Monday, 20 July 2020

ਸਿਆਸੀ ਕੈਦੀਆਂ ਦੀ ਰਿਹਾਈ ਲਈ ਜਮਾਤੀ ਯੁੱਧ ਤੇਜ਼ ਕਰੋ


ਵਰਵਰਾ ਰਾਓ, ਜੀ.ਐਨ. ਸਾਈਬਾਬਾ, ਕੋਬਾਦ ਗਾਂਧੀ ਸਮੇਤ ਸਿਆਸੀ ਕੈਦੀਆਂ ਦੀ ਰਿਹਾਈ ਲਈ ਜਮਾਤੀ ਯੁੱਧ ਤੇਜ਼ ਕਰੋ ਪੁਲਸ ਨੇ 81 ਸਾਲਾਂ ਦੀ ਉਮਰ ਨੂੰ ਢੁਕੇ ਤੈਲਗੂ ਦੇ ਮਹਾਨ ਕਵੀ ਵਰਵਰਾ ਰਾਓ, ਦਿੱਲੀ ਯੂਨੀਵਰਸਿਟੀ ਦੇ 90 ਫੀਸਦੀ ਅਪੰਗ ਪਰੋਫੈਸਰ ਜੀ.ਐਨ. ਸਾਈਬਾਬਾ, 70 ਸਾਲਾਂ ਨੂੰ ਪਹੁੰਚੇ ਕੋਬਾਦ ਗਾਂਧੀ ਅਨੇਕਾਂ ਸਿਆਸੀ ਕੈਦੀਆਂ ਉੱਪਰ ਦੇਸ਼ ਧਰੋਹ, ਅੱਗਜ਼ਨੀ, ਲੁੱਟ-ਖੋਹ ਵਰਗੇ ਕੇਸ ਮੜ੍ਹ ਕੇ ਭਾਰਤੀ ਹਕੂਮਤ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਉਹਨਾਂ 'ਤੇ ਅਤਿ ਘਿਨਾਉਣੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਢਾਹੇ ਹਨ। ਭਾਰਤੀ ਹਕੂਮਤ ਨੇ ਕੋਰੋਨਾ ਦੌਰ ਸਮੇਂ ਜੇਲ੍ਹਾਂ ਵਿੱਚੋਂ ਬੁੱਢੇ, ਬਿਮਾਰ ਅਤੇ ਦਿੱਤੀ ਸਜ਼ਾ ਭੁਗਤਣ ਦੇ ਨੇੜੇ ਪਹੁੰਚੇ ਦਹਿ ਹਜ਼ਾਰਾਂ ਕੈਦੀਆਂ ਨੂੰ ਰਿਹਾਅ ਕੀਤਾ ਹੈ। ਉਹਨਾਂ ਦਾ ਮਨੋਰਥ ਸਿਰਫ ਇਹਨਾਂ ਕੈਦੀਆਂ ਦੀ ਰਿਹਾਈ ਕਰਨਾ ਨਹੀਂ ਸੀ, ਬਲਕਿ ਇਹਨਾਂ ਦੀ ਥਾਂ 'ਤੇ ਇਹਨਾਂ ਨਾਲੋਂ ਵੀ ਡੇਢੀ ਦੁੱਗਣੀ ਹੋਰ ਗਿਣਤੀ ਨੂੰ ਜੇਲ੍ਹਾਂ ਵਿੱਚ ਤਾੜਨਾ ਸੀ। ਹਕੂਮਤ ਨੇ ਜਿੱਥੇ ਹੋਰਨਾਂ ਗੈਰ-ਸਿਆਸੀ ਕੈਦੀਆਂ ਦੀ ਰਿਹਾਈ ਕੀਤੀ ਹੈ, ਉਥੇ ਅਨੇਕਾਂ ਲਾ-ਇਲਾਜ ਰੋਗਾਂ ਤੋਂ ਪੀੜਤ, ਬਜ਼ੁਰਗ ਅਵਸਥਾ ਵਿੱਚ ਪਹੁੰਚੇ ਇਹਨਾਂ ਸਿਆਸੀ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ। ਇਹਨਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਗਿਆ, ਇਸ ਦੇ ਪਿੱਛੇ ਹਕੂਮਤ ਦੇ ਘਟੀਆ ਮਨਸੂਬੇ ਕੰਮ ਕਰਦੇ ਹਨ। ਉਹ ਘਟੀਆ ਮਨਸੂਬੇ ਹਨ ਕਿ ਜਿਹੜੇ ਵੀ ਵਿਅਕਤੀ ਭਾਰਤੀ ਰਾਜ ਤੋਂ ਬਾਗੀ ਹੋ ਕੇ ਇਸ ਨੂੰ ਮੂਲੋਂ-ਮੁੱਢੋਂ ਬਦਲ ਕੇ ਇਸ ਦੀ ਥਾਂ ਲੋਕਾਂ ਦੀ ਖਰੀ ਨੁਮਾਇੰਦਗੀ ਵਾਲਾ ਨਵ-ਜਮਹੂਰੀ ਪਰਬੰਧ ਸਿਰਜਣ ਦੇ ਹਾਮੀ ਹਨ, ਉਹਨਾਂ ਨੂੰ ਅਜਿਹੀਆਂ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਜਿਹਨਾਂ ਬਾਰੇ ਸੋਚ ਕੇ ਆਮ ਸਾਧਾਰਨ ਬੰਦੇ ਦੇ ਲੂੰ-ਕੰਡੇ ਖੜ੍ਹੇ ਹੋ ਜਾਣ ਅਤੇ ਉਹ ਹਕੂਮਤੀ ਡਰ ਅੱਗੇ ਡੰਡੌਤ-ਵੰਦਨਾ ਕਰਦੇ ਹੋਏ ਜਮਾਤੀ ਘੋਲਾਂ, ਆਜ਼ਾਦੀ ਅਤੇ ਜਮਹੂਰੀਅਤ ਦੇ ਹੱਕਾਂ ਦੇ ਰਾਹ ਤੋਂ ਤੌਬਾ ਕਰਨ ਤੱਕ ਪਹੁੰਚ ਜਾਣ। ਜਦੋਂ ਅਸੀਂ ਜਮਾਤੀ ਘੋਲ ਲੜਨ ਵਾਲੇ ਯੋਧਿਆਂ, ਬਾਗੀਆਂ ਅਤੇ ਰਹਿਬਰਾਂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਹਕੂਮਤਾਂ ਲਈ ਸਿਰੇ ਦੀ ਚੁਣੌਤੀ ਬਣਨ ਵਾਲੇ ਬਾਗੀਆਂ ਨੂੰ ਹਕੂਮਤਾਂ ਅਜਿਹੀਆਂ ਮਿਸਾਲੀ ਸਜ਼ਾਵਾਂ ਦਿੰਦੀਆਂ ਰਹੀਆਂ ਜਿਹਨਾਂ ਨਾਲ ਜਮਾਤੀ ਯੁੱਧਾਂ ਅਤੇ ਜ਼ਿੰਦਗੀ ਮੌਤ ਦੇ ਘੋਲਾਂ ਤੋਂ ਅਣਜਾਣ ਲੋਕ ਡਰ ਕੇ ਕੰਬ ਉੱਠਦੇ ਹਨ, ਪਰ ਜਿਹਨਾਂ ਨੂੰ ਜਮਾਤੀ ਜਾਗਰਤੀ ਹੁੰਦੀ ਹੈ, ਉਹ ਦੁਸ਼ਮਣ ਹੱਥੋਂ ਮਰਨ ਨੂੰ ਆਪਣੀ ਨਿਆਮਤ ਸਮਝਦੇ ਹਨ। ਅਜਿਹੇ ਬਾਗੀ ਜਿੱਥੇ ਯੁੱਧ ਦੇ ਮੈਦਾਨ ਵਿੱਚ ਦੂਸ਼ਮਣ ਦੇ ਆਹੂ ਲਾਹੁਣ ਵਿੱਚ ਅੰਤਾਂ ਦੇ ਗੁੱਸੇ, ਜੋਸ਼ ਅਤੇ ਰੋਹ ਦਾ ਪਰਗਟਾਵਾ ਕਰਦੇ ਸਨ ਉੱਥੇ ਉਹ ਦੁਸ਼ਮਣ ਦੀ ਗਰਿਫਤ ਵਿੱਚ ਆ ਜਾਣ 'ਤੇ ਸਬਰ, ਠਰੰਮੇ, ਸਿਦਕ ਦੀ ਉਹ ਮਿਸਾਲ ਬਣਦੇ ਰਹੇ ਉਹਨਾਂ ਨੇ ਦੁਸ਼ਮਣ ਦੇ ਅੰਤਾਂ ਦੇ ਜਬਰ ਅਤੇ ਜ਼ਾਲਮ ਤਰੀਕਿਆਂ ਅੱਗੇ ਸੀਅ ਨਾ ਉੱਚਰੀ। ਪੰਜਾਬ ਦੇ ਇਤਿਹਾਸ ਵਿੱਚ ਅਸੀਂ ਬੰਦਾ ਸਿੰਘ ਬਹਾਦਰ ਬਾਬਤ ਪੜ੍ਹਦੇ ਸੁਣਦੇ ਆ ਰਹੇ ਹਾਂ ਕਿ ਉਸਦਾ ਮਾਸ ਜਮੂਰਾਂ ਨਾਲ ਨੋਚਿਆ ਗਿਆ ਸੀ, ਉਸਦੇ ਬੱਚੇ ਦਾ ਦਿਲ ਕੱਢ ਕੇ ਉਸਦੇ ਮੂੰਹ ਵਿੱਚ ਤੁੰਨਿਆ ਗਿਆ ਸੀ। ਭਾਈ ਤਾਰੂ ਸਿੰਘ ਦੀ ਖੋਪਰੀ ਲਾਹ ਕੇ ਉਸਦੇ ਸਿਦਕ ਨੂੰ ਪਰਖਿਆ ਗਿਆ ਸੀ। ਉਹ ਅਠਾਰਾਂ ਦਿਨ ਇਸੇ ਹੀ ਅਵਸਥਾ ਵਿਚ ਰਿਹਾ ਸੀ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਸੀ। ਭਾਈ ਦਿਆਲਾ ਨੂੰ ਦੇਗ ਵਿੱਚ ਉਬਾਲਿਆ ਗਿਆ ਸੀ। ਅਨੇਕਾਂ ਸਿੱਖਾਂ ਨੂੰ ਚਰਖੜੀਆਂ 'ਤੇ ਚਾੜ੍ਹਿਆ ਗਿਆ। ਕਿੰਨੇ ਹੀ ਬੱਚਿਆਂ ਨੂੰ ਨੇਜਿਆਂ 'ਤੇ ਟੰਗ ਕੇ ਉਹਨਾਂ ਦੀਆਂ ਮਾਵਾਂ ਦੇ ਸਬਰ ਦੀ ਪਰਖ ਕੀਤੀ ਗਈ ਸੀ। ਅਜਿਹਾ ਹੀ ਕੁੱਝ ਅੱਜ ਦੇ ਸਮੇਂ ਵੀ ਭਾਰਤੀ ਰਾਜ ਦੇ ਬਾਗੀਆਂ ਨਾਲ ਹੋ ਰਿਹਾ ਹੈ, ਉਹ ਭਾਵੇਂ ਕਸ਼ਮੀਰੀ ਜੁਝਾਰੂ ਹੋਣ ਭਾਵੇਂ ਸਿੱਖੀ ਜਾਂ ਮੁਸਲਿਮ ਘੱਟ-ਗਿਣਤੀਆਂ ਦੇ ਹੱਕਾਂ ਦੇ ਦਾਅਵੇ ਤੇ ਭਾਵੇਂ ਉਹ ਬਸਤਰ ਦੀ ਬਗਾਵਤ ਦੇ ਝੰਡਾਬਰਦਾਰ ਹੋਣ। ਕੋਬਾਦ ਗਾਂਧੀ ਨੂੰ ਤਕਰੀਬਨ ਇੱਕ ਦਹਾਕਾ ਜੇਲ੍ਹਾਂ ਵਿੱਚ ਰੱਖ ਕੇ ਦੇਸ਼ ਦੇ ਵੱਖ ਵੱਖ ਇਲਾਕਿਆਂ ਦੀਆਂ ਅਦਾਲਤਾਂ ਵਿੱਚ ਖੱਜਲ ਖੁਆਰ ਕੀਤਾ ਗਿਆ। ਜਦੋਂ ਉਹ ਸਾਰੇ ਹੀ ਕੇਸਾਂ ਵਿੱਚੋਂ ਜਾਂ ਤਾਂ ਬਰੀ ਹੋ ਗਿਆ ਜਾਂ ਉਸ ਨੂੰ ਜਮਾਨਤ ਮਿਲ ਗਈ, ਤਾਂ ਵੀ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਸੁਧਾ ਭਾਰਦਵਾਜ, ਸੋਮਾ ਸੇਨ ਹੋਰਨਾਂ ਅਨੇਕਾਂ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਜੇਲ੍ਹਾਂ ਵਿੱਚ ਸਿਰਫ ਇਸੇ ਕਰਕੇ ਹੀ ਬੰਦ ਕੀਤਾ ਕਿ ਉਹਨਾਂ ਵਿੱਚ ਇਹ ਸਮਰੱਥਾ ਹੈ ਕਿ ਉਹ ਗੁਲਾਮਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਗੁਲਾਮਾਂ ਕੋਲੋਂ ਬਗਾਵਤਾਂ ਕਰਵਾ ਸਕਦੇ ਹਨ। ਭੀਮਾ ਕੋਰੇਗਾਓਂ ਹੋਵੇ, ਨਾਸਿਕ ਜਾਂ ਸੀਕਰ ਜਿੱਥੇ ਕਿਤੇ ਵੀ ਦਹਿ-ਹਜ਼ਾਰਾਂ ਜਾਂ ਲੱਖਾਂ ਲੋਕਾਂ ਨੂੰ ਲਾਮਬੰਦ ਕਰਕੇ ਸੜਕਾਂ 'ਤੇ ਲਿਆ ਕੇ ਜਮਾਤੀ ਘੋਲਾਂ ਨੂੰ ਤਿੱਖਾ ਕਰਨ ਵਾਲੇ ਇਨਕਲਾਬੀ ਅਤੇ ਬਾਗੀ ਹਕੂਮਤਾਂ ਨੂੰ ਉੱਭਰਦੇ ਦਿਖਾਈ ਦਿੰਦੇ ਹਨ, ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਲਈ ਭਾਰਤੀ ਰਾਜ ਨੇ ਆਰ.ਐਸ.ਐਸ. ਦੇ ਗੜ੍ਹ ਨਾਗਪੁਰ ਵਿੱਚ ਲਿਜਾ ਕੇ ਜੇਲ੍ਹਾਂ ਵਿੱਚ ਬੰਦ ਕਰਕੇ ਤਿਲ ਤਿਲ ਮਰਨ ਅਤੇ ਤੜਪਾਉਣ ਦੇ ਘਿਨਾਉਣੇ ਕਾਰੇ ਕੀਤੇ ਹਨ। ਅਨੇਕਾਂ ਕੱਚੇ-ਪਿੱਲੇ ਹਿੱਸੇ ਅਜਿਹੀ ਦਹਿਸ਼ਤ ਕਾਰਨ ਪਿੱਛੇ ਹਟ ਵੀ ਜਾਂਦੇ ਹਨ, ਪਰ ਜਿਹਨਾਂ ਦੀ ਸਮਝ ਸਿਖਰਾਂ ਛੂਹ ਗਈ ਹੋਵੇ ਉਹ ਹੋਰਨਾਂ ਲਈ ਕੁਰਬਾਨੀ ਦਾ ਪੁੰਜ ਬਣ ਕੇ ਰੌਸ਼ਨੀ ਵੰਡਣ ਦਾ ਸਬੱਬ ਬਣਦੇ ਹਨ। ਕਿਸੇ ਆਮ ਬੰਦੇ ਦੇ ਇੱਕ ਕੰਡਾ ਚੁਭ ਜਾਵੇ ਜਾਂ ਮਾੜੀ ਮੋਟੀ ਝਰੀਟ ਆ ਜਾਵੇ, ਉਸ ਕੋਲੋਂ ਇਹ ਦਰਦ ਵੀ ਬਰਦਾਸ਼ਤ ਨਹੀਂ ਹੁੰਦਾ। ਉਹ ਹਾਲ-ਦੁਹਾਈ ਪਾ ਸਕਦਾ ਹੈ। ਪਰ ਜਿਹਨਾਂ ਬਜ਼ੁਰਗਾਂ ਅਤੇ ਬਿਮਾਰਾਂ ਨੂੰ ਬਿਨਾ ਦਵਾਈਆਂ ਬਿਮਾਰੀ ਨਾਲ ਤੜਫਣ ਲਈ ਛੱਡ ਦਿੱਤਾ ਜਾਂਦਾ ਹੈ, ਤਾਂ ਇਹ ਜਬਰ ਦੇ ਅਤਿ ਘਿਨਾਉਣੇ ਰੂਪ ਹੁੰਦੇ ਹਨ। ਸਿਰੇ ਦੇ ਬੁਖਾਰ ਅਤੇ ਦੀਰਘ ਰੋਗਾਂ ਦੀਆਂ ਬਿਮਾਰੀਆਂ ਨਾਲ ਬੰਦੇ ਦਾ ਰੋਮ ਰੋਮ ਦੁੱਖਦਾ ਹੈ, ਉਸ ਦੇ ਸਰੀਰ ਅੰਦਰਲਾ ਇੱਕ ਇੱਕ ਸੈਲ ਟੁੱਟਦਾ ਹੈ, ਉਸਦੇ ਆਪਣੇ ਬੱਚਿਆਂ, ਮਿੱਤਰਾਂ, ਦੋਸਤਾਂ, ਸਾਥੀਆਂ, ਸਾਕ-ਸਬੰਧੀਆਂ ਬਾਰੇ ਜਜ਼ਬਾਤਾਂ ਨੂੰ ਜਦੋਂ ਠੇਸ ਪਹੁੰਚਦੀ ਹੈ ਤਾਂ ਉਸ ਲਈ ਉਹਨਾਂ ਦੀ ਯਾਦ ਸੂਲਾਂ ਬਣ ਬਣ ਚੁਭਦੀ ਹੈ। ਅਜਿਹਾ ਕੁੱਝ ਹਕੂਮਤਾਂ ਨੇ ਤਸੀਹਿਆਂ ਦੇ ਨਵੇਂ ਨਵੇਂ ਰੂਪਾਂ ਵਿੱਚ ਸਾਹਮਣੇ ਲਿਆਂਦਾ ਹੈ। ਭਾਰਤੀ ਸਮਾਜ ਦੇ ਵੱਖ ਵੱਖ ਹਿੱਸਿਆਂ ਵੱਲੋਂ ਸਾਥੀ ਵਰਵਰਾ ਰਾਓ, ਕੋਬਾਦ ਗਾਂਧੀ, ਜੀ.ਐਨ. ਸਾਈਬਾਬਾ ਸਮੇਤ ਹੋਰਨਾਂ ਸਭਨਾਂ ਹੀ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ। ਜਦੋਂ ਭਾਰਤੀ ਹਕੂਮਤ ਨੇ ਆਪਣੇ ਉੱਪਰ ਆਜ਼ਾਦੀ ਅਤੇ ਜਮਹੂਰੀਅਤ ਦਾ ਨਕਾਬ ਚਾੜ੍ਹਿਆ ਹੋਇਆ ਹੈ ਤਾਂ ਜਿਹੜੇ ਵੀ ਹਿੱਸੇ ਇਸ ਸਮਾਜ ਵਿੱਚ ਹਾਸਲ ਹੋਈ ਕੋਈ ਆਜ਼ਾਦੀ ਜਾਂ ਜਮਹੂਰੀਅਤ ਨੂੰ ਮੰਨਦੇ ਹਨ, ਉਹਨਾਂ ਦਾ ਇਹ ਫਰਜ਼ ਬਣਦਾ ਹੀ ਹੈ ਕਿ ਉਹ ਕਿਸੇ ਵੀ ਸਭਿਆ ਸਮਾਜ ਵੱਲੋਂ ਸਿਆਸੀ ਕੈਦੀਆਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਦਿਵਾਉਣ ਲਈ ਸੰਘਰਸ਼ ਕਰਨ। ਪਰ ਜਮਹੂਰੀ ਪੈਂਤੜੇ ਤੋਂ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਅਨੇਕਾਂ ਹਿੱਸੇ ਭਾਰਤੀ ਰਾਜ ਦੇ ਖਾਸੇ ਤੋਂ ਅਣਜਾਣ ਹਨ, ਉਹ ਇਸ ਰਾਜ ਤੋਂ ਉਹਨਾਂ ਬਾਗੀਆਂ ਦੀ ਰਿਹਾਈ ਦੀ ਮੰਗ ਕਰ ਰਹੇ, ਜਿਹਨਾਂ ਨੇ ਇਸ ਰਾਜ ਅਤੇ ਸਮਾਜ ਨੂੰ ਮੂਲੋਂ ਹੀ ਬਦਲ ਕੇ ਨਵੇਂ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ ਹੋਇਆ ਹੈ। ਸਿਆਸੀ ਕੈਦੀਆਂ ਦੇ ਪਰਿਵਾਰਾਂ ਵੱਲੋਂ ਮਨੁੱਖੀ ਆਧਾਰ ਦੇ ਉਹਨਾਂ ਦੀਆਂ ਸਿਹਤ-ਸਹੂਲਤਾਂ ਦੀ ਮੰਗ ਕੀਤੀ ਜਾਂਦੀ ਹੈ, ਇਹ ਕੀਤੀ ਹੀ ਜਾ ਸਕਦੀ ਹੈ ਅਤੇ ਕਰਨੀ ਵੀ ਚਾਹੀਦੀ ਹੈ। ਇਹ ਉਹਨਾਂ ਦਾ ਹੱਕ ਹੀ ਬਣਦਾ ਹੈ। ਪਰ ਜਦੋਂ ਭਾਰਤੀ ਰਾਜ ਉਹਨਾਂ ਦੇ ਹਕੀਕੀ ਹੱਕਾਂ ਦੀ ਪੂਰਤੀ ਨਹੀਂ ਕਰਦਾ ਤਾਂ ਅਜਿਹਾ ਅਮਲ ਹੋਣ ਨਾਲ ਵੀ ਭਾਰਤੀ ਰਾਜ ਦਾ ਖਾਸਾ ਹੀ ਹੋਰ ਜ਼ਾਹਰਾ ਰੂਪ ਵਿੱਚ ਪਰਗਟ ਹੁੰਦਾ ਹੈ। ਭਾਰਤੀ ਰਾਜ ਨੂੰ ਜਮਹੂਰੀ ਸਮਝਣ ਵਾਲਿਆਂ ਦੇ ਮਨਾਂ ਵਿੱਚ ਪਏ ਅਨੇਕਾਂ ਭਰਮ ਦੂਰ ਹੁੰਦੇ ਹਨ। ਜਦੋਂ ਅਸੀਂ ਕਾਮਰੇਡ ਵਰਵਰਾ ਰਾਓ, ਕੋਬਾਦ ਗਾਂਧੀ ਜਾਂ ਜੀ.ਐਨ. ਸਾਈਬਾਬਾ ਵਰਗੇ ਉਹਨਾਂ ਸਿਆਸੀ ਕੈਦੀਆਂ ਦੇ ਵਿਚਰਨ ਢੰਗ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਮੌਜੂਦਾ ਭਾਰਤੀ ਰਾਜ ਪਰਬੰਧ ਵਿੱਚ ਬੁਨਿਆਦੀ ਤਬਦੀਲੀਆਂ ਕਰਕੇ ਨਵੇਂ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ ਹੋਇਆ ਹੈ, ਉਹ ਇਸੇ ਦੀ ਖਾਤਰ ਕੰਮ ਕਰਦੇ ਰਹੇ ਹਨ। ਇਸੇ ਹੀ ਕਰਕੇ ਭਾਰਤੀ ਰਾਜ ਨੇ ਉਹਨਾਂ ਦੀ ਸਰਗਰਮੀ ਨੂੰ ਰੋਕਣ ਲਈ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਜਦੋਂ ਉਹ ਆਪਣੇ ਬਾਹਰੀ ਜੀਵਨ ਕਾਲ ਵਿੱਚ ਭਾਰਤੀ ਰਾਜ ਵਿਰੁੱਧ ਬਗਾਵਤਾਂ ਦਾ ਸੱਦਾ ਦਿੰਦੇ ਰਹੇ ਹਨ ਤਾਂ ਉਹਨਾਂ ਦੇ ਹਕੀਕੀ ਵਾਰਸਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ, ਆਪਣੇ ਅਜਿਹੇ ਰਹਿਬਰਾਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਭਾਰਤੀ ਸਮਾਜ ਵਿੱਚ ਜਮਾਤੀ ਯੁੱਧਾਂ ਨੂੰ ਤੇਜ਼ ਕਰਕੇ ਲੋਕਾਂ ਨੂੰ ਹਕੀਕੀ ਚੇਤਨਾ ਦੇਣ ਅਤੇ ਉਹਨਾਂ ਨੂੰ ਜਥੇਬੰਦ ਕਰਕੇ ਨਵੇਂ ਸਮਾਜ ਦੀ ਸਿਰਜਣਾ ਦੇ ਰਾਹ ਤੋਰਨ। ਸ਼ਹੀਦ ਸਾਥੀਆਂ ਦੇ ਅਧੂਰੇ ਕਾਜ ਨੂੰ ਪੂਰਾ ਕਰਨਾ ਹੋਵੇ ਜਾਂ ਉਹਨਾਂ ਦੇ ਰਾਹ 'ਤੇ ਚੱਲਣ ਵਾਲੇ ਸਿਆਸੀ ਕੈਦੀਆਂ ਦੇ ਅਧੂਰੇ ਕਾਜ ਨੂੰ ਪੂਰਾ ਕਰਨਾ ਹੋਵੇ ਤਾਂ ਇਹ ਕੁੱਝ ਉਹਨਾਂ ਦੇ ਵਾਰਸਾਂ ਕੋਲੋਂ ਮੰਗ ਕਰਦਾ ਹੈ ਕਿ ਉਹ ਪਹਿਲਾਂ ਨਾਲੋਂ ਵੱਧ ਤਕੜੇ ਜੇਰੇ, ਇਰਾਦੇ, ਜੋਸ਼ ਅਤੇ ਧੜੱਲੇ ਨਾਲ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਜਮਾਤੀ ਘੋਲਾਂ ਦੇ ਰਾਹ ਪਾਉਣ। ------------- ਜੇਰੇ-ਇਲਾਜ ਪ੍ਰੋਫੈਸਰ ਵਰਾਵਰਾ ਰਾਓ ਨੂੰ ਤੁਰੰਤ ਰਿਹਾਅ ਕਰਨ ਲਈ ਜ਼ੋਰਦਾਰ ਆਵਾਜ਼ ਉਠਾਓ ਹਾਲ ਹੀ ਵਿਚ ਸਾਹਮਣੇ ਆਇਆ ਹੈ ਕਿ ਪ੍ਰੋਫੈਸਰ ਵਰਾਵਰਾ ਰਾਓ ਨੂੰ ਪੁਲਿਸ ਨੇ ਚੁੱਪ ਚੁਪੀਤੇ ਤਾਲੋਜਾ ਜੇਲ੍ਹ ਤੋਂ ਜੇਜੇ ਹਸਪਤਾਲ ਮੁੰਬਈ ਵਿਚ ਦਾਖ਼ਲ ਕਰਵਾਇਆ ਹੈ। ਇਹ ਖ਼ਬਰ ਬੇਹੱਦ ਫ਼ਿਕਰਮੰਦੀ ਵਾਲੀ ਹੈ। ਪ੍ਰੋਫੈਸਰ ਵਰਾਵਰਾ ਰਾਓ ਦੀ ਜੀਵਨ ਸਾਥਣ ਹੇਮਲਤਾ ਜੀ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਜੋ ਜਾਣਕਾਰੀ ਦਿੱਤੀ ਹੈ ਉਸ ਦਾ ਸੰਖੇਪ ਰੂਪ ਸਾਂਝਾ ਕੀਤਾ ਜਾ ਰਿਹਾ ਹੈ: ਸ਼ੁੱਕਰਵਾਰ ਰਾਤ ਨੂੰ ਸਾਢੇ ਅੱਠ ਵਜੇ ਸਥਾਨਕ ਪੁਲਿਸ ਨੇ ਪੂਨੇ ਪੁਲਿਸ ਦੇ ਹਵਾਲੇ ਨਾਲ ਪਰਿਵਾਰ ਨੂੰ ਦੱਸਿਆ ਕਿ ਪ੍ਰੋਫੈਸਰ ਵਰਾਵਰਾ ਰਾਓ ਨੂੰ ਜੇਲ੍ਹ ਤੋਂ ਹਸਪਤਾਲ ਸ਼ਿਫ਼ਟ ਕੀਤਾ ਗਿਆ ਹੈ। ਬਾਦ ਵਿਚ ਪਰਿਵਾਰ ਵੱਲੋਂ ਹੋਰ ਪੁੱਛਗਿੱਛ ਕਰਨ ਤੇ ਸਾਹਮਣੇ ਆਇਆ ਕਿ ਪ੍ਰੋਫੈਸਰ ਵਰਾਵਰਾ ਰਾਓ ਇਕ ਦਿਨ ਪਹਿਲਾਂ ਜੇਲ੍ਹ ਵਿਚ ਬੇਹੋਸ਼ ਹੋ ਕੇ ਡਿੱਗ ਗਏ ਸਨ। ਜੇਜੇ ਹਸਪਤਾਲ ਦੇ ਹੈਲਥ ਬੁਲਿਟਨ ਨੇ ਸਾਰੀਆਂ ਅਹਿਮ ਰਿਪੋਰਟਾਂ ਨਾਰਮਲ ਦੱਸੀਆਂ ਹਨ। ਜਦਕਿ ਇਕ ਹੋਰ ਖ਼ਬਰ ਅਨੁਸਾਰ ਉਹ ਤਿੰਨ ਦਿਨ ਤੋਂ ਤਲੋਜਾ ਜੇਲ੍ਹ ਦੇ ਹਸਪਤਾਲ ਵਿਚ ਦਾਖ਼ਲ ਸਨ ਜਿੱਥੋਂ ਉਹਨਾਂ ਨੂੰ ਜੇਜੇ ਹਸਪਤਾਲ ਲਿਆ ਕੇ ਦਾਖ਼ਲ ਕਰਾਇਆ ਗਿਆ। ਉਹਨਾਂ ਦੀ ਸਿਹਤ ਦੀ ਅਸਲ ਹਾਲਤ ਕੀ ਹੈ, ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਇਸ ਦੌਰਾਨ ਤੇਲੰਗਾਨਾ ਪੁਲਿਸ ਨੇ ਬਿਆਨ ਦਿੱਤਾ ਹੈ ਕਿ ਉਹ ਪਰਿਵਾਰ ਦੇ ਮੁੰਬਈ ਜਾਣ ਦਾ ਇੰਤਜ਼ਾਮ ਕਰਨਗੇ। ਇਹ ਚਿੰਤਾਜਨਕ ਸੰਕੇਤ ਹੈ। ਹੇਮਲਤਾ ਜੀ ਨੇ ਦੱਸਿਆ ਕਿ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਜਾਜ਼ਤ ਮਿਲਣ ਦੀ ਸੂਰਤ ਵਿਚ ਪਰਿਵਾਰ ਮੈਂਬਰ ਉਹਨਾਂ ਦੀ ਦੇਖਭਾਲ ਕਰਨ ਲਈ ਹਸਪਤਾਲ ਜਾਣਗੇ। ਇਸ ਪ੍ਰਸੰਗ ਵਿਚ ਉਹਨਾਂ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਤੇ ਤੇਲੰਗਾਨਾ ਸਰਕਾਰਾਂ ਨੂੰ ਹੇਠ ਲਿਖੀ ਗੁਜ਼ਾਰਿਸ਼ ਕੀਤੀ ਹੈ: ਪਰਿਵਾਰ ਮੈਂਬਰਾਂ ਨੂੰ ਵਰਵਰਾ ਰਾਓ ਦੀ ਸਿਹਤ ਦੀ ਅਸਲ ਹਾਲਤ ਦੀ ਜਾਣਕਾਰੀ ਦਿੱਤੀ ਜਾਵੇ, ਉਹਨਾਂ ਨਾਲ ਤੁਰੰਤ ਵੀਡੀਓ ਕਾਨਫਰੰਸਿੰਗ ਕਰਵਾਈ ਜਾਵੇ। ਵਰਾਵਰਾ ਰਾਓ ਕਿਉਂਕਿ ਪਹਿਲਾਂ ਹੀ ਝੂਠੇ ਕੇਸ ਤਹਿਤ ਅਤੇ ਬਿਨਾਂ ਮੁਕੱਦਮਾ ਚਲਾਏ 18 ਮਹੀਨੇ ਜੇਲ੍ਹ ਵਿਚ ਰਹਿ ਚੁੱਕੇ ਹਨ, ਉਹਨਾਂ ਨੂੰ ਤੁਰੰਤ ਜ਼ਮਾਨਤ ਦੇ ਕੇ ਰਿਹਾਅ ਕੀਤਾ ਜਾਵੇ। ਜੇ ਉਹਨਾਂ ਦੇ ਬੇਹੋਸ਼ ਹੋ ਕੇ ਡਿੱਗਣ ਦੀ ਖ਼ਬਰ ਸੱਚੀ ਹੈ, ਤਾਂ ਇਸ ਦੇ ਕਾਰਨ ਪਤਾ ਲਾਉਣ ਲਈ ਉਹਨਾਂ ਦੀ ਭਰਵੀਂ ਮੈਡੀਕਲ ਜਾਂਚ ਕਰਵਾਈ ਜਾਵੇ। ਉਹ ਪਹਿਲਾਂ ਹੀ ਬਹੁਤ ਸਾਰੀਆਂ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ, ਇਸ ਲਈ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਇਹ ਜਾਨਣ ਲਈ ਡੂੰਘਾਈ ਵਿਚ ਜਾ ਕੇ ਉਹਨਾਂ ਦੀ ਮੈਡੀਕਲ ਜਾਂਚ ਕਰਾਈ ਜਾਵੇ ਤਾਂ ਜੁ ਇਹ ਉਹਨਾਂ ਦੇ ਬੇਹੋਸ਼ ਹੋਣ ਅਤੇ ਮੌਜੂਦਾ ਐਮਰਜੈਂਸੀ ਦੀ ਨੌਬਤ ਆਉਣ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ। ਕੇਂਦਰੀ ਗ੍ਰਹਿ ਮੰਤਰਾਲੇ ਤੁਰੰਤ ਕੌਮੀ ਜਾਂਚ ਏਜੰਸੀ ਨੂੰ ਇਸ ਸੰਬੰਧ ਵਿਚ ਦਿਸ਼ਾ-ਨਿਰਦੇਸ਼ ਦੇਵੇ ਜਿਸ ਦਾ ਵਰਾਵਰਾ ਰਾਓ ਅਤੇ ਹੋਰ ਸਹਿ-ਮੁਲਜ਼ਮਾਂ ਪ੍ਰਤੀ ਵਤੀਰਾ ਖ਼ਾਸ ਤੌਰ 'ਤੇ ਬਦਲਾਲਊ ਹੈ। ਡਿਪਟੀ ਗ੍ਰਹਿ ਮੰਤਰੀ ਜੀ. ਕ੍ਰਿਸ਼ਨਾ ਰੈਡੀ ਨੂੰ ਇਹ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਵਰਾਵਰਾ ਰਾਓ 1969 ਤੋਂ ਲੈ ਕੇ ਤੇਲੰਗਾਨਾ ਲਹਿਰ ਵਿਚ ਸ਼ਾਮਲ ਰਹੇ ਹੋਣ ਕਾਰਨ ਉਹਨਾਂ ਦੀ ਸਿਹਤ, ਰਾਜ਼ੀ ਖੁਸ਼ੀ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਤੇਲੰਗਾਨਾ ਸਰਕਾਰ ਲਵੇ। --------- ਚੰਡੀਗੜ ਪ੍ਰਸ਼ਾਸਨ ਤੇ ਪੁਲਸ ਦੀ ਦਹਿਸ਼ਤ ਫੈਲਾਉਣ ਵਾਲੀ ਕਰਤੂਤ 18 ਅਪ੍ਰੈਲ ਬਾਅਦ ਦੁਪਹਿਰ ਚਾਰ ਕੁ ਵਜੇ ਦਵਿੰਦਰ ਪਾਲ ਆਪਣੇ ਘਰੋਂ ਰੋਜ਼ਾਨਾ ਵਾਂਗ ਆਪਣੀ ਡਿਊਟੀ ਨਿਭਾਉਣ ਲਈ ਟਿਰਬਿਊਨ ਦਫਤਰ ਵੱਲ ਪੈਦਲ ਜਾ ਰਿਹਾ ਸੀ ਉਸਦੇ ਗੱਲ ਵਿੱਚ ਪਹਿਚਾਣ ਪੱਤਰ ਪਾਇਆ ਹੋਇਆ ਸੀ। ਅਚਾਨਕ ਇੰਡਸਟਰੀਅਲ ਏਰੀਏ ਦੇ ਐਸ ਐਚ 'ਚ ਦੀ ਬਲੈਰੋ ਗੱਡੀ ਨੇ ਉਸ ਕੋਲ ਆ ਕੇ ਬਰੇਕਾਂ ਮਾਰੀਆਂ ਤੇ ਉਸਦੇ ਕੰਨਾਂ ਵਿੱਚ ਗਰਜਵੀ ਅਵਾਜ਼ ਪਈ, ਕੌਣ ਹੈਂ ਉਏ ਤੂੰ ਤੇ ਕਿੱਧਰ ਜਾ ਰਿਹਾ ਹੈ? ਬੜੇ ਹੀ ਭਰੋਸੇ ਨਾਲ ਆਪਣੇ ਗਲ ਵਿੱਚ ਪਾਏ ਪਹਿਚਾਣ ਪੱਤਰ ਨੂੰ ਹੱਥ ਵਿੱਚ ਫੜਕੇ ਵਿਖਾਉਂਦਿਆਂ ਦਵਿੰਦਰ ਪਾਲ ਨੇ ਕਿਹਾ ਮੈ ਪੱਤਰਕਾਰ ਹਾਂ ਤੇ ਟਿਰਬਿਊਨ ਦਫਤਰ ਡਿਊਟੀ 'ਤੇ ਜਾ ਰਿਹਾ ਹਾਂ .. ਕੋਈ ਗੱਲ ਸੁਣੇ ਤੇ ਸੁਆਲ ਪੁੱਛੇ ਬਿਨਾ ਥਾਣੇਦਾਰ ਨੇ ਗਾਲਾਂ ਦੀ ਵਾਛੜ ਸ਼ੁਰੂ ਕਰ ਦਿੱਤੀ ਤੇ ਕਿਹਾ ਸਿੱਧਾ ਹੋਕੇ ਗੱਡੀ ਵਿੱਚ ਬੈਠਦਾ ਹੈ ਕਿ ਸੜਕ 'ਤੇ ਹੀ ਚਿੱਤੜ ਕਟਵਾਉਣੇ ਨੇ? .. ਤੇ ਤੁਰੰਤ ਦਵਿੰਦਰ ਪਾਲ ਨੂੰ ਧੂਹਕੇ ਥਾਣੇਦਾਰ ਨੇ ਬਲੈਰੋ ਵਿੱਚ ਸੁੱਟ ਲਿਆ। ਦਵਿੰਦਰ ਪਾਲ ਕੋਲ ਮੁਬਾਈਲ ਸੀ ਉਸਨੇ ਰਸਤੇ ਵਿੱਚ ਜਾਂਦਿਆਂ ਪੰਜਾਬ ਸਰਕਾਰ ਤੇ ਪੁਲਿਸ ਦੇ ਸਭ ਤੋਂ ਵੱਡੇ ਅਧਿਕਾਰੀਆਂ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ, ਸਹਿ-ਕਰਮੀਆਂ ਤੇ ਕੁੱਝ ਦੋਸਤਾਂ ਨੂੰ ਪੁਲਿਸ ਵੱਲੋਂ ਗਿਰਫਤਾਰ ਕੀਤੇ ਜਾਣ ਦੇ ਸੁਨੇਹੇ ਵੀ ਭੇਜ ਦਿੱਤੇ। ਥਾਣੇ ਲਿਜਾਕੇ ਵੀ ਉਸ ਨਾਲ ਮੁਜਰਮਾਂ ਵਰਗਾ ਵਿਹਾਰ ਕੀਤਾ ਤੇ ਉਸਨੂੰ ਭੂੰਜੇ ਬੈਠਣ ਲਈ ਮਜਬੂਰ ਹੋਣਾ ਪਿਆ। ਫ਼ੋਨ ਤਾਂ ਖੜਕਣੇ ਹੀ ਸਨ ਤੇ ਥਾਣੇਦਾਰ ਨੇ ਇਹੀ ਜਬਾਬ ਦਿੱਤਾ ਕਿ ਇਹ ਬੰਦਾ ਸੜਕ ਉੱਪਰ ਸੈਰ ਕਰ ਰਿਹਾ ਸੀ ਜੋ ਹੁਕਮਾਂ ਦੀ ਉਲੰਘਣਾ ਹੈ ਤੇ ਉਪਰਲੇ ਅਫਸਰਾਂ ਨੇ ਥਾਣੇਦਾਰ ਜਸਬੀਰ ਸਿੰਘ ਦੀ ਸਫਾਈ ਨੂੰ ਸੱਚ ਮੰਨਕੇ ਪਰਵਾਨ ਕਰ ਲਿਆ ਤੇ ਦੇਵਿੰਦਰ ਪਾਲ ਨੂੰ “ ਰਿਹਾਅ” ਕਰ ਦਿੱਤਾ ਤੇ ਇੰਝ ਦਹਿਸ਼ਤਵਾਦ ਦੀ ਇਸ ਸਾਰੀ ਘਟਨਾ ਦਾ “ ਕੁੱਪ ਬੰਨਕੇ ਕਾਲੀ ਮਿੱਟੀ ਦਾ ਪੋਚਾ ਫੇਰ ਦਿੱਤਾ ਗਿਆ। ਸੁਆਲਾਂ ਦੇ ਸੁਆਲ ਨੇ ਜਿੰਨੇ ਮਰਜ਼ੀ ਕਰ ਲਵੋ .. ਮੀਡੀਆ ਨੂੰ ਤਾਂ ਪੂਰੀ ਖੁੱਲ ਹੈ ਤੁਰ ਫ਼ਿਰਕੇ ਸਾਰੀ ਸਰਗਰਮੀ ਕਰਨ ਦੀ ਤੇ ਪ੍ਰਧਾਨ ਮੰਤਰੀ ਤਾਂ ਕੈਰੋਨਾ ਖਿਲਾਫ ਲੜਾਈ ਅੰਦਰ ਮੀਡੀਆ ਨੂੰ ਲੜਨ ਵਾਲੇ ਮਿੱਤਰ ਤੇ ਯੋਧੇ ਦਾ ਖਿਤਾਬ ਵੀ ਦੇ ਰਿਹਾ ਹੈ। ਦਵਿੰਦਰ ਪਾਲ ਕੋਲੋ ਕੋਈ ਵੀ ਸਵਾਲ ਪੁੱਛਕੇ ਤੇ ਜਾਣਕਾਰੀ ਪਰਖਣ ਦੇ ਕੋਈ ਵੀ ਸੋਮਾ ਵਰਤਣ ਦੀ ਥਾਂ .. ਗਾਲਾਂ ਦੀ ਵਾਛੜ ਤੇ ਡਾਂਗਾਂ ਨਾਲ ਕੁੱਟਣ ਦੀ ਧਮਕੀ ਕੀ ਸਿਰਫ ਥਾਣੇਦਾਰ ਦੇ ਦਿਮਾਗ ਦੀ ਹੀ ਖ਼ਰਾਬੀ ਹੈ ਜਾਂ ਮਿੱਥਕੇ ਮਾਨਸਕ ਤੌਰ 'ਤੇ ਦਹਿਸ਼ਤਜਦਾ ਕਰਨ ਲਈ ਕੀਤਾ ਹਮਲਾ? ਇਕ ਮੰਨੇ ਪਰਮੰਨੇ ਪੱਤਰਕਾਰ ਨਾਲ ਐਨੀ ਭੈੜੀ ਬਦਸਲੂਕੀ ਕਰਨ ਵਾਲੇ ਥਾਣੇਦਾਰ ਨੂੰ ਚੰਡੀਗੜ ਪ੍ਰਸ਼ਾਸਨ ਵੱਲੋਂ ਤੁਰੰਤ ਹੀ ਕਲੀਨ ਚਿੱਟ ਦੇਣ ਦੀ ਕੀ ਵਾਜਵੀਅਤ ਹੈ? ਇਹ ਕੋਈ ਪਹਿਲੀ ਵਾਰ ਨਹੀ , ਪਹਿਲਾਂ ਵੀ ਉਸ ਉੱਪਰ ਕਈ ਦਾਬੇ ਵੱਜੇ ਹਨ ਕਿਉਂਕਿ ਦਵਿੰਦਰ ਪਾਲ ਵੱਲੋਂ ਖੋਜੀ ਤੇ ਨਿਧੜਕ ਪੱਤਰਕਾਰੀ ਕਰਨ ਕਰਕੇ ਉਹ ਸੱਤਾਧਾਰੀਆਂ , ਲੁਟੇਰੇ ਮਾਇਆਧਾਰੀਆਂ ਦੀਆਂ ਅੱਖਾਂ ਵਿੱਚ ਰੜਕਦਾ ਆ ਰਿਹਾ ਹੈ

No comments:

Post a Comment