Monday, 20 July 2020

ਸੰਪਾਦਕੀ


ਸੰਪਾਦਕੀ ਵਜੋਂ ਸੁਰਖ਼ ਰੇਖਾ ਦਾ ਮਾਰਚ-ਅਪਰੈਲ ਅੰਕ ਅਸੀਂ 25 ਮਾਰਚ ਨੂੰ ਲੁਧਿਆਣੇ ਹੋਣ ਵਾਲੇ ਵੱਡੇ ਇਕੱਠ ਵਿੱਚ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਇਸ ਅੰਕ ਦੀ ਤਿਆਰੀ ਸਬੰਧੀ ਸਾਰੀ ਸਮੱਗਰੀ ਵੀ ਤਿਆਰ ਕਰ ਲਈ ਗਈ ਸੀ। ਪਰ ਉਸ ਤੋਂ ਪਹਿਲਾਂ ਹੀ ਪੰਜਾਬ ਵਿੱਚ ਅਮਰਿੰਦਰ ਹਕੂਮਤ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਮੋਦੀ ਹਕੂਮਤ ਨੇ ਦੇਸ਼ ਭਰ ਵਿੱਚ ਤਾਲਾਬੰਦੀ ਲਗਾ ਦਿੱਤੀ ਜੋ ਵਧਦੀ ਵਧਦੀ ਤਿੰਨ ਮਹੀਨੇ ਤੱਕ ਜਾਰੀ ਰਹੀ। ਇਸ ਤੋਂ ਬਾਅਦ ਵੀ ਭਾਵੇਂ ਕਰਫਿਊ ਹਟਾ ਲਿਆ ਗਿਆ, ਪਰ ਵੱਖ ਵੱਖ ਰੂਪਾਂ ਵਿੱਚ ਤਾਲਾਬੰਦੀ ਅਜੇ ਵੀ ਜਾਰੀ ਹੈ। ਮੋਟਰਾਂ-ਬੱਸਾਂ ਅਤੇ ਰੇਲਵੇ ਦੀ ਆਵਾਜਾਈ ਅਜੇ ਵੀ ਬੰਦ ਹੈ ਜਾਂ ਬੰਦ ਵਰਗੀ ਹੀ ਹੈ। ਕਿਸੇ ਪਾਸੇ ਜਾਣ ਆਉਣ 'ਤੇ ਅਜੇ ਵੀ ਅਨੇਕਾਂ ਤਰ੍ਹਾਂ ਦੀਆਂ ਪਾਬੰਦੀਆਂ ਜਾਰੀ ਹਨ। ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਕਰਫਿਊ ਜਾਰੀ ਹੈ। ਅਜਿਹੀਆਂ ਹਾਲਤਾਂ ਵਿੱਚ ਅਸੀਂ ਫੌਰੀ 'ਤੇ ਪੇਪਰ ਕੱਢ ਸਕਣ ਦੀ ਹਾਲਤ ਵਿੱਚ ਨਹੀਂ ਸੀ। ਕਿਉਂਕਿ ਜੇਕਰ ਛਾਪ ਵੀ ਲੈਂਦੇ ਤਾਂ ਉਸਦੀ ਵੰਡ-ਵੰਡਾਈ ਕਰਨੀ ਮੁਸ਼ਕਲ ਸੀ। ਫੇਰ ਅਸੀਂ ਇਹ ਸੋਚਿਆ ਸੀ ਕਿ ਮਾਰਚ-ਅਪਰੈਲ ਦਾ ਅੰਕ ਈ-ਪੇਪਰ ਵਜੋਂ ਹੀ ਸੁਰਖ਼ ਰੇਖਾ ਦੇ ਬਲੌਗ 'ਤੇ ਪਰਕਾਸ਼ਤ ਕੀਤਾ ਜਾਵੇ। ਉਹ ਸਮੱਗਰੀ ਅਸੀਂ ਮਾਰਚ ਮਹੀਨੇ ਦੇ ਅਖੀਰ ਵਿੱਚ ਬਲੌਗ 'ਤੇ ਚਾੜ੍ਹ ਵੀ ਦਿੱਤੀ ਸੀ। ਉਸ ਤੋਂ ਬਾਅਦ ਵਿੱਚ ਕੋਰੋਨਾ ਦੌਰ ਨਾਲ ਹੋਰ ਬਹੁਤ ਸਾਰੀ ਸਮੱਗਰੀ ਤਿਆਰ ਹੁੰਦੀ ਰਹੀ ਅਤੇ ਉਹ ਅਸੀਂ ਸੋਸ਼ਲ ਮੀਡੀਏ 'ਤੇ ਚਾੜ੍ਹਦੇ ਵੀ ਰਹੇ ਹਾਂ। ਹੁਣ ਅਸੀਂ ਕੋਰੋਨਾ ਦੇ ਤਾਲਾਬੰਦੀ ਅਤੇ ਕਰਫਿਊ ਵਾਲੇ ਦੌਰ ਨਾਲ ਸਬੰਧਤ ਸਮੱਗਰੀ ਦਾ ਵਿਸ਼ੇਸ਼ ਅੰਕ ਛਾਪਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਕੁੱਝ ਲਿਖਤਾਂ ਮਾਰਚ-ਅਪਰੈਲ ਅੰਕ ਲਈ ਤਿਆਰ ਕੀਤੀਆਂ ਛਾਪ ਰਹੇ ਹਾਂ ਬਾਕੀ ਦੀ ਸਮੱਗਰੀ ਉਹ ਹੋ ਜੋ ਅਸੀਂ ਨੈੱਟ 'ਤੇ ਚਾੜ੍ਹੀ ਸੀ ਜਾਂ ਅਸੀਂ ਹੋਰਨਾਂ ਸਾਥੀਆਂ ਦੀਆਂ ਪੋਸਟਾਂ ਨੂੰ ਹੋਰਨਾਂ ਨਾਲ ਸਾਂਝਾ ਕੀਤਾ। ਪਿੰ੍ਰਟ ਅਤੇ ਬਿਜਲਈ ਮੀਡੀਏ 'ਤੇ ਕਾਰਪੋਰੇਟ ਘਰਾਣਿਆਂ ਦਾ ਏਕਾਧਿਕਾਰ ਹੋਣ ਕਰਕੇ ਕਿਸੇ ਨਾ ਕਿਸੇ ਹੱਦ ਤੱਕ ਸੋਸ਼ਲ ਮੀਡੀਏ ਰਾਹੀਂ ਲੋਕ-ਆਵਾਜ਼ ਬੁਲੰਦ ਹੋਈ ਹੈ, ਜਿਸ ਨੂੰ ਅਸੀਂ ਪ੍ਰਿੰਟ ਮੀਡੀਏ ਵਿੱਚ ਥਾਂ ਦੇ ਰਹੇ ਹਾਂ। ਹਾਕਮਾਂ ਨੇ ਕੋਰੋਨਾ ਵਾਇਰਸ ਨੂੰ ਹਊਏ ਦੇ ਤੌਰ 'ਤੇ ਪੇਸ਼ ਕਰਕੇ ਲੋਕਾਂ ਵਿੱਚ ਝੂਠ ਬੋਲਿਆ, ਹਨੇਰ ਫੈਲਾਇਆ ਸੀ। ਇਸ ਸਬੰਧੀ ਅਸੀਂ ਸ਼ੁਰੂ ਵਿੱਚ ਹੀ ਸਾਮਰਾਜੀਆਂ ਅਤੇ ਉਹਨਾਂ ਦੇ ਪੈਰੋਕਾਰਾਂ ਦੇ ਝੂਠ ਦੇ ਪਾਜ ਉਘਾੜਨ ਦਾ ਮਨ ਬਣਾਇਆ ਅਤੇ ਅਸੀਂ ਬਦਲਵੇਂ ਰੂਪਾਂ ਵਿੱਚ ਜਿਹੜੀ ਵੀ ਸਮੱਗਰੀ ਮਿਲਦੀ ਰਹੀ ਉਸ ਨੂੰ ਨੈੱਟ 'ਤੇ ਸਾਂਝਾ ਕੀਤਾ ਜਾਂ ਫੇਰ ਵੱਖ ਵੱਖ ਅਖਬਾਰਾਂ ਅਤੇ ਹੋਰ ਸਾਧਨਾਂ ਤੋਂ ਹਾਸਲ ਹੋਈ ਸਮੱਗਰੀ ਦਾ ਚਿੰਤਨ-ਮੰਥਨ ਕਰਕੇ ਉਸ 'ਤੇ ਆਧਾਰਤ ਲੇਖ ਬਣਾ ਕੇ ਚਾੜ੍ਹੇ ਸਨ। ਤਿੰਨ ਮਹੀਨੇ ਦੇ ਅਰਸੇ ਹਾਕਮਾਂ ਦੇ ਝੂਠ ਦੇ ਪਰਦੇਫਾਸ਼ ਹੋਏ ਸੱਚ ਉੱਘੜ ਕੇ ਸਾਹਮਣੇ ਆਇਆ ਹੈ। ਹਾਕਮਾਂ ਵੱਲੋਂ ਫੈਲਾਏ ਹਨੇਰੇ ਦੀ ਰਾਤ ਗੁਜਰੀ ਹੈ, ਚਿੱਟਾ ਚਾਨਣ ਲੋਕਾਂ ਨੂੰ ਨਸੀਬ ਹੋਇਆ ਹੈ। ਅਸੀਂ ਭਾਵੇਂ ਛੋਟੀ ਜਿਹੀ ਹੀ ਸ਼ਕਤੀ ਸੀ, ਪਰ ਅਸੀਂ ਆਪਣੇ ਵਿੱਤ ਤੇ ਸਮਰੱਥਾ ਮੁਤਾਬਕਾ ਆਪਣਾ ਬਣਦਾ ਰੋਲ ਅਦਾ ਕੀਤਾ ਹੈ। ਪਰ ਇਸੇ ਹੀ ਦੌਰ ਵਿੱਚ ਇੱਥੇ ਅਨੇਕਾਂ ਉਹ ਪਾਰਟੀਆਂ, ਜਥੇਬੰਦੀਆਂ, ਸੰਸਥਾਵਾਂ ਸਨ ਜਿਹੜੀਆਂ ਹਾਕਮਾਂ ਦੇ ਪ੍ਰਚਾਰ ਵਿੱਚ ਉਲਝ ਕੇ ਹਾਕਮਾਂ ਦੀ ਬੋਲੀ ਬੋਲਣ ਲੱਗੀਆਂ। ਉਹਨਾਂ ਨੇ ਝੂਠ ਅਤੇ ਹਨੇਰੇ ਨੂੰ ਚਾਂਘਰਾਂ ਮਾਰਨ ਦਿੱਤੀਆਂ। ਪਰ ਜਦੋਂ ਸਮੇਂ ਅਤੇ ਅਮਲ ਦੇ ਨਾਲ ਸੱਚ ਅਤੇ ਚਾਨਣ ਸਾਹਮਣੇ ਆਏ ਤਾਂ ਅਜਿਹੇ ਵਿਅਕਤੀਆਂ ਅਤੇ ਸੰਸਥਾਵਾਂ ਨੇ ਆਪਣੀਆਂ ਪੁਜੀਸ਼ਨਾਂ ਬਦਲ ਲਈਆਂ। ਅਜਿਹੀ ਅੰਤਰਮੁਖੀ ਅਤੇ ਅਧਿਆਤਮਵਾਦੀ ਸੋਚ ਨੂੰ ਪਰਣਾਏ ਵਿਅਕਤੀ ਅਤੇ ਜਥੇਬੰਦੀਆਂ ਨੇ ਹਾਕਮਾਂ ਦੀ ਬੋਲੀ ਬੋਲ ਕੇ ''ਭਗਵੀਂ ਲਕੀਰ ਦੇ ਲਾਲ ਫਕੀਰ'' ਹੋਣ ਦਾ ਸਬੂਤ ਦਿੱਤਾ। ਸੁਰਖ਼ ਰੇਖਾ ਦਾ ਇਹ ਅੰਕ ਇਸ ਪੱਖੋਂ ਸਾਂਭਣਯੋਗ ਬਣਦਾ ਹੈ ਕਿ ਦੁਨੀਆਂ ਵਿੱਚ ਲੋਕਾਂ 'ਤੇ ਪਈ ਹੁਣ ਤੱਕ ਦੀ ਸਭ ਤੋਂ ਵੱਡੀ ਬਿਪਤਾ ਮੌਕੇ ਹਾਕਮਾਂ ਦੇ ਪਰਦੇਫਾਸ਼ ਕਰਦਾ ਸੱਚ ਉਘਾੜਿਆ ਹੈ। ਇਹ ਅੰਕ ਇਸ ਪੱਖੋਂ ਵੀ ਇਤਿਹਾਸਕ ਬਣੇਗਾ ਕਿ ''ਉਦੋਂ ਤੁਸੀਂ ਕੀ ਕਰ ਰਹੇ ਸੀ, ਜਦੋਂ ਲੋਕੀਂ ਮਰ ਰਹੇ ਸੀ।'' ਅਸੀਂ ਸੁਰਖ਼ ਰੇਖਾ ਪੇਪਰ ਵੱਲੋਂ ਆਪਣੀ ਕਲਮ ਚਲਾ ਸਕਦੇ ਸੀ, ਉਹ ਚਲਾਈ ਹੈ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਹਾਕਮਾਂ ਦੇ ਖਿਲਾਫ ਇਸ ਦੌਰ ਵਿੱਚ ਜਿੰਨੀ ਸਮੱਗਰੀ ਅਸੀਂ ਚਾੜ੍ਹੀ ਹੈ, ਓਨੀ ਪੰਜਾਬ ਦੀ ਕਿਸੇ ਵੀ ਅਖੌਤੀ ਕਮਿਊਨਿਸਟ ਧਿਰ ਜਾਂ ਧੜੇ ਨੇ ਨਹੀਂ ਚੜ੍ਹਾਈ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਲਿਖਤਾਂ ਹਵਾਲੇ ਦਾ ਨੁਕਤਾ ਬਣਨੀਆਂ ਹਨ। ਸਾਡੇ ਲੋਕਾਂ ਨੇ ਇਤਿਹਾਸ ਸਿਰਜਿਆ ਹੈ। ਅਸੀਂ ਇਤਿਹਾਸ ਨੂੰ ਸਾਂਭਣ ਦਾ ਇੱਕ ਯਤਨ ਕੀਤਾ ਹੈ। ਉਮੀਦ ਹੈ ਕਿ ਪਾਠਕ ਸਾਡੇ ਯਤਨ ਭਰਵਾਂ ਹੁੰਗਾਰਾ ਦੇਣਗੇ। (16 ਜੁਲਾਈ, 2020)

No comments:

Post a Comment