ ਵਿੱਚ ਜਨਤਾਨਾ ਸਰਕਾਰਾਂ ਕਾਇਮ ਕਰੀਂ ਬੈਠੀਆਂ ਹਨ, ਇਹਨਾਂ ਇਲਾਕਿਆਂ ਵਿੱਚੋਂ ਭਾਰਤੀ ਫੌਜਾਂ ਨੂੰ ਬਾਹਰ ਕੱਢ ਕੇ ਲੋਕਾਂ ਨੂੰ ਉੱਥੋਂ ਦੀ ਸੱਤਾ ਦੇ ਮਾਲਕ ਬਣਾਇਆ ਹੈ। ਭਾਵੇਂ ਕਿ ਹਾਕਮ ਜਮਾਤਾਂ ਇਸ ਸੱਤਾ ਨੂੰ ਤੋੜਨ ਲਈ ਪੂਰਾ ਤਾਣ ਲਾ ਰਹੀਆਂ ਹਨ, ਪਰ ਇਹ ਲੜਾਈ ਹੁਣ ਵੀ ਜਾਰੀ ਹੈ। ਭਾਰਤੀ ਹਾਕਮਾਂ ਨੇ ਜਦੋਂ ਕੋਰੋਨਾ ਵਾਇਰਸ ਦੇ ਨਾਂ ਹੇਠ ਲੋਕਾਂ ਸਿਰ ਜੰਗ ਮੜ੍ਹ ਹੀ ਦਿੱਤੀ ਹੈ ਤਾਂ ਇਸ ਨੂੰ ਲੋਕਾਂ 'ਤੇ ਲੱਦੀ ਜੰਗ ਦੇ ਵਾਂਗੂੰ ਹੀ ਲੈਣਾ ਚਾਹੀਦਾ ਹੈ। ਪਹਿਲਾਂ ਜਦੋਂ ਕਦੇ ਭੂਚਾਲ, ਹੜ੍ਹਾਂ ਆਦਿ ਨਾਲ ਵਿਆਪਕ ਤਬਾਹੀ ਹੁੰਦੀ ਸੀ ਜਾਂ ਕਿਤੇ ਦੰਗੇ-ਫਸਾਦਾਂ ਦੇ ਮਾਮਲੇ ਸਾਹਮਣੇ ਆਉਂਦੇ ਸਨ ਤਾਂ ਭਾਰਤੀ ਹਾਕਮ ਅਕਸਰ ਹੀ ਫੌਜ ਦੀ ਤਾਇਨਾਤੀ ਵੀ ਕਰ ਜਾਂਦੇ ਰਹੇ ਹਨ, ਪਰ ਹੁਣ ਜਦੋਂ ਪਹਿਲੇ ਸਾਰੇ ਹੀ ਸਮਿਆਂ ਨਾਲੋਂ ਵੱਡੀ ਸਮੱਸਿਆ ਪੇਸ਼ ਹੋਈ ਹੈ ਤਾਂ ਇਹਨਾਂ ਨੇ ਸਾਰੇ ਹੀ ਭਾਰਤ ਵਿੱਚ ਕਿਤੇ ਵੀ ਫੌਜ ਦੀ ਤਾਇਨਾਤੀ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਇਹ ਆਪਣੇ ਆਪ ਵਿੱਚ ਹੀ ਇੱਕ ਸਵਾਲ ਹੈ। ਪਹਿਲੇ ਸਮਿਆਂ ਵਿੱਚ ਇਹ ਕਿਸੇ ਵੱਡੀ ਸਮੱਸਿਆ ਵੇਲੇ ਫੌਜ ਦੀ ਤਾਇਨਾਤ ਕਰਕੇ ਆਪਣੀ ਖਾਨਾਪੂਰਤੀ ਕਰਨੀ ਚਾਹੁੰਦੇ ਸਨ ਕਿ ਫੌਜ ਲੋਕਾਂ ਦੀ ਸੇਵਾ ਵਿੱਚ ਹੈ, ਪਰ ਹੁਣ ਜਦੋਂ ਮਾਮਲਾ ਕਿਤੇ ਵੱਡਾ ਤੇ ਵਿਆਪਕ ਹੈ ਤਾਂ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਦੀ ਸੇਵਾ ਵਿੱਚ ਫੌਜ ਭੇਜ ਕੇ ਇਹਨਾਂ ਦੇ ਸਿਆਸੀ ਮਕਸਦ ਪੂਰੇ ਨਹੀਂ ਹੋ ਸਕਣਗੇ। ਬਲਕਿ ਇਸ ਤੋਂ ਉਲਟ ਜ਼ਰੂਰ ਹੋ ਸਕਦਾ ਹੈ ਕਿ ਦੁਖੀ ਅਤੇ ਪੀੜਤ ਲੋਕਾਂ ਵਿੱਚ ਵਿਚਰਦੇ ਹੋਏ ਖੁਦ ਫੌਜ ਵਿੱਚ ਹੀ ਬਗਾਵਤ ਦੇ ਅੰਸ਼ ਪੈਦਾ ਹੋ ਜਾਣ। ਇਹਨਾਂ ਨੇ ਫੌਜ ਨੂੰ ਲੋਕਾਂ 'ਤੇ ਗੋਲੀਆਂ ਚਲਾ ਕੇ ਮਾਰਨ ਲਈ ਵਿਸ਼ੇਸ਼ ਘੇਰੇ ਵਿੱਚ ਰੱਖਿਆ ਹੋਇਆ ਹੈ। ਕਸ਼ਮੀਰ ਜਾਂ ਮੱਧ ਭਾਰਤ ਵਿੱਚ ਜਿੱਥੇ ਹੁਣ ਵੀ ਲੋਕ ਬਾਗੀ ਹੋਏ ਹਕੂਮਤ ਨੂੰ ਹਥਿਆਰਬੰਦ ਟੱਕਰ ਦੇ ਰਹੇ ਹਨ, ਉੱਥੇ ਇਹ ਹਥਿਆਰਬੰਦ ਬਗਾਵਤ ਨੂੰ ਕੁਚਲਣ ਲਈ ਲੋਕਾਂ 'ਤੇ ਰੋਜ਼ ਰੋਜ਼ ਫੌਜ ਦੀ ਚੜ੍ਹਾਈ ਕਰਦੀ ਹੈ। ਛੱਤੀਸਗੜ੍ਹ, ਝਾਰਖੰਡ ਅਤੇ ਕਸ਼ਮੀਰ ਵਿੱਚ ਨਿੱਤਰੋਜ਼ ਹੁੰਦੇ ਮੁਕਾਬਲੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਭਾਰਤੀ ਹਾਕਮਾਂ ਵੱਲੋਂ ਲੋਕਾਂ 'ਤੇ ਮੜ੍ਹੀ ਕੋਰੋਨਾ ਨਾਂ ਦੀ ਜੰਗ ਨੂੰ ਜਦੋਂ ਜੰਗ ਵਜੋਂ ਹੀ ਲੈਣਾ ਹੈ ਤਾਂ ਇੱਥੇ ਗੱਲ ਸਾਫ ਹੋ ਜਾਣੀ ਚਾਹੀਦੀ ਹੈ ਕਿ ਇੱਥੋਂ ਦੇ ਹਾਕਮਾਂ ਨੇ ਲੋਕਾਂ ਨੂੰ ਮੰਗੇ ਤੋਂ ਕੁੱਝ ਨਹੀਂ ਦੇਣਾ, ਹਾਕਮਾਂ ਅੱਗੇ ਦਲੀਲਾਂ, ਅਪੀਲਾਂ, ਮਿੰਨਤਾਂ ਤਰਲਿਆਂ ਦੀ ਕੋਈ ਬੁੱਕਤ ਨਹੀਂ। ਖਾਲੀ ਥਾਲੀਆਂ ਖੜ੍ਹਕਾ ਕੇ, ਤਾੜੀਆਂ ਵਜਾ ਕੇ, ਨਾਹਰੇ ਲਾ ਕੇ ਜਾਂ ਰੋਣ-ਪਿੱਟਣ ਕਰਕੇ ਇੱਥੋਂ ਦੇ ਹਾਕਮ ਪਸੀਜ਼ ਜਾਣ ਵਾਲੇ ਨਹੀਂ। ਇੱਥੋਂ ਦਾ ਢਾਂਚਾ ਜਮਹੂਰੀ ਤਾਂ ਪਹਿਲਾਂ ਵੀ ਨਹੀਂ ਸੀ ਬਲਕਿ ਹਾਕਮ ਹੁਣ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਕਰੂਰ, ਫਾਸ਼ੀ, ਜ਼ਾਲਮ ਬਣ ਕੇ ਨੰਗੇ-ਚਿੱਟੇ ਰੂਪ ਵਿੱਚ ਲੋਕਾਂ ਵਿੱਚ ਵਿਚਰਨਗੇ। ਇਹਨਾਂ ਨੇ ਜਿੱਥੇ ਬਲ ਦੀ ਨੰਗੇ-ਚਿੱਟੇ ਰੂਪ ਵਿੱਚ ਵਧੇਰੇ ਵਰਤੋਂ ਕਰਨੀ ਹੈ, ਉੱਥੇ ਇਹਨਾਂ ਨੇ ਛਲ ਦੀ ਘਿਨਾਉਣੀ ਖੇਡ ਪਹਿਲਾਂ ਨਾਲੋਂ ਵੀ ਵਧੇਰੇ ਖੇਡਣੀ ਹੈ। ਖਾਸ ਕਰਕੇ ਇਹਨਾਂ ਨੇ ਧਾਰਮਿਕ ਘੱਟ ਗਿਣਤੀਆਂ ਵਿੱਚ ਪਹਿਲਾਂ ਮੁਸਲਮਾਨਾਂ ਨੂੰ ਆਪਣੀ ਮਾਰ ਹੇਠ ਲੈਣਾ ਹੈ, ਫੇਰ ਸਿੱਖਾਂ ਸਮੇਤ ਹੋਰਨਾਂ ਨੂੰ ਨਿਸ਼ਾਨਾ ਬਣਾਉਣਾ ਹੈ। ਜਾਤ-ਪਾਤ, ਛੂਆ-ਛਾਤ ਦੇ ਮਾਮਲੇ ਵਿੱਚ ਦਲਿਤ ਭਾਈਚਾਰਿਆਂ ਨੂੰ ਮਾਰ ਹੇਠ ਲਿਆਉਣਾ ਹੈ। ਇਸ ਦੀ ਜ਼ਾਹਰਾ ਉਦਾਹਰਨ ਪ੍ਰਵਾਸ ਕਰਕੇ ਆਪਣੇ ਖੇਤਰਾਂ ਵਿੱਚ ਪਹੁੰਚੇ ਦਲਿਤਾਂ ਉੱਤੇ ਜ਼ਹਿਰੀਲੇ ਰਸਾਇਣਾਂ ਦਾ ਛਿੜਕਾਅ ਕਰਨ ਤੋਂ ਸਾਫ ਦਿਸਦੀ ਹੈ। ਆਦਿਵਾਸੀ-ਕਬਾਇਲੀ ਇਲਾਕਿਆਂ ਵਿੱਚ ਫੌਜਾਂ ਦੀਆਂ ਮਸ਼ਕਾਂ ਜਾਰੀ ਹੀ ਨਹੀਂ ਬਲਕਿ ਪਹਿਲਾਂ ਦੇ ਮੁਕਾਬਲੇ ਤੇਜ਼ ਕੀਤੀਆਂ ਜਾ ਰਹੀਆਂ ਹਨ। ਭਾਰਤ ਵਿੱਚ ਰਹਿੰਦੇ ਵੱਖ ਵੱਖ ਕੌਮੀਅਤਾਂ ਦੇ ਲੋਕਾਂ ਨੂੰ ਕੋਰੋਨਾ ਫੈਲਾਉਣ ਦੇ ਨਾਂ ਹੇਠ ਚੋਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਥੋਂ ਦੇ ਹਾਕਮਾਂ ਨੇ ਕਣਕ ਦੀ ਖਰੀਦ ਕਰਨ ਦੇ ਜਿਹੋ ਜਿਹੇ ਐਲਾਨ ਕੀਤੇ ਹਨ, ਉਹਨਾਂ ਵਿੱਚੋਂ ਸਾਫ ਦਿਸਦਾ ਹੈ ਕਿ ਇਹਨਾਂ ਨੇ ਘੱਟੋ ਘੱਟ ਸਮਰਥਨ ਮੁੱਲ ਵਾਲੀ ਸਰਕਾਰੀ ਖਰੀਦ ਪ੍ਰਣਾਲੀ ਦਾ ਭੋਗ ਪਾ ਕੇ ਪੰਜਾਬ ਵਰਗੇ ਖੇਤਰਾਂ ਵਿਚਲੇ ਮੰਡੀਕਰਨ ਨੂੰ ਆੜ੍ਹਤੀਆਂ-ਸੂਦਖੋਰਾਂ ਦੇ ਹੱਥਾਂ ਸੰਭਾਲਣਾ ਹੈ। ਉਹ ਕਿਸਾਨਾਂ ਦੀਆਂ ਫਸਲਾਂ ਦੀਆਂ ਕੀਮਤਾਂ ਨੂੰ ਥੱਲੇ ਹੀ ਨਹੀਂ ਸੁੱਟਣਗੇ ਬਲਕਿ ਉਹਨਾਂ ਦੀ ਹਸਤੀ ਦੀਆਂ ਖਿੱਲੀਆਂ ਵੀ ਉਡਾਉਣਗੇ। ਮੰਡੀ ਵਿੱਚ ਕਣਕ ਦੇ ਭਾਵਾਂ ਬਾਰੇ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਤੁਰੰਤ ਭਾਅ ਲਾਉਣ ਲਈ ਆੜ੍ਹਤੀਏ ਅਤੇ ਉਹਨਾਂ ਦੇ ਏਜੰਟ ਕਿਸਾਨਾਂ ਕੋਲੋਂ ਇੱਕ ਕੁਇੰਟਲ ਕਣਕ ਮਗਰ 8 ਕਿਲੋ ਦੀ ਕਟੌਤੀ ਦੀ ਮੰਗ ਕਰਦੇ ਹਨ ਜਿਹੜੇ ਕਿਸਾਨ ਇਹ ਅਦਾ ਕਰ ਦਿੰਦੇ ਹਨ, ਉਹਨਾਂ ਦੀ ਫੌਰੀ ਬੋਲੀ ਹੋ ਰਹੀ ਹੈ ਬਾਕੀ ਦੇ ਖੱਜਲ-ਖੁਆਰ ਹੋਣ ਲਈ ਮਜਬੂਰ ਹਨ। ਹੁਣ ਕਿਸਾਨਾਂ ਦੀਆਂ ਜ਼ਮੀਨਾਂ ਦੇ ਭਾਅ ਪਹਿਲਾਂ ਦੇ ਮੁਕਾਬਲੇ ਹੋਰ ਘਟਣਗੇ ਅਤੇ ਥੁੜ੍ਹਾਂ-ਮਾਰੇ ਛੋਟੇ ਕਿਸਾਨ ਜ਼ਮੀਨਾਂ ਵੇਚ-ਵੱਟ ਕੇ ਹੱਥਲ ਹੋ ਜਾਣਗੇ। ਪੰਜਾਬ ਵਿੱਚ ਆਪਣੇ ਆਪ ਨੂੰ ਕਮਿਊਨਿਸਟ-ਇਨਕਲਾਬੀ ਅਤੇ ਨਕਸਲੀ ਅਖਵਾਉਂਦੀਆਂ ਧਿਰਾਂ ਦਾ ਵੱਡਾ ਹਿੱਸਾ ਆਰਥਿਕ-ਸੁਧਾਰਵਾਦੀ ਰਾਹਾਂ 'ਤੇ ਚੱਲਦਾ ਹੋਇਆ ਲੋਕਾਂ ਦੇ ਬੁਨਿਆਦੀ-ਜਮਾਤੀ ਮੁੱਦਿਆਂ ਨੂੰ ਜੰਗ ਵਜੋਂ ਹੱਥ ਲੈਣ ਦੀ ਥਾਂ ਸਮਾਜ ਸੁਧਾਰਕ ਬਣ ਕੇ ਹਾਕਮ ਜਮਾਤਾਂ ਦੀ ਸੇਵਾ ਵਿੱਚ ਭੁਗਤ ਰਿਹਾ ਹੈ। ਜਿੰਨਾ ਵੱਡਾ ਸੰਕਟ ਭਾਰਤੀ ਲੋਕਾਂ ਸਿਰ ਲੱਦਿਆ ਗਿਆ ਹੈ, ਇਸ ਦੀ ਹਕੀਕਤ ਨੂੰ ਸਮਝੇ ਤੋਂ ਬਗੈਰ ਇਸਦਾ ਕੋਈ ਹੱਲ ਵੀ ਨਹੀਂ ਕੱਢਿਆ ਜਾ ਸਕਦਾ ਹੈ। ਭਾਰਤੀ ਹਾਕਮ ਜੇਕਰ ਕੋਰੋਨਾ ਨੂੰ ਇੱਕ ਮਹਾਂਮਾਰੀ ਜਾਂ ਵੱਡੇ ਸੰਕਟ ਵਜੋਂ ਮੰਨਦੇ ਸਨ ਤਾਂ ਜਮਹੂਰੀ ਤਰੀਕਾ ਮੰਗ ਕਰਦਾ ਸੀ ਕਿ ਇਹ ਇਸ ਮਸਲੇ ਬਾਰੇ ਸਭ ਤੋਂ ਪਹਿਲਾਂ ਉੱਪਰਲੇ ਵਿਧਾਨਕ ਅਦਾਰੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਸ 'ਤੇ ਕੋਈ ਸਾਂਝੀ ਰਾਇ ਬਣਾਉਂਦੇ ਤੇ ਹੋਰਨਾਂ ਸੂਬਾਈ ਅਸੰਬਲੀਆਂ ਵਿੱਚ ਇਹਨਾਂ ਦੀ ਗੰਭੀਰਤਾ ਨੂੰ ਸਮਝ ਕੇ ਕੇ ਸਿਆਸੀ ਨੁਮਾਇੰਦੇ ਜੁੰਮੇਵਾਰੀਆਂ ਓਟਦੇ ਤੇ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਹੱਲ ਲਈ ਯਤਨਸ਼ੀਲ ਹੁੰਦੇ ਹਨ, ਪਰ ਇੱਥੋਂ ਦੇ ਹਾਕਮਾਂ ਨੇ ਅਜਿਹਾ ਕੁੱਝ ਉੱਕਾ ਹੀ ਨਹੀਂ ਕੀਤਾ ਤੇ ਖੁਦ ਹੀ ਦਰਸਾ ਦਿੱਤਾ ਹੈ ਕਿ ਇੱਥੋਂ ਕੋਈ ਜਮਹੂਰੀਅਤ ਨਹੀਂ ਹੈ ਬਲਕਿ ਉਹ ਇਸ ਰਾਜ ਨੂੰ ਆਪਾਸ਼ਾਹ ਰਾਜ ਵਜੋਂ ਮਨਮਰਜੀ ਅਨੁਸਾਰ ਹੀ ਚਲਾਉਣਗੇ, ਜਿੱਥੇ ਲੋਕਾਂ ਦੀ ਕੋਈ ਦੱਸ-ਪੁੱਛ ਜਾਂ ਬੁੱਕਤ-ਵੱਟਤ ਨਹੀਂ ਹੋਵੇਗੀ। ਕਿਸੇ ਵੀ ਲੜਾਈ ਨੂੰ ਲੜਨ ਅਤੇ ਜਿੱਤਣ ਤੋਂ ਪਹਿਲਾਂ ਉਸਦੇ ਸਿਆਸੀ ਪੱਖ ਨੂੰ ਜਿੱਤਣਾ ਸਾਡੇ ਲਈ ਜ਼ਰੂਰੀ ਬਣਦਾ ਹੈ। ਸਿਆਸੀ ਪੱਖ ਜਿੱਤਣ ਦਾ ਮਨੋਰਥ ਹੈ ਲੋਕਾਂ ਵਿੱਚੋਂ ਦੁਸ਼ਮਣ ਨੂੰ ਨਿਖੇੜਨਾ। ਦੁਸ਼ਮਣ ਆਪਣੇ ਅਮਲਾਂ ਦੀ ਵਜਾਹ ਕਰਕੇ ਹੀ ਆਮ ਲੋਕਾਂ ਵਿੱਚੋਂ ਨਿੱਖੜਿਆ ਹੋਇਆ ਹੈ। ਪਰ ਫੇਰ ਵੀ ਉਸਦਾ ਛਲਾਵਾਂ, ਉਸਦਾ ਪ੍ਰਚਾਰ-ਤੰਤਰ, ਉਸਦੇ ਸਿਆਸੀ-ਸਮਾਜੀ ਨੁਮਾਇੰਦੇ ਤੇ ਸਮਾਜ ਵਿੱਚ ਪਾਏ ਜਾਂਦੇ ਸੰਸਕਾਰ ਉਸਦੀ ਵਿਚਾਰਧਾਰਾ ਅਤੇ ਸਿਆਸਤ ਦੇ ਵਾਹਕ ਬਣਦੇ ਰਹਿੰਦੇ ਹਨ। ਇਸ ਪੱਖ ਤੋਂ ਜੇਕਰ ਦੇਖਣਾ ਹੋਵੇ ਤਾਂ ਇੱਥੋਂ ਦੀਆਂ ਇਨਕਲਾਬੀ ਸ਼ਕਤੀਆਂ ਨੇ ਸਿਆਸੀ ਤੌਰ 'ਤੇ ਅਤੇ ਸਿਧਾਂਤਕ ਪੱਖੋਂ ਦੁਸ਼ਮਣ ਨੂੰ ਨਿਖੇੜਿਆ ਹੋਇਆ ਹੈ। ਇਹੀ ਵਜਾਹ ਹੈ ਕਿ ਉਹ ਆਪਣੇ ਸਿਆਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਾਂ ਵਿੱਚ ਨਹੀਂ ਭੇਜ ਰਿਹਾ ਬਲਕਿ ਆਪਣੇ ਪੁਲਸੀ ਬਲਾਂ ਨੂੰ ਭੇਜ ਕੇ ਲਾਠੀ-ਗੋਲੀ ਰਾਹੀਂ ਦਹਿਸ਼ਤਜ਼ਦਾ ਕਰਨ ਦੇ ਰਾਹ ਪਿਆ ਹੋਇਆ ਹੈ। ਭਾਰਤੀ ਹਾਕਮਾਂ ਨੇ ਹੁਣ ਜਦੋਂ ਇੱਥੋਂ ਦੇ ਲੋਕਾਂ ਨੂੰ ਆਪਣੇ ਦੁਸ਼ਮਣ ਮੰਨਦੇ ਹੋਏ ਉਹਨਾਂ ਉੱਪਰ ਨੰਗਾ-ਚਿੱਟਾ ਹਮਲਾ ਕੀਤਾ ਹੋਇਆ ਹੈ ਤੇ ਹਕੂਮਤ ਨੇ ਆਪਣੀ ਨਿਰਦੈਤਾ, ਬੇਕਿਰਕੀ, ਜਹਾਲਤ, ਬੁੱਚੜਪੁਣੇ ਤੇ ਵਹਿਸ਼ੀਪੁਣੇ ਨੂੰ ਸ਼ਰੇਆਮ ਜ਼ਾਹਰ ਕੀਤਾ ਹੈ। ਉਹ ਲੋਕਾਂ ਨੂੰ ਕੋਈ ਛੋਟੀ ਮੋਟੀ ਵੀ ਛੋਟ ਨਹੀਂ ਦੇ ਰਹੀ ਤਾਂ ਲੋਕਾਂ ਦੇ ਪੱਖ ਤੋਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਦੇਣੀ ਚਾਹੀਦੀ। ਇੱਥੋਂ ਦੇ ਹਾਕਮਾਂ ਨੂੰ ਜਿਹੜਾ ਵੀ ਕੋਈ ਆਪਣਾ ਸਿਆਸੀ ਵਿਰੋਧੀ ਜਾਪਦਾ ਹੋਵੇ ਉਸੇ ਨੂੰ ਹੀ ਚੁੱਕ ਕੇ ਹਸਪਤਾਲ-ਨੁਮਾ ਕੈਦ-ਖਾਨਿਆਂ ਵਿੱਚ ਸੁੱਟ ਦਿੰਦਾ ਹੈ ਜਾਂ ਹਜ਼ਾਰਾਂ ਦੀ ਗਿਣਤੀ ਵਿੱਚ ਝੂਠੇ ਕੇਸਾਂ ਵਿੱਚ ਉਲਝਾਅ ਕੇ ਉਹਨਾਂ ਦੀ ਜੁਬਾਨਬੰਦੀ ਕਰ ਰਿਹਾ ਹੈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਚੋਣਵੇਂ ਜਬਰ ਅਤੇ ਕੂੜ ਪ੍ਰਚਾਰ ਦਾ ਉੱਭਰਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਹਿ-ਹਜ਼ਾਰਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਇਨਕਲਾਬੀ, ਜਮਹੂਰੀ, ਇਨਸਾਫਪਸੰਦ, ਤਰਕਸ਼ੀਲ, ਕਮਿਊਨਿਸਟ-ਇਨਕਲਾਬੀਆਂ ਨੂੰ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ, ਸ਼ਾਹੀਨ ਬਾਗ ਮੋਰਚੇ ਅਤੇ ਕੋਰੇਗਾਉਂ ਦੇ ਸ਼ਹੀਦਾਂ ਦੀ ਯਾਦਗਾਰ 'ਤੇ ਭਗਵੇਂਕਰਨ ਦੇ ਖਿਲਾਫ ਰੈਲੀਆਂ ਕਰਨ ਵਾਲਿਆਂ ਅਤੇ ਇਹਨਾਂ ਦੇ ਹਮਾਇਤੀਆਂ ਨੂੰ ਝੂਠੇ ਕੇਸਾਂ ਵਿੱਚ ਉਲਝਾਇਆ-ਫਸਾਇਆ ਜਾ ਰਿਹਾ ਹੈ। ਸਿੱਖ ਵਿਦਵਾਨ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਦੀ ਹਸਪਤਾਲ ਵਿੱਚ ਹੋਈ ਮੌਤ ਅਜਿਹੇ ਕਰੂਰ ਵਿਵਹਾਰ ਦੀ ਜ਼ਾਹਰਾ ਮਿਸਾਲ ਹੈ ਜਦੋਂ ਉਹ ਆਪਣੇ ਪੁੱਤਰ ਨੂੰ ਹਸਪਤਾਲ ਵਿੱਚੋਂ ਆਪਣੀ ਮੌਤ ਤੋਂ ਪਹਿਲਾਂ ਦਾ ਵਿਵਰਣ ਦੱਸਦਾ ਹੈ। ਐਨਾ ਹੀ ਨਹੀਂ ਜਿਹਨਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਦੱਸੀ ਗਈ ਹੈ, ਉਹਨਾਂ ਦੀ ਅਰਥੀ ਲਈ ਮੋਢਾ ਦੇਣ ਵਾਲੇ ਵੀ ਆਪਣੇ ਚਾਰ ਬੰਦੇ ਨਹੀਂ ਜੁਟਾਏ ਜਾ ਸਕੇ ਅਤੇ ਇੱਥੋਂ ਤੱਕ ਕਿ ਸ਼ਮਸਾਨ ਘਾਟ ਤੱਕ ਵਰਤਣ ਲਈ ਨਹੀਂ ਦਿੱਤੇ ਗਏ।..... .....ਲੋਕਾਂ ਦੇ ਪੱਖ ਤੋਂ ਇਹ ਜ਼ਰੂਰੀ ਹੈ ਕਿ ਜਿਹੜਾ ਵੀ ਕੋਈ ਕੋਰੋਨਾ ਵਾਇਰਸ ਦੇ ਨਜ਼ਲੇ-ਜ਼ੁਖਾਮ, ਬੁਖਾਰ ਵਰਗੇ ਮੁਢਲੇ ਲੱਛਣਾਂ ਨਾਲ ਪੀੜਤ ਵਿਖਾਈ ਦੇਵੇ ਉਸ ਨੂੰ ਪਿੰਡਾਂ ਵਿੱਚ ਹੀ ਆਮ ਘਰਾਂ ਤੋਂ ਦੂਰ ਖੇਤਾਂ-ਜੰਗਲਾਂ ਵਿੱਚ ਇਕਾਂਤਵਾਸ ਕਰਕੇ ਉਸਦਾ ਇਲਾਜ਼ ਅਤੇ ਸੰਭਾਲ ਕੀਤੀ ਜਾਵੇ। ਉਸ ਨੂੰ ਹੌਸਲਾ ਤੇ ਦਲੀਲ ਦੇ ਕੇ ਬਿਮਾਰੀ ਦੀ ਹਾਲਤ ਵਿੱਚੋਂ ਕੱਢਿਆ ਜਾਵੇ। ਬਾਹਰਲੇ ਬੰਦਿਆਂ ਕੋਲੋਂ ਜਿਹੜੇ ਵੀ ਕੋਰੋਨਾ ਪੀੜਤ ਪਿੰਡਾਂ ਵਿੱਚ ਧੱਕੇ ਨਾਲ ਦਾਖਲ ਹੋਣਾ ਚਾਹੁਣ ਉਹਨਾਂ ਨੂੰ ਵਰਜ ਦਿੱਤਾ ਜਾਵੇ ਜਾਂ ਫੇਰ ਜਿਹੜੇ ਲਾਚਾਰ ਮਿਲਣ ਉਹਨਾਂ ਨੂੰ ਏਕਾਂਤਵਾਸ ਕਰਕੇ ਪਿੰਡ ਵਿੱਚ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਪਿੰਡਾਂ ਦੇ ਲੋਕਾਂ ਨੂੰ ਆਪਸੀ ਸਹਿਯੋਗ ਨਾਲ ਪੈਦਾ ਹੁੰਦੀਆਂ ਸਮੱਸਿਆਵਾਂ ਨੂੰ ਸਮੂਹਿਕ ਉਪਰਾਲੇ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਜੇਕਰ ਪੈਸੇ-ਧੇਲੇ ਤੇ ਖਰੀਦੋ-ਫਰੋਖਤ ਦਾ ਕੋਈ ਇੰਤਜ਼ਾਮ ਨਹੀਂ ਹੋ ਸਕਦਾ ਤਾਂ ਚੀਜ਼ਾਂ ਦਾ ਵਟਾਂਦਰਾ ਸ਼ੁਰੂ ਕੀਤਾ ਜਾ ਸਕਦਾ ਹੈ। ਹਕੂਮਤਾਂ ਦੇ ਵਾਹਕ ਵਿਅਕਤੀਆਂ ਨੂੰ ਜਾਂ ਤਾਂ ਇਸ ਪੱਖੋਂ ਮਜਬੂਰ ਕੀਤਾ ਜਾਵੇ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਵਾਉਣ ਲਈ ਅੱਗੇ ਲੱਗਣ- ਜੇਕਰ ਉਹ ਅਜਿਹਾ ਨਹੀਂ ਕਰਦੇ ਦਾਂ ਉਹਨਾਂ ਨੂੰ ਲੋਕਾਂ ਦੇ ਦਬਾਅ ਨਾਲ ਕਿਸੇ ਨੁੱਕਰੇ ਲਾਇਆ ਜਾਵੇ, ਜਾਂ ਫੇਰ ਉਹਨਾਂ ਦਾ ਪਿੰਡਾਂ ਵਿੱਚੋਂ ਬਿਸਤਰਾ ਗੋਲ ਕਰਵਾਇਆ ਜਾਵੇ। ਜਿਹੜੇ ਵੀ ਧੱਕੇ ਨਾਲ ਪਿੰਡ ਵਿੱਚ ਦਖਲਅੰਦਾਜ਼ੀ ਕਰਨ ਉਹਨਾਂ ਨੂੰ ਰੋਕ ਬਣਨ ਲਈ ਆਪਣੀ ਜਥੇਬੰਦਕ ਤਾਕਤ ਲਾਮਬੰਦ ਕੀਤੀ ਜਾਵੇ।

No comments:

Post a Comment