Monday, 20 July 2020

ਕੋਰੋਨਾ ਦੇ ਮਾਮਲੇ ਵਿੱਚ 'ਸੁਰਖ਼ ਲੀਹ' ਵਾਲਿਆਂ ਨੂੰ ਵਿਗਿਆਨ ਬੇਵੱਸ ਵਿਖਾਈ ਦਿੱਤਾ


ਕੋਰੋਨਾ ਦੇ ਮਾਮਲੇ ਵਿੱਚ 'ਸੁਰਖ਼ ਲੀਹ' ਵਾਲਿਆਂ ਨੂੰ ਵਿਗਿਆਨ ਬੇਵੱਸ ਵਿਖਾਈ ਦਿੱਤਾ ਕੋਰੋਨਾ ਦੌਰ ਨੇ ਵੱਖ ਵੱਖ ਪਾਰਟੀਆਂ/ਜਥੇਬੰਦੀਆਂ ਅਤੇ ਧਿਰਾਂ ਦੇ ਹਕੀਕੀ ਕਿਰਦਾਰ ਨੂੰ ਲੋਕਾਂ ਸਾਹਮਣੇ ਨਸ਼ਰ ਕੀਤਾ ਹੈ। ਕੋਈ ਆਪਣੇ ਆਪ ਨੂੰ ਕਮਿਊਨਿਸਟ ਅਖਵਾਈ ਜਾਵੇ ਜਾਂ ਕਿੰਨਾ ਹੀ ਇਨਕਲਾਬੀ-ਜਮਹੂਰੀ ਅਖਵਾਈ ਜਾਵੇ, ਕੋਰੋਨਾ ਦੌਰ ਨੇ ਸਭਨਾਂ ਦੇ ਖਰੇ ਅਤੇ ਖੋਟੇ ਹੋਣ ਦੀ ਪਰਖ ਕੀਤੀ ਹੈ। ਖਰੇ ਅਤੇ ਖੋਟੇ ਹੋਣ ਵਿੱਚ ਕਿਸੇ ਨੇ ਕੀ ਨਿਭਾਅ ਕਰਨਾ ਸੀ ਜਾਂ ਕੀਤਾ ਇਸ ਦਾ ਪ੍ਰਗਟਾਵਾ ਉਸ ਧਿਰ ਦੇ ਸਿਆਸੀ-ਸਿਧਾਂਤਕ ਪਰਚਿਆਂ, ਐਲਾਨਾਂ-ਬਿਆਨਾਂ ਵਿੱਚੋਂ ਹੋਣਾ ਸੀ। ਆਪਣੀ ਬਿਆਨ ਕੀਤੀ ਸਿਆਸੀ ਸਮਝ ਦੇ ਮੁਤਾਬਕ ਕਿਸੇ ਧਿਰ ਨੇ ਕਿੰਨਾ ਕੁ ਸਹੀ, ਸੀਮਤ ਕੰਮ ਕੀਤਾ ਜਾਂ ਗਲਤ ਅਮਲ ਕੀਤਾ ਇਹ ਕੁੱਝ ਬਾਅਦ ਵਿੱਚ ਜ਼ਾਹਰ ਹੋਣਾ ਸੀ ਅਤੇ ਹੋਇਆ ਵੀ। ਬਾਅਦ ਵਿੱਚ ਜਿਸ ਕਿਸੇ ਨੇ ਜੋ ਵੀ ਕੰਮ ਕੀਤਾ, ਉਸਦੀ ਮਿਕਦਾਰ ਦੋਮ ਦਰਜ਼ੇ ਦਾ ਸਥਾਨ ਰੱਖਦੀ ਹੈ। ਜਦੋਂ ਕਿ ਉਸ ਦੀ ਸਮਝ ਬੁਨਿਆਦੀ ਮਹੱਤਤਾ ਰੱਖਦੀ ਹੈ। ਇਸ ਕਰਕੇ ਜਦੋਂ ਵੀ ਅਸੀਂ ਕਿਸੇ ਧਿਰ ਦੇ ਰੋਲ ਨੂੰ ਅੰਗਣਾ ਹੋਵੇ ਤਾਂ ਉਸਦੀ ਵਿਚਾਰਧਾਰਕ-ਸਿਆਸੀ ਸਮਝ ਨੂੰ ਪਹਿਲ ਦੇ ਆਧਾਰ 'ਤੇ ਨਿਰਖਣਾ-ਪਰਖਣਾ ਹੋਵੇਗਾ। 'ਸੁਰਖ਼ ਲੀਹ' ਦੀ ਧਿਰ ਵਾਲੇ ਇਸ ਸਮੇਂ ਆਪਣੇ ਆਪ ਨੂੰ ਪੰਜਾਬ ਵਿੱਚ ਸਭ ਤੋਂ ਵੱਡੀ ਧਿਰ ਹੋਣ ਦਾ ਦਾਅਵਾ ਕਰਦੇ ਹਨ। ਉਹ ਪੰਜਾਬ ਵਿੱਚ ਹਜ਼ਾਰਾਂ ਹੀ ਨਹੀਂ ਬਲਕਿ ਦਹਿ-ਹਜ਼ਾਰਾਂ ਦੀ ਗਿਣਤੀ ਵਾਲੇ ਵੱਡੇ ਇਕੱਠ ਕਰ ਜਾਣ ਦੇ ਦਾਅਵੇ ਕਰਦੇ ਹਨ। ਕੋਰੋਨਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਮਲੇਰਕੋਟਲਾ ਵਿਖੇ ਹੋਏ ਇੱਕ ਇਕੱਠ ਨੂੰ ਆਪਣਾ ਇਕੱਠ ਦੱਸਦੇ ਹੋਏ ਇਹ ਵਿੱਚ ਇੱਕ ਲੱਖ ਲੋਕਾਂ ਦੀ ਸ਼ਮੂਲੀਅਤ ਵਾਲੇ ਪ੍ਰਭਾਵ ਸਿਰਜੇ ਸਨ। ਪਰ ਇਹ ਇੱਕ ਲੱਖ ਦੀ ਗਿਣਤੀ ਨੇ ਅਗਲੇ 10-15 ਦਿਨਾਂ ਵਿੱਚ ਹੀ ਜਿਹੜੀ ਕਾਰਗੁਜਾਰੀ ਵਿਖਾਈ ਉਸ ਨਾਲੋਂ ਕਿਤੇ ਵਧੇਰੇ ਸਾਰਥਿਕ ਉਹ ਜਥੇਬੰਦੀਆਂ/ਪਾਰਟੀਆਂ ਅਤੇ ਧਿਰਾਂ ਨਿੱਬੜੀਆਂ ਹਨ, ਜਿਹੜੀਆਂ ਆਪਣੇ ਆਪ ਨੂੰ ਬਹੁਤ ਹੀ ਸੀਮਤ ਜਿਹੇ ਘੇਰੇ ਤੱਕ ਮਹਿਦੂਦ ਸਮਝਦੀਆਂ ਹਨ। ਕਿਸੇ ਵੀ ਧਿਰ ਜਾਂ ਪਾਰਟੀ ਦੀ ਅਸਲ ਕਾਰਗੁਜ਼ਾਰੀ ਦਾ ਆਧਾਰ ਉਸਦੀ ਪੇਸ਼ ਕੀਤੀ ਸਮਝ ਨੇ ਬਣਨਾ ਹੁੰਦਾ ਹੈ। ਇਸ ਪੱਖੋਂ ਪੰਜਾਬ ਵਿੱਚ ਜਿੱਥੇ ਆਪਣੇ ਆਪ ਨੂੰ ਕਮਿਊਨਿਸਟ ਅਖਵਾਉਣ ਵਾਲੀਆਂ ਬਹੁਤੀਆਂ ਧਿਰਾਂ ਦੀ ਕਾਰਗੁਜਾਰੀ ਨਖਿੱਧ ਸਾਬਤ ਹੋਈ ਹੈ, ਉੱਥੇ 'ਸੁਰਖ਼ ਲੀਹ' ਦੇ ਪੈਰੋਕਾਰਾਂ ਦੀ ਕਾਰਗੁਜਾਰੀ ਵੀ ਨਖਿੱਧ ਹੀ ਸੀ। ਇਸਦਾ ਕਾਰਨ ਵੀ ਇਹੀ ਹੈ ਕਿ ਉਹ ਕੋਰੋਨਾ ਦੇ ਦੌਰ ਵਿੱਚ ਆਪਣੀ ਸਮਝ ਨੂੰ ਨਿਖਾਰ ਕੇ ਪੇਸ਼ ਨਹੀਂ ਕਰ ਸਕੀ। ਠੋਸ ਰੂਪ ਵਿੱਚ ਕੀ ਕੁੱਝ ਕੀਤਾ ਜਾਣਾ ਚਾਹੀਦਾ ਹੈ, ਇਸ ਸਬੰਧੀ ਉਹਨਾਂ ਦੀਆਂ ਲਿਖਤਾਂ ਵਿੱਚੋਂ ਥੋਥਾਪਣ ਝਲਕਦਾ ਹੈ। ਕੋਰੋਨਾ ਦੀ ਰਾਜਨੀਤੀ ਕੀ ਹੈ? ਇਸਦੀ ਆਰਥਿਕਤਾ ਕੀ ਹੈ? ਇਸਦੀ ਜ਼ਾਹਰਾ ਹਕੀਕਤ ਕੀ ਹੈ? ਇਹ ਕੁੱਝ 'ਸੁਰਖ਼ ਲੀਹ' ਦੀਆਂ ਉਸ ਸਮੇਂ ਦੀਆਂ ਲਿਖਤਾਂ ਵਿੱਚੋਂ ਕੁੱਝ ਸਪੱਸ਼ਟ ਨਹੀਂ ਸੀ ਹੁੰਦਾ। 'ਸੁਰਖ਼ ਲੀਹ' ਵਾਲੇ ਹਾਕਮ ਜਮਾਤਾਂ ਵੱਲੋਂ ਕੋਰੋਨਾ ਸਬੰਧੀ ਫੈਲਾਈ ਗਈ ਦਹਿਸ਼ਤ ਤੋਂ ਕੰਬ ਉੱਠੇ। ਇਹਨਾਂ ਮਨਾਂ ਵਿੱਚ ਡਰ ਬੈਠ ਗਿਆ। ਇਹ ਕੋਰੋਨਾ ਅੱਗੇ ਆਪਣੇ ਆਪ ਦੀ ਬੇਵਸੀ ਦਾ ਇਜ਼ਹਾਰ ਕਰਦੇ ਹੋਏ 16 ਅਪਰੈਲ ਨੂੰ ਫੇਸਬੁੱਕ 'ਤੇ ਚਾੜ੍ਹੀ ਇੱਕ ਪੋਸਟ ਵਿੱਚ ਲਿਖਦੇ ਹਨ, ''ਦੁਨੀਆਂ ਹੈਰਾਨ ਹੈ ਕਿ ਸੰਸਾਰ ਦੀ 'ਮਹਾਂਸ਼ਕਤੀ' ਦੀ ਵੀ ਅਜਿਹੀ ਹਾਲਤ ਹੋ ਗਈ ਹੈ ਤਾਂ ਇਹ ਨਿੱਕਾ ਜਿਹਾ, ਨਾ ਜਿਊਂਦਾ ਨਾ ਮਰਿਆ ਵਿਸ਼ਾਣੂ ਕਿੰਨਾ ਤਾਕਤਵਰ ਹੋਵੇਗਾ, ਜਿਸ ਕਾਰਨ ਅਮਰੀਕਾ ਅੰਦਰ ਵੀ ਹਜ਼ਾਰਾਂ ਲੋਕ ਹੱਥੋਂ ਕਿਰਦੇ ਜਾ ਰਹੇ ਹਨ। ਲੋਕਾਂ ਦੇ ਮਨਾਂ 'ਚ ਸਵਾਲ ਉਠ ਰਿਹਾ ਹੈ ਕਿ ਏਨੀ ਤਰੱਕੀ ਦੇ ਬਾਵਜੂਦ, ਵਿਗਿਆਨ ਬੇਵੱਸ ਕਿਉਂ ਹੋ ਗਿਆ ਹੈ।'' ਇਸ ਤਰ੍ਹਾਂ ਇਹਨਾਂ ਨੇ ਅਮਰੀਕੀ ਸਾਮਰਾਜੀਆਂ ਦੀ ਪਤਲੀ ਹੋਈ ਆਰਥਿਕ ਹਾਲਤ ਲਈ ਕੋਰੋਨਾ ਨੂੰ ਮੁੱਖ ਦੋਸ਼ੀ ਠਹਿਰਾਇਆ ਹੈ ਨਾ ਕਿ ਪਿਛਲੇ ਡੇਢ ਸਾਲ ਤੋਂ ਚੀਨ ਨਾਲ ਚਲੀ ਆ ਰਹੀ ਵਪਾਰਕ ਜੰਗ ਅਤੇ ਰੂਸ-ਸਾਊਦੀ ਅਰਬ ਨਾਲ ਮਾਰਚ ਦੇ ਦੂਸਰੇ ਹਫਤੇ ਸ਼ੁਰੂ ਹੋਈ 'ਤੇਲ ਜੰਗ' ਨੂੰ ਦੋਸ਼ੀ ਠਹਿਰਾਇਆ। ਇਹਨਾਂ ਮੁਤਾਬਕ ਅਮਰੀਕੀ ਸਾਮਰਾਜੀਆਂ ਦੀ ਖਸਤਾ ਹਾਲਤ ਹੋ ਜਾਣ ਦਾ ਕਾਰਨ ਅਮਰੀਕੀ ਜÎਾਂ ਸੰਸਾਰ ਆਰਥਿਕਤਾ ਨਹੀਂ ਬਲਕਿ ਕੋਈ ਕੁਦਰਤੀ ਕਰੋਪੀ ਹੈ। ਅਜਿਹੇ ਮਾਮਲੇ ਹੀ ਉਹ ਆਧਾਰ ਹੁੰਦੇ ਹਨ, ਜਿਹੜੇ ਕਿਸੇ ਵੀ ਵਰਤਾਰੇ ਦਾ ਮੂਲ ਕਾਰਨ ਬਣਨੇ ਹੁੰਦੇ ਹਨ। 'ਸੁਰਖ਼ ਲੀਹ' ਵਾਲਿਆਂ ਲਈ ਸੰਸਾਰ ਆਰਥਿਕਤਾ ਭਾਰਤ ਵਰਗੇ ਦੇਸ਼ਾਂ ਵਿੱਚ ਲੱਗਣ ਵਾਲੇ ਕਰਫਿਊ ਅਤੇ ਤਾਲਾਬੰਦੀ ਦਾ ਆਧਾਰ ਨਹੀਂ ਬਲਕਿ ''ਨਿੱਕਾ ਜਿਹਾ, ਨਾ ਜਿਊਂਦਾ ਨਾ ਮਰਿਆ ਵਿਸ਼ਾਣੂ'' ਹੈ। 'ਸੁਰਖ਼ ਲੀਹ' ਵਾਲਿਆਂ ਨੇ ਕੋਰੋਨਾ ਦੌਰ ਸ਼ੁਰੂ ਹੋਣ ਸਮੇਂ ਲੜੀਵਾਰ 5 ਹੋਰ ਟਿੱਪਣੀਆਂ ਚਾੜ੍ਹੀਆਂ ਸਨ। ਇਹਨਾਂ ਵਿੱਚੋਂ ਇਹਨਾਂ ਦੀ ਸਮਝ ਦੇ ਦੀਦਾਰ ਹੋਣੇ ਸ਼ੁਰੂ ਹੋ ਗਏ ਸਨ। ਸਭ ਤੋਂ ਪਹਿਲੀ ਟਿੱਪਣੀ ਵਿੱਚ ਇਸਦੇ ਲੇਖਕ ਲਿਖਦੇ ਹਨ, ''ਕਰੋਨਾ ਵਾਇਰਸ ਮਹਾਂਮਾਰੀ ਰੋਕਣ ਦੇ ਸਭ ਤੋਂ ਜ਼ਰੂਰੀ ਕਦਮਾਂ 'ਚ ਲੋਕਾਂ ਤੇ ਸਿਹਤ ਮਹਿਕਮੇ ਦਾ ਸਰਗਰਮ ਰਾਬਤਾ ਪ੍ਰਮੁੱਖ ਹੈ) ਲੋਕਾਂ ਨੂੰ ਮੁਰਗੇ ਬਣਾ ਕੇ ਲਾਈ ਜਾ ਰਹੀ ਸਖਤੀ ਦੀ ਨੁਮਾਇਸ਼ ਹਕੀਕੀ ਸਰਕਾਰੀ ਗੰਭੀਰਤਾ ਦਾ ਪ੍ਰਗਟਾਵਾ ਨਹੀਂ ਹੈ , ਲੋਕਾਂ ਅੰਦਰ ਖੌਫ ਪੈਦਾ ਕਰਕੇ ਸਰਕਾਰੀ ਡਿਊਟੀ ਦਿਖਾਉਣ ਦੀ ਕਵਾਇਦ ਹੀ ਹੈ।'' ਇਸ ਲਿਖਤ ਵਿੱਚ ਉਹਨਾਂ ਨੇ ਕੋਰੋਨਾ ਦੀ ਬਿਮਾਰੀ ਦੇ ਕੀ ਕਾਰਨ ਹਨ। ਇਸ ਨੂੰ ਹਾਕਮਾਂ ਵੱਲੋਂ ਖੌਫਜ਼ਦਾ ਕਿਉਂ ਬਣਾਇਆ ਜਾ ਰਿਹਾ ਹੈ ਆਦਿ ਦੇ ਕਾਰਨਾਂ ਦੀ ਕੋਈ ਵਿਆਖਿਆ ਨਹੀਂ ਕੀਤੀ ਬਲਕਿ ''ਸਭ ਤੋਂ ਜ਼ਰੂਰੀ ਕਦਮ'' ਵਜੋਂ ''ਸਿਹਤ ਮਹਿਕਮੇ'' ਨਾਲ ''ਸਰਗਰਮ'' ਰਾਬਤਾ ਕਾਇਮ ਕਰਨ ਨੂੰ ਪ੍ਰਮੁੱਖਤਾ ਦਿੱਤੀ। ''ਲੋਕਾਂ ਨੂੰ ਮੁਰਗੇ ਬਣਾ ਕੇ'' ਕੀਤੀ ਜਾ ਰਹੀ ਫਾਸ਼ੀ ਕਾਰਵਾਈ ਮਹਿਜ਼ ''ਸਰਕਾਰੀ ਗੰਭੀਰਤਾ'' ਦੀ ਘਾਟ ਜਾਪਦੀ ਹੈ। ਯਾਨੀ ਇਸ ਧਿਰ ਵੱਲੋਂ ਲੋਕਾਂ ਨੂੰ ਸਰਕਾਰੀ ਅਦਾਰਿਆਂ ਕੋਲੋਂ ਹੀ ਇਹਨਾਂ ਦੇ ਸੰਕਟਾਂ ਦਾ ਹੱਲ ਹੋ ਜਾਣ ਦਾ ਬਦਲ ਪੇਸ਼ ਕੀਤਾ ਜਾ ਰਿਹਾ ਸੀ। 'ਸੁਰਖ਼ ਲੀਹ' ਵਾਲਿਆਂ ਨੇ ਨਾ ਸਿਰਫ ਸਰਕਾਰ ਕੋਲੋਂ ਕਿਸੇ ਭਲੇ ਦੀ ਹੀ ਆਸ ਰੱਖੀ ਬਲਕਿ ਇਸ ਨੇ ਆਪਣੇ ਪੱਖੀਆਂ ਨੂੰ ਸਰਕਾਰੀ ਅਫਸਰਾਂ ਦੀ ਝੋਲੀ ਪਾ ਕੇ ਸਿਰੇ ਦੇ ਸੁਧਾਰਵਾਦੀ ਹੋਣ ਦਾ ਪਰਮਾਣ ਪੇਸ਼ ਕਰਦੇ ਹੋਏ ਲਿਖਿਆ, ''ਵੱਖ ਵੱਖ ਲੋਕ ਪੱਖੀ ਜਥੇਬੰਦੀਆਂ ਤੇ ਜ਼ਮਹੂਰੀ ਹਿੱਸਿਆਂ ਨੂੰ ਸਥਾਨਕ ਪੱਧਰ 'ਤੇ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਵਾਲੰਟੀਅਰਾਂ ਵਜੋਂ ਸੇਵਾਵਾਂ ਦੇਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ ) ਤਕਨੀਕੀ ਤੇ ਮਾਹਰ ਡਾਕਟਰੀ ਅਮਲੇ ਦੀ ਫੌਰੀ ਭਾਰਤੀ ਦੇ ਨਾਲ ਨਾਲ ਆਮ ਲੋਕਾਂ 'ਚੋਂ ਮੁੱਢਲੀ ਟ੍ਰੇਨਿੰਗ ਦੇ ਕੇ ਵਾਲ਼ੰਟੀਅਰ ਭਰਤੀ ਕਰਨ ਤੇ ਉਨ੍ਹਾਂ ਰਾਹੀਂ ਆਮ ਲੋਕਾਂ ਨਾਲ ਸਰਗਰਮ ਸਜਿੰਦ ਰਾਬਤਾ ਬਣਾਉਣ ਦੀ ਜ਼ਰੂਰਤ ਹੈ ) ਇਸ ਵਾਇ“ਰਸ ਦੀ ਲਾਗ ਤੋਂ ਬਚਾਅ ਲਈ ਕਦਮ ਲੈਣ ਬਾਰੇ , ਲੋਕਾਂ 'ਚ ਚੇਤਨਾ ਫੈਲਾਉਣ ਦੀ ਬਹੁਤ ਜ਼ਰੂਰਤ ਹੈ, ਅਜਿਹੇ ਵਲੰਟੀਅਰ ਭਰਤੀ ਕਰਨ ਲਈ ਵੀ ਹਕੂਮਤ 'ਤੇ ਦਬਾਅ ਬਣਾਉਣਾ ਚਾਹੀਦਾ ਹੈ।'' ਉਪਰੋਕਤ ਹਵਾਲੇ ਵਿੱਚੋਂ ਸਾਫ ਹੈ ਕਿ 'ਸੁਰਖ਼ ਲੀਹ' ਵਾਲੀ ਧਿਰ ਨੇ ਲੋਕਾਂ ਨੂੰ ਹਕੂਮਤਾਂ ਦੇ ਖਿਲਾਫ ਕੋਈ ਜਮਾਤੀ ਸੰਘਰਸ਼ ਵਿੱਢ ਕੇ, ਲੋਕਾਂ ਦੀ ਲਾਮਬੰਦੀ ਕਰਕੇ ਲੋਕ ਤਾਕਤ ਦੇ ਜ਼ਰੀਏ, ਲੋਕਾਂ ਦੀ ਪੁੱਗਤ ਬਣਾਉਣ ਦਾ ਕੋਈ ਨਾਅਰਾ ਨਹੀਂ ਦਿੱਤਾ। ਕੋਈ ਅਜਿਹਾ ਏਜੰਡਾ ਪੇਸ਼ ਨਹੀਂ ਕੀਤਾ। ਇਹ ਕੁੱਝ ਨਾ ਸਿਰਫ ਹਾਕਮਾਂ ਦੀ ਬੋਲੀ ਬੋਲੇ ਜਾਣ ਦਾ ਮਾਮਲਾ ਬਣ ਜਾਂਦਾ ਹੈ ਬਲਕਿ ਇਸ ਦਾ ਤੱਤ ਜਮਾਤੀ-ਭਿਆਲੀ ਵਾਲਾ ਬਣ ਜਾਂਦਾ ਹੈ। ਅਖਵਾਉਣਾ ਆਪਣੇ ਆਪ ਨੂੰ ਕਮਿਊਨਿਸਟ ਇਨਕਲਾਬੀ, ਆਮ ਤੌਰ 'ਤੇ ਨਾਹਰੇ ਲੋਕਾਂ ਪੱਖੀ ਦੇਣੇ ਪਰ ਨਿਭਾਅ ਹਾਕਮ ਜਮਾਤਾਂ ਦੀ ਸੇਵਾ ਕਰਨਾ। ਕੋਰੋਨਾ ਦੇ ਮਾਮਲੇ ਵਿੱਚ ਤਾਂ ਇਹਨਾਂ ਨੇ ਨਾਹਰੇ ਵੀ ਸਰਕਾਰ ਵਿਰੋਧੀ ਨਹੀਂ ਦਿੱਤੇ। ਲੜੀ ਨੰ. 2 ਵਿੱਚ ਇਹ ਆਪਣੇ ਕਾਰਕੁੰਨਾਂ ਨੂੰ ਸਰਕਾਰੀ ਅਦਾਰਿਆਂ ਵਿੱਚ ਵਾਲੰਟੀਅਰ ਭਰਤੀ ਕਰਕੇ ਅਫਸਰਾਂ ਨੂੰ ਸਲਾਹਾਂ ਦਿੰਦੇ ਹਨ ਕਿ ''ਕਰੋੜਾਂ ਲੋਕਾਂ ਨੂੰ ਇਸਦੀ ਲਾਗ ਤੋਂ ਬਚਾਉਣ ਲਈ ਸਮੁੱਚਾ ਅਮਲ ਹੀ ਸਿੱਖਿਅਤ ਕਰਨ ਤੇ ਪ੍ਰੇਰਿਤ ਕਰਨ ਦਾ ਅਮਲ ਬਣਦਾ ਹੈ ਜਿਸ ਵਿੱਚ ਮਸ਼ੀਨੀ ਕਿਸਮ ਦੀ ਸਖਤੀ 'ਤੇ ਟੇਕ ਰੱਖਣ ਦੀ ਪਹੁੰਚ ਆਖਰ ਨੂੰ ਨੁਕਸਾਨਦਾਇਕ ਹੀ ਸਾਬਤ ਹੁੰਦੀ ਹੈ ।'' ਆਪਾਸ਼ਾਹ ਭਾਰਤੀ ਰਾਜ ਵੱਲੋਂ ਕੋਰੋਨਾ ਦੀ ਰੋਕਥਾਮ ਲਈ ਲੋਕਾਂ 'ਤੇ ਮੜ੍ਹੇ ਕਰਫਿਊ ਦੀ ਵਾਜਬੀਅਤ ਠਹਿਰਾਉਂਦੇ ਹੋਏ 'ਸੁਰਖ਼ ਲੀਹ' ਦੇ ਲੇਖਕ ਲਿਖਦੇ ਹਨ, '' ਕਰਫਿਊ ਵਰਗੇ ਸਿਰੇ ਦੇ ਕਦਮ ਇਸ ਨਾਲ ਨਜਿੱਠਣ ਦਾ ਇੱਕ ਤਰੀਕਾ ਵੀ ਤਾਂ ਹੀ ਹੋ ਸਕਦੇ ਹਨ ਜੇਕਰ ਲੋਕਾਂ ਅੰਦਰਲੀ ਚੇਤਨਾ ਨੂੰ ਬੁਨਿਆਦੀ ਸ਼ਰਤ ਮੰਨ ਕੇ ਚੱਲਿਆ ਜਾਵੇ।'' ਇੱਥੇ ਇਹ ਸਰਕਾਰੀ ਅਫਸਰਾਂ ਅਤੇ ਅਦਾਰਿਆਂ ਨੂੰ ਸਲਾਹਾਂ ਦੇ ਰਹੇ ਹਨ, ਉਹਨਾਂ ਦੇ ਕਦਮ ਸਾਰਥਿਕ ਤਾਂ ਹੀ ਹੋ ਸਕਦੇ ਹਨ, ਜੇਕਰ ਲੋਕਾਂ ਨੂੰ ਚੇਤਨ ਕਰ ਲਿਆ ਜਾਵੇ। ਆਪਾਸ਼ਾਹ ਰਾਜ ਕੀ ਲੋਕਾਂ ਅੰਦਰ ''ਚੇਤਨਾ'' ਵੰਡੇਗਾ? ਉਸ ਨੇ ਨਾ ਚੇਤਨਾ ਵੰਡਣੀ ਸੀ ਅਤੇ ਨਾ ਵੰਡੀ ਪਰ 'ਸੁਰਖ਼ ਲੀਹ' ਵਾਲਿਆਂ ਸਰਕਾਰੀ ਹੁਕਮਾਂ ਦੀ ਵਕਾਲਤ ਜ਼ਰੂਰ ਕਰ ਲਈ। ਇਹ ਆਪਾਸ਼ਾਹ ਰਾਜ ਵੱਲੋਂ ਲਾਏ ਕਰਫਿਊ ਨੂੰ ਵਾਜਬ ਮੰਨਦੇ ਹਨ ਪਰ ਜਿਸ ''ਮਸ਼ੀਨੀ ਢੰਗ'' ਨਾਲ ਲਾਗੂ ਕੀਤਾ ਜਾ ਰਿਹਾ ਸੀ ਸਿਰਫ ਉਸੇ ਦੀ ਵਜਾਹ ਕਰਕੇ ਲੋਕ ਇਸਦੀ ਉਲੰਘਣਾ ਕਰ ਰਹੇ ਸਨ। ਇਹਨਾਂ ਲਈ ਕਰਫਿਊ ਲਗਾਉਣਾ ਠੀਕ ਹੈ ਪਰ ਇਹਨਾਂ ਨੂੰ ਉਸਦੀ ਸੀਮਤਾਈ ਦੀ ਵਧੇਰੇ ਫਿਕਰ ਹੈ, ਜਿਸ ਸਬੰਧੀ ਉਹ ਲਿਖਦੇ ਹਨ, ''ਹੁਣ ਤੱਕ ਦੇ ਦਿਨਾਂ ਦਾ ਤਜਰਬਾ ਵੀ ਇਹੀ ਦੱਸਦਾ ਹੈ ਕਿ ਸਾਰਾ ਦਿਨ ਘਰਾਂ 'ਚ ਤੜੇ ਲੋਕ ਜਦੋਂ ਕੁੱਝ ਮਿੰਟਾਂ ਲਈ ਵੀ ਲੋੜੀਂਦਾ ਸਮਾਨ ਲੈਣ ਲਈ ਘਰਾਂ 'ਚੋਂ ਨਿਕਲਦੇ ਹਨ ਤੇ ਜਿਵੇਂ ਉਹ ਲੋੜੀਂਦੀਆਂ ਪੇਸ਼ਬੰਦੀਆਂ ਨੂੰ ਵਿਸਾਰ ਕੇ ਵਿਚਰਦੇ ਹਨ ਤਾਂ ਇਹ ਇਸ ਮਸ਼ੀਨੀ ਕਰਫਿਊ ਦੀ ਸੀਮਤਾਈ ਨੂੰ ਉਘਾੜਦੀ ਹਾਲਤ ਹੀ ਹੁੰਦੀ ਹੈ।'' ਇਹਨਾਂ ਵਿੱਚ ਪੁਲਸੀ ਜਬਰ ਦੇ ਖਿਲਾਫ ਕੋਈ ਗੁੱਸਾ ਜਾਂ ਰੋਹ ਨਹੀਂ ਜਾਗਦਾ ਬਲਕਿ ਇਹ ਡਰਦੇ ਹਨ- ਇਹ ਕੁੱਝ ਇਹਨਾਂ ਦੀ ਲਿਖਤ ਵਿੱਚੋਂ ਹੀ ਸਾਫ ਵਿਖਾਈ ਦਿੰਦਾ ਹੈ, ''ਜਦੋਂ ਪੁਲਸ ਦੇ ਡੰਡੇ ਦਾ ਡਰ ਹੋਵੇ ਤੇ ਪੁਲਸ ਦੀ ਗੱਡੀ ਦਾ ਹੂਟਰ ਤ੍ਰਾਹ ਕੱਢ ਰਿਹਾ ਹੋਵੇ ਤਾਂ ਕਰੋਨਾ ਦੂਰ ਦਿਖਦਾ ਹੈ।'' ਇਹਨਾਂ ਦੀ ਲਿਖਤ ਵਿੱਚੋਂ ਇਹੀ ਕੁੱਝ ਥਾਂ ਥਾਂ ਝਲਕਦਾ ਹੈ ਜਿੱਥੇ ਇਹਨਾਂ ਨੂੰ ਲੋਕਾਂ ਨਾਲੋਂ ਜ਼ਿਆਦਾ ਫਿਕਰ ਸਰਕਾਰੀ ਹੁਕਮਾਂ ਦੇ ਲਾਗੂ ਨਾ ਹੋ ਸਕਣ ਦਾ ਹੁੰਦਾ ਹੈ। ਅਫਸਰਸ਼ਾਹੀ ਦੀ ਨਾਕਾਮੀ ਦਾ ਫਿਕਰ ਇਹਨਾਂ ਦੀ ਇਸੇ ਲਿਖਤ ਵਿੱਚੋਂ ਸਪੱਸ਼ਟ ਦਿਖਾਈ ਦਿੰਦਾ ਹੈ, ''ਅਜਿਹੇ ਧੱਕੜ ਵਿਹਾਰ ਨਾਲ ਪੇਸ਼ਬੰਦੀਆਂ ਦੀ ਜਰੂਰਤ ਦਾ ਸੰਚਾਰ ਕਰਨ 'ਚ ਅਫਸਰਸ਼ਾਹੀ ਕਾਮਯਾਬ ਨਹੀਂ ਹੋ ਸਕਦੀ।'' ਉਂਝ ਇਹ ਆਪਣੇ ਆਪ ਨੂੰ ਸਰਕਾਰ ਵਿਰੋਧੀ ਹੋਣ ਦਾ ਖੇਖਣ ਕਰਦੇ ਹੋਏ ਅੱਗੇ ਲਿਖਦੇ ਹਨ, ''ਕਿਉਂਕਿ ਇਸ ਦਾ ਮੂਲ ਕਿਰਦਾਰ ਲੋਕ ਵਿਰੋਧੀ ਹੈ ਤੇ ਡੰਡੇ ਦਾ ਜੋਰ ਦਿਖਾਉਣ ਤੋਂ ਬਿਨਾਂ ਹੋਰ ਕੋਈ ਤਰੀਕਾ ਇਸਨੂੰ ਆਉਂਦਾ ਹੀ ਨਹੀਂ ਹੈ।'' ਜਦੋ ਇਹ ਸਰਕਾਰ ਦੇ ''ਕਿਰਦਾਰ'' ਨੂੰ ''ਲੋਕ ਵਿਰੋਧ'' ਗਰਦਾਨਦੇ ਹਨ ਤਾਂ ਇਹਨਾਂ 'ਤੇ ਉਲਟਾ ਸਵਾਲ ਕੀਤਾ ਜਾ ਸਕਦਾ ਹੈ ਕਿ ਜੇਕਰ ਸਰਕਾਰ ਦਾ ਕਿਰਦਾਰ ਹੈ ਹੀ ਲੋਕ ਵਿਰੋਧੀ ਤਾਂ ਫੇਰ ਤੁਸੀਂ ਸਰਕਾਰੀ ਅਦਾਰਿਆਂ ਵਿੱਚ ਆਪਣੇ ਵਾਲੰਟੀਅਰ ਭੇਜਣ ਦੀਆਂ ਸਲਾਹਾਂ ਕਿਵੇਂ ਦੇ ਸਕਦੇ ਹੋ? ਪਰ ਜੋ ਹਕੀਕਤ ਹੈ, ਉਹ ਇਹ ਹੈ ਕਿ ਇਹ ਸਿਰਫ ਕਹਿਣ ਜਾਂ ਲੇਖਣੀ ਵਿੱਚ ਹੀ ਸਰਕਾਰ ਨੂੰ ''ਲੋਕ-ਵਿਰੋਧੀ'' ਮੰਨ ਕੇ ਚੱਲ ਰਹੇ ਹਨ, ਅੰਦਰੋਂ ਉਸ ਨਾਲ ਮੇਲ-ਮਿਲਾਪ ਕਰਕੇ ਚੱਲਣ ਦੇ ਰਾਹ ਤੁਰੇ ਹੋਏ ਹਨ। ਇੱਕ ਪਾਸੇ 'ਸੁਰਖ਼ ਲੀਹ' ਵਾਲਿਆਂ ਨੂੰ ਲੋਕਾਂ 'ਤੇ ਕੀਤੀ ਜਾ ਰਹੀ ''ਸਖਤਾਈ'' ''ਵਾਇਰਸ ਤੋਂ ਵੀ ਵਧੇਰੇ ਘਾਤਕ'' ਲੱਗਦੀ ਹੈ ਦੂਸਰੇ ਪਾਸੇ ਇਸੇ ਹੀ ਪਰਬੰਧ ਵਿੱਚ ਸਰਕਾਰ ਕੋਲੋਂ ''ਕਿਤੇ ਵੱਡੀ ਤਿਆਰੀ'' ਦੀ ਆਸ ਕਰਦੇ ਹੋਏ ਲਿਖਦੇ ਹਨ, ''ਕਿਰਤੀ ਲੋਕਾਂ ਦੀਆਂ ਰੋਜ਼ ਮਰਾ ਲੋੜਾਂ ਦੀ ਪੂਰਤੀ ਦੇ ਇੰਤਜ਼ਾਮਾਂ ਤੋਂ ਬਗੈਰ ਕੀਤੀ ਜਾ ਰਹੀ ਸਖਤਾਈ ਲੋਕਾਂ ਲਈ ਵਾਇਰਸ ਤੋਂ ਵੀ ਘਾਤਕ ਸਾਬਤ ਹੋ ਸਕਦੀ ਹੈ ਇੱਕ ਪਾਸੇ ਵਾਇਰਸ ਦਾ ਪਸਾਰਾ ਰੋਕਣ ਦੀ ਅਤੇ ਨਾਲ ਹੀ ਕਰੋੜਾਂ ਕਰੋੜ ਕਿਰਤੀ ਲੋਕਾਂ ਦੀ ਜ਼ਿੰਦਗੀ ਧੜਕਦੀ ਰੱਖਣ ਲਈ ਕਿਤੇ ਵੱਡੀ ਤਿਆਰੀ ਲੋੜੀਂਦੀ ਹੈ ਜੋ ਲੱਗਭਗ ਗੈਰ ਹਾਜ਼ਰ ਹੈ।'' 'ਸੁਰਖ਼ ਲੀਹ' ਵਾਲਿਆਂ ਦੀ ਸਮਝ ਘੁਚਲੀ ਹੋਈ ਹੈ। ਇੱਕ ਪਾਸੇ ਉਹ ਕੋਰੋਨਾ ਦੇ ਮਾਮਲੇ ਵਿੱਚ ਹਕੂਮਤੀ ਬੋਲੀ ਬੋਲ ਰਹੇ ਹਨ ਅਤੇ ਦੂਸਰੇ ਪਾਸੇ ਆਪਣੇ ਆਪ ਨੂੰ ਲੋਕ ਪੱਖੀ ਸਾਬਤ ਕਰਨ ਦਾ ਵਿਖਾਵਾ ਕਰਦੇ ਹੋਏ ਕਹਿੰਦੇ ਹਨ, ''ਅਜਿਹੀ ਹਾਲਤ 'ਚ ਇੱਕ ਪਾਸੇ ਬਿਮਾਰੀ ਤੋਂ ਬਚਣ ਤੇ ਦੂਜੇ ਪਾਸੇ ਹਕੂਮਤੀ ਪਾਬੰਦੀਆਂ ਦੀ ਮਾਰ ਤੋਂ ਬਚਣ ਲਈ ਲੋਕਾਂ ਦੀ ਚੇਤਨ ਤੇ ਜਥੇਬੰਦਕ ਸ਼ਕਤੀ ਦੀ ਪਹਿਰੇਦਾਰੀ ਲੋੜੀਂਦੀ ਹੈ।'' ਇਸ ਤਰ੍ਹਾਂ ਨਾਲ ਉਹ ਹਕੂਮਤੀ ਪਾਬੰਦੀਆਂ ਤੋਂ ਪਹਿਲਾਂ ਕੋਰੋਨਾ ਤੋਂ ਬਚਣ ਨੂੰ ਤਰਜੀਹ ਦੇ ਰਹੇ ਹਨ। ਜਦੋਂ ਕੋਰੋਨਾ ਤੋਂ ਬਚਣ ਦੀ ਤਰਜੀਹ ਨਿਕਲ ਆਉਂਦੀ ਹੈ ਤਾਂ ਇਹ ਤਰਜੀਹ ਖੁਦ ਹੀ ਤਹਿ ਕਰ ਦਿੰਦੀ ਹੈ ਕਿ ਦੋਮ ਦਰਜ਼ੇ ਦੀ ਸਮੱਸਿਆ ਨੂੰ ਪਿੱਛੇ ਪਾ ਲਿਆ ਜਾਵੇ। ਇਹਨਾਂ ਜਿਹੜੀ ''ਪਹਿਰੇਦਾਰੀ'' ਦੀ ਗੱਲ ਕੀਤੀ ਹੈ, ਉਸਦਾ ਤੱਤ ਅਸਲ ਵਿੱਚ ਹਕੂਮਤੀ ਨੀਤੀਆਂ ਨੂੰ ਸਹੀ ਤਰ੍ਹਾਂ ਨਾਲ ਲਾਗੂ ਕਰਵਾਉਣਾ ਹੈ। ਇਸ ਤਰ੍ਹਾਂ 'ਸੁਰਖ਼ ਲੀਹ' ਵਾਲਿਆਂ ਲਈ ਇੱਥੋਂ ਰਾਜ ਪਰਬੰਧ ਕੋਰੋਨਾ ਫੈਲਾਉਣ ਦਾ ਮੁੱਖ ਦੋਸ਼ੀ ਨਹੀਂ, ਬਲਕਿ ਇਸ ਪਰਬੰਧ ਦੀ ਸਰਕਾਰ ਜੇਕਰ ਸਹੀ ਢੰਗ ਤਰੀਕੇ ਅਪਣਾ ਲਵੇ ਤਾਂ ਉਹ ਕੋਰੋਨਾ ਨੂੰ ਰੋਕ ਸਕਦੀ ਹੈ। ਇਸ ਦੀ ਲੜਾਈ ਇਸ ਪਰਬੰਧ ਨੂੰ ਢਹਿ ਢੇਰੀ ਕਰਕੇ ਨਵੇਂ ਲੋਕ ਪੱਖੀ ਉਸਾਰੀ ਕਰਨਾ ਨਹੀਂ ਬਲਕਿ ਇਸਦੇ ਅੰਦਰ ਅੰਦਰ ਹੀ ਤਬਦੀਲੀਆਂ ਕਰਕੇ ਇਸ ਵਿੱਚੋਂ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਹੋ ਜਾਣ ਦਾ ਭਰਮ ਪੈਦਾ ਕਰਨਾ ਹੈ। ਲੜੀ ਨੰ. 3 ਵਿੱਚ ਇਹ ਲੋਕਾਂ ਸਬੰਧੀ ''ਡਾਢੀ ਫਿਕਰਮੰਦੀ'' ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ, ''ਮੋਦੀ ਹਕੂਮਤ ਨੇ ਕਰਫਿਊ ਲਾ ਕੇ , ਸਮਾਜਿਕ ਸੰਪਰਕ ਤੋੜਨ ਲਈ ਲੋਕਾਂ ਨੂੰ ਘਰਾਂ 'ਚ ਕੈਦ ਰੱਖਿਆ ਹੋਇਆ ਹੈ। ਲੋਕਾਂ 'ਚ ਆ ਰਹੇ ਸੰਕਟ ਨੂੰ ਲੈ ਕੇ ਡਾਢੀ ਫ਼ਿਕਰਮੰਦੀ ਹੈ। ਇਸ ਹਾਲਤ ਦਾ ਸਿੱਟਾ ਗ਼ਰੀਬ ਕਿਰਤੀਆਂ ਲਈ ਡਾਹਢੀਆਂ ਦੁਸ਼ਵਾਰੀਆਂ 'ਚ ਨਿਕਲ ਰਿਹਾ ਹੈ। ਉਹ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਖਰੀਦਣ ਤੋਂ ਵੀ ਆਤੁਰ ਹੋ ਰਹੇ ਹਨ। ਲੜੀ ਨੰ. 4 ਇਸਦੇ ਹੱਲ ਵਜੋਂ ਲਿਖਦੇ ਹਨ, ''ਲੋਕਾਂ ਲਈ ਸਿਹਤ ਸਹੂਲਤਾਂ ਦੇ ਇੰਤਜਾਮਾਂ ਤੋਂ ਲੈ ਕੇ ਲੋਕਾਂ ਦੇ ਚੁੱਲ੍ਹੇ ਮਘਦੇ ਰੱਖਣ ਤੇ ਲੋਕਾਂ ਦੀਆਂ ਜਰੂਰੀ ਲੋੜਾਂ ਦੀ ਪੂਰਤੀ ਲਈ ਸਰਕਾਰੀ ਖਜਾਨਾ ਖੁਲ੍ਹਵਾਉਣ ਤੇ ਲੋਕਾਂ ਲੇਖੇ ਲਾਉਣ ਲਈ ਹਕੂਮਤਾਂ 'ਤੇ ਦਬਾਅ ਬਣਾਉਣਾ ਚਾਹੀਦਾ ਹੈ।'' ਪਰ ਇਹ ''ਦਬਾਅ ਬਣਾਉਣਾ'' ਕਿਵੇਂ ਹੈ? ਜਿਹੜੇ ਕੋਰੋਨਾ ਤੋਂ ਆਪ ''ਹੈਰਾਨ'' ਹਨ ਅਤੇ ''ਵਿਗਿਆਨ'' ਨੂੰ ਕੋਰੋਨਾ ਅੱਗੇ ''ਬੇਵਸ'' ਸਮਝਦੇ ਹਨ ਉਹ ਲੋਕਾਂ ਨੂੰ ਖੌਫ਼ ਮੁਕਤ ਹੋਣ ਦੀਆਂ ਮੱਤਾਂ ਦਿੰਦੇ ਲਿਖਦੇ ਹਨ, ''ਹਕੂਮਤ ਤਾਂ ਦਹਿਸ਼ਤ ਪੈਦਾ ਕਰਨ ਦੇ ਕਦਮ ਹੀ ਚੱਕ ਰਹੀ ਹੈ। ਜਦਕਿ ਕਿਸੇ ਮਹਾਂਮਾਰੀ ਦੇ ਟਾਕਰੇ ਲਈ ਖੌਫਜਦਾ ਮਹੌਲ ਦੀ ਨਹੀਂ ਸਗੋਂ ਵਿਸ਼ਾਲ ਗਿਣਤੀ ਲੋਕਾਂ ਦੇ ਚੇਤਨ ਹੋਣ ਤੇ ਇਸਤੋਂ ਬਚ ਸਕਣ ਦਾ ਭਰੋਸਾ ਜਗਾਉਣ ਦੀ ਜਰੂਰਤ ਹੁੰਦੀ ਹੈ।'' ਇਹ ਲੋਕਾਂ ਵਿੱਚ ''ਭਰੋਸਾ ਜਗਾਉਣ'' ਦੇ ਜਿਹੜੇ ਢੰਗ ਅਖਤਿਆਰ ਕਰਦੇ ਹਨ, ਉਹਨਾਂ ਵਿੱਚੋਂ ਹੋਰ ਕੁੱਝ ਹੋਵੇ ਭਾਵੇਂ ਨਾ ਹੋਵੇ ਪਰ ਲੋਕਾਂ ਵੱਲੋਂ ''ਚੇਤਨ'' ਹੋ ਕੇ ਆਪਣੇ ਵਿੱਚ ''ਭਰੋਸਾ'' ਜਗਾਉਣ ਦਾ ਸਾਧਨ ਉੱਕਾ ਹੀ ਨਹੀਂ ਬਣ ਸਕਦੇ। ਲੋਕਾਂ ਵਿੱਚ ਭਰੋਸਾ ਜਗਾਉਣ ਲਈ ਲੋਕਾਂ ਦੇ ਆਗੂ ਅਖਵਾਉਣ ਵਾਲਿਆਂ ਨੂੰ ਖੁਦ ਮਿਸਾਲ ਬਣਨਾ ਪੈਂਦਾ ਹੈ। ਇੱਕ ਚਿੰਗਾਰੀ ਜਗਾ ਕੇ ਵਿਖਾਉਣੀ ਪੈਂਦੀ ਹੈ ਕਿ ਇਹ ਭਾਂਬੜ ਕਿਵੇਂ ਬਣਦੀ ਹੈ। ਪਰ 'ਸੁਰਖ਼ ਲੀਹ' ਵਾਲੇ ਆਪਣੇ ਆਗੂਆਂ ਨੂੰ ਲੋਕਾਂ ਵਿੱਚ ਜਾਣ ਸਮੇਂ ਡਰਾਉਂਦੇ ਹੋਏ ਲਿਖਦੇ ਹਨ, ''ਇਹਨਾਂ ਹਿੱਸਿਆਂ ਵੱਲੋਂ ਸਭ ਤੋਂ ਪਹਿਲਾਂ ਆਪਣੀਆਂ ਵੱਖ-ਵੱਖ ਪਰਤਾਂ (ਆਗੂ-ਕਾਰਕੁੰਨਾਂ) ਨੂੰ ਇਸਦੀ ਲਾਗ ਤੋਂ ਬਚਣ ਲਈ ਸੁਚੇਤ ਕਰਨ ਦੀ ਜਰੂਰਤ ਹੈ । ਉਹਨਾਂ ਨੂੰ ਠੋਸ ਰੂਪ 'ਚ ਪਰਹੇਜ ਤੇ ਪੇਸ਼ਬੰਦੀਆਂ ਦੇ ਕਦਮਾਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ । 55-60 ਸਾਲ਼ ਤੋਂ ਉੱਪਰ ਵਾਲਿਆਂ ਲਈ ਵਿਸ਼ੇਸ਼ ਸਾਵਧਾਨੀਆਂ ਰੱਖਦਿਆਂ, ਘਰਾਂ 'ਚ ਰਹਿਣ ਦੇ ਪਾਬੰਦ ਕਰਨਾ ਚਾਹੀਦਾ ਹੈ ਜਦਕਿ ਬਾਕੀਆਂ ਨੂੰ ਬਚਾਅ ਦੇ ਲੋੜੀਂਦੇ ਇੰਤਜਾਮਾਂ ਨਾਲ ਪੂਰੀ ਸਰਗਰਮੀ ਨਾਲ ਲੋਕਾਂ 'ਚ ਜਾਣਾ ਚਾਹੀਦਾ ਹੈ।'' ਇਹਨਾਂ ਨੇ ਆਪਣੇ ਆਗੂਆਂ ਦੀ 55 ਸਾਲ ਤੋਂ ਘੱਟ ਵਾਲਿਆਂ ਨੂੰ ਹੀ ਲੋਕਾਂ ਵਿੱਚ ਜਾਣ ਦੀ ਜਿਹੜੀ ਮਦ ਤਹਿ ਕੀਤੀ ਹੈ, ਉਹ ਅਜਿਹੀ ਹੈ ਕਿ ਇਹਨਾਂ ਤਕਰੀਬਨ ਸਾਰੀਆਂ ਮਜ਼ਦੂਰ, ਕਿਸਾਨ, ਮੁਲਾਜ਼ਮ ਜਥੇਬੰਦੀਆਂ ਦੇ ਆਗੂ ਲੋਕਾਂ ਵਿੱਚ ਨਹੀਂ ਜਾਣਗੇ। ਕਿਉਂਕਿ ਇਹਨਾਂ ਕੋਲ ਬੁੱਢੀ ਲੀਡਰਸ਼ਿੱਪ ਹੀ ਹੈ, ਨੌਜਵਾਨਾਂ ਦਾ ਇਹਨਾਂ ਕੋਲ ਕਾਲ ਪਿਆ ਹੋਇਆ ਹੈ। ਇਸ ਤਰ੍ਹਾਂ ਨਾਲ ਤੱਤ ਵਿੱਚ ਇਹਨਾਂ ਨਾ ਲੋਕਾਂ ਵਿੱਚ ਜਾਣਾ ਸੀ ਅਤੇ ਨਾ ਹੀ ਗਏ, ਵਿਖਾਵੇ ਦੇ ਤੌਰ 'ਤੇ ਅਨੇਕਾਂ ਥਾਵਾਂ 'ਤੇ ਖਾਨਾਪੂਰਤੀ ਜ਼ਰੂਰ ਕੀਤੀ ਹੋ ਸਕਦੀ ਹੈ। ਅਖੌਤੀ ਕਮਿਊਨਿਸਟਾਂ ਵਕਤ ਖੁੰਞਾ ਲਿਆ -ਸੁਰਜੀਤ ਗੱਗ ਗੁਰਦੀਪ ਸਿੰਘ, ਤੁਸੀਂ ਖੱਬੇ ਪੱਖੀ ਸਿਰਫ ਨਾਹਰੇ ਲਾਉਂਦੇ ਰਹਿ ਗਏ ਤੇ ਇਨਕਲਾਬ ਦੇ ਸੁਪਨੇ ਸਿਰਜਦਿਆਂ ਹੀ ਵਕਤ ਖੁੰਞਾ ਲਿਆ, ਸੈਮੀਨਾਰ ਕਰ ਲਵੋ, ਰਾਹ ਰੋਕ ਲਵੋ, ਬੈਨਰ ਲਾ ਲਵੋ, ਝੰਡੇ ਝੁਲਾ ਦਿਓ, ਜਿਸ ਸਰਮਾਇਆਦਾਰੀ ਤੰਤਰ ਦੇ ਖਿਲਾਫ ਤੁਸੀਂ ਸਿਰ ਚੁੱਕਣਾ ਸੀ- ਉਸ ਨੇ ਤੁਹਾਡੀਆਂ ਸੱਤਾਂ ਪੁਸ਼ਤਾਂ ਦੇ ਸਿਰ ਕੁਚਲਣ ਦਾ ਪ੍ਰਬੰਧ ਕਰ ਲਿਆ ਹੈ। ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਣ ਦਿੱਤਾ ਕਿ ਇਸ ਮਹਾਂਮਾਰੀ ਦੇ ਪਿਛੇ ਗਲੋਬਲ ਕਾਰਪੋਰੇਟਾਂ ਨੇ ਕਿਵੇਂ ਸਾਰੇ ਗਲੋਬ ਨੂੰ ਹੀ ਅਗਵਾ ਕਰ ਲਿਆ ਹੈ... ਪੈਰਾਂ ਹੇਠੋਂ ਜ਼ਮੀਨ ਖਿਸਕਾਉਣਾ ਇਸ ਨੂੰ ਹੀ ਆਖਦੇ ਹਨ। ਹੁਣ ਮਿਲ ਜੁਲ ਕੇ ਭੁਗਤੋ ਸੱਭ... ਜੀ ਹਜ਼ੂਰੀ ਕਰਕੇ.... ਸੋਚੋ ਇਸ ਮਹਾਂਮਾਰੀ ਤੋਂ ਬਚੋਗੇ ਕਿਵੇਂ? ਜਿਸ ਤੇਜੀ ਨਾਲ ਕਾਰਪੋਰੇਟਸ ਇਸ ਧਰਤੀ ਅਤੇ ਲੋਕਾਂ ਨੂੰ ਨਿਗਲਣ ਲਈ ਤਿਆਰ ਹੈ। ਉਹ ਆਪਣੀ ਮਨਚਾਹੇ ਮਨਸੂਬੇ ਬਣਕੇ ਲੋਕਾਂ ਦੀ ਅਬਾਦੀ ਅਤੇ ਲੁਕਾਈ ਨੂੰ ਮਰਨ ਤੋ ਪਹਿਲਾਂ ਉਸ ਦੇ ਧੰਨ ਅਤੇ ਮਾਲ ਨੂੰ ਲੁੱਟਣ ਅਤੇ ਸਾਂਭਣ ਦੇ ਮਨਸੂਬੇ ਬਣਾ ਰਿਹਾ ਹੈ, ਅਤੇ ਨਵੇ ਤੋ ਨਵੀਂ ਬਿਮਾਰੀ, ਕੱਢ ਰਿਹਾ ਹੈ, ਉਸ ਦੇ ਇਲਾਜ ਜਾਂ ਸਾਂਭ ਸੰਭਾਲ ਲਈ ਸਕੀਮਾਂ ਬਣਾਈ ਜਾ ਰਿਹਾ ਹੈ। ਉਸ ਦੇ ਮੁਕਾਬਲੇ ਸਮਾਜਿਕ ਅਤੇ ਰਾਜਨੀਤਕ ਪਾਰਟੀਆਂ (ਖਾਸ ਕਰਕੇ ਲੋਕ ਪੱਖੀ ਪਾਰਟੀਆਂ) ਇੱਕ ਤਿਨਕਾ ਮਾਤਰ ਵੀ ਨਹੀ ਕਰ ਰਹੀਆਂ? ਜਾਂ ਆਮ ਲੋਕਾਂ ਨੂੰ ਇਹ ਵੀ ਨਹੀ ਸਮਝਾ ਪਾ ਰਹੀਆਂ ਕਿ ਤੁਹਾਡੀਆਂ ਸਰੀਰਕ ਜ਼ਰੂਰਤਾਂ ਦੀਆਂ ਅਸ਼ੰਕਾਵਾਂ ਇੰਨੀਆਂ ਪ੍ਰਬਲ ਨਹੀ ਹੋਣਾ ਚਾਹੀਦੀਆ ਜਿਸ ਨਾਲ ਤੁਸੀ ਆਪ ਹੀ ਇਹਨਾਂ ਕਾਰਪੋਰੇਟਸ ਦੇ ਜੰਜਾਲ ਵਿਚ ਫਸ ਕੇ ਰਹੇ ਜਾਓ, ਇਹਨਾਂ ਗੱਲਾਂ ਦੀ ਬਜਾਏ, ਉਨ੍ਹਾਂ (ਕਾਰਪੋਰੇਟਸ) ਦੇ ਅਖੌਤੀ ਉੱਨਤੀ ਦੇ ਜਾਲ ਵਿੱਚ ਆਪ ਵੀ ਫਸ ਰਹੇ ਹਨ ਅਤੇ ਆਮ ਜਨਤਾ ਨੂੰ ਰੋਕ ਵੀ ਨਹੀ ਪਾ ਰਹੇ। ਇਹਨਾਂ ਦੀ ਕੋਈ ਮੂਵਮੈਂਟ ਇਹਨਾਂ ਨੂੰ ਆਪਸ ਵਿਚ ਜੋੜਣ ਵਾਲੀ ਨਹੀ ਹੁੰਦੀ ਨਾ ਹੀ ਆਪਣੀਆਂ ਰੈਲੀਆਂ/ਇੱਕਠਾਂ ਵਿਚ ਸਮਝਾਉਣ ਲਈ ਉਪਰਾਲੇ ਕੀਤੇ ਜਾਦੇ ਹਨ। ਇਸੇ ਲਈ ਬਸਤਰ ਦੇ ਆਦਿਵਾਸੀ, ਆਦਿਵਾਸੀਆ ਨੂੰ ਸਮਝਾ ਕੇ, ਸਥਿਤੀਆਂ ਦੀ ਸਮਝ ਦੇ ਕੇ, ਅਨੇਕਾਂ ਰੋਕਾਂ ਦੇ ਬਾਵਜੂਦ 10000 ਆਦਿਵਾਸੀਆ ਦਾ ਇੱਕਠ ਕਰ ਜਾਂਦੇ ਹਨ, ਜਦ ਕਿ ਇਹਨਾਂ ਦੀਆਂ ਵੱਡੀ ਤੋ ਵੱਡੀ ਕਾਲ ਵਿੱਚ ਇੱਕ ਸ਼ਹਿਰ/ਕਸਬੇ ਵਿਚ, ਇੱਕਲੀ ਇਕੱਲੀ ਪਾਰਟੀ ਤੋਂ 500-1000 ਬੰਦੇ ਵੀ ਇੱਕਠੇ ਨਹੀ ਹੁੰਦੇ, ਇਹ ਸਿਰਫ ਆਪਣੀ ਆਪਣੀ ਬੀਨ ਅਲੱਗ ਅਲੱਗ ਸੁਰਾਂ ਨਾਲ ਬਜਾਉਣ ਕਾਰਨ ਹੋ ਰਿਹਾ ਹੈ। ਖਾਸ ਕਰਕੇ ਇਹਨਾਂ ਦੀ ਵੱਖੋ ਵੱਖ ਸੋਚ ਅਤੇ ਦੂਜੇ ਨਾਲ ਨਫਰਤ ਕਰਨ ਕਰਕੇ ਹੋ ਰਿਹਾ ਹੈ ਅਤੇ ਲੋਕ ਹਤੈਸ਼ੀ ਮੂਵਮੈਂਟਾਂ ਧਵੱਸਤ ਹੋ ਰਹੀਆਂ ਹਨ। ਪਰਮਿੰਦਰ ਪੁਰੂ: ਬਿਲਕੁਲ ਦਰੁੱਸਤ! ਸੁਰਜੀਤ ਗੱਗ। ਕੋਰੋਨਾ ਸੰਕਟ ਨੂੰ ਨਾ ਸਮਝ ਕੇ ਇਸ ਮਹਾਮਾਰੀ ਦੇ ਬਹਾਨੇ ਸਰਮਾਏਦਾਰੀ ਦੀਆਂ ਮਨਮਾਨੀਆਂ ਨੂੰ ਸਿਰੇ ਚੜ੍ਹਨ ਦੇ ਪ੍ਰਕਰਨ ਦੌਰਾਨ ਭਾਰੂ ਖੱਬੇ ਪੱਖੀ ਪਾਰਟੀਆਂ ਮਾਰਕਸਵਾਦੀ ਸਿਧਾਂਤ ਅਨੁਸਾਰ ਲੜਾਈ ਨਹੀਂ ਦੇ ਸਕੀਆਂ। ਇਸ ਦਾ ਖਮਿਆਜ਼ਾ ਭਾਰੂ ਖੱਬੇ ਪੱਖ ਨੂੰ ਦਹਾਕਿਆਂ ਤੱਕ ਭੁਗਤਣਾ ਪੈ ਸਕਦਾ ਹੈ। ਦਰਅਸਲ ਇਹੀ ਉਹ ਦੌਰ ਸੀ ਜਦੋਂ ਖੱਬਾ ਪੱਖ ਮਾਰਕਸਵਾਦੀ ਸਿਧਾਂਤਕਾਰੀ ਪਹੁੰਚ ਨਾਲ ਮਜ਼ਦੂਰ ਜਮਾਤ ਨੂੰ ਇੱਕਜੁੱਟ ਕਰਕੇ ਵਿਸ਼ਾਲ ਸੰਘਰਸ਼ੀ ਥੜ੍ਹਾ ਉਸਾਰ ਸਕਦਾ ਸੀ। ਇਹ ਕਮਜ਼ੋਰੀ ਸਿਰਫ ਭਾਰਤ ਦੀਆਂ ਖੱਬੇਪੱਖੀ ਪਾਰਟੀਆਂ ਦੀ ਨਹੀਂ ਸਗੋਂ ਸੰਸਾਰ ਪੱਧਰ ਦਾ ਖੱਬਾ ਪੱਖ ਇਸ ਬੇਸ਼ਕੀਮਤੀ ਮੌਕੇ ਨੂੰ ਵਰਤੇ ਬਿਨਾਂ ਦੀਆਂ ਉਘ ਦੀਆਂ ਪਤਾਲ ਮਾਰਦਾ ਰਿਹਾ। ਹਾਲਾਂਕਿ ਇਸ ਦੌਰ ਦੌਰਾਨ ਖੱਬੇ ਪੱਖ ਦਾ ਇਕ ਸੀਮਤ ਜਿਹਾ ਹਿੱਸਾ, ਕੁਝ ਮੈਡੀਕਲ ਮਾਹਰ ਤੇ ਕੁਝ ਸੰਸਾਰ-ਪ੍ਰਸਿੱਧ ਵਿਦਵਾਨ ਤੇ (ਖਾਸ ਕਰਕੇ ਪੰਜਾਬ ਵਿੱਚ ਜੀਵੇ ਪੰਜਾਬ ਵਰਗੀਆਂ ਜਥੇਬੰਦੀਆਂ) ਹਾਅ ਦਾ ਨਾਅਰਾ ਜ਼ਰੂਰ ਮਾਰਦੇ ਰਹੇ ਪਰ ਉਨ੍ਹਾਂ ਦੀ ਸੀਮਤ ਸਮਰੱਥਾ ਕੋਈ ਵੱਡਾ ਮਾਅਰਕਾ ਨਾ ਮਰ ਸਕੀ। ਏਨਾ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀ ਪਹੁੰਚ ਮਾਰਕਸਵਾਦੀ ਸੀ, ਪਰ ਉਹਨਾਂ ਨੂੰ ਵੱਡੀ ਗਿਣਤੀ ਵਿਚ ਖੱਬੇ ਪੱਖੀ ਧਿਰਾਂ ਨੇ ਉਲਟ ਇਨਕਲਾਬੀ ਕਹਿ ਕੇ ਪ੍ਰਚਾਰਿਆ ਹੈ। ਇਹ ਪੋਸਟ ਵੀ ਇਸੇ ਸਿਧਾਂਤਕਾਰੀ ਦਾ ਹਿੱਸਾ ਹੈ, ਜਿਸ ਦਾ ਸੁਆਗਤ ਕਰਨਾ ਬਣਦਾ ਹੈ।

No comments:

Post a Comment