ਕੋਰੋਨਾ ਦੀ ਤਾਲਾਬੰਦੀ ਦੌਰਾਨ ਕੁੱਝ ਕਵਿਤਾਵਾਂ
ਹੁਣ ਤੂੰ ਖੱਸੀ ਹੋ ਗਿਆ ਏਂ
“ਕਾਮਰੇਡ''
-ਸੁਰਜੀਤ ਗੱਗ
ਤੇਰੀਆਂ ਅੱਖਾਂ 'ਚ
ਉੱਤਰ ਆਇਆ ਹੈ
ਪੂੰਜੀਵਾਦੀ ਮੁਲਕਾਂ ਦੀ ਚਕਾਚੌਂਧ ਦਾ
ਮੋਤੀਆ।
ਤੂੰ ਬੋਲ-ਬੋਲ ਕੇ ਲਿਖਾਇਆ ਹੈ
ਚਾਰੇ ਸਾਹਿਬਜ਼ਾਦਿਆਂ ਕੋਲੋਂ
ਬੇ-ਦਾਅਵਾ।
ਤੈਨੂੰ ਭਰਮਾਉਣ ਲੱਗ ਪਏ ਹਨ
ਕੁਰਸੀ ਤੇ ਬੈਠੇ ਅਫ਼ਸਰ ਦੇ
ਮੱਥੇ 'ਚ ਠੋਕੀ
ਸਾਸਰੀਕਾਲ ਦੇ ਬਦਲੇ 'ਚ ਮਿਲਦੇ
ਨਜ਼ਰਾਨੇ।
ਮੈਰਿਜ਼ ਪੈਲੇਸਾਂ ਵਿੱਚ
ਚਰੂੰਢੀਆਂ ਹੱਡੀਆਂ ਨੇ
ਵਧਾ ਦਿੱਤਾ ਹੈ
ਹਵਸ ਹੋਣ ਦੀ ਹੱਦ ਤੱਕ
ਤੇਰੀ ਭੁੱਖ ਨੂੰ।
ਹੁਣ ਤੈਨੂੰ ਹੱਡਾਰੋੜੀ 'ਤੇ ਮੰਡਰਾਉਂਦੀਆਂ
ਇੱਲ੍ਹਾਂ ਅਤੇ ਕੁੱਤਿਆਂ ਵਿੱਚ
ਤੱਕੜੀ ਵੱਟੇ ਲੈ ਕੇ ਬੈਠਾ
ਬਘਿਆੜ ਨਹੀਂ ਦੀਂਹਦਾ।
ਤੂੰ ਹੁਣ ਖੱਸੀ ਹੋ ਗਿਆ ਏਂ
“ਕਾਮਰੇਡ“
ਤੇਰੇ ਝੜਦੇ ਵਾਲਾਂ ਨੇ
ਫੁੱਟਦੀਆਂ ਲੂਈਆਂ ਤੇ
ਸਿਆਣਪ ਦੀ ਕੰਜ ਝਾੜਕੇ
ਜਗਿਆਸਾ ਦਾ ਕਤਲ ਕੀਤਾ ਹੈ।
ਤੇਰੇ ਡਰਾਇੰਗ ਰੂਮ ਦੀ
ਕੰਧ ਦਾ ਸ਼ਿੰਗਾਰ ਬਣਨ ਤੋਂ ਪਹਿਲਾਂ
ਸੱਚਮੁੱਚ ਪੂਜਣਯੋਗ ਹੁੰਦੀ ਸੀ
ਤੇਰੀ ਘਸੀ ਹੋਈ ਜੁੱਤੀ
ਤੇ ਪਾਟਿਆ ਹੋਇਆ ਕੁੜਤਾ।
-----
ਤੈਥੋਂ ਇਹ ਆਸ ਨਹੀਂ ਸੀ
ਕਾਮਰੇਡ!
-ਸੁਰਜੀਤ ਗੱਗ
ਕਿ ਬਾਜ਼ਾਂ ਦੀ ਧਾੜ 'ਤੇ
ਚਿੜੀਆਂ ਦੀ ਹੋਣੀ ਨੂੰ
ਤਮਾਸ਼ਬੀਨ ਬਣ ਕੇ ਟੱਕਰੇਂਗਾ।
ਗੱਲਾਂ ਦਾ ਕੜਾਹ
ਲਾੱਕਡਾਊਨ ਦੀ ਭੱਠੀ 'ਤੇ ਚੜ੍ਹਕੇ
ਬਰਫ਼ ਦੀ ਸਿਲ੍ਹ ਹੋਣ ਤੋਂ ਪਹਿਲਾਂ
ਕਿੱਥੇ ਰਿੱਝਦਾ ਰਿਹਾ
ਕੁੱਝ ਤਾਂ ਦੱਸਦਾ ਜਾਹ।
ਕਿੱਥੇ ਗਈ ਤੇਰੀ
ਉੱਲਰੀ ਹੋਈ ਬਾਂਹ
ਤਣਿਆ ਹੋਇਆ ਮੁੱਕਾ
ਅੱਖ ਵਿੱਚ ਉੱਤਰਿਆ ਲਹੂ
ਪੀੜ੍ਹੀ ਥੱਲੇ ਸੋਟਾ ਫੇਰ ਕੇ ਤਾਂ ਵੇਖੀਂ।
ਰਣਤੱਤੇ ਵਿੱਚ ਸੈਲਫ਼ੀਆਂ
ਸਭ ਤੋਂ ਘਿਨਾਉਣਾ
ਗ਼ੁਨਾਹ ਹੋਇਆ ਕਰਦੀਆਂ ਹਨ
ਤੂੰ ਅਖ਼ਬਾਰ ਦੀ ਇੱਕ ਖ਼ਬਰ ਜੋਗਾ ਹੀ
ਕਿਉਂ ਰਹਿ ਗਿਆ?
ਪੈਰਾਂ 'ਤੇ ਜ਼ਖ਼ਮ
ਸੜਕਾਂ 'ਤੇ ਲਹੂ
ਸਿਰਾਂ 'ਤੇ ਪਤੀਲੇ
ਇਹ ਕਾਫ਼ਲਾ
ਤੇਰੀ ਅਗਵਾਈ ਨੂੰ
ਠੋਕ੍ਹਰ ਮਾਰ ਕੇ ਚੱਲਿਆ ਹੈ
ਜਾਂ ਠੋਕ੍ਹਰ ਖਾ ਕੇ ਚੱਲਿਆ ਹੈ?
ਕੁੱਝ ਤੇ ਦੱਸਦਾ ਜਾਹ!
ਮੈਂ ਸੁਣਿਆ ਹੈ
ਤੈਨੂੰ ਪੁਲਿਸ ਲੱਭਿਆ ਕਰਦੀ ਸੀ
ਤੂੰ ਅੰਡਰਗਰਾਊਂਡ ਰਿਹਾ ਕਰਦਾ ਸੈਂ
ਤੈਥੋਂ ਸਰਕਾਰ ਤ੍ਰਹਿੰਦੀ ਹੁੰਦੀ ਸੀ
ਤੇਰੀ ਟੁੱਟੀ ਹੋਈ ਬਾਂਹ ਤੋਂ
ਥਾਣੇਦਾਰ ਦੀ ਕੁਰਸੀ
ਥਰ-ਥਰ ਕੰਬਿਆ ਕਰਦੀ ਸੀ
ਕੀ ਮੈਂ ਠੀਕ ਸੁਣਿਆ ਹੈ?
ਪਿਆਰੇ ਕਾਮਰੇਡ!
ਮੈਂ ਤੈਨੂੰ ਸ਼ਰਧਾ ਦੇ ਫ਼ੁੱਲ
ਭੇਂਟ ਕਰਨ ਤੋਂ ਪਹਿਲਾਂ
ਹਲੂਣ ਕੇ ਵੇਖਣਾ ਚਾਹੁੰਦਾ ਹਾਂ
ਕਿਤੇ ਤੂੰ
ਮਰਨ ਦਾ ਡਰਾਮਾ ਤੇ ਨਹੀਂ ਕਰ ਰਿਹਾ?
-------
ਨਜ਼ਮ
ਅਨਲੌਕਡਾਊਨ
-
ਸੁਖਿੰਦਰ
ਚਲੋ ਯਾਰੋ-
ਹੁਣ, ਨਵੇਂ ਝੱਗੇ, ਪਜਾਮੇ, ਪਤਲੂਨਾਂ ਸਿਵਾਈਏ
ਅਨਲੌਕਡਾਊਨ ਦਾ ਮੌਸਮ ਆ ਗਿਆ ਹੈ
ਚਲੋ ਯਾਰੋ-
ਹੁਣ, ਬੱਸਾਂ, ਗੱਡੀਆਂ, ਜਹਾਜ਼ਾਂ ਦੀਆਂ
ਟਿਕਟਾਂ ਬੁੱਕ ਕਰਵਾਈਏ
ਕਾਨਫਰੰਸਾਂ, ਸੈਮੀਨਾਰਾਂ, ਸੰਮੇਲਨਾਂ ਦਾ
ਮੌਸਮ ਆ ਗਿਆ ਹੈ
ਸਕੂਲਾਂ, ਕਾਲਿਜਾਂ, ਵਿਸ਼ਵਵਿਦਿਆਲਿਆਂ ਵਿੱਚ
ਜਦੋਂ, ਕਰੋਨਾ ਦਹਿਸ਼ਤ ਦਾ ਲੌਕਡਾਊਨ ਹੁੰਦਾ ਸੀ
ਘਰਾਂ ਦੇ ਖੂੰਜਿਆਂ ਵਿੱਚ ਸਿਮਟ ਕੇ
ਵਿਸਕੀ ਦੇ ਪੈੱਗ ਲਾਉਣ ਜੋਗੇ
ਰਹਿ ਗਏ ਸਨ, ਯਾਰ ਸਾਰੇ
ਅਦਬੀ, ਤਰੰਨਮੀ, ਮਹਿਫ਼ਲਾਂ ਲਾਉਣ ਵਾਲੇ
ਅਦੀਬਾਂ, ਚਿੰਤਕਾਂ, ਬੁੱਧੀਜੀਵੀਆਂ, ਦੀਆਂ
ਜਿਵੇਂ, ਟੁੱਕੀਆਂ ਗਈਆਂ ਹੋਣ ਜੀਭਾਂ
ਸ਼ਹਿਰ ਵਿੱਚ ਕੋਈ ਵੀ ਬੋਲਦਾ ਨਹੀਂ ਸੀ
ਹਕੂਮਤ ਦੇ ਅਹਿਲਕਾਰਾਂ ਦੇ ਜ਼ੁਲਮਾਂ ਦੀ
ਕਥਾ ਦੀਆਂ ਤੰਦਾਂ ਕੋਈ ਫਰੋਲਦਾ ਨਹੀਂ ਸੀ
ਭੁੱਖੇ, ਪਿਆਸੇ, ਬੇਆਸਰਾ, ਲੋਕਾਂ ਦੀਆਂ
ਸੜਕਾਂ, ਪਾਰਕਾਂ, ਰੇਲਵੇ ਲਾਈਨਾਂ 'ਤੇ ਪਈਆਂ
ਲਾਸ਼ਾਂ ਨੂੰ ਕੋਈ ਗੌਲਦਾ ਨਹੀਂ ਸੀ
ਥਾਲੀਆਂ ਦੀ ਗੜਗੜਾਹਟ ਵਿੱਚ
ਮਸਤ ਸਨ ਸਭ, ਨੀਰੋ ਦੀ ਬੰਸਰੀ
ਦੀ ਧੁਣ ਵਿੱਚ ਗਲਤਾਨ ਹੋਏ
ਜੀ ਹਜ਼ੂਰੀ ਸ਼ਬਦਾਂ ਦੀ ਸੋਚ ਵਿੱਚ
ਚਿੰਤਨ ਕਰ ਰਹੇ
ਚਲੋ ਯਾਰੋ-
ਹੁਣ, ਰੇਡੀਓ, ਟੀਵੀ, ਅਖਬਾਰਾਂ, 'ਚ ਛਾ ਜਾਈਏ
ਹੁਣ, ਹਕੂਮਤ ਦੀਆਂ ਨਜ਼ਰਾਂ 'ਚ ਨੰਬਰ ਬਣਾ ਆਈਏ
ਹੁਣ, ਘਰਾਂ ਵਿੱਚ ਬੈਠੇ ਰਹਿਣ ਦਾ ਵੇਲਾ ਨਹੀਂ
ਸੈਮੀਨਾਰਾਂ, ਕਾਨਫਰੰਸਾਂ, ਆਲਮੀ ਸੰਮਲਨਾਂ ਦਾ
ਇਲਹਾਮ ਹੋ ਰਿਹਾ ਹੈ
ਚਲੋ ਯਾਰੋ-
ਨਵੇਂ ਝੱਗੇ, ਪਜਾਮੇ, ਪਤਲੂਨਾਂ ਸਿਵਾਈਏ
ਆਲਮੀ ਕਾਨਫਰੰਸਾਂ, ਸੰਮੇਲਨਾਂ, ਸੈਮੀਨਾਰਾਂ ਦਾ
ਮੌਸਮ ਆ ਗਿਆ ਹੈ
ਚਲੋ ਯਾਰੋ !
ਚਲੋ ਯਾਰੋ !!
ਚਲੋ ਯਾਰੋ !!!
*
(ਅੰਬਾਲਾ ਛਾਉਣੀ, ਇੰਡੀਆ, ਮਈ 31, 2020)
-ਸੰਪਾਦਕ : ਸੰਵਾਦ
ਟੋਰਾਂਟੋ, ਕੈਨੇਡਾ
--------------------------------------------------------------------------------------------------------------------------ਗਰਮ ਪਾਣੀ 'ਚ ਉਬਲਦਾ ਡੱਡੂ
ਥੋੜੇ ਦਿਨ ਪਹਿਲਾਂ ਇਕ ਪੋਸਟ ਦੇਖੀ ਸੀ।
ਉਕਤ ਪੋਸਟ ਰਾਹੀਂ ਪਾਈ ਵੀਡਿਓ 'ਚ ਨਜ਼ਰ ਆਉਂਦਾ ਹੈ ਕਿ ਇਕ ਆਦਮੀ ਨੇ ਇੱਕ ਬਰਤਨ ਲੈ ਕੇ ਉਸ 'ਚ ਪਾਣੀ ਪਾ ਕੇ ਉਸ 'ਚ ਇਕ ਡੱਡੂ ਛੱਡ ਦਿੱਤਾ। ਉਪਰੰਤ ਉਸ ਵਿਅਕਤੀ ਨੇ ਇਹ ਬਰਤਨ ਗੈਸ ਚੁੱਲੇ 'ਤੇ ਗਰਮ ਹੋਣ ਲਈ ਰੱਖ ਦਿੱਤਾ। ਪਾਣੀ ਗਰਮ ਹੁੰਦਾ ਗਿਆ ਤੇ ਡੱਡੂ ਉਸ 'ਚ ਘੁੰਮਦਾ ਰਿਹਾ।
ਜਿਵੇਂ-ਜਿਵੇਂ ਪਾਣੀ ਗਰਮ ਹੋਣ ਲੱਗਾ, ਉਵੇਂ-ਉਵੇਂ ਡੱਡੂ ਪਾਣੀ 'ਚ ਤੇਜ਼-ਤੇਜ਼ ਘੁੰਮਣ ਲੱਗਾ ਤੇ ਉਸ ਨੇ ਆਪਣੀ ਸਾਰੀ ਊਰਜਾ ਆਪਣੇ ਸਰੀਰ ਨੂੰ ਗਰਮ ਹੋ ਰਹੇ ਪਾਣੀ ਦੇ ਤਾਪਮਾਨ ਮੁਤਾਬਕ ਢਾਲਣ 'ਚ ਲਾ ਦਿੱਤੀ ਆਖਰ ਪਾਣੀ ਉਬਲਣ ਲੱਗਾ! ਤੇ ਡੱਡੂ ਨੇ ਜਾਨ ਬਚਦੀ ਨਾ ਵੇਖ ਕੇ ਬਰਤਨ 'ਚੋਂ ਬਾਹਰ ਨਿੱਕਲਣ ਲਈ ਕੁੱਦਣਾ ਸ਼ੁਰੂ ਕਰ ਦਿੱਤਾ।
ਉਸ ਸਮੇਂ ਤਕ ਡੱਡੂ ਆਪਣੀ ਸਾਰੀ ਊਰਜਾ ਗਰਮ ਹੋ ਰਹੇ ਪਾਣੀ ਦੇ ਤਾਪਮਾਨ ਅਨੁਸਾਰ ਢਲਣ ਲਈ ਖਰਚ ਕਰ ਚੁੱਕਾ ਸੀ। ਉਸ ਦੀ ਜਾਨ ਬਚਾਉਣ ਦੀਆਂ ਅੰਤਿਮ ਕੋਸ਼ਿਸ਼ਾਂ ਨਾਕਾਮ ਰਹੀਆਂ ਤੇ ਉਸ ਦੀ ਗਰਮ ਪਾਣੀ 'ਚ ਹੀ ਮੌਤ ਹੋ ਗਈ।
ਅੱਜਕੱਲ ਪੂੰਜੀਵਾਦ ਨੇ ਹਾਲਾਤ ਰੂਪੀ ਬਰਤਨ 'ਚ ਕਰੋਨਾ ਦਾ ਪਾਣੀ ਸਿਆਸਤ ਦੇ ਚੁੱਲ•ੇ 'ਤੇ ਚਾੜ੍ਹਿਆ ਹੋਇਆ ਹੈ। ਸਾਡੀ ਸਾਰੀ ਖੱਬੀ ਧਿਰ ਉਪਰ ਦਿੱਤੀ ਪੋਸਟ 'ਚ ਪਾਈ ਵੀਡਿਓ 'ਚ ਦਿਸਦੇ ਡੱਡੂ ਵਾਂਗ ਆਪਣੀ ਊਰਜਾ ਅਪਣੇ ਆਪ ਨੂੰ ਕੋਰੋਨਾ ਰੂਪੀ ਗਰਮ ਦੇ ਤਾਪਮਾਨ ਮੁਤਾਬਕ ਢਾਲਣ 'ਤੇ ਲਾ ਰਹੀ ਹੈ। -ਕਾਮਰੇਡ ਸ਼ਾਮ ਲਾਲ ਦੇ ਫੇਸਬੁੱਕ ਪੇਜ਼ ਤੋਂ
No comments:
Post a Comment