Monday, 20 July 2020
ਕੋਰੋਨਾ ਦੌਰ ਦਰਮਿਆਨ ਤੁਰਕੀ 'ਚ ਪਰਬਤ ਜੇਡੇ ਸੁਪਨੇ ਲੈਣ ਵਾਲੇ ਸ਼ਹੀਦ
ਕੋਰੋਨਾ ਦੌਰ ਦਰਮਿਆਨ ਤੁਰਕੀ 'ਚ ਪਰਬਤ ਜੇਡੇ ਸੁਪਨੇ ਲੈਣ ਵਾਲੇ ਸ਼ਹੀਦ
ਤੁਰਕੀ ਦੀ ਖੱਬੇ ਪੱਖੀ ਲੋਕ ਸੰਗੀਤ ਮੰਡਲੀ ਗਰੁੱਪ ਯੌਰੁਮ ਦੇ ਮੈਂਬਰ ਤੇ ਕਾਰਕੁੰਨ, 41 ਸਾਲਾ ਇਬਰਾਹੀਮ ਗੋਕਚੇਕ ਦਾ ਦਿਨਾਂ 328 ਦੀ ਭੁੱਖ ਹੜ੍ਹਤਾਲ ਮਗਰੋਂ ਕੱਲ੍ਹ ਦਿਹਾਂਤ ਹੋ ਗਿਆ। ਉਹਨਾਂ ਦੀ ਭੁੱਖ ਹੜ੍ਹਤਾਲ ਤੁਰਕੀ ਸਰਕਾਰ ਵੱਲੋਂ ਉਹਨਾਂ ਦੀ ਸੰਗੀਤ ਮੰਡਲੀ 'ਤੇ ਲਾਈਆਂ ਬੰਦਸ਼ਾਂ ਖ਼ਿਲਾਫ਼ ਸੀ। ਭਾਵੇਂ ਉਹਨਾਂ ਦੋ ਦਿਨ ਪਹਿਲਾਂ ਹੀ ਭੁੱਖ ਹੜ੍ਹਤਾਲ ਖ਼ਤਮ ਕੀਤੀ ਸੀ ਜਦ ਉਹਨਾਂ ਦੀ ਮੰਡਲੀ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਮਿਲ ਗਈ ਸੀ ਪਰ ਫ਼ੇਰ ਵੀ ਸਿਹਤ ਕਮਜ਼ੋਰ ਹੋਣ ਕਰਕੇ ਵਿਗੜ ਗਈ ਤੇ ਉਹ ਹਸਪਤਾਲ ਵਿੱਚ ਪੂਰੇ ਹੋ ਗਏ। ਇਸ ਤੋਂ ਪਹਿਲਾਂ ਇਸੇ ਗਰੁੱਪ ਦੀ ਗਾਇਕਾ ਹੈਲਨ ਬੋਲੇਕ ਵੀ ਲਗਭਗ ਇੱਕ ਮਹੀਨਾ ਪਹਿਲਾਂ 288 ਦਿਨਾਂ ਦੀ ਭੁੱਖ ਹੜ੍ਹਤਾਲ ਮਗਰੋਂ ਪੂਰੀ ਹੋ ਗਈ ਸੀ। 1980'ਵਿਆਂ ਦੇ ਮੱਧ ਵਿੱਚ ਆਪਣੀ ਕਾਇਮੀ ਤੋਂ ਲੈ ਕੇ ਹੀ ਗਰੁੱਪ ਯੌਰੁਮ ਤੁਰਕੀ ਤੇ ਕੁਰਦਿਸਤਾਨੀ ਖੱਬੇ-ਪੱਖੀਆਂ ਵਿੱਚ ਬਹੁਤ ਹਰਮਨਪਿਆਰੀ ਸੰਗੀਤ ਮੰਡਲੀ ਸੀ ਜਿਹਨਾਂ ਕੁੱਲ 23 ਸੰਗੀਤ ਕੈਸਟਾਂ ਕੱਢੀਆਂ ਤੇ ਸਰਕਾਰ ਵੱਲੋਂ ਰੋਕਾਂ ਲਾਉਣ ਤੋਂ ਪਹਿਲਾਂ ਬਹੁਤ ਵੱਡੇ ਜਨਤਕ ਅਖਾੜੇ ਲਾਏ।
ਇੱਕ ਸਿਆਸੀ ਕੈਦੀ ਦੋਸਤ ਲਈ
ਜੇ ਤੂੰ ਕੁਝ ਨਾ ਕਰਦਾ
ਤੂੰ ਬੰਦਾ ਈ ਰਹਿੰਦਾ
ਸਾਡੇ ਰੰਗਾ
ਪਰ ਆਪਣੀ ਸੋਚਾਂ ਦਾ ਅੰਤ ਹਮੇਸ਼ਾ ਡਰਾਉਂਦਾ ਤੈਨੂੰ
ਤੂੰ ਨਾ ਡਰਿਆ
ਕਿ ਦਰਿਆ ਨਹੀਂ ਡਰਦਾ ਆਪਣੀ ਛੱਲ ਤੋਂ
ਬਾਗ਼ੀ ਵਾਂਗੂੰ
ਉਹੋ ਗੁੱਠ ਰੌਸ਼ਨ ਰਹਿੰਦੀ ਏ
ਜਿੱਥੇ ਬਾਗ਼ੀ ਮਚਦਾ ਏ
ਪਰ ਉਹ ਥਾਵਾਂ ਕਿਹੜੀਆਂ
ਜਿਹੜੀਆਂ ਖਿੰਡਦੇ ਤਾਅ ਨੂੰ ਝੱਲਣ
ਖ਼ਤਰੇ ਦੀਆਂ ਢਲਵਾਨਾਂ
ਯਾ ਜੇਲ੍ਹਾਂ
ਜਿਹਨਾਂ ਵਿੱਚ ਉਹ ਨਿੱਘ ਦਵਾਲੇ ਦੂਜਾ ਰੰਗ ਵੀ ਤੱਕਦਾ ਏ
ਫਿੱਕਾ ਰੰਗ ਉਡੀਕਾਂ ਦਾ,
ਤੇ ਗੂੜ੍ਹਾ ਰੰਗ ਉਦਾਸੀ ਦਾ
ਫਿੱਟਿਆ ਫਿੱਟਿਆ ਰੰਗ ਜੋਬਨ ਦਾ
ਘਸਮੈਲਾ ਰੰਗ ਰੋਟੀ ਦਾ
ਤੂੰ ਕਿ ਹੁਣ ਜੇਲ੍ਹੀਂ ਏਂ
ਤੇਰੇ ਭਾਣੇ ਜੇਲ੍ਹ ਕਿਹੋ ਜਿਹੀ ਹੋਸੀ
ਬੁੱਢ ਦੇ ਸਾਵੇ ਪਾਣੀ ਵਰਗੀ
ਜਿਹੜਾ ਨਾ ਵਗੇ ਨਾ ਸੁੱਕੇ
ਕਿਸੇ ਪਹਾੜੀ ਰਸਤੇ ਵਰਗੀ
ਜੋ ਨਾ ਤੋੜ ਪੁਚਾਵੇ ਨਾ ਈ ਮੁੱਕੇ
ਖ਼ਬਰੇ ਇਹੋ ਜਿਹੀ ਦੁਨੀਆਂ ਕੋਈ
ਜਿੱਥੇ ਵੇਲ੍ਹਾ ਨਾ ਹੰਢੇ ਨਾ ਸੱਜਰਾ ਹੋਵੇ
ਤੇਰੀ ਦੁਨੀਆਂ ਇਸ ਭੱਠੀ ਦਾ ਬਾਲ਼ਣ ਏ
ਜਿਸ 'ਤੇ ਅਸੀਂ ਚਾੜ੍ਹੀ ਏ ਭਾਜੀ ਗੀਤਾਂ ਦੀ
ਇਹ ਜਿਹੜੀ ਵੀ ਰੁੱਤੇ ਪੱਕੇ
ਇਸ ਵਿੱਚ ਹੋਸੀ ਲੂਣ ਕਸੈਲਾ
ਤੇਰੇ ਪਰਬਤ ਜੇਹੇ ਸੁਪਨੇ ਦਾ
- ਮੁਸ਼ਤਾਕ ਸੂਫ਼ੀ
-ਮਨਪ੍ਰੀਤ ਦੀ ਫੇਸਬੁੱਕ ਤੋਂ
Subscribe to:
Post Comments (Atom)
No comments:
Post a Comment