ਕੋਰੋਨਾਵਾਇਰਸ ਦੇ ਦੌਰ ਵਿੱਚ
ਮੱਧ-ਭਾਰਤ ਦੇ ਖੇਤਰਾਂ 'ਚ ਮਾਓਵਾਦੀ ਸਰਗਰਮੀਆਂ
ਭਾਰਤੀ ਹਾਕਮਾਂ ਵੱਲੋਂ ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੀ ਮਾਰ ਦਾ ਹੋ-ਹੱਲਾ ਮਚਾਇਆ ਜਾ ਰਿਹਾ ਸੀ ਤਾਂ ਦੂਸਰੇ ਪਾਸੇ ਇਹਨਾਂ ਨੇ ਆਪਣੇ ਸਿਆਸੀ ਵਿਰੋਧੀਆਂ ਵਜੋਂ ਕਸ਼ਮੀਰੀ ਕੌਮ, ਮੁਸਲਿਮ ਭਾਈਚਾਰੇ, ਦਲਿਤਾਂ ਸਮੇਤ ਧਾਰਮਿਕ ਘੱਟ ਗਿਣਤੀਆਂ ਅਤੇ ਆਦਿਵਾਸੀ-ਕਬਾਇਲੀ ਲੋਕਾਂ 'ਤੇ ਹੱਲੇ ਤੇਜ਼ ਕੀਤੇ ਸਨ। ਇਸੇ ਦੀ ਕੜੀ ਵਜੋਂ ਭਾਰਤੀ ਹਾਕਮਾਂ ਨੇ ਮੱਧ ਭਾਰਤ ਵਿਚਲੀ ਮਾਓਵਾਦੀ ਲਹਿਰ ਨੂੰ ਕੁਚਲ ਦੇਣ ਲਈ ਫੌਜਾਂ ਭਾਰੀ ਨਫਰੀ ਨੂੰ ਤਾਇਨਾਤ ਕਰ ਦਿੱਤਾ। ਭਾਰਤੀ ਫੌਜਾਂ ਦਾ ਟਾਕਰਾ ਕਰਦੇ ਹੋਏ ਮਾਓਵਾਦੀਆਂ ਨੇ 21 ਮਾਰਚ ਨੂੰ ਇੱਕੋ ਹੀ ਹੱਲੇ ਵਿੱਚ 17 ਭਾਰਤੀ ਫੌਜੀਆਂ ਨੂੰ ਮਾਰ ਮੁਕਾਇਆ। ਭਾਰਤੀ ਹਾਕਮਾਂ ਦੀ ਫੌਰੀ ਤੌਰ 'ਤੇ ਇਹ ਹਿੰਮਤ ਨਹੀਂ ਸੀ ਪੈ ਸਕੀ ਕਿ ਉਹ ਆਪਣੇ ਫੌਜੀਆਂ ਦੀਆਂ ਲਾਸ਼ਾਂ ਹੀ ਚੁੱਕ ਲਿਆਉਂਦੇ, ਦੂਸਰੇ ਦਿਨ ਭਾਰੀ ਲਾਮ-ਲਸ਼ਕਰਾਂ ਨਾਲ ਹੀ ਇਹ ਲਾਸ਼ਾਂ ਨੂੰ ਲਿਆ ਸਕੇ। ਬਾਅਦ ਵਿੱਚ ਇਹਨਾਂ ਖੇਤਰਾਂ ਵਿੱਚ ਹੋਰ ਹੱਲੇ ਕਰਨ ਤੋਂ ਘਬਰਾਉਂਦੇ ਹੋਏ ਭਾਰਤੀ ਹਾਕਮਾਂ ਨੇ ਆਪਣੀਆਂ ਫੌਜਾਂ ਨੂੰ ਪਿੱਛੇ ਬੈਰਕਾਂ ਵਿੱਚ ਬੰਦ ਕਰ ਲਿਆ। ਇਸ ਉਪਰੰਤ ਮਾਓਵਾਦੀਆਂ ਦੀ ਸਥਾਨਕ ਫੌਜ ਨੇ ਭਾਰਤੀ ਫੌਜਾਂ ਨਾਲ ਫੌਰੀ ਤੌਰ 'ਤੇ ਯੁੱਧਬੰਦੀ ਦਾ ਐਲਾਨ ਕਰ ਦਿੱਤਾ ਕਿ ਜੇਕਰ ਕੋਰੋਨਾ ਦੇ ਦੌਰ ਵਿੱਚ ਭਾਰਤੀ ਫੌਜ ਉਹਨਾਂ 'ਤੇ ਕੋਈ ਹਮਲਾ ਨਹੀਂ ਕਰੇਗੀ ਤਾਂ ਉਹ ਵੀ ਫੌਜ 'ਤੇ ਕੋਈ ਮੋੜਵਾਂ ਹਮਲਾ ਨਹੀਂ ਕਰਨਗੇ। ਇਸ ਉਪਰੰਤ ਉਹਨਾਂ ਨੇ ਭਾਰਤੀ ਫੌਜ ਨੂੰ ਪੰਜ ਦਿਨਾਂ ਦਾ ਸਮਾਂ ਦਿੱਤਾ ਸੀ ਕਿ ਜੇਕਰ ਪੰਜ ਦਿਨਾਂ ਤੱਕ ਭਾਰਤੀ ਫੌਜ ਨੇ ਕੋਈ ਹਮਲਾ ਨਾ ਕੀਤਾ ਤਾਂ ਉਹ ਯੁੱਧਬੰਦੀ ਸਮਝਣਗੇ। ਬਾਅਦ ਵਿੱਚ ਉਸ ਇਲਾਕੇ ਵਿੱਚ ਭਾਰਤੀ ਫੌਜ ਨੇ ਕੋਈ ਫੌਜੀ ਹਮਲਾ ਕੀਤਾ ਵੀ ਨਹੀਂ। ਉਂਝ ਜਿਹੜੇ ਖੇਤਰਾਂ ਵਿੱਚ ਮਾਓਵਾਦੀਆਂ ਦੀ ਮੌਜੂਦਗੀ ਘੱਟ ਹੈ ਜਾਂ ਨਹੀਂ ਹੈ, ਉਹਨਾਂ ਖੇਤਰਾਂ ਵਿੱਚ ਭਾਰਤੀ ਹਾਕਮਾਂ ਵੱਲੋਂ ਸਥਾਨਕ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਗੜ੍ਹਚਿਰੌਲੀ ਖੇਤਰ ਦੀਆਂ ਖਬਰਾਂ ਪਹਿਲਾਂ ਹੀ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ ਕਿ 30 ਜਨਵਰੀ ਤੋਂ ਭਾਰਤ ਆਏ ਕੋਰੋਨਾ ਦੇ ਵਾਇਰਸ ਦੀ ਮਾਰ ਢਾਈ ਮਹੀਨੇ ਬਾਅਦ ਵੀ 12 ਲੱਖ ਦੀ ਗਿਣਤੀ ਵਾਲੇ ਇਸ ਖੇਤਰ ਵਿੱਚ ਨਹੀਂ ਹੋ ਸਕੀ ਤੇ ਕੋਈ ਇੱਕ ਵੀ ਕੋਰੋਨਾਵਾਇਰਸ ਦਾ ਮਰੀਜ ਨਹੀਂ ਸੀ ਮਿਲਿਆ। ਮਾਓਵਾਦੀਆਂ ਨੂੰ ਪਤਾ ਸੀ ਕਿ ਲਾਗ ਦੀ ਇਹ ਬਿਮਾਰੀ ਬਾਹਰੋਂ ਆਉਂਦੀ ਹੈ, ਇਸ ਕਰਕੇ ਉਹਨਾਂ ਨੇ ਆਪਣੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਸੜਕਾਂ ਪੁੱਟ ਕੇ ਬਾਹਰਲੇ ਲੋਕਾਂ ਅਤੇ ਪੁਲਸ-ਫੌਜ ਦੇ ਦਾਖਲੇ ਨੂੰ ਬੰਦ ਕਰ ਦਿੱਤਾ ਹੈ ਤੇ ਉਥੋਂ ਦੇ ਲੋਕ ਬਿਨਾ ਕੋਰੋਨਾ ਤੋਂ ਹੀ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਂਦੇ ਹਨ। ਵੱਖ ਵੱਖ ਸੋਮਿਆਂ ਤੋਂ ਇਕੱਤਰ ਹੋਈ ਸਮੱਗਰੀ ਨੂੰ ਪਾਠਕਾਂ ਸਾਹਮਣੇ ਜਾਣਕਾਰੀ ਹਿਤ ਪੇਸ਼ ਕੀਤਾ ਜਾ ਰਿਹਾ ਹੈ ਤਾਂ ਕਿ ਪਤਾ ਚੱਲ ਸਕੇ ਕਿ ਮਾਓਵਾਦੀ ਖੇਤਰਾਂ ਵਿੱਚ ਕਿਹੋ ਜਿਹੀਆਂ ਸਰਗਰਮੀਆਂ ਚੱਲ ਰਹੀਆਂ ਹਨ।
ਮਾਓਵਾਦੀਆਂ ਵੱਲੋਂ ਕੋਰੋਨਾਵਾਇਰਸ ਕਾਰਨ ਇੱਕਤਰਫਾ ਗੋਲੀਬੰਦੀ ਦਾ ਐਲਾਨ
7 ਅਪ੍ਰੈਲ, ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਫੁਟਾਰੇ ਦੇ ਸਮਿਆਂ ਵਿੱਚ, ਸੀ.ਪੀ.ਆਈ.(ਮਾਓਵਾਦੀ) ਨੇ ਸੁਰੱਖਿਆ ਬਲਾਂ ਦੇ ਖਿਲਾਫ ਇੱਕਤਰਫਾ ਤੌਰ 'ਤੇ ਆਰਜੀ ਗੋਲੀਬੰਦੀ ਦਾ ਐਲਾਨ ਕਰਦੇ ਹੋਏ ਨਕਸਲ ਪ੍ਰਭਾਵਿਤ ਸਰਕਾਰਾਂ ਵੱਲੋਂ ਇਸਦਾ 5 ਦਿਨਾਂ ਦੇ ਵਿੱਚ ਵਿੱਚ ਜੁਆਬ ਮੰਗਿਆ ਹੈ। ਇਹ ਸੱਦਾ, ਦੋ ਹਫਤਿਆਂ ਵਿੱਚ ਉਦੋਂ ਆਇਆ ਹੈ, ਜਦੋਂ ਮਾਓਵਾਦੀਆਂ ਨੇ 21 ਮਾਰਚ ਨੂੰ ਸੁਰੱਖਿਆ ਬਲਾਂ ਵੱਲੋਂ ਕੀਤੇ ਅਪ੍ਰੇਸ਼ਨ ਦੌਰਾਨ ਹਮਲਾ ਕਰਕੇ 17 ਸੀ.ਆਰ.ਪੀ.ਐਫ. ਦੇ ਮੈਂਬਰਾਂ ਨੂੰ ਮਾਰ ਦਿੱਤਾ ਸੀ।
5 ਅਪ੍ਰੈਲ ਨੂੰ ਪਾਰਟੀ ਦੀ ਲੈਟਰ-ਪੈਡ 'ਤੇ ਤੇਲਗੂ ਵਿੱਚ ਲਿਖੇ ਇੱਕ ਬਿਆਨ ਵਿੱਚ ਸੀ.ਪੀ.ਆਈ. (ਮਾਓਵਾਦੀ) ਦੀ ਮਲਕਾਨਗਿਰੀ-ਕੋਰਾਪੁਟ-ਵਿਸਾਖਾ ਬਾਰਡਰ (ਐਮ.ਕੇ.ਵੀ.ਬੀ.) ਡਵੀਜ਼ਨ ਕਮੇਟੀ ਦੇ ਸਕੱਤਰ ਕੈਲਾਸਮ ਨੇ ਆਖਿਆ ਹੈ ਕਿ ''ਸਾਰਸ ਕੋਵ-2 ਵਾਇਰਸ, ਜਿਸ ਤੋਂ ਕੋਵਿਡ-19 ਕੋਰੋਨਾਵਾਇਰਸ ਪੈਦਾ ਹੋਇਆ ਹੈ, ਇਸਨੇ ਦੁਨੀਆਂ ਭਰ ਵਿੱਚ ਤਬਾਹੀ ਮਚਾ ਦਿੱਤੀ ਹੈ।'' ਬਿਆਨ ਵਿੱਚ ਆਖਿਆ ਗਿਆ ਹੈ ਕਿ ''ਸਾਡੀ ਪਾਰਟੀ, ਲੋਕ ਮੁਕਤੀ ਗੁਰੀਲਾ ਫੌਜ (ਪੀ.ਜੀ.ਐਲ.ਏ.- ਪਾਰਟੀ ਦਾ ਫੌਜੀ ਵਿੰਗ), ਪਾਰਟੀ ਦੀਆਂ ਅਨੇਕਾਂ ਜਨਤਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਅਰਸੇ ਦੌਰਾਨ ਸੁਰੱਖਿਆ ਬਲਾਂ 'ਤੇ ਕਿਸੇ ਕਿਸਮ ਦਾ ਹੱਲਾ ਨਹੀਂ ਕਰਨਗੀਆਂ।'' ਸਰਕਾਰੀ ਸੂਤਰਾਂ ਦਾ ਕਹਿਣਾ ਹੈ ਭਾਵੇਂ ਕਿ ਇਹ ਬਿਆਨ ਸੀ.ਪੀ.ਆਈ.(ਮਾਓਵਾਦੀ) ਦੀ ਕੇਦਰੀ ਕਮੇਟੀ ਵੱਲੋਂ ਨਹੀਂ ਆਇਆ, ਪਰ ਲੱਗਦਾ ਹੈ ਕਿ ਉਹ ਇਸ ਸੱਦੇ ਪ੍ਰਤੀ ਹਕੂਮਤਾਂ ਦਾ ਪੱਖ ਜਾਨਣਾ ਚਾਹੁੰਦੇ ਹਨ।
ਬਿਆਨ ਵਿੱਚ ਆਖਿਆ ਗਿਆ ਹੈ ਕਿ ''ਕੋਰੋਨਾਵਾਇਰਸ ਦੀ ਮਾਰ ਸੰਸਾਰ ਵਿਆਪੀ ਹੈ, ਇਸ ਨਾਜ਼ੁਕ ਮੌਕੇ 'ਤੇ ਸਾਡੀ ਪਾਰਟੀ, ਪੀ.ਜੀ.ਐਲ.ਏ. ਅਤੇ ਹੋਰਨਾਂ ਲੋਕ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਪੁਲਸ 'ਤੇ ਹੱਲੇ ਨਾ ਕੀਤੇ ਜਾਣ।'' ਇਸ ਦੇ ਨਾਲ ਹੀ ਕੈਲਾਸਮ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ''ਅਸੀਂ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਜੇਕਰ ਪੁਲਸ ਨੇ ਕੋਈ ਕਾਰਵਾਈ ਕੀਤੀ ਤਾਂ ਅਸੀਂ ਮੋੜਵਾਂ ਟਾਕਰਾ ਕਰਾਂਗੇ।'' ਸੋਮਾ- ਟੀ.ਐਨ.ਐਨ. (ਰੈੱਡ ਸਪਾਰਕ)
ਮਾਓਵਾਦੀਆਂ ਵੱਲੋਂ ਕੋਰੋਨਾਵਾਇਰਸ ਸਬੰਧੀ ਮੋਦੀ ਹਕੂਮਤ ਦੀ ਨਿਖੇਧੀ ਢੁਕਵੇਂ ਕਦਮ ਲੈਣ ਦਾ ਸੱਦਾ
14 ਅਪ੍ਰੈਲ, ਕੋਠਾਗੁਦੇਮ: ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਬੁਲਾਰੇ ਅਭੈ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਕੋਰੋਨਾ ਵਾਇਰਸ ਦਾ ਫੁਟਾਰਾ ਸਾਮਰਾਜੀ ਤਾਕਤਾਂ ਦੀ ਦੇਣ ਹੈ। ਉਸਨੇ ਨੇ ਆਖਿਆ, ''ਕੋਰੋਨਾਵਾਇਰਸ ਵਰਗੇ ਜੀਵਾਣੂੰ-ਹਥਿਆਰ ਦੇ ਫੁਟਾਰੇ ਦੀ ਜੜ੍ਹ ਸਾਮਰਾਜੀ ਨੀਤੀਆਂ ਵਿੱਚ ਲੱਗੀ ਹੋਈ ਹੈ।'' ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਮੋਦੀ ਹਕੂਮਤ ਤਾਲਾਬੰਦੀ ਮੜ੍ਹ ਕੇ ਗਰੀਬਾਂ ਦੀ ਸਹਾਇਤਾ ਕਰਨ ਵਿੱਚ ਨਾਕਾਮ ਹੋਈ ਹੈ ਅਤੇ ਇਸਨੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ, ਜਨਤਕ ਆਵਾਜਾਈ ਬੰਦ ਕਰਕੇ, ਪੈਦਲ ਆਪਣੇ ਘਰਾਂ ਵੱਲ ਜਾਣ ਲਈ ਮਜਬੂਰ ਕੀਤਾ ਹੈ।
ਕੇਂਦਰੀ ਹਕੂਮਤ ਨੂੰ ਗਰੀਬਾਂ ਦੀਆਂ ਸਿਹਤ ਸਹੂਲਤਾਂ ਅਤੇ ਖੁਰਾਕ ਵਾਸਤੇ ਕੁੱਲ ਘਰੇਲੂ ਉਤਪਾਦ ਦਾ 10 ਫੀਸਦੀ ਹਿੱਸਾ ਖਰਚਣਾ ਚਾਹੀਦਾ ਹੈ। ਅਭੈ ਨੇ ਆਖਿਆ ਹੈ ਕਿ ਕੇਂਦਰੀ ਅਤੇ ਸੂਬਾਈ ਹਕੂਮਤਾਂ ਗੈਰ-ਜਥੇਬੰਦ ਖੇਤਰਾਂ ਦੀ ਰਾਖੀ ਲਈ 5 ਲੱਖ ਕਰੋੜ ਰੁਪਏ ਦਾ ਵਿੱਤੀ ਪੈਕਜ ਜਾਰੀ ਕਰ ਰਹੀਆਂ ਹਨ। ਤਾਲਾਬੰਦੀ ਦੇ ਐਲਾਨ ਦੀ ਨੋਟਬੰਦੀ ਨਾਲ ਤੁਲਨਾ ਕਰਦੇ ਹੋਏ ਉਸਨੇ ਆਖਿਆ ਹੈ ਕਿ ਕੇਂਦਰੀ ਅਤੇ ਸੂਬਾਈ ਹਕੂਮਤਾਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਦਾ ਇੱਕੋ-ਇੱਕ ਰਾਹ ਇਕਾਂਤਵਾਸ ਹੋਣਾ ਐਲਾਨਿਆ ਹੈ, ਜਦੋਂ ਕਿ ਅਨੇਕਾਂ ਸੂਬਿਆਂ ਦੇ ਹਸਪਤਾਲਾਂ ਵਿੱਚ ਸਿਹਤ ਕਾਮਿਆਂ ਲਈ ਮੁਢਲੇ ਸੁਰੱਖਿਆ ਸਾਧਨਾਂ (ਪੀ.ਪੀ.ਈ.) ਕਿੱਟ ਦੀ ਥੁੜ੍ਹ ਪਾਈ ਜਾ ਰਹੀ ਹੈ। ਮੋਦੀ ਹਕੂਮਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਅਧੀਨ ਉੱਥੇ ਹਾਈਡਰੋਕਲੋਰੋਕੁਇਨ (ਮਲੇਰੀਏ ਦੀ ਦਵਾਈ) ਭੇਜ ਰਹੀ ਹੈ। ਅਭੈ ਨੇ ਦੱਸਿਆ ਹੈ ਕਿ ਆਰ.ਐਸ.ਐਸ.-ਬੀ.ਜੇ.ਪੀ. ਦੀ ਲੀਡਰਸ਼ਿੱਪ ਤਬਲੀਗੀ ਜਮਾਤ ਦੀ ਇਕੱਤਰਤਾ ਨੂੰ ਕੋਰੋਨਾ ਵਾਇਰਸ ਦੇ ਫੈਲਾਉਣ ਦਾ ਕਾਰਨ ਦੱਸ ਕੇ ਨਿਸ਼ਾਨਾ ਬਣਾਉਣ ਲੱਗੀ ਹੋਈ ਹੈ।
ਮਾਓਵਾਦੀਆਂ ਦੇ ਬੁਲਾਰੇ ਨੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦ ਵਰਵਰਾ ਰਾਓ, ਪ੍ਰੋਫੈਸਰ ਸਾਈਬਾਬਾ ਅਤੇ ਹੋਰ ਸਿਆਸੀ ਕਾਰਕੁੰਨਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਹੈ। ਉਸ ਨੇ ਆਖਿਆ ਕਿ ਲੋਕਾਂ ਨੂੰ ਸਿੱਖਿਅਤ ਕਰਨ ਦੀ ਥਾਂ ਹਕੂਮਤਾਂ ਤਾਲਾਬੰਦੀ ਰਾਹੀਂ ਪੁਲਸੀ ਬਲਾਂ ਦੀ ਵਰਤੋਂ ਨੂੰ ਤਰਜੀਹ ਦੇ ਰਹੀਆਂ ਹਨ।
ਉਸਨੇ ਮੰਗ ਕੀਤੀ ਹੈ ਕਿ ਤਾਲਾਬੰਦੀ ਨੂੰ ਲਾਲ ਖੇਤਰਾਂ ਅਤੇ ਵੱਧ ਮਾਰ ਵਾਲੇ ਖੇਤਰਾਂ ਤੱਕ ਮਹਿਦੂਦ ਰੱਖਦੇ ਹੋਏ ਡਾਕਟਰਾਂ, ਸਹਿਤ ਕਾਮਿਆਂ, ਮਜ਼ਦੂਰਾਂ, ਸਫਾਈ ਕਾਮਿਆਂ ਅਤੇ ਪ੍ਰੈਸ ਦੀ ਆਜ਼ਾਦੀ ਲਈ ਢੁਕਵੇਂ ਕਦਮ ਲੈਣੇ ਚਾਹੀਦੇ ਹਨ। -ਤੇਲੰਗਾਨਾਟੂਡੇ.ਕਾਮ (ਫੇਸਬੁੱਕ, ਰੈਡ ਸਪਾਰਕ)
ਦੇਸ਼-ਵਿਆਪੀ ਕਰਫਿਊ ਦੇ ਬਾਵਜੂਦ ਸੀ.ਪੀ.ਆਈ. (ਮਾਓਵਾਦੀ) ਵੱਲੋਂ
ਲੋਕਾਂ ਨੂੰ ਜਥੇਬੰਦ ਕਰਕੇ ਅੰਦੋਲਨ ਜਾਰੀ
ਨਵੀਂ ਦਿੱਲੀ, 16 ਅਪ੍ਰੈਲ: ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼-ਵਿਆਪੀ ਤਾਲਾਬੰਦੀ ਦੇ ਬਾਵਜੂਦ ਮਾਓਵਾਦੀ ਗਰੁੱਪਾਂ ਵੱਲੋਂ ਆਪਣੀ ਤਾਕਤ ਵਧਾਈ ਜਾ ਰਹੀ ਹੈ। ਬਾਗੀਆਂ ਦੇ ਵੱਡੇ ਗਰੁੱਪ ਦੱਖਣੀ ਬਸਤਰ ਤੋਂ ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਂਰਾਸ਼ਟਰ, ਝਾਰਖੰਡ, ਉਡੀਸ਼ਾ, ਪੱਛਮੀ ਬੰਗਾਲ ਅਤੇ ਨਿਪਾਲ ਵਿੱਚ ਦਾਖਲ ਹੋ ਚੁੱਕੇ ਹਨ। ਖੁਫੀਆ ਏਜੰਸੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਅਤੇ ਸੂਬਾਈ ਪੁਲਸੀ ਬਲਾਂ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਉਸ ਸਮੇਂ ਚੌਕਸ ਕਰ ਦਿੱਤਾ ਸੀ ਜਦੋਂ ਸੁਰੱਖਿਆ ਬਲ ਅਤੇ ਸਮੁੱਚੀ ਅਮਨ-ਕਾਨੂੰਨ ਦੀ ਮਸ਼ੀਨਰੀ ਕੋਰੋਨਾਇਵਾਰਸ ਦੀ ਕੜੀ ਨੂੰ ਤੋੜਨ ਲਈ ਤਾਲਾਬੰਦੀ ਲਾਗੂ ਕਰਵਾਉਣ ਵਿੱਚ ਜੁਟੀ ਹੋਈ ਸੀ। ਖੁਫੀਆ ਜਾਣਕਾਰੀ ਮੁਤਾਬਕ, ਮਾਓਵਾਦੀਆਂ ਦੇ ਉੱਚ ਆਗੂਆਂ ਦੀ ਅਗਵਾਈ ਵਿੱਚ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ, ਜਗਦਲਪੁਰ ਜ਼ਿਲ੍ਹੇ ਦੀ ਦਰਭਾ ਡਵੀਜ਼ਨ ਅਤੇ ਦਾਂਤੇਵਾੜਾ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿੱਚ ਮਾਓਵਾਦੀ ਗਰੁੱਪਾਂ ਵੱਲੋਂ ''ਧੁਰ ਅੰਦਰਲੇ ਇਲਾਕਿਆਂ ਵਿੱਚ ਲਗਾਤਾਰ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ।'' ਆਈ.ਏ.ਐਨ.ਐਸ. ਵੱਲੋਂ ਇਕੱਤਰ ਕੀਤੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ''ਮਾਓਵਾਦੀ ਪਿੰਡਾਂ ਦੇ ਲੋਕਾਂ ਨੂੰ ਹਕੂਮਤ ਦੇ ਖਿਲਾਫ ਟਕਰਾਅ ਲਈ ਤੇਂਦੂ ਪੱਤੇ ਦੀਆਂ ਘੱਟੋ ਘੱਟ ਕੀਮਤਾਂ ਤਹਿ ਕਰਵਾਉਣ, ਪੱਤਿਆਂ ਦੀ ਤੁੜਾਈ ਦੌਰਾਨ ਮਾਰੇ ਜਾਣ ਵਾਲੇ ਜਾਂ ਜਖਮੀਆਂ ਲਈ ਮੁਆਵਜੇ ਦੀ ਅਦਾਇਗੀ ਵਾਸਤੇ ਜਥੇਬੰਦ ਕਰ ਰਹੇ ਹਨ।''
ਮਾਓਵਾਦੀਆਂ ਨੇ ਤਾਲਾਬੰਦੀ ਦੇ ਪਹਿਲੇ ਦੌਰ ਦੇ 21 ਦਿਨਾਂ ਦੌਰਾਨ 24 ਮਾਰਚ ਦੀ ਅੱਧੀ ਰਾਤ ਤੋਂ 14 ਅਪ੍ਰੈਲ ਤੱਕ ਸੁਰੱਖਿਆ ਬਲਾਂ ਦੀ ਆਵਾਜਾਈ ਰੋਕਣ ਲਈ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਗੰਗਾਲੂਰ ਪੁਲਸ ਥਾਣੇ ਅਧੀਨ ਗੰਗਾਲੂਰ ਤੇ ਚੇਰਪਾਲ ਦਰਮਿਆਨ ਅਤੇ ਕਿਕਲੇਰ ਵਿੱਚ ਕੁੜਿੱਕੀਆਂ ਲਾਈਆਂ ਹੋਈਆਂ ਸਨ। ਤਾਲਾਬੰਦੀ ਅਤੇ ਸੁਰੱਖਿਆ ਬਲਾਂ ਦੇ ਕੰਮ ਖੇਤਰਾਂ ਵਿੱਚ ਘਟੀ ਹੋਈ ਨਫਰੀ ਦਾ ਲਾਹਾ ਲੈ ਕੇ ਮਾਓਵਾਦੀਆਂ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਬਹੁਤ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ ਹੈ।'' ਹੋਰ ਅੱਗੇ ਇਹ ਜਾਣਕਾਰੀ ਮਿਲੀ ਹੈ ਕਿ ਮਾਓਵਾਦੀਆਂ ਨੇ ਰਾਜਪੇਂਟਾ ਅਤੇ ਚਿਮਲੀਪੇਂਟਾ ਵਿੱਚ ਬਾਰੂਦੀ ਸੁਰੰਗਾਂ ਵਿਛਾਈਆਂ ਹੋਈਆਂ ਸਨ।''
ਇਸ ਮਹੀਨੇ ਦੇ ਦੂਸਰੇ ਹਫਤੇ ਵਿੱਚ ਮਾਓਵਾਦੀਆਂ ਦੇ ਇੱਕ ਗਰੁੱਪ ''ਮਾਓਵਾਦੀਆਂ ਦੀ ਕੇਰਲਾਪਾਲ ਏਰੀਆ ਕਮੇਟੀ'' ਨੇ 10 ਵਜੇ ਦੇ ਕਰੀਬ ਬਾਰੂਦੀ ਧਮਾਕਾ ਕਰਕੇ ਰੇਂਗਾਪਾੜਾ, ਨੇੜੇ ਗੋਰਗੁੰਨਾ ਵਿਖੇ ਇੱਕ ਪੁਲੀ ਨੂੰ ਉਡਾ ਕੇ ਸੁਕਮਾ ਜ਼ਿਲ੍ਹੇ ਦੇ ਪੁਲਸ ਥਾਣਾ ਪੋਮਾਨਪੱਲੀ ਵਿੱਚ ਦੋਰਨਾਪਾਲ-ਜਗਰਗੁੰਡਾ ਸੜਕੀ ਆਵਾਜਾਈ ਨੂੰ ਰੋਕ ਦਿੱਤਾ ਹੈ। ਸੁਰੱਖਿਆ ਬਲਾਂ ਦੀ ਵਿਆਪਕ ਘੋਖ-ਪੜਤਾਲ ਤੋਂ ਪਤਾ ਲੱਗਿਆ ਹੈ ਕਿ ਮਾਓਵਾਦੀਆਂ ਨੇ ਜਗਦਲਪੁਰ ਜ਼ਿਲ੍ਹੇ ਦੇ ਮਾੜ ਇਲਾਕੇ ਵਿਚਲੇ ਸੀ.ਆਰ.ਪੀ.ਐਫ. ਦੀ 195ਵੀਂ ਬਟਾਲੀਅਨ ਦੇ ਪੁਸ਼ਪਾਲ ਕੈਂਪ ਨੂੰ ਨਿਸ਼ਾਨਾ ਬਣਾ ਕੇ ਇੱਕ ਬਾਰੂਦੀ ਸੁਰੰਗ ਵਿਛਾਈ ਸੀ।
ਇੱਕ ਰਿਪੋਰਟ ਮੁਤਾਬਕ ਕੁੱਝ ਦਿਨ ਪਹਿਲਾਂ ਮਾਓਵਾਦੀਆਂ ਦੀ ਮਲਨਗੀਰ ਇਲਾਕਾ ਕਮੇਟੀ ਵੱਲੋਂ ਅਰਨਪੁਰ-ਪੋਟਲੀ ਸੜਕ 'ਤੇ 10 ਥਾਵਾਂ 'ਤੇ ਟੋਏ ਪੁੱਟ ਕੇ ਵਾਹਨਾਂ ਦੀ ਆਵਾਜਾਈ ਨੂੰ ਰੋਕਿਆ ਗਿਆ। ਰਿਪੋਰਟ ਵਿੱਚ ਇਹ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ''ਪੋਟਲੀ ਕੈਂਪ ਦੇ ਸੀ.ਏ.ਐਫ. ਅਤੇ ਕੋਰਨਦਾਸਵਲੀ ਕੈਂਪ ਦੀ ਏ.ਸੀ.ਆਰ.ਪੀ.ਐਫ. ਦੀ ਦਾਂਤੇਵਾੜਾ ਵਿੱਚ ਤਾਇਨਾਤ ਬਟਾਲੀਅਨ'' ਦੇ ਅਮਲੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।
-ਆਉਟਲੁੱਕਇੰਡੀਆ.ਕਾਮ ਫੇਸਬੁੱਕ: ਰੈੱਡ ਸਪਾਰਕ
ਸੀ.ਪੀ.ਆਈ.(ਮਾਓਵਾਦੀ) ਦੇ ਹਥਿਆਰਬੰਦ ਕਾਡਰਾਂ ਵੱਲੋਂ ਸੀ.ਆਰ.ਪੀ.ਐਫ. ਅਤੇ
ਬੋਕਾਰੋ ਪੁਲਸ ਨਾਲ ਗੋਲੀਬਾਰੀ
14 ਅਪ੍ਰੈਲ 2020- ਬੋਕਾਰੋ ਦੀ ਪੁਲਸ ਅਤੇ ਸੀ.ਆਰ.ਪੀ.ਐਫ. ਦੀ 26ਵੀਂ ਬਟਾਲੀਅਨ ਦਾ ਸੋਮਵਾਰ ਦੀ ਰਾਤ ਬੋਕਾਰੋ ਜ਼ਿਲ੍ਹੇ ਦੇ ਚਤਰੋਚਤੀ ਪੁਲਸ ਥਾਣੇ ਦੇ ਅਧੀਨ ਝੁਮਰਾ ਇਲਾਕੇ ਦੇ ਬਿੰਦੀਮੁਰਪਾ ਦੇ ਜੰਗਲਾਂ ਵਿੱਚ ਟਾਕਰਾ ਹੋ ਗਿਆ। ਨਕਸਲ ਵਿਰੋਧੀ ਛਾਪਿਆਂ ਦੌਰਾਨ ਸੀ.ਆਰ.ਪੀ.ਐਫ. ਅਤੇ ਸਥਾਨਕ ਪੁਲਸ ਵੱਲੋਂ ਸੀ.ਪੀ.ਆਈ.(ਮਾਓਵਾਦੀ) ਦੇ ਬਾਗੀਆਂ ਨਾਲ ਬਿੰਦੀਮੁਰਪਾ ਇਲਾਕੇ ਦੇ ਟਾਕਰੇ ਦੌਰਾਨ 200-250 ਗੋਲੀਆਂ ਦਾ ਅਦਾਨ-ਪ੍ਰਦਾਨ ਹੋਇਆ। ਬੋਕਾਰੋ ਦੀ ਪੁਲਸ ਸੁਪਰਡੈਂਟ ਸੁਜਾਤਾ ਕੁਮਾਰੀ ਵੀਨਾਪਨੀ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਮੁਕਾਬਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਸਨੇ ਆਖਿਆ ਕਿ ਘਟਨਾ ਸਥਾਨ ਤੋਂ ਨਕਸਲੀਆਂ ਨਾਲ ਸਬੰਧਤ ਕੁੱਝ ਚੀਜ਼ਾਂ ਪ੍ਰਾਪਤ ਹੋਈਆਂ ਹਨ, ਜਦੋਂ ਕਿ ਇਲਾਕੇ ਦੀ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ। ਝੁਮਰਾ ਇਲਾਕੇ ਵਿੱਚ ਬਾਗੀਆਂ ਦੀ ਹਾਜ਼ਰੀ ਬਾਰੇ ਖੁਫੀਆ ਜਾਣਕਾਰੀ ਹਾਸਲ ਹੋਈ ਸੀ। ਸੀ.ਆਰ.ਪੀ.ਐਫ. ਨੇ ਬੋਕਾਰੋ ਪੁਲਸ ਦੇ ਅਮਲੇ ਸਮੇਤ ਖੁਫੀਆ ਜਾਣਕਾਰੀ ਤਹਿਤ ਕੰਘਾ-ਕਰੂ ਮੁਹਿੰਮ ਆਰੰਭ ਕੀਤੀ ਸੀ। ਪਤਾ ਲੱਗਾ ਹੈ ਕਿ ਬਿੰਦੀਮੁਰਪਾ ਜੰਗਲਾਂ ਦੇ ਝੁਰਮਾ ਪਹਾੜਾਂ ਵਿੱਚ ਮਿਥਲੇਸ਼ ਮਹਾਤੋ ਉਰਫ ਦੁਰਯੋਦਨ ਦੇ ਨਕਸਲੀ ਦਲ ਦੇ 20-25 ਬਾਗੀ ਸ਼ਾਮਲ ਸਨ, ਜਿਹਨਾਂ ਵਿੱਚ ਔਰਤਾਂ ਵੀ ਮੌਜੂਦ ਸਨ। ਬੋਕਾਰੋ ਪੁਲਸ ਦੀ ਮੁਖੀ (ਸੁਪਰਡੈਂਟ) ਦੀਆਂ ਹਦਾਇਤਾਂ ਅਨੁਸਾਰ ਇਸ ਮਕਸਦ ਲਈ ਏ.ਐਸ.ਪੀ. ਉਮੇਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਕਾਰਜ-ਬਲ ਗਠਤ ਕੀਤਾ ਗਿਆ ਸੀ।
ਜਦੋਂ ਪੁਲਸ ਬਿੰਦੀਮੁਰਪਾ ਦੀਆਂ ਪਹਾੜੀਆਂ ਵਿੱਚ ਪਹੁੰਚੀ ਤਾਂ ਨਕਸਲੀ ਪਹਾੜੀ ਦੀਆਂ ਚੋਟੀਆਂ 'ਤੇ ਪਹਿਲਾਂ ਹੀ ਮੋਰਚਾ ਲਾਈ ਬੈਠੇ ਸਨ। ਮਾਓਵਾਦੀਆਂ ਨੇ ਪੁਲਸ ਬਲਾਂ ਨੂੰ ਦੇਖਦੇ ਹੋਏ ਪੁਲਸੀ ਬਲਾਂ 'ਤੇ ਫਾਇਰਿੰਗ ਕਰ ਦਿੱਤੀ। ਜੁਆਬ ਵਿੱਚ ਸੀ.ਆਰ-ਪੀ.ਐਫ. ਅਤੇ ਪੁਲਸ ਨੇ ਗੋਲੀਬਾਰੀ ਕੀਤੀ। ਨਕਸਲੀ ਜੰਗਲਾਂ ਅਤੇ ਪਹਾੜੀ ਖੇਤਰਾਂ ਦਾ ਲਾਹਾ ਲੈਂਦੇ ਹੋਏ ਬਚ ਨਿਕਲੇ। ਇਹ ਮੁਕਾਬਲਾ ਕਈ ਘੰਟੇ ਚੱਲਿਆ, ਜਿਸ ਵਿੱਚ ਦੋਵਾਂ ਧਿਰਾਂ ਵੱਲੋਂ ਇੱਕ-ਦੂਸਰੇ 'ਤੇ 200 ਤੋਂ 250 ਤੱਕ ਗੋਲੀਆਂ ਦੀ ਵਰਤੋਂ ਕੀਤੀ ਗਈ।
-ਡੇਅਲੀਪਾਇਨੀਅਰ.ਕਾਮ
ਮਾਓਵਾਦੀਆਂ ਦੇ ਪ੍ਰਭਾਵ-ਖੇਤਰਾਂ ਵਿੱਚ
30 ਲੱਖ ਦੀ ਆਬਾਦੀ ਵਾਲੇ ਬਸਤਰ ਦੇ ਕਬਾਇਲੀ ਕੋਰੋਨਾ ਤੋਂ ਮੁਕਤ
ਸੁਵੋਜੀਤ ਬਾਗਚੀ, ਕਲਕੱਤਾ, 21 ਅਪ੍ਰੈਲ: ਦੱਖਣੀ ਬਸਤਰ ਦੇ ਦੂਰ-ਦਰਾਜ਼ ਵਾਲੇ ਪਿੰਡਾਂ ਵਿੱਚ ਜਿੱਥੇ ਗੈਰ-ਕਾਨੂੰਨੀ ਐਲਾਨੀ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਓਵਾਦੀ) ਦਾ ਬੋਲਬਾਲਾ ਹੈ, ਉੱਥੇ ਪੇਂਡੂਆਂ ਨੇ ਕੋਰੋਨਾਵਾਇਰਸ (ਕੋਵਿਡ-19) ਦਾ ਟਾਕਰਾ ਕਰਨ ਦੀ ਯੋਜਨਾ ਘੜੀ ਹੈ।
ਉਹਨਾਂ ਨੇ ਨਾਕਾਬੰਦੀ ਕਰਕੇ ਬਾਹਰਲੇ ਲੋਕਾਂ ਦਾ ਪਿੰਡਾਂ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ। ਇਸ ਦੀ ਥਾਂ ਪੇਂਡੂਆਂ ਨੇ ਉਹਨਾਂ ''ਬਾਹਰਲਿਆਂ'' ਲਈ ਪਿੰਡਾਂ ਦੇ ਬਾਹਰਵਾਰ ਇਕਾਂਤਵਾਸ ਦਾ ਇੰਤਜ਼ਾਮ ਕੀਤਾ ਹੋਇਆ ਹੈ, ਜਿਹੜੇ ਕੰਮ-ਕਾਜ ਸਬੰਧੀ ਇਸ ਖੇਤਰ 'ਚੋਂ ਬਾਹਰ ਜਾਂਦੇ ਹਨ।
ਕਬਾਇਲੀਆਂ ਨੇ 'ਸਰਵ ਆਦਿਵਾਸੀ ਸਮਾਜ' ਵਰਗੀਆਂ ਓਟ-ਛਤਰੀਆਂ ਵਾਲੀਆਂ ਜਥੇਬੰਦੀਆਂ ਬਣਾ ਕੇ ਪਹਿਲਕਦਮੀ ਇਹਨਾਂ ਨੂੰ ਸੰਭਾਲੀ ਹੋਈ ਹੈ, ਮਾਓਵਾਦੀਆਂ ਵੱਲੋਂ ਪੂਰੀ ਸਰਗਰਮੀ ਨਾਲ ਇਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ। 30 ਲੱਖ ਦੀ ਆਬਾਦੀ ਵਾਲੇ ਬਸਤਰ ਵਿੱਚ ਕੋਰੋਨਾ ਦਾ ਕੋਈ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ।
ਇਹ ਉਹ ਸਮਾਂ ਹੈ ਜਦੋਂ ਦੱਖਣੀ ਛੱਤੀਸਗੜ੍ਹ ਦੇ ਬਸਤਰ ਡਵੀਜ਼ਨ ਦੇ ਕਈ ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕ ਤੇਲੰਗਾਨਾ ਅਤੇ ਸਰਹੱਦੀ ਆਂਧਰਾ ਪ੍ਰਦੇਸ਼ ਵਿੱਚ ਮਿਰਚਾਂ ਦੀ ਤੁੜਾਈ ਲਈ ਜਾਂਦੇ ਹਨ। ਸਰਵ ਆਦਿਵਾਸੀ ਸਮਾਜ ਦੇ ਉਪ-ਪ੍ਰਧਾਨ ਧੀਰਾਜ ਰਾਧਾ ਨੇ ਆਖਿਆ ਕਿ ''ਤਾਲਾਬੰਦੀ ਕਰਕੇ ਸੈਂਕੜੇ ਹੀ ਲੋਕ ਆਪਣੇ ਪਿੰਡਾਂ ਵਿੱਚ ਵਾਪਸ ਆ ਰਹੇ ਹਨ। ਇਹਨਾਂ ਆਦਿਵਾਸੀਆਂ ਨੂੰ ਬਿਨਾ ਕਿਸੇ ਵੈਰ-ਭਾਵ ਪਿੰਡ ਦੇ ਬਾਹਰਵਾਰ ਠਹਿਰਾਇਆ ਜਾਂਦਾ ਹੈ। ਜੰਗਲਾਂ ਵਿੱਚ ਬੋਹੜਾਂ ਦੀ ਛਾਂ, ਸਕੂਲ ਜਾਂ ਆਂਗਨਵਾੜੀ ਕੇਂਦਰਾਂ ਵਿੱਚ ਪੇਂਡੂਆਂ ਨੇ ਆਪਣੇ ਦੋਸਤਾਂ ਅਤੇ ਪਰਿਵਾਰ ਮੈਂਬਰਾਂ ਲਈ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇਕਾਂਤਵਾਸ ਦੇ ਸਮੇਂ ਲਈ ਉਹਨਾਂ ਨੂੰ ਰਾਸ਼ਣ-ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੈ।''
ਜੰਗਲ ਦੇ ਪਿੰਡਾਂ ਦੀ ਫਿਰਨੀ 'ਤੇ ਨਾਕਾਬੰਦੀਆਂ ਕੀਤੀਆਂ ਹੋਈਆਂ ਹਨ। ਪੁਲਸ ਦੀਆਂ ਚੌਕੀਆਂ ਮੁੱਖ ਸੜਕਾਂ 'ਤੇ ਹਨ। ਰਾਧਾ ਦੇ ਦੱਸਣ ਮੁਤਾਬਕ, ''ਸਿਹਤ ਕਾਰਕੁੰਨਾਂ ਦੀ ਸਿੱਖਿਆ-ਸਿਖਲਾਈ ਲਈ ਬਸਤਰ ਦੀਆਂ ਦੋ ਪ੍ਰਮੁੱਖ ਭਾਸ਼ਾਵਾਂ ਗੋਂਡੀ ਅਤੇ ਹਲਬੀ ਵਿੱਚ ਚੇਤਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।''
ਉਸ ਨੇ ਦੱਸਿਆ ਕਿ ਮਾਓਵਾਦੀਆਂ ਦੀ ਸਹਾਇਤਾ ਤੋਂ ਬਿਨਾ ਇਹਨਾਂ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨਾ ਅਸੰਭਵ ਹੋਣਾ ਸੀ। ਪਾਰਟੀ ਨੇ ਜੰਗਲ ਦੇ ਪਿੰਡਾਂ ਤੱਕ ਪਹੁੰਚ ਮੁਹੱਈਆ ਕਰਵਾਈ ਹੈ। ਜਦੋਂ ਕਿ ਆਮ ਤੌਰ 'ਤੇ ਉਹ ਆਪਣੇ ਕਬਜ਼ੇ ਵਾਲੇ ਖੇਤਰਾਂ ਵਿੱਚ ਕਿਸੇ ਨੂੰ ਜਾਣ ਨਹੀਂ ਦਿੰਦੇ। ਉਸਦਾ ਮੰਨਣਾ ਹੈ ਕਿ ''ਕੋਵਿਡ ਹੋਰਨਾਂ ਵਾਂਗ ਮਾਓਵਾਦੀਆਂ 'ਤੇ ਵੀ ਅਸਰ-ਅੰਦਾਜ਼ ਹੋ ਸਕਦਾ ਹੈ।''
ਭਾਰਤੀ ਜਨਤਾ ਪਾਰਟੀ ਦੇ ਕਬਾਇਲੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਨੰਦ ਕੁਮਾਰ ਅਤੇ ਬਸਤਰ ਦੇ ਪੱਤਰਕਾਰ ਕਮਲ ਸ਼ੁਕਲਾ ਤੇ ਮੰਗਲ ਕੁੰਜਮ ਨੇ ਹਾਮੀ ਭਰੀ ਹੈ ਕਿ ''ਮਾਓਵਾਦੀਆਂ ਦੀ ਸਹਾਇਤਾ ਤੋਂ ਬਿਨਾ ਇਕਾਂਤਵਾਸ ਦਾ ਕਾਰਜ ਸਹਿਜਤਾ ਨਾਲ ਸਿਰੇ ਚੜ੍ਹਨਾ ਅਸੰਭਵ ਹੋਣਾ ਸੀ।''
.....-'ਦਾ ਹਿੰਦੂ' ਅੰਗਰੇਜ਼ੀ ਅਖਬਾਰ
ਮਾਓਵਾਦੀਆਂ ਦੇ ਕਬਜ਼ੇ ਹੇਠਲੇ ਇਲਾਕੇ ਅੰਦਰ ਅਜੇ ਤੱਕ ਕੋਈ ਵੀ ਕੋਰੋਨਾ ਦਾ ਕੇਸ ਨਹੀਂ
ਅੱਜ (18ਅਪ੍ਰੈਲ, 2020) ਦੇ ਇੰਡੀਅਨ ਐਕਸਪ੍ਰੈਸ ਦੇ ਪਹਿਲੇ ਸਫੇ 'ਤੇ ਛਪੀ ਖਬਰ ਵਿੱਚ ਲਿਖਿਆ ਗਿਆ ਹੈ ਕਿ .....ਮਹਾਂਰਾਸ਼ਟਰ ਦੇ ਗੜਚਿਰੋਲੀ ਜ਼ਿਲ੍ਹੇ ਦੀ 12 ਲੱਖ ਦੀ ਆਬਾਦੀ ਵਿੱਚੋਂ ਅਜੇ ਤੱਕ ਕੋਈ ਇੱਕ ਵੀ ਕੋਰੋਨਾ ਦਾ ਮਰੀਜ ਨਹੀਂ ਮਿਲਿਆ।
------------
ਮਾਓਵਾਦੀਆਂ ਵੱਲੋਂ ਬਸਤਰ ਵਿੱਚ
10 ਹਜ਼ਾਰ ਲੋਕਾਂ ਦੀ ਹਾਜ਼ਰੀ ਵਾਲਾ ਤਿੰਨ-ਦਿਨਾਂ ਸਮਾਗਮ
ਮਾਓਵਾਦੀਆਂ ਵੱਲੋਂ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਇੱਕ ਸਮਾਗਮ ਕਰਕੇ ਆਪਣੀ ਤਾਕਤ ਦਾ ਵਿਖਾਵਾ ਕੀਤਾ ਗਿਆ। ਤਿੰਨ-ਦਿਨਾਂ ਦੇ ਇਸ ਸਮਾਗਮ ਵਿੱਚ 10 ਹਜ਼ਾਰ ਦੇ ਕਰੀਬ ਲੋਕਾਂ ਨੇ ਵੀ ਹਿੱਸਾ ਲਿਆ। ਇਸ ਮੀਟਿੰਗ ਵਿੱਚ, ਦਸੰਬਰ 2019 ਵਿੱਚ ਚੱਲ ਵਸੇ ਦੰਡਕਾਰਨੀਆ ਸਪੈਸ਼ਲ ਜ਼ੋਨਲ ਕਮੇਟੀ ਦੇ ਵਿਸ਼ੇਸ਼ ਸਕੱਤਰ, ਦੇ ਵਾਰਸ ਦੀ ਚੋਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਹ ਪਰੋਗਰਾਮ 18-20 ਜੂਨ ਦਰਮਿਆਨ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੇ ਸਰਹੱਦੀ ਪਿੰਡ 'ਤੇ ਆਯੋਜਿਤ ਕੀਤਾ ਗਿਆ।
ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਉੱਚ-ਆਗੂਆਂ ਨੇ ਹਿੱਸਾ ਲਿਆ, ਜਿਹਨਾਂ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ ਬਾਸਵਰਾਜੂ, ਬਟਾਲੀਅਨ ਨੰਬਰ 1 ਦੀ ਆਗੂ ਮਾਧਵੀ ਹਿਡਮਾ, ਕੋਸਾ, ਦੇਵਜੀ ਅਤੇ ਸੁਜਾਤਾ ਨੇ ਵੀ ਸ਼ਾਮਲ ਸਨ।
ਛੱਤੀਸਗੜ੍ਹ ਪੁਲਸ ਦੇ ਡਾਇਰੈਕਟਰ ਜਨਰਲ ਡੀ.ਐਮ. ਅਵਸਥੀ ਨੇ ਹਿੰਦੋਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਦੱਸਿਆ ਕਿ ''ਤਿੰਨ ਦਿਨ ਚੱਲੀ ਇਸ ਮੀਟਿੰਗ ਦੀ ਸੂਚਨਾ ਸਾਨੂੰ ਹਾਸਲ ਹੋਈ ਹੈ। ਅਸੀਂ ਵਿੱਚ ਮਾਮਲੇ ਨੂੰ ਪੜਤਾਲ ਕਰ ਰਹੇ ਹਾਂ।'' ਬਸਤਰ ਦੇ ਉੱਚ ਪੁਲਸ ਅਧਿਕਾਰੀਆਂ ਅਨੁਸਾਰ ਅਜਿਹੀ ਵੱਡੀ ਮੀਟਿੰਗ ਦਾ ਆਯੋਜਨ ਮਾਓਵਾਦੀਆਂ ਵੱਲੋਂ ਪਿੱਛਲੇ ਪੰਜ ਸਾਲਾਂ ਵਿੱਚ ਪਹਿਲੀ ਵਾਰ ਕੀਤਾ ਗਿਆ ਹੈ। ਬਸਤਰ ਖੇਤਰ ਵਿੱਚ ਤਾਇਨਾਤ ਇੱਕ ਪੁਲਸ ਅਫਸਰ ਨੇ ਆਖਿਆ ਕਿ ''ਮਾਓਵਾਦੀਆਂ ਵੱਲੋਂ ਵੱਡੀ ਇਕੱਤਰਤਾ 2015 ਵਿੱਚ ਸੁਕਮਾ ਦੇ ਪੋਤੂੰਸਪੱਲੀ ਪਿੰਡ ਵਿੱਚ ਕੀਤੀ ਗਈ ਸੀ। ਇਸ ਸਾਲ ਹੋਈ ਮੀਟਿੰਗ ਵਿੱਚ ਮੁੱਖ ਤੌਰ 'ਤੇ ਸੁਕਮਾ, ਬੀਜਾਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਕੁੱਝ ਲੋਕ ਨਰਾਇਣਪੁਰ ਤੋਂ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਨ।'' ਇਹਨਾਂ ਤਿੰਨ ਜ਼ਿਲ੍ਹਿਆਂ ਦੀ ਕੁੱਲ ਆਬਾਦੀ 5.5 ਲੱਖ ਹੈ।
ਇੱਕ ਹੋਰ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ''ਇਸ ਇਲਾਕੇ ਵਿੱਚ ਚੱਲੀ ਤਿੰਨ ਦਿਨਾਂ ਮੀਟਿੰਗ ਦੀ ਸੁਰੱਖਿਆ ਲਈ 300 ਹਥਿਆਰਬੰਦ ਮਾਓਵਾਦੀ ਅਤੇ 500 ਤੋਂ ਜ਼ਿਆਦਾ ਜਨ-ਮਿਲਸ਼ੀਆ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਉੱਚ ਮਾਓਵਾਦੀ ਆਗੂ ਕਿਸ਼ਨਜੀ ਦੀ ਪਤਨੀ ਸੁਜਾਤਾ ਇਸ ਸੁਰੱਖਿਆ ਦੀ ਇੰਚਾਰਜ ਸੀ। ਇਸ ਸਮਾਗਮ ਦੀਆਂ ਸਾਡੇ ਕੋਲ ਤਸਵੀਰਾਂ ਨਹੀਂ ਹਨ, ਕਿਉਂਕਿ ਘਟਨਾ ਵਾਲੇ ਸਥਾਨ 'ਤੇ ਕਿਸੇ ਨੂੰ ਮੋਬਾਈਲ ਫੋਨ ਨਹੀਂ ਸੀ ਲਿਜਾਣ ਦਿੱਤਾ ਗਿਆ।'' (ਜੀਤ ਅਮਰ ਅਨੁਸਾਰ ਸੁਜਾਤਾ ਸਾਬਕਾ ਸਕੱਤਰ ਗਣਪਤੀ ਦੀ ਪਾਰਟਨਰ ਹੈ)।
ਪੁਲਸ ਅਫਸਰ ਨੇ ਦੱਸਿਆ ਕਿ ''ਇਸ ਸਮਾਗਮ ਵਿੱਚ ਸ਼ਾਮਲ ਹੋਈ ਇੱਕ ਔਰਤ ਨੇ ਦੱਸਿਆ ਕਿ ਮਾਓਵਾਦੀ ਆਗੂਆਂ ਨੇ ਜੰਗਲ ਵਿੱਚ ਸਟੇਜ ਬਣਾਈ ਹੋਈ ਸੀ, ਜਿੱਥੇ ਉਹਨਾਂ ਮਾਓਵਾਦ ਅਤੇ ਬਸਤਰ ਦੇ ਇਤਿਹਾਸ ਸਬੰਧੀ ਤਕਰੀਰਾਂ ਕੀਤੀਆਂ। ਉੱਥੇ ਉਹਨਾਂ ਲੁੱਟੇ ਹੋਏ ਹਥਿਆਰਾਂ ਦੀ ਪਰਦਰਸ਼ਨੀ ਲਗਾਈ ਹੋਈ ਸੀ ਅਤੇ ਉਹਨਾਂ ਮਾਓਵਾਦੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਿਹੜੇ ਪਿਛਲੇ ਥੋੜ੍ਹੇ ਅਰਸੇ ਵਿੱਚ ਮਾਰੇ ਗਏ ਸਨ। ਇਸ ਸਮਾਗਮ ਵਿੱਚ ਖੇਡਾਂ ਦੇ ਮੁਕਾਬਲੇ, ਗਿੱਧੇ-ਭੰਗੜੇ ਅਤੇ ਹੋਰ ਸਭਿਆਚਾਰਕ ਸਰਗਰਮੀਆਂ ਵੀ ਹੋਈਆਂ।''
ਮਾਹਰਾਂ ਮੁਤਾਬਕ ਮਾਓਵਾਦੀਆਂ ਵੱਲੋਂ ਅਜਿਹੀਆਂ ਇਕੱਤਰਤਾਵਾਂ ਲੋਕਾਂ ਵਿੱਚ ਆਪਣੀ ਤਾਕਤ ਦੀ ਪਰਦਰਸ਼ਨ ਕਰਨ ਲਈ ਕੀਤੀਆਂ ਜਾਂਦੀਆਂ ਹਨ।
ਛੱਤੀਸਗੜ੍ਹ ਆਧਾਰਤ ਮਾਓਵਾਦੀਆਂ ਸਬੰਧੀ ਵਿਸਥਾਰ ਵਿੱਚ ਲਿਖਣ ਵਾਲੇ ਇੱਕ ਕਾਰਕੁੰਨ ਸ਼ੁਭਰਾਸ਼ੂ ਚੌਧਰੀ ਨੇ ਆਖਿਆ ਕਿ ''ਮੈਂ ਸੰਨ 2004 ਵਿੱਚ ਨਰਾਇਣਪੁਰ ਜ਼ਿਲ੍ਹੇ ਦੇ ਅਬੂਝਮਾੜ ਵਿੱਚ ਇੱਕ ਅਜਿਹੀ ਮੀਟਿੰਗ ਵਿੱਚ ਗਿਆ ਸੀ, ਉਦੋਂ ਅਜੇ ਸਲਵਾ ਜੁਦਮ ਸ਼ੁਰੂ ਨਹੀਂ ਸੀ ਹੋਇਆ, ਉੱਥੇ ਵੀ ਕੁੱਝ ਦਿਨਾਂ ਲਈ 10 ਹਜ਼ਾਰ ਲੋਕਾਂ ਨੇ ਸਮਾਗਮ ਵਿੱਚ ਹਿੱਸਾ ਲਿਆ ਸੀ। ਜੇਕਰ ਉਹਨਾਂ ਹੁਣ ਉਹਨਾਂ ਪੰਜ ਸਾਲਾਂ ਦੇ ਅਰਸੇ ਦੌਰਾਨ ਅਜਿਹੀ ਵੱਡੀ ਇਕੱਤਰਤਾ ਕੀਤੀ ਹੈ ਤਾਂ ਇਹ ਪੁਖਤਾ ਸਬੂਤ ਹੈ ਕਿ ਮਾਓਵਾਦ ਭਾਵੇਂ ਕਮਜ਼ੋਰ ਪੈ ਗਿਆ ਹੋਵੇ, ਪਰ ਲੱਗਦੈ ਉਹਨਾਂ ਆਪਣੇ ਸੁਪਨਿਆਂ ਨੂੰ ਇੱਕ ਨਾ ਇੱਕ ਦਿਨ ਸਾਕਾਰ ਕਰ ਲੈਣਗੇ। ਕੇਂਦਰੀ ਭਾਰਤ ਦੇ ਧੁਰ ਜੰਗਲ ਵਿੱਚ ਲੋਕ ਅਜੇ ਵੀ ਮਾਓਵਾਦੀਆਂ ਦੇ ਨਾਲ ਹਨ।''
ਸੂਤਰਾਂ ਮੁਤਾਬਕ ਮਾਓਵਾਦੀ ਅਗਲੇ ਕੁੱਝ ਦਿਨਾਂ ਤੱਕ ਇਸ ਸਮਾਗਮ ਸਬੰਧੀ ਕੋਈ ਵੀਡੀਓ ਜਾਂ ਪਰੈਸ ਬਿਆਨ ਜਾਰੀ ਕਰਨਗੇ।
ਇੱਕ ਹੋਰ ਆਈ.ਪੀ.ਐਸ. ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ, ''ਮੀਟਿੰਗ ਦੇ ਸ਼ੁਰੂ ਵਿੱਚ ਉੱਚ ਪੱਧਰ ਦੇ ਆਗੂਆਂ ਨੇ ਦਸੰਬਰ 2019 ਵਿੱਚ ਚੱਲ ਵਸੇ ਮਾਓਵਾਦੀ ਆਗੂ ਰਾਵੁੱਲਾ ਸਰੀਨਿਵਾਸ ਉਰਫ ਰਮੰਨਾ (56) ਦੇ ਵਾਰਸ ਅਤੇ ਦੰਡਰਕਾਰਨੀਆ ਸਪੈਸ਼ਲ ਜ਼ੋਨਲ ਕਮੇਟੀ ਦੇ ਇੰਚਾਰਜ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਵਿੱਚ ਟੈਕਟੀਕਲ ਕਾਊਂਟਰ ਆਫੈਂਸ ਕੰਪੇਨ (ਟੀ.ਸੀ.ਓ.ਸੀ.) ਦਾ ਲੇਖਾ ਜੋਖਾ ਕੀਤਾ ਗਿਆ, ਜਿਹੜੀ ਹਰ ਸਾਲ ਅਪਰੈਲ ਤੋਂ ਜੁਲਾਈ ਦਰਮਿਆਨ ਚਲਾਈ ਜਾਂਦੀ ਹੈ।''
ਅਫਸਰ ਨੇ ਦੱਸਿਆ ਕਿ ਇਹ ਮੀਟਿੰਗ ਕਰਨ ਦੇ ਤਿੰਨ ਮੁੱਖ ਉਦੇਸ਼ ਸਨ। ''ਪਹਿਲਾ ਉਦੇਸ਼ ਇਹ ਉਭਾਰਨਾ ਸੀ ਕਿ ਰਮੰਨਾ ਦੇ ਮੌਤ ਦੇ ਬਾਵਜੂਦ ਮਾਓਵਾਦੀ ਬਸਤਰ ਦੇ ਜੰਗਲਾਂ ਵਿੱਚ ਰਾਜ ਕਰਦੇ ਰਹਿਣਗੇ ਅਤੇ ਰਮੰਨਾ ਦੀ ਵਿਰਾਸਤ ਨੂੰ ਜਾਰੀ ਰੱਖਣਗੇ। ਦੂਸਰਾ ਉਦੇਸ਼ ਸੀ ਆਪਣੀ ਤਾਕਤ ਦੀ ਪਰਦਰਸ਼ਨ ਕਿ ਪਿੰਡਾਂ ਦੇ ਲੋਕ ਉਹਨਾਂ ਦੇ ਨਾਲ ਹਨ ਅਤੇ ਤੀਜਾ ਉਦੇਸ਼ ਸੀ ਰਮੰਨਾ ਦਾ ਵਾਰਸ ਕੌਣ ਹੋਵੇ। ਮਾਓਵਾਦੀਆਂ ਨੇ ਉਹਨਾਂ ਹਥਿਆਰਾਂ ਦੀ ਨੁਮਾਇਸ਼ ਲਾਈ ਜਿਹੜੇ ਉਹਨਾਂ ਨੇ ਮਿਨਪਾ (ਜ਼ਿਲ੍ਹਾ ਸੁਕਮਾ) ਹਮਲੇ ਦੌਰਾਨ ਲੁੱਟੇ ਸਨ, ਇਸ ਹਮਲੇ ਦੌਰਾਨ ਇਸ ਸਾਲ ਮਾਰਚ ਵਿੱਚ 17 ਜਵਾਨ ਮਾਰੇ ਗਏ ਸਨ। ਛੱਤੀਸਗੜ੍ਹ ਸਥਿਤ ਮਨੁੱਖੀ ਅਧਿਕਾਰ ਕਾਰਕੁੰਨ ਬੇਲਾ ਭਾਟੀਆ ਨੇ ਆਖਿਆ ਕਿ ''ਇਸ ਵੱਡੀ ਇਕੱਤਰਤਾ ਨੇ ਇਸ ਲੋੜ ਨੂੰ ਉਭਾਰਿਆ ਹੈ ਕਿ ਲੋਕਾਂ ਨੂੰ ਸਿਖਿਅਤ ਕਰਨ ਦੀ ਜ਼ਰੂਰਤ ਹੈ, ਖਾਸ ਕਰਕੇ ਪੜ੍ਹਾਈ ਅਤੇ ਸਿਹਤ ਸਹੂਲਤਾਂ ਸਬੰਧੀ।''
ਬਸਤਰ ਡਵੀਜ਼ਨ ਦਾ ਕੁੱਲ ਰਕਬਾ 39117 ਵਰਗ ਕਿਲੋਮੀਟਰ ਦਾ ਅਤੇ ਆਬਾਦੀ 15 ਲੱਖ ਹੈ। ਬਸਤਰ ਡਵੀਜ਼ਨ ਵਿੱਚ 7 ਜ਼ਿਲ੍ਹੇ ਪੈਂਦੇ ਹਨ ਜਿਹਨਾਂ ਵਿੱਚ ਕਾਂਕੇਰ, ਜਗਦਲਪੁਰ, ਦਾਂਤੇਵਾੜਾ, ਸੁਕਮਾ, ਬੀਜਾਪੁਰ ਅਤੇ ਨਰਾਇਣਪੁਰ ਸ਼ਾਮਲ ਹਨ। ਪੁਲਸ ਦੇ ਅੰਦਾਜ਼ਿਆਂ ਮੁਤਾਬਕ ਬਸਤਰ ਦੇ ਜੰਗਲਾਂ ਵਿੱਚ 4500 ਮਾਓਵਾਦੀ ਕਾਡਰ (ਇਸਦੇ ਸਿਆਸੀ ਅਤੇ ਫੌਜੀ ਵਿੰਗਾਂ ਦੇ ਕਾਰਕੁੰਨ) ਰਹਿੰਦੇ ਹਨ। 2 ਲੱਖ ਤੋਂ ਵਧੇਰੇ ਲੋਕ, ਔਰਤਾਂ ਅਤੇ ਬੱਚਿਆਂ ਸਮੇਤ ਬਸਤਰ ਦੇ ਸੰਗਮ ਸਦੱਸਿਆ (ਸੀ.ਪੀ.ਆਈ. ਮਾਓਵਾਦੀ ਦੇ ਮੈਂਬਰ) ਹਨ।
ਕੋਰੋਨਾ ਦੌਰ 'ਚ
ਛੱਤੀਸਗੜ ਪੁਲਸ ਨੇ ਅਤਿ-ਲੋੜੀਂਦੇ ਮਾਓਵਾਦੀਆਂ ਦੀ ਸੂਚੀ ਜਾਰੀ ਕੀਤੀ
(ਅੱਧੀ ਸਦੀ ਪਹਿਲਾਂ ਜਦੋਂ ਪੁਲਸ ਭਗੌੜੇ ਕਰਾਰ ਦਿੱਤੇ ਵਿਅਕਤੀਆਂ ਦੀ ਇਨਾਮੀ ਰਾਸ਼ੀ 5-10 ਹਜ਼ਾਰ ਰੁਪਏ ਰੱਖਦੀ ਹੁੰਦੀ ਸੀ ਤਾਂ ਉਸ ਸਮੇਂ ਸੰਤ ਰਾਮ ਉਦਾਸੀ ਨੇ ਇੱਕ ਗੀਤ ਵਿੱਚ ਹਕੂਮਤ ਨੂੰ ਚੁਣੌਤੀ ਦਿੱਤੀ ਸੀ ਕਿ ''ਇੱਕ ਦਾ ਤੂੰ ਮੁੱਲ ਰੱਖ ਦੇਈਂ ਕਰੋੜ ਨੀਂ... ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ, ਸਿੰਘ ਤੈਥੋਂ ਜਾਣੇ ਨੀਂ ਫੜੇ, ਦਿੱਲੀਏ ਦਿਆਲਾ ਦੇਖ ਦੇਗ 'ਚ ਉਬਲਦਾ ਨੀਂ, ਅਜੇ ਤੇਰਾ ਚਿੱਤ ਨਾ ਠਰੇ।'' ਹੁਣ ਉਸਦੀ ਕਰੋੜ ਵਾਲੀ ਗੱਲ ਸੱਚ ਸਾਬਤ ਹੋਈ ਹੈ ਕਿ ਨਕਸਲੀ ਆਗੂਆਂ ਦੇ ਸਿਰਾਂ ਦੇ ਮੁੱਲ ਭਾਵੇਂ ਕਰੋੜ-ਕਰੋੜ ਰੁਪਏ ਦੇ ਰੱਖੇ ਗਏ ਹਨ, ਪਰ ਇਹ ਲਹਿਰ ਖਤਮ ਨਹੀਂ ਹੋਈ ਬਲਕਿ ਨਵੇਂ ਨਵੇਂ ਰੂਪਾਂ ਵਿੱਚ ਨਵੇਂ ਨਵੇਂ ਇਲਾਕਿਆਂ ਵਿੱਚ ਵਧਦੀ ਜਾ ਰਹੀ ਹੈ। -ਸੰਪਾਦਕ)
ਰਾਏਪੁਰ 28 ਜੂਨ: ਸੰਨ 2000 ਵਿੱਚ ਛੱਤੀਸਗੜ੍ਹ ਨੂੰ ਵੱਖਰਾ ਸੂਬਾ ਐਲਾਨੇ ਜਾਣ ਤੋਂ ਬਾਅਦ, ਪੁਲਸ ਨੇ ਉੱਥੇ ਸਰਗਰਮ ਸਿਰੇ ਦੇ ''ਅਤਿ-ਲੋੜੀਂਦੇ'' 34 ਮਾਓਵਾਦੀ ਆਗੂਆਂ ਅਤੇ ਕਾਡਰਾਂ ਦੇ ਨਾਵਾਂ ਅਤੇ ਤਸਵੀਰਾਂ ਵਾਲੇ ਇਸ਼ਤਿਹਾਰ ਲਗਾ ਕੇ ਸੂਚੀ ਜਾਰੀ ਕੀਤੀ ਹੈ ਅਤੇ ਇਹਨਾਂ ਨੂੰ ਗ੍ਰਿਫਤਾਰ ਕਰਵਾਉਣ ਦੀ ਸੂਚਨਾ ਦੇਣ ਵਾਲਿਆਂ ਲਈ ਇਨਾਮੀ ਰਾਸ਼ੀ ਐਲਾਨ ਕੀਤੀ ਹੈ। ਇਸ ਸੂਚੀ ਵਿੱਚੋਂ ਦੋ ਔਰਤਾਂ ਦੇ ਨਾਮ ਸ਼ਾਮਲ ਹਨ।
ਭਾਵੇਂ ਕਿ ਪੁਲਸ ਵੱਲੋਂ ਪਿਛਲੇ ਅਰਸੇ ਵਿੱਚ ਵੀ ਅਜਿਹੀਆਂ ਸੂਚੀਆਂ ਜਾਰੀ ਹੁੰਦੀਆਂ ਰਹੀਆਂ ਹਨ, ਪਰ ਇਹ ਪਹਿਲੀ ਸੂਚੀ ਹੈ ਜਿਸ ਵਿੱਚ ਫੋਟੋਆਂ ਵੀ ਵਿਖਾਈਆਂ ਗੀਆਂ ਹਨ ਅਤੇ ਹਰ ਇੱਕ ਦੀ ਗਰਿਫਤਾਰੀ ਲਈ ਜਨਤਾ ਨੂੰ ਜਾਣੂ ਕਰਵਾਇਆ ਗਿਆ ਹੈ।
ਪੋਸਟਰ ਵਿਚਲੀਆਂ ਫੋਟੋਆਂ ਬਹੁਤ ਪੁਰਾਣੀਆਂ ਅਤੇ ਧੁੰਦਲੀਆਂ ਹਨ, ਜਿਹਨਾਂ ਦੇ ਹੇਠਾਂ 34 ਉੱਚ ਆਗੂਆਂ ਦੇ ਨਾਵਾਂ ਅਤੇ ਉਹਨਾਂ ਦੇ ਹੋਰ ਨਾਂ (ਉਰਫ) ਵਜੋਂ ਲਿਖੇ ਹੋਏ ਹਨ। ਪੋਸਟਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ''ਸੂਚਨਾ ਦੇਣ ਵਾਲੇ ਲੋਕਾਂ ਦੀ ਪਛਾਣ ਮੁਕੰਮਲ ਤੌਰ 'ਤੇ ਗੁਪਤ ਰੱਖੀ ਜਾਵੇਗੀ।''
ਪੋਸਟਰ ਵਿਚਲੀਆਂ 9 ਤਸਵੀਰਾਂ ਦੇ ਹੇਠਾਂ ਉਹਨਾਂ ਦੀ ਗਰਿਫਤਾਰੀ ਲਈ ਇਨਾਮੀ ਰਾਸ਼ੀ 1-1 ਕਰੋੜ ਰੁਪਏ ਐਲਾਨੀ ਗਈ ਹੈ। 9 ਬੰਦਿਆਂ ਲਈ ਇਨਾਮੀ ਰਾਸ਼ੀ 40-40 ਲੱਖ ਰੁਪਏ ਰੱਖੀ ਗਈ ਹੈ ਅਤੇ 17 ਹੋਰ ਸਰਗਰਮਾਂ ਲਈ ਇਨਾਮੀ ਰਾਸ਼ੀ 25-25 ਲੱਖ ਰੁਪਏ ਰੱਖੀ ਗਈ ਹੈ।
ਹੋਰਨਾਂ ਤੋਂ ਇਲਾਵਾ ਇਸ ਸੂਚੀ ਵਿੱਚ ਸੀ.ਪੀ.ਆਈ.(ਮਾਓਵਾਦੀ) ਦੇ ਪੋਲਿਟ ਬਿਊਰੋ ਮੈਂਬਰਾਂ ਨੰਬਾਲਾ ਕੇਸ਼ਵ ਰਾਓ ਉਰਫ ਬਾਸਵਰਾਜ (64 ਸਾਲ) ਅਤੇ ਮੁਪੱਲਾ ਲਛਮਣ ਰਾਓ ਉਰਫ ਰਮੰਨਾ ਜਾਂ ਗੁੜਸ ਦਾਦਾ (72) ਅਤੇ ਲੋਕ ਮੁਕਤੀ ਗੁਰੀਲਾ ਫੌਜ ਦੀ ਬਟਾਲੀਅਨ ਦੀ ਆਗੂ ਮਾਧਵੀ ਹਿਡਮਾ ਦੇ ਨਾਮ ਸ਼ਾਮਲ ਹਨ।
ਬਸਤਰ ਦੇ ਆਈ.ਜੀ., ਪੀ.ਸੁੰਦਰਰਾਜ ਮੁਤਾਬਕ ਡਵੀਜ਼ਨ ਪੱਧਰਾਂ 'ਤੇ ਇਹ ਸੂਚੀ ਕਾਫੀ ਲੰਮੀ ਹੈ ਤੇ ਹੋਰ ਅਨੇਕਾਂ ਸੂਚੀਆਂ ਜਾਰੀ ਹੋਈਆਂ ਹਨ- ਇਹਨਾਂ ਨੂੰ ਹੁਣ ਹੇਠਾਂ ਜ਼ਿਲ੍ਹੇ ਅਤੇ ਥਾਣੇ ਦੇ ਪੱਧਰਾਂ ਤੱਕ ਜਾਰੀ ਕੀਤਾ ਜਾਵੇਗਾ। ਉਸਨੇ ਆਖਿਆ ਕਿ ''ਇਹ ਅੱਤ ਲੋੜੀਂਦੇ ਮਾਓਵਾਦੀਆਂ ਦੀ ਸੂਚੀ ਹੈ, ਜਿਸ ਵਿੱਚ ਉਹਨਾਂ ਦੇ ਨਾਵਾਂ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।'' ਉਹ ਪਿਛਲੇ 2 ਦਹਾਕਿਆਂ ਦੌਰਾਨ ਸੂਬੇ ਵਿੱਚ 1800 ਤੋਂ ਵਧੇਰੇ ਮੌਤਾਂ ਲਈ ਜੁੰਮੇਵਾਰ ਹਨ।
ਅਸੀਂ ਇਸ ਸੂਚੀ ਨੂੰ ਇਸ ਕਰਕੇ ਜਨਤਕ ਕੀਤਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਹੋਰਨਾਂ ਸੂਬਿਆਂ ਦੇ ਆਗੂ ਕਬਾਇਲੀਆਂ ਦੀ ਮੱਦਦ ਕਰਨ ਦੀ ਥਾਂ ਉਹਨਾਂ ਨੂੰ ਵਰਤਣ ਵਿੱਚ ਲੱਗੇ ਹੋਏ ਹਨ।'' ਸੁੰਦਰਰਾਜ ਨੇ ਆਖਿਆ, ''ਜੇਕਰ ਕਿਸੇ ਕੋਲ ਕੋਈ ਸੂਚਨਾ ਹੋਵੇ ਉਹ ਸਾਨੂੰ ਮੁਹੱਈਆ ਕਰਵਾਈ ਜਾਵੇ ਸੂਚਨਾ ਦੇਣ ਵਾਲਿਆਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਅਸੀਂ ਸਾਰੇ ਮਾਮਲੇ ਨੂੰ ਅਤਿ ਗੁਪਤ ਰੱਖਾਂਗੇ।''
ਮਾਓਵਾਦੀਆਂ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਉਹ ਸੁਕਮਾ ਅਤੇ ਬੀਜਾਪੁਰ ਦੀ ਸਰਹੱਦ 'ਤੇ 18 ਤੋਂ 20 ਜੂਨ ਦੇ ਦਰਮਿਆਨ ਇਕੱਤਰ ਹੋਏ ਸਨ। ਇਹ ਥਾਂ ਅਜਿਹੀ ਸੁਰੱਖਿਅਤ ਹੈ, ਜਿੱਥੇ ਸੂਬਾਈ ਬਲ ਪਹੁੰਚਣ ਲਈ ਯਤਨਸ਼ੀਲ ਹਨ। ਇੱਕ ਉੱਚ ਅਧਿਕਾਰੀ ਨੇ ਆਖਿਆ ਕਿ ''ਸਾਡੇ ਕੋਲ ਪਹੁੰਚੀਆਂ ਸੂਚਨਾਵਾਂ ਦੇ ਮੁਤਾਬਕ, ਉੱਥੇ ਉਹਨਾਂ ਦੇ ਦਸੰਬਰ 2019 ਵਿੱਚ ਵਿਛੜੇ ਆਗੂ ਰਮੰਨਾ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਤਿੰਨ ਤੋਂ ਚਾਰ ਹਜ਼ਾਰ ਦੇ ਕਰੀਬ ਮਾਓਵਾਦੀ ਕਾਡਰ ਅਤੇ ਸਥਾਨਕ ਲੋਕ ਸ਼ਾਮਲ ਹੋਏ ਸਨ। ਇਹ ਜਾਣਕਾਰੀ ਮਿਲੀ ਹੈ ਕਿ ਰਮੰਨਾ ਦਾ ਅਜੇ ਤੱਕ ਕੋਈ ਉੱਤਰ-ਅਧਿਕਾਰੀ ਨਾਮਜ਼ਦ ਨਹੀਂ ਕੀਤਾ ਗਿਆ। ਇਸ ਸਮਾਗਮ ਦੇ ਆਯੋਜਨ ਅਤੇ ਹੋਰ ਮੰਤਵਾਂ ਦੀ ਖਾਤਰ (ਮਾਓਵਾਦੀਆਂ ਦੀਆਂ) ਉੱਚ-ਪੱਧਰੀ ਆਗੂ ਛੱਤੀਸਗੜ ਵਿੱਚ ਜੁੰਮੇਵਾਰੀ ਨਿਭਾ ਰਹੀ ਹੈ। ਸੁਜਾਤਾ ਉਹਨਾਂ ਦੋ ਔਰਤਾਂ ਵਿੱਚੋਂ ਇੱਕ ਹੈ, ਜਿਹਨਾਂ ਦਾ ਨਾਮ ਇਸ਼ਤਿਹਾਰ ਵਿੱਚ ਲਿਖਿਆ ਹੋਇਆ ਹੈ। ਉਸਦੀ ਗਰਿਫਤਾਰੀ ਦੀ ਸੂਚਨ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।
ਸੰਦਰਰਾਜ ਦੇ ਮੁਤਾਬਕ ਮੁੱਖ ਦਾਅਪੇਚਕ ਉਲਟ-ਹਮਲਾਵਰ ਮੁਹਿੰਮ (ਟੈਕਟੀਕਲ ਕਾਊਂਟਰ ਔਫੈਨਸਿਵ ਕੰਪੇਨ) ਦਾ ਸਮਾ ਬੀਤ ਗਾ ਹੈ, ਸੁਰੱਖਿਆ ਅਮਲਾ ਹੁਣ ਮੌਨਸੂਨ ਦੇ ਦੌਰਾਨ ਵੀ ਆਪਣੀਆਂ ਕਾਰਵਾਈਆਂ ਨੂੰ ਜਾਰੀ ਰੱਖੇਗਾ।
ਇਸ ਸਾਲ ਮਾਰਚ ਵਿੱਚ ਤਾਲਾਬੰਦੀ ਸ਼ੁਰੂ ਹੋਣ ਤੋਂ ਫੌਰੀ ਪਹਿਲਾਂ ਸੁਕਮਾ ਜ਼ਿਲ੍ਹੇ ਵਿੱਚ ਮਾਓਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸੁਰੱਖਿਆ ਅਮਲੇ ਦੇ 17 ਬੰਦੇ ਮਾਰੇ ਗਏ ਸਨ। (ਇੰਡੀਅਨ ਐਕਸਪ੍ਰੈਸ)
ਸੀ.ਪੀ.ਆਈ.(ਮਾਓਵਾਦੀ) ਵਿੱਚ ਕਾਮਰੇਡ ਕਬੀਰ ਦੀ ਦੂਸਰੇ ਨੰਬਰ ਦੇ ਕਮਾਂਡਰ ਵਜੋਂ ਨਿਯੁਕਤੀ
ਨਵੀਂ ਦਿੱਲੀ, 4 ਫਰਵਰੀ: ਉਸਦੇ ਸਿਰ ਦਾ ਮੁੱਲ 1 ਕਰੋੜ ਰੁਪਏ ਰੱਖਿਆ ਹੋਇਆ ਹੈ। 63 ਸਾਲਾਂ ਦੇ ਰਨਜੀਤ ਬੋਸ ਦੀ ਪਦ-ਉੱਨਤੀ ਹੋਈ ਹੈ। ਉਹ ਹੁਣ ਗੈਰ-ਕਾਨੂੰਨੀ ਕਰਾਰ ਦਿੱਤੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਵਿੱਚ ਦੂਸਰੇ ਨੰਬਰ 'ਤੇ ਹੈ। ਇਸ ਗਰੁੱਪ ਦੀ ਇਸ ਕੋਸ਼ਿਸ਼ ਨੂੰ ਪੂਰਬੀ ਭਾਰਤ ਵਿੱਚ, ਖਾਸ ਕਰਕੇ ਬਿਹਾਰ ਅਤੇ ਝਾਰਖੰਡ ਵਿੱਚ ਆਪਣੀਆਂ ਸਰਗਰਮੀਆਂ ਅਤੇ ਹਥਿਆਰਬੰਦ ਸੰਘਰਸ਼ ਨੂੰ ਤੇਜ਼ ਕਰਨ ਵਜੋਂ ਵੇਖਿਆ ਜਾ ਰਿਹਾ ਹੈ।
ਬੋਸ ਨੂੰ ਸੁਰੱਖਿਆ ਬਲਾਂ ਦੇ ਖਿਲਾਫ ਲੋਕਾਂ ਦੀ ਲਾਮਬੰਦੀ ਕਰਨ ਵਿੱਚ ਮਾਹਰ ਮੰਨਿਆ ਜਾਂਦਾ ਹੈ, ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਸਨੇ ਪੱਛਮੀ ਬੰਗਾਲ ਵਿੱਚ ਨੰਦੀਗਰਾਮ ਵਿਖੇ ਟਾਟਾ ਦੇ ਨੈਨੋ ਪਲਾਂਟ ਖਿਲਾਫ ਘੋਲ ਵਿੱਚ ਕੁੰਜੀਵਤ ਭੂਮਿਕਾ ਅਦਾ ਕੀਤੀ ਸੀ, ਜਿਸ ਵਿੱਚ ਪੁਲਸ ਅਤੇ ਲੋਕਾਂ ਦੀਆਂ ਝੜੱਪਾਂ ਵਿੱਚ 14 ਵਿਅਕਤੀਆਂ ਦੀ ਮੌਤ ਹੋਈ ਸੀ। ਉਸਨੇ ਅਜਿਹਾ ਅਭਿਆਨ 2009 ਵਿੱਚ ਲਾਲਗੜ੍ਹ ਦੇ 44 ਪਿੰਡਾਂ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦਾ ਕੀਤਾ ਸੀ, ਜਿੱਥੇ ਇਲਾਕੇ ਨੂੰ 'ਮੁਕਤ ਇਲਾਕਾ' ਐਲਾਨਿਆ ਗਿਆ ਸੀ। ਮਾਓਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈਆਂ ਝੜੱਪਾਂ ਦੌਰਾਨ ਇਸ ਖੇਤਰ ਵਿੱਚ ਸੈਂਕੜੇ ਬੰਦੇ ਮਾਰੇ ਗਏ ਸਨ।
ਪੱਛਮੀ ਬੰਗਾਲ ਦੇ ਹਾਵੜਾ ਦੇ ਜੰਮ-ਪਲ ਬੋਸ, ਜਿਸ ਨੂੰ ਕਬੀਰ ਵਜੋਂ ਜਾਣਿਆ ਜਾਂਦਾ ਹੈ, ਦੇ ਸਿਰ ਦਾ ਮੁੱਲ ਪੱਛਮੀ ਬੰਗਾਲ, ਝਾਰਖੰਡ ਅਤੇ ਤੇਲਿੰਗਾਨਾ ਦੀਆਂ ਸਰਕਾਰਾਂ ਨੇ ਰੱਖਿਆ ਹੋਇਆ ਹੈ। ਉਸ ਨੇ 74 ਸਾਲਾਂ ਦੇ ਪ੍ਰਸ਼ਾਂਤ ਬੋਸ ਉਰਫ ਕਿਸ਼ਨ ਦਾ, ਦੀ ਥਾਂ ਲਈ ਹੈ, ਜਿਹੜਾ ਮਿਦਨਾਪੁਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਸੂਤਰਾਂ ਦੇ ਮੁਤਾਬਕ ਇਹ ਫੈਸਲਾ ਸੀ.ਪੀ.ਆਈ.(ਮਾਓਵਾਦੀ) ਦੇ ਆਗੂਆਂ ਦੀ ਹਾਜ਼ਰੀ ਵਿੱਚ ਸਿੰਘਭੂਮ ਦੇ ਸਰੰਡਾ ਜੰਗਲਾਂ ਵਿੱਚ ਕੀਤਾ ਗਿਆ। ਇੱਥੇ ਹਾਜ਼ਰ ਸੀਨੀਅਰ ਆਗੂਆਂ ਵਿੱਚ ਨੰਬਾਲਾ ਕੇਸ਼ਵ ਰਾਓ ਉਰਫ ਬਾਸਵਰਾਜ ਵੀ ਸ਼ਾਮਲ ਸਨ। ਸੂਤਰਾਂ ਦੇ ਅਨੁਸਾਰ ਬਾਸਵਰਾਜ ਜਿਸਦੀ ਪਦ-ਉੱਨਤੀ ਪਿਛਲੇ ਸਾਲ ਹੋਈ ਅਤੇ ਰਨਜੀਤ ਬੋਸ, ਦੋਵਾਂ ਬਾਰੇ ਆਖਿਆ ਜਾਂਦਾ ਹੈ ਕਿ ਇਹ ਪ੍ਰਚਾਰ ਨਾਲੋਂ ਵਧੇਰੇ ਮਹੱਤਵ ਹਥਿਆਰਬੰਦ ਹਮਲਿਆਂ ਨੂੰ ਦਿੰਦੇ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਆਪਣੇ ਪ੍ਰਭਾਵ ਵਾਲੇ ਖਿੱਤਿਆਂ ਵਿੱਚ ਇਸ ਸਾਲ ਹਮਲਿਆਂ ਵਿੱਚ ਤਿੱਖ ਲਿਆ ਸਕਦੇ ਹਨ। ਉੱਚ ਸੂਤਰਾਂ ਦੇ ਮੁਤਾਬਕ ''ਪ੍ਰਸ਼ਾਂਤ ਬੋਸ ਦੀ ਵਧੇਰੇ ਰੁਚੀ ਸਫਾਂ ਦੀ ਭਰਤੀ ਕਰਨ ਅਤੇ ਰਾਜ ਵਿਰੁੱਧ ਵਿਚਾਰਧਾਰਕ ਹਮਲੇ 'ਤੇ ਜ਼ੋਰ ਦਿੰਦੇ ਸਨ ਜਦੋਂ ਕਿ ਰਨਜੀਤ ਬੋਸ ਗੁਰੀਲਾ ਹਮਲਿਆਂ 'ਤੇ ਵੱਧ ਤੋਂ ਵੱਧ ਜ਼ੋਰ ਦਿੰਦੇ ਸਨ। ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਵੱਲੋਂ ਹਮਲਿਆਂ ਵਿੱਚ ਵਾਧਾ ਹੋਵੇਗਾ।'' ਸੂਤਰਾਂ ਮੁਤਾਬਕ ਰਨਜੀਤ ਬੋਸ ਰਾਜ ਦੇ ਖਿਲਾਫ ਲੋਕਾਂ ਦੀ ਲਾਮਬੰਦੀ ਵਿੱਚ ਵੀ ਮੁਹਾਰਤ ਰੱਖਦਾ ਹੈ, ਲੱਗਦਾ ਹੈ ਕਿ ਉਹ ਜ਼ਰੱਈ ਸੰਕਟ ਅਤੇ ਕਿਸਾਨਾਂ ਨੂੰ ਰਾਜ ਵਿਰੁੱਧ ਬਗਾਵਤ ਲਈ ਉਭਾਰੇਗਾ। ਇੱਕ ਸੂਤਰ ਦੇ ਮੁਤਾਬਕ ''ਉਹ ਫਰੰਟਲ ਜਥੇਬੰਦੀਆਂ ਉਸਾਰਨ ਵਿੱਚ ਮੁਹਾਰਤ ਰੱਖਦਾ ਹੈ ਅਤੇ ਖੁਦ ਆਪ ਵੀ ਕੰਮ ਕਰਦਾ ਹੈ, ਉਹ ਲੁਕਵੇਂ ਰੂਪ ਵਿੱਚ ਜਨਤਕ ਫਰੰਟਾਂ ਦੀ ਮੁਹਾਰ ਆਪਣੇ ਹੱਥ ਰੱਖਦਾ ਹੈ। ਜਿਹੜੇ ਖੇਤਰਾਂ ਵਿੱਚ ਕਿਸਾਨ ਬਹੁਤ ਬੁਰੀ ਤਰ੍ਹਾਂ ਪੀੜਤ ਹਨ, ਮੈਨੂੰ ਲੱਗਦਾ ਹੈ ਕਿ ਉਹ ਉੱਥੇ ਹੋਰ ਵਧੇਰੇ ਸਾਧਨਾਂ ਦੀ ਤਾਇਨਾਤੀ ਕਰੇਗਾ, ਜਿਸ ਨਾਲ ਰਾਜ ਦੇ ਖਿਲਾਫ ਕਿਸਾਨ ਹਥਿਆਰ ਚੁੱਕਣਗੇ।''
ਮਾਓਵਾਦੀਆਂ ਦਾ ਫੈਸਲਾ-ਕਰੂ ਉੱਪਰਲਾ ਅਦਾਰਾ ਇਹਨਾਂ ਦੀ ਪੋਲਿਟ ਬਿਊਰੋ ਹੈ, ਜਿਸ ਵਿੱਚ ਬਾਸਵਰਾਜ ਤੋਂ ਇਲਾਵਾ ਰਨਜੀਤ ਬੋਸ, ਇਸਦਾ ਸਾਬਕਾ ਇਲਾਜ-ਅਧੀਨ ਆਗੂ ਗਣਪਤੀ, ਮਾਲੋਜੋਲਾ ਵੇਨੂੰਗੋਪਾਲ ਉਰਫ ਅਭੈ, ਕਤਕਾਮ ਸੁਧਾਰਸ਼ਨ ਉਰਫ ਆਨੰਦ ਅਤੇ ਮਿਸਿਰ ਬਿਸਰਾ ਉਰਫ ਸਾਗਰ ਹਨ।
-ਸਰੋਤ, ਡਬਲਿਊਡਬਲਿਊਡਬਲਿਊ.ਨਿਊਜ਼18.ਕਾਮ ਅਤੇ ਰੈੱਡਸਪਾਰਕ ਫੇਸਬੁੱਕ
ਸੀ.ਪੀ.ਆਈ.(ਮਾਓਵਾਦੀ) ਛੱਤੀਸਗੜ੍ਹ ਵਿੱਚ ਮਿਲਸ਼ੀਆ ਅਪ੍ਰੇਸ਼ਨਾਂ ਲਈ ਨਵਾਂ ਮੁਖੀ ਨਿਯੁਕਤ ਕੀਤਾ
10 ਜਨਵਰੀ 2020, ਰਾਏਪੁਰ: ਰਮੰਨਾ ਦੇ ਨਾਂ ਨਾਲ ਜਾਣੇ ਜਾਂਦੇ ਮਾਓਵਾਦੀ ਆਗੂ ਰਾਵੁਲਾ ਸ੍ਰੀਨਿਵਾਸ ਦੇ ਸਿਰ ਦਾ ਮੁੱਲ 1 ਕਰੋੜ 40 ਲੱਖ ਰੁਪਏ ਰੱਖਿਆ ਗਿਆ ਸੀ, ਉਹਨਾਂ ਦੀ ਮੌਤ ਤੋਂ ਇੱਕ ਮਹੀਨਾ ਬਾਅਦ ਛੱਤੀਸਗੜ੍ਹ ਦੇ ਸੁਰੱਖਿਆ ਬਲਾਂ ਨੂੰ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਖਤਰਨਾਕ ਚੇਹਰੇ ਦਾ ਸਾਹਮਣਾ ਕਰਨਾ ਪਵੇਗਾ, ਇਹ ਚਿਹਰਾ ਹੈ ਹਿਡਮਾ ਦਾ। ਹਿਡਮਾ ਸੁਕਮਾ ਜ਼ਿਲ੍ਹੇ ਨਕਸਲੀ ਹਮਲਿਆਂ ਦੀ ਅਗਵਾਈ ਕਰਦਾ ਰਿਹਾ ਹੈ, ਹੁਣ ਉਸ ਨੂੰ ਸੀ.ਪੀ.ਆਈ.(ਮਾਓਵਾਦੀ) ਦੀਆਂ ਮਿਲਸ਼ੀਆ ਕਾਰਵਾਈਆਂ, ਖਾਸ ਕਰਕੇ ਸੁਰੱਖਿਆ ਬਲਾਂ 'ਤੇ ਹਮਲੇ ਕਰਨ ਦੀ ਯੋਜਨਾ ਘੜਨ ਅਤੇ ਉਹਨਾਂ ਨੂੰ ਅੰਜ਼ਾਮ ਦੇਣ ਲਈ ਇੰਚਾਰਜ ਬਣਾਇਆ ਗਿਆ ਹੈ। ਉਸਦੀ ਨਿਯੁਕਤੀ ਨੂੰ ਰਮੰਨਾ ਦੀ ਮੌਤ ਨਾਲ ਹੋਈ ਘਾਟਾ-ਪੂਰਤੀ ਵਜੋਂ ਵੇਖਿਆ ਜਾ ਰਿਹਾ ਹੈ। ਰਮੰਨਾ ਦੀ ਮੌਤ ਦਸੰਬਰ ਦੇ ਦੂਸਰੇ ਹਫਤੇ ਹੋ ਗਈ ਸੀ।
ਨਕਸਲ-ਵਿਰੋਧੀ ਅਪ੍ਰੇਸ਼ਨਾਂ ਲਈ ਤਾਇਨਾਤ ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਵਿੱਚ ਇਸ ਸਬੰਧੀ ਕਾਫੀ ਬਹਿਸ-ਚਰਚਾ ਹੋਈ ਹੈ ਕਿ ਇਸ ਅਹੁਦੇ ਲਈ ਹਿਡਮਾ ਨੂੰ ਅੱਗੇ ਲਿਆਂਦਾ ਜਾਵੇ ਜਾਂ ਗਨੇਸ਼ ਊਈਕ ਜਾਂ ਸੁਜਾਤਾ ਨੂੰ ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਦਾ ਮੁਖੀ ਬਣਾਇਆ ਜਾਵੇ। ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਗੈਰ-ਕਾਨੂੰਨੀ ਜਥੇਬੰਦੀ ਦਾ ਵਿਚਾਰਧਾਰਕ ਵਿੰਗ ਹੈ ਜਿਹਨਾਂ ਮਾਓਵਾਦੀ ਵਿਚਾਰਧਾਰਾ ਦੇ ਪ੍ਰਚਾਰ ਲਈ ਨੀਤੀਆਂ ਅਤੇ ਯੋਜਨਾਵਾਂ ਘੜਦੀ ਹੈ। ਸੂਬੇ ਪੱਧਰ ਦੀ ਕਮੇਟੀ ਨਕਸਲੀਆਂ ਦੀਆਂ ਮਿਲਸ਼ੀਆ ਕਾਰਵਾਈਆਂ ਦੀ ਅਗਵਾਈ ਕਰਦੀ ਹੈ। ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਰਮੰਨਾ ਵੱਲੋਂ ਗਠਿਤ ਕੀਤੀ ਗਈ ਸੀ। ਇਹ ਛੱਤੀਸਗੜ੍ਹ, ਅਤੇ ਇਸਦੇ ਨਾਲ ਲੱਗਦੇ ਮਹਾਂਰਾਸਟਰ ਦੇ ਗੜ੍ਹਚਿਰੌਲੀ ਇਲਾਕੇ ਵਿਚਲੇ ਮਾਓਵਾਦੀਆਂ ਲਈ ਰਾਹ-ਦਰਸਾਵੇ ਵਾਲਾ ਜੁੰਮਾ ਨਿਭਾਉਂਦੀ ਹੈ। ਸੁਕਮਾ ਦੇ ਪੁਲਸ ਸੁਪਰਡੈਂਟ ਸਲਭ ਸਿਨਹਾ ਨੇ ਆਖਿਆ ਕਿ ''ਹਿਡਮਾ ਸਖਤ ਮਿਲਸ਼ੀਆ ਕੰਮਾਂ ਦਾ ਮਾਹਰ ਹੈ, ਉਹ ਪਿਛਲੇ ਢਾਈ ਸਾਲਾਂ ਤੋਂ ਸੁਕਮਾ ਵਿਚਲੀ ਬਟਾਲੀਅਨ ਨੰਬਰ 1 ਦੀ ਅਗਵਾਈ ਕਰਦਾ ਹੈ।'' ਸੂਬੇ ਦੇ ਇਨਟੈਲੀਜੈਂਸ ਵਿੰਗ ਦੇ ਇੱਕ ਅਫਸਰ ਦਾ ਕਹਿਣਾ ਹੈ ਕਿ ''ਹਿਡਮਾ ਇੱਕ ਨਕਸਲੀ ਕਮਾਂਡਰ ਵਜੋਂ ਸੁਰੱਖਿਆ ਬਲਾਂ ਲਈ ਇੱਕ ਵੱਡੀ ਚੁਣੌਤੀ ਸਾਬਤ ਹੋਵੇਗਾ। ਉਹ ਕਠੋਰ ਸ਼ਕਤੀ ਨਾਲ ਬੇਕਿਰਕ ਹੱਤਿਆਵਾਂ ਕਰਨ ਅਤੇ ਯੁੱਧਨੀਤਕ ਯੋਜਨਾਵਾਂ ਘੜਨ ਵਿੱਚ ਮਾਸਟਰ ਮੰਨਿਆ ਜਾਂਦਾ ਹੈ।'' ਉਹ 2013 ਤੋਂ ਪਿੱਛੋਂ ਸਾਰੇ ਵੱਡੇ ਹਮਲਿਆਂ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਰਿਹਾ ਹੈ, ਜਿਹਨਾਂ ਵਿੱਚੋਂ ਇੱਕ ਬੁਰਕਾਪਾਲ ਵਿੱਚ ਸੁਰੱਖਿਆ ਬਲਾਂ 'ਤੇ 2017 ਕੀਤਾ ਹਮਲਾ ਸੀ, ਜਿਸ ਵਿੱਚ ਸੀ.ਆਰ.ਪੀ.ਐਫ. ਦੇ 25 ਜਵਾਨ ਮਾਰੇ ਗਏ ਸਨ। ਬੁਰਕਾਪਾਲ ਹਮਲੇ ਤੋਂ ਬਾਅਦ ਵਿੱਚ ਉਹ ਪਾਬੰਦੀਸ਼ੁਦਾ ਸੀ.ਪੀ.ਆਈ.(ਮਾਓਵਾਦੀ) ਦੀ ਕੇਂਦਰੀ ਕਮੇਟੀ ਵਿੱਚ ਸ਼ਾਮਲ ਕੀਤਾ ਜਾਣ ਵਾਲਾ ਸਭ ਤੋਂ ਘੱਟ ਉਮਰ ਦਾ ਮੈਂਬਰ ਹੈ। ਇਸ ਤੋਂ ਪਹਿਲਾਂ ਉਹ ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਵਿੱਚ ਵੀ ਸਭ ਤੋਂ ਘੱਟ ਉਮਰ ਦਾ ਮੈਂਬਰ ਸੀ। ਹਿਡਮਾ ਸਬੰਧੀ ਇਹ ਹੋ ਸਕਦਾ ਹੈ ਕਿ ਉਸ ਨੂੰ ਉਸਦੇ ਕਬਾਇਲੀ ਪਿਛੋਕੜ ਵਜੋਂ ਦੰਡਕਾਰਨੀਆ ਸਪੈਸ਼ਲ ਜ਼ੋਨ ਕਮੇਟੀ ਦਾ ਮੁਖੀ ਬਣਾਇਆ ਜਾਵੇ। (ਸੋਮਾ: ਦਾਪ੍ਰਿੰਟ.ਇਨ)
ਬਸਤਰ 'ਚ ਘਾਤ ਲਾ ਕੇ ਹਮਲਾ
17 ਫੌਜੀ ਹਲਾਕ 15 ਜਖ਼ਮੀ
22 ਮਾਰਚ, (ਟੀ.ਐਨ.ਐਨ.), ਰਾਏਪੁਰ: ਪਿਛਲੇ ਦੋ ਸਾਲਾਂ ਵਿੱਚ ਮਾਓਵਾਦੀ ਹਿੰਸਾ ਦੀਆਂ ਘਟਨਾਵਾਂ ਵਿੱਚੋਂ ਛੱਤੀਸਗੜ੍ਹ ਦੇ ਬਸਤਰ ਰਿਜਨ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ਨੀਵਾਰ ਦੀ ਰਾਤ ਨੂੰ ਘਾਤ ਲਾ ਕੇ ਕੀਤੇ ਸਭ ਤੋਂ ਵੱਧ ਮਾਰੂ ਹਮਲੇ ਵਿੱਚ 17 ਸੁਰੱਖਿਆ ਜਵਾਨ ਮਾਰੇ ਗਏ, 15 ਜਵਾਨ ਜਖ਼ਮੀ ਹੋਏ ਨਕਸਲੀ 16 ਹਥਿਆਰ ਲੈ ਗਏ। ਪੁਲਸ ਦੇ ਡਾਇਰੈਕਟਰ ਜਨਰਲ ਦੁਰਗੇਸ਼ ਮਾਧਵ ਅਵਸਤੀ ਨੇ ਟਾਈਮਜ਼ ਆਫ ਇੰਡੀਆ ਨੂੰ ਐਤਵਾਰ ਦੁਪਹਿਰ ਬਾਅਦ ਦੱਸਿਆ ਕਿ ਸਪੈਸ਼ਲ ਟਾਸਕ ਫੋਰਸ ਅਤੇ ਡਿਸਟ੍ਰਿਕਟ ਰਿਜ਼ਰਵ ਗਾਰਡਜ਼ ਦੇ 17 ਸੁਰੱਖਿਆ ਜਵਾਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। ਉਸਨੇ ਦੱਸਿਆ ਕਿ ਘਾਤ ਲਾ ਕੇ ਕੀਤੇ ਮਾਰੂ ਹਮਲੇ ਵਿੱਚ 15 ਜਖ਼ਮੀ ਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਦੋਂ ਕਿ ਮਾਓਵਾਦੀ ਬਾਗੀਆਂ ਨੇ ਹਮਲੇ ਤੋਂ ਪਿੱਛੋਂ ਸੁਰੱਖਿਆ ਬਲਾਂ ਦੇ 16 ਹਥਿਆਰਾਂ ਨੂੰ ਲੁੱਟ ਲਿਆ।
ਭਾਵੇਂ ਕਿ ਇਹ ਹਮਲਾ ਸ਼ਨੀਵਾਰ ਦੇਰ ਸ਼ਾਮ ਨੂੰ ਕੀਤਾ ਗਿਆ, ਸੁਰੱਖਿਆ ਦਲ ਹਮਲੇ ਵਾਲੀ ਥਾਂ 'ਤੇ ਖਰਾਬ ਮੌਸਮ ਦੇ ਚੱਲਦੇ ਇਸ ਸ਼ਾਮ ਨੂੰ ਹੀ ਪਹੁੰਚ ਸਕਿਆ। ਇਸ ਤੋਂ ਬਿਨਾ ਵਧਵਾਂ ਧਿਆਨ ਵੀ ਰੱਖਿਆ ਗਿਆ ਸੀ ਕਿ ਮੁਕਾਬਲੇ ਵਾਲੀ ਥਾਂ ਤੋਂ ਲਾਸ਼ਾਂ ਲਿਆਉਣ ਵੇਲੇ ਨਕਸਲੀ ਕਿਤੇ ਮੋੜਵਾਂ ਤਾਜ਼ਾ ਹਮਲਾ ਨਾ ਕਰ ਦੇਣ।
22 ਮਾਰਚ ਦੇ ਇੰਡੀਅਨ ਐਕਸਪ੍ਰੈਸ ਨਾਲ ਬਸਤਰ ਪੁਲਸ ਦੇ ਇੰਸਪੈਕਟਰ ਜਨਰਲ ਪੀ. ਸੁੰਦਰਰਾਜ ਨੇ ਦੱਸਿਆ ਕਿ ''ਸਾਨੂੰ 12 ਏ.ਕੇ.-47 ਰਫਲਾਂ, ਇੱਕ-ਇੱਕ ਯੂ.ਬੀ.ਜੀ.ਆਈ. ਇਨਸਾਸ, ਐਲ.ਐਮ.ਜੀ. ਨਹੀਂ ਮਿਲੀਆਂ, ਜਿਹੜੀਆਂ ਜਵਾਨਾਂ ਦੇ ਕੋਲ ਸਨ। ਸਾਨੂੰ ਲੱਗਦਾ ਹੈ ਕਿ ਉਹ ਨਕਸਲੀ ਆਪਣੇ ਨਾਲ ਲੈ ਗਏ ਹਨ।'' ਪੁਲਸ ਨੇ ਦੱਸਿਆ ਕਿ ਸੂਚਨਾ ਇਹ ਮਿਲੀ ਸੀ ਕਿ ਐਲਮਾਗੁੰਡਾ ਵਿੱਚ ਮਾਓਵਾਦੀਆਂ ਦੀ ਇੱਕ ਵੱਡੀ ਇਕੱਤਰਤਾ ਹੋ ਰਹੀ ਹੈ। ਇਸ ਕਰਕੇ ਡਿਸਟ੍ਰਿਕਿਟ ਰਿਜ਼ਰਵ ਗਾਰਡ, ਸਪੈਸ਼ਲ ਟਾਸਕ ਫੋਰਸ ਅਤੇ ਸੈਂਟਰਲ ਰਿਜ਼ਰਵ ਪੁਲਸ ਫੋਰਸ ਦੇ ਕੋਬਰਾ ਕਮਾਂਡੋਆਂ ਦੇ 600 ਅਮਲੇ ਵੱਲੋਂ ਸ਼ਨੀਵਾਰ ਦੀ ਸਵੇਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਅਮਲੇ ਨੂੰ ਐਲਮਾਗੁੰਡਾ ਵਿੱਚ ਕਿਤੇ ਵੀ ਮਾਓਵਾਦੀਆਂ ਦੀ ਹਾਜ਼ਰੀ ਨਹੀਂ ਦਿਖਾਈ ਦਿੱਤੀ, ਜਦੋਂ ਉਹ ਵਾਪਸ ਆ ਰਹੇ ਸਨ ਤਾਂ 250 ਮਾਓਵਾਦੀਆਂ ਨੇ ਮਿੰਪਾ ਦੇ ਜੰਗਲਾਂ ਵਿੱਚ ਘਾਤ ਲਾ ਕੇ ਹਮਲਾ ਕਰ ਦਿੱਤਾ। ਇਹ ਮੁਕਾਬਲਾ ਜੰਗਲ ਵਿੱਚ ਇੱਕ-ਦੂਜੇ ਤੋਂ ਕੁੱਝ ਕਿਲੋਮੀਟਰ ਦੂਰੀ 'ਤੇ ਪੱਧਰੇ ਬੈਠੀਆਂ ਦੋ ਟੁਕੜੀਆਂ 'ਚੋਂ ਇੱਕ 'ਤੇ ਕੀਤਾ ਗਿਆ। ਸ਼ਨੀਵਾਰ ਦੀ ਰਾਤ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਗਿਆ ਸੀ ਕਿ ਸੁਕਮਾ ਵਿਖੇ ਮੁਕਾਬਲੇ ਵਿੱਚ 15 ਜਵਾਨ ਜਖ਼ਮੀ ਹੋਏ ਹਨ। 15 ਜਖ਼ਮੀਆਂ ਨੂੰ ਹਵਾਈ ਰਸਤੇ ਲਿਜਾਇਆ ਗਿਆ। ਮਰਨ ਵਾਲੇ 17 ਜਵਾਨਾਂ ਵਿੱਚੋਂ 12 ਡਿਸਟ੍ਰਿਕਟ ਰਿਜ਼ਰਵ ਗਾਰਡ ਅਤੇ 5 ਸਪੈਸ਼ਲ ਟਾਸਕ ਫੋਰਸ ਦੇ ਜਵਾਨ ਸਨ। ਐਤਵਾਰ ਨੂੰ 500 ਬੰਦਿਆਂ ਦੀ ਰਿਕਵਰੀ ਟੀਮ ਮੁੜ ਜੰਗਲ ਵਿੱਚ ਗਈ। ਡੀ.ਜੀ.ਪੀ. ਨੇ ਦੱਸਿਆ ਕਿ 17 ਵਿੱਚੋਂ 4 ਜਵਾਨਾਂ ਨੇ ਆਪਣੀ ਟੀਮ ਅਤੇ ਪਰਿਵਾਰ ਮੈਂਬਰਾਂ ਨੂੰ ਫੋਨ ਕੀਤੇ ਸਨ।
ਸੀ.ਪੀ.ਆਈ.(ਮਾਓਵਾਦੀ) ਵੱਲੋਂ ਨਾਗਰਿਕਤਾ ਸੋਧ ਕਾਨੂੰਨ ਸਮੇਤ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਦਾ ਸੱਦਾ
ਦੇਸ਼ ਵਿੱਚ ਮੋਦੀ ਦੀ ਅਗਵਾਈ ਵਿੱਚ ਐਨ.ਡੀ.ਏ. ਸਰਕਾਰ ਬਣਾਉਣ ਤੋਂ ਬਾਅਦ ਸਰਕਾਰੀ ਹਥਿਆਰਬੰਦ ਬਲਾਂ ਤੋਂ ਇਲਾਵਾ ਗਊ-ਰੱਖਿਆ ਸੈਨਾ, ਹਿੰਦੂ ਸੈਨਾ, ਬਜਰੰਗ ਦਲ, ਭਾਰਤੀ ਜਨਤਾ ਯੁਵਾ ਮੋਰਚਾ, ਏ.ਬੀ.ਵੀ.ਪੀ. ਅਗਨੀ ਵਰਗੇ ਸੰਘ-ਭਾਜਪਾ ਦੀ ਰਹਿਨੁਮਾਈ ਵਿੱਚ ਚੱਲਣ ਵਾਲੀਆਂ ਜਥੇਬੰਦੀਆਂ ਅਤੇ ਗੁੰਡਾ ਸੈਨਾਵਾਂ ਵੱਲੋਂ ਭਾਜਪਾ ਸਰਕਾਰ ਦੀ ਬਰਾਹਮਣਵਾਦੀ ਹਿੰਦੂਤਵ ਦੇ ਖਿਲਾਫ ਉਠਾਉਣ ਵਾਲੇ ਜਮਹੂਰੀ, ਅਗਾਂਹਵਧੂ, ਔਰਤਾਂ, ਦਲਿਤ, ਆਦਿਵਾਸੀ, ਘੱਟ-ਗਿਣਤੀਆਂ 'ਤੇ ਹਮਲੇ ਤੇਜ਼ ਕੀਤੇ ਹਨ। ਦੇਸ਼ ਵਿੱਚ ਹੀ ਇਸ ਕਾਨੂੰਨ ਨੂੰ ਅਮਲ ਕਰਨ ਲਈ ਕੌਮੀ ਨਾਗਰਿਕਤਾ ਕਾਨੂੰਨ, ਕੌਮੀ ਨਾਗਰਿਕ ਰਜਿਸਟਰ, ਕੌਮੀ ਆਬਾਦੀ ਰਜਿਸਟਰ ਆਦਿ ਕਾਨੂੰਨਾਂ ਨੂੰ ਲਾਗੂ ਕਰਕੇ ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਦੇ 19 ਲੱਖ ਲੋਕ ਆਖਰੀ ਸੂਚੀ ਵਿੱਚ ਆ ਗਏ ਹਨ, ਜਿਹਨਾਂ ਵਿੱਚੋਂ 14 ਲੱਖ ਹਿੰਦੂ, 5 ਲੱਖ ਮੁਸਲਮਾਨ ਹਨ। ਰਾਜ ਵਿੱਚ ਲੱਖਾਂ, ਗਰੀਬ ਪੂਰਬੀ ਸੂਬਿਆਂ ਦੇ ਵਸਨੀਕਾਂ ਨੂੰ ਅਸਾਮ ਵਿੱਚ ਨਜ਼ਰਬੰਦੀ ਕੇਂਦਰਾਂ ਵਿੱਚ ਸੁੱਟ ਦਿੱਤਾ ਗਿਆ ਹੈ। ਕਾਗਜ਼ ਨਾ ਹੋਣ ਦੇ ਕਾਰਨ ਉਹਨਾਂ ਦੀ ਨਾਗਰਿਕਤਾ ਨੂੰ ਖੋਹ ਲਿਆ ਗਿਆ ਹੈ। ਇਸ ਕਾਨੂੰਨ ਦਾ ਵਿਰੋਧ ਕਰਨ ਵਾਲੇ ਜਮਹੂਰੀ, ਅਗਾਂਹਵਧੂ, ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਬੁੱਧੀਜੀਵੀਆਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਆਰ.ਐਸ.ਐਸ. ਨੇ ਲਵ-ਜੇਹਾਦ ਦੇ ਨਾਮ 'ਤੇ ਮੁਸਲਿਮ ਨੌਜਵਾਨਾਂ 'ਤੇ ਹਮਲੇ, ਘਰ-ਵਾਪਸੀ ਦੇ ਨਾਂ 'ਤੇ ਇਸਾਈ ਧਰਮ ਦੇ ਪੂਜਾ-ਸਥਾਨਾਂ 'ਤੇ ਹਮਲੇ ਕਰ ਰਹੀ ਹੈ। ਸੰਘ-ਭਾਜਪਾ ਵੱਲੋਂ ਬ੍ਰਾਹਮਣਵਾਦੀ ਹਿੰਦੂਤਵ, ਮੰਨੂੰਵਾਦ ਦੇ ਨਿਯਮਾਂ ਨੂੰ ਔਰਤਾਂ 'ਤੇ ਮੜ੍ਹਨ ਲਈ ਜ਼ੋਰ ਲਾਇਆ ਜਾ ਰਿਹਾ ਹੈ। ਸਮਾਜ ਵਿੱਚ ਜਾਗੀਰੂ, ਪਿਤਾ-ਪੁਰਖੀ, ਉਲਟ-ਇਨਕਲਾਬੀ ਵਿਚਾਰਾਂ ਨੂੰ ਅੱਗੇ ਵਧਾਉਂਦੇ ਹੋਏ ਔਰਤਾਂ 'ਤੇ ਜ਼ੁਲਮਾਂ ਦੇ ਖਿਲਾਫ ਉੱਠਣ ਵਾਲੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਤੀਹਰੇ ਤਲਾਕ ਦੇ ਕਾਨੂੰਨ ਨੂੰ ਲਾਗੂ ਕਰਕੇ ਮੁਸਲਿਮ ਔਰਤਾਂ ਦੇ ਹਿਤੈਸ਼ੀ ਹੋਣ ਦਾ ਪਾਖੰਡੀ ਨਾਟਕ ਮੋਦੀ ਸਰਕਾਰ ਕਰ ਰਹੀ ਹੈ। ਦੇਸ਼ ਵਿੱਚ ਔਰਤਾਂ 'ਤੇ ਬ੍ਰਾਹਮਣਵਾਦੀ ਹਿੰਦੂ-ਫਾਸ਼ੀਵਾਦੀਆਂ ਦੇ ਹਮਲੇ ਅਤੇ ਜ਼ੁਲਮ ਵਧ ਰਹੇ ਹਨ। ਬ੍ਰਾਹਮਣਵਾਦੀ ਹਿੰਦੂਤਵ ਦਾ ਟਾਕਰਾ ਕਰਨ ਤੋਂ ਬਿਨਾ, ਔਰਤਾਂ ਦੀ ਆਣ-ਇੱਜਤ ਦੇ ਅਧਿਕਾਰਾਂ ਲਈ, ਪਿਤਰ-ਸੱਤਾ ਦੇ ਵਿਚਾਰਾਂ ਦੇ ਖਿਲਾਫ ਸਾਰੀਆਂ ਪੀੜਤ ਔਰਤਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨੇ ਪੈਣਗੇ।
(ਸੀ.ਪੀ.ਆਈ.(ਮਾਓਵਾਦੀ) ਦੀ ਦਰਭਾ ਡਵੀਜ਼ਨਲ ਕਮੇਟੀ ਵੱਲੋਂ ਔਰਤ ਦਿਵਸ 'ਤੇ ਜਾਰੀ ਹੱਥ-ਪਰਚੇ 'ਚੋਂ, ਸਰੋਤ: ਨਿਊਇੰਡੀਅਨਐਕਸਪ੍ਰੈਸ.ਕਾਮ/2020ਮਾਰ/09)
ਹਥਿਆਰਬੰਦ ਮਾਓਵਾਦੀ ਕਾਡਰਾਂ ਨੇ ਕੇਰਲਾ ਦੇ ਵਾਇਆਨਾਡ ਜ਼ਿਲ੍ਹੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪਰਚੇ ਵੰਡੇ
ਕਲਪੱਟਾ, 11 ਫਰਵਰੀ, 2020; ਹਥਿਆਰਬੰਦ ਮਾਓਵਾਦੀਆਂ ਦੇ 7 ਮੈਂਬਰੀ ਦਲ ਵੱਲੋਂ ਵਾਇਆਨਾਡ ਜ਼ਿਲ੍ਹੇ ਦੇ ਮਨੰਥਾਵਾੜੀ ਨਜ਼ਦੀਕ ਕੰਬਾਮਾਲਾ ਵਿੱਚ ਪਰਚੇ ਵੰਡੇ ਗਏ ਅਤੇ ਪੋਸਟਰ ਲਾਏ ਗਏ ਜਿਹਨਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਦੇ ਖਿਲਾਫ ਹਥਿਆਰਬੰਦ ਬਗਾਵਤ ਦਾ ਸੱਦਾ ਦਿੱਤਾ ਗਿਆ ਹੈ।
ਪੁਲਸ ਦੇ ਮੁਤਾਬਕ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਓਵਾਦੀ) ਦੇ ਹਥਿਆਰਬੰਦ ਟੋਲਾ, ਜਿਸ ਵਿੱਚ ਤਿੰਨ ਔਰਤਾਂ ਸਨ, ਕੰਬਾਮਾਲਾ ਦੇ ਜੰਗਲਾਂ ਦੇ ਨੇੜਲੇ ਚਾਹ-ਬਾਗਾਂ ਵਿੱਚ ਦੁਪਹਿਰੇ 2 ਵਜੇ ਦੇ ਕਰੀਬ ਪਹੁੰਚੇ। ਉਹਨਾਂ ਨੇ ਚਾਹ-ਬਾਗਾਂ ਦੇ ਮਜ਼ਦੂਰਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਛਪੇ ਹੋਏ ਪਰਚੇ ਵੰਡੇ ਅਤੇ ਹੱਥ-ਲਿਖਤ ਇਸ਼ਤਿਹਾਰ ਮੁਲਾਜ਼ਮਾਂ ਦੇ ਕੁਆਟਰਾਂ ਦੀਆਂ ਕੰਧਾਂ 'ਤੇ ਲਾਏ। ਇਸ ਦਲ ਨੇ ਮਜ਼ਦੂਰਾਂ ਕੋਲ ਅੱਧਾ ਘੰਟਾ ਬਿਤਾਇਆ ਅਤੇ ਜੰਗਲ ਵਿੱਚ ਵਾਪਸੀ ਤੋਂ ਪਹਿਲਾਂ ਉਹਨਾਂ ਨੇ ਨਾਹਰੇਬਾਜ਼ੀ ਵੀ ਕੀਤੀ। ਪੁਲਸ ਨੇ ਚਾਹ-ਬਾਗਾਂ ਦੇ ਕਾਮਿਆਂ ਕੋਲੋਂ 25 ਪਰਚੇ ਹਾਸਲ ਕੀਤੇ ਹਨ। ਦਲ ਵਿਚਲੇ ਇੱਕ ਵਿਅਕਤੀ ਦੀ ਪਛਾਣ ਰਮਨ ਵਜੋਂ ਹੋਈ ਹੈ। ਪੁਲਸ ਨੇ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ਼ ਕਰਕੇ ਪੜਤਾਲ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
(ਨਿਊਜ਼ਇੰਡੀਅਨਐਕਸਪ੍ਰੈਸ.ਕਾਮ)
No comments:
Post a Comment